ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਇਹ ਬਿਆਨ ਕਿਸੇ ਆਮ ਵਿਅਕਤੀ ਦਾ ਨਹੀਂ ਸਗੋਂ ਦੇਸ਼ ਦੀ ਸੱਤਾ ‘ਤੇ ਸੱਭ ਤੋਂ ਵੱਧ ਸਮਾਂ ਕਾਬਜ਼ ਰਹੀ ਕਾਂਗਰਸ ਪਾਰਟੀ ਦੇ ਉਸ ਨੌਜਵਾਨ ਨੇਤਾ ਦਾ ਹੈ, ਜਿਸ ਨੂੰ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਪੱਦ ਦੇ ਦਾਅਵੇਦਾਰ ਵਜੋਂ ਵੀ ਉਭਾਰਿਆ ਜਾ ਰਿਹਾ ਹੈ । ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ ਸਿਆਸੀ ਸੂਝ ਤੋਂ ਸੱਖਣੇ ਕਿੰਨੇ ਹੀ ਬਿਆਨ ਦਿੱਤੇ ਹੋਣ ਪਰ ਇਹ ਬਿਆਨ ਦਰਸਾਉਂਦਾ ਹੈ ਕਿ ਉਹ ਹਕੀਕਤ ਪਸੰਦ ਨੌਜਵਾਨ ਨੇਤਾ ਹੈ।ਦਿੱਲੀ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਦ ਆਪਣੀਆਂ ਤੇ ਆਪਣੀ ਪਾਰਟੀ ਦੀ ਸਿਆਸੀ ਕਾਰਜ਼ਸੈਲੀ ਵਿਚਲੀਆਂ ਖਾਮੀਆਂ ਨੂੰ ਸ਼ਰੇਆਮ ਸਵੀਕਾਰਨ ਅਤੇ ਵਿਰੋਧੀ ਧਿਰ ਦੀ ਕਾਬਲੀਅਤ ਨੂੰ ਮਾਨਤਾ ਦੇਣ ਨਾਲ ਉਹ ਸ਼ਰੋਤਿਆਂ ਤੇ ਇਹ ਪ੍ਰਭਾਂਵ ਛੱਡਣ ਵਿਚ ਕਾਮਯਾਬ ਹੋਇਆ ਹੈ ਕਿ ਉਹ ਪਿਛਲੀਆਂ ਗਲਤੀਆਂ ਤੋਂ ਕੁਝ ਸਿੱਖਣ ਸਿਖਾਉਣ ਦਾ ਮਾਦਾ ਰੱਖਦਾ ਹੈ ਅਤੇ ਇਸ ਬਲਬੂਤੇ ‘ਤੇ ਉਹ ਸੱਤਾ ਪੱਖ ਨੂੰ ਮਜ਼ਬੂਤੀ ਪ੍ਰਦਾਨ ਕਰ ਸਕਦਾ ਹੈ ।

ਰਾਹੁਲ ਗਾਂਧੀ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਕੀ ਸਬਕ ਲੈਂਦਾ ਹੈ, ਇਸ ਗੱਲ ਦਾ ਨਿਰਨਾਂ ਤਾਂ ਆਉਣ ਵਾਲਾ ਸਮਾਂ ਹੀ ਕਰੇਗਾ ਪਰ ਹੈਰਾਨੀ ਦੀ ਗੱਲ ਹੈ ਜਿਸ ਸਿਆਸੀ ਧਿਰ ਨੂੰ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਰਾਹੁਲ ਗਾਂਧੀ ਨਾਲੋਂ ਕਿਤੇ ਵੱਧ ਸਿੱਖਣ ਸਿਖਾਉਣ ਦੀ ਲੋੜ ਹੈ , ਉਸ ਦੀ ਕੋਈ ਵੀ ਪ੍ਰਤੀਕਿ੍ਰਆ ਉਭਰਵੇਂ ਰੂਪ ਵਿਚ ਸਾਹਮਣੇ ਨਹੀਂ ਆਈ । ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਨੂੰ ਤਾਂ ਮਾਜੂਦਾ ਪੂੰਜੀਵਾਦੀ ਵਿੱਵਸਥਾ ਵਿਚ ਇਕ ਦੂਜੇ ਦਾ ਪੂਰਕ ਹੀ ਸਮਝਿਆ ਜਾਂਦਾ ਹੈ ਤੇ ਇਹਨਾਂ ਪਾਰਟੀਆਂ ਨੇ ਕਦੇ ਮੌਜੂਦਾ ਵਿਵੱਸਥਾ ਨੂੰ ਸਿਰੇ ਤੋਂ ਬਦਲਣ ਦਾ ਨਾਅਰਾ ਵੀ ਨਹੀਂ ਦਿੱਤਾ। ਆਮ ਆਦਮੀ ਪਾਰਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਇਸ ਵਿਵੱਸਥਾ ਨੂੰ ਬਦਲਣ ਦਾ ਦਾ ਦਾਅਵਾ ਕੇਵਲ ਖੱਬੇ ਪੱਖੀ ਪਾਰਟੀਆਂ ਹੀ ਕਰਦੀਆਂ ਸਨ ।
ਹੁਣ ਜਦੋਂ ਅਜਿਹਾ ਦਾਅਵਾ ਆਮ ਆਦਮੀ ਪਾਰਟੀ ਦਾ ਨੇਤਾ ਅਰਵਿੰਦ ਕੇਜਰੀਵਾਲ ਵੀ ਕਰਨ ਲੱਗ ਪਿਆ ਹੈ ਤਾਂ ਖੱਬੇ ਪੱਖੀ ਪਾਰਟੀਆਂ ਨੂੰ ਜ਼ਰੂਰ ਸੁਚੇਤ ਰਹਿਣਾ ਪਵੇਗਾ ਕਿ ਕਿਤੇ ਉਹਨਾ ਦਾ ਪੱਕਾ ਵੋਟਰ ਕਾਡਰ ਵੀ ਉਹਨਾਂ ਨਾਲ ਟੁੱਟ ਕੇ ਕੇਜਰੀਵਾਲ ਦੇ ਨਾਲ ਨਾ ਜੁੜ ਜਾਵੇ। ਅਜੇ ਤੱਕ ਮੁੱਖ ਤੌਰ ਤੇ ਖੱਬੀਆਂ ਪਾਰਟੀਆਂ ਨੂੰ ਹੀ ਦੇਸ ਦੀ ਤੀਜੀ ਸਿਆਸੀ ਤਾਕਤ ਸਮਝਿਆ ਜਾਂਦਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਕੋਈ ਅਗਲੀ ਸਫ਼ਲਤਾ ਇਸ ਦਰਜਾਬੰਦੀ ਵਿਚ ਇਹਨਾਂ ਪਾਰਟੀਆ ਨੂੰ ਚੌਥੇ ਸਥਾਨ ‘ਸਤੇ ਵੀ ਲਿਜਾ ਸਕਦੀ ਹੈ ।
ਆਮ ਆਦਮੀ ਪਾਰਟੀ ਨੂੰ ਦਿੱਲੀ ਵਿਚ ਮਿਲੀ ਅਣ-ਕਿਆਸੀ ਸਫ਼ਲਤਾ ਨੇ ਸੰਕੇਤ ਦੇ ਦਿੱਤਾ ਹੈ ਕਿ ਲੋਕ ਵਿਵੱਸਥਾ ਵਿਚ ਪਰਿਵਰਤਨ ਲਈ ਤਿਆਰ ਹਨ , ਬੱਸ ਉਹਨਾਂ ਨੂੰ ਕਿਸੇ ਯੋਗ ਅਗਵਾਈ ਦੀ ਲੋੜ ਹੈ । ਕਮਿਊਨਿਸਟ ਪਾਰਟੀਆਂ ਨੂੰ ਇਸ ਗੱਲ ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਕਿ ਕਈ ਮੁਲਕਾਂ ਵਿਚ ਕ੍ਰਾਂਤੀ ਲਿਆ ਚੁੱਕੇ ਮਾਰਕਸਵਾਦੀ ਫਲਸਫੇ ਦੀਆਂ ਵਾਰਸ ਕਹਾਉਣ ਦੇ ਬਾਵਜੂਦ ਉਹ ਭਾਰਤ ਦੇ ਲੋਕਾਂ ਨੂੰ ਵਿੱਵਸਥਾ ਦੀ ਤਬਦੀਲੀ ਲਈ ਤਿਆਰ ਕਿਉਂ ਨਹੀਂ ਕਰ ਸਕੀਆਂ । ਜ਼ਰੂਰ ਹੀ ਕਿਤੇ ਉਹਨਾਂ ਦੀ ਕਾਰਜ਼ਸੈਲੀ ਵਿਚ ਕੋਈ ਘਾਟ ਹੈ । ਅੱਜ ਦੇ ਕਮਿਊਨਿਸਟ ਆਗੂ ਸਿਧਾਂਤਕ ਬਹਿਸਾਂ ਢੂੰਘਾਈ ਤੱਕ ਕਰਨ ਦੀ ਮੁਹਾਰਤ ਜ਼ਰੂਰ ਰੱਖਦੇ ਹਨ ਪਰ ਵਿਵਹਾਰਕ ਤੌਰ ਤੇ ਇਹਨਾਂ ਸਿਧਾਤਾਂ ਤੇ ਤੁਰਣ ਅਤੇ ਲੋਕਾਂ ਲਈ ਮਾਡਲ ਬਨਣ ਦੀ ਸੱਮਰਥਾ ਦੀ ਉਹਨਾਂ ਵਿਚ ਪੂਰੀ ਘਾਟ ਵਿਖਾਈ ਦੇਂਦੀ ਹੈ । ਆਮ ਆਦਮੀ ਪਾਰਟੀ ਕੋਲ ਮਾਰਕਸਵਾਦ ਵਾਂਗ ਕੋਈ ਨਿਯਮਬੱਧ ਵਿਚਾਰਧਾਰਕ ਤੇ ਸਿਆਸੀ ਫਲਸਫਾ ਨਹੀਂ ਹੈ ਪਰ ਉਹ ਲੋਕਾਂ ਦੇ ਮਨੋ-ਵਿਗਿਆਨ ਨੂੰ ਸਮਝਣ ਤੇ ਉਹਨਾਂ ਦੀ ਦੁੱਖਦੀ ਰਗ ਤੇ ਹੱਥ ਰੱਖਣ ਦੀ ਜਾਂਚ ਰੱਖਦੀ ਹੈ ।ਸਮਾਂ ਮੰਗ ਕਰਦਾ ਸੀ ਕਮਿਊਨਿਸਟ ਪਾਰਟੀਆਂ ਵਿੱਵਸਥਾ ਵਿਰੁੱਧ ਲੋਕਾ ਦੇ ਵੱਧ ਰਹੇ ਗੁੱਸੇ ਨੂੰ ਕੈਸ਼ ਕਰਵਾ ਕੇ ਇਸ ਵਿਵੱਸਥਾ ਦੀ ਤਬਦੀਲੀ ਸਬੰਧੀ ਲੋਕਾਂ ਨੂੰ ਵਿਸਵਾਸ਼ ਵਿੱਚ ਲੈਂਦੀਆਂ ਪਰ ਉਹਨਾਂ ਦੀ ਬਜ਼ਾਇ ਕੇਜਰੀਵਾਲ ਇਸ ਪਾਸੇ ਤੁਰ ਪਿਆ ਹੈ ਤਾਂ ਆਮ ਲੋਕਾ ਦਾ ਖੱਬੀਆਂ ਪਾਰਟੀਆਂ ਦੀ ਬਜਾਇ ਉਸ ਵੱਲ ਝੁਕਾ ਵੱਧਣਾ ਸੁਭਾਵਿਕ ਹੈ ।
ਮੈਂ ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਮਿਲੀ ਜਿੱਤ ਨੂੰ ਵਿਵੱਸਥਾ ਪਰਿਵਰਤਨ ਦੇ ਸੰਬੰਧ ਵਿਚ ਕੋਈ ਵੱਡੀ ਕ੍ਰਾਂਤੀ ਨਹੀਂ ਮੰਨਦਾ ਪਰ ਇਸ ਜਿੱਤ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਲੋਕਾਂ ਨੂੰ ਵੱਡੀ ਕ੍ਰਾਂਤੀ ਲਈ ਤਿਆਰ ਕੀਤਾ ਜਾ ਸਕਦਾ ਹੈ । ਇਸ ਜਿੱਤ ਨੇ ਇਹ ਵੀ ਦਰਸਾ ਦਿੱਤਾ ਹੈ ਕਿ ਲੋਕ ਵਿੱਵਸਥਾ ਤਬਦੀਲੀ ਲਈ ਕਿਸੇ ਵਿਸ਼ੇਸ ਵਿਚਾਰਧਾਰਾ ਜਾਂ ਫਲਸਫੇ ਦੀ ਉਡੀਕ ਨਹੀਂ ਕਰਨਗੇ । ਦੇਸ਼ ਵਿਚ ਪੈਦਾਂ ਹੋਈ ਭਿ੍ਰਸ਼ਟਾਚਾਰ ਵਿਰੋਧੀ ਹਵਾ ਤੇ ਲੋਕ ਸੰਘਰਸ਼ਾ ਵਿਚੋ ਕੋਈ ਨਵਾਂ ਵਿਚਾਰ ਧਾਰਕ ਫਲਸਫਾ ਵੀ ਜਨਮ ਲੈ ਸਕਦਾ ਹੈ । ਇਸ ਲਈ ਕਾਮਰੇਡ ਭਰਾਂਵਾਂ ਲਈ ਜ਼ਰੂਰੀ ਹੈ ਕਿ ਉਹ ਇਕ ਦੂਜੇ ਨੂੰ ਸੱਜੇ ਪੱਖੀ ਤੇ ਆਪਣੇ ਆਪ ਨੂੰ ਸ਼ੁਧ ਕਰਾਂਤੀਕਾਰੀ ਸਿੱਧ ਕਰਨ ਵਿਚ ਵਿਚ ਆਪਣੀ ਊਰਜ਼ਾ ਨਸ਼ਟ ਕਰਨ ਦੀ ਬਜਾਇ ਮਿਲ ਬੈਠ ਕੇ ਇਤਿਹਾਸ ਵੱਲੋਂ ਆਪਣੇ ਸਿਰ ਪਾਈ ਜਿੰਮੇਵਾਰੀ ਬਾਰੇ ਵਿਚਾਰ ਕਰਨ । ਡੁਲ੍ਹੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ । ਅਜੇ ਸਮਾਂ ਉਹਨਾਂ ਦੀ ਪਹਿਲਕਦਮੀ ਦੀ ਉਡੀਕ ਕਰ ਰਿਹਾ ਹੈ, ਪਰ ਇਸ ਦੇ ਬੀਤ ਜਾਣ ‘ਤੇ ਉਹ ਬਹੁਤ ਪੱਛੜ ਜਾਣਗੇ।
‘ਆਪ‘ ਨੂੰ ਮੀਡੀਏ ਦੀ ਸਰਗਰਮ ਮਦਦ ਤੋਂ ਬਿਨਾਂ ਮਿਲੀ ਸਫ਼ਲਤਾ ਦੇ ਸੰਬੰਧ ਵਿਚ ਕਈ ਅਜਿਹੀਆਂ ਈਰਖਾਂ ਭਰੀਆਂ ਟਿੱਪਣੀਆਂ ਵੀ ਵੇਖਣ ਸੁਨਣ ਨੂੰ ਮਿਲੀਆਂ ਹਨ, ਜਿਹਨਾਂ ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਇਹ ਪਾਰਟੀ ਵੀ ਅਸਾਮ-ਗਣ ਪ੍ਰੀਸ਼ਦ ਵਾਂਗ ਛੇਤੀ ਹੀ ਇਸ ਭਿ੍ਰੱਸ਼ਟ ਰਾਜਨੀਤਕ ਪ੍ਰਬੰਧ ਦਾ ਹਿੱਸਾ ਬਣ ਜਾਵੇਗੀ । ਅਜਿਹੀਆਂ ਟਿੱਪਣੀਆਂ ਕਰਨ ਵਾਲਿਆਂ ਵਿਚ ਖੱਬੀਆਂ ਪਾਰਟੀਆ ਦੇ ਕੁਝ ਲੋਕ ਵੀ ਸਾਮਿਲ ਹਨ ।
ਆਮ ਆਦਮੀ ਪਾਰਟੀ ਨੇ ਜਿਹੜਾ ਲੋਕ ਵਿਸ਼ਵਾਸ ਪ੍ਰਾਪਤ ਕੀਤਾ ਹੈ ਪਹਿਲਾਂ ਉਸ ਦੀ ਪ੍ਰਸ਼ੰਸ਼ਾ ਕੀਤੀ ਜਾਣੀ ਬਣਦੀ ਹੈ । ਜੇ ਅਜੇ ਵੱਖਰੀ ਹੋਂਦ ਦਾ ਅਹਿਸਾਸ ਕਰਾਉਂਦੀ ਇਹ ਪਾਰਟੀ ਕੱਲ ਨੂੰ ਭਿ੍ਰੱਸ਼ਟ ਪ੍ਰਬੰਧ ਦਾ ਹਿਸਾ ਬਣੇਗੀ ਤਾਂ ਇਸ ਦਾ ਖਮਿਆਜ਼ਾ ਵੀ ਉਹ ਆਪ ਭੁਗਤੇਗੀ ਤੇ ਉਸ ਮੌਕੇ ਤੇ ਕੋਈ ਵੀ ਉਸ ਦੀ ਨਿੰਦਿਆਂ ਵਿਚ ਭਾਗ ਲੈ ਸਕੇਗਾ। ਪਰ ਸਮੇਂ ਤੋ ਪਹਿਲਾਂ ਉਸ ਦੀਆ ਪ੍ਰਾਪਤੀਆਂ ਨੂੰ ਛਟਿਆਉਣਾ ਕਿਸੇ ਤਰ੍ਹਾਂ ਵੀ ਵਾਜ਼ਬ ਨਹੀਂ ਹੈ। ਆਮ ਆਦਮੀ ਪਾਰਟੀ ਜਿੰਨੀ ਲੋਕਪਿ੍ਰਯਤਾ ਹਾਸਿਲ ਕਰਨ ਦਾ ਹੱਕ ਹਰੇਕ ਕੋਲ ਹੈ , ਪਰ ਉਸ ਦੀਆ ਪ੍ਰਾਪਤੀਆਂ ਨੂੰ ਛੁਟਿਆ ਕੇ ਨਹੀਂ, ਸਗੋਂ ਉਸ ਵੱਲੋਂ ਖਿੱਚੀ ਲਕੀਰ ਨਾਲੋਂ ਵੱਡੀ ਲਕੀਰ ਖਿੱਚ ਕੇ ਹੀ ਕੋਈ ਇਸ ਦਾ ਹੱਕਦਾਰ ਬਣ ਸਕਦਾ ਹੈ।


