By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮਸਲਾ ਕੈਲੰਡਰ ਦਾ -ਹਜ਼ਾਰਾ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਮਸਲਾ ਕੈਲੰਡਰ ਦਾ -ਹਜ਼ਾਰਾ ਸਿੰਘ
ਨਜ਼ਰੀਆ view

ਮਸਲਾ ਕੈਲੰਡਰ ਦਾ -ਹਜ਼ਾਰਾ ਸਿੰਘ

ckitadmin
Last updated: July 26, 2025 11:22 am
ckitadmin
Published: January 26, 2015
Share
SHARE
ਲਿਖਤ ਨੂੰ ਇੱਥੇ ਸੁਣੋ

ਨਾਨਕਸ਼ਾਹੀ ਕੈਲੰਡਰ ਦਾ ਮਸਲਾ ਅਸਲ ਵਿੱਚ ਕੁਝ ਵੀ ਨਹੀਂ ਹੈ। ਪਰ ਉਲਝ ਜਾਣ ਕਾਰਨ ਵੱਡਾ ਪਹਾੜ ਬਣਿਆ ਪਿਆ ਹੈ। ਨਾਨਕਸ਼ਾਹੀ ਕੈਲੰਡਰ ਦੇ ਬਾਨੀ ਵਿਦਵਾਨ ਸਰਦਾਰ ਪਾਲ ਸਿੰਘ ਪੁਰੇਵਾਲ ਦੇ ਯਤਨਾਂ ਸਦਕਾ ਹੁਣ ਕੈਲੰਡਰ ਵਿਗਿਆਨੀਆਂ ਦੀ ਤਾਂ ਭਰਮਾਰ ਹੋਈ ਪਈ ਹੈ ਪਰ ਕੈਲੰਡਰ ਦੀ ਫਾਹੀ ਗਲੋਂ ਲੱਥਣ ਦੀ ਥਾਂ ਸਾਹ ਲੈਣਾ ਵੀ ਔਖਾ ਕੀਤਾ ਹੋਇਆ। ਬਰਖਾਸਤਗੀ ਦੇ ਕਾਰਨ ਤਾਂ ਹੋਰ ਵੀ ਹੋਣਗੇ ਪਰ ਜਥੇਦਾਰ ਨੰਦਗੜ ਦੇ ਸਮੱਰਥਕ ਨੰਦਗੜ ਦੀ ਬਰਖਾਸਤਗੀ ਦਾ ਕਾਰਨ ਕੈਲੰਡਰ ਦੀ ਕੀਤੀ ਹਮਾਇਤ ਦੱਸ ਕੇ ਜਥੇਦਾਰ ਨੂੰ ਨਾਨਕਸ਼ਾਹੀ ਕੈਲੰਡਰ ਖਾਤਿਰ ਕੁਰਬਾਨੀ ਕਰਨ ਵਾਲਾ ਯੋਧਾ ਆਖ ਰਹੇ ਹਨ। ਮੁੱਕਦੀ ਗੱਲ, ਕੈਲੰਡਰ ਦਾ ਮਸਲਾ ਇੱਕ ਵਾਰ ਫਿਰ ਇਸ ਤਰ੍ਹਾਂ ਉੱਭਰਿਆ ਹੈ ਜਿਵੇ ਕਿ ਇਸ ਤੋਂ ਗੰਭੀਰ ਕੋਈ ਹੋਰ ਮੁੱਦਾ ਹੋਏ ਹੀ ਨਾਂ। ਸਿੱਖ ਜਗਤ ਵਾਸਤੇ ਨਾਂ ਸੁਲਝਣ ਵਾਲੀ ਇਸ ਮਾਮੂਲੀ ਅੜਾਉਣੀ ਦੇ ਕੁੱਝ ਪੱਖ ਇਸ ਤਰ੍ਹਾਂ ਹਨ:

(1)    ਪਿਛੋਕੜ ਅਤੇ ਲੋੜ:- ਸਿੱਖ ਆਪਣੇ ਬਹੁਤੇ ਪੁਰਬ ਦੇਸੀ ਮਹੀਨਿਆਂ ਅਨੁਸਾਰ ਹੀ ਮਨਾੳਂਦੇ ਸਨ ।ਇਸ ਕਾਰਨ ਇਨ੍ਹਾਂ ਦੀਆਂ ਤਾਰੀਖਾਂ ਬਦਲਦੀਆਂ ਰਹਿੰਦੀਆਂ ਸਨ। ਦੇਸੀ ਮਹੀਨਿਆਂ ਮੁਤਾਬਕ ਚੱਲਣ ਕਾਰਨ ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਕਦੇ ਤਾਂ ਅੰਗ੍ਰੇਜ਼ੀ ਕੈਲੰਡਰ ਅਨੁਸਾਰ ਸਾਲ ਵਿੱਚ ਦੋ ਵਾਰ ਆ ਜਾਂਦਾ ਅਤੇ ਕਦੇ ਇੱਕ ਵਾਰ ਵੀ ਨਾਂ ਆਉਂਦਾ। ਆਮ ਸਿੱਖਾਂ ਨੂੰ ਤਾਰੀਖਾਂ ਦਾ ਇਹ ਭੰਬਲਭੁਸਾ ਚੰਗਾ ਨਾਂ ਲਗਦਾ। ਇਸ ਅਸੁਵਿਧਾ ਕਾਰਨ ਦੇਸ਼ ਵਿਦੇਸ਼ ਦੇ ਸਿੱਖਾਂ ਦੀ ਭਾਵਨਾ ਸੀ ਕਿ ਸਾਲ ਵਿੱਚ ਮਨਾਏ ਜਾਣ ਵਾਲੇ ਇਨ੍ਹਾਂ ਪੁਰਬਾਂ ਦੀਆਂ ਤਾਰੀਖਾਂ ਇੱਕ ਵਾਰ ਪੱਕੀਆਂ ਕਰ ਲਈਆਂ ਜਾਣ।

 

 

ਇਸ ਤਰ੍ਹਾਂ ਤਾਰੀਖਾਂ ਮੁਕੱਰਰ ਕਰ ਲਏ ਜਾਣ ਨਾਲ ਸਾਰੇ ਸੰਸਾਰ ਵਿੱਚ ਸਿੱਖਾਂ ਦੇ ਦਿਹਾੜੇ ਮਨਾਉਣ ਸੰਬੰਧੀ ਤਾਰੀਖਾਂ ਦਾ ਭੰਬਲਭੂਸਾ ਸਦਾ ਵਾਸਤੇ ਖਤਮ ਹੋ ਜਾਣਾ ਸੀ। ਸੰਸਾਰ ਭਰ ਦੇ ਸਿੱਖ ਐਸਾ ਕਰਨਾ ਲੋਚਦੇ ਸਨ। ਜਦ 1994 ਦੇ ਆਸ ਪਾਸ ਐਡਮਿੰਟਨ ਵਾਸੀ ਸ੍ਰ; ਪੁਰੇਵਾਲ ਨੇ ਐਸਾ ਉਪਰਾਲਾ ਕਰਨ ਦਾ ਬੀੜਾ ਚੁੱਕਿਆ ਤਾਂ ਸਭ ਨੇ ਜੀ ਆਇਆਂ ਕਿਹਾ। ਤਾਰੀਖਾਂ ਵਾਲੇ ਮਸਲੇ ਦੇ ਹੱਲ ਲਈ ਇਤਹਾਸਕਾਰਾਂ, ਬੁੱਧੀਜੀਵੀਆਂ ਦੀ ਕਮੇਟੀ ਬਣੀ ਜਿਨ੍ਹਾਂ ਇਤਿਹਾਸਕ ਦਸਤਾਵੇਜ਼ ਖੰਗਾਲ ਕੇ ਦੇਸੀ ਮਹੀਨਿਆਂ ਦੀਆਂ ਤਾਰੀਖਾਂ ਅਨੁਸਾਰ ਅੰਗਰੇਜ਼ੀ ਤਾਰੀਖਾਂ ਲੱਭੀਆਂ ਜਿਸ ਵਿੱਚ ਸ੍ਰ: ਪੁਰੇਵਾਲ ਨੇ ਆਪਣੀ ਕੈਲੰਡਰ ਵਿਗਿਆਨ ਦੀ ਮੁਹਾਰਤ ਦਾ ਭਰਪੂਰ ਯੋਗਦਾਨ ਪਾਇਆ। ਪਰ ਕੈਲੰਡਰ ਦਾ ਪ੍ਰੋਜੈਕਟ ਅਹਿਮ ਸਿੱਖ ਦਿਨਾਂ ਦੀਆਂ ਤਾਰੀਖਾਂ ਨੀਯਤ ਕਰਨ ਤੱਕ ਸੀਮਿਤ ਨਾਂ ਰਹਿ ਕੇ ਗੁਰਬਾਣੀ ਦਾ ਰੁੱਤਾਂ ਅਨੁਸਾਰ ਤਾਲਮੇਲ ਬਿਠਾਉਣ ਅਤੇ ਵੱਖਰੇ ਕੈਲੰਡਰ ਰਾਹੀ ਵੱਖਰੀ ਹਸਤੀ ਦੇ ਨਿਰਮਾਣ ਤੱਕ ਵਧਾ ਲਿਆ ਗਿਆ। ਜਿਸ ਦੀ ਪੂਰਤੀ ਲਈ ਸ੍ਰ: ਪੁਰੇਵਾਲ ਨੇ ਘਾਲਣਾ ਘਾਲ ਕੇ ਨਵੇ ਚੇਤ ,ਵੈਸਾਖ ਘੜੇ। ਇਸ ਤਰ੍ਹਾਂ ਕੁੱਝ ਦਿਨਾਂ ਦੀਆਂ ਤਾਰੀਖਾਂ ਪੱਕੀਆਂ ਕਰਨ ਵਾਲਾ ਪ੍ਰੋਜੈਕਟ ਇੱਕ ਨਵੇਂ ਕੈਲੰਡਰ ਘੜਨ ਵਾਲਾ ਵੱਡਾ ਪ੍ਰੋਜੈਕਟ ਬਣ ਗਿਆ। ਜਿਸ ਵਾਸਤੇ ਕਈ ਮੀਟਿੰਗਾਂ ਅਤੇ ਸੈਮੀਨਾਰ ਕਰਨੇ ਪਏ। ਪੁਰੇਵਾਲ ਸਾਹਿਬ ਨੂੰ ਕੈਨੇਡਾ ਤੋਂ ਭਾਰਤ ਦੇ ਕਈ ਗੇੜੇ ਲਾਉਣੇ ਪਏ। ਕਈ ਵਰ੍ਹਿਆਂ ਦੀ ਮਿਹਨਤ ਦੇ ਬਾਅਦ ਕੈਲੰਡਰ ਬਣ ਗਿਆ 3 (, ) 2003 ਵਿੱਚ ਸ਼੍ਰ਼ੋਮਣੀ ਕਮੇਟੀ ਵੱਲੋਂ ਲਾਗੂ ਕਰ ਦਿੱਤਾ ਗਿਆ। ਇਸ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਵਜੋਂ ਜਾਣਿਆ ਜਾਂਦਾ ਹੈ।

(1)    ਕੀ ਸੀ 2003 ਵਾਲਾ ਕੈਲੰਡਰ ? ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਬਹੁਤੇ ਸਿੱਖ ਦਿਨਾਂ ਦੀ ਤਾਰੀਖਾਂ ਤਾਂ ਪੱਕੀਆਂ ਕਰ ਦਿੱਤੀਆਂ ਸਨ ਪਰ ਦਿਵਾਲੀ, ਗੁਰੂੁ ਨਾਨਕ ਦੇ ਜਨਮ ਦਿਨ ਅਤੇ ਹੋਲੇ ਮੁਹੱਲੇ ਦੀਆਂ ਤਾਰੀਖਾਂ ਪੱਕੀਆਂ ਨਹੀ ਸਨ ਕੀਤੀਆਂ ਗਈਆਂ। ਕਿਉਂਕਿ ਕੈਲੰਡਰ ਕਮੇਟੀ ਅਨੁਸਾਰ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਕਾਰਨ ਇਨ੍ਹਾਂ ਦਿਨਾਂ ਨੂੰ ਪਹਿਲਾਂ ਵਾਂਗ ਹੀ ਰੱਖਣਾ ਯੋਗ ਸੀ। ਕਹਿਣ ਦਾ ਭਾਵ ਕਿ ਇਹ 3 ਦਿਨ ਤਾਂ ਪੁਰਾਣੇ ਢੰਗ ਨਾਲ ਈ ਹਰ ਸਾਲ ਬਦਲਦੀਆਂ ਤਾਰੀਖਾਂ ਨੂੰ ਮਨਾਉਣੇ ਮੰਨ ਲਏ ਪਰ ਬਾਕੀ ਦਿਹਾੜੇ ਅੰਗਰੇਜ਼ੀ ਕੈਲੰਡਰ ਮੁਤਾਬਕ ਹਰ ਸਾਲ ਪੱਕੀਆਂ ਤਾਰੀਖਾਂ ਨੂੰ ਮਨਾਉਣ ਦਾ ਫੈਸਲਾ ਕਰਕੇ ਇੱਕ ਮਿਲਗੋਭਾ ਕੈਲੰਡਰ ਪ੍ਰਵਾਨ ਕਰ ਲਿਆ। ਬੱਸ ਕੁੱਝ ਕੱਚਾ ਅਤੇ ਕੁੱਝ ਪੱਕਾ ਹੋਣਾ ਹੀ ਮੁਸੀਬਤ ਬਣ ਗਿਆ। 3 ਦਿਨਾਂ ਦੀਆਂ ਤਾਰੀਖਾਂ ਬਦਲਦੀਆਂ ਹੋਣ ਕਾਰਨ ਹਰ ਸਾਲ ਹੀ ਕੋਈ ਨਾਂ ਵਿਵਾਦ ਖੜ੍ਹਾ ਹੋਣ ਲੱਗ ਪਿਆ। ਕਦੇ ਤਾਂ ਇੱਕ ਦੋ ਦਿਨਾਂ ਦੇ ਮਨਾਉਣ ਨੂੰ ਅੱਗੇ ਪਿੱਛੇ ਕਰਕੇ ਕੰਮ ਚਲਾਇਆ ਅਤੇ ਕਦੇ ਕੈਲੰਡਰ ਵਿੱਚ ਕੁੱਝ ਸੋਧਾਂ ਕਰਕੇ। ਪਰ ਇਸ ਬਾਰੇ ਆਮ ਸਹਿਮਤੀ ਕਦੇ ਵੀ ਨਾਂ ਬਣੀ। ਇਸ ਦੌਰਾਨ ਰਹਿ ਗਏ 3 ਦਿਨਾਂ ਦੀਆਂ ਤਾਰੀਖਾਂ ਪੱਕੀਆਂ ਕਰਨ ਦਾ ਜੇਰਾ ਵੀ ਨਾਂ ਕੀਤਾ ਗਿਆ। ਹੈਰਾਨੀ ਦੀ ਗੱਲ ਸੀ ਕਿ ਨਾਨਕ ਦੇ ਨਾਂ ਤੇ ਘੜੇ ਕੈਲੰਡਰ ਵਿੱਚ ਗੁਰੂ ਨਾਨਕ ਦਾ ਜਨਮ ਦਿਨ ਵੀ ਪੁਰਾਣੀ ਰੀਤ ਮੁਤਾਬਕ ਹੀ ਰਹਿਣ ਦਿੱਤਾ ਗਿਆ।ਇਸ ਕੈਲੰਡਰ ਵਿੱਚ ਰਵਾਇਤੀ ਚੇਤ, ਵੈਸਾਖ ਨਾਲੋਂ ਵੱਖਰੇ ਚੇਤ ਵੈਸਾਖ ਵੀ ਘੜੇ ਗਏ। ਨਾਨਕਸ਼ਾਹੀ ਸਾਲ 1 ਚੇਤ (14 ਮਾਰਚ) ਤੋਂ ਸ਼ੁਰੂ ਹੋ ਕੇ 30 ਫੱਗਣ (13 ਮਾਰਚ ) ਰੇ 365 ਦਿਨਾਂ ਦਾ ਬਣਾ ਦਿੱਤਾ ਗਿਆ। ਅੰਗਰੇਜ਼ੀ ਕੈਲੰਡਰ ਵਾਂਗ ਹੀ ਲੀਪ ਦਾ ਸਾਲ 366 ਦਿਨਾਂ ਦਾ ਮਿਥ ਲਿਆ ਗਿਆ। ਇਸ ਤਰ੍ਹਾਂ ਤਾਰੀਖਾਂ ਪੱਕੀਆਂ ਕਰਨ ਲੱਗਿਆਂ ਪੰਜਾਬ ਦੇ ਸੱਭਿਆਚਾਰ ਵਿੱਚ ਦੋ ਤਰ੍ਹਾਂ ਦੇ ਦੇਸੀ ਮਹੀਨੇ ਪਰਚਲਿਤ ਹੋ ਗਏ। ਇੱਕ ਰਵਾਇਤੀ ਚੇਤ, ਵੈਸਾਖ ਅਤੇ ਦੂਸਰਾ ਨਾਨਕਸ਼ਾਹੀ ਵਾਲਾ। ਜਿਸ ਕਾਰਨ ਸੰਗਰਾਂਦਾਂ ਦਾ ਨਵਾਂ ਭੰਬਲਭੂਸਾ ਪੈਦਾ ਹੋ ਗਿਆ। ਕਹਿਣ ਨੂੰ ਤਾਂ ਸਿੱਖੀ ਵਿੱਚ ਸੰਗਰਾਂਦਾਂ ਆਦਿ ਦੀ ਕੋਈ ਥਾਂ ਨਹੀ ਪਰ ਨਾਨਕਸ਼ਾਹੀ ਕੈਲੰਡਰ ਵਿੱਚ ਵੀ ਸੰਗਰਾਂਦ, ਪੂਰਨਮਾਸ਼ੀ ਅਤੇ ਮੱਸਿਆ ਦੀਆਂ ਤਾਰੀਖਾਂ ਵੀ ਬਕਾਇਦਾ ਸ਼ਾਮਿਲ ਕੀਤੀਆਂ ਗਈਆਂ। ਭਾਵੇਂ ਇਸ ਮਿਲਗੋਭਾ ਕੈਲੰਡਰ ਨੇ ਤਾਰੀਖਾਂ ਪੱਕੀਆਂ ਕਰਨ ਵਾਲਾ ਮਸਲਾ ਵੀ ਪੂਰੀ ਤਰ੍ਹਾਂ ਹੱਲ ਨਹੀ ਸੀ ਕੀਤਾ, ਫਿਰ ਵੀ ਕਈ ਸਿੱਖ ਹਲਕੇ ਇਸ ਕੈਲੰਡਰ ਨੂੰ ਵੱਖਰੀ ਸਿੱਖ ਹਸਤੀ ਦੇ ਪਰਤੀਕ ਵਜੋਂ ਦੇਖ ਕੇ ਖੁਸ਼ ਸਨ। ਇਸ ਕੈਲੰਡਰ ਰਾਹੀ ਉਹ ਗੁਰਬਾਣੀ ਅਤੇ ਮੌਸਮਾਂ ਦੇ ਤਾਲਮੇਲ ਵਿੱਚ ਪੈਦਾ ਹੋਣ ਵਾਲੇ ਸੰਭਾਵੀ ਵਿਗਾੜ ਦੇ ਤੌਖਲੇ ਦਾ ਮਸਲਾ ਹੱਲ ਹੋਇਆ ਸਮਝਕੇ ਇੱਕ ਸੁਖਦ ਅਹਿਸਾਸ ਮਹਿਸੂਸ ਕਰ ਰਹੇ ਸਨ। ਐਸੇ ਸੱਜਣ 14 ਮਾਰਚ (1 ਚੇਤ) ਨੂੰ ਸਿੱਖਾਂ ਦਾ ਨਵਾਂ ਸਾਲ ਉਤਸ਼ਾਹ ਨਾਲ ਮਨਾਉਣ ਦੀਆਂ ਆਪੀਲਾਂ ਕਰਦੇ ਸਨ। ਪਰ ਇਹ ਕਿਸੇ ਨੇ ਵੀ ਸਪੱਸ਼ਟ ਨਹੀ ਕੀਤਾ ਕਿ ਸਿੱਖਾਂ ਵਾਸਤੇ ਅਹਿਮੀਅਤ 14 ਮਾਰਚ ਦੀ ਹੈ ਜਾਂ 1 ਚੇਤ ਦੀ। ਨਵੇ ਸਾਲ ਦਾ ਗੁਰੂ ਨਾਨਕ ਜਾਂ ਸਿੱਖ ਇਤਹਾਸ ਦੀ ਕਿਸੇ ਵੱਡੀ ਘਟਨਾ ਨਾਲ ਵੀ ਕੋਈ ਸੰਬੰਧ ਨਾਂ ਜੋੜਿਆ ਗਿਆ।

(2)    ਗੁਰਬਾਣੀ ਅਤੇ ਰੁੱਤਾਂ ਦੇ ਜੋੜ ਵਿਚਲੇ ਵਿਗਾੜ ਦਾ ਤੌਖਲਾ: ਪੁਰੇਵਾਲ ਸਾਹਿਬ ਕੈਲੰਡਰ ਦੇ ਮਾਹਿਰ ਸਨ। ਜਿਨ੍ਹਾਂ ਦਾ ਮੁੱਖ ਕੰਮ ਬਿਕਰਮੀ ਕੈਲੰਡਰ ਦੀਆਂ ਤਾਰੀਖਾਂ ਮੁਤਾਬਕ ਈਸਵੀ ਕੈਲੰਡਰ ਦੀਆਂ ਤਾਰੀਖਾਂ ਲੱਭਣਾ ਹੋਣਾ ਚਾਹੀਦਾ ਸੀ ਪਰ ਉਨ੍ਹਾਂ ਇੱਕ ਨਵਾਂ ਤੌਖਲਾ ਪਰਚਲਿਤ ਕਰ ਦਿੱਤਾ ਕਿ ਜਿਸ ਤਰ੍ਹਾਂ ਬਿਕਰਮੀ ਕੈਲੰਡਰ ਦੀਆਂ ਤਾਰੀਖਾਂ ਬਦਲ ਰਹੀਆਂ ਹਨ ਉਸ ਕਾਰਨ ਕੋਈ 13 ਹਜ਼ਾਰ ਸਾਲਾਂ ਬਾਅਦ ਪੋਹ ਦਾ ਮਹੀਨਾ ਗਰਮੀਆ ਵਿੱਚ ਅਤੇ ਹਾੜ ਦਾ ਮਹੀਨਾ ਸਰਦੀਆਂ ਵਿੱਚ ਆਊਣ ਲੱਗ ਪਏਗਾ। ਜਿਸ ਕਾਰਨ ਗੁਰਬਾਣੀ ਵਿੱਚ ਰੁੱਤਾਂ ਦੇ ਆਏ ਜਿ਼ਕਰ ਗਲਤ ਹੋ ਜਾਣਗੇ। ਗੁਰਬਾਣੀ ਤਾਂ ਪੋਹ ਦੇ ਠੰਢੇ ਅਤੇ ਹਾੜ ਮਹੀਨੇ ਦੇ ਤਪਣ ਦੀ ਗੱਲ ਕਰੇਗੀ ਪਰ ਅਸਲ ਵਿੱਚ ਪੋਹ ਗਰਮ ਹੋਏਗਾ ਅਤੇ ਹਾੜ ਠੰਢਾ। ਇਸ ਲਈ ਗੁਰਬਾਣੀ ਦਾ ਰੁੱਤਾਂ ਨਾਲ ਤਾਲਮੇਲ ਬਣਾਈ ਰੱਖਣ ਲਈ ਬਾਰਾਂ ਮਾਹਾ ਅੰਦਰ ਆਏ ਮਹੀਨਿਆਂ ਦੀ ਲੰਬਾਈ ਨੀਯਤ ਕਰਕੇ ਇੱਕ ਨਵਾਂ ਕੈਲੰਡਰ ਘੜਨਾ ਪਏਗਾ ( ਕੌਣ ਕਹਿੰਦਾ ਸਿੱਖ ਦੂਰ ਅੰਦੇਸ਼ ਨਹੀਂ ਹਨ!) । ਪੁਰੇਵਾਲ ਸਾਹਿਬ ਜੀ ਦੇ ਇਸ ਤੌਖਲੇ ਕਾਰਨ ਬਹੁਤੇ ਸਿੱਖ ਧੁਰ ਅੰਦਰ ਤੱਕ ਹਿੱਲ ਗਏ। ਜਿਨ੍ਹਾਂ ਵਿੱਚ ਡਾ: ਦਰਸ਼ਨ ਸਿੰਘ ਚੰਡੀਗੜ ਅਤੇ ਡਾ: ਬਲਵੰਤ ਸਿੰਘ ਢਿੱਲੋਂ ਵਰਗੇ ਯੂਨਵਰਸਿਟੀਆਂ ਦੇ ਪ੍ਰੋਫੈਸਰ ਸਿੱਖ ਵਿਦਵਾਨ ਵੀ ਸ਼ਾਮਿਲ ਸਨ। ਹੁਣ ਸਭ ਨੂੰ ਤਾਰੀਖਾਂ ਪੱਕੀਆਂ ਕਰਨ ਵਾਲੀ ਸਮੱਸਿਆ ਤਾਂ ਭੁੱਲ ਗਈ ਪਰ ਗੁਰਬਾਣੀ ਦੇ ਝੂਠੇ ਪੈ ਜਾਣ ਦਾ ਡਰ ਸਤਾਉਣ ਲੱਗ ਪਿਆ। ਇਸ ਡਰ ਦੀ ਤੀਬਰਤਾ ਅਜੇ ਤੱਕ ਘਟੀ ਨਹੀ। 16 ਜਨਵਰੀ, 2015 ਨੂੰ ਜਥੇਦਾਰ ਨੰਦਗੜ ਇਸੇ ਡਰ ਦੇ ਪਰਭਾਵ ਹੇਠ ਕਹਿ ਰਿਹਾ ਸੀ ਕਿ ਜੇ ਨਾਨਕਸ਼ਾਹੀ ਕੈਲੰਡਰ ਲਾਗੂ ਨਹੀ ਕਰਦੇ ਤਾਂ ਗੁਰਬਾਣੀ ਝੂਠੀ ਹੋ ਜਾਏਗੀ ਅਤੇ ਜੇ ਗੁਰਬਾਣੀ ਝੂਠੀ ਹੋ ਗਈ ਤਾਂ ਸਾਡੇ ਪੱਲੇ ਕੀ ਰਹਿ ਗਿਆ। ਆਪਣੀ ਜਾਚੇ ਨੰਦਗੜ ਸਾਹਿਬ ਗੁਰਬਾਣੀ ਨੂੰ ਝੂਠੀ ਪੈਣ ਤੋਂ ਬਚਾਉਣ ਦੇ ਯਤਨ ਕਰ ਰਹੇ ਹਨ। ਪਰ ਗੁਰਬਾਣੀ ਦੇ ਝੂਠੇ ਪੈ ਜਾਣ ਦੇ ਡਰ ਤੋਂ ਕਾਇਲ ਲੋਕ ਇਹ ਨਹੀ ਸਮਝਦੇ ਕਿ ਇਸ ਤਰਕ ਮੁਤਾਬਕ ਤਾਂ ਫਿਰ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਗੁਰਬਾਣੀ ਪਹਿਲਾਂ ਹੀ ਝੂਠੀ ਪੈ ਚੁੱਕੀ ਹੈ। ਕਿਉਂਕਿ ਉੱਥੇ ਨਾਂ ਤਾਂ ਪੋਹ ਮਹੀਨੇ ਠੰਢ ਪੈਂਦੀ ਹੈ ਅਤੇ ਨਾਂ ਹੀ ਹਾੜ ਮਹੀਨੇ ਗਰਮੀ। ਇਸੇ ਤਰ੍ਹਾਂ ਦੱਖਣੀ ਭਾਰਤ ਵਿੱਚ ਪੋਹ ਠੰਢਾ ਨਹੀ ਹੁੰਦਾ ਅਤੇ ਹਿਮਾਚਲ ਵਿੱਚ ਹਾੜ ਨਹੀ ਤਪਦਾ। ਇਸੇ ਤਰ੍ਹਾਂ ਕੱਤੇ ਨੂੰ ਬੀਜਾਈਆਂ ਅਤੇ ਵੈਸਾਖ ਨੂੰ ਵਾਢੀਆਂ ਦੀ ਦਲੀਲ ਦਿੱਤੀ ਜਾਂਦੀ ਹੈ। ਇਹ ਵੀ ਠੀਕ ਨਹੀ, ਕਿਉਂਕਿ ਕੈਨੇਡਾ ਵਿੱਚ ਬੀਜਾਈਆਂ ਵੈਸਾਖ ਜੇਠ ਅਤੇ ਵਾਢੀਆਂ ਅੱਸੂ ਕੱਤੇ ਹੁੰਦੀਆਂ ਹਨ ਇਸ ਲਈ ਕੈਨੇਡਾ ਦੇ ਇਲਾਕੇ ਵਿੱਚ ਵੀ ਗੁਰਬਾਣੀ ਝੂਠੀ ਪੈ ਜਾਂਦੀ ਹੈ।ਹੁਣ ਇੱਥੇ ਕਿਹੜਾ ਕੈਲੰਡਰ ਵਰਤਿਆ ਜਾਏ? ਕੀ ਗੁਰਬਾਣੀ ਇੱਕ ਖਾਸ ਇਲਾਕੇ ਲਈ ਹੈ? ਅਸਲ ਵਿੱਚ ਇਹ ਨਿਰਮੂਲ ਤੌਖਲਾ ਗੁਰਬਾਣੀ ਦੇ ਵਡੇਰੇ ਸੱਚ ਨੂੰ ਆਪਣੀ ਸੀਮਿਤ ਸਮਝ ਦੇ ਮੇਚ ਦਾ ਬਣਾਉਣ ਕਾਰਨ ਪੈਦਾ ਹੋਇਆ। ਜਿਸਦਾ ਮੂਲ ਕਾਰਨ ਕੈਲੰਡਰ ਦੇ ਮਾਹਿਰ ਨੂੰ ਗੁਰਬਾਣੀ ਦਾ ਵੀ ਮਾਹਿਰ ਮੰਨ ਲਏ ਜਾਣ ਦੀ ਕੀਤੀ ਗਈ ਉਕਾਈ ਸੀ। ਇਹ ਜ਼ਰੂਰੀ ਨਹੀ ਕਿ ਹਸਪਤਾਲ ਦੀ ਵਧੀਆ ਇਮਾਰਤ ਬਣਾਉਣ ਵਾਲਾ ਇਮਾਰਤਸਾਜ਼ ਮਾਹਿਰ ਡਾਕਟਰ ਵੀ ਹੋਏ। ਪੁਰੇਵਾਲ ਸਾਹਿਬ ਕੈਲੰਡਰ ਦੇ ਗਿਆਤਾ ਸਨ ਨਾਂ ਕਿ ਗੁਰਮਿਤ ਦੇ। ਸੋ, ਗੁਰਬਾਣੀ ਨੂੰ ਰੁੱਤਾਂ ਅਨਸਾਰ ਠੀਕ ਰੱਖਣ ਦੇ ਗਲਤ ਨੁਕਤੇ ਨੇ ਨਵਾਂ ਕੈਲੰਡਰ ਘੜਨ ਦੀ ਲੋੜ ਪੈਦਾ ਕਰ ਦਿੱਤੀ। ਜਿਸ ਦੀ ਕੋਈ ਜ਼ਰੂਰਤ ਹੈ ਹੀ ਨਹੀ ਸੀ। ਕਿਉਂਕਿ ਗੁਰਬਾਣੀ ਦਾ ਸੱਚ ਸਰਵ ਵਿਆਪੀ ਹੈ ਇਸ ਨੂੰ ਇੱਕ ਖਿੱਤੇ ਤੱਕ ਸੀਮਿਤ ਕਰਕੇ ਦੇਖਣਾ ਜਾਂ ਸਮਝਣਾ ਨਾਦਾਨੀ ਹੈ। ਪਰ ਪੁਰੇਵਾਲ ਸਾਹਿਬ ਵੱਲੋਂ ਇਸ ਤੌਖਲੇ ਨੂੰ ਲੋੜੋਂ ਵੱਧ ਤੂਲ ਦਿੱਤੇ ਜਾਣ ਕਾਰਨ ਚੰਗੇ ਭਲੇ ਬੁੱਧੀਜੀਵੀ ਵੀ ਇਸ ਡਰ ਦੇ ਸਿ਼ਕਾਰ ਹੋ ਗਏ ਅਤੇ ਅਜੇ ਵੀ ਇਸ ਭੈਅ ਦੇ ਪਰਭਾਵ ਤੋਂ ਮੁਕਤ ਨਹੀ ਹੋ ਰਹੇ।

(4) ਸਿੱਖਾਂ ਦੀ ਵੱਖਰੀ ਪਛਾਣ ਅਤੇ ਕੈਲੰਡਰ:- ਸਿੱਖਾਂ ਦਾ ਇੱਕ ਵਰਗ ਇਸ ਕੈਲੰਡਰ ਨੂੰ ਸਿੱਖਾਂ ਦੀ ਵੱਖਰੀ ਪਛਾਣ ਦਾ ਪਰਤੀਕ ਸਮਝਕੇ ਇਸ ਨੂੰ “ਹਮ ਹਿੰਦੂ ਨਹੀਂ” ਦਾ ਆਖਰੀ ਐਲਾਨ ਜਾਣਦਾ ਹੈ। ਉਨਾਂ ਵਾਸਤੇ ਤਾਰੀਖਾਂ ਦੇ ਝਮੇਲੇ ਤੋਂ ਮੁਕਤ ਹੋਣਾ ਐਨਾ ਅਹਿਮ ਨਹੀ ਜਿੰਨਾ ਸਿੱਖਾਂ ਦਾ ਹਿੰਦੂਆਂ ਨਾਲੋਂ ਨਾੜੂਆ ਕੱਟੇ ਜਾਣ ਦੇ ਯਤਨ ਕਰਨਾ। ਉਨ੍ਹਾਂ ਲਈ ਇਹ ਜ਼ਰੂਰੀ ਨਹੀ ਕਿ ਕੈਲੰਡਰ ਵਿੱਚ ਕੀ ਹੋਏ, ਉਹ ਸਿਰਫ ਵੱਖਰਾ ਕੈਲੰਡਰ ਚਾਹੁੰਦੇ ਹਨ ਇਹ ਕੇਵਲ ਕਹਿਣ ਨੂੰ ਹੀ ਹੋਏ। ਜਿਵੇਂ ਹਿੰਦੂ ਮੈਰਿਜ ਐਕਟ ਦੇ ਤੱਤ ਨਾਲ ਬਹੁਤਾ ਲੈਣ ਦੇਣ ਨਹੀ ਪਰ ਨਾਂ ਨਾਲ ਖਿਝ ਹੈ। ਇਸ ਲਈ ਵੱਖਰਾ ਆਨੰਦ ਮੈਰਿਜ ਐਕਟ ਹੋਣਾ ਚਾਹੀਦਾ ਹੈ। ਜਿਸਦਾ ਪੂਰਾ ਤੱਤ ਭਾਵੇ ਹਿੰਦੂ ਐਕਟ ਵਾਲਾ ਹੀ ਕਿਉਂ ਨਾਂ ਹੋਏ। ਇਸ ਸੋਚ ਦੇ ਸਿੱਖਾਂ ਵਾਸਤੇ ਕੈਲੰਡਰ ਤਾਰੀਖਾਂ ਦਾ ਸਾਧਨ ਘੱਟ ਪਰ ਵੱਖਰੀ ਪਛਾਣ ਦਾ ਸੁਖਦ ਅਹਿਸਾਸ ਕਰਾਉਣ ਵਾਲਾ ਜਿ਼ਆਦਾ ਹੈ। ਪਰ ਕੋਈ ਵੀ ਇਹ ਨਹੀ ਸੋਚਦਾ ਕਿ ਵੱਖਰੀ ਪਛਾਣ ਬਣਾਉਣ ਲਈ ਵੱਖਰੇ ਕੈਲੰਡਰ ਦੀ ਥਾਂ ਕੁੱਝ ਦਿਨ ਵੱਖਰੇ ਮਨਾਉਣ ਦਾ ਹੀਆ ਵੀ ਕਰਨਾ ਪਏਗਾ। ਮਿਸਾਲ ਵਜੋਂ, ਘੱਟੋ ਘੱਟ ਦਰਬਾਰ ਸਾਹਿਬ ਅੰਦਰ ਦੀਵਾਲੀ ਮਨਾਉਣੀ ਬੰਦ ਕਰਨੀ ਪਏਗੀ, ਗੁਰੂ ਨਾਨਕ ਦਾ ਪੁਰਬ ਪੂਰਨਮਾਸ਼ੀ ਨਾਲੋਂ ਤੋੜਨਾ ਪਏਗਾ, ਹੋਲੇ ਦਾ ਦਿਨ ਨੀਯਤ ਕਰਨਾ ਪਏਗਾ ਅਤੇ ਖਾਲਸੇ ਦਾ ਸਾਜਨਾ ਦਿਵਸ ਵੈਸਾਖੀ ਨਾਲੋਂ ਤੋੜਨ ਦਾ ਜੇਰਾ ਕਰਨਾ ਪਵੇਗਾ। ਐਸਾ ਨਾਂ ਕਰਨ ਦੀ ਸੂਰਤ ਵਿੱਚ ਕੰਧ ਤੇ ਟੰਗਿਆ ਕੋਈ ਵੀ ਕੈਲੰਡਰ ਵੱਖਰੀ ਪਛਾਣ ਦਾ ਪਰਤੀਕ ਨਹੀ ਹੋ ਸਕਦਾ। ਕਿਉਂਕਿ ਪਛਾਣ ਅਮਲਾਂ ਨਾਲ ਬਣਦੀ ਹੈ ਨਾਂ ਕਿ ਕੈਲੰਡਰਾਂ ਨਾਲ। ਉਂਜ ਵੀ ਮਿਲਗੋਭਾ ਕਿਸਮ ਦਾ ਕੈਲੰਡਰ ਵੱਖਰੀ ਪਛਾਣ ਕਾਇਮ ਕਰਨ ਦੀ ਸਮਰੱਥਾ ਨਹੀ ਰੱਖਦਾ। ਜਿਸ ਕੈਲੰਡਰ ਵਿੱਚ 3 ਦਿਨ ਪੱਕੇ ਨਾਂ ਕੀਤੇ ਹੋਣ ਉਸ ਕਾਰਨ ਵੱਖਰੇ ਬਖੇੜੇ ਤਾਂ ਖੜੇ ਹੋ ਸਕਦੇ ਆ ਪਰ ਵੱਖਰੀ ਪਛਾਣ ਪੈਦਾ ਨਹੀ ਹੋ ਸਕਦੀ।

(5) ਕੀ ਵੱਖਰੇ ਕੈਲੰਡਰ ਦੀ ਲੋੜ ਹੈ ਵੀ ? ਕੈਲੰਡਰ ਦੁਨਿਆਵੀ ਕਾਰਜਾਂ ਨੂੰ ਨਿਰਵਿਘਨ ਨੇਪਰੇ ਚਾੜਨ ਲਈ ਤਾਰੀਖਾਂ ਦੀ ਜਾਣਕਾਰੀ ਦਾ ਸਾਧਨ ਹਨ। ਸਿੱਖਾਂ ਦੇ ਸਭ ਕਾਰਜ ਪਰਚਲਿਤ ਈਸਵੀ ਕੈਲੰਡਰ ਦੀ ਵਰਤੋਂ ਨਾਲ ਰਾਸ ਆ ਸਕਦੇ ਹਨ। ਇਸ ਲਈ ਨਵੇ ਕੈਲੰਡਰ ਦੀ ਘਾੜਤ ਘੜਨ ਦੀ ਜ਼ਰੂਰਤ ਹੀ ਨਹੀ ਸੀ। ਇੰਜ ਲਗਦਾ ਹੈ ਜਿਵੇਂ ਸਰਦਾਰ ਪੁਰੇਵਾਲ ਨੇ ਰੁੱਤਾਂ ਅਤੇ ਗੁਰਬਾਣੀ ਦਾ ਤਾਲਮੇਲ ਵਿਗੜ ਜਾਣ ਦਾ ਖੌਫ ਖੜਾ ਕਰਕੇ ਨਵਾਂ ਕੈਲੰਡਰ ਘੜਨ ਦੀ ਲੋੜ ਮਹਿਸੂਸ ਕਰਵਾ ਕੇ ਗੰਜਿਆਂ ਨੂੰ ਕੰਘੀਆਂ ਵੇਚਣ ਵਾਲੀ ਗੱਲ ਕੀਤੀ ਹੋਏ। ਵੱਖਰੀ ਪਛਾਣ ਵਾਲਾ ਮਸਲਾ ਵੀ ਨਵੇਂ ਕੈਲੰਡਰ ਦੇ ਖਲਜਗਣ ਵਿੱਚ ਪੈਣ ਤੋਂ ਬਿਨਾਂ ਸਹਿਜੇ ਹੀ ਹੱਲ ਕੀਤਾ ਜਾ ਸਕਦਾ ਹੈ। ਜੇਕਰ ਸਾਰਾ ਜ਼ੋਰ ਲਾ ਕੇ ਕੈਲੰਡਰ ਬਣਾ ਵੀ ਲਿਆ ਜਾਂਦਾ ਹੈ ਤਾਂ ਇਸ ਦੀ ਰੋਜ਼ਾਨਾ ਜਿ਼ੰਦਗੀ ਵਿੱਚ ਤਾਂ ਵਰਤੋਂ ਫਿਰ ਵੀ ਨਹੀ ਹੋ ਸਕੇਗੀ। ਅਸੀ ਸਾਰੇ ਕਾਰ ਵਿਹਾਰ ਤਾਂ ਈਸਵੀ ਕੈਲੰਡਰ ਮੁਤਾਬਕ ਹੀ ਕਰਦੇ ਹਾਂ ਅਤੇ ਕਰਦੇ ਰਹਾਂਗੇ।

(6) ਕੈਲੰਡਰ ਵਿਵਾਦ ਦੇ ਦੁਰਪਰਭਾਵ? ਕੈਲੰਡਰ ਦੀ ਨਿਰਮੂਲ ਅਤੇ ਬੇਲੋੜੀ ਬਹਿਸ ਵਿੱਚ ਕੋਈ 20 ਸਾਲ ਦਾ ਸਮਾਂ ਅਤੇ ਸ਼ਕਤੀ ਹੀ ਵਿਅਰਥ ਨਹੀ ਗਈ ਸਗੋਂ ਇਸ ਵਿਵਾਦ ਕਾਰਨ ਭਾਈਚਾਰੇ ਵਿੱਚ ਇੱਕ ਹੋਰ ਵੰਡ ਪੈਦਾ ਹੋ ਗਈ। ਖਰਾਬ ਰਹੇ ਹਾਲਾਤਾਂ ਦੌਰਾਨ ਜਦੋਂ ਬੰਦੂਕ ਨੇ ਅਕਲ ਅੱਗੇ ਲਾਈ ਹੋਈ ਸੀ ਉਦੋਂ ਹੀ ਸਿੱਖ ਪੰਥ ਦੇ ਵਿਹੜੇ ਵਿੱਚ ਬੌਧਿਕ ਰੇਗਿਸਤਾਨ ਪਸਰਨਾ ਸ਼ੁਰੂ ਹੋ ਚੁੱਕਾ ਸੀ ਜੋ ਕਿ ਕੈਲੰਡਰ ਵਰਗੇ ਨਿਗੂਣੇ ਮੁੱਦਿਆਂ ਮੋਢੇ ਚੜ੍ਹਕੇ ਹੋਰ ਦੂਣ ਸਵਾਇਆ ਹੋ ਗਿਆ ਹੈ। ਇਸ ਸਮੇ ਨੂੰ ਕਿਸੇ ਚੰਗੀ ਭਵਿੱਖੀ ਨੀਤੀ ਦੀ ਘਾੜਤ ਲੇਖੇ ਲਾਇਆ ਜਾ ਸਕਦਾ ਸੀ।

(7) ਹੱਲ ਕੀ ਹੈ? ਕੈਲੰਡਰ ਨਾਲ ਕੋਈ ਵੱਡੀ ਸਮੱਸਿਆ ਜੁੜੀ ਹੋਈ ਨਹੀ ਸੀ। ਬੁਨਿਆਦੀ ਤਕਲੀਫ ਤਾਰੀਖਾਂ ਦਾ ਬਦਲਦੇ ਰਹਿਣ ਕਾਰਨ ਆ ਰਹੀਆਂ ਮਾਮੂਲੀ ਦਿੱਕਤਾਂ ਸਨ। ਜਿਨ੍ਹਾਂ ਦੇ ਹੱਲ ਲਈ ਹਰ ਸਾਲ ਮਨਾਏ ਜਾਣ ਵਾਲੇ 10-12 ਅਹਿਮ ਦਿਨਾਂ ਦੀਆਂ ਤਾਰੀਖਾਂ ਪੱਕੀਆਂ ਕਰ ਲਈਆਂ ਜਾਣੀਆਂ ਚਾਹੀਦੀਆਂ ਸਨ ਅਤੇ ਬਾਕੀ ਸਭ ਕੁੱਝ ਸਥਾਨਕ ਲੋਕਾਂ ਨੂੰ ਆਪੋ ਆਪਣੀ ਸਹੂਲਤ ਮੁਤਾਬਕ ਕਰ ਲੈਣ ਲਈ ਕਹਿ ਦੇਣਾ ਚਾਹੀਦਾ ਸੀ। ਜਿਵੇਂ ਕਿ ਗੁਰੂਆਂ ਦੇ ਗੁਰ ਪੁਰਬ ਤਾਂ ਸਾਰੇ ਸੰਸਾਰ ਵਿੱਚ ਮਨਾਏ ਜਾਂਦੇ ਹਨ। ਇਸ ਲਈ ਇਹ ਤਾਰੀਖਾਂ ਪੱਕੀਆਂ ਹੋ ਜਾਣ ਨਾਲ ਸਭ ਨੂੰ ਸੌਖਾ ਹੋ ਜਾਏਗਾ। ਪਰ ਬਾਬੇ ਬੁੱਢੇ ਦਾ ਜਨਮ ਦਿਨ ਤਾਂ ਸਾਰੇ ਸੰਸਾਰ ਵਿੱਚ ਨਹੀ ਮਨਾਇਆ ਜਾਂਦਾ ਇਸ ਲਈ ਐਸੇ ਦਿਨਾਂ ਦੀ ਤਾਰੀਖਾਂ ਪੱਕੀਆਂ ਕਰਨ ਤੇ ਜ਼ੋਰ ਲਾਉਣ ਨਾਲੋਂ ਸਥਾਨਕ ਲੋਕਾਂ ਉੱਪਰ ਛੱਡ ਦੇਣਾ ਯੋਗ ਹੋਏਗਾ।

ਗੁਰਬਾਣੀ ਦਾ ਰੁੱਤਾਂ ਨਾਲ ਤਾਲਮੇਲ ਬਿਠਾਉਣ ਲਈ ਕੈਲੰਡਰ ਬਣਾਉਣ ਵਾਲਾ ਫੁਰਨਾ ਗੈਰ ਸਿਧਾਂਤਕ ਹੋਣ ਕਾਰਨ ਛੱਡ ਦੇਣਾ ਵਾਜਿਬ ਹੋਏਗਾ।

ਜਿਨਾਂ ਵੱਖਰੀ ਪਛਾਣ ਦੇ ਯਤਨ ਕਰਨੇ ਹਨ ਉਨ੍ਹਾਂ ਲਈ ਵੱਖਰਾ ਕੈਲੰਡਰ ਯੋਗ ਰਾਹ ਸਾਬਿਤ ਨਹੀ ਹੋਇਆ। ਉਨ੍ਹਾਂ ਨੂੰ ਵੱਖਰੀ ਪਛਾਣ ਲਈ ਵੱਡੇ ਯਤਨ ਕਰਨੇ ਪੈਣਗੇ। ਜਿਨ੍ਹਾਂ ਵਿੱਚ ਲੋਕਾਂ ਨੂੰ ਵੱਡੀਆਂ ਤਬਦੀਲੀਆਂ, ਜਿਵੇਂ ਦੀਵਾਲੀ, ਪੂਰਨਮਾਸ਼ੀ, ਮੱਸਿਆ ਆਦਿ ਤੋਂ ਮੁਕਤ ਹੋਣ, ਗੁਰੂੁ ਨਾਨਕ ਦਾ ਪੁਰਬ ਪੁਰਨਮਾਸ਼ੀ ਨਾਲੋਂ ਅਲੱਗ ਕਰਨ, ਖਾਲਸੇ ਦਾ ਸਾਜਨਾ ਦਿਵਸ ਵੈਸਾਖੀ ਨਾਲੋਂ ਅਲੱਗ ਕਰਨ, ਹੋਲੇ ਦਾ ਦਿਨ ਮੁਕੱਰਰ ਕਰਨ ਅਤੇ ਘੱਟੋ ਘੱਟ ਦਰਬਾਰ ਸਾਹਿਬ ਅੰਦਰ ਦੀਵਾਲੀ ਮਨਾਉਣਾ ਬੰਦ ਕਰਨ ਆਦਿ ਵਾਸਤੇ ਤਿਆਰ ਕਰਨਾ ਹੋਏਗਾ। ਕਿਉਂਕਿ ਵੱਖਰੀ ਪਛਾਣ ਵੱਖਰੇ ਕਰਮ ਕਰਨ ਨਾਲ ਬਣਦੀ ਹੈ ਨਾਂ ਕਿ ਕੰਧ ਉੱਪਰ ਟੰਗੇ ਕਿਸੇ ਕੈਲੰਡਰ ਨਾਲ।

ਸੰਪਰਕ: 001 905 795 3428
ਕਿਊਬਿਕ ਦਾ ਇਤਿਹਾਸਕ ਵਿਦਿਆਰਥੀ ਅੰਦੋਲਨ -ਮਨਦੀਪ
ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਤੇ ਉਸਦਾ ਸੰਗਰਾਮੀ ਪੈਗ਼ਾਮ -ਰਣਜੀਤ ਲਹਿਰਾ
ਇੰਟਰਨੈੱਟ ਦੇ ਦੌਰ ਵਿੱਚ ਰੇਡੀਓ ਦੀ ਸਰਦਾਰੀ -ਡਾ. ਭੁਪਿੰਦਰ ਸਿੰਘ ਬਤਰਾ
ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ : ਯੋਗਦਾਨ ਬਗੈਰ ਸਰਕਾਰ ਦੀ ਚੌਧਰ -ਕੁਲਦੀਪ ਚੰਦ
ਵਾਇਰਸ ਵਰਸਸ ਵਤਨ : ਇਕਜੁੱਟ ਹੋ ਕੇ ਲੜਨ ਦੀ ਲੋੜ -ਵਰਗਿਸ ਸਲਾਮਤ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਆਦਮੀ ਭਾਗ ਸਿੰਘ ਦਾ ਸੁਪਨਾ-ਹੁਣ ਭਾਰਤ ਰਾਜ ਤੋਂ ਸਵਰਾਜ ਬਣੇ -ਭਾਵਨਾ ਮਲਿਕ

ckitadmin
ckitadmin
October 6, 2013
ਅੱਜ ਅਸੀ ਜੇ ਚੁੱਪ ਰਹੇ, ਕੱਲ੍ਹ ਮੂੰਹਾਂ ਨੂੰ ਜੰਦਰੇ ਲਾਉਣਗੇ -ਸੁਕੀਰਤ
ਵਿੱਦਿਆ ਤੇ ਵਿਦਿਅਕ ਪ੍ਰਬੰਧ ਪ੍ਰਤੀ ਫਿਕਰਮੰਦ ਹਰ ਸ਼ਖ਼ਸ ਦੇ ਪੜ੍ਹਣਯੋਗ ਦਸਤਾਵੇਜ਼ -ਗੁਰਮੀਤ ਸੁਖਪੁਰਾ
ਧਰਮ ਪਰਿਵਰਤਨ ਬਨਾਮ ‘ਘਰ ਵਾਪਸੀ’ ਦਾ ਮੁੱਦਾ – ਰਣਜੀਤ ਲਹਿਰਾ
ਕੁਰਬਾਨੀ – ਰਵਿੰਦਰ ਸ਼ਰਮਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?