ਆਜ਼ਾਦ ਭਾਰਤ ਵਿੱਚ ਸੰਤਾਂ ਦਾ ਸਾਮਰਾਜ ਅਸਧਾਰਣ ਗਤੀ ਨਾਲ ਫੈਲਿਆ ਅਤੇ ਵਧਿਆ-ਫੁਲਿਆ ਹੈ। ਦੇਸ਼ ਵਿਚ ਥਾਂ-ਥਾਂ ਹਜ਼ਾਰਾਂ ਏਕੜਾਂ ਵਿਚ ਡੇਰੇ ਅਤੇ ਆਸ਼ਰਮ ਖੁੱਲ੍ਹੇ ਹੋਏ ਹਨ। ਭਾਵੇਂ ਇਹ ਖੁੱਲ੍ਹੀਆਂ-ਡੁੱਲੀਆਂ ਥਾਵਾਂ ਜਨਤਕ ਥਾਵਾਂ ਅਤੇ ਅਧਿਆਤਮਿਕ ਸਾਧਨਾ ਦੇ ਸਥਾਨ ਹੋਣ ਦਾ ਪ੍ਰਭਾਵ ਦਿੰਦੀਆਂ ਹਨ, ਪਰ ਸਚਾਈ ਇਸ ਦੇ ਕਾਫ਼ੀ ਉਲਟ ਹੈ। ਸਚਾਈ ਹੌਲੀ-ਹੌਲੀ ਸਾਹਮਣੇ ਆ ਰਹੀ ਹੈ। ਸੰਤਾਂ ਨੇ ਆਪਣੇ-ਆਪ ਨੂੰ ਕਿਉਂਕਿ ਕਿਸੇ ਨਾ ਕਿਸੇ ਧਰਮ ਨਾਲ ਭਾਵਨਾਤਮਿਕ ਢੰਗ ਨਾਲ ਜੋੜ ਰੱਖਿਆ ਹੁੰਦਾ ਹੈ, ਇਸ ਲਈ ਸੰਤਾਂ ਦੇ ਕਾਰ-ਵਿਹਾਰ ਤੇ ਕਿਰਦਾਰ ਬਾਰੇ ਕੁਝ ਕਹਿ ਸਕਣਾ ਬੜਾ ਔਖਾ ਹੁੰਦਾ ਹੈ।
ਸੰਤ ਆਪਣੇ ਖੇਤਰ ਵਿਸ਼ੇਸ਼ ਦੀ ਸੰਵੇਦਨਸ਼ੀਲਤਾ ਦਾ ਪੂਰਾ-ਪੂਰਾ ਲਾਭ ਉਠਾਉਂਦੇ ਹਨ ਅਤੇ ਇਸ ਨੂੰ ਹਮੇਸ਼ਾਂ ਸੁਰੱਖਿਆ ਕਵਚ ਵਾਂਗ ਪਹਿਨ ਕੇ ਰੱਖਦੇ ਹਨ। ਉਹ ਸ਼ਰਧਾਲੂਆਂ ਦੇ ਮਨ ਉੱਪਰ ਅਜਿਹੀ ਪਕੜ ਬਣਾ ਲੈਂਦੇ ਹਨ ਕਿ ਲੋਕ ਉਨ੍ਹਾਂ ਨੂੰ ਰੱਬ ਦਾ ਦਰਜਾ ਹੀ ਦਿੰਦੇ ਹਨ। ਇਸ ਲਿਹਾਜ਼ ਨਾਲ ਇਸ ਸਮੇਂ ਭਾਰਤ ਵਿਚ ਹਜ਼ਾਰਾਂ ਇਹੋ ਜਿਹੇ ਸੰਤ ਹਨ, ਜਿਹੜੇ ‘ਰੱਬ’ ਅਖਵਾਉਂਦੇ ਹਨ। ‘ਭੁੱਖ ਦੇ ਸਤਾਏ ਹੋਏ’ ਅਜੋਕੇ ਭਾਰਤ ਵਿੱਚ ਆਪੇ ਬਣੇ ‘ਭਗਵਾਨ’ ਨਾ ਕੇਵਲ ‘ਰੱਜੇ-ਪੁੱਜੇ’ ਹਨ, ਸਗੋਂ ਹਰ ਤਰ੍ਹਾਂ ਦੀ ਮਾਇਆ ਹੜੱਪ-ਹੜੱਪ ਕੇ ਆਫ਼ਰੇ ਪਏ ਹਨ। ਡੇਰਿਆਂ ਤੇ ਆਸ਼ਰਮਾਂ ਦੇ ਨਾਂ ’ਤੇ ਇਕੱਠੀਆਂ ਕੀਤੀਆਂ ਜਾਇਦਾਦਾਂ ਇਨ੍ਹਾਂ ਦੀਆਂ ਨਿੱਜੀ ਹਨ। ਇਨ੍ਹਾਂ ਥਾਵਾਂ ਉੱਪਰ ਹੀ ਭਾਰਤ ਦੀ ਸਾਂਸਕ੍ਰਿਤਕ ਵਿਰਾਸਤ ਦੇ ਨਾਂ ’ਤੇ ਇਨ੍ਹਾਂ ਨੇ ਕਈ ਸਹਾਇਕ ਧੰਦੇ ਵੀ ਚਲਾ ਰੱਖੇ ਹਨ। ਵਿਰਾਸਤ ਧੰਦਿਆਂ ਲਈ ਇਨ੍ਹਾਂ ਨੂੰ ਧਰਮ ਦੀ ਆੜ ਵਿਚ ਸਰਕਾਰ ਕੋਲੋਂ ਕਈ ਤਰ੍ਹਾਂ ਦੀਆਂ ਛੋਟਾਂ ਲੈਣ ਦਾ ਆਧਾਰ ਵੀ ਮਿਲ ਜਾਂਦਾ ਹੈ।
ਆਧੁਨਿਕ ਯੁੱਗ ਵਿਗਿਆਨ ਦਾ ਯੁੱਗ ਹੈ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਵਿਗਿਆਨ ਨੇ ਧਰਮ ਵਿਚ ਪ੍ਰਵਾਨਿਤ ਤੇ ਪ੍ਰਚਲਤ ਬਹੁਤ ਸਾਰੀਆਂ ਧਾਰਨਾਵਾਂ ਨੂੰ ਖੁੱਲ੍ਹੀ ਚੁਣੌਤੀ ਦੇ ਕੇ ਜੀਵਨ ਨੂੰ ਸਮਝਣ ਲਈ ਮਨੁੱਖ ਨੂੰ ਇਕ ਬਿਹਤਰ ਨਜ਼ਰੀਆ ਪ੍ਰਦਾਨ ਕੀਤਾ ਹੈ। ਜਿਉਂ-ਜਿਉਂ ਵਿਗਿਆਨ ਦੀ ਫਿਲਾਸਫੀ ਅੱਗੇ ਵਧੀ ਤਿਉਂ-ਤਿਉਂ ਧਰਮ ਦਾ ਤਲਿਸਮ ਟੁੱਟਦਾ ਗਿਆ। ਯੂਰਪ ਵਿਚ ਤਾਂ ਨਿਤਸ਼ੇ ਵਰਗੇ ਫਿਲਾਸਫਰਾਂ ਨੇ ਰੱਬ ਦੀ ਮੌਤ ਤੱਕ ਦਾ ਐਲਾਨ ਵੀ ਕਰ ਦਿੱਤਾ ਸੀ। ਇਸ ਐਲਾਨ ਦਾ ਪ੍ਰਭਾਵ-ਦੁਰਪ੍ਰਭਾਵ ਇੱਕ ਵੱਖਰਾ ਵਿਸ਼ਾ ਹੈ, ਪਰ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾਂ ਸਕਦਾ ਕਿ ਧਾਰਮਿਕ ਸੰਸਥਾਵਾਂ ਆਦਿ ਵੱਲੋਂ ਵਿਗਿਆਨਿਕ ਲੱਭਤਾਂ ਨੂੰ ਝੁਠਲਾ ਸਕਣਾ ਅਸੰਭਵ ਸੀ।
ਉਨ੍ਹਾਂ ਗਲੈਲਿਉ, ਡਾਰਵਿਨ ਆਦਿ ਵਿਗਿਆਨੀਆਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਵਿਚ ਤਾਂ ਸਫ਼ਲਤਾਂ ਹਾਸਲ ਕਰ ਲਈ, ਪਰ ਉਨ੍ਹਾਂ ਦੇ ਵਿਗਿਆਨਿਕ ਮਿਸ਼ਨ ਨੂੰ ਰੋਕ ਨਾ ਸਕੇ। ਅਜੋਕੇ ਸਮਿਆਂ ਤੱਕ ਪਹੁੰਚਦਿਆਂ ਵਿਗਿਆਨ ਨੇ ਆਪਣਾ ਪ੍ਰਭੂਤਵ ਪੂਰੀ ਤਰ੍ਹਾਂ ਕਾਇਮ ਕਰ ਲਿਆ ਹੈ, ਪਰ ਦੂਜੇ ਪਾਸੇ ਜਿਨ੍ਹਾਂ ਧਾਰਮਿਕ ਧਾਰਨਾਵਾਂ ਨੂੰ ਵਿਗਿਆਨ ਨੇ ਰੱਦ ਕਰ ਦਿੱਤਾ ਸੀ, ਉਨ੍ਹਾਂ ਦੇ ਆਧਾਰ ’ਤੇ ਹੀ ਸੰਤਾਂ ਨੇ ਵੀ ਆਪਣੀਆਂ ਵੱਡੀਆਂ ਸਲਤਨਤਾਂ ਉਸਾਰ ਲਈਆਂ ਹਨ, ਇਸ ਦੌੜ ਵਿਚ ਧਾਰਮਿਕ ਸੰਸਥਾਵਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਮਝਣਾ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਆਖ਼ਰ ਵਿਗਿਆਨਿਕ ਖੋਜਾਂ ਅੱਗੇ ਟਿਕ ਨਾ ਸਕਣ ਦੇ ਬਾਵਜੂਦ ਧਾਰਮਿਕ ਵਿਸ਼ਵਾਸਾਂ ਉੱਪਰ ਸੰਤਾਂ ਨੇ ਆਧੁਨਿਕ ਭਾਰਤ ਵਿਚ ਇੱਕ ਵਿਸ਼ਾਲ ਸਾਮਰਾਜ ਕਿਵੇਂ ਉਸਾਰ ਲਿਆ ਹੈ।
ਦਰਅਸਲ ਵਿਗਿਆਨ ਨੇ ਧਰਮ ਨੂੰ ਤਾਂ ਇੱਕ ਨਿਰਣਾਇਕ ਹਾਰ ਦੇਣ ਵਿਚ ਸਫ਼ਲਤਾ ਹਾਸਲ ਕਰ ਲਈ, ਪ੍ਰੰਤੂ ਵਿਗਿਆਨਕ ਤਕਨਾਲੌਜੀ ਨੇ ਧਰਮ-ਤੰਤਰ ਨੂੰ ਖੂਬ ਲਾਭ ਪੁਚਾਇਆ। ਜਿਵੇਂ ਪੂੰਜੀਵਾਦ ਨੇ ਆਪਣੇ ਵਿਕਾਸ ਲਈ ਵਿਗਿਆਨਿਕ ਤਕਨਾਲੌਜੀ ਦੀ ਭਰਪੂਰ ਵਰਤੋਂ ਕੀਤੀ ਹੈ, ਇੰਜ ਹੀ ਆਧੁਨਿਕ ਭਾਰਤ ਦੇ ਸੰਤਾਂ, ਗੁਰੂਆਂ, ਦੇਵੀਆਂ ਆਦਿ ਨੇ ਪੂੰਜੀਵਾਦ ਦੇ ਇਕ ਹਿੱਸੇ ਵਜੋਂ ਵਿਗਿਆਨਿਕ ਤਕਨਾਲੌਜੀ ਦਾ ਭਰਪੂਰ ਲਾਹਾ ਲਿਆ ਹੈ। ਉਨ੍ਹਾਂ ਨੇ ਧਰਮ-ਤੰਤਰ ਨੂੰ ਗਲੈਮਰ ਦੇ ਰੰਗ ਵਿਚ ਰੰਗ ਦਿੱਤਾ। ਬਿਜਲੀ, ਬਿਜਲਈ, ਆਵਾਜ਼, ਭਵਨ ਨਿਰਮਾਣ ਸ਼ਿਲਪ ਆਦਿ ਨਾਲ ਜੁੜੀਆਂ ਤਕਨੀਕਾਂ ਨੂੰ ਵਰਤ ਕੇ ਸੰਤ ਬਣੇ ਹੋਏ ਵਿਅਕਤੀ ਆਪਣੇ ਕਾਰੋਬਾਰ ਨੂੰ ਕਾਫ਼ੀ ਆਰਕਸ਼ਕ ਬਣਾ ਚੁੱਕੇ ਹਨ ਤੇ ਕਈ ਵਾਰ ਤਾਂ ਉਹ ਵਿਗਿਆਨਿਕ ਤਕਨੀਕਾਂ ਰਾਹੀਂ ਲੋਕਾਂ ਅੱਗੇ ਵਹਿਮਾਂ-ਭਰਮਾਂ ਅਥਵਾਂ ਦਕਿਆਨੂਸੀ ਧਾਰਨਾਵਾਂ ਨੂੰ ਵੀ ਸੱਚ ਸਿੱਧ ਕਰਕੇ ਵਿਖਾ ਦਿੰਦੇ ਹਨ। ਕੁਝ ਰਸਾਇਣਾਂ ਨੂੰ ਵਰਤ ਕੇ ਅਜਿਹੇ ਦ੍ਰਿਸ਼ ਸਿਰਜ ਦਿੱਤੇ ਜਾਂਦੇ ਹਨ ਕਿ ਲੋਕਾਂ ਨੂੰ ਇਹ ਗੈਬੀ ਚਮਤਕਾਰ ਪ੍ਰਤੀਤ ਹੋਣ ਲੱਗਦੇ ਹਨ।
ਇਉਂ ਲੋਕ ਮਨਾਂ ਅੰਦਰ ਧਾਰਮਿਕ ਚਮਤਕਾਰਾਂ ਪ੍ਰਤੀ ਵਿਸ਼ਵਾਸ ਹੋਰ ਪੱਕਾ ਹੋ ਜਾਂਦਾ ਹੈ, ਤੇ ਉਹ ਸੰਤਾਂ ਦੇ ਪੱਕੇ ਸ਼ਰਧਾਲੂ ਵੀ ਬਣ ਜਾਂਦੇ ਹਨ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਸੰਤ ਆਪਣੇ ਸ਼ਰਧਾਲੂਆਂ ਦਾ ਆਰਥਿਕ ਸ਼ੋਸ਼ਣ ਉਨ੍ਹਾਂ ਦੀ ਸਵੈ-ਇੱਛਾ ਨਾਲ ਹੀ ਕਰ ਲੈਂਦੇ ਹਨ। ਆਧੁਨਿਕ ਭਾਰਤ ਵਿਚ ਧਰਮ-ਤੰਤਰ ਦਾ ਤਾਣਾ-ਬਾਣਾ ਇਸ ਕਦਰ ਮਜ਼ਬੂਤ ਹੋ ਗਿਆ ਹੈ ਕਿ ਅਰਥਿਕ ਸ਼ੋਸ਼ਣ ਤੋਂ ਅੱਗੇ ਵਧ ਕੇ ਕਹਾਣੀ ਹਰ ਤਰ੍ਹਾਂ ਦੇ ਸ਼ੋਸ਼ਣ ’ਤੇ ਪਹੁੰਚ ਗਈ ਹੈ। ਇਕ ਸੰਤ ਦੁਆਰਾ ਕੀਤੇ ਜਿਨਸੀ ਸ਼ੋਸ਼ਣ ਦੀ ਚਰਚਾ ਤਾਂ ਅੱਜ ਕੱਲ੍ਹ ਮੀਡੀਆ ਵਿਚ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਦਿਲਚਸਪ ਗੱਲ ਹੈ ਕਿ ਇਹ ਸੰਤ ਵਿਗਿਆਨ ਦੀ ਇੱਕ ਅਚੰਭਾ-ਜਨਕ ਲੱਭਤ ਟੀਵੀ ਚੈਨਲ ਦਾ ਸਹਾਰਾ ਲੈ ਕੇ ਹੀ ਫਰਸ਼ ਤੋਂ ਅਰਸ਼ ’ਤੇ ਪਹੁੰਚਿਆ ਹੈ। ਵਧੇਰੇ ਸੰਤ ਲੋਕ ਪ੍ਰਿਯਤਾ ਹਾਸਲ ਕਰਨ ਲਈ ਅੱਜ ਕਲ੍ਹ ਇਹੋ ਸਾਧਨ ਵਰਤ ਰਹੇ ਹਨ।
ਸੰਤਾਂ ਦੇ ਸਾਮਰਾਜ ਨੂੰ ਵੱਡਾ ਹੁਲਾਰਾ ਪੂੰਜੀਵਾਦੀ ਪ੍ਰਬੰਧ ਦੁਆਰਾ ਪੈਦਾ ਹੋਈ ਗਰੀਬੀ ਅਤੇ ਵੱਡੀਆਂ ਜਨਤਕ ਲਹਿਰਾਂ ਦੀ ਅਣਹੋਂਦ ਵਿਚ ਪੈਦਾ ਹੋਈ ਲੋਕ-ਨਿਰਾਸ਼ਾ ਤੋਂ ਵੀ ਮਿਲਿਆ ਹੈ। ਨਿਰਾਸ਼ ਲੋਕਾਂ ਦੇ ਟੋਲੇ ਸੰਤਾਂ ਦੇ ਡੇਰਿਆਂ ਵਲ ਉਲ੍ਹਰ ਪਏ ਤਾਂ ਪੂੰਜੀਵਾਦੀਆਂ ਨੂੰ ਇਸ ਵਰਤਾਰੇ ਤੋਂ ਸਕੂਨ ਪ੍ਰਾਪਤ ਹੋਇਆ। ਪੂੰਜੀਵਾਦੀ ਜਨਤਕ ਲਹਿਰਾਂ ਤੋਂ ਡਰਦੇ ਹਨ ਤੇ ਇਨ੍ਹਾਂ ਦੇ ਵਿਕਲਪਾਂ ਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ। ਉਨ੍ਹਾਂ ਵੱਲੋਂ ਡੇਰਿਆਂ-ਆਸ਼ਰਮਾਂ ਦੇ ਵਿਕਲਪ ਨੂੰ ਵੱਡੀ ਹੱਲਾਸ਼ੇਰੀ ਮਿਲੀ ਹੈ। ਜਿਨਸੀ ਦੁਰਾਚਾਰ ਤੋਂ ਵੀ ਕਿਤੇ ਵੱਧ ਇਹ ਥਾਵਾਂ ਕਾਲੇ ਧਨ ਦੀਆਂ ਸਰਗਰਮੀਆਂ ਦਾ ਕੇਂਦਰ ਬਣੀਆਂ ਹੋਈਆਂ ਹਨ। ਇਨ੍ਹਾਂ ਤਮਾਮ ਸਰਗਰਮੀਆਂ ਨੂੰ ਜ਼ਾਹਿਰ ਹੈ ਕਿ ਸੁਰੱਖਿਆ ਛਤਰੀ ਦੀ ਲੋੜ ਹੁੰਦੀ ਹੈ। ਇਸ ਸਮੇਂ ਜੇਕਰ ਡੇਰਿਆਂ-ਆਸ਼ਰਮਾਂ ਆਦਿ ਵਿਚੋਂ ਰਾਜਸੀ ਗਠਜੋੜ ਤੇ ਜੋੜ-ਤੋੜ ਦੇ ਸਮਾਚਾਰ ਆਉਂਦੇ ਰਹਿੰਦੇ ਹਨ, ਤਾਂ ਉਨ੍ਹਾਂ ਦਾ ਇਹੋ ਅਰਥ ਹੈ ਕਿ ਪੂੰਜੀਵਾਦੀ ਰਾਜਨੀਤੀ ਵਿਚ ਸੰਤਾਂ ਦੀ ਸਿੱਧੀ ਹਿੱਸੇਦਾਰੀ ਹੈ। ਇਹ ਸਭ ਧਿਰਾਂ ਜੋ ਗੱਠਜੋੜ ਅਤੇ ਜੋੜ-ਤੋੜ ਕਰਦੀਆਂ ਹਨ, ਆਮ ਲੋਕਾਂ ਦੀ ਲੁੱਟ ਰਲ-ਮਿਲ ਕੇ ਕਰਦੀਆਂ ਹਨ। ਸੰਤਾਂ ਦੇ ਸਾਮਰਾਜ ਨੇ ਆਪਣੇ ਲੋਕ ਵਿਰੋਧੀ ਰੰਗ ਵਿਖਾਉਂਦੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਦਾ ਸੱਚ ਆਏ ਦਿਨ ਬੇਪਰਦ ਹੋ ਰਿਹਾ ਹੈ। ਇਨ੍ਹਾਂ ਪ੍ਰਤੀ ਲੋਕਾਂ ਨੂੰ ਹੋਰ ਵੀ ਜਾਗਰੂਕ ਹੋਣਾ ਚਾਹੀਦਾ ਹੈ। ਅੰਨ੍ਹੀ ਆਸਥਾ ਹਮੇਸ਼ਾਂ ਮਾੜੀ ਹੁੰਦੀ ਹੈ।


