ਇਥੇ ਕੋਈ ਮਹਿਫੂਜ਼ ਨਹੀਂ ਹੈ। ਨਾ ਔਰਤਾਂ, ਨਾ ਬੱਚੇ, ਨਾ ਮਰਦ, ਨਾ ਮੁਸਲਮਾਨ, ਨਾ ਗ਼ੈਰ-ਮੁਸਲਮਾਨ। ਸਭ ਨੂੰ ਅੱਤਵਾਦ ਵਾਰੀ-ਵਾਰੀ ਨਿਗਲੀ ਜਾ ਰਿਹਾ ਹੈ।
ਇਸ ਦਹਿਸ਼ਤਗਰਦੀ ਦੀ ਅੱਗ ‘ਚ ਸੜਦੇ ਜੰਗਲ ਅੰਦਰ ਜੇ ਕੋਈ ਰੁਖ਼ ਬਚਿਆ ਹੈ ਤਾਂ ਉਸ ਦੀ ਹਰ ਟਹਿਣੀ ‘ਤੇ ਇਕ ਅੱਤਵਾਦੀ ਉੱਲੂ ਦੇ ਰੂਪ ‘ਚ ਬੈਠਾ ਹੋਇਆ ਹੈ।
ਅੰਜਾਮ-ਏ-ਗੁਲਸਤਾਨ ਕਿਆ ਹੋਗਾ?
ਦਹਿਸ਼ਤਗਰਦਾਂ ਤੋਂ ਹੁਣ ਮਾਸੂਮ ਬੱਚੇ-ਬੱਚੀਆਂ ਜੋ ਸਜਰੇ ਕਲੀਆਂ ਤੇ ਫੁੱਲਾਂ ਦਾ ਰੂਪ ਹਨ, ਉਹ ਵੀ ਮਹਿਫੂਜ਼ ਨਹੀਂ ਹਨ। ਇਨ੍ਹਾਂ ਅੱਤਵਾਦੀਆਂ ਦਾ ਕੋਈ ਮਜ਼ਹਬ, ਕੋਈ ਧਰਮ ਨਹੀਂ ਹੈ।
ਪਿਸ਼ਾਵਰ ਦੇ ਆਰਮੀ ਪਬਲਿਕ ਸਕੂਲ ਅੰਦਰ 16 ਦਸੰਬਰ ਦਾ ਦਿਨ ਇਕ ਕਿਆਮਤ ਬਣ ਕੇ ਗੁਜ਼ਰ ਗਿਆ।
ਸਕੂਲ ‘ਤੇ ਹਮਲਾ ਕਰਨ ਵਾਲੇ ਦਹਿਸ਼ਤਗਰਦਾਂ ਦੀ ਤਾਦਾਦ ਲਗਭਗ 8 ਜਾਂ 9 ਸੀ ਜੋ ਕਿ ‘ਕੈਰੀ ਡੱਬਾ’ ‘ਚ ਬੈਠ ਕੇ ਪਹਿਲਾਂ ਸਕੂਲ ਦੇ ਪਿਛਵਾੜੇ ਗਏ, ਉਥੇ ਸਕੂਲ ਦੀ ਦੀਵਾਰ ‘ਤੇ ਪਿਛਲੇ ਗੇਟ ਦਾ ਜਾਇਜ਼ਾ ਲੈਂਦੇ ਰਹੇ। ਆਪਣੀ ਗੱਡੀ ਨੂੰ ਸਕੂਲ ਦੇ ਮੁੱਖ ਗੇਟ ਅੱਗੇ ਖੜ੍ਹੀ ਕਰਕੇ ਉਸ ਨੂੰ ਅੱਗ ਲਾ ਦਿੱਤੀ। ਗੱਡੀ ਅੰਦਰ ਕਾਫੀ ਮਾਤਰਾ ‘ਚ ਬਾਰੂਦ ਵੀ ਮੌਜੂਦ ਸੀ। ਜਦ ਗੱਡੀ ਜ਼ੋਰਦਾਰ ਅੱਗ ਦੀਆਂ ਲਾਟਾਂ ‘ਚ ਲੁਕ ਗਈ ਤਾਂ ਸਕੂਲ ਦੇ ਸੁਰੱਖਿਆ ਮੁਲਾਜ਼ਮ ਮੁੱਖ ਗੇਟ ਵੱਲ ਭੱਜ ਤੁਰੇ।
ਦਹਿਸ਼ਤਗਰਦਾਂ ਨੇ ਇਸ ਮੌਕੇ ਤੋਂ ਫਾਇਦਾ ਉਠਾਇਆ। ਸਕੂਲ ਦੀ ਪਿਛਲੀ ਕੰਧ ਨਾਲ ਪੌੜੀ ਲਾ ਕੇ ਸਕੂਲ ਦੇ ਅੰਦਰ ਜਾ ਵੜੇ।
ਸਭ ਤੋਂ ਪਹਿਲਾਂ ਦਹਿਸ਼ਤਗਰਦਾਂ ਸਕੂਲ ਦੇ ਆਡੀਟੋਰੀਅਮ ‘ਤੇ ਕਬਜ਼ਾ ਕੀਤਾ। ਉਥੇ ਬਹੁਤ ਸਾਰੇ ਬੱਚੇ ਆਪਣੀ ਪੜ੍ਹਾਈ ਦੇ ਸਿਲਸਿਲੇ ‘ਚ ਮੌਜੂਦ ਸਨ। ਅਧਿਆਪਕ ਔਰਤ-ਮਰਦ ਵੀ ਇਸ ਹਾਲ ‘ਚ ਪੜ੍ਹਾਈ ਕਰਾਉਣ ਦਾ ਫਰਜ਼ ਨਿਭਾਅ ਰਹੇ ਸਨ। ਦਹਿਸ਼ਤਗਰਦਾਂ ਹਾਲ ਅੰਦਰ ਆਪਣੇ ਆਧੁਨਿਕ ਹਥਿਆਰਾਂ ਨਾਲ ਅੰਧਾਧੁੰਦ ਫਾਈਰਿੰਗ ਸ਼ੁਰੂ ਕਰ ਦਿੱਤੀ। ਹਾਲ ਦੀਆਂ ਖਿੜਕੀਆਂ, ਦਰਵਾਜ਼ੇ ਵੱਡੀ ਮੇਜ਼ ਬਣੀ ਹੋਈ ਸਟੇਜ ਸਭ ਕੁਝ ਚੂਰ-ਚੂਰ ਹੋ ਗਿਆ। ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਰੀਰ ਸ਼ਦੀਦ ਫਾਈਰਿੰਗ ਕਾਰਨ ਛੱਲਣੀ ਹੋ ਗਿਆ। ਦੀਵਾਰਾਂ ਦਾ ਪਲੱਸਤਰ ਉਖੜ ਗਿਆ। ਸਾਰੀਆਂ ਦੀਵਾਰਾਂ ਇਨਸਾਨੀ ਖੂਨ ਦੇ ਛਿੱਟਿਆਂ ਨਾਲ ਭਰ ਗਈਆਂ। ਹਾਲ ਦੇ ਫਰਸ਼ ‘ਤੇ ਇਕ ਫਰਸ਼ ਮਾਸੂਮ ਬੱਚਿਆਂ ਦੇ ਖੂਨ ਦਾ ਬਣ ਗਿਆ। ਨੌਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਮੌਤ ਖਾ ਗਈ। ਕੇਵਲ ਇਕ ਵਿਦਿਆਰਥੀ, ਜਿਸ ਦਾ ਨਾਂਅ ਦਾਊਦ ਹੈ, ਬਚ ਗਿਆ, ਕਿਉਂਕਿ ਉਸ ਖੂਨੀ ਦਿਨ ਉਹ ਸਕੂਲ ਹੀ ਨਹੀਂ ਸੀ ਆਇਆ। ਦਹਿਸ਼ਤਗਰਦਾਂ ਕਲਾਸ ਰੂਮਾਂ ‘ਚ ਜਾ-ਜਾ ਕੇ ਮਾਸੂਮ ਬੱਚਿਆਂ ਦਾ ਕਤਲੇਆਮ ਕੀਤਾ। ਕਮਰੇ ਦੀ ਇਕ-ਇਕ ਵਸਤੂ ਨੂੰ ਫਾਈਰਿੰਗ ਕਰਕੇ ਤਬਾਹ-ਓ-ਬਰਬਾਦ ਕਰ ਦਿੱਤਾ।
ਮਾਸੂਮ ਬੱਚਿਆਂ ਨੂੰ ਹੱਥ-ਪੈਰ ਬੰਨ੍ਹ ਕੇ ਉਨ੍ਹਾਂ ਦੇ ਸਿਰਾਂ ‘ਚ ਗੋਲੀਆਂ ਮਾਰੀਆਂ ਗਈਆਂ। ਮਾਸੂਮ ਬੱਚੇ-ਬੱਚੀਆਂ ਤੇ ਅਧਿਆਪਕ-ਅਧਿਆਪਕਾਂ ਨੂੰ ਇਸ ਦਹਿਸ਼ਤਨਾਕ, ਖੌਫ਼ਨਾਕ ਢੰਗ ਨਾਲ ਮਾਰਿਆ ਗਿਆ ਕਿ ਮੇਰੀ ਕਲਮ ਇਸ ਨੂੰ ਲਿਖਣ ਦੀ ਤਾਕਤ ਨਹੀਂ ਰੱਖਦੀ।
ਸਕੂਲ ਅੰਦਰ ਗੂੰਜਣ ਵਾਲੀਆਂ ਗੋਲੀਆਂ ਦੀ ਤੜ-ਤੜ ਤੇ ਦਿਲ ਹਿਲਾ ਦੇਣ ਵਾਲੇ ਧਮਾਕਿਆਂ ਤੋਂ ਕੁਝ ਸਮਾਂ ਬਾਅਦ (15 ਤੋਂ 20 ਮਿੰਟ) ਹੀ ਆਰਮੀ ਦੇ ਕਮਾਂਡੋਜ਼ ਸਕੂਲ ਦੇ ਮੁੱਖ ਗੇਟ ‘ਤੇ ਪਹੁੰਚ ਗਏ ਪਰ ਬਹੁਤ ਦੇਰ ਹੋ ਚੁੱਕੀ ਸੀ। ਕੇਵਲ 15 ਜਾਂ 20 ਮਿੰਟ ਦੇ ਅੰਦਰ ਹੀ ਮਾਸੂਮ ਬੱਚਿਆਂ ‘ਤੇ ਅੱਤਵਾਦ ਦੀ ਇਕ ਭਿਆਨਕ ਕਿਆਮਤ ਗੁਜ਼ਰ ਚੁੱਕੀ ਸੀ। ਸਕੂਲ ਅੰਦਰ 8 ਘੰਟੇ ਤੱਕ ਦਹਿਸ਼ਤਗਰਦਾਂ ਖਿਲਾਫ਼ ਆਪ੍ਰੇਸ਼ਨ ਚਲਦਾ ਰਿਹਾ। ਸਾਰੇ ਹੀ ਦਹਿਸ਼ਤਗਰਦ ਮਾਰ ਦਿੱਤੇ ਗਏ। ਆਰਮੀ ਦੇ 7 ਕਮਾਂਡੋਜ਼ ਜ਼ਖਮੀ ਹੋਏ। ਇਸ ਤੋਂ ਇਲਾਵਾ ਫ਼ੌਜ ਦੇ ਕੁਝ ਸੀਨੀਅਰ ਅਫ਼ਸਰ ਵੀ ਗੰਭੀਰ ਜ਼ਖਮੀ ਹੋਏ ਹਨ।
ਦਹਿਸ਼ਤਗਰਦਾਂ ਆਤਮਘਾਤੀ ਜੈਕਟਾਂ ਪਾਈਆਂ ਹੋਈਆਂ ਸਨ। ਇਸ ਤੋਂ ਇਲਾਵਾ ਸੁਰੱਖਿਆ ਬਲਾਂ ਨੂੰ ਧੋਖਾ ਦੇਣ ਲਈ ਪਾਕਿ ਫ਼ੌਜ ਦੀਆਂ ਵਰਦੀਆਂ ਵੀ ਪਾਈਆਂ ਹੋਈਆਂ ਸਨ।
ਆਰਮੀ ਪਬਲਿਕ ਹਾਈ ਸਕੂਲ ਪਿਸ਼ਾਵਰ ‘ਚ ਰਜਿਸਟਰ ‘ਚ ਬੱਚਿਆਂ ਦੀ ਤਾਦਾਦ 1100 ਹੈ। ਇਸ ‘ਚ ਸਕੂਲ ਦਾ ਸਟਾਫ ਵੀ ਸ਼ਾਮਿਲ ਹੈ। 960 ਬੱਚਿਆਂ ਨੂੰ ਸਕੂਲ ਵਿਚੋਂ ਸਹੀ-ਸਲਾਮਤ ਕੱਢ ਲਿਆ ਗਿਆ।
ਜਦ ਇਸ ਦੁਰਘਟਨਾ ਦੀ ਖ਼ਬਰ ਜੰਗਲ ਵਿਚ ਲੱਗੀ ਹੋਈ ਅੱਗ ਵਾਂਗ ਪਿਸ਼ਾਵਰ ਸ਼ਹਿਰ ‘ਚ ਫੈਲੀ ਤਾਂ ਮਾਵਾਂ ਆਪਣੇ ਬੱਚਿਆਂ ਨੂੰ ਪੁਕਾਰਦੀਆਂ ਦੀਵਾਨਿਆਂ ਵਾਂਗੂ ਸਕੂਲ ਵੱਲ ਭੱਜ ਤੁਰੀਆਂ। ਕਈ ਮਾਵਾਂ ਦੇ 2 ਤੋਂ 3 ਬੱਚਿਆਂ ਤੱਕ ਇਸ ਦਹਿਸ਼ਤਗਰਦੀ ਦਾ ਸ਼ਿਕਾਰ ਬਣ ਕੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ। ਇਕ ਮਾਂ ਅੱਧੀ ਰਾਤ ਤੱਕ ਸਕੂਲ ਦੇ ਮੁੱਖ ਗੇਟ ਅੱਗੇ ਖੜ੍ਹੀ ਰੋਂਦੀ ਰਹੀ। ਉਸ ਦੇ ਤਿੰਨ ਬੱਚੇ ਇਸ ਸਕੂਲ ‘ਚ ਪੜ੍ਹਦੇ ਸਨ। ਗੇਟ ਦੇ ਬਾਹਰ ਖੜ੍ਹੇ ਲੋਕ ਇਸ ਦੁਖਿਆਰੀ ਮਾਂ ਨੂੰ ਬਹੁਤ ਤਸੱਲੀਆਂ ਦਿੰਦੇ ਰਹੇ ਕਿ ਤੁਸੀਂ ਫ਼ਿਕਰ ਨਾ ਕਰੋ। ਤੁਹਾਡੇ ਬੱਚੇ ਮਿਲ ਜਾਣਗੇ ਪਰ ਜਦ ਤਿੰਨੋਂ ਬੱਚੇ ਮਿਲੇ ਤਾਂ ਉਹ ਇਸ ਦੁਨੀਆ ਤੋਂ ਮੂੰਹ ਮੋੜ ਕੇ ਮੌਤ ਦੇ ਮੂੰਹ ‘ਚ ਜਾ ਚੁੱਕੇ ਸਨ।
ਇਕ ਖੂਨੀ ਦਿਨ ਤੇ ਹਨੇਰੀ ਰਾਤ ਗੁਜ਼ਰ ਗਈ। ਇੰਜ ਹੀ ਦਿਨ ਤੇ ਰਾਤਾਂ ਗੁਜ਼ਰਦੀਆਂ ਰਹਿਣਗੀਆਂ ਪਰ ਕਈ ਮਾਵਾਂ ਆਪਣੇ ਬੱਚਿਆਂ ਦਾ ਸਕੂਲ ‘ਟਿਫਨ’ ਤਿਆਰ ਨਹੀਂ ਕਰ ਸਕਣਗੀਆਂ। ਨਾ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਸਕੂਲ ਦੀ ਵਰਦੀ ਪ੍ਰੈੱਸ ਕਰਨ ਦੀ ਲੋੜ ਰਹੀ। ਨਾ ਹੀ ਇਹ ਦੁਖਿਆਰੀਆਂ ਮਾਵਾਂ ਆਪਣੇ ਬੱਚਿਆਂ ਦਾ ਹੱਥ ਫੜੀ ਸਕੂਲ ਛੱਡਣ ਜਾਣਗੀਆਂ। ਮਾਵਾਂ ਦੇ ਹੱਥ ਫੜ ਕੇ ਤੁਰਨ ਵਾਲੇ ਬੱਚੇ ਤਾਂ ਦੂਰ ਚਲੇ ਗਏ ਹਨ, ਜਿਥੋਂ ਕੋਈ ਪਰਤ ਕੇ ਨਹੀਂ ਆਉਂਦਾ। ਮਾਵਾਂ ਦੇ ਹੱਥ ਖਾਲੀ ਰਹਿ ਗਏ। ਉਂਗਲੀ ਫੜਾਉਣ ਵਾਲੇ ਉਂਗਲੀ ਛੱਡ ਕੇ ਪ੍ਰਦੇਸੀ ਹੋ ਗਏ। ਕੇਵਲ ਆਪਣੀਆਂ ਯਾਦਾਂ ਦੇ ਤੋਹਫ਼ੇ ਦੇ ਗਏ। ਉਹ ਯਾਦਾਂ ਜੋ ਦਿਲਾਂ ਦੇ ਜ਼ਖ਼ਮ ਬਣ ਕੇ ਮਾਵਾਂ ਨੂੰ ਸਦਾ ਤੜਫਾਉਂਦੇ ਰਹਿਣਗੇ। ਬੂਹੇ ‘ਚ ਖੜ੍ਹੀ ਆਪਣੇ ਵਿਛੜੇ ਬੱਚਿਆਂ ਨੂੰ ਯਾਦ ਕਰਦੀ ਮਾਂ ਦੇ ਹੰਝੂ ਭਲਾ ਸਾਰੀ ਜ਼ਿੰਦਗੀ ਕਿਵੇਂ ਸੁੱਕ ਸਕਦੇ ਹਨ।
ਕਈ ਮਾਵਾਂ ਤਾਂ ਰੋ-ਰੋ ਆਪਣੇ ਹੋਸ਼-ਓ-ਹਵਾਸ ਖੋਹ ਬੈਠੀਆਂ ਹਨ। ਸ਼ੁਦਾਈਆਂ ਵਾਂਗ ਆਪਣੇ ਬੱਚਿਆਂ ਨੂੰ ਵਾਜਾਂ ਮਾਰੀ ਜਾ ਰਹੀਆਂ ਹਨ।
ਮੇਰੀਆਂ ਹਿੰਦੁਸਤਾਨੀ ਬੇਟੀਆਂ, ਭੈਣਾਂ, ਮਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜਦ ਉਹ ਆਪਣੇ ਮਾਸੂਮ ਬੱਚਿਆਂ ਨੂੰ ਆਪਣੇ ਗਲ ਲਾਉਣ ਤਾਂ ਦਹਿਸ਼ਤਗਰਦਾਂ ਦੀਆਂ ਗੋਲੀਆਂ ਨਾਲ ਛਲਣੀ ਆਪਣੇ ਹੀ ਖੂਨ ‘ਚ ਡੁੱਬੇ ਉਨ੍ਹਾਂ ਫੁਲ-ਕਲੀਆਂ ਵਰਗੇ ਮਾਸੂਮ ਬੱਚਿਆਂ ਨੂੰ ਜ਼ਰੂਰ ਯਾਦ ਕਰਨ, ਜੋ ਸਕੂਲ ‘ਚ ਇਲਮ ਦੀ ਰੌਸ਼ਨੀ ਲੈਣ ਆਏ ਸਨ ਪਰ ਕਬਰਾਂ ਦੇ ਹਨੇਰਿਆਂ ‘ਚ ਜਾ ਉਤਰੇ। ਜੋ ਮੁਲਕ ਇਸਲਾਮੀ ਮਜ਼ਹਬੀ ਆਜ਼ਾਦੀ ਦੇ ਨਾਂਅ ਹੇਠ ਹਾਸਲ ਕੀਤਾ ਗਿਆ ਸੀ, ਉਹ ਮੁਲਕ ਅੱਤਵਾਦ ਦਾ ਨਰਕ ਬਣ ਗਿਆ ਹੈ।
ਇਥੋਂ ਇਸਲਾਮ ਤਾਂ ਹਿਜਰਤ ਕਰ ਗਿਆ ਹੈ ਪਰ ਇਹ ਦਹਿਸ਼ਤਗਰਦਾਂ ਦਾ ਗੜ੍ਹ ਬਣ ਗਿਆ ਹੈ, ਜਿਥੇ ਦਹਿਸ਼ਤਗਰਦ ਦਰਿੰਦੇ ਨਿਰਦੋਸ਼ ਔਰਤਾਂ-ਮਰਦਾਂ ਤੇ ਮਾਸੂਮ ਬੱਚਿਆਂ ‘ਚ ਖੁੱਲ੍ਹੇਆਮ ਮੌਤ ਵੰਡਦੇ ਫਿਰਦੇ ਹਨ। ਪਰ ਇਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਜਦ ਇਹ ਖੂਨੀ ਮੌਤ ਤਕਸੀਮ ਕਰ ਦਿੰਦੇ ਹਨ ਤਾਂ ਫਿਰ ਬਚਾਉਣ ਦਾ ਦਾਅਵਾ ਕਰਨ ਵਾਲੇ ਲਾਸ਼ਾਂ ਚੁੱਕਣ ਆ ਜਾਂਦੇ ਹਨ।
ਅਸੀਂ ਪਾਕਿਸਤਾਨੀ ਨਰਿੰਦਰ ਮੋਦੀ ਉਨ੍ਹਾਂ ਦੀ ਸਰਕਾਰ ਤੇ ਪਿਆਰੇ ਹਿੰਦੁਸਤਾਨੀ ਭਾਈਚਾਰੇ ਦੇ ਬਹੁਤ ਸ਼ੁੱਕਰਗੁਜ਼ਾਰ ਹਾਂ ਕਿ ਉਹ ਦੁੱਖ ਦੀਆਂ ਇਨ੍ਹਾਂ ਘੜੀਆਂ ‘ਚ ਸਾਡੇ ਦੁੱਖ ‘ਚ ਸ਼ਰੀਕ ਹੋਏ। ਸਕੂਲਾਂ ਦੇ ਉਨ੍ਹਾਂ ਮਾਸੂਮ ਵਿਦਿਆਰਥੀ-ਵਿਦਿਆਰਥਣਾਂ ਨੂੰ ਅਸੀਂ ਗਲ ਲਾ ਕੇ ਸਲਾਮ ਪੇਸ਼ ਕਰਦੇ ਹਾਂ, ਜਿਨ੍ਹਾਂ ਦਹਿਸ਼ਤਗਰਦੀ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਦੀ ਯਾਦ ‘ਚ ਦੋ ਮਿੰਟ ਦੀ ਖਾਮੋਸ਼ੀ ਅਖ਼ਤਿਆਰ ਕੀਤੀ। ਇਹ ਸਭ ਇਕ ਅਜਿਹਾ ਅਮਲ ਸੀ, ਜਿਸ ਨੇ ਬਹੁਗਿਣਤੀ ਪਾਕਿਸਤਾਨੀਆਂ ਦੇ ਦਿਲਾਂ ‘ਚ ਦੋਸਤੀ ਤੇ ਮੁਹੱਬਤਾਂ ਦੀ ਜੋਤ ਜਗਾਈ। ਤੁਹਾਡੇ ਵੱਲੋਂ ਆਉਣ ਵਾਲੀਆਂ ਸਾਂਝਾਂ ਤੇ ਪਿਆਰਾਂ ਦੀਆਂ ਇਹ ਖ਼ਬਰਾਂ ਇਕ ਦਿਨ ਜ਼ਰੂਰ ਅਮਨ-ਮੁਹੱਬਤ ਤੇ ਦੋਸਤੀ ਦੇ ਖ਼ਾਬਾਂ ਨੂੰ ਹਕੀਕਤ ਬਣਾ ਦੇਣਗੀਆਂ।
ਸੰਪਰਕ: 0092-300-7607983
‘ਅਜੀਤ’ ਵਿੱਚੋਂ ਧੰਨਵਾਦ ਸਹਿਤ


