ਬੋਹਾ: ਸ੍ਰੋਮਣੀ ਅਕਾਲੀ ਦਲ ਦੁਆਰਾ ਵੱਖ-ਵੱਖ ਸਮਿਆਂ ਉਪਰ ਲਗਾਏ ਮੋਰਚਿਆਂ ਦੌਰਾਨ ਜੇਲ੍ਹਾਂ ਕੱਟਣ ਵਾਲੇ ਅਤੇ ਜਾਲਮ ਸਰਕਾਰਾਂ ਦੇ ਤਸੀਹਿਆਂ ਨੂੰ ਹੱਸਕੇ ਆਪਣੇ ਪਿੰਡੇ ’ਤੇ ਹੰਢਾਉਣ ਵਾਲੇ ਸਿਰਲੱਥ ਜੋਧਿਆਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਦੀ ਜੀਵਨ ਜਾਂਚ ਬਦਲਣ ਲਈ ਕਿੰਨੇ ਕੁ ਸੁਹਿਰਦ ਯਤਨ ਕਰ ਰਹੀ ਹੈ ਅਤੇ ਅਹਿਜੇ ਪਰਿਵਾਰਾਂ ਦਾ ਪਾਰਟੀ ਅੰਦਰ ਕਿੰਨਾ ਸਤਿਕਾਰ ਅਤੇ ਸਨਮਾਨ ਹੈ ਇਸ ਦੀ ਅਤਿ ਉੱਤਮ ਉਦਾਹਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਗੰਢੂ ਖੁਰਦ ਵਿਖੇ ਵੱਸਦੇ ਜਥੇਦਾਰ ਹਰਨੇਕ ਸਿੰਘ ਦੇ ਪਰਿਵਾਰ ਤੋ ਵਾਖੂਵੀ ਲਗਾਈ ਜਾ ਸਕਦੀ ਹੈ।
‘ਉਹ’ ਜਥੇਦਾਰ ਹਰਨੇਕ ਸਿੰਘ ਜਿਸ ਨੇ ਐਮਰਜੈਸੀ ਵਿਰੁੱਧ ਸ੍ਰੋਮਣੀ ਅਕਾਲੀ ਦਲ ਵੱਲੋ ਲਗਾਏ ਮੋਰਚੇ ਚ ਮਿਤੀ 11 ਨਵੰਬਚ 1975 ਨੂੰ ਮੋਰਚੇ ਦੇ ਸੰਚਾਲਕ ਸੰਤ ਹਰਚੰਦ ਸਿੰਘ ਲੌਗੋਵਾਲ ਅਤੇ ਉਸ ਸਮੇਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੈਬਰ ਪਾਰਲੀਮੈਟ ਸ੍ਰ.ਜਗਦੇਵ ਸਿੰਘ ਤਲਵੰਡੀ ਦੀ ਅਗਵਾਈ ਚ ਗ੍ਰਿਫਤਾਰੀ ਦਿੱਤੀ ਤੇ ਕਾਫੀ ਸਮਾਂ ਜੇਲ੍ਹ ਚ ਗੁਜ਼ਾਰਿਆ।
ਜਿਨ੍ਹਾਂ ਨੇ ਜੇਲ੍ਹ ਜਾਂਦੇ ਸਮੇਂ ਪੁਲਿਸ ਰਿਕਾਰਡ ਚ ਆਪਣੇ ਪਿਤਾ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਵਾਸੀ ਸ੍ਰੀ ਆਨੰਦਪੁਰ ਸਾਹਿਬ ਦਰਜ ਕਰਾਇਆ ਸੀ।‘ਉਹ’ ਜਥੇਦਰ ਹਰਨੇਕ ਸਿੰਘ ਜਿਸ ਨੇ ਸ੍ਰੋਮਣੀ ਅਕਾਲੀ ਦਲ ਦੇ ਵੱਡੇ ਮੋਰਚਿਆਂ ਚੋ ਇੱਕ ‘‘ਪੰਜਾਬੀ ਸੂਬਾ ਮੋਰਚਾ’’ ਚ ਵੀ ਅਕਾਲੀ ਦਲ ਦੇ ਮੋਢੇ ਨਾਲ ਮੋਢਾ ਜੋੜਕੇ ਖੜ੍ਹਿਆ।ਸਵ.ਜਥੇਦਰ ਹਰਨੇਕ ਸਿੰਘ ਦਾ ਛੋਟਾ ਭਰਾ ਰਣਜੀਤ ਸਿੰਘ ,ਜੋ ਅੱਖਾਂ ਦੀ ਰੋਸ਼ਨੀ ਜਾਣ ਕਾਰਨ ਪਿਛਲੇ ਕਈ ਵਰਿਆਂ ਤੋ ਮੰਝੇ ਉਪਰ ਬੈਠਾ ਹੈ, ਨੇ ਆਪਣੇ ਅਣਖੀਲੇ ਭਰਾ ਹਰਨੇਕ ਸਿੰਘ ਦੀਆਂ ਸ੍ਰੋਮਣੀ ਅਕਾਲੀ ਦਲ ਪ੍ਰਤੀ ਨਿਭਾਈਆਂ ਨਿਰਸਵਾਰਥ ਅਤੇ ਅਣਥੱਕ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਈ ਵਾਰ ਅੱਖਾਂ ਚੋਂ ਪਾਣੀ ਕੇਰਿਆ।ਰਣਜੀਤ ਸਿੰਘ ਦੱਸਦੈ ਕਿ ਉਹ ਦੋ ਭਰਾ ਸਨ, ਵੱਡਾ ਹਰਨੇਕ ਸਿੰਘ ਜਿਸ ਨੇ ਸੁਰਤ ਸੰਭਾਲਦਿਆਂ ਹੀ ਸ੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।
ਜਿਵੇਂ-ਜਿਵੇਂ ਪਾਰਟੀ ਦੀਆਂ ਸਰਗਰਮੀਆਂ ਵਧਦੀਆਂ ਗਈਆਂ ਉਸੇ ਤਰ੍ਹਾਂ ਘਰ-ਬਾਰ ਦਾ ਮੋਹ ਘਟਾਉਦਾ ਤੇ ਪਾਰਟੀ ਨੂੰ ਹੀ ਆਪਣਾ ਸਭ ਕੁਝ ਮੰਨ ਬੈਠਾ।ਰਣਜੀਤ ਦੱਸਦੈ ਕਿ ਭਰਾ ਹਰਨੇਕ ਸਿੰਘ ਦੁਆਰਾ ਸ੍ਰੋਮਣੀ ਅਕਾਲੀ ਦਲ ਨੂੰ ਦਿੱਤੀਆਂ ਆਪਣੀਆਂ ਸੇਵਾਵਾਂ ਦਾ ਚੇਤਾ ਕਰ ਅੱਜ ਵੀ ਦਿਲ ਗੱਦ-ਗੱਦ ਹੋ ਜਾਂਦੈ ਪਰ ਪਾਰਟੀ ਵੱਲੋ ਅੱਜ ਤੱਕ ਉਨ੍ਹਾਂ ਨੂੰ ਲਗਾਤਾਰ ਅਣਗੋਲਿਆ ਕੀਤਾ ਹੋਇਆ ਹੈ।ਸਵ.ਜਥੇਦਾਰ ਹਰਨੇਕ ਸਿੰਘ ਦੀ ਪਤਨੀ ਸ੍ਰੀਮਤੀ ਅਮਰਜੀਤ ਕੌਰ ਨੇ ਕਿਹਾ ਕਿ ਜਿਸ ਪਾਰਟੀ ਲਈ ਉਨ੍ਹਾਂ ਦੇ ਪਤੀ ਨੇ ਆਪਣੀ ਜ਼ਿੰਦਗੀ ਦੇ ਅਹਿਮ ਵਰੇ੍ਹ ਪਾਰਟੀ ਲੇਖੇ ਲਾਏ ਉਸ ਸ੍ਰੋਮਣੀ ਅਕਾਲੀ ਦਲ ਨੇ ਵਫਾਦਾਰ ਸਿਪਾਹੀ ਦੇ ਪਰਿਵਾਰ ਦੀ ਕਦੀ ਸਾਰ ਤੱਕ ਨਹੀਂ ਲਈ।
ਉਨ੍ਹਾਂ ਕਿਹਾ ਕਿ ਪਤੀ ਸ੍ਰ.ਹਰਨੇਕ ਸਿੰਘ ਦੁਆਰਾ ਪਾਰਟੀ ਨੂੰ ਦਿੱਤੀਆਂ ਸੇਵਾਵਾਂ ਭਾਂਵੇ ਨਿਰਸਵਾਰਥ ਸੀ।ਅੱਜ ਜਦ ਸ੍ਰੋਮਣੀ ਅਕਾਲੀ ਦਲ ਅੰਦਰ ਝੂਠੇ ਅਤੇ ਫਰੇਬੀ ਬੰਦਿਆਂ ਦਾ ਬੋਲਬਾਲਾ ਹੈ।ਪਾਰਟੀ ਲਈ ਕੁਰਬਾਨੀਆਂ ਕਰਨ ਵਾਲੇ ਪਰਿਵਾਰਾਂ ਨੂੰ ਦਰਕਿਨਾਰ ਕਰਨਾ ਅਤੇ ਚਾਪਲੂਸ ਵਿਆਕਤੀਆਂ ਨੂੰ ਵਕਾਰੀ ਅਹੁੰਦਿਆਂ ਨਾਲ ‘ਨਿਵਾਜਿਆ ਜਾਣਾ’ ਟਕਸਾਲੀਆਂ ਲਈ ਅਫਸੋਸ ਜਨਕ ਦੱਸਿਆ।ਉਨ੍ਹਾਂ ਦੱਸਿਆ ਕਿ ਪੰਥਕ ਕਹਾਉਣ ਵਾਲੀ ਸੂਬਾ ਸਰਕਾਰ ਨੇ ਪਾਰਟੀ ਲਈ ਕੁਰਬਾਨੀਆਂ ਕਰਨ ਵਾਲੇ ਸ੍ਰ.ਹਰਨੇਕ ਸਿੰਘ ਦੇ ਪਰਿਵਾਰ ਦੀ ਕਦੀ ਜਾਤ ਨੀ ਪੁੱਛੀ।ਉਨ੍ਹਾਂ ਕਿਹਾ ਕਿ ਅੱਜ ਜਦ ਸੂਬਾ ਸਰਕਾਰ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਗਰਦਾਨ ਰਹੀ ਹੈ ਤਾਂ ਅਜਿਹੇ ਸਮੇਂ ਚ ਉਨ੍ਹਾਂ ਦੇ ਪਰਿਵਾਰ ਲਈ ਮੋਟਰ ਟਿਊਬਵੈਲ ਕੁਨੈਕਸ਼ਨ ਤੱਕ ਦੀ ਸਹੂਲਤ ਵੀ ਰਾਖਵੀ ਨਹੀਂ।ਨਾ ਪੰਥਕ ਸਰਕਾਰ ਨੇ ਆਪਣੇ ਵਫਾਦਾਰ ਸਪਾਹੀ ਦੇ ਪਰਿਵਾਰ ਨੂੰ ਕੋਈ ਪੈਨਸ਼ਨ ਦੀ ਸਕੀਮ ਦਿੱਤੀ ਤੇ ਨਾ ਕਦੀ ਕੋਈ ਸਨਮਾਨ ਮਿਲਿਆ।
ਇਸ ਪੂਰੇ ਮਾਮਲੇ ਬਾਰੇ ਜਦ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ੍ਰ.ਗੁਰਮੇਲ ਸਿੰਘ ਫਫੜੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਰੁਝੇਵਿਆਂ ਚ ਅਜਿਹੇ ਪਰਿਵਾਰਾਂ ਨਾਲ ਰਾਬਤਾ ਨਹੀਂ ਕਰ ਸਕੇ।ਉਨ੍ਹਾਂ ਕਿਹਾ ਕਿ ਉਹ ਜਥੇਦਾਰ ਹਰਨੇਕ ਸਿੰਘ ਪਰਿਵਾਰ ਚ ਉਨ੍ਹਾਂ ਦੀ ਪਤਨੀ ਨੂੰ 1000 ਰੁਪਏ ਮਹੀਨਾ ਪੈਨਸ਼ਨ ਅਤੇ ਚੇਅਰਮੈਨ ਕੋਟੇ ਚ ਟਿਊਬਵੈਲ ਮੋਟਰ ਕੁਨੈਕਸ਼ਨ ਜਾਰੀ ਕਰਾਉਣਗੇ।ਉਨ੍ਹਾਂ ਇਹ ਵੀ ਕਿਹਾ ਕਿ ਕੇਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਜੀ ਦੇ ਸੰਗਤ ਦਰਸ਼ਨ ਦੌਰਾਨ ਜਥੇਦਾਰ ਹਰਨੇਕ ਸਿੰਘ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।ਉਨ੍ਹਾਂ ਮੰਨਿਆਂ ਕਿ ਕੁਝ ਚਾਪਲੂਸ ਕਿਸਮ ਦੇ ਲੋਕ ਪਾਰਟੀ ਅੰਦਰ ਵਕਾਰੀ ਅਹੁੰਦੇ ਲੈਣ ਚ ਸਫਲ ਹੋ ਗਏ ਹਨ ਅਤੇ ਪਾਰਟੀ ਲਈ ਜੇਲ੍ਹਾਂ ਕੱਟਣ ਵਾਲੇ ਕਈ ਟਕਸਾਲੀ ਪਰਿਵਾਰ ਬਣਦੇ ਮਾਨ-ਸਨਮਾਨ ਤੋਂ ਵਾਂਝੇ ਰਹਿ ਗਏ ਹਨ।


