ਸਮਾਜ ਦੇ ਅਲੰਬਰਦਾਰ ਅਖਵਾਉਂਦੇ ਲੋਕ ਹਮੇਸ਼ਾਂ ਦੇਸ ਵਿੱਚ ਕਾਨੂੰਨ ਅਤੇ ਸਰਕਾਰਾਂ ਦੇ ਰਾਜ ਦੀਆਂ ਦੁਹਾਈਆਂ ਪਾਉਂਦੇ ਹਨ ਅਤੇ ਕਾਨੂੰਨ ਅਤੇ ਸਰਕਾਰਾਂ ਸਭ ਲਈ ਇੱਕ ਸਮਾਨ ਹੋਣ ਦਾ ਵੀ ਦਮ ਭਰਦੇ ਹਨ । ਅਸਲੀਅਤ ਸਿਰਫ ਇਹ ਹੈ ਨਹੀਂ ਕਿਉਂਕਿ ਕਾਨੂੰਨ ਤਕੜਿਆਂ ਦੇ ਪੈਰਾਂ ਵਿੱਚ ਹੁੰਦਾਂ ਹੈ ਅਤੇ ਮਾੜਿਆਂ ਦੇ ਸਿਰ ਤੇ ਖੜਾ ਰਹਿੰਦਾਂ ਹੈ । ਸਰਕਾਰਾਂ ਵੀ ਮਾੜਿਆਂ ਨੂੰ ਲੁੱਟਕੇ ਅਮੀਰਾਂ ਦੀਆਂ ਜੇਬਾਂ ਭਰਦੀਆਂ ਹਨ । ਸਰਕਾਰਾਂ ਦੇ ਮਾਲਕ ਨੇਤਾ ਲੋਕ ਤਾਂ ਏਨੇ ਕਮਜ਼ੋਰ ਹਨ, ਜੋ ਸਰਕਾਰ ਬਣਾਉਣ ਵਾਲੇ ਵੋਟਾਂ ਦੇ ਮਾਲਕ ਪਖੰਡੀ ਧਾਰਮਿਕ ਲੋਕਾਂ ਦੀ ਗੁਲਾਮੀ ਹੀ ਨਹੀਂ ਤੋੜ ਸਕਦੇ ।
ਕੁਰਸੀ ਨੂੰ ਹਾਸਲ ਕਰਨ ਲਈ ਪੈਸੇ ਤੇ ਟੇਕ ਰੱਖਣ ਵਾਲੇ ਨੇਤਾ ਲੋਕ ਅਮੀਰਾਂ ਅੱਗੇ ਸਰਕਾਰਾਂ ਦੀ ਤਾਕਤ ਨਿਛਾਵਰ ਕਰ ਦਿੰਦੇ ਹਨ। ਹਿੰਦੁਸਤਾਨ ਦੇ ਰਾਜਨੀਤਕ ਕਹਿਣ ਨੂੰ ਤਾਂ ਭਾਵੇਂ ਸਰਕਾਰ ਦੇ ਮਾਲਕ ਹਨ ਪਰ ਅਸਲ ਵਿੱਚ ਪਰਦੇ ਪਿੱਛੇ ਇਹ ਲੋਕ ਠੱਗ ਕਿਸਮ ਦੇ ਧਾਰਮਿਕ ਲੋਕਾਂ ਅਤੇ ਅਮੀਰਾਂ ਦੇ ਮੋਹਰੇ ਹੀ ਸਾਬਤ ਹੁੰਦੇ ਹਨ। ਇਸ ਵਰਤਾਰੇ ਨੂੰ ਸਮਝਣ ਲਈ ਪਿਛਲੇ ਥੋੜੇ ਸਮੇਂ ਤੇ ਹੀ ਝਾਤ ਮਾਰਿਆਂ ਦਿਖਾਈ ਦੇ ਜਾਂਦਾ ਹੈ ਕਿ ਕਿਸ ਤਰਾਂ ਰਾਜਨੀਤਕ ਲੋਕ ਗੁਲਾਮਾਂ ਵਾਂਗ ਕਾਨੂੰਨ ਨੂੰ ਵੋਟਾਂ ਦੇ ਮਾਲਕ ਲੋਕਾਂ ਅੱਗੇ ਵੇਚ ਧਰਦੇ ਹਨ।
ਸਮੁੱਚੇ ਦੇਸ ਵਿੱਚ ਬਹੁਤ ਸਾਰੇ ਚਲਾਕ ਲੋਕਾਂ ਨੇ ਧਰਮ ਦਾ ਚੋਗਾ ਪਹਿਨ ਕੇ ਆਮ ਲੋਕਾਂ ਨੂੰ ਲੱਖਾਂ ਤੋਂ ਕਰੋੜਾਂ ਦੀ ਗਿਣਤੀ ਵਿੱਚ ਆਪਣੇ ਭਰਮ ਜਾਲ ਵਿੱਚ ਫਸਾਇਆ ਹੋਇਆ ਹੈ। ਲੋਕਾਂ ਦੇ ਜੰਗਲ ਵਿੱਚ ਲੁਕਕੇ ਇਸ ਤਰਾਂ ਦੇ ਝੂਠੇ ਪਖੰਡੀ ਲੋਕ ਅੱਯਾਸੀਆਂ ਅਤੇ ਮਾਇਆ ਦੇ ਮੰਦਰ ਖੜੇ ਰਹੇ ਹਨ । ਰਾਜਨੀਤਕ ਲੋਕ ਇੰਹਨਾਂ ਤੋਂ ਵੋਟਾਂ ਦਾ ਪ੍ਰਸ਼ਾਦ ਲੈਕੇ ਕਾਨੂੰਨ ਦਾ ਗਲ ਘੋਟਣ ਦਾ ਕੰਮ ਕਰਦੇ ਹਨ ।
ਵਰਤਮਾਨ ਸਮੇਂ ਵਿੱਚ ਨੂਰ ਮਹਿਲ ਦੇ ਇੱਕ ਧਾਰਮਿਕ ਆਸ਼ਰਮ ਦੇ ਕਾਬਜ਼ ਲੋਕ ਸਰਕਾਰਾਂ ਅਤੇ ਕਾਨੂੰਨ ਨੂੰ ਰਾਜਨੀਤਕਾਂ ਦੀ ਚੁੱਪ ਕਾਰਨ ਧੋਖਾ ਦੇ ਰਹੇ ਹਨ। ਇੱਥੋਂ ਦੇ ਸੰਚਾਲਕ ਆਸ਼ੂਤੋਸ਼ ਨੂੰ ਸਮਾਧੀ ਵਿੱਚ ਪਰਚਾਰਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਉਸ ਆਸ਼ੂਤੋਸ਼ ਨਾਂ ਦੇ ਵਿਅਕਤੀ ਨੂੰ ਜ਼ੀਰੋ ਡਿਗਰੀ ਤਾਪਮਾਨ ਵਾਲੇ ਕਮਰੇ ਵਿੱਚ ਰੱਖ ਦਿੱਤਾ ਗਿਆ ਹੈ । ਜ਼ੀਰੋ ਡਿਗਰੀ ਵਾਲੇ ਕਮਰੇ ਵਿੱਚ ਵਿਅਕਤੀ ਕੁਝ ਘੰਟੇ ਹੀ ਜਿਉਂਦਾ ਰਹਿ ਸਕਦਾ ਹੈ। ਅਸਲ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਹੀ ਹੋਵੇਗੀ ਇਸ ਤਰਾਂ ਦੇ ਕਮਰੇ ਵਿੱਚ । ਸਮਾਧੀ ਵਿੱਚ ਗਿਆ ਵਿਅਕਤੀ ਦੇ ਸਰੀਰ ਦਾ ਤਾਪਮਾਨ ਕਦੇ ਵੀ 37 ਡਿਗਰੀ ਸੈਟੀਂਗਰੇਡ ਤੋਂ ਘੱਟਦਾ ਨਹੀਂ ਹੁੰਦਾ ਅਤੇ ਨਾ ਹੀ ਸਮਾਧੀ ਵਿੱਚ ਗਿਆ ਵਿਅਕਤੀ ਕਦੇ ਸਾਹ ਲੈਣਾ ਬੰਦ ਕਰਦਾ ਹੈ।
ਸਰਕਾਰ ਤੋਂ ਅਤੇ ਕਾਨੂੰਨ ਤੋਂ ਵੱਡੇ ਬਣੇ ਇਸ ਆਸ਼ਰਮ ਦੇ ਵਰਤਮਾਨ ਪਰਬੰਧਕ ਜਿਸ ਤਰਾਂ ਮਨਮਰਜ਼ੀ ਕਰ ਰਹੇ ਹਨ ਅਤੇ ਰਾਜਨੀਤਕ ਆਗੂ ਲੋਕ ਕੋਈ ਫੈਸਲਾ ਲੈਣ ਤੋਂ ਕੰਨੀ ਕਤਰਾ ਰਹੇ ਹਨ । ਵਰਤਮਾਨ ਸਮੇਂ ਵਿੱਚ ਸਮਾਧੀਆਂ ਦੇ ਨਾਂ ਤੇ ਹੱਤਿਆ ਵਰਗੀਆਂ ਕਾਰਵਾਈਆਂ ਦੀ ਜਾਂਚ ਹੋਣੀ ਚਾਹੀਦੀ ਹੈ। ਹਾਈਕੋਰਟ ਦੇ ਹੁਕਮ ਦੇ ਬਾਵਜੂਦ ਆਸ਼ੂਤੋਸ਼ ਨੂੰ ਜਾਂ ਉਸਦੀ ਲਾਸ਼ ਨੂੰ ਪੁਲੀਸ ਦੁਆਰਾ ਅਦਾਲਤ ਵਿੱਚ ਨਾ ਪੇਸ ਕਰਨਾ ਅਤੇ ਜੇ ਉਸਦੀ ਮੌਤ ਹੋ ਚੁੱਕੀ ਹੈ ਤਦ ਉਸਦੀ ਪੋਸਟਮਾਰਟਮ ਰਿਪੋਰਟ ਜਮਾ ਨਾ ਕਰਵਾਉਣਾ ਕੋਈ ਨਿਆ ਸੰਗਤ ਕਾਰਵਾਈ ਨਹੀਂ ।
ਸਮਾਧੀ ਜਾਂ ਲਾਸ਼ ਨੂੰ ਫਰੀਜ਼ਰ ਵਿੱਚ ਰੱਖਣ ਦੇ ਬਹਾਨੇ ਸੰਭਾਵਤ ਹੱਤਿਆ ਨੂੰ ਲੁਕਾਉਣ ਲਈ ਲਾਸ਼ ਨੂੰ ਖਰਾਬ ਕਰਕੇ ਹੱਤਿਆ ਜਾਂ ਮੌਤ ਦੇ ਅਸਲੀ ਕਾਰਨ ਲੁਕਾਉਣ ਦੇ ਯਤਨ ਅਤਿ ਮੰਦਭਾਗੇ ਹਨ। ਪਰਬੰਧਕਾਂ ਤੇ ਕਿਸੇ ਵਿਅਕਤੀ ਨੂੰ ਫਰੀਜ ਕਰ ਦੇਣਾ ਹੱਤਿਆ ਦਾ ਕੇਸ ਹੈ ਕਿਉਂਕਿ ਉਹ ਲੋਕ ਹੀ ਸਮਾਧੀ ਵਿੱਚ ਹੋਣ ਦੇ ਦਾਅਵੇ ਜੋ ਕਰ ਰਹੇ ਹਨ ਸਮਾਧੀ ਦਾ ਭਾਵ ਵਿਅਕਤੀ ਦ ਜਿਉਂਦਾ ਹੋਣਾ ਹੁੰਦਾ ਹੈ । ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਆਗੂ ਲੋਕ ਕਮਜ਼ੋਰੀ ਦਿਖਾ ਕੇ ਗੈਰ ਕਾਨੂੰਨੀ ਕਾਰਵਾਈ ਨੂੰ ਰੋਕਣ ਤੋਂ ਅਸਮਰਥ ਕਿਉਂ ਹਨ। ਇੱਕ ਲਾਸ਼ ਦਾ ਅੰਤਿਮ ਸੰਸਕਾਰ ਕਰਨ ਦੀ ਥਾਂ ਉਸਦਾ ਸ਼ੋਸ਼ਣ ਕਰਨ ਵਾਲਿਆਂ ਤੇ ਕਾਰਵਾਈ ਹੋਣੀ ਹੀ ਚਾਹੀਦੀ ਹੈ। ਅੱਗੇ ਤੋਂ ਵੀ ਧਾਰਮਿਕਤਾ ਦੇ ਚੋਗੇ ਵਿੱਚ ਗੈਰਕਾਨੂੰਨੀ ਕਾਰਵਾਈਆਂ ਨੂੰ ਉਤਸ਼ਾਹ ਦੇਣ ਦੀ ਕਾਰਵਾਈ ਤੇ ਰੋਕ ਲੱਗਣੀ ਚਾਹੀਦੀ ਹੈ। ਆਸ਼ੂਤੋਸ਼ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗਣਾ ਚਾਹੀਦਾ ਹੈ । ਇਸ ਆਸ਼ਰਮ ਦੇ ਵਰਤਮਾਨ ਪਰਬੰਧਕਾਂ ਤੇ ਲੋਕਾਂ ਅਤੇ ਕਾਨੂੰਨ ਨੂਂ ਗੁੰਮਰਾਹ ਕਰਨ ਦਾ ਕੇਸ ਦਰਜ ਹੋਣਾ ਚਾਹੀਦਾ ਹੈ । ਸਮਾਧੀ ਵਾਲੇ ਦਾਅਵੇ ਦੇ ਕਾਰਨ ਹੱਤਿਆ ਦਾ ਕੇਸ ਵੀ ਦਰਜ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਮਾਧੀ ਵਾਲੇ ਵਿਅਕਤੀ ਨੂੰ ਫਰੀਜ਼ ਕਰਕੇ ਰੱਖਣਾ ਮਾਰਨਾ ਹੀ ਹੁੰਦਾ ਹੈ।
ਕਾਨੂੰਨ ਦੇ ਰਾਜ ਨੂੰ ਬਣਾਈ ਰੱਖਣ ਲਈ ਸਰਕਾਰਾਂ ਵਿੱਚ ਬੈਠੇ ਰਾਜਨੇਤਾਵਾਂ ਨੂੰ ਸੱਚ ਤੋਂ ਭੱਜਣ ਦੀ ਬਜਾਇ ਸਾਹਮਣਾ ਕਰਨਾ ਚਾਹੀਦਾ ਹੈ। ਪੁਲੀਸ ਨੂੰ ਇਸ ਤਰਾਂ ਦੇ ਹਰ ਧਾਰਮਿਕਤਾ ਦੀ ਆੜ ਵਿੱਚ ਕੀਤੇ ਜਾਣ ਵਾਲੇ ਗੈਰ ਕਾਨੂੰਨੀ ਕੰਮਾਂ ਦੇ ਖਿਲਾਫ ਪੂਰੀ ਅਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ। ਇਸ ਤਰਾਂ ਦੀਆਂ ਕਈ ਕਾਰਵਾਈਆਂ ਪਹਿਲਾਂ ਵੀ ਅਨੇਕਾਂ ਕਾਰਵਾਈਆਂ ਅਨੇਕਾਂ ਝੂਠੇ ਧਰਮੀ ਆਗੂ ਕਰ ਚੁੱਕੇ ਹਨ, ਜਿਹਨਾਂ ਵਿੱਚ ਅਨੇਕਾਂ ਕਤਲ ਵੀ ਸ਼ਾਮਲ ਹਨ। ਕਿਸੇ ਡੇਰੇਦਾਰ ਦਾ ਖਜ਼ਾਨਚੀ ਗੁੰਮ ਹੋ ਜਾਂਦਾ ਹੈ। ਕਿਸੇ ਦਾ ਸੇਵਾਦਾਰ ਗੁੰਮ ਹੋ ਜਾਂਦਾਂ ਹੈ। ਕਈਆਂ ਦੀਆਂ ਸੇਵਾਦਾਰਨੀਆਂ ਵੀ ਗੁੰਮ ਹੋਈਆਂ ਹਨ। ਸਭਿਅਕ ਸਮਾਜ ਵਿੱਚ ਧਰਮ ਦੀ ਆੜ ਵਿੱਚ ਗੁਨਾਹ ਕਰਨ ਦੀ ਖੁੱਲ ਕਦਾਚਿੱਤ ਨਹੀਂ ਦਿੱਤੀ ਜਾਣੀ ਚਾਹੀਦੀ । ਆਸ਼ੂਤੋਸ਼ ਵਾਲੇ ਕੇਸ ਵਿੱਚ ਸਰਕਾਰਾਂ ਨੂੰ ਨਿਰਪੱਖ ਅਤੇ ਕਾਨੂੰਨੀ ਕਾਰਵਾਈ ਕਰਕੇ ਦੋਸੀਆਂ ਨੂੰ ਗਿ੍ਰਫਤਾਰ ਕਰਨਾਂ ਚਾਹੀਦਾ ਹੈ ਅਤੇ ਇਸ ਨਾਲ ਚਗਾਂ ਸੰਦੇਸ਼ ਵੀ ਜਾਵੇਗਾ । ਗੁਨਾਹ ਕਰਨ ਵਾਲੇ ਅਤੇ ਅੰਧਵਿਸ਼ਵਾਸ ਫੈਲਾਉਣ ਵਾਲੇ ਝੂਠੇ ਧਾਰਮਿਕ ਆਗੂ ਵੀ ਕੁਝ ਕਾਨੂੰਨ ਦਾ ਡਰ ਮਹਿਸੂਸ ਕਰਨਗੇ ।


