ਇਹ ਕਹਿਣਾ ਸ਼ਾਇਦ ਅਤਿਕਥਨੀ ਨਹੀਂ ਹੋਵੇਗਾ ਕਿ ਪਿਛਲੇ 50 ਸਾਲਾਂ ਵਿਚ ਜੋ ਮੁਕਾਮ ਪੰਜਾਬ ਅਤੇ ਪੰਜਾਬੀਆਂ ਨੇ ਆਪਣਾ ਸਭਿਆਚਾਰ ਅਤੇ ਕਦਰਾਂ-ਕੀਮਤਾਂ ਗੁਆਉਣ ਅਤੇ ਸਾਮਰਾਜੀ ਖਪਤਕਾਰੀ ਸਭਿਆਚਾਰ ਅਪਨਾਉਣ ਵਿਚ ਹਾਸਲ ਕੀਤਾ ਹੈ, ਸ਼ਾਇਦ ਹੀ ਸੰਸਾਰ ਦਾ ਕੋਈ ਹੋਰ ਖਿੱਤਾ ਕਰ ਸਕਿਆ ਹੋਵੇ। ਅਖੌਤੀ ਹਰੇ ਇਨਕਲਾਬ ਦੀ ਆੜ ਹੇਠ ਪੰਜਾਬ ਤੇ ਅਮਰੀਕੀ ਸਾਮਰਾਜੀ ਸਭਿਆਚਾਰਕ ਹਮਲੇ ਦੀ ਸ਼ੁਰੂਆਤ ਹੋਈ ਹੈ, ਜੋ ਕਿ ਸੰਸਾਰੀਕਰਨ ਦੇ ਰੂਪ ਵਿਚ ਸਿਖਰ ’ਤੇ ਪਹੁੰਚ ਗਈ। ਜਿੰਨੀ ਤੇਜ਼ੀ ਨਾਲ ਅਤੇ ਜਿਸ ਪੱਧਰ ਦਾ ਸਭਿਆਚਾਰਕ ਨਿਘਾਰ ਅਤੇ ਕਦਰਾਂ-ਕੀਮਤਾਂ ਦਾ ਗੁਆਚਣਾ ਪੰਜਾਬ ਅਤੇ ਪੰਜਾਬੀਆਂ ਵਿਚ ਹੋਇਆ ਹੈ, ਉਸ ਦੀ ਮਿਸਾਲ ਬਾਕੀ ਸੰਸਾਰ ਵਿਚ ਲੱਭਣੀ ਔਖੀ ਹੈ। ਇਸ ਦੀ ਇਕ ਉਦਾਹਰਣ ਹੁਣੇ ਹੁਣੇ ਸਾਡੇ ਸਾਹਮਣੇ ਆਈ ਹੈ। ਲੰਡਨ ਵਿਚ ਇਮੀਗਰੇਸ਼ਨ ਦੇ ਵਕੀਲ ਗੁਰਜਾਪ ਸਿੰਘ ਭੰਗਲ ਨੇ ਜਲੰਧਰ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਜੋ ਹੈਰਾਨੀਜਨਕ ਅਤੇ ਸ਼ਰਮਨਾਕ ਤੱਥ ਪੇਸ਼ ਕੀਤੇ, ਉਸ ਨਾਲ ਕਿਸੇ ਵੀ ਗ਼ੈਰਤਮੰਦ ਪੰਜਾਬੀ ਦਾ ਸਿਰ ਸ਼ਰਮ ਨਾਲ ਝੁਕਣਾ ਲਾਜ਼ਮੀ ਹੈ।
ਵੱਡੇ ਪੱਧਰ ’ਤੇ ਬਰਤਾਨੀਆ ਪੜ੍ਹਨ ਗਈਆਂ ਪੰਜਾਬੀ ਮੁਟਿਆਰਾਂ ਦੇਹ ਵਪਾਰ ਦਾ ਧੰਦਾ ਕਰ ਰਹੀਆਂ ਹਨ। ਮੈਂ ਪੰਜਾਬੀਆਂ ਨੂੰ ਪਿਛਲੇ 10 ਤੋਂ 15 ਸਾਲ ਤੋਂ ਲਗਾਤਾਰ ਇਸ ਸਮੱਸਿਆ ਪ੍ਰਤੀ ਸੁਚੇਤ ਕਰਨ ਦਾ ਯਤਨ ਕਰਦਾ ਰਿਹਾ ਹਾਂ ਪ੍ਰੰਤੂ ਪ੍ਰਵਾਸ ਨਾਲ ਹੋਈ ਆਪਣੀ ਆਰਥਿਕ ਉਨਤੀ ਦੇ ਨਸ਼ੇ ਅਤੇ ਪੰਜਾਬੀ ਬੁੱਧੀਜੀਵੀ ਵਰਗ ਵੱਲੋਂ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜਣ ਦੇ ਕਾਰਨ ਅਤੇ ਲੋਕਾਂ ਨੂੰ ਪ੍ਰਵਾਸ ਅਤੇ ਵਿਦੇਸ਼ਾਂ ਦੀ ਇਕ ਪਾਸੜ ਤਸਵੀਰ ਪੇਸ਼ ਕਰਨ, ਜਿਸ ਵਿਚ ਸਿਰਫ਼ ਇਮਾਰਤਾਂ ਅਤੇ ਸੜਕਾਂ ਆਦਿ ’ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਵਿਚ ਵਸਣ ਵਾਲੇ ਮਨੁੱਖਾਂ ਨੂੰ ਲਗਭਗ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ, ਦੇ ਨਤੀਜੇ ਵਜੋਂ ਕੌੜੀਆਂ ਸੱਚਾਈਆਂ ਨੂੰ ਝੁਠਲਾਇਆ ਜਾਂਦਾ ਰਿਹਾ ਹੈ, ਪਰ ਸੱਚ ਨੂੰ ਕਿੰਨੀ ਕੁ ਦੇਰ ਛੁਪਾਇਆ ਜਾ ਸਕਦਾ ਸੀ।
ਹੁਣ ਇਹ ਕੌੜੀ ਸੱਚਾਈ ਛੁਪਾਉਣੀ ਔਖੀ ਹੋ ਗਈ ਹੈ ਕਿ ਭਾਵੇਂ ਅਸੀਂ ਆਪਣੀਆਂ ਆਰਥਿਕ ਮੁਸ਼ਕਲਾਂ ਦਾ ਪ੍ਰਵਾਸ ਰਾਹੀਂ ਆਰਜ਼ੀ ਤੇ ਵਕਤੀ ਹੱਲ ਕੱਢਣ ਵਿਚ ਸਫਲ ਹੋਏ ਹਾਂ ਪ੍ਰੰਤੂ ਜੋ ਕੀਮਤ ਸਾਨੂੰ ਚੁਕਾਉਣੀ ਪੈ ਰਹੀ ਹੈ, ਉਸ ਦਾ ਕਿਆਸ ਕਰਨਾ ਵੀ ਔਖਾ ਸੀ। ਲੰਡਨ ਪੁਲਿਸ ਨੇ ਸਾਢੇ ਚਾਰ ਸੌ ਮੁਟਿਆਰਾਂ ਗਿ੍ਰਫ਼ਤਾਰ ਕੀਤੀਆਂ ਹਨ ਅਤੇ ਕਈ ਪਹਿਲਾਂ ਵੀ ਵੇਸ਼ਵਾਪੁਣੇ ਦੇ ਇਲਜ਼ਾਮ ਵਿਚ ਜੇਲ੍ਹਾਂ ਕੱਟ ਰਹੀਆਂ ਹਨ। ਜ਼ਾਹਿਰ ਹੈ ਕਿ ਜਿਵੇਂ ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਨੇ ਡਰੱਗਜ਼ ਅਤੇ ਨਾਜਾਇਜ਼ ਤੌਰ ’ਤੇ ਬੰਦੇ ਲੰਘਾਉਣ ਅਤੇ ਮਨੁੱਖੀ ਤਸਕਰੀ ਵਿਚ ਅਜ਼ਾਰੇਦਾਰੀ ਕਰ ਲਈ ਹੈ, ਇਸੇ ਤਰ੍ਹਾਂ ਪੰਜਾਬੀ ਮੁਟਿਆਰਾਂ ਨੇ ਇੰਗਲੈਂਡ ਵਿਚ ਵੇਸ਼ਵਾਪੁਣੇ ਦੇ ਪੇਸ਼ੇ ਤੇ ਅਜਾਰੇਦਾਰੀ ਬਣਾ ਲਈ ਹੈ।
ਭਾਵੇਂ ਕਿ ਇਹ ਸ਼ਰਮਨਾਕ ਅਤੇ ਹੈਰਾਨੀਜਨਕ ਅੰਕੜੇ ਸਾਨੂੰ ਝੰਜੋੜਦੇ ਹਨ ਪਰ ਫਿਰ ਵੀ ਇਹ ਪੂਰੀ ਸੱਚਾਈ ਦਾ ਇਕ ਛੋਟਾ ਜਿਹਾ ਹੀ ਹਿੱਸਾ ਪ੍ਰਗਟਾਉਂਦੇ ਹਨ। ਸਾਨੂੰ ਆਪਣੇ ਨਿਘਾਰ ਵਾਲੀ ਸਥਿਤੀ ਨੂੰ ਪੂਰੀ ਤਰ੍ਹਾਂ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ, ਨਹੀਂ ਤਾਂ ਪੰਜਾਬੀ ਸਭਿਆਚਾਰ, ਕਦਰਾਂ-ਕੀਮਤਾਂ ਅਤੇ ਵਿਰਾਸਤ ਨੂੰ ਡੁੱਬਣ ਤੋਂ ਬਚਾਉਣਾ ਮੁਸ਼ਕਲ ਹੋ ਜਾਵੇਗਾ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇੱਥੇ ਸਿਰਫ਼ ਖੁੱਲ੍ਹੇ ਤੌਰ ’ਤੇ ਵੇਸ਼ਵਾਪੁਣੇ ਦਾ ਪੇਸ਼ਾ ਅਪਨਾਉਣ ਦੀ ਗੱਲ ਹੋ ਰਹੀ ਹੈ ਅਤੇ ਇਸ ਖੇਤਰ ਵਿਚ ਵੀ ਪੰਜਾਬੀ ਮੁਟਿਆਰਾਂ ਨੇ ਦੂਜਿਆਂ ਨੂੰ ਪਛਾੜ ਦਿੱਤਾ ਹੈ ਪ੍ਰੰਤੂ ਜੇ ਅਸੀਂ ਅਸਿੱਧੇ ਤੌਰ’ਤੇ ਵੇਸਵਾਪੁਣੇ ਅਤੇ ਕਾਮੁਕ ਸ਼ੋਸ਼ਣ ਦੇ ਅੰਕੜੇ ਵੀ ਇਨ੍ਹਾਂ ਵਿਚ ਸ਼ਾਮਲ ਕਰ ਲਈਏ ਤਾਂ ਅੰਕੜੇ ਹੋਰ ਵੀ ਸ਼ਰਮਨਾਕ, ਦੁਖਦਾਈ ਅਤੇ ਹੈਰਾਨੀਜਨਕ ਹੋਣਗੇ ਅਤੇ ਸ਼ਾਇਦ ਇਹ ਕਹਿਣਾ ਵੀ ਅਤਿਕਥਨੀ ਨਾ ਹੋਵੇ ਕਿ ਕਿਸੇ ਨਾ ਕਿਸੇ ਰੂਪ ਵਿਚ ਲਗਭਗ ਹਰ ਪੰਜਾਬੀ ਔਰਤ ਨੂੰ ਜੋ ਵਿਦੇਸ਼ਾਂ ਵਿਚ ਸੈਟਲ ਹੋਣਾ ਚਾਹੁੰਦੀ ਹੈ, ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਅਸੀਂ ਵੇਸਵਾਪੁਣੇ ਅਤੇ ਕਾਮੁਕ ਸ਼ੋਸ਼ਣ ਦੀ ਪਰਿਭਾਸ਼ਾ ਨੂੰ ਹੋਰ ਵਿਸ਼ਾਲ ਕਰ ਦਈਏ ਤਾਂ ਵਿਦੇਸ਼ਾਂ ਵਿਚ ਸੈਟਲ ਹੋਣ ਲਈ ਪੰਜਾਬੀ, ਔਰਤਾਂ, ਨੂੰ ਜੋ ਵੀ ਸਮਝੌਤੇ ਕਰਨੇ ਪੈਂਦੇ ਹਨ, ਉਹ ਇਸ ਪਰਿਭਾਸ਼ਾ ਦੇ ਘੇਰੇ ਵਿਚ ਆ ਜਾਂਦੇ ਹਨ। ਜਾਂ ਤਾਂ ਵਿਦੇਸ਼ ਵਿਚ ਸੈਟਲ ਹੋਣ ਲਈ ਐਨਆਰਆਈ ਨਾਲ ਵਿਆਹ ਕਰਵਾਏ ਜਾਂਦੇ ਹਨ ਅਤੇ ਜਾਂ ਕੁਆਰੀਆਂ ਕੁੜੀਆਂ ਵਿਦੇਸ਼ਾਂ ਵਿਚ ਭੇਜੀਆਂ ਜਾ ਰਹੀਆਂ ਹਨ। ਜੇ ਵਿਆਹ ਦਾ ਇਕੋ ਇਕ ਮੰਤਵ ਲੜਕੀ ਅਤੇ ਉਸ ਦੇ ਪਰਿਵਾਰ ਦਾ ਵਿਦੇਸ਼ਾਂ ਵਿਚ ਸੈਟਲ ਹੋਣਾ ਹੀ ਹੈ ਤਾਂ ਉਹ ਵਿਆਹ ਨਾਲੋਂ ਗੈਰ-ਇਖ਼ਲਾਕੀ ਸਮਝੌਤਾ ਵਧੇਰੇ ਲੱਗਦਾ ਹੈ।
ਮੈਂ ਨਿੱਜੀ ਤਜਰਬੇ ਵਿਚੋਂ ਤਿੰਨ ਉਦਾਹਰਣਾਂ ਦੇ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਪੰਜਾਬੀਆਂ ਦੇ ਕਾਮੁਕ ਸ਼ੋਸ਼ਣ ਬਾਰੇ ਨਜ਼ਰੀਏ ਵਿਚ ਕਿੰਨੀ ਕੁ ਤਬਦੀਲੀ ਆਈ ਹੈ। ਇਹ ਤਿੰਨੇ ਹੀ ਪੰਜਾਬੀਆਂ ਦੇ ਸਿਰਕੱਢ ਭਾਈਚਾਰੇ ਜੱਟ ਸਿੱਖ ਭਾਈਚਾਰੇ ਨਾਲ ਸਬੰਧਤ ਹਨ। ਇਕ ਘਟਨਾ 50 ਸਾਲ ਪੁਰਾਣੀ ਹੈ। ਮੈਨੂੰ ਆਪਣੇ ਬਚਪਨ ਦੀਆਂ ਯਾਦਾਂ ਵਿਚੋਂ ਇਹ ਗੱਲ ਚੰਗੀ ਤਰ੍ਹਾਂ ਯਾਦ ਹੈ ਕਿ ਜੇ ਉਸ ਵੇਲੇ ਕੋਈ ਲੜਕੀ ਆਪਣੇ ਪਰਿਵਾਰ ਨੂੰ ਇਹ ਕਹਿੰਦੀ ਸੀ ਕਿ ਕਿਸੇ ਨੇ ਮੇਰੀ ਇੱਜ਼ਤ ’ਤੇ ਹੱਥ ਪਾਉਣ ਦਾ ਯਤਨ ਕੀਤਾ ਹੈ ਤਾਂ ਉਸ ਪਰਿਵਾਰ ਦੇ ਮਰਦ (ਲੜਕੀ ਦੇ ਭਰਾ, ਪਿਤਾ, ਚਾਚੇ, ਤਾਏ ਜਾਂ ਮਾਮੇ ਆਦਿ) ਆਪਣੀ ਅਣਖ ਨੂੰ ਚੁਣੌਤੀ ਸਮਝਦੇ ਸਨ ਅਤੇ ਦੋਸ਼ੀ ਨੂੰ ਕਤਲ ਕਰ ਦੇਣਾ ਵੀ ਕੋਈ ਵੱਡੀ ਗੱਲ ਨਹੀਂ ਸੀ। ਦੋ ਬਹੁਤ ਗੂੜ੍ਹੇ ਮਿੱਤਰ ਸਨ, ਇਕ ਮਿੱਤਰ ਬਹੁਤ ਪੜ੍ਹਿਆ-ਲਿਖਿਆ ਸੀ। ਦੂਜੇ ਮਿੱਤਰ ਨੇ ਕਿਹਾ ਕਿ ਤੂੰ ਮੇਰੇ ਭਰਾ ਦੀ ਲੜਕੀ, ਜਿਸ ਦੀ ਉਮਰ 15-16 ਸਾਲ ਦੀ ਸੀ, ਨੂੰ ਪੜ੍ਹਾਈ ਵਿਚ ਸਹਾਇਤਾ ਕਰ ਦਈਂ। ਜਦੋਂ ਮਿੱਤਰ ਨੂੰ ਪਤਾ ਲੱਗਾ ਕਿ ਪੜ੍ਹਾਉਂਦੇ ਹੋਏ ਉਸ ਦੇ ਮਿੱਤਰ ਨੇ ਲੜਕੀ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਪਰਿਵਾਰ ਨਾਲ ਰਲ ਕੇ ਉਸ ਨੂੰ ਕਤਲ ਕਰਨ ਦੀ ਵਿਉਂਤ ਬਣਾ ਕੇ ਉਸ ਦਾ ਕਤਲ ਕਰ ਦਿੱਤਾ। ਲਗਭਗ 20 ਸਾਲ ਪਹਿਲਾਂ ਇਸ ਪਰਿਵਾਰ ਨੇ ਪੰਜਾਬ ਛੱਡ ਕੇ ਕੈਨੇਡਾ ਸੈਟਲ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਦੀ ਵੱਡੀ ਲੜਕੀ ਕੈਨੇਡਾ ਵਿਚ ਸੈਟਲ ਸੀ। ਉਹ ਉਸ ਦੇ ਘਰ ਠਹਿਰੇ, ਇਨ੍ਹਾਂ ਦੀ ਛੋਟੀ ਲੜਕੀ 12-13 ਸਾਲ ਦੀ ਸੀ। ਇਹ ਲੜਕੀ ਬਹੁਤ ਹੀ ਸਾਊ ਸੀ ਅਤੇ ਪੜ੍ਹਨ ਵਿਚ ਬਹੁਤ ਲਾਇਕ ਸੀ। ਆਪਣੇ ਪਿੰਡ ਦੇ ਸਕੂਲ ਵਿਚ ਫਸਟ ਆਉਂਦੀ ਸੀ। ਇਨ੍ਹਾਂ ਦੇ ਜਵਾਈ ਨੇ ਹੀ ਇਸ ਲੜਕੀ ਦੇ ਕਾਮੁਕ ਸ਼ੋਸ਼ਣ ਦੇ ਯਤਨ ਸ਼ੁਰੂ ਕਰ ਦਿੱਤੇ। ਲੜਕੀ ਦੇ ਵਾਰ-ਵਾਰ ਪਰਿਵਾਰ ਕੋਲ ਆਪਣੇ ਜੀਜੇ ਦੀਆਂ ਹਰਕਤਾਂ ਬਾਰੇ ਦੱਸਣ ਦੇ ਬਾਵਜੂਦ ਕੁੜੀ ਦੀਆਂ ਸ਼ਿਕਾਇਤਾਂ ਨੂੰ ਨਜ਼ਰ-ਅੰਦਾਜ਼ ਕੀਤਾ ਜਾਂਦਾ ਰਿਹਾ। ਇਹ ਲੜਕੀ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਗਈ ਅਤੇ ਫਸਟ ਆਉਣ ਵਾਲੀ ਕੁੜੀ ਸਕੂਲ ਦੇ ਇਮਤਿਹਾਨਾਂ ਵਿਚ ਵੀ ਫੇਲ੍ਹ ਹੋਣ ਲੱਗ ਪਈ। ਤੀਜੀ ਉਦਾਹਰਣ ਹੁਣ ਦੇ ਸਮੇਂ ਦੀ ਹੈ। ਕੈਨੇਡਾ ਦੇ ਇਕ ਸ਼ਹਿਰ ਵਿਚ ਪਤੀ-ਪਤਨੀ ਇਕ ਮੋਟਲ (ਛੋਟਾ ਹੋਟਲ) ਚਲਾ ਰਹੇ ਹਨ। ਇਨ੍ਹਾਂ ਨੇ ਇਕ ਦੂਜੇ ਨੂੰ ਇਨਜੁਆਏ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ। ਪਤੀ ਅਤੇ ਪਤਨੀ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਜਾਣੂਆਂ ਦਾ ਅਰਥਿਕ ਸ਼ੋਸ਼ਣ ਕਰਨ ਵਿਚ ਇਕੱਠੇ ਹਨ ਪਰ ਦੋਨਾਂ ਦੇ ਸ਼ੌਕ ਵੱਖ-ਵੱਖ ਹਨ। ਪਤਨੀ ਸ਼ਾਪਿੰਗ ਇਨਜੁਆਏ ਕਰਦੀ ਹੈ ਅਤੇ ਪਤੀ ਬੀਅਰ ਪੀਣਾ ਅਤੇ ਮੁਲਾਜ਼ਮਾਂ ਦਾ ਕਾਮੁਕ ਸ਼ੋਸ਼ਣ ਇਨਜੁਆਏ ਕਰਦਾ ਹੈ। ਪਤੀ-ਪਤਨੀ ਪੰਜਾਬ ਵਿਚੋਂ ਆਪਣੇ ਬਚੇ-ਖੁਚੇ ਰਿਸ਼ਤੇਦਾਰ ਜਾਂ ਹੋਰ ਜਾਣ-ਪਹਿਚਾਣ ਵਾਲਿਆਂ ਦੀਆਂ ਕੁਆਰੀਆਂ ਕੁੜੀਆਂ ਦਾ ਆਰਥਿਕ ਅਤੇ ਕਾਮੁਕ ਸ਼ੋਸ਼ਣ ਕਰਨ ਵਿਚ ਮੁਹਾਰਤ ਹਾਸਲ ਕਰ ਚੁੱਕੇ ਹਨ। ਪ੍ਰੰਤੂ ਜਿਨ੍ਹਾਂ ਲੜਕੀਆਂ ਦਾ ਸ਼ੋਸ਼ਣ ਹੁੰਦਾ ਹੈ, ਉਨ੍ਹਾਂ ਦਾ ਵਤੀਰਾ ਵੀ ਹੈਰਾਨੀਜਨਕ ਹੈ। ਉਹ ਇਸ ਨੂੰ ਸੁਭਾਵਕ ਸਮਝ ਕੇ ਸਵੀਕਾਰ ਕਰ ਰਹੀਆਂ ਹਨ। ਵਿਦੇਸ਼ਾਂ ਵਿਚ ਸੈਟਲ ਹੋਣ ਲਈ ਉਨ੍ਹਾਂ ਨੂੰ ਇਹ ਵੱਡੀ ਗੱਲ ਨਜ਼ਰ ਨਹੀਂ ਆਉਂਦੀ।
ਪੰਜਾਬੀਆਂ ਨੇ ਜੋ ਆਪਣੇ ਹਜ਼ਾਰਾਂ ਸਾਲਾਂ ਦੇ ਤਜਰਬੇ ਤੋਂ ਸਿੱਖਿਆ ਸੀ ਕਿ ਨੈਤਿਕਤਾ ਆਰਥਿਕਤਾ ਤੋਂ ਉੱਪਰ ਹੁੰਦੀ ਹੈ ਅਰਥਾਤ ਧਰਮ ਪੈਸੇ ਨਾਲੋਂ ਉੱਪਰ ਹੁੰਦਾ ਹੈ, ਨੂੰ ਹੁਣ ਸਾਮਰਾਜੀ ਸਭਿਆਚਾਰ ਦੇ ਪ੍ਰਭਾਵ ਹੇਠ ਪੁੱਠਾ ਕਰ ਦਿੱਤਾ ਹੈ ਅਰਥਾਤ ਆਰਥਿਕਤਾ ਨੈਤਿਕਤਾ ਤੋਂ ਉੱਪਰ ਜਾਂ ਪੈਸਾ ਧਰਮ ਨਾਲੋਂ ਉੱਪਰ ਕਰ ਦਿੱਤਾ ਗਿਆ ਹੈ। ਪੰਜਾਬੀਆਂ ਦੀ ਅਣਖ ਡਾਲਰਾਂ ਪੌਂਡਾਂ ਅੱਗੇ ਵਿਕ ਗਈ। ਸਭਿਆਚਾਰਕ ਨਿਘਾਰ ਅਤੇ ਕਦਰਾਂ ਕੀਮਤਾਂ ਦੇ ਗੁਆਚਣ ਦੀ ਸਥਿਤੀ ਕਿੰਨਾ ਕੁ ਭਿਆਨਕ ਰੂਪ ਹਾਸਲ ਕਰ ਚੁੱਕੀ ਹੈ, ਇਸ ਦੇ ਪ੍ਰਤੀਕ ਇਕ ਗਾਣੇ, ਜੋ ਸਾਡੇ ਵਿਆਹਾਂ ’ਤੇ ਅਕਸਰ ਸੁਣਨ ਨੂੰ ਮਿਲਦਾ ਹੈ ਅਤੇ ਲਗਭਗ 15 ਸਾਲਾਂ ਤੋਂ ਬਹੁਤ ਹਰਮਨਪਿਆਰਾ ਹੈ, ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ। 15 ਸਾਲ ਪਹਿਲਾਂ ਇਹ ਗਾਣਾ ਇਕ ਨਣਦ ਆਪਣੀ ਭਰਜਾਈ ਨੂੰ ਸੁਣਾ ਰਹੀ ਸੀ। ‘ਤੂੰ ਨੀਂ ਬੋਲਦੀ ਨਣਾਨੇ ਤੇਰੇ ਵਿਚ ਮੇਰਾ ਵੀਰ ਬੋਲਦਾ।’ ਪਰ 15 ਸਾਲ ਇਸ ਦਾ ਵਿਗਾੜਿਆ ਹੋਇਆ ਰੂਪ ਪੰਜਾਬ ਤੇ ਸਾਮਰਾਜੀ ਸਭਿਆਚਾਰ ਦਾ ਭਾਰੂ ਹੋਣ ਦਾ ਪ੍ਰਤੀਕ ਬਣ ਗਿਆ ਹੈ ‘ਤੂੰ ਨੀਂ ਬੋਲਦੀ ਰਕਾਨੇ, ਤੂੰ ਬੋਲਦੀ, ਤੇਰੇ ’ਚ ਤੇਰਾ ਯਾਰ ਬੋਲਦਾ।’ ਇਸ ਗਾਣੇ ’ਤੇ ਪਤੀ-ਪਤਨੀ ਇਕੱਠੇ ਨੱਚਦੇ ਨਜ਼ਰ ਆਉਂਦੇ ਹਨ। ਇਸ ਦਾ ਅਰਥ ਇਹ ਹੀ ਕੱਢਿਆ ਜਾ ਸਕਦਾ ਹੈ ਕਿ ਹੁਣ ਇਕ ਵਿਆਹੀ ਹੋਈ ਪੰਜਾਬਣ ਵਾਸਤੇ ਵੀ ਇਕ ਯਾਰ ਬਣਾਉਣਾ ਪੰਜਾਬੀ ਸਮਾਜ ਨੇ ਸਵੀਕਾਰ ਕਰ ਲਿਆ ਹੈ ਅਤੇ ਉਸ ਦਾ ਪਤੀ ਵੀ ਉਸ ਦੀ ਇਸ ਪ੍ਰਾਪਤੀ ’ਤੇ ਉਸ ਦੇ ਨਾਲ ਮਿਲ ਕੇ ਨੱਚ ਰਿਹਾ ਹੈ। ਆਸ ਰੱਖੀ ਜਾ ਸਕਦੀ ਹੈ ਕਿ ਪੰਜਾਬੀਆਂ ਦੇ ਸਭਿਆਚਾਰਕ ਅਤੇ ਕਦਰਾਂ-ਕੀਮਤਾਂ ਦੇ ਨਿਘਾਰ ਬਾਰੇ ਜੋ ਤੱਥ ਹੁਣੇ-ਹੁਣੇ ਸਾਡੇ ਸਾਹਮਣੇ ਆਏ ਹਨ, ਉਹ ਸਾਨੂੰ ਇਹ ਸੋਚਣ ’ਤੇ ਮਜਬੂਰ ਕਰਨਗੇ ਕਿ ਅਸੀਂ ਕੀ ਪਾਇਆ ਅਤੇ ਕੀ ਗੁਆਇਆ ਹੈ। ਆਪਣੀਆਂ ਆਰਥਿਕ ਮੁਸ਼ਕਲਾਂ ਦੇ ਆਰਜ਼ੀ ਹੱਲ ਲਈ ਅਸੀਂ ਕਿੰਨੀ ਵੱਡੀ ਕੀਮਤ ਚੁਕਾ ਰਹੇ ਹਾਂ ਕੀ ਪ੍ਰਵਾਸ ਸਾਡੀਆਂ ਮੌਜੂਦਾ ਸਮੱਸਿਆਵਾਂ ਦਾ ਹੱਲ ਹੈ ਜਾਂ ਆਪ ਹੀ ਵੱਡੀ ਸਮੱਸਿਆ ਹੈ? ਅਤੇ ਕੀ ਸਾਡੀਆਂ ਮੁਸ਼ਕਲਾਂ ਤੇ ਚੁਣੌਤੀਆਂ ਦਾ ਹੱਲ ਪ੍ਰਵਾਸ ਵਿਚ ਨਹੀਂ, ਸਗੋਂ ਸਹੀ ਵਿਕਾਸ ਵਿਚੋਂ ਲੱਭਣਾ ਚਾਹੀਦਾ ਹੈ?


