ਸੰਘ ਪਰਿਵਾਰ ਆਪਣੇ ਬਲ ਬੂਤੇ ਤੇ ਸਰਕਾਰ ਬਣਾ ਲੈਣ ਤੋਂ ਬਾਅਦ ਮੋਦੀ ਸਰਕਾਰ ਦੇ ਮਖੌਟੇ ਨੂੰ ਪਹਿਨ ਕੇ ਆਪਣਾ ਚਿਰਕਾਲੀ ਹਿੰਦੂਤਵਵਾਦੀ ਏਜੰਡਾ ਲਾਗੂ ਕਰਨ ਲਈ ਪੂਰੀ ਤਰਾਂ ਖੁੱਲ ਕੇ ਖੇਡਣ ਲੱਗ ਪਿਆ ਹੈ। ਆਰ ਐਸ ਐਸ ਦੇ ਇਸ਼ਾਰੇ ਉੱਤੇ ਮੌਜੂਦਾ ਕੇਂਦਰ ਸਰਕਾਰ ਦੇਸ਼ ਨੂੰ ਭਗਵੇਂ ਰੰਗ ਵਿਚ “ਡੋਬਣ”ਦਾ ਖਤਰਨਾਕ ਇਰਾਦਾ ਧਾਰ ਕੇ ਅਜਿਹੇ ਕਦਮ ਚੁਕਣ ਤੁਰ ਪਈ ਹੈ ਜਿਸ ਦੇ ਨਤੀਜੇ ਦੇਸ਼ ਦੇ ਭਵਿਖ ਲਈ ਚਿੰਤਾਜਨਕ ਹੋ ਸਕਦੇ ਹਨ। ਸਰਕਾਰ ਦੀ ਸ਼ਹਿ ਤੇ ਸੰਘ ਪਰਿਵਾਰ ਦੀਆਂ ਵਖ ਵਖ ਇਕਾਈਆਂ ਇੱਕ ਤਰਾਂ ਦੇ ਫਾਸ਼ੀਵਾਦੀ ਰੁਝਾਨ ਵਲ ਮੋੜਾ ਕੱਟਦੀਆਂ ਦਿਖਾਈ ਦੇ ਰਹੀਆਂ ਹਨ। ਕੇਂਦਰ ਸਰਕਾਰ ਵਲੋਂ ਹਿੰਦੂ ਮਿਥਿਹਾਸ ਨੂੰ ਭਾਰਤ ਦੇ ਅਸਲ ਇਤਿਹਾਸ ਵਜੋਂ ਪਰੋਸਣ ਦੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਮਨਸੂਬੇ ਤਿਆਰ ਕਰਨੇ ਆਰੰਭ ਦਿੱਤੇ ਗਏ ਹਨ।
ਮਹੱਤਵਪੂਰਨ ਅਤੇ ਸੰਵੇਦਨ ਸ਼ੀਲ ਅਹੁਦਿਆਂ ਉੱਤੇ ਸੰਘ ਦੇ ਚਹੇਤੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਵਿਦਿਅਕ ਅਦਾਰਿਆਂ ਨਾਲ ਸਬੰਧਿਤ ਸਲੇਬਸਾਂ ਵਿਚ ਵੱਡੀ ਪਧਰ ਤੇ ਫੇਰ ਬਦਲ ਕਰਨ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ ਤਾਂ ਕਿ ਨਵੀਂ ਪੀੜੀ ਦੀ ਮਾਨਸਿਕਤਾ ਦਾ ਭਗਵਾਂ ਕਰਨ ਕੀਤਾ ਜਾ ਸਕੇ।ਇਸ ਪਰਿਵਾਰ ਨਾਲ ਜੁੜੇ ਲੋਕ ਪ੍ਰਤੀਨਿਧਾਂ ਅਤੇ ਹੋਰ ਆਗੂਆਂ ਵਲੋਂ ਅਜਿਹੀ ਬਿਆਨਬਾਜੀ ਨੂੰ ਤੇਜ ਕਰ ਦਿੱਤਾ ਗਿਆ ਹੈ ਜਿਸ ਦਾ ਮਤਲਬ ਦੇਸ਼ ਨੂੰ ਵੈਦਿਕ ਯੁਗ ਵਲ ਲੈ ਕੇ ਜਾਣਾ ਮੰਨਿਆ ਜਾ ਸਕਦਾ ਹੈ। ਇਸ ਤਰਾਂ ਇਹ ਲੋਕ ਇਤਿਹਾਸ ਦੇ ਚੱਕਰ ਨੂੰ ਪੁਠਾ ਗੇੜ ਦੇਣ ਵਲ ਰੁਚਿਤ ਹੁੰਦੇ ਪ੍ਰਤੀਤ ਹੋ ਰਹੇ ਹਨ।ਇੱਕੀਵੀਂ ਸਦੀ ਦੇ ਵਿਗਿਆਨਕ ਦੌਰ ਵਿਚ ਅਜਿਹੀ ਸੋਚ ਕਿਸੇ ਤਰਾਂ ਵੀ ਦੇਸ਼ ਹਿਤ ਵਿਚ ਨਹੀਂ ਹੋ ਸਕਦੀ।ਕੁਝ ਦਿਨਾਂ ਤੋਂ ਇਸ ਧਿਰ ਵਲੋਂ ਕੀਤੀ ਜਾ ਰਹੀ ਨਿਰਾਧਾਰ ਬਿਆਨਬਾਜੀ ਇਸੇ ਵਰਤਾਰੇ ਦੀ ਨਿਸ਼ਾਨ ਦੇਹੀ ਕਰਦੀ ਹੈ।ਇਸ ਨਾਲ ਜੁੜੇ ਕੁਝ ਨੇਤਾਵਾਂ ਵਲੋਂ ਵਿਗਿਆਨ ਨਾਲੋਂ ਜੋਤਿਸ਼ ਵਿਦਿਆ ਨੂੰ ਅਗਾਂਹ ਵਧੂ ਦਸਣਾ ਅਤੇ ਉਪਦਰ ਭਾਸ਼ਾ ਦਾ ਇਸਤੇਮਾਲ ਕਰਨਾ ਇਸ ਦੀਆ ਕੁਝ ਇੱਕ ਮਿਸਾਲਾਂ ਹਨ।ਭਗਵਦ ਗੀਤਾ ਨੂੰ ਕੌਮੀ ਪਵਿਤਰ ਕਿਤਾਬ ਵਜੋਂ ਮਾਨਤਾ ਦੇਣ ਦੇ ਸ਼ੋਸ਼ੇ ਵੀ ਸੰਘ ਪਰਿਵਾਰ ਦੀ ਨੀਅਤ ਦਾ ਹੀ ਖਲਾਸਾ ਕਰਦੇ ਹਨ ।ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਦੇ ਕੁਝ ਕਰਤਿਆਂ ਧਰਤਿਆਂ ਨੇ ਆਗਰਾ ਵਿਖੇ ਇੱਕ ਘੱਟ ਗਿਣਤੀ ਫਿਰਕੇ ਦੇ ਬੇਹੱਦ ਗਰੀਬ ਪਰਿਵਾਰਾਂ ਦਾ ਧੋਖੇ ਨਾਲ ਧਰਮ ਪਰਿਵਰਤਨ ਕਰ ਦਿੱਤਾ ।
ਇਸ ਸੰਵੇਦਨ ਸ਼ੀਲ ਮਾਮਲੇ ਨੂੰ ਘਰ ਵਾਪਸੀ ਦੇ ਨਾਮ ਹੇਠ ਵਾਜਬ ਠਹਿਰਾਉਣ ਦਾ ਯਤਨ ਕੀਤਾ ਗਿਆ। ਭਾਵੇਂ ਇਸ ਕਾਰਵਾਈ ਦਾ ਭਾਂਡਾ ਸਬੰਧਿਤ ਪਰਿਵਾਰਾਂ ਵਲੋਂ ਤੁਰੰਤ ਹੀ ਭੰਨ ਦਿੱਤਾ ਗਿਆ ਪਰ ਅਜੇ ਵੀ ਇਸ ਦੇ ਅਨੇਕਾਂ ਆਗੂ ਇਸ ਨੂੰ ਸਹੀ ਕਰਾਰ ਦੇਣ ਦੇ ਆਹਰ ਵਿਚ ਹਨ। ਇਸ ਮਾਮਲੇ ਨੂੰ ਲੈ ਕੇ ਜਿਥੇ ਸੰਸਦ ਵਿਚ ਹੰਗਾਮਾ ਹੋ ਰਿਹਾ ਹੈ ਉਥੇ ਦੇਸ਼ ਦੇ ਕੁਝ ਹੋਰ ਹਿੱਸਿਆਂ ਚੋ ਇਸ ਤਰਾਂ ਦੀ ਕਾਰਵਾਈ ਨੂੰ ਅੰਜਾਮ ਦੇਣ ਦੀਆਂ ਤਿਆਰੀਆਂ ਵਾਰੇ ਖਬਰਾਂ ਮੀਡੀਆ ਦੀਆਂ ਸੁਰਖੀਆਂ ਬਣੀਆਂ ਹੋਈਆਂ ਹਨ।ਧਰਮ ਪਰਿਵਰਤਨ ਦੇ ਨਾਮ ਹੇਠ ਇਹ ਧਿਰ ਘੱਟ ਗਿਣਤੀਆਂ ਨੂੰ ਭੈਅ ਭੀਤ ਕਰਨ ਦੀ ਫਿਰਾਕ ਵਿਚ ਹੈ। ਇਹਨੀ ਦਿਨੀ ਮੀਡੀਆ ਦੇ ਇੱਕ ਹਿੱਸੇ ਅਤੇ ਸੋਸ਼ਿਲ ਮੀਡੀਆ ਵਿਚ ਸੰਘ ਵਲੋਂ ਆਪਣੇ ਪ੍ਰਚਾਰਕਾਂ ਨੂੰ ਭੇਜੇ ਇੱਕ ਗੁਪਤ ਦਸਤਾਵੇਜ ਦੀ ਕਾਫੀ ਚਰਚਾ ਹੈ। ਭਾਵੇਂ ਇਸ ਦਸਤਾਵੇਜ ਉੱਤੇ ਕਿਸੇ ਦੇ ਦਸਤਖਤ ਨਹੀਂ ਪਰ ਮੰਨਿਆ ਇਸ ਨੂੰ ਸੰਘ ਵਲੋਂ ਲਿਖਿਆ ਹੀ ਜਾ ਰਿਹਾ ਹੈ। ਇਸ ਦਸਤਾਵੇਜ ਵਿਚ ਬਹੁਤ ਸਾਰੀਆਂ ਨਿੰਦਣ ਯੋਗ ਹਦਾਇਤਾਂ ਦਿੱਤੀਆਂ ਗਈਆਂ ਹਨ।
ਲੰਬੇ ਸਮੇਂ ਤੋਂ ਉਪਰੋਕਤ ਘੱਟ ਗਿਣਤੀ ਭਾਈਚਾਰਾ ਸੰਘ ਪਰਿਵਾਰ ਦੇ ਮੁਖ ਨਿਸ਼ਾਨੇ ਤੇ ਚਲਿਆ ਆ ਰਿਹਾ ਹੈ। ਵੋਟ ਬੈੰਕ ਦੀ ਸਿਆਸਤ ਨੇ ਇਸ ਧਾਰਨਾ ਨੂੰ ਹੋਰ ਹਵਾ ਦਿੱਤੀ ਹੈ। ਤਰਾਂ ਤਰਾਂ ਦੇ ਬਹਾਨਿਆਂ ਦੀ ਆੜ ਹੇਠ ਇਸ ਫਿਰਕੇ ਨੂੰ ਤੰਗ ਪਰੇਸ਼ਾਨ ਕਰਨ ਅਤੇ ਹਾਸ਼ੀਏ ਤੇ ਧਕਣ ਦੀਆਂ ਕੋਸ਼ਿਸ਼ਾਂ ਸੰਘ ਵਲੋਂ ਕੀਤੀਆਂ ਜਾਂਦੀਆਂ ਰਹੀਆਂ ਹਨ। ਹਾਲਾਂ ਕਿ ਮਾਸ ਐਕਸਪੋਰਟ ਕਰਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਅਲ ਕਬੀਰ ਸਮੇਤ ਇਹ ਧੰਦਾ ਕਰਨ ਵਾਲੀਆਂ ਮੁਖ ਕੰਪਨੀਆਂ ਤੇ ਹਿੰਦੂ ਪਰਿਵਾਰਾਂ ਦੀ ਅਜਾਰੇਦਾਰੀ ਹੈ ਪ੍ਰੰਤੂ ਇਸ ਦੇ ਬਾਵਯੂਦ ਉਪਰੋਕਤ ਫਿਰਕੇ ਨੂੰ ਗਊਆਂ ਦੇ ਕਾਤਲਾਂ ਵਜੋਂ ਪ੍ਰਚਾਰਨ ਵਿਚ ਕੋਈ ਕੋਰ ਕਸਰ ਨਹੀਂ ਛੱਡੀ ਜਾ ਰਹੀ। ਬਾਬਰੀ ਮਸਜਿਦ ਦੇ ਮਾਮਲੇ ਨੂੰ ਵੀ ਇਸੇ ਸੰਧਰਭ ਵਿਚ ਦੇਖਿਆ ਜਾ ਸਕਦਾ ਹੈ। ਵਖ ਵਖ ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਘ ਪਰਿਵਾਰ ਵਲੋਂ ਇਸ ਮੁੱਦੇ ਨਾਲ ਸਬੰਧਿਤ ਇਤਿਹਾਸਕ ਨੁਕਤਿਆਂ ਨੂੰ ਦਰ ਕਿਨਾਰ ਕਰ ਕੇ ਇਸ ਨੂੰ ਉਲਟੇ ਰੁਖ ਖੜਾ ਕੀਤਾ ਗਿਆ ਹੈ।
ਇਤਿਹਾਸਕ ਸਰੋਂਤਾਂ ਅਨੁਸਾਰ ਦੇਖਿਆ ਜਾਵੇ ਤਾਂ ਅਯੁਧਿਆ ਮਹਿਜ ਇੱਕ ਤਹਿਜੀਬ ਦੇ ਅੰਤ ਦੀ ਕਹਾਣੀ ਹੈ।ਇਸ ਸਮੇਂ ਅਯੁਧਿਆ ਵਿਚ ਦਰਜਨਾਂ ਮੰਦਰ ਹਨ ਜਿਹਨਾਂ ਦੀ ਉਮਰ ਚਾਰ ਪੰਜ ਸੌ ਸਾਲ ਦੇ ਆਸ ਪਾਸ ਹੈ।ਜਾਣੀ ਇਹ ਮੰਦਰ ਜਦੋਂ ਤਾਮੀਰ ਕਰਵਾਏ ਗਏ ਉਦੋਂ ਹਿੰਦੁਸਤਾਨ ਉੱਤੇ ਮੁਗਲਾਂ(ਮੁਸਲਮਾਨਾਂ )ਦਾ ਰਾਜ ਸੀ।ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਉਸ ਸਮੇਂ ਦੇ ਮੁਸਲਮਾਨ ਸਾਸ਼ਕ ਵਾਕਿਆ ਮੰਦਰਾਂ ਨੂੰ ਤੋੜਨ ਵਾਲੇ ਹੁੰਦੇ ਤਾਂ ਇੰਨੇ ਸਾਰੇ ਮੰਦਰ ਉਸ ਸਮੇਂ ਕਿਵੇਂ ਬਣੇ ?ਮੁਸਲਮਾਨ ਸਾਸ਼ਕਾਂ ਦੇ ਦੌਰ ਵਿਚ ਉਹਨਾਂ ਦੀ ਮਰਜੀ ਤੋਂ ਬਿਨਾ ਸਾਰਾ ਸ਼ਹਿਰ ਮੰਦਰਾਂ ਵਿਚ ਤਬਦੀਲ ਹੋ ਗਿਆ ਹੋਵੇ ਇਹ ਗੱਲ ਹਜਮ ਨਹੀਂ ਹੁੰਦੀ।ਸਵਾਲ ਇਹ ਵੀ ਹੈ ਕਿ, ਕਿਹੋ ਜਿਹੇ ਸਾਸ਼ਕ ਸਨ ਉਹ ਜਿਹੜੇ ਮੰਦਰਾਂ ਨੂੰ ਤੋੜਨ ਦੇ ਨਾਲ ਨਾਲ ਮੰਦਰਾਂ ਦੇ ਨਿਰਮਾਣ ਕਾਰਜਾਂ ਵਾਸਤੇ ਮੁਫਤ ਜਮੀਨ ਦਿੰਦੇ ਰਹੇ ?ਇਹ ਗੱਲ ਇਤਿਹਾਸਕ ਤੌਰ ਤੇ ਵਾਜਿਆ ਹੈ ਕਿ “ਗੁਲੇਲਾ ਮੰਦਰ”ਲਈ ਜ਼ਮੀਨ ਮੁਸਲਮਾਨ ਸਾਸ਼ਕਾਂ ਨੇ ਦਿੱਤੀ ਸੀ।ਦਿਗੰਬਰ ਅਖਾੜੇ ਵਿਖੇ ਪਏ ਦਸਤਾਵੇਜਾਂ ਅਨੁਸਾਰ ਮੁਸਲਮਾਨ ਹਾਕਮਾਂ ਨੇ ਮੰਦਰਾਂ ਦੇ ਨਿਰਮਾਣ ਲਈ 500ਵਿਘਾ ਜਮੀਨ ਦਿੱਤੀ ਸੀ।ਨਿਰਮੋਹੀ ਅਖਾੜੇ ਵਾਸਤੇ ਸਿਰਾਜੁ ਦੌਲਾ ਵਲੋਂ ਦਿੱਤੀ ਜਮੀਨ ਦਾ ਵੀ ਦਸਤਾਵੇਜਾਂ ਅੰਦਰ ਇੰਦਰਾਜ ਹੈ।ਪੂਰੀ ਸੂਰੀ ਤਹਿਜੀਬ ਨੂੰ ਪਾਸੇ ਰਖ ਕੇ ਫਿਰਕੂ ਜਹਿਰ ਦੇ ਅਸਰ ਹੇਠ ਫੇਰ ਕਿਓਂ ਬਾਬਰ ਦੇ ਨਾਮ ਹੇਠ ਬਾਬਰੀ ਮਸਜਿਦ ਨੂੰ ਤੋੜਿਆ ਗਿਆ ? ਕੀ ਸਾਡੇ ਸਮਕਾਲੀਆਂ ਨੇ ਤੁਲਸੀ ਦਾਸ ਦਾ ਖਿਆਲ ਕੀਤਾ,ਜਿਹਨੇ ਰਮਾਇਣ ਲਿਖੀ। ਯਾਦ ਰਹੇ ਤੁਲਸੀ ਜੀ ਦਾ ਜਨਮ 1528 ਦੇ ਆਸ ਪਾਸ ਹੋਇਆ ਮਨਿਆ ਜਾਂਦਾ ਹੈ।
ਇਸ ਦਾ ਮਤਲਬ ਇਹ ਹੋਇਆ ਕਿ ਉਹ ਮੁਗਲ ਰਾਜ ਦੌਰਾਨ ਹੀ ਪਲੇ ਤੇ ਬੜੇ ਹੋਏ।ਉਹਨਾਂ ਨੇ ਆਪਣੀ ਕਿਸੇ ਵੀ ਲਿਖਤ ਵਿਚ ਰਾਮ ਮੰਦਰ ਨੂੰ ਢਾਹ ਕੇ ਬਾਬਰੀ ਮਸਜਿਦ ਦਾ ਨਿਰਮਾਣ ਕਰਨ ਵਾਰੇ ਕੋਈ ਸੰਕੇਤ ਨਹੀਂ ਦਿੱਤਾ।ਉਹਨਾਂ ਨੇ ਤਾਂ ਸਗੋਂ ਇਹ ਲਿਖਿਆ ਸੀ—-“ਮਾਂਗ ਕੇ ਖਾਈਸੋ ਮਸੀਤ ਮੇਂ ਰਈਸੋ”।ਬਾਬਰੀ ਮਸਜਿਦ ਦੇ ਸਬੰਧ ਵਿਚ ਇੱਕ ਗੱਲ ਹੋਰ ਨੋਟ ਕਰਨ ਵਾਲੀ ਇਹ ਹੈ ਕਿ ਇਤਿਹਾਸਕ ਤੌਰ ਤੇ ਇਹ ਪ੍ਰਮਾਣਿਤ ਹੋ ਚੁੱਕਾ ਹੈ ਕਿ ਬਹੁਤ ਸਾਰੇ ਮੁਗਲ ਸਮਰਾਟ ਆਪਣੀ ਰੋਜਾਨਾ ਡਾਇਰੀ ਲਿਖਵਾਇਆ ਕਰਦੇ ਸਨ । ਤੁਜਕੇ ਬਾਬਰੀ , ਤੁਜਕੇ ਜਹਾਂਗੀਰੀ ਅਤੇ ਤੁਜਕੇ ਅਕਬਰੀ ਮੁਗਲ ਬਾਦਸ਼ਾਹਾਂ ਦੇ ਆਪਣੇ ਜੀਵਨ ਨਾਲ ਸਬੰਧਿਤ ਅਹਿਮ ਦਸਤਾਵੇਜ ਹਨ ਜਿਹਨਾਂ ਵਿਚ ਮਹਤਵਪੂਰਣ ਸਮਕਾਲੀ ਘਟਨਾਵਾਂ ਦਾ ਵੇਰਵਾ ਦਿੱਤਾ ਗਿਆ ਹੈ।ਕਿਸੇ ਤਹਿਜੀਬ ਨੂੰ ਢਾਹ ਢੇਰੀ ਕਰਕੇ ਉਸਦੇ ਖੰਡਰਾਂ ਤੇ ਨਵੀਂ ਤਹਿਜੀਬ ਦੀ ਉਸਾਰੀ ਕਰਨਾ ਕੋਈ ਘੱਟ ਮਹਤਵ ਪੂਰਨ ਘਟਨਾ ਨਹੀਂ ਹੈ।ਜੇਕਰ ਅਜਿਹੀ ਘਟਨਾ ਨੂੰ ਸਮਕਾਲੀ ਸਤਾਧਾਰੀਆਂ ਨੇ ਅੰਜਾਮ ਦਿੱਤਾ ਹੁੰਦਾ ਤਾਂ ਇਸ ਦਾ ਜਿਕਰ ਨਿੱਜੀ ਅਤੇ ਸਰਕਾਰੀ ਰਿਕਾਰਡ ਵਿਚ ਜਰੂਰ ਦਰਜ ਹੋਣਾ ਸੀ, ਜੋ ਨਹੀਂ ਹੈ।”ਸੌ ਹਥ ਰੱਸਾ ਸਿਰੇ ਤੇ ਗੰਢ”ਵਾਲੀ ਕਹਾਵਤ ਵੀ “ਤਕੜੇ ਦਾ ਸੱਤੀਂ ਵੀਹੀਂ ਸੌ” ਵਾਲੀ ਕਹਾਵਤ ਅੱਗੇ ਦਮ ਤੋੜ ਗਈ ਲੱਗਦੀ ਹੈ ।ਮੁਸਲਮਾਨ ਦਾਨਸ਼ਵਰਾਂ ਦਾ ਕਹਿਣਾ ਹੈ ਕਿ ਅਯੁਧਿਆ ਦੇ ਮਾਮਲੇ ਵਿਚ ਸਚ ਅਤੇ ਝੂਠ ਆਪਣੇ ਮਾਅਨੇ ਖੋਹ ਚੁੱਕੇ ਹਨ।ਉਹਨਾ ਦਾ ਸਵਾਲ ਹੈ ਕਿ ਕੀ ਇਹ ਸਚ ਨਹੀਂ ਕਿ ਅਯੁਧਿਆ ਵਿਖੇ ਪੰਜ ਪੀੜੀਆਂ ਤੋਂ ਮੁਸਲਮਾਨ ਪਰਿਵਾਰ ਫੁੱਲਾਂ ਦੀ ਕਾਸ਼ਤ ਕਰ ਰਹੇ ਹਨ ?ਕੀ ਇਹ ਸਚ ਨਹੀਂ ਹੈ ਕਿ ਉਹਨਾਂ ਵਲੋਂ ਪੈਦਾ ਕੀਤੇ ਜਾਂਦੇ ਫੁੱਲ ਇਥੋਂ ਦੇ ਤਮਾਮ ਮੰਦਰਾਂ ਵਿਚ ਚੜਦੇ ਰਹੇ ਹਨ?ਇਸ ਤੋਂ ਬਿਨਾਂ ਇਸ ਇਲਾਕੇ ਦੇ ਮੁਸਲਮਾਨ ਦਹਾਕਿਆਂ ਤੋਂ ਖੜਾਵਾਂ ਬਣਾਉਣ ਦੇ ਪੇਸ਼ੇ ਵਿਚ ਮਸ਼ਰੂਫ ਹਨ। ਹੁਣ ਤੱਕ ਵਖ ਵਖ ਤਰਾਂ ਦੇ ਸਨਿਆਸੀ ਅਤੇ ਰਾਮ ਭਗਤ ਮੁਸਲਮਾਨਾਂ ਦੇ ਹਥਾਂ ਦੀਆਂ ਖੜਾਵਾਂ ਹੀ ਵਰਤਦੇ ਆਏ ਹਨ। ਸੁੰਦਰ ਭਵਨ ਮੰਦਰ ਦਾ ਸਾਰਾ ਪ੍ਰਬੰਧ ਚਾਰ ਦਹਾਕਿਆਂ ਤੱਕ ਇੱਕ ਮੁਸਲਮਾਨ ਦੇ ਹਥ ਰਿਹਾ।1949ਵਿਚ ਇਸ ਦੀ ਕਮਾਨ ਸੰਭਾਲਣੇ ਵਾਲੇ ਮੁੰਨੂ ਮੀਆਂ 23ਦਸੰਬਰ 1992 ਤੱਕ ਇਸ ਦੇ ਪ੍ਰਬੰਧਕ ਰਹੇ ਅਤੇ ਮੰਦਰ ਵਿਚ ਰੋਜਮਰਾ ਦੇ ਪੂਜਾ ਪਾਠ ਦੀਆਂ ਜੁੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹੇ।
ਫੇਰ ਆਇਆ 6 ਦਸੰਬਰ 1992 ਦਾ ਉਹ ਦਿਨ ਜਦੋਂ ਸੰਘ ਪਰਿਵਾਰ ਅਤੇ ਸਰਕਾਰਾਂ ਦੀ ਸ਼ਹਿ ਉੱਤੇ ਹੂੜਮਤੀਆਂ ਦੀ ਭੀੜ ਨੇ ਬਾਬਰੀ ਮਸਜਿਦ ਨੂੰ ਢਾਹ ਢੇਰੀ ਕਰ ਦਿੱਤਾ । ਅਖੌਤੀ ਰਾਮ ਭਗਤ ਮਸਜਿਦ ਦੇ ਗੁੰਬਦ ਉੱਤੇ ਚੜ ਕੇ ਰਾਮ ਨੂੰ ਆਪਣੇ ਹਥਾਂ ਨਾਲ ਛੂਹਣ ਦਾ ਭਰਮ ਪਾਲਣ ਲੱਗ ਪਏ ।ਜਿਹਨਾਂ ਮੰਦਰਾਂ ਵਿਚ ਅਧਿਆਤਮਿਕਤਾ ਦਾ ਪਾਠ ਪੜਾਇਆ ਜਾਂਦਾ ਸੀ ਉਹਨਾਂ ਮੰਦਰਾਂ ਨੂੰ ਤਾਲੇ ਲੱਗ ਗਏ ।ਸਭ ਧਰਮਾਂ ਦਾ ਆਦਰ ਕਰਨ ਵਾਲੇ ਚਿੰਤਕਾਂ ਦਾ ਮਨਣਾ ਹੈ ਕਿ ਬਹੁ ਗਿਣਤੀ ਅਤੇ ਰਾਜ ਸਤਾ ਦੇ ਸਹਾਰੇ ਭਾਵੇਂ ਇਥੇ ਰਾਮ ਮੰਦਰ ਦਾ ਨਿਰਮਾਣ ਤਾਂ ਹੋ ਜਾਵੇਗਾ ਪ੍ਰੰਤੂ ਲੰਬਾ ਸਮਾਂ ਇਹਨਾਂ ਮੰਦਰਾਂ ਦੇ ਚੌਗਿਰਦੇ ਵਿਚੋਂ ਨਿਰਦੋਸ਼ਾਂ ਦੇ ਲਹੂ ਦੀ ਗੰਧ ਤਾਂ ਆਉਂਦੀ ਹੀ ਰਹੇਗੀ। ਸੰਘ ਪਰਿਵਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਤਰਾਂ ਸਰਕਾਰ ਨੂੰ ਵਰਤ ਕੇ ਆਪਣੇ ਅੱਗੇ ਵਧਣ ਲਈ ਉਹ ਰਾਹ ਬਣਾ ਰਿਹਾ ਹੈ ਨਾਲ ਦੀ ਨਾਲ ਉਹ ਦੇਸ਼ ਵਾਸੀਆਂ ਦੇ ਰਾਹਾਂ ਵਿਚ ਕੰਡੇ ਵੀ ਖਿਲਾਰ ਰਿਹਾ ਹੈ। ਕੇਂਦਰ ਸਰਕਾਰ ਨੂੰ ਵੱਡੀ ਜੁੰਮੇਵਾਰੀ ਅਤੇ ਸੰਜਮ ਤੋਂ ਕੰਮ ਲੈਂਦਿਆਂ ਏਕਤਾ ਵਿਚ ਅਨੇਕਤਾ ਦੇ ਸੰਕਲਪ ਨੂੰ ਕਿਸੇ ਤਰਾਂ ਦੀ ਠੇਸ ਪਹੁੰਚਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ, ਕਿਤੇ ਅਜਿਹਾ ਨਾ ਹੋਵੇ ਕਿ ਹਥਾਂ ਨਾਲ ਦਿੱਤੀਆਂ ਗੰਢਾਂ ਨੂੰ ਮੂੰਹਾਂ ਨਾਲ ਖੋਲਣਾ ਪਵੇ। ਪਹਿਲਾਂ ਹੀ ਦੇਸ਼ ਦੇ ਲਖਾਂ ਲੋਕ ਗੰਦੀ ਅਤੇ ਫਿਰਕੂ ਰਾਜਨੀਤੀ ਦਾ ਖਮਿਆਜਾ ਆਪਣੀਆਂ ਜਾਨਾਂ ਗੁਆ ਕੇ ਭੁਗਤ ਚੁੱਕੇ ਹਨ।ਚੋਣਾਂ ਦਾ ਬੁਖਾਰ ਲਥ ਗਿਆ ਹੈ।ਦੇਸ਼ ਦੇ ਵਿਕਾਸ ਅਤੇ ਦੇਸ਼ ਵਾਸੀਆਂ ਦੀ ਖੁਸ਼ਹਾਲੀ ਲਈ ਭਾਈ ਚਾਰਕ ਸਾਂਝ ਦਾ ਪੱਕੇ ਪੈਰੀਂ ਹੋਣਾ ਬਹੁਤ ਜਰੂਰੀ ਹੈ।ਇਸ ਲਈ ਸੰਘ ਪਰਿਵਾਰ ਅਤੇ ਉਸ ਦੇ ਇਸ਼ਾਰੇ ਉੱਤੇ ਚਲ ਰਹੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਭ ਤੋਂ ਪਹਿਲਾਂ ਬੇ ਲਗਾਮ ਹੋਏ ਆਪਣੇ ਕਾਰਜਕਰਤਾਵਾਂ ਅਤੇ ਆਗੂਆਂ ਵਲੋਂ ਕੀਤੀ ਜਾ ਰਹੀ ਮੂੰਹ ਜੋਰ ਅਤੇ ਭੜਕਾਊ ਬਿਆਨਬਾਜ਼ੀ ਤੇ ਰੋਕ ਲਗਾਉਣ ਤਾਂ ਕਿ ਹਾਲਾਤ ਆਮ ਵਰਗੇ ਹੋ ਸਕਣ। ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਸਾਬਕਾ ਸੰਘ ਕਾਰਜਕਰਤਾ ਵਾਲੀ ਮਾਨਸਿਕਤਾ ਦਾ ਤਿਆਗ ਕਰ ਕੇ ਬਤੌਰ ਪ੍ਰਧਾਨ ਮੰਤਰੀ ਦੇਸ਼ ਦੀ ਪ੍ਰਗਤੀ ਵਿਚ ਆਪਣਾ ਯੋਗਦਾਨ ਪਾਉਣ।


