‘ਰੋਮ ਜਲ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ।’ ਇਹ ਗੱਲ ਸ਼ਾਇਦ ਅਸੀਂ ਸਾਰੇ ਜਾਣਦੇ ਹਾਂ ਪਰ ਇਸ ਤੋਂ ਅੱਗੇ ਦੀ ਕਹਾਣੀ ਝੰਜੋੜਨ ਵਾਲੀ ਹੈ। ਜਦੋਂ ਰੋਮ ਜਲ ਰਿਹਾ ਸੀ ਤਾਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਨੀਰੋ ਦੇ ਆਪਣੇ ਬਾਗ ਵਿੱਚ ਇਕ ਵੱਡੀ ਪਾਰਟੀ ਰੱਖੀ। ਪਰ ਸਮੱਸਿਆ ਰਾਤ ਨੂੰ ਰੌਸ਼ਨੀ ਨਾ ਹੋਣ ਦੀ ਸੀ। ਨੀਰੋ ਕੋਲ ਇਸਦਾ ਹੱਲ ਸੀ। ਉਸ ਨੇ ਰੋਮ ਦੇ ਕੈਦੀਆਂ ਤੇ ਗਰੀਬ ਲੋਕਾਂ ਨੂੰ ਬਾਗ ਦੇ ਆਲੇ-ਦੁਆਲੇ ਇਕੱਠਾ ਕਰ ਲਿਆ ਅਤੇ ਉਨ੍ਹਾਂ ਨੂੰ ਜ਼ਿੰਦਾ ਜਲਾ ਦਿੱਤਾ। ਇਧਰ ਰੋਮ ਦੇ ਕੈਦੀ ਤੇ ਗ਼ਰੀਬ ਲੋਕ ਜਿੰਦਾ ਜਲ ਰਹੇ ਸੀ ਅਤੇ ਉਥੇ ਇਸਦੀ ਰੋਸ਼ਨੀ ਵਿੱਚ ਨੀਰੋ ਦੀ ‘ਸ਼ਾਨਦਾਰ ਪਾਰਟੀ’ ਚੱਲ ਰਹੀ ਸੀ। ਨੀਰੋ ਦੇ ਮਹਿਮਾਨ ਇਸ ਵਿੱਚ ਸ਼ਾਮਲ ਸਨ। ਜਿਨ੍ਹਾਂ ਵਿੱਚ ਵਪਾਰੀ, ਕਵੀ, ਪੁਜਾਰੀ, ਫਿਲਾਸਫਰ (ਦਾਰਸ਼ਨਿਕ) ਅਤੇ ਨੌਕਰਸ਼ਾਹ ਆਦਿ ਸ਼ਾਮਲ ਸਨ।

ਦੀਪਾ ਭਾਟੀਆਂ ਦੀ ਡਾਕੂਮੈਂਟਰੀ ‘ਨੀਰੋਜ ਗੈਸਟਸ’ (‘ਨੀਰੋ ਦੇ ਮਹਿਮਾਨ’) ਵਿੱਚ ਇਸ ਕਹਾਣੀ ਨੂੰ ਪੇਸ਼ ਕਰਦੇ ਹੋਏ ਇੱਕ ਪੱਤਰਕਾਰ ਪੀ ਸਾਈਨਾਥ, ਟੈਸੀਟਸ ਦੇ ਹਵਾਲੇ ਨਾਲ ਕਹਿੰਦਾ ਹੈ ਕਿ ਨੀਰੋ ਦੇ ਮਹਿਮਾਨਾਂ ਵਿੱਚੋਂ ਕਿਸੇ ਨੇ ਵੀ ਇਹ ਸਵਾਲ ਨਹੀਂ ਉਠਾਇਆ ਕਿ ਰੋਸ਼ਨੀ ਲਈ ਇਨਸਾਨਾਂ ਨੂੰ ਕਿਉਂ ਜ਼ਿੰਦਾ ਜਲਾਇਆ ਜਾ ਰਿਹਾ ਹੈ। ਸਗੋਂ ਸਾਰੇ ਜਲ ਰਹੇ ਲੋਕਾਂ ਦੀ ਰੋਸ਼ਨੀ ਵਿੱਚ ਪੂਰਾ ਲੁਤਫ਼ ਲੈ ਰਹੇ ਸਨ। ਪੀ ਸਾਈਨਾਥ ਨੇ ਅੱਗੇ ਕਿਹਾ ਹੈ ਕਿ ਇਥੇ ਸਮੱਸਿਆ ਨੀਰੋ ਦੀ ਨਹੀਂ ਹੈ। ਉਹ ਤਾਂ ਅਜਿਹਾ ਹੀ ਸੀ। ਸਮੱਸਿਆ ਨੀਰੋ ਦੇ ਮਹਿਮਾਨਾਂ ਦੀ ਸੀ। ਜਿਨ੍ਹਾਂ ਵਿੱਚੋਂ ਕਿਸੇ ਨੇ ਵੀ ਇਸ ਉੱਤੇ ਇਤਰਾਜ਼ ਨਹੀਂ ਖੜ੍ਹਾ ਕੀਤਾ। ਇਸ ਕਹਾਣੀ ਨੂੰ ਅੱਜ ਦੇ ਭਾਰਤ ਨਾਲ ਜੋੜਦੇ ਹੋਏ ਸਾਈਨਾਥ ਅੱਜ ਦੇ ਨੀਰੋ ਅਤੇ ਉਸਦੀ ਪੂਰੀ ਫ਼ੌਜ ਨੂੰ ਜਿਸ ਤਰੀਕੇ ਨਾਲ ਇਸ ਫਿਲਮ ਵਿੱਚ ਬੇਨਕਾਬ ਕਰਦੇ ਹਨ, ਉਹ ਮੇਲ ਖਾਂਦਾ ਹੈ। ਪੀ ਸਾਈਨਾਥ ਉਨ੍ਹਾਂ ਲੱਖਾਂ ਕਰੋੜਾਂ ਲੋਕਾਂ ਦੇ ਦੁੱਖ ਦਰਦ ਨੂੰ ਬਿਆਨ ਕਰਦੇ ਹਨ। ਉਹ ਅੱਜ ਨੀਰੋ ਤੇ ਉਸਦੇ ਮਹਿਮਾਨਾਂ ਲਈ ਇੱਕ ਜਸ਼ਨ ਬਣਿਆ ਹੋਇਆ ਹੈ। ਡਾਕੂਮੈਂਟਰੀ ਅਸਲ ਵਿੱਚ ਕਿਸਾਨਾਂ ਦੀ ਖ਼ਾਸ ਕਰਕੇ ਵਿਦਰਭਾ ਦੇ ਕਿਸਾਨਾਂ ਦੀ ਆਤਮ ਹੱਤਿਆ ਅਤੇ ਭਾਰਤ ਵਿੱਚ ਵਧ ਰਹੀ ਅਸਮਾਨਤਾ ਸਬੰਧੀ ਹੈ। ਇਸ ਪੂਰੇ ਮਾਮਲੇ ਵਿੱਚ ਮੀਡੀਆ ਨੀਰੋ ਦੇ ਮਹਿਮਾਨਾਂ ਵਾਂਗੂੰ ਕੰਮ ਕਰ ਰਿਹਾ ਹੈ।
ਪੀ ਸਾਈਨਾਥ ਨੇ ਕਿਹਾ ਹੈ ਕਿ ਜਦ ਵਿਦਰਭਾ ਵਿਚ ਅੱਠ ਤੋਂ ਲੈ ਕੇ ਦਸ ਤੱਕ ਹਰ ਰੋਜ਼ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਸਨ ਤਾਂ ਉਸ ਸਮੇਂ ਮੁੰਬਈ ਵਿੱਚ ‘ਲੈਕਮੇਂ ਫੈਸ਼ਨ ਹਫ਼ਤਾ’ ਚੱਲ ਰਿਹਾ ਸੀ। ਜਿਸ ਦੀਆਂ ਖ਼ਬਰਾਂ ਦੇਣ ਲਈ ਕਰੀਬ 500 ਪੱਤਰਕਾਰ ਮੌਜੂਦ ਸਨ। ਪਰ ਵਿਦਰਭ ਦੇ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦੀਆਂ ਖ਼ਬਰਾਂ ਦੇਣ ਲਈ ਕੋਈ ਵੀ ਪੱਤਰਕਾਰ ਨਹੀਂ ਸੀ। ਆਤਮ ਹੱਤਿਆਵਾਂ ਦੇ ਆਰਥਿਕ ਪੱਖ ਦੀ ਪੜਤਾਲ ਕਰਦੇ ਹੋਏ ਇਹ ਕਿਹਾ ਗਿਆ ਹੈ ਕਿ ਇਹ ਹੱਤਿਆਵਾਂ ਇਕ ਤਰ੍ਹਾਂ ਨਾਲ ਹੱਤਿਆਵਾਂ ਹਨ ਜਿਹੜੀਆਂ ਸਰਕਾਰ ਦੀ ਅਮੀਰ ਪ੍ਰਸਤ ਤੇ ਸਾਮਰਾਜ ਪੱਖੀ ਨੀਤੀਆਂ ਦਾ ਸਿੱਟਾ ਹਨ। ਇਸ ਦਾ ਸਬੂਤ ਇਸ ਗੱਲ ਵਿਚ ਮੌਜੂਦ ਹੈ ਕਿ ਭਾਰਤ ਵਿੱਚ ਅਸਮਾਨਤਾ ਹੋਰ ਕਿਸੇ ਵੀ ਦੇਸ਼ ਨਾਲੋਂ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਪੀ ਸਾਈਨਾਥ ਮੁਤਾਬਿਕ ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਸਤ ਹੋਣ ਵਾਲਾ ਸੈਕਟਰ ਆਈ. ਟੀ. (ਇਨਫਾਰਮੇਸ਼ਨ ਟਕਨਾਲੋਜੀ ਨਹੀਂ ਹੈ। ਇਹ ‘ਗੈਰ ਬਰਾਬਰੀ’ ਦਾ ਸੈਕਟਰ ਹੈ।)
ਗੈਰ ਬਰਾਬਰੀ ਦੀ ਚਰਚਾ ਕਰਦੇ ਹੋਏ ਪੀ ਸਾਈਨਾਥ ਇੱਕ ਸੱਚੀ ਘਟਨਾ ਦਾ ਜ਼ਿਕਰ ਕਰਦਾ ਹੈ। ਜਦੋਂ ਧੀਰੂ ਭਾਈ ਅੰਬਾਨੀ ਦੀ ਮੌਤ ਹੋਈ ਸੀ ਤਾਂ ਅਖ਼ਬਾਰਾਂ ਵਾਲਿਆਂ ਨੇ ਪ੍ਰਸ਼ੰਸਾ ਦੀ ਭਾਵਨਾ ਨਾਲ ਇਹ ਰਿਪੋਰਟ ਛਾਪੀ ਕਿ ਉਸਦੀ ਚਿੰਤਾ ਲਈ ਸਾਢੇ ਚਾਰ ਕੁਵਿੰਟਲ ਚੰਦਨ ਦੀ ਲੱਕੜੀ ਵਰਤੀ ਗਈ ਤੇ ਉਸਨੂੰ ਕਰਨਾਟਕ ਤੋਂ ਲਿਆਂਦਾ ਗਿਆ ਸੀ। ਉਸੇ ਸਮੇਂ ਕਰਨਾਟਕ ਦੇ ਗੁਲਬਰਗ ਸ਼ਹਿਰ ਦੇ ਇਕ ਦਲਿਤ ਸੁਸ਼ੀਲਬਾਈ ਦੇ ਪਤੀ ਦੀ ਮੌਤ ਹੋ ਗਈ। ਉਸ ਪਿੰਡ ਦੀ ਰੀਤ ਹੈ ਕਿ ਦਲਿਤ ਆਪਣੇ ਮਰੇ ਹੋਏ ਸਕੇ ਸਬੰਧੀਆਂ ਨੂੰ ਦਫ਼ਨਾਉਦੇ ਹਨ। ਜਦ ਕਿ ਉਸੇ ਪਿੰਡ ਦੇ ਉਚ ਜਾਤੀ ਨਾਲ ਸਬੰਧਤ ਲੋਕ ਆਪਣੇ ਸਬੰਧੀਆਂ ਨੂੰ ਜਲਾਉਂਦੇ ਹਨ। ਪਰ ਇਸ ਦਲਿਤ ਨੂੰ ਦੱਬਿਆ ਵੀ ਗਿਆ ਤੇ ਜਲਾਇਆ ਵੀ ਗਿਆ। ਕਿਉ ਉਚ ਜਾਤੀ ਨਾਲ ਸਬੰਧਤ ਲੋਕਾਂ ਨੇ ਉਸਨੂੰ ਪਿੰਡ ਦੇ ਨੇੜੇ ਦਫਨਾਉਣ ਦੀ ਇਜਾਜ਼ਤ ਨਹੀਂ ਦਿੱਤੀ।
ਜਦ ਦਲਿਤ ਆਪਣੇ ਇਸ ਸੰਬੰਧੀ ਨੂੰ ਦਫ਼ਨਾ ਰਹੇ ਸਨ ਤਾਂ ਉਨ੍ਹਾਂ ਨੇ ਧੱਕੇ ਨਾਲ ਦਲਿਤਾ ਨੂੰ ਵਿਚੇ ਹੀ ਰੋਕ ਦਿੱਤਾ। ਮਜ਼ਬੂਰ ਹੋ ਕੇ ਸੁਸ਼ੀਲਬਾਈ ਨੇ ਆਪਣੇ ਪਤੀ ਨੂੰ ਅਗਨੀ ਭੇਂਟ ਕਰ ਦਿੱਤਾ। ਪਰ ਲੱਕੜੀ ਤੇ ਤੇਲ ਦਾ ਪੂਰਾ ਇੰਤਜਾਮ ਨਾ ਕਰ ਸਕਣ ਕਰਕੇ ਉਸ ਦਾ ਸਰੀਰ ਅੱਧਾ ਹੀ ਜਲ ਸਕਿਆ। ਇਹ ਹੈ ਭਾਰਤ ਦੇ ਇਕ ਗਰੀਬ ਦਲਿਤ ਦੀ ਹਾਲਤ। ਉਸਦਾ ਦਲਿਤ ਹੋਣਾ, ਮੌਤ ਤੋਂ ਬਾਅਦ ਵੀ ਉਸਦਾ ਪਿੱਛਾ ਨਹੀਂ ਛੱਡਦਾ। ਇਹ ਦਸਤਾਵੇਜੀ ਫ਼ਿਲਮ ਇਸ ਲਈ ਵੀ ਦੇਖਣੀ ਚਾਹੀਦੀ ਹੈ ਕਿ ਇਸ ਨੂੰ ਦੇਖਕੇ ਅਸੀਂ ਆਪਣੇ ਆਪ ਨੂੰ ਸਵਾਲ ਕਰ ਸਕੀਏ ਕਿ ਕਿਤੇ ਅਸੀਂ ਵੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਨੀਰੋ ਦੇ ਮਹਿਮਾਨਾਂ ’ਚ ਸ਼ਾਮਲ ਨਹੀਂ ਹੋ ਗਏ ਹਾਂ?
ਅਨੁਵਾਦ: ਮਨਦੀਪ, +91 98764-42052


