ਦਿੱਲੀ ਵਿਧਾਨ ਸਭਾ ਦੀਆਂ ਚੋਣਾ, ਆਪਣੇ ਆਪ ਨੂੰ ਅਜਿੱਤ ਹੋਣ ਦਾ ਭਰਮ ਪਾਲੀ ਬੈਠੀ ਭਾਜਪਾ ਨੂੰ ਵਾਟਰ ਲੂ ਦੀ ਜੰਗ ਸਾਬਤ ਹੋਣ ਜਾ ਰਹੀਆਂ ਦਿਖਾਈ ਦੇ ਦਿੰਦੀਆਂ ਹਨ। ਬਿਨਾਂ ਸ਼ੱਕ ਇਹਨਾਂ ਚੋਣਾਂ ਵਿਚ ਮੁਖ ਮੁਕਾਬਲਾ ਭਾਵੇ ਆਮ ਆਦਮੀ ਪਾਰਟੀ ਅਤੇ ਭਾਜਪਾ ਦਰਮਿਆਨ ਹੈ ਪ੍ਰੰਤੂ ਕਾਂਗਰਸ ਅਤੇ ਬਸਪਾ ਵੀ ਆਪਣਾ ਗੁਆਚਿਆ ਧਰਾਤਲ ਹਾਸਲ ਕਰਨ ਲਈ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਹਨ ,ਧਿਆਨ ਨਾਲ ਦੇਖਿਆ ਜਾਵੇ ਤਾਂ ਕਾਂਗਰਸ ਅਤੇ ਬਸਪਾ ਵਲੋਂ ਪ੍ਰਾਪਤ ਕੀਤੀ ਵੋਟ ਪ੍ਰਤੀਸ਼ਤਤਾ ਨੇ ਹੀ ਚੋਣ ਨਤੀਜਿਆਂ ਤੇ ਅਸਰ ਅੰਦਾਜ ਹੋਣਾ ਹੈ।ਹੁਣ ਤੱਕ ਜਾਰੀ ਹੋਏ ਚੋਣ ਸਰਵੇਖਣਾਂ ਅਤੇ ਵਖ ਵਖ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਕਾਂਗਰਸ ਪਾਰਟੀ ਦੇ ਤੀਜੇ ਸਥਾਨ ਤੇ ਰਹਿਣ ਦੀ ਸੰਭਾਵਨਾ ਹੈ ਉਥੇ ਆਮ ਆਦਮੀ ਪਾਰਟੀ ਦਾ ਹਥ ਸਭ ਤੋਂ ਉਪਰ ਲਗਦਾ ਹੈ।
ਸਭ ਤੋਂ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸੰਘ ਵਲੋਂ ਆਪਣੇ ਪਤਰ “ਆਰਗੇਨਾਈਜਰ “ਵਿਚ ਭਾਜਪਾ ਦੀ ਆਪ ਦੇ ਮੁਕਾਬਲੇ ਬਣੀ ਕੰਮਜੋਰ ਸਥਿਤੀ ਵਲ ਸਪਸ਼ਟ ਸੰਕੇਤ ਦਿੱਤਾ ਗਿਆ ਹੈ।ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਵੈੰਕਈਆ ਨਾਇਡੂ ਦਾ ਚੋਣ ਪ੍ਰਚਾਰ ਬੰਦ ਹੋਣ ਵਾਲੇ ਦਿਨ ਦੀਆਂ ਅਖਬਾਰਾਂ ਨੂੰ ਦਿੱਤਾ ਇਹ ਬਿਆਨ ਕਿ ਦਿੱਲੀ ਵਿਚ ਮਿਲਣ ਵਾਲੇ ਲੋਕ ਫਤਵੇ ਦਾ ਮੋਦੀ ਸਰਕਾਰ ਦੀ ਕਾਰ ਗੁਜਾਰੀ ਨਾਲ ਕੋਈ ਸਬੰਧ ਨਹੀਂ ਹੋਵੇਗਾ,ਆਪਣੇ ਆਪ ਵਿਚ ਵੱਡੇ ਮਾਅਨੇ ਰਖਦਾ ਹੈ। ਅਸਲ ਵਿਚ ਜਿੰਨੇ ਦਾਅ ਹੁਣ ਤੱਕ ਸੰਘ ਦੀ ਸਲਾਹ ਨਾਲ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੇ ਦਿੱਲੀ ਫਤਿਹ ਕਰਨ ਲਈ ਖੇਡੇ ਹਨ ਸਭ ਭਾਜਪਾ ਨੂੰ ਪੁਠੇ ਪਏ ਹਨ। ਕੁਝ ਨਿਰਪਖ ਚਿੰਤਕਾਂ ਦਾ ਕਹਿਣਾ ਹੈ ਕਿ ਦਿੱਲੀ ਜਿਸ ਨੂੰ ਪੂਰਨ ਰਾਜ ਦਾ ਦਰਜਾ ਵੀ ਪ੍ਰਾਪਤ ਨਹੀਂ ਹੈ ਉਥੋਂ ਦੇ ਮੁਖ ਮੰਤਰੀ ਦੀ ਹੈਸੀਅਤ ਕਿਸੇ ਵੱਡੇ ਸ਼ਹਿਰ ਦੇ ਮੇਅਰ ਵਰਗੀ ਹੁੰਦੀ ਹੈ, ਇਸ ਲਈ ਭਾਜਪਾ ਨੂੰ ਦਿਲੀ ਦੀਆਂ ਚੋਣਾਂ ਆਪਣੇ ਵਕਾਰ ਦਾ ਸਵਾਲ ਬਣਾ ਕੇ ਨਹੀਂ ਲੜਨੀਆਂ ਚਾਹੀਦੀਆਂ ਸਨ। ਇਸ ਤਰਕ ਨਾਲ ਸਹਿਮਤ ਹੋਣਾ ਭਾਵੇਂ ਮੁਸ਼ਕਿਲ ਹੈ ਪ੍ਰੰਤੂ ਦਿੱਲੀ ਚੋਣਾਂ ਜਿੱਤਣ ਲਈ ਭਾਜਪਾ ਨੂੰ ਰਾਜਨੀਤਕ ਮਰਿਯਾਦਾ ਦੀ ਹੱਦਬੰਦੀ ਪਾਰ ਨਹੀਂ ਸੀ ਕਰਨੀ ਚਾਹੀਦੀ।
ਪੀ ਐਮ ਸਾਰੇ ਦੇਸ਼ ਦਾ ਹੁੰਦਾ ਹੈ ਪ੍ਰੰਤੂ ਜਿਸ ਤਰਾਂ ਦੀ ਉਹਨਾਂ ਨੇ ਇਹਨਾਂ ਚੋਣਾਂ ਵਿਚ ਬਿਆਨਬਾਜੀ ਕੀਤੀ ਉਸ ਨਾਲ ਉਹਨਾ ਦਾ ਰਾਜਸੀ ਕੱਦ ਵਧਿਆ ਨਹੀਂ,ਘਟਿਆ ਹੀ ਹੈ। ਇਸ ਲੇਖ ਨੂੰ ਕਿਸੇ ਕਿਸਮ ਦੀ ਭਵਿਖ ਬਾਣੀ ਨਾ ਸਮਝਿਆ ਜਾਵੇ ਇਸ ਵਿਚ ਉਹੀ ਕੁਝ ਸਾਂਝਾ ਕਰਨ ਦਾ ਯਤਨ ਕਰਨ ਦੀ ਕੋਸਿਸ਼ ਕੀਤੀ ਗਈ ਹੈ ਜੋ ਕੁਝ ਹੁਣ ਤੱਕ ਦਿੱਲੀ ਵਿਧਾਨ ਸਭਾ ਦੇ ਖੇਤਰ ਅੰਦਰ ਸਿਧੇ ਜਾ ਅਸਿਧੇ ਰੂਪ ਵਿਚ ਵਾਪਰ ਰਿਹਾ ਹੈ ਜਾ ਲਿਖਤੀ,ਬਿਜਲਈ ਅਤੇ ਸੋਸ਼ਿਲ ਮੀਡੀਆ ਸਾਡੇ ਸਾਹਮਣੇ ਪਰੋਸਦਾ ਆ ਰਿਹਾ ਹੈ।ਇਸ ਸਮੇਂ ਭਾਜਪਾ ਦੀ ਚਿੰਤਾ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹਨਾਂ ਚੋਣਾਂ ਨੂੰ ਲੈ ਕੇ ਪਾਰਟੀ ਅੰਦਰ ਸਥਿਤੀ ਬੇਹੱਦ ਵਿਸਫੋਟਕ ਬਣੀ ਹੋਈ ਹੈ ।ਹਾਲ ਹੀ ਵਿਚ ਜਿਹਨਾਂ ਰਾਜਾਂ ਅੰਦਰ ਭਾਜਪਾ ਨੇ ਚੋਣਾਂ ਜਿੱਤੀਆਂ ਹਨ ਉਥੇ ਕਿਸੇ ਵਿਅਕਤੀ ਵਿਸੇਸ਼ ਨੂੰ ਬਤੌਰ ਮੁਖ ਮੰਤਰੀ ਪਾਰਟੀ ਵਲੋਂ ਪੇਸ਼ ਨਹੀਂ ਕੀਤਾ ਗਿਆ ।ਇਹ ਚੋਣਾਂ ਕੇਵਲ ਤੇ ਕੇਵਲ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਹੇਠ ਲੜੀਆਂ ਗਈਆਂ ਸਨ ।
ਚੱਲ ਰਹੇ ਅਤੇ ਪਲ ਪਲ ਬਦਲ ਰਹੇ ਚੋਣ ਦ੍ਰਿਸ਼ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਪਤਾ ਲਗਦਾ ਹੈ ਕਿ 10 ਜਨਵਰੀ ਤੱਕ ਨਰਿੰਦਰ ਮੋਦੀ ਅਤੇ ਬੀ ਜੇ ਪੀ ਦਿੱਲੀ ਚੋਣ ਨੂੰ ਲੈ ਕੇ ਬਹੁਤ ਉਤਸ਼ਾਹ ਵਿਚ ਸਨ ,10 ਜਨਵਰੀ ਦੀ ਰੈਲੀ ਨੂੰ ਜਿਸ ਤਰਾਂ ਦਾ ਮਠਾ ਹੁੰਗਾਰਾ ਦਿੱਲੀ ਨਿਵਾਸੀਆਂ ਵਲੋਂ ਮਿਲਿਆ ਉਸ ਨੇ ਭਾਜਪਾ ਦੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ ਅਤੇ ਭਾਜਪਾ ਸਮੇਤ ਭਾਜਪਾ ਦਾ ਕਰਤਾ ਧਰਤਾ ਧੁਰ ਅੰਦਰੋਂ ਹਿਲ ਗਏ। ਇਸ ਦੇ ਫਲਸਰੂਪ ਸੰਘ ਨਾਲ ਅੰਦਰ ਖਾਤੇ ਰਾਜਸੀ ਗੋਟੀਆਂ ਫਿੱਟ ਕਰਦਿਆ ਭਾਜਪਾ ਆਗੂ ਜੋੜੀ ਨੇ ਬਿਨਾਂ ਕਿਸੇ ਨੂੰ ਹਮਰਾਜ ਬਣਾਇਆਂ ਆਪਣੇ ਮੁਖ ਵਿਰੋਧੀ ਅਰਵਿੰਦ ਦੀ ਸਾਬਕਾ ਸਾਥੀ ਅਤੇ ਅੰਨਾ ਹਜਾਰੇ ਦੀ ਕਰੀਬੀ ਕਿਰਨ ਬੇਦੀ ਨੂੰ ਰਾਤੋ ਰਾਤ ਪੈਰਾ ਸ਼ੂਟ ਰਾਹੀਂ ਭਾਜਪਾ ਖੇਮੇ ਵਿਚ ਉਤਾਰਕੇ ਉਸ ਨੂੰ ਬਤੌਰ ਮੁਖਮੰਤਰੀ ਉਮੀਦਵਾਰ ਪੇਸ਼ ਕਰ ਦਿੱਤਾ।ਕਹਿੰਦੇ ਹਨ ਕਿ ਜਿਸ ਰਾਜਨੀਤਕ ਪਾਰਟੀ ਅੰਦਰ ਹਵਾਈ ਛਤਰੀ ਜਰੀਏ ਆਗੂ ਉਤਾਰੇ ਜਾਣ ਲੱਗ ਪੈਣ ਉਸ ਪਾਰਟੀ ਦੇ ਕਾਰਜ ਕਰਤਾਵਾਂ ਦੀ ਜਮੀਨ ਬੰਜਰ ਹੋਣ ਲੱਗ ਪੈਂਦੀ ਹੈ ।
ਕਿਰਨਬੇਦੀ ਤੋਂ ਇਲਾਵਾ ਟੀਮ ਅੰਨਾ ਨਾਲ ਸਬੰਧਿਤ ਸਾਬਕਾ ਸਪੀਕਰ ਐਮ ਐਸ ਧੀਰ ,ਸ਼ਾਜਿਆ ਇਲਮੀ ,ਵਿਨੋਦ ਕੁਮਾਰ ਬਿਨੀ ਵਰਗੇ ਨੇਤਾਵਾਂ ਨੂੰ ਵੀ ਭਾਜਪਾ ਵਿਚ ਸ਼ਾਮਿਲ ਹੀ ਨਹੀਂ ਕੀਤਾ ਗਿਆ ਸਗੋਂ ਉਹਨਾਂ ਨੂੰ ਟਿਕਟਾਂ ਨਾਲ ਵੀ ਨਿਵਾਜਿਆ ਗਿਆ। ਹਾਈ ਕਮਾਨ ਦੀ ਇਸ ਕਾਰਵਾਈ ਸਦਕਾ ਬਹੁਤ ਸਾਰੇ ਭਾਜਪਾ ਕਾਰਜ ਕਰਤਾਵਾਂ ਸਮੇਤ ਹੇਠ ਤੋਂ ਉਪਰ ਤੱਕ ਦੇ ਭਾਜਪਾ ਆਗੂ ਅੰਦਰੋਂ ਭਰੇ ਪੀਤੇ ਹਨ ਪਰੰਤੂ ਅਨੁਸਾਸ਼ਨੀ ਡੰਡੇ ਕਾਰਨ ਇਸ ਵਰਤਾਰੇ ਨੂੰ ਆਪੋ ਆਪਣੇ ਤਰਕਾਂ ਨਾਲ ਜਾਇਜ ਠਹਿਰਾ ਰਹੇ ਹਨ।ਭਾਜਪਾ ਦੇ ਇੱਕ ਪ੍ਰਮੁਖ ਨੇਤਾ ਦਾ ਕਹਿਣਾ ਹੈ ਕਿ ,”ਅੰਨਾ ਅੰਦੋਲਨ ,”ਆਪ”ਦੇ ਜਨਮ ਅਤੇ ਇਮਾਨਦਾਰਾਨਾ ਅਕਸ ਵਾਲੇ ਅਰਵਿੰਦ ਕੇਜਰੀਵਾਲ ਵਰਗੇ ਚਿਹਰੇ ਕਾਰਨ ਦਿੱਲੀ ਪ੍ਰਦੇਸ਼ ਦੀ ਰਾਜਨੀਤੀ 180 ਡਿਗਰੀ ਘੁੰਮ ਗਈ ਹੈ।ਜਿਸ ਤਰਾਂ ਦੀ ਰਾਜਨੀਤੀ ਪੂਰੇ ਦੇਸ਼ ਅੰਦਰ ਹੋ ਰਹੀ ਹੈ,ਦਿੱਲੀ ਦੀ ਰਾਜਨੀਤੀ ਉਸ ਨਾਲੋਂ ਪੂਰੀ ਤਰਾਂ ਅਲੱਗ ਹੈ।ਇਥੇ ਰਾਜਨੀਤੀ ਦੇ ਤੌਰ ਤਰੀਕੇ ਬਦਲ ਗਏ ਹਨ,ਜਿਸ ਦੇ ਚਲਦਿਆਂ ਭਾਜਪਾ ਨੂੰ ਆਪਣੀ ਰਣਨੀਤੀ ਤਾਂ ਬਦਲਣੀ ਹੀ ਪੈਣੀ ਸੀ,”।ਇਸੇ ਤਰਾਂ ਭਾਜਪਾ ਦੇ ਇੱਕ ਉਪ ਪ੍ਰਧਾਨ ਦਾ ਮਨਣਾ ਹੈ ਕਿ ,ਪ੍ਰ੍ਦੇਸ ਦੇ ਨੇਤਾਵਾਂ ਨੇ ਕੋਈ ਕੰਮ ਨਹੀਂ ਕੀਤਾ ,ਬੀਤੇ ਤਿੰਨ ਸਾਲਾਂ ਦੌਰਾਨ ਜਿਸ ਤਰਾਂ ਦਿੱਲੀ ਦਾ ਮਿਜਾਜ ਬਦਲਿਆ ਹੈ ਉਸ ਦੇ ਹਿਸਾਬ ਕਿਸੀ ਵੀ ਨੇਤਾ ਨੇ ਆਪਣੇ ਆਪ ਨੂੰ ਤਿਆਰ ਨਹੀਂ ਕੀਤਾ ।
ਹਾਈ ਕਮਾਨ ਨੂੰ ਸਮੇਂ ਅਨੁਸਾਰ ਬਦਲਾਅ ਕਰਨ ਲਈ ਮਜਬੂਰ ਹੋਣਾ ਪਿਆ।ਇਸ ਤਰਾਂ ਦੀ ਵਿਚਾਰਧਾਰਾ ਰਖਣ ਵਾਲੇ ਆਗੂਆਂ ਨੂੰ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਉੱਤੇ ਬੇ ਹੱਦ ਯਕੀਨ ਹੈ।ਇਹਨਾਂ ਦਾ ਕਹਿਣਾ ਹੈ ਕਿ ਮੋਦੀ ਅਤੇ ਅਮਿਤ ਸ਼ਾਹ ਵਕਤ ਦੀਆਂ ਲੋੜਾਂ ਨੂੰ ਸਾਹਮਣੇ ਰਖ ਕੇ ਪਾਰਟੀ ਨੂੰ ਨਵੀ ਦਿਖ ਪ੍ਰਦਾਨ ਕਰ ਰਹੇ ਹਨ ।ਉਹਨਾਂ ਦੀ ਅਗਵਾਈ ਹੇਠ ਪਾਰਟੀ ਵਿਚ ਕਾਫੀ ਹੱਦ ਤੱਕ ਬਦਲਾਅ ਆਇਆ ਹੈ ਜੋ ਆਉਣ ਵਾਲੇ ਸਮੇ ਵਿਚ ਵੀ ਆਵੇਗਾ।ਦਿੱਲੀ ਦੀ ਸਾਬਕਾ ਮੇਅਰ ਆਰਤੀ ਮਹਿਰਾ ਤਾਂ ਕਿਰਨ ਬੇਦੀ ਨੂੰ ਮਾਸਟਰ ਸਟਰੋਕ ਦਾ ਦਰਜਾ ਦਿੰਦਿਆਂ “ਆਪ”ਲੀਡਰਸ਼ਿਪ ਨੂੰ ਬੁਰੀ ਤਰਾਂ ਮਾਤ ਦੇਣ ਦੇ ਦਾਅਵੇ ਕਰਦੀ ਆ ਰਹੀ ਹੈ।ਲੇਕਿਨ ਜਿਸ ਕਿਰਨ ਬੇਦੀ ਨੂੰ ਮਾਸਟਰ ਸਟ ਰੋਕ ਸਮਝ ਕੇ ਲਿਆਂਦਾ ਗਿਆ ਸੀ ਉਸੇ ਕਿਰਨ ਬੇਦੀ ਕਾਰਨ ਪਾਰਟੀ ਅੰਦਰ ਮਹਾਂਭਾਰਤ ਛਿੜਿਆ ਹੋਇਆ ਹੈ।ਸਥਾਨਕ ਆਗੂ ਮੁਖ ਮੰਤਰੀ ਦੀ ਉਮੀਦਵਾਰੀ ਲਈ ਕਿਰਨ ਬੇਦੀ ਦੇ ਨਾਮ ਦਾ ਐਲਾਨ ਹੋਣ ਉਪਰੰਤ ਨਹੁੰ ਨਹੁੰ ਦੁਖੀ ਹਨ।
ਇਸ ਦੁਖ ਦਾ ਸਭ ਤੋਂ ਪਹਿਲਾੰ ਇਜਹਾਰ ਕਰਨ ਦੀ ਸ਼ੁਰੁਆਤ ਉਤਰ ਪੂਰਬ ਦਿੱਲੀ ਦੇ ਸੰਸਦ ਮਨੋਜ ਤਿਵਾੜੀ ਨੇ ਇਹ ਕਹਿ ਕੇ ਕੀਤੀ ਕਿ ਦਿੱਲੀ ਵਾਸੀਆਂ ਨੂੰ ਨੇਤਾ ਚਾਹੀਦਾ ਹੈ ਥਾਣੇਦਾਰ ਨਹੀਂ। ਉਮੀਦਵਾਰਾਂ ਦੇ ਨਵਾਂ ਦੀ ਸੂਚੀ ਜਨਤਕ ਹੋ ਜਾਣ ਤੋਂ ਬਾਅਦ ਤਾਂ ਪਾਰਟੀ ਦੀਆਂ ਸਫਾਂ ਅੰਦਰ ਅਸੰਤੋਸ਼ ਦੀ ਲਹਿਰ ਫੈਲ ਗਈ, ਜਿਸ ਤੇ ਹੁਣ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ।ਮੁਖ ਮੰਤਰੀ ਅਹੁਦੇ ਦਾ ਆਪਣੇ ਆਪ ਨੂੰ ਪ੍ਰਮੁਖ ਦਾਅਵੇਦਾਰ ਸਮਝ ਰਹੇ ਜਗਦੀਸ਼ ਮੁਖੀ ਦਿਲ ਦਾ ਦਰਦ ਅੰਦਰ ਦਬਾ ਕੇ ਬੰਨੇ ਰੁਧੇ ਚੋਣ ਪ੍ਰਚਾਰ ਕਰ ਰਹੇ ਹਨ ।ਸਤੀਸ਼ ਉਪਧਿਆਏ ਦੇ ਸਮਰਥਕਾਂ ਨੇ ਮੁਖੀ ਨੂੰ ਮਹਿਰੌਲੀ ਤੋਂ ਟਿਕਟ ਦੇਣ ਅਤੇ ਮੁਖ ਮੰਤਰੀ ਪਦ ਲਈ ਉਮੀਦਵਾਰ ਘੋਸ਼ਿਤ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪਾਰਟੀ ਦੇ ਮੁਖ ਦਫਤਰ ਵਿਖੇ ਹੰਗਾਮਾ ਕੀਤਾ ਗਿਆ।ਇਸੇ ਤਰਾਂ ਅਭੈ ਵਰਮਾ ,ਸ਼ਿਖਾ ਰਾਇ ,ਜੈ ਭਗਵਾਨ ਅਗਰਵਾਲ ਅਤੇ ਨੁਕਲ ਭਾਰਦਵਾਜ ਸਮੇਤ ਕਈ ਭਾਜਪਾ ਨੇਤਾਵਾਂ ਨੇ ਮੁਖ ਦਫਤਰ ਵਿਖੇ ਜਾ ਕੇ ਜੋਰਦਾਰ ਰੋਸ ਪ੍ਰਗਟਾਵਾ ਕੀਤਾ।ਭਾਜਪਾ ਅੰਦਰਲੇ ਕਾਟੋ ਕਲੇਸ਼ ਤੋਂ ਸੰਘ ਪਰੇਸ਼ਾਨ ਹੈ ਉਸ ਦਾ ਕਹਿਣਾ ਹੈ ਕਿ ਭਾਜਪਾ ਨੂੰ ਐਨਾ ਖਤਰਾ “ਆਪ”ਤੋਂ ਨਹੀਂ ਜਿੰਨਾ ਆਪਣੇ ਆਪ ਤੋਂ ਹੈ ।ਸਮੁਚੇ ਸੰਘ ਪਰਿਵਾਰ ਦੀ ਪਰੇਸ਼ਾਨੀ ਦਾ ਅੰਦਾਜਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਭਾਜਪਾ ਦੇ ਕਲਚਰ ਤੋਂ ਨਾਵਾਕਿਫ ਕਿਰਨ ਬੇਦੀ ਨੂੰ ਇੱਕ ਤਰਾਂ ਨਾਲ “ਜੂਹ ਬੰਦ”ਕਰ ਦਿੱਤਾ ਗਿਆ ਹੈ ।ਉਸ ਉੱਤੇ ਕਿਸੇ ਤਰਾਂ ਦਾ ਨੀਤੀਗਤ ਬਿਆਨ ਦੇਣ ਅਤੇ ਮੀਡੀਆ ਨੂੰ ਇੰਟਰਵਿਊ ਦੇਣ ‘ਤੇ ਪਾਬੰਦੀ ਆਇਦ ਕਰ ਦਿੱਤੀ ਗਈ ਹੈ ।ਅਰਵਿੰਦ ਵਲੋਂ ਕਿਰਨ ਬੇਦੀ ਨੂੰ ਮੁੱਦਾ ਅਧਾਰਿਤ ਬਹਿਸ ਦੀ ਚਣੌਤੀ ਨੂੰ ਕਿਰਨ ਬੇਦੀ ਵਲੋਂ ਸਵੀਕਾਰ ਨਾ ਕਰਨ ਨਾਲ ਲੋਕਾਂ ਵਿਚ ਸੰਕੇਤ ਭਾਜਪਾ ਦੇ ਉਲਟ ਗਿਆ ਹੈ।ਮੈਦਾਨੇ ਜੰਗ ਵਿਚ ਜਦੋਂ ਜੰਗ ਸ਼ੁਰੂ ਹੋ ਚੁੱਕੀ ਹੋਵੇ ਤਾਂ ਯੁਧਨੀਤਕ ਪਖੋਂ ਘੋੜੇ ਬਦਲਣ ਨੂੰ ਅਕਲਮੰਦੀ ਨਹੀਂ ਸਮਝਿਆ ਜਾਂਦਾ ਪ੍ਰੰਤੂ ਘੋੜੇ ਬਦਲ ਦਿੱਤੇ ਗਏ ਜਿਥੇ ਇੱਕ ਪਾਸੇ ਪੂਰੀ ਚੋਣ ਮੁਹਿੰਮ ਖੁਦ ਪੀ ਐਮ ਨੇ ਆਪਣੇ ਹਥਾਂ ਵਿਚ ਲੈ ਲਈ ਹੈ ਉਥੇ ਸੰਘ ਪ੍ਰਚਾਰਕ ਵੀ ਚੋਣ ਮੈਦਾਨ ਵਿਚ ਕੁੱਦ ਪਏ ਹਨ ।ਇਸ ਤੋਂ ਇਲਾਵਾ ਹਿੰਦੂ ਪਰਿਸ਼ਦ ਦੇ ਮਹਿਲਾ ਵਿੰਗ ਦੁਰਗਾ ਵਾਹਨੀ ਨੂੰ ਵੀ ਚੋਣ ਪ੍ਰਚਾਰ ਹਿਤ ਭੇਜਿਆ ਜਾ ਚੁੱਕਾ ਹੈ ।
ਭਾਜਪਾ ਹਰ ਪ੍ਰਕਾਰ ਦੇ ਹਥ ਕੰਡੇ ਵਰਤ ਕੇ ਦਿੱਲੀ ਦੀਆਂ ਚੋਣਾਂ ਜਿੱਤਣਾ ਚਾਹੁੰਦੀ ਹੈ ਕਿਓਂ ਕੀ ਉਸ ਨੂੰ ਡਰ ਹੈ ਕਿ ਚੋਣਾਂ ਹਾਰ ਜਾਣ ਦੀ ਹਾਲਤ ਵਿਚ ਪੂਰੀ ਤਰਾਂ ਨੇਸਤੋ ਨਬੂਦ ਹੋਏ ਵਿਰੋਧੀਆਂ ਨੂੰ ਅਰਵਿੰਦ ਦੇ ਰੂਪ ਵਿਚ ਇੱਕ ਰਾਜਸੀ ਹਥਿਆਰ ਮਿਲ ਜਾਵੇਗਾ । ਦਿੱਲੀ ਦੀ ਜਿੱਤ ਨਾਲ ਭਾਜਪਾ ਇਹ ਵੀ ਸਾਬਤ ਕਰਨਾ ਚਾਹੁੰਦੀ ਹੈ ਕਿ ਦੇਸ਼ ਵਾਸੀਆਂ ਦੀ ਮੋਦੀ ਪ੍ਰਤੀ ਦੀਵਾਨਗੀ ਅਜੇ ਕਾਇਮ ਹੈ ।ਭਾਜਪਾ ਵਿਰੋਧੀਆਂ ਨੇ ਅਕਸਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਕਿਰਨ ਬੇਦੀ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ ।ਜੇਕਰ ਭਾਜਪਾ ਹਾਰ ਜਾਂਦੀ ਹੈ ਤਾਂ ਠੀਕਰਾ ਕਿਰਨ ਬੇਦੀ ਦੇ ਸਿਰ ਭੰਨਿਆ ਜਾਵੇਗਾ , ਜੇਕਰ ਜਿੱਤ ਗਈ ਤਾਂ ਇਸ ਦਾ ਸਿਹਰਾ ਮੋਦੀ ਸਿਰ ਬੰਨਿਆ ਜਾਵੇਗਾ ।ਜਿਆਦਾਤਰ ਭਾਜਪਾ ਆਗੂਆਂ ਨੇ ਖਦਸ਼ਾ ਜਾਹਿਰ ਕੀਤਾ ਹੈ ਕਿ ਇਸ ਸਮੇਂ ਮੋਦੀ ਸਾਰੀਆਂ ਪਾਰਟੀਆਂ ਅਤੇ ਨੇਤਾਵਾਂ ਨੂੰ ਚਾਰੇ ਖਾਨੇ ਚਿਤ ਕਰਦੇ ਜਾ ਰਹੇ ਹਨ ਜੇਕਰ ਇਸ ਵਕਤ ਕੇਜਰੀਵਾਲ ਦਿੱਲੀ ਜਿਤਣ ਵਿਚ ਸਫਲ ਰਿਹਾ ਤਾਂ ਫੇਰ ਉਹੀ ਲੜਾਈ ਸ਼ੁਰੂ ਹੋ ਜਾਵੇਗੀ ਜੋ ਬਨਾਰਸ ਵਿਖੇ ਕੇਜਰੀਵਾਲ ਦੀ ਹਾਰ ਨਾਲ ਸਮਾਪਤ ਹੋ ਗਈ ਸੀ। ਅਸਲ ਵਿਚ ਭਾਜਪਾ ਆਪ ਨੂੰ ਹਰਾਉਣ ਤੱਕ ਹੀ ਸੀਮਤ ਨਹੀਂ ਉਹ ਤਾਂ ਉਸ ਨੂੰ ਰਾਜਨੀਤਕ ਪਖੋਂ ਪੂਰੀ ਤਰਾਂ ਖਤਮ ਕਰ ਦੇਣਾ ਚਾਹੁੰਦੀ ਹੈ ।
ਪ੍ਰੰਤੂ ਲੋਕ ਤੰਤਰ ਵਿਚ ਅਜਿਹਾ ਹੋਣਾ ਜੇਕਰ ਅਸੰਭਵ ਨਹੀਂ ਤਾਂ ਮੁਸ਼ਕਿਲ ਜਰੂਰ ਹੈ। ਚੋਣਾ ਤੋਂ ਕੁਝ ਘੰਟੇ ਪਹਿਲਾਂ ਕੁਝ ਮੋਦੀ ਵਿਰੋਧੀ ਰਾਜਨੀਤਕ ਪਾਰਟੀਆਂ ਨੇ ਬਿਨਾ ਸ਼ਰਤ “ਆਪ”ਨੂੰ ਸਮਰਥਨ ਦੇਣ ਦਾ ਐਲਾਨ ਕਰ ਕੇ ਭਾਜਪਾ ਲਈ ਹੋਰ ਮੁਸੀਬਤ ਖੜੀ ਕਰ ਦਿੱਤੀ ਹੈ।ਇਹਨਾਂ ਵਿਚ ਖੱਬੀ ਧਿਰ ਤੋਂ ਇਲਾਵਾ ਸਪਾ ਅਤੇ ਜਨਤਾ ਦਲ ਵਰਗੀਆਂ ਪਾਰਟੀਆਂ ਸ਼ਾਮਿਲ ਦੱਸੀਆਂ ਜਾ ਰਹੀਆਂ ਹਨ। ਇਸੇ ਦੌਰਾਨ ਜਿਸ ਗੈਰ ਸਰਕਾਰੀ ਸੰਸਥਾ “ਅਵਾਮ’ਵਲੋਂ ਆਪ ਉੱਤੇ ਹਵਾਲਾ ਰਾਹੀਂ ਪ੍ਰਾਪਤ ਚੰਦੇ ਦੇ ਕਥਿਤ ਦੋਸ਼ ਨੂੰ ਕਰੋੜਾਂ ਰੁਪਏ ਦੇ ਚੰਦੇ ਦਾ ਹਿਸਾਬ ਕਿਤਾਬ ਨਾ ਦੇਣ ਵਾਲੀ ਭਾਜਪਾ ਵਲੋਂ ਮੀਡੀਆ ਦੀ ਸਹਾਇਤਾ ਨਾਲ ਬਹੁਤ ਉਛਾਲਿਆ ਜਾ ਰਿਹਾ ਸੀ ਜਿਸ ਦਾ ਭਾਂਡਾ ਚੰਦਾ ਦੇਣ ਵਾਲੇ ਪਰਿਵਾਰ ਨੇ ਸਾਹਮਣੇ ਆ ਕੇ ਭੰਨ ਦਿੱਤਾ ਹੈ।


