27 ਸਤੰਬਰ-ਪੰਜਾਬ ਦੇ ਸ਼੍ਰੋਮਣੀ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੇ ਵਿਛੋੜੇ ਦਾ ਦਿਨ, 28 ਸਤੰਬਰ-ਸ਼੍ਰੋਮਣੀ ਇਨਕਲਾਬੀ ਸ਼ਹੀਦ ਭਗਤ ਸਿੰਘ ਦੇ ਜਨਮ ਦਾ ਦਿਨ ‘ਵਿਛੋੜੇ ਦਾ ਸਮਾਂ ਮਿਲਣ ਦਾ ਸਮਾਂ ਵੀ ਹੁੰਦਾ ਹੈ’ ਸ਼ਾਇਦ ਖਲੀਲ ਜਿਬਰਾਨ ਨੇ ਅਰਸਾ ਪਹਿਲਾਂ ਅਜਿਹੇ ਮੌਕਿਆਂ ਲਈ ਹੀ ਲਿਖਿਆ ਹੋਵੇਗਾ। 82 ਵਰ੍ਹਿਆਂ ਦਾ ਸ਼ਾਨਦਾਰ, ਸਫਲ ਜੀਵਨ ਨਿੱਜ ਲਈ ਨਹੀਂ, ਪਰਿਵਾਰ ਲਈ ਨਹੀਂ, ਸਿਰਫ ਤੇ ਸਿਰਫ ਆਪਣੇ ਲੋਕਾਂ ਲਈ। 15 ਸਾਲ ਦੀ ਉਮਰ ’ਚ ਕਮਿਊਨਿਸਟ ਪਾਰਟੀ ਦਾ ਕਾਰਡ ਹੋਲਡਰ ਬਣ ਸਮਾਜ ਨੂੰ ਸਮਝਣ ਤੁਰਿਆ ਬਾਲ ਗੁਰਸ਼ਰਨ ਸਮਾਜ ਲਈ, ਕਿਰਤੀ ਲੋਕਾਂ ਲਈ ਚਾਨਣ ਮੁਨਾਰਾ ਬਣ ਗਿਆ, ਪ੍ਰੇਰਣਾ ਸਰੋਤ ਬਣ ਗਿਆ, ਆਦਰਸ਼ ਬਣ ਗਿਆ, ਰੋਲ ਮਾਡਲ ਬਣ ਗਿਆ।

ਕਹਿਣੀ ਤੇ ਕਰਨੀ ਦੀ ਸ਼ਾਨਦਾਰ ਇਕਸਾਰਤਾ, ਸਾਫ-ਸਪੱਸ਼ਟ ਤੇ ਸਾਦੀ ਸਖਸ਼ੀਅਤ ਜਿਸਨੇ ਆਪਣੇ ਕਰਮ ਰਾਹੀਂ, ਆਪਣੇ ਅਮਲ ਰਾਹੀਂ ਜੀਵਨ ਦੇ ਅਸਲ ਅਰਥ ਸਮਝਾਉਣ ਦੇ ਯਤਨ ਕੀਤੇ, ਅੱਜ ਸਾਡੇ ਵਿਚਕਾਰ ਨਹੀਂ। ਤਿੰਨ ਵਰੇ ਪਹਿਲਾਂ 27 ਸਤੰਬਰ ਦੀ ਰਾਤ 10.30 ਵਜੇ ਰੋਹ ’ਚ ਗੜਕਦੀ ਆਵਾਜ, ਖਿਆਲ ’ਚ ਸੁਪਨਾ ਬੀਜਦੀਆਂ ਅੱਖਾਂ, ਅੰਤਲੇ ਸਾਹਾਂ ਤੱਕ ਫਿਕਰਾਂ ’ਚ, ਝੋਰਿਆਂ ’ਚ ਧੜਕਦਾ ਦਿਲ ਸਦਾ-ਸਦਾ ਲਈ ਖਾਮੋਸ਼ ਹੋ ਗਿਆ। ਪਰ ਆਪਣੇ ਸਾਹਾਂ ਨਾਲ, ਆਪਣੀ ਦਿ੍ਰਸ਼ਟੀ ਨਾਲ, ਆਪਣੀ ਲੋਅ ਨਾਲ, ਆਪਣੀ ਕਲਾ ਨਾਲ ਜੋ ਨਿੱਘ, ਜੋ ਅਪਣੱਤ, ਜੋ ਸੇਧ ਭਾਅ ਜੀ, ਗੁਰਸ਼ਰਨ ਸਿੰਘ ਨੇ ਦਿੱਤੀ 3 ਵਰ੍ਹਿਆਂ ਦੇ ਅਰਸੇ ’ਚ ਉਹ ਮਿਟੀ ਨਹੀਂ, ਫਿੱਕੀ ਨਹੀਂ ਪਈ, ਸਗੋਂ ਹੋਰ ਉੱਘੜੀ ਹੈ। ਬੁਲੰਦ ਹੋਈ ਹੈ।
ਸਾਡੇ ਸਮਿਆਂ ਦੇ ਕਵੀ ਯੋਧ ਸਿੰਘ ਨੇ ਉਨ੍ਹਾਂ ਦੇ ਵਿਛੋੜੇ ਤੇ ਲਿਖਿਆ ਸੀ ‘ਤੂੰ ਜਾਗ ਸੈਂ- ਇੱਕ ਰਾਗ ਸੈਂ- ਸਰਘੀਆਂ ਦੀ ਭੈਰਵੀਂ ਇੱਕ ਘੋਲ ਸੈਂ-ਬਸ ਬੋਲ ਸੈਂ- ਨੂਰ ਦਾ ਭਰਿਆ ਇੱਕ ਡੋਲ ਸੈਂ। ਨੂਰ ਦੇ ਭਰਿਆ ਡੋਲ ਸੈਂ।’ ਨੂਰ ਦੇ ਭਰੇ ਉਸ ਡੋਲ ਨੇ ਲਾ ਉਮਰ ਹਨੇਰਿਆਂ ਨੂੰ ਵੰਗਾਰਿਆ, ਲਲਕਾਰਿਆ। ਕਲਾ ਦੇ ਹਥਿਆਰ ਨੂੰ ਸਮਾਜ ਬਦਲੀ ਦੀ ਇਨਕਲਾਬੀ ਲਹਿਰ ਦੇ ਵਧਾਰੇ ਲਈ ਵਰਤਣ, ਲੋਕ ਚੇਤਨਾ ਨੂੰ ਸਾਣ ਤੇ ਲਾਉਣ ਦਾ ਭਾਅ ਜੀ ਗੁਰਸ਼ਰਨ ਸਿੰਘ ਸਮੁੱਚਾ ਜੀਵਨ ਇਤਿਹਾਸ ਇੱਕ ਖੁੱਲੀ ਕਿਤਾਬ ਵਾਂਗ ਸਾਡੇ ਸਾਹਮਣੇ ਹੈ। ਜਿਸ ਲਈ ਉਨ੍ਹਾਂ ਕਿਹਾ ਸੀ ਅਜ਼ਾਦੀ ਸਾਡੀ ਵਿਰਾਸਤ ਹੈ। ਸਮਾਜਵਾਦ ਲਈ ਸੰਘਰਸ਼ ਸਾਡੀ ਸਿਆਸਤ ਹੈ। ਕਰਾਂਤੀ ਸਾਡੀ ਇਬਾਦਤ ਹੈ।
ਅਜਿਹੀ ਅਜੀਜ਼ ਸ਼ਖ਼ਸੀਅਤ ਦੀ ਸਰੀਰਕ ਗੈਰਹਾਜ਼ਰੀ ’ਚ ਉਸ ਲੋਕ ਨਾਇਕ ਦੇ ਆਦਰਸ਼, ਸੁਪਨੇ, ਗੰਭੀਰਤਾ, ਸੰਵੇਦਨਸ਼ੀਲਤਾ ਸਾਡਾ ਆਇਤਲ ਹੈ। ਸੱਚੇ-ਸੁੱਚੇ ਭਾਅ ਜੀ ਗੁਰਸ਼ਰਨ ਸਿੰਘ ਸੱਚਾ-ਸੁੱਚੇ ਇਨਕਲਾਬੀ ਕਾਰਕੁੰਨ ਸਨ। ‘ਮੇਰੇ ਲੋਗੋ ਸਿਰਫ ਤੇ ਸਿਰਫ ਬਰਾਬਰਤਾ, ਹਰ ਤਰ੍ਹਾਂ ਦੀ ਸਮਾਜਕ ਬਰਾਬਰਤਾ ਮੇਰਾ ਸੁਪਨਾ ਹੈ।’ ਆਰਥਕ ਪਾੜਾ, ਗਰੀਬ ਤੇ ਅਮੀਰ ਦਾ ਫਰਕ ਸਾਡੇ ਭਾਅ ਜੀ ਇਸ ਧਰਤੀ ਤੋਂ ਮਿਟਾਉਣਾ ਚਾਹੁੰਦੇ ਸਨ। ਬਰਾਬਰਤਾ ਵਾਲਾ ਸਮਾਜ ਜਿੱਥੇ ਕੋਈ ਉੱਚਾ ਨਾ ਹੋਵੇ ਕੋਈ ਨੀਵਾਂ ਨਾ ਹੋਵੇ, ਕੋਈ ਤਕੜਾ ਨਾ ਹੋਵੇ ਕੋਈ ਮਾੜਾ ਨਾ ਹੋਵੇ। ਉਹ ਹਰ ਪਿੰਡ ਨੂੰ ਚੰਡੀਗੜ੍ਹ ਵਰਗਾ ਲੋਚਦੇ ਸਨ। ‘ਉਥੇ ਸਾਰੀਆਂ ਸਹੂਲਤਾਂ ਤੇ ਮੇਰੇ ਪਿੰਡਾਂ ’ਚ ਕੁੱਝ ਵੀ ਨਹੀਂ- ਨਹੀਂ ਨਹੀਂ ਮੇਰੇ ਲੋਗੋ ਇਹ ਗਲਤ ਹੈ- ਬਿਲਕੁੱਲ, ਬਿਲਕੁੱਲ, ਬਿਲਕੁੱਲ, ਬਿਲਕੁੱਲ ਗਲਤ- ਸੋ ਫੀਸਦੀ ਗਲਤ। ਪੈਦਾ ਕਰੀਏ ਅਸੀਂ, ਬਣਾਈਏ ਅਸੀਂ ਤੋਂ ਐਸ਼ਾਂ ਕਰੇ ਕੋਈ ਹੋਰ’- ਮੰਚ ਤੇ ਬੋਲਦਿਆਂ ਲਾਲ ਸੁਰਖ ਅੱਖਾਂ ਅੰਗਿਆਰਾਂ ਵਾਂਗ ਮਘਦੀਆਂ ਸਨ- ਬੋਲ ਨਗਾਰੇ ਦੀ ਚੋਟ ਵਾਂਗ ਗੜਕਦੇ ਸਨ- ਬਾਹਾਂ ਹਵਾ ’ਚ ਉੱਲਰਦੀਆਂ ਕੁੱਝ ਫੜਣ ਦੀ ਕੋਸ਼ਿਸ਼ ਕਰਦੀਆਂ ਸਨ। ਫਿਰ ਉਦੋਂ ਪੰਡਾਲ ’ਚ ਸੁੰਨ ਵਰਤ ਜਾਂਦੀ ਸੀ ਠੰਡੇ-ਬਰਫੀਲੇ ਪਾਣੀ ਦੀ ਢਾਰਸ ਵਾਂਗ, ਠੰਡੀ ਮਿੱਠੀ ਰੁਮਕਦੀ ਹਵਾ ਦੇ ਬੁਲ੍ਹੇ ਵਾਂਗ ਇੱਕ-ਇੱਕ ਸ਼ਬਦ ਸਰੋਤੇ ਨੂੰ ਸਕੂਨ ਬਖਸ਼ਦਾ ਸੀ। ਚੈਨ ਵਰਤਾਉਦਾ ਸੀ ਰਾਹ ਵਿਖਾਉਦਾ ਸੀ- ਮੁਕਤੀ ਦਾ, ਜੁਗਤੀ ਦਾ।
ਸਾਡੇ ਭਾਅ ਜੀ ਨੇ ਇਸ ਪਰਾਏ, ਲਾਸ਼ਾ ਤੇ ਉਸਰੇ, ਕਿਰਤੀ ਦੇ ਖੂਨ ਨਾਲ ਪਸਰ ਰਹੇ ਨਿਜਾਮ ਨੂੰ, ਇਸ ਨਿਜਾਮ ਦੀਆਂ ਅਲਾਮਤਾਂ ਨੂੰ ਸਾਰੀ ਉਮਰ ਰੱਜ ਕੇ ਨਫ਼ਰਤ ਕੀਤੀ- ਰਾਜੀਨਾਵਾਂ ਨਹੀਂ ਕੀਤਾ। ਉਨ੍ਹਾਂ ਸਾਰੀ ਉਮਰ ਆਪਣੇ ਪਵਿੱਤਰ ਅਕੀਦੇ ਨਾਲ ਵਫਾਦਾਰੀ ਕਮਾਈ। ਨਿਰਸੰਦੇਹ ਇੱਕ ਸੱਚਾਸੁੱਚਾ ਯੋਧਾ ਸੀ ਸਾਡਾ ਭਾਅ ਜੀ ਗੁਰਸ਼ਰਨ ਸਿੰਘ। ਆਪਣੇ ਨਾਟਕਾਂ ਰਾਹੀਂ, ਰਚਨਾਵਾਂ ਰਾਹੀਂ, ਪੁਸਤਕਾਂ ਰਾਹੀਂ, ਸਰਦਲ, ਸਮਤਾ ਤੇ ਚਿੰਤਕ ਰਾਹੀਂ ਚਾਨਣ ਵੰਡਦਾ, ਲੰਮੇ ਰਾਹਾਂ ਦਾ ਅਣਥੱਕ ਪਾਂਧੀ ਅੰਤਲੇ ਸਾਹਾਂ ਤੱਕ ਸ਼ਰੀਰਕ ਅਪਾਹਿਜਤਾ ਦਾ ਗੁਲਾਮ ਨਹੀਂ ਬਣਿਆ ਸੀ। ਜੇ ਲੱਤਾਂ ਕੰਮ ਨਹੀਂ ਕਰਦੀਆਂ ਸਨ ਤੇ ਦਿਲ ਤੇ ਦਿਮਾਗ ਦੁੱਗਣਾ-ਤਿਗਣਾ ਦੋੜਦੇ ਸਨ। ਆਖਰੀ ਸਮਿਆਂ ਤੇ ਬੈੱਡ ਤੇ ਪਿਆ ਵੀ ਆਏ-ਗਏ ਨੂੰ ਫਿਕਰ ਦੀ ਬਾਂਹ ਫੜੀ ਰੱਖਣ ਲਈ ਪ੍ਰੇਰਣ ਵਾਲਾ, ਠਕੋਰਨ ਵਾਲਾ ਸੂਰਜ ਅੱਜ ਸਾਡੇ ਵਿਚਕਾਰ ਨਹੀਂ – ਪਰ ਸਵਾਲ, ਚੁਣੋਤੀਆਂ ਹੋਰ ਵਡੇਰੀਆਂ ਤੇ ਆਦਮਖੋਰ ਬਣ ਚੁੱਕੀਆਂ ਹਨ।
ਐਮਰਜੈਂਸੀ ਦੇ ਫਾਸ਼ੀ ਜਾਬਰ ਦੌਰ ਦਾ ਡੱਟਕੇ ਸਾਹਮਣਾ ਕਰਨ ਵਾਲੇ ਭਾਅ ਗੁਰਸ਼ਰਨ ਸਿੰਘ ਦੀ ਗੈਰਹਾਜ਼ਰੀ ’ਚ ਫਿਰਕੂ ਫਾਸ਼ੀਵਾਦ ਦੇ ਦੌਰ ’ਚ ‘ਕਿਵ ਕੂੜਿ ਤੁਟਿ ਪਾਲਿ, ਨਿਉਟਿਆਂ ਦੀ ਓਟ, ਜਿਨ ਸੱਚਿ ਪੱਲਿ ਹੋਇ’, ਚਾਂਦਨੀ ਚੋਕ ਤੋਂ ਸਰਹਿੰਦ ਤੱਕ ਨਵੇਂ ਨਾਟਕਾਂ ਦੀ ਜਰੂਰਤ ਹੈ। ਹਿੰਦੁਸਤਾਨ ਹਿੰਦੂਆਂ ਦਾ ਦੇ ਫਾਸ਼ਿਸ਼ਟ ਐਲਾਨਾਂ ਤੇ ਅਮਲਾਂ ਦੋਰਾਨ ਨਵੇਂ ਗੁਰਸ਼ਰਨ ਸਿੰਘਾਂ ਦੀ ਲੋੜ ਹੈ। ਭਾਅ ਜੀ ਗੁਰਸ਼ਰਨ ਸਿੰਘ ਨੇ ਅਪਣੇ ਨਾਟਕਾਂ ਰਾਹੀਂ ਦਿੱਤੂ ਮਜਹਬੀ, ਮਿਲਖੀ ਘੁਮਿਆਰ, ਛਿੱਬੂ ਸਾਂਸੀ ਨੂੰ ਵਿਦਰੋਹ ਦੀ ਜੁਬਾਨ ਦਿੱਤੀ ਤੇ ਉਨ੍ਹਾਂ ਨੂੰ ‘ਇੱਕੋ ਮਿੱਟੀ ਦੇ ਪੁੱਤ’ ਹੋਣ ਕਰਕੇ ਸਾਡੇ ਸਾਂਝੇ ਦੁਸ਼ਮਣ ਖਿਲਾਫ਼ ਨਵਾਂ ਜਜਬਾ ਲੈਣ ਦਾ ਸੱਦਾ ਦਿੱਤਾ ਸੀ ਜਿਸ ਨੂੰ ਸਾਡਾ ਸੈਮੂਅਲ ਜੋਨ ਆਪਣੇ ਨਾਟਕਾਂ ‘ਕਿਰਤੀ’ ਅਤੇ ‘ਆਜੋ ਦੇਈਏ ਹੋਕਾ’ ਰਾਹੀਂ ਜਿਉਂਦਾ ਰੱਖ ਕੇ ਮਸ਼ਾਲ ਉੱਚੀ ਚੁੱਕ ਰਿਹਾ ਹੈ। ਭਾਰਤੀ ਸਮਾਜ ਦੀ ਸਭ ਤੋਂ ਵੱਡੀ ਲਾਹਨਤ ‘ਜਾਤ ਪ੍ਰਬੰਧ’ ਖਿਲਾਫ਼ ਭਾਅ ਗੁਰਸ਼ਰਨ ਸਿੰਘ, ਦੇ ਜਾਤ ਰਹਿਤ ਸਮਾਜ ਦੇ ਸੁਪਨੇ ’ਚ ਰੰਗ ਭਰ ਰਿਹਾ ਹੈ।
ਜਾਤ ਨਫ਼ਰਤ, ਸਮਾਜਕ ਬਾਈਕਾਟਾਂ ਦੀ ਦਲਿਤ ਵਿਰੋਧੀ ਧਾਰਵਾਂ ਖਿਲਾਫ ਤੇ ਫੋਕੇ ਜੱਟਵਾਦ ਤੇ ਉੱਚ ਜਾਤ ਹੰਕਾਰ ਦੀ ਘੰਡੀ ਭੰਨਣ ਦਾ ਮਕਸਦ ਪੂਰਾ ਕਰਨ ਲਈ ਇਸ ਲਾਹਨਤ ਖਿਲਾਫ ਜਮਾਤੀ ਸੰਘਰਸ਼ ਦੀ ਮਸ਼ਾਲ ਨੂੰ ਉੱਚੀ ਚੁੱਕਣ ਦੀ ਜਰੂਰਤ ਹੈ। ਭਾਅ ਜੀ ਨੇ ਆਪਣੀ ਨਾਟਕ ਕਲਾ ਰਾਹੀਂ, ਆਪਣੇ ਨਾਟਕਾਂ ਲਈ ਔਰਤ ਵਰਗ ਨਾਲ ਹਰ ਪੱਧਰ ਤੇ ਹੋ ਰਹੇ ਵਿਤਕਰੇ ਵਿਰੁੱਧ ਔਰਤਾਂ ਨੂੰ ਬਾਗੀ ਹੋਣ, ਵਿਦਰੋਹੀ ਬਨਣ ਤੇ ਹਰ ਜਦੋਜਹਿਦ ’ਚ ਮੂਹਰੇ ਹੋ ਡੱਟਣ ਦਾ ਸੱਦਾ ਦਿੱਤਾ। ਬੇਗਮੋ ਦੀ ਧੀ, ਸਰਪੰਚਣੀ, ਸਮਾਜ ਤੇ ਅਜਿਹੇ ਹੋਰ ਨਾਟਕਾਂ ਰਾਹੀਂ ਜਿੱਥੇ ਔਰਤ ਹੱਕਾਂ ਦੀ ਉਨ੍ਹਾਂ ਗੱਲ ਕੀਤੀ ਉੱਥੇ ਔਰਤ ਮੁਕਤੀ ਲਈ ਚੱਲੇ ਹਰ ਸੰਘਰਸ਼ ਦੀ ਉਨ੍ਹਾਂ ਡੱਟ ਕੇ ਬਾਂਹ ਫੜੀ।
ਉਹ ਔਰਤਾਂ ਦੀ ਤਹਿਰੀਕ ਦੇ ਸੱਚੇ ਸਾਥੀ ਸਨ। ਪੰਜਾਬੀਆਂ ਦੀ ਗਾਲ੍ਹ ਦੀ ਆਮ ਪ੍ਰਚਲਤ ਆਦਤ, ਔਰਤ ਖਿਲਾਫ ਮਰਦ ਦੇ ਦਾਬੇ, ਭਰੂਣ ਹੱਤਿਆ, ਦਾਜ ਹੱਤਿਆ ਖਿਲਾਫ ਉਨ੍ਹਾਂ ਆਪਣੇ ਨਾਟਕ ਹਥਿਆਰ ਨੂੰ ਬਖੂਬੀ ਵਰਤਿਆ। ਉਨ੍ਹਾਂ ਦੇ ਨਾਟਕ ਸਮਾਗਮਾਂ ’ਚ ਔਰਤਾਂ ਦੀ ਹਿਸੇਦਾਰੀ ਉਨ੍ਹਾਂ ਲਈ ਵੱਡੀ ਸੰਤੁਸ਼ਟੀ ਸੀ। ਮਹਿਲਕਲਾਂ ਕਿਰਨਜੀਤ ਕਾਂਡ ਵਿਰੋਧੀ ਸੰਘਰਸ਼ ਨਾਲ ਉਨਾਂ ਦਾ ਲਗਾਅ, ਤਿੰਨ ਲੋਕ ਆਗੂਆਂ ਦੀ ਨਜਾਇਜ ਉਮਰ ਕੈਦ, ਖਿਲਾਫ ਚੱਲੇ ਲੰਮੇ ਸੰਘਰਸ਼ ’ਚ ਉਨਾਂ ਦੀ ਹਿੱਸੇਦਾਰੀ ਅਸਲ ’ਚ ਔਰਤ ਮੁਕਤੀ ਦੀ ਜੰਗ ’ਚ ਔਰਤਾਂ ਲਈ ਬਰਾਬਰਤਾ, ਔਰਤ ਦੀ ਪੁੱਗਤ ਤੇ ਔਰਤਾਂ ਖਿਲਾਫ ਹਰ ਤਰ੍ਹਾਂ ਦੇ ਅੱਤਿਆਚਾਰ ਦਾ ਖਾਤਮਾ ਉਨਾਂ ਦਾ ਮਿਸ਼ਨ ਸੀ।
ਗੰਦੇ ਲੋਚਰ ਸੱਭਿਆਚਾਰ ਖਿਲਾਫ਼, ਅਸ਼ਲੀਲ ਕੈਸਟ ਕਲਚਰ ਖਿਲਾਫ, ਹਰ ਤਰ੍ਹਾਂ ਦੀ ਜਾਤ ਪ੍ਰਸਤੀ, ਲਿੰਗ ਭੇਦ ਖਿਲਾਫ ਉਨ੍ਹਾਂ ਦੀ ਨਾਟ ਕਟਾਰ ਤਿੱਖੇ ਵਾਰ ਕਰਦੀ ਸੀ। ਉਨ੍ਹਾਂ ਗੰਦੇ, ਅਸ਼ਲੀਲ, ਦੋਅਰਥੀ ਚਮਕੀਲਾ ਮਾਰਕਾ ਗਾਣਿਆਂ ਖਿਲਾਫ਼ ਅਗਾਂਹਵਧੂ, ਲੋਕਪੱਖੀ, ਇਨਕਲਾਬੀ ਗੀਤਾਂ ਦੀ ਕੈਸਟ ਇੱਕ ਬਦਲ ਵੱਜੋਂ ਉਭਾਰਣ ਦਾ ਨਿਰੰਤਰ ਉੱਦਮ ਕੀਤਾ। ਇਸ ਮਕਸਦ ਲਈ 1984 ’ਚ ਉਸਾਰੇ ਪੰਜਾਬ ਲੋਕ ਸੱਭਿਆਚਾਰਕ ਮੰਚ ਨੂੰ, ਇਸ ਦੀਆਂ ਸਰਗਰਮੀਆਂ ਨੂੰ, ਉਨ੍ਹਾਂ ਆਪਣੇ ਖੂਨ ਨਾਲ ਸਿੰਜਿਆ ਸੀ। ਪ: ਲ: ਸ: ਮੰਚ ਵੱਲੋਂ ਸਥਾਪਤ ਲੋਕ ਪੱਖੀ ਗੀਤ ਸੰਗੀਤ ਟਰਸੱਟ ਰਾਹੀਂ ਬਦਲਵਾਂ ਕੈਸਟ ਕਲਚਰ ਉਭਾਰਨ ਲਈ ਉਨ੍ਹਾਂ ਦੇ ਯਤਨ ਅੱਭੁਲ ਹਨ। ਐਕਸ਼ਨ ਗੀਤਾਂ, ਕੋਰੀਉਗ੍ਰਾਫੀਆਂ ਰਾਹੀਂ ਉਨ੍ਹਾਂ ਲੋਕ ਮਨਾਂ ਨੂੰ ਹਲੂਨਣ, ਝੰਜੋੜਣ ਦਾ ਅਥਾਹ ਯਤਨ ਕੀਤਾ। ਅਜੋਕੇ ਸੱਭਿਆਚਾਰਕ ਦਿ੍ਰਸ਼ ਤੇ ਬੱਸਾਂ ਤੋਂ ਲੈ ਕੇ ਬੈਡਰੂਮਾਂ ਤੱਕ ਪਰੋਸਿਆ ਜਾ ਰਿਹਾ ਗੰਦਾ ਕਲਚਰ ਜਿਵੇਂ ਸਮਾਜਕ ਮੁੱਲਾਂ, ਕਦਰਾਂ-ਕੀਮਤਾਂ, ਰਿਸ਼ਤਿਆਂ ਦਾ ਘਾਣ ਕਰ ਰਿਹਾ ਹੈ। ਮੁਬਾਇਲ ਫੋਨਾਂ, ਵਟਸਐਪ, ਯੂ-ਟਿਊਬ ਤੇ ਦੁਨੀਆਂ ਭਰ ਦੇ ਗੰਦ ਨੇ ਜਵਾਨੀ ਦੇ ਦਿਲੋ ਦਿਮਾਗ ਤੇ, ਸੋਚ ਪ੍ਰਬੰਧ ਤੇ ਜਿੰਨਾ ਖਤਰਨਾਕ ਹੱਲਾ ਵਿੱਢਿਆ ਹੋਇਆ ਹੈ। ਦੇਸ਼ ਦੇ ਪੁਲਸ ਥਾਣਿਆਂ ਤੇ ਵੋਮੈਨ ਸੈਲਾਂ ’ਚ ਕੁਰਲਾਉਦੀਆਂ, ਵੈਣ ਪਾਉਦੀਆਂ ਧੀਆਂ ਜਿੱਥੇ ਘਰਾਂ ’ਚ ਵੱਧ ਰਹੀਆਂ ਥੁੜ੍ਹਾਂ ਦੇ ਕੀਰਨੇ ਪਾਉਂਦੀਆਂ ਨੇ, ੳੱੁਥੇ ਨਸ਼ਿਆਂ ਦਾ ਤਿੱਖਾ ਹੋ ਰਿਹਾ ਕੁਹਾੜਾ, ਗੈਰ ਔਰਤਾਂ ਨਾਲ ਪੱਛਮੀ ਤਰਜ ਤੇ ਪਨਪ ਰਹੇ ਰਿਸ਼ਤੇ, ਬਲਾਤਕਾਰ ਘਰਾਂ ’ਚ ਤਿੱਖਾ ਹੋ ਰਿਹਾ ਤਣਾਅ, ਲੜਾਈ ਝਗੜੇ, ਇੱਕਲਾਪਣ, ਨਿੱਜ ਤੇ ਸਵਾਰਥ ਕਿੰਨਾਂ ਕੁੱਝ ਹੈ- ਸੱਭਿਆਚਾਰ ਦੇ ਖੇਤਰ ’ਚ ਪੀਡੀਆਂ ਹੋ ਰਹੀਆਂ ਗੁੰਝਲਾਂ ਦਾ ਸਿਰਾ ਲੱਭਣ ਤੇ ਲੜ ਫੜਾਉਣ ਲਈ ਸੱਚੀ-ਮੁੱਚੀ ਗੁਰਸ਼ਰਨ ਸਿੰਘ ਵਰਗੇ ਨਵੇਂ ਸਿਰਜਕਾਂ ਦੀ ਲੋੜ ਹੈ, ਨਵੇਂ ਮੁਹਾਵਰਿਆਂ ਦੀ ਜ਼ਰੂਰਤ ਹੈ ਤੇ ਨਵੀਆਂ ਰਚਨਾਵਾਂ, ਨਵੇਂ ਨਾਟਕਾਂ ਦੀ ਇਹ ਲੜੀ ਸੱਭਿਆਚਾਰਕ ਫਰੰਟ ਤੇ ਹੱਲੇ ਨੂੰ ਰੋਕਣ ਦਾ ਇੱਕ ਯਤਨ ਹੋਵੇਗੀ।
ਸਾਹਿਤ ਸੱਭਿਆਚਾਰ ਦੇ ਖੇਤਰ ’ਚ ਆਈ ਖੜੋਤ, ਉੱਤਰ ਆਧੁਨਿਕ ਸੋਚ ਪ੍ਰਬੰਧ, ਤੇ ਨਿੱਜ ਕਿੰਨ੍ਹੇ ਹੀ ਚੈਲੰਜ ਹਨ, ਜਿਨ੍ਹਾਂ ਨਾਲ ਮੱਥਾ ਲਾਉਣ ਲਈ ਕਿੰਨ੍ਹੇ ਹੀ ਗੁਰਸ਼ਰਨ ਸਿੰਘਾਂ ਦੀ ਜਰੂਰਤ ਹੋਵੇਗੀ। ਨਸ਼ਿਆਂ ਦੀ ਦਲਦਲ ’ਚ ਖੁੱਭੇ ਪੰਜਾਬ ਲਈ ਕਿੰਨੇ ਹੀ ਹੋਰ ‘ਮਿੱਟੀ ਰੁਦਨ ਕਰੇ’ ‘ਇਨ੍ਹਾਂ ਜਖਮਾਂ ਦਾ ਕੀ ਕਰੀਏ, ‘ਇੱਕ ਹੋਰ ਕਾਰਗਲ’, ਦੁਖਦੀ ਰਗ ਪੰਜਾਬ ਦੀ ਜਿਹੀਆਂ ਸੰਵੇਦਨਸ਼ੀਲ ਰਚਨਾਵਾਂ ਦੀ ਜ਼ਰੂਰਤ ਹੈ। ਨਵੀਂ ਸੂਚਨਾ ਤਕਨਾਲੋਜੀ ਨੇ ਸੰਸਾਰ ਨੂੰ ਇੱਕ ਪਿੰਡ ’ਚ ਤਾਂ ਬਦਲ ਦਿੱਤਾ ਹੈ ਪਰ ਕਿੰਨੇ ਪਿੰਡ ਉਜਾੜ ਦਿੱਤੇ ਹਨ, ਹਿਸਾਬ ਲਾਉਣ ਤੇ ਹਿਸਾਬ ਬਰਾਬਰ ਕਰਨ ਲਈ ਇੱਕ ਨਹੀਂ ਕਿੰਨੇ ਹੀ ਗੁਰਸ਼ਰਨ ਸਿੰਘ ਲੋੜੀਂਦੇ ਹਨ।
ਇਨਕਲਾਬੀ ਨਾਟਕ, ਸਾਹਿਤ ਸਮੱਗਰੀ ਛਾਪਣ ਤੇ ਵੰਡਣ ਤੋਂ ਵੀ ਵੱਧ ਕੇ ਸਾਡੀ ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਦਾ ਸਭ ਤੋਂ ਵੱਡਾ ਫਿਕਰ ਸੀ- ਇਨਕਲਾਬੀ ਲਹਿਰ ਦੀ ਏਕਤਾ। 1982 ’ਚ ਭਾਅ ਜੀ ਦੇ ਉੱਦਮ ਸਦਕਾ ਇਨਕਲਾਬੀ ਏਕਤਾ ਕੇਂਦਰ ਹੋਂਦ ’ਚ ਆਇਆ, ਜਿਸ ਨੇ ਕੁੱਝ ਅਰਸਾ ਫਿਰਕੂ ਤੇ ਦਹਿਸ਼ਤਗਰਦੀ ਦੇ ਅੰਨੇ ਕਾਲੇ ਦੋਰ ’ਚ ਦੋਹਾਂ ਦਹਿਸ਼ਤਗਰਦੀਆਂ ਖਿਲਾਫ਼ ਝੰਡਾ ਉੱਚਾ ਚੁੱਕਿਆ। ਯਾਰੋ ਤੁਹਾਡੇ ਮਤਭੇਦ ਲੱਖ ਹੋਣ ਪਰ ਸਾਂਝੇ ਦੁਸ਼ਮਣ ਖਿਲਾਫ ਸਾਂਝੀ ਲੜਾਈ ਉਨ੍ਹਾਂ ਦੀ ਤੜਪ ਸੀ। ਯਾਰੋ ਕੁੱਝ ਨਾ ਕੁੱਝ ਕਰੀ ਜਾਵੋ। ਜਦੋਂ ਵੀ ਮਿਲਦੇ ਸਨ, ਉਨ੍ਹਾਂ ਦੇ ਮਨ ’ਚ ਸੈਂਕੜੇ ਪਲਾਨਾਂ ਉਹ ਹਰ ਧਿਰ ਦੇ ਸਾਥੀ ਨਾਲ ਸਾਂਝੀ ਕਰਦੇ ਸਨ। ਮੱਤਭੇਦ ਰੱਖੋ-ਇਹ ਗੈਰ ਹਕੀਕੀ ਨਹੀਂ ਪਰ ਸਾਂਝ ਬਣਾ ਕੇ ਰੱਖੋ। 17 ਕਿਸਾਨ ਮਜ਼ਦੂਰ-ਜੱਥੇਬੰਦੀਆਂ ਦੀਆਂ ਘੋਲ ਸਰਗਰਮੀਆਂ, 27 ਸਤਬੰਰ 2007 ਦੀ ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਤੇ ਬਰਨਾਲਾ ਸਮਾਗਮ, ਕਿਰਨਜੀਤ ਮਹਿਲਕਲਾਂ ਦੇ ਕਤਲ ਤੇ ਤਿੰਨ ਲੋਕ ਆਗੂਆਂ ਦੀ ਉਮਰ ਕੈਦ ਸਜਾ ਖਿਲਾਫ਼ ਲੰਮਾ ਸਾਂਝਾ ਸੰਘਰਸ਼ ਉਨ੍ਹਾਂ ਨੂੰ ਸਕੂਨ ਦਿੰਦਾ ਸੀ।
ਉਹ ਬੋਲਦੇ ਸਨ- ਹੁਣ ਠੀਕ ਐ ਹੁਣ ਲੱਗਦੈ ਕੁੱਝ ਨਾ ਕੁੱਝ ਬਣ ਜਾਊ। 2010 ’ਚ ਪੰਜਾਬ ਸਰਕਾਰ ਵੱਲੋਂ ਥੋਪੇ ’ਚ ਜਾ ਰਹੇ ਜਮਹੂਰੀ ਹੱਕਾਂ ਖਿਲਾਫ ਲਿਆਂਦੇ ਕਾਲੇ ਕਾਨੂੰਨ ਵਿਰੁੱਧ ਸਾਂਝੇ ਸੰਘਰਸ਼ ਨੇ ਉਨ੍ਹਾਂ ਦੀ ਕਰਮਭੂਮੀ ਚੰਡੀਗੜ੍ਹ ਵਿਖੇ ਸਾਰਾ ਦਿਨ ਸੜਕਾਂ ਜਾਮ ਕਰਕੇ ਆਪਣੇ ਲੋਕ ਨਾਇਕ ਨੂੰ ਸ਼ਰਧਾਂਜਲੀ ਦਿੱਤੀ ਸੀ। ਸੈਕਟਰ 45 ’ਚ ਇਨਕਲਾਬੀ ਲਹਿਰ ਆਪਣੇ ਸੰਗਰਾਮੀ ਨਾਇਕ ਨੂੰ ਅੰਤਿਮ ਵੇਰ ਮੋਢਾ ਦੇ ਰਹੀ ਸੀ ਤੇ ਚੰਡੀਗੜ੍ਹ ਦੇ ਮੁੱਖ ਲਾਂਘਿਆਂ ਤੇ ਸੰਘਰਸ਼ਸ਼ੀਲ ਕਿਰਤੀ ਕਾਲੇ ਕਾਨੂੰਨ ਨੂੰ ਲੱਤ ਮਾਰਕੇ ਨ੍ਹਾਰੇ ਬੁਲੰਦ ਕਰ ਰਹੇ ਸਨ- ਇਨਕਲਾਬੀ ਰੰਗਮੰਚ ਦੇ ਸੂਹੇ ਸੂਰਜ ਨੂੰ ਲਾਲ ਸਲਾਮ। ਚੰਡੀਗੜ ਦੇ ਨਾਕਿਆਂ ਤੇ ਅਤੇ ਚੰਡੀਗੜ੍ਹ ਦੇ ਸੈਕਟਰ 35 ਦੇ ਸਮਸ਼ਾਨ ਘਾਟ ’ਚ ਉੱਠਦੇ ਨ੍ਹਾਰਿਆਂ ਦੀ ਗੂੰਜ ਇੱਕ-ਮਿੱਕ ਹੋ ਰਹੀ ਸੀ। ਗਲਵੱਕੜੀ ਪਾ ਰਹੀ ਸੀ, ਹਾਕਮਾਂ ਲੁਟੇਰਿਆਂ ਦੇ ਕਾਲਜੇ ਧੂਹ ਪਾ ਰਹੀ ਸੀ। ਸੱਚ-ਮੁੱਚੀ ਵਿਛੋੜੇ ਦਾ ਸਮਾਂ ਮਿਲਣ ਦਾ ਸਮਾਂ ਵੀ ਹੁੰਦਾ ਹੈ। ਭਾਅ ਜੀ ਦੇ ਵਿਛੋੜੇ ਤੇ ਇੱਕਜੁਟ ਕਿਰਤੀ ਲਹਿਰ ਦੀ ਉਸਾਰੀ ਸਾਡੇ ਭਾਅ ਜੀ ਨੂੰ ਅੰਤਿਮ ਸਮੇਂ ਸ਼ਰਧਾਂਜਲੀ ਦੇ ਰਹੀ ਸੀ। ਰਾਜਨੀਤਕ, ਸਮਾਜਿਕ ਪਿੜ ’ਚ ਨਵੇਂ ਹੱਲਿਆਂ ਸੰਗ ਭਿੜਣ, ਵਿਸੇਸ਼ਕਰ ਫਿਰਕੂ ਫਾਸ਼ੀਵਾਦ ਖਿਲਾਫ ਟੱਕਰਨ ਲਈ ਭਾਅ ਜੀ ਦੀ ਲੋੜਵੰਦੀ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਬੇਹੱਦ ਜ਼ਰੂਰੀ ਹੈ- ਅਤਿਅੰਤ ਜ਼ਰੂਰੀ ਹੈ। ਆਓ ਗੁਰਸ਼ਰਨ ਸਿੰਘ ਵਰਗੇ ਬਨਣ ਦੀ ਕੋਸ਼ਿਸ਼ ਕਰੀੇਏ।


