ਮੁਲਕ ਭਰ ਵਿਚ ਘੱਟ ਗਿਣਤੀਆਂ ਜਾਂ ਉਜਾੜਿਆ ਦੀ ਦਾਸਤਾਨ ਵਿਚ ਕੋਈ ਨਾ ਕੋਈ ਪੰਨਾ ਜੁੜਦਾ ਰਹਿੰਦਾ ਹੈ। ਮੁਜੱਫ਼ਰਨਗਰ ਘਟਨਾਕ੍ਰਮ ‘ਇਨਸਾਨੀਅਤ ਦੀ ਕਰੂਰਤਾ’ ਨਾਮੀ ਕਿਤਾਬ ਦਾ ਨਵਾਂ ਪੰਨਾ ਹੈ। ਜਿਸ ਨੇ ਸੈਂਕੜੇ ਸਾਲ ਤੋਂ ਚਲਦੀਆਂ ਗੈਰ ਮਾਨਵੀਂ ਪਿਰਤਾਂ ਨੂੰ ਜੀਊਂਦਾ ਹੀ ਨਹੀਂ ਸਗੋ ਦੋ ਕਦਮ ਵਧਾਕੇ ਪੇਸ਼ ਕੀਤਾ ਹੈ।
ਪਿਛਲੇ ਇਕ ਮਹੀਨੇ ਵਿਚ ਬਹੁਤ ਸਾਰੇ ਪਰਿਵਾਰਾਂ ਦੀ ਜ਼ਿੰਦਗੀ ਇਕ ਘਟਨਾ ਤੋਂ ਬਾਅਦ ਲੱਗੇ ਫ਼ਿਰਕੂ ਲਾਬੂ ਨੇ ਬਦਲ ਕੇ ਰੱਖ ਦਿੱਤੀ। ਅੱਜ ਮੁਜੱਫ਼ਰਨਗਰ ਦੇ ਲੋਕਲ ਇਲਾਕਿਆਂ ਵਿਚ ਸਵਾ ਲੱਖ ਲੋਕਾਂ ਦੇ ਕਰੀਬ ਲੋਕ ਰਾਹਤ ਕੈਂਪਾਂ ‘ਚ ਗੁਜ਼ਰ ਬਸਰ ਕਰ ਰਹੇ ਹਨ। ਕਈਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਉਡੀਕ ਅਤੇ ਕਈਆਂ ਦੀ ਅੱਖਾਂ ਵਿਚੋਂ, ਹੰਝੂਆਂ ਦੇ ਦਰਿਆ ਸੁੱਕ ਕੇ ਮਾਰੂਥਲ ਹੋ ਚੁੱਕੇ ਹਨ।
ਪੱਤਰਕਾਰਾਂ ਦੀ ਟੋਲੀ ਵੱਲੋਂ ਇਨ੍ਹਾਂ ਰਾਹਤ ਕੈਂਪਾਂ ਵਿਚ ਮਾਰੇ ਗੇੜੇ ਤੋਂ ਬਾਅਦ ਜਿੱਥੇ ਆਰਥਿਕ, ਅਤੇ ਸਮਾਜਿਕ ਤਾਣੇ ਬਾਣੇ ਦੀਆਂ ਬਿਖਰ ਚੁੱਕੀਆਂ ਤੰਦਾਂ ਦੀ ਨਿਸ਼ਾਨਦੇਹੀ ਕੀਤੀ ਗਈ। ਉਥੇ ਵੱਡੀ ਤਦਾਦ ਵਿਚ ਹਰੇਕ ਕੈਂਪ ਵਿਚ, ਮੁਸਲਿਮ ਕੁੜੀਆਂ ਨਾਲ ਹੋਏ ਸਮੂਹਿਕ ਬਲਾਤਕਾਰਾਂ ਦੇ ਮਾਮਲੇ ਸਾਹਮਣੇ ਆਏ। ਇਕ ਕੈਂਪ ਵਿਚ ਆਪਣੇ ਚਿਹਰੇ ਤੇ ਨਾਮੋਸ਼ੀ ਲਈ ਤਿੰਨ ਧੀਆਂ ਦੀ ਮਾਂ ਦੱਸਦੀ ਹੈ ਕਿ ਜਾਟਾ ਦੇ ਇਕ ਟੋਲੇ ਨੇ ਉਸ ਦੇ ਸਾਹਮਣੇ ਉਸਦੀਆਂ 17, 18 ਅਤੇ 21 ਨਾਲ ਦੀਆਂ ਧੀਆਂ ਅਤੇ 30 ਸਾਲ ਦੀ ਦਰਾਣੀ ਨਾਲ ਬਲਾਤਕਾਰ ਹੀ ਨਹੀਂ ਕੀਤਾ, ਸਗੋਂ ਉਸ ਨੂੰ ਨਗਨ ਕਰਕੇ ਉਨ੍ਹਾਂ ਦੇ ਸਾਹਮਣੇ ਫੜਕੇ ਰੱਖਿਆ ਗਿਆ।
ਉਸ ਮੁਤਾਬਕ ਉਸ ਘਟਨਾਕ੍ਰਮ ਤੋਂ ਬਾਅਦ ਉਸਦੀਆਂ ਦੋ ਧੀਆਂ ਅਜੇ ਤੱਕ ਲਾਪਤਾ ਹਨ। ਜਿਹਨਾਂ ਨੂੰ ਲੱਭਣ ਲਈ ਉਹ ਬਾਰ–ਬਾਰ ਯਤਨ ਕਰ ਰਹੀ ਹੈ, ਪਰ ਪ੍ਰਸ਼ਾਸਨ ਵੱਲੋਂ ਉਸ ਦੇ ਪੱਲੇ ਕੁਝ ਵੀ ਨਹੀਂ ਪਾਇਆ ਜਾ ਰਿਹਾ। ਇਸੇ ਤਰ੍ਹਾਂ ਹੀ ਇਕ ਹੋਰ ਕੈਂਪ ਵਿਚ ਇਕ ਚਾਲੀ ਸਾਲਾ ਵਿਅਕਤੀ ਨੇ ਡੁਸਕਦੇ ਹੋਏ ਦੱਸਿਆ ਕਿ ਉਸ ਦੇ ਸਾਹਮਣੇ ਉਸ ਦੀ ਪੰਦਰਾ ਸਾਲਾ ਧੀ ਦੀ ਪੱਤ ਲੁੱਟੀ ਗਈ। ਇਸੇ ਕੈਂਪ ਵਿਚ ਇਕ 25 ਸਾਲਾ ਔਰਤ ਨੇ ਦੱਸਿਆ ਕਿ ਉਸ ਨਾਲ 7 ਵਿਅਕਤੀਆਂ ਵੱਲੋਂ ਬਾਰ–ਬਾਰ ਬਲਾਤਕਾਰ ਕੀਤਾ ਗਿਆ। ਜਿਸ ਦੀ ਅਗਵਾਈ ਸਥਾਨਕ ਖਾਪ ਆਗੂ ਹਰੀ ਕ੍ਰਿਸ਼ਨ ਦਾ ਲੜਕਾ ਰਜਿੰਦਰ ਕਰ ਰਿਹਾ ਸੀ, ਬਾਕੀਆਂ ਨੂੰ ਉਹ ਪਹਿਚਣ ਨਹੀਂ ਸਕੀ।
ਦੂਸਰੇ ਪਾਸੇ ਇਕ ਸਥਾਨਕ ਪਿੰਡ ਦੇ ਸਰਪੰਚ ਨੇ ਦਿਨ ਦੌਰਾਨ ਮੁਸਲਿਮ ਪਰਿਵਾਰ ਨੂੰ ਟਿਕੇ ਰਹਿਣ ਦਾ ਭਰੋਸਾ ਦਿੱਤਾ, ਪ੍ਰੰਤੂ ਰਾਤ ਨੂੰ ਹਮਲੇ ਦੀ ਖੁਦ ਅਗਵਾਈ ਹੀ ਨਹੀਂ ਕੀਤੀ ਸਗੋਂ ਨਾਅਰਾ ਵੀ ਲਾਇਆ ਕਿ ‘ਸੋਹਣੀਆਂ ਕੁੜੀਆਂ ਨੂੰ ਚੱਕ ਲਓ ਅਤੇ ਬਾਕੀਆਂ ਨੂੰ ਮਾਰ ਦਿਓ’ ਇਸ ਤੋਂ ਇਲਾਕਾ ਇਕ ਹੋਰ ਘਟਨਾਕ੍ਰਮ ਵਿਚ ਜਦੋਂ ਮੁਸਲਿਮ ਲੋਕਾਂ ਦੇ ਇਕ ਸਮੂਹ ਨੇ ਪੁਲਿਸ ਥਾਣੇ ਵਿਚ ਪਨਾਹ ਲੈਣ ਦੀ ਕੋਸ਼ਿਸ਼ ਕੀਤੀ ਤਾਂ ਥਾਣੇਦਾਰ ਨੇ ਉਨ੍ਹਾਂ ਨੂੰ ਭਜਾ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਭਾਈਚਾਰੇ ਨਾਲ ਖੜੇ ਹੈ।
ਇਸ ਤੇ ਜਦੋਂ ਸ਼ਾਮਲੀ ਦੇ ਡੀਆਈਜੀ ਰਘੁਬੀਰ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਮਾਮਲਿਆਂ ਦੀ ਤਫ਼ਤੀਸ਼ ਕਰ ਰਹੇ ਹਨ। ਜਿਸ ਲਈ ਸਪੈਸ਼ਲ ਜਾਂਚ ਟੀਮ ਬਣਾਈ ਜਾ ਰਹੀ ਹੈ। ਇਸ ਸਮੁੱਚੇ ਘਟਨਾਕ੍ਰਮ ਨੇ ਜਿੱਥੇ ਰਾਜਨਿਤਕ ਪ੍ਰਬੰਧ ਤੇ ਸਵਾਲ ਖੜ੍ਹੇ ਗਏ ਹਨ। ਉਥੇ ਮਨੁੱਖੀ ਰਿਸ਼ਤਿਆਂ ਦੇ ਤਾਣੇ–ਪੇਟੇ ਉਪਰ ਇਕ ਵਾਰ ਫ਼ਿਰ ਸਵਾਲ ਖੜ੍ਹੇ ਕੀਤੇ ਹਨ।


