(ਇਤਿਹਾਸਕਾਰ ਅਤੇ ਕਨਵੀਨਰ, ਪੰਜਾਬ ਸਾਂਝੀਵਾਲ ਜਥਾ)
ਇਸ 4 ਨਵੰਬਰ ਨੂੰ ਪੰਜਾਬੀਆਂ ਦੀ ਨਿਆਰੀ ਪੰਥਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਜੀ ਨੇ ਕੁਝ ਇਤਹਾਸਕ ਤੱਥਾਂ ਦੀ ਰੌਸਨੀ ਵਿੱਚ ਮੌਜੂਦਾ ਘਟਨਾਵਲੀ ਬਾਬਤ ਆਪਣੀ ਰਾਇ ਰੱਖੀ ਹੈ।ਸੰਖੇਪ ਵਿੱਚ ਉਨ੍ਹਾਂ ਕਿਹਾ ਹੈ ਕਿ ਸਰਬੱਤ ਖਾਲਸਾ ਉਦੋਂ ਹੀ ਬੁਲਾਇਆ ਜਾਦਾ ਹੈ ਜਦੋਂ ਕੋਈ ਕੌਮੀ ਸੰਕਟ ਹੋਵੇ।ਸੰਸਾਰ ਭਰ ਦੇ ਪ੍ਰਤੀਨਿਧ ਸਿੱਖਾਂ ਦੀ ਹਾਜ਼ਰੀ ਵਿੱਚ ਰਾਇ ਲਈ ਜਾਂਦੀ ਹੈ ਅਤੇ ਵਿਧਾਨ ਜਾਂ ਰਵਾਇਤ ਅਨੁਸਾਰ ਸਿਰਫ ਸ੍ਰੀ ਅਕਾਲ ਤਖਤ ਦਾ ਜਥੇਦਾਰ ਹੀ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰੀ ਹੈ।ਇਹ ਸਾਰੀਆਂ ਦਰੁਸਤ ਗੱਲਾਂ ਕਹਿ ਕੇ ਉਹ ਅਗਲਾ ਨੁਕਤਾ ਖੜ੍ਹਾ ਕਰਦੇ ਹਨ ਕਿ “ਮੌਜੂਦਾ ਸਥਿਤੀ ਅਜਿਹੀ ਨਹੀਂ ਹੈ।”
ਕਿਉਂਕਿ 1920 ਵਿੱਚ ਬੁਲਾਏ ਸਰਬੱਤ ਖਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲੈ ਆਂਦੀ ਸੀ ਜਿਸ ਨਾਲ ਗੁਰਦੁਆਰਿਆਂ ਦਾ ਪ੍ਰਬੰਧ ‘ਵਿਅਕਤੀ ਤੋਂ ਸੰਗਤੀ ਰੂਪ’ ਵਿੱਚ ਤਬਦੀਲ ਹੋ ਚੁੱਕਾ ਹੈ।ਉਨ੍ਹਾਂ ਅਨੁਸਾਰ ਵੀਹਵੀਂ ਸਦੀ ਵਿੱਚ ਸਿਰਫ਼ ਤਿੰਨ ਵਾਰ ਹੀ ਸਰਬੱਤ ਖਾਲਸਾ ਬੁਲਾਇਆ ਗਿਆ ਹੈ, ਇਸ ਲਈ ਹੁਣ ਦਾ ਬੁਲਾਵਾ ਆਪਣੇ ਹਿਤਾਂ ਦੀ ਪੂਰਤੀ ਦਾ ਯਤਨ ਹੀ ਹੈ।
ਸੱਚਾਈ ਇਹ ਹੈ ਕਿ ਮੌਜੂਦਾ ਸਥਿਤੀਆਂ ਦੇ ਤਰਕ ਵਿੱਚੋਂ ਉੱਠਿਆ ਅੰਦੋਲਨ ਓਸੇ ਅਕਾਲੀ ਲਹਿਰ ਦਾ ਦੂਜਾ ਸੰਸਕਰਣ ਹੈ, ਜਿਸ ਨੇ ਸ਼ਾਂਤਮਈ ਅਸਹਿਯੋਗ ਅੰਦੋਲਨ ਦੇ ਜ਼ਰੀਏ 1920 ਦੇ ਦਹਾਕੇ ਵਿੱਚ ਗੁਰਮਰਿਆਦਾ ਦੀ ਬਹਾਲੀ ਤੋਂ ਸ਼ੁਰੂ ਹੋ ਕੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਲਾਸਾਨੀ ਯੋਗਦਾਨ ਦਿੱਤਾ।ਅੰਗਰੇਜ਼ ਹਕੂਮਤ ਦੇ ਜਮਹੂਰੀ,ਸੱਭਿਅਕ ਅਤੇ ਪ੍ਰਗਤੀਸ਼ੀਲ ਹੋਣ ਦੇ ਦਾਅਵਿਆਂ ਦੀ ਕੂੜ ਦੀ ਕੰਧ ਨੂੰ ਢਾਹੁਣ ਲਈ ਆਪਣੀ ਅਹਿੰਸਕ ਪਹੁੰਚ, ਸਾਂਝੀਵਾਲਤਾ ਦੇ ਸਿਧਾਂਤ ਅਤੇ ਸਮੂਹ ਹਿੰਦੁਸਤਾਨੀਆਂ ਦੇ ਪ੍ਰਤੀਨਿਧ ਵਜੋਂ ਅਗਵਾਈ ਦਿੱਤੀ।ਪੰਜਾਬੀ ਇਤਹਾਸ ਦੀ ਰੌਸ਼ਨ ਵਿਰਾਸਤ ਨੂੰ ਅਗਾਂਹ ਤੋਰਿਆ।ਸਮੇਂ ਦੀ ਬਣਤਰ ਨੂੰ ਆਪਣੇ ਕਮਾਏ ਵਿਵੇਕ ਨਾਲ ਸੀਖਿਆ।ਮੈਂ ਮੱਕੜ ਸਾਹਿਬ ਨੂੰ ਯਾਦ ਕਰਵਾ ਦਿਆਂ ਕਿ ਸ਼ੋ੍ਰਮਣੀ ਅਕਾਲੀ ਦਲ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਹਾਨ ਲੋਕ ਲਹਿਰ ਦਾ ਜਥੇਬੰਦਕ ਅਤੇ ਸੰਗਤੀ ਨਿਸ਼ਾਨ ਹੈ।ਆਪਣੇ ਇਸੇ ਇਤਿਹਾਸ ਨੂੰ ਦਾਗ਼ਦਾਰ ਕਰ ਕੇ ਇਨ੍ਹਾਂ ਦੋਹਾਂ ਸੰਸਥਾਵਾਂ ‘ਤੇ ਕਾਬਜ਼ ਵਿਅਕਤੀਆਂ ਦੀ ਹਿੱਤ-ਸਿੱਧੀ ਵਾਸਤੇ ਪੰਜਾਬੀਆਂ ਦੇ ਮਹਾਨ ਕਾਰਜ ਦਾ ਹਵਾਲਾ ਦੇਣਾ ਕਿਤੇ ਨਾ ਕਿਤੇ ਮਹੰਤਾਂ/ਮਸੰਦਾਂ/ਸਰਬਰਾਹਾਂ ਦੀ ਲੋਕ-ਦੋਖੀ ਮਾਨਸਿਕਤਾ ਦੀ ਓਟ ਲੈਣਾ ਹੈ। ਅਸਲ ਵਿੱਚ 1920ਵਿਆਂ ਵਿੱਚ ਗੁਰਦੁਆਰਿਆਂ ਤੇ ਕਾਬਜ਼ ਮਹੰਤ ਆਪਣੀਆਂ ਕਰਤੂਤਾਂ, ਭ੍ਰਿਸ਼ਟ ਆਚਰਣ ਅਤੇ ਰਾਜਸੱਤਾ ਦੇ ਸੰਦ ਹੋਣ ਦੀ ਸੱਚਾਈ ਨੂੰ ਢਕਣ ਲਈ 18ਵੀਂ ਸਦੀ ਦੇ ਮੁਸ਼ਕਿਲ ਦੌਰ ਵਿੱਚ ਧਰਮਸਾਲ ਦੇ ਪ੍ਰਬੰਧ ਕਰਨ ਨੂੰ ਆਪਣੀ ਅਦੁੱਤੀ ਪੰਥਕ ਸੇਵਾ ਵਜੋਂ ਪੇਸ਼ ਕਰਦੇ ਸਨ।ਓਦੋਂ ਮਸਲਾ ਗੁਰਮਰਿਆਦਾ ਦੀ ਬਹਾਲੀ ਨੂੰ ਉਲੰਘ ਕੇ ਸਿੱਖ ਵਿਚਾਰਧਾਰਾ ਅਤੇ ਸਿੱਖ ਲਹਿਰ ਦੀ ਨਵੀਆਂ ਹਾਲਤਾਂ ਵਿੱਚ ਪ੍ਰਸੰਗਕਤਾ ਨਾਲ ਜੁੜ ਗਿਆ।ਨਵੀਆਂ ਕਦਰਾਂ-ਕੀਮਤਾਂ ਦੀ ਉਸਾਰੀ ਦੇ ਨਾਲ ਹੀ ਉਸ ਸਮੇਂ ਦੇ ਆਜ਼ਾਦੀ ਸੰਘਰਸ਼ ਵਿੱਚ ਹਿੱਸੇਦਾਰੀ ਕਰਨ ਨੂੰ ਵੀ ਸਿੱਖ ਨੈਤਿਕਤਾ ਦਾ ਪੈਮਾਨਾ ਮੰਨ ਲਿਆ ਗਿਆ।
ਗੁਜ਼ਰੇ ਸਮੇਂ ‘ਤੇ ਝਾਤ ਮਾਰੀਏ ਤਾਂ ਹੁਣ ਲਗਭਗ ਇੱਕ ਸਦੀ ਬੀਤਣ ਮਗਰੋਂ ਪੰਥ ਕੋਲ ਉਸ ਮਹਾਨ ਲੋਕ-ਲਹਿਰ ਦੀ ਸਾਂਝੀਵਾਲਤਾ ਦੇ ਤਰੀਕਾਕਾਰ ਰਾਹੀਂ ਪੰਜਾਬੀ ਭਾਈਚਾਰੇ ਦੇ ਸਰਬੱਤ ਨਾਲ ਰਿਸ਼ਤੇ ਨੂੰ ਗਹਿਰਾ ਕਰਨ ਤੋਂ ਬਗ਼ੈਰ ਹੋਰ ਕੋਈ ਪ੍ਰਾਪਤੀ ਨਹੀਂ ਹੈ।ਪੰਜਾਬੀਆਂ ਦੀ ਬਾਗੀਆਨਾ ਬਿਰਤੀ ਨੂੰ ਸਮੇਂ ਦੀਆਂ ਕੇਂਦਰੀ+ਸੂਬਾ ਸਰਕਾਰਾਂ ਨੇ ਜੇ ਹਮੇਸ਼ਾ ਖੁੰਢਾ ਕਰਨ ਦੀਆਂ ਸਾਜ਼ਿਸ਼ਾਂ ਸਿਰੇ ਚਾੜ੍ਹੀਆਂ ਤਾਂ ਇਸ ਵਿੱਚ ਵੱਡਾ ਕਸੂਰ ਪੰਥਕ ਆਗੂਆਂ, ਸ਼੍ਰੋਮਣੀ (ਕਮੇਟੀ+ਦਲ)ਪ੍ਰਧਾਨਾਂ ਅਤੇ ਹੋਰ ‘ਸਿੱਖ’ ਵਿਦਵਾਨਾਂ ਦੀ ਵਿਵੇਕਹੀਣਤਾ ਦਾ ਵੀ ਹੈ।ਪੰਜਾਬੀਆਂ ਦੀਆਂ ਪੰਥਕ ਰਵਾਇਤਾਂ ਲਈ ਕੀਤੀ ਸੁਹਿਰਦ ਕੁਰਬਾਨੀ ਨੇ ਆਪਣੀ ਭਾਵਨਾ ਦੇ ਹਾਣ ਦਾ ਵਿਚਾਰਕ ਬੇੜਾ ਬੰਨ੍ਹਣ ਵਿੱਚ 1920 ਤੋਂ ਮਗਰੋਂ ਇਤਿਹਾਸਕ ਸ਼ਿਕਸਤ ਖਾਧੀ ਹੈ।
2. ਮਰਿਆਦਾ ਦਾ ਸਾਂਝੀਵਾਲਤਾ ਨਾਲ ਸਮਾਜਕ ਜੋੜ: ਪੰਜਾਬੀ ਇਤਿਹਾਸ ਦੀ ਗਵਾਹੀ
ਇੱਥੇ ਦੋਬਾਰਾ ਆਖਣ ਦੀ ਲੋੜ ਹੈ ਕਿ ਆਮ ਲੋਕਾਂ ਦੇ ਨੈੇਤਿਕ ਸੰਸਾਰ ਵਿੱਚ ਖ਼ਲਲ ਪੈਂਦਾ ਹੈ ਤਾਂ ਉਹ ਨਵੇਂ ਰਾਹ-ਰਸਤੇ ਲੱਭਣ ਵੱਲ ਤੁਰਦੇ ਹਨ।ਪੁਰਾਣੇ ਜਾਂ ਦਿੱਤੇ ਹੋਏ ਦੀ ਪਰਖ-ਪੜਚੋਲ ਕਰਦੇ ਹਨ।ਇਸੇ ਪੜਚੋਲ ਵਿੱਚੋਂ ਨਵੇਂ ਦੌਰ ਦੀ ਨੁਹਾਰ ਦੇ ਨਕਸ਼ ਵੀ ਹੌਲੀ-ਹੌਲੀ ਦਿਸਣੇ ਸ਼ੁਰੂ ਹੋ ਜਾਂਦੇ ਹਨ।ਆਪਣੇ ਨਰੋਏ ਜਜ਼ਬੇ ਨੂੰ ਵਿਚਾਰ ਵਜੋਂ ਸਥਿਰ ਕਰਨਾ ਇਸ ਕਾਰਜ ਦਾ ਪਹਿਲਾ ਪੜਾਅ ਹੈ। ਦੂਜਾ ਪੜਾਅ ਵਿਚਾਰ ਨੂੰ ਅਮਲ ਵਿੱਚ ਲਿਆ ਕੇ ਕਿਸੇ ਨਿੱਗਰ, ਸੁਹੰਢਣੀ ਅਤੇ ਲੋਕਮੁਖੀ ਸੰਸਥਾ ਵਜੋਂ ਸਥਾਪਤ ਕਰਨ ਦੇ ਸੰਘਰਸ਼ ਨਾਲ ਜੁੜਦਾ ਹੈ। ਇਹ ਪ੍ਰਕਿਰਿਆ ਪ੍ਰੌਢਤਾ, ਪਕਿਆਈ ਅਤੇ ਗਿਆਨ ਦੀ ਮੰਗ ਕਰਦੀ ਹੈ ਅਤੇ ਸਿੱਖ ਲਹਿਰ ਦੇ ਬਾਨੀਆਂ ਨੇ ਇਸ ਨੂੰ ਪਰਵਾਨ ਚਾੜ੍ਹ ਕੇ ਪੰਜਾਬੀ ਸੱਭਿਅਤਾ ਦਾ ਸਿਰ ਉੱਚਾ ਕੀਤਾ ਹੈ।ਗੁਰੂ ਨਾਨਕ ਸਾਹਿਬ ਦੇ ਸਿਧਾਂਤਕ ਦਿਸਹੱਦਿਆਂ ਦੀ ਲੋਅ ਵਿੱਚ ਹੋਰ ਗੁਰੂ ਸਾਹਿਬਾਨ ਨੇ ਲੋਕਾਈ ਦੀ ਬੋਲੀ ਪੰਜਾਬੀ ਵਿੱਚ ਸ਼ਬਦ ਰਚਨਾ ਤੋਂ ਚੱਲ ਕੇ ਆਦਿ ਗ੍ਰੰਥ ਦੀ ਸੰਪਾਦਨਾ ਰਾਹੀਂ ਵਿਚਾਰਕ ਅਤੇ ਸੰਸਥਾਈ ਆਸਣ ਕਾਇਮ ਕਰ ਲਿਆ।ਗੁਰੂ ੳਰਜਨ ਸਾਹਿਬ ਨੇ ਆਪਣੇ ਵਿਚਾਰ ਦੀ ਆਜ਼ਾਦੀ ਲਈ ਸ਼ਹਾਦਤ ਦਿੱਤੀ ਤਾਂ ਸਿੱਖ ਲਹਿਰ ਦੇ ਅਗਲੇਰੇ ਪੜਾਅ ਲਈ ਸ੍ਰੀ ਅਕਾਲ ਤਖ਼ਤ ਦੀ ਸਿਰਜਣਾ ਹੋਈ ਜਿਸ ਤੋਂ ਬਾਅਦ ਖਾਲਸਾ ਸਾਜਣ ਦਾ ਪ੍ਰਸੰਗ ਆਉਂਦਾ ਹੈ।ਕੋਈ 200 ਸਾਲ ਤੱਕ ਗੁਰੂਆਂ ਦੀ ਸਰਬ-ਪੱਖੀ ਅਗਵਾਈ ਹੇਠ ਵਿਚਾਰਧਾਰਕ ਬੇੜਾ ਬੰਨ੍ਹਿਆ ਗਿਆ।ਇਹ ਪ੍ਰਕਿਰਿਆ ਇਸ ਖਿੱਤੇ ਦੇ ਸਾਰੇ ਪੰਜਾਬੀਆਂ ਦੀ ਸਾਂਝੀ ਵਿਰਾਸਤ ਵੀ ਹੈ ਅਤੇ ਸਰਬੱਤ ਦੀ ਆਜ਼ਾਦੀ ਲਈ ਜੂਝਣ ਦਾ ਸੰਕਲਪ ਵੀ ਹੈ।
ਵੀਹਵੀਂ ਸਦੀ ਦਾ ਮਹਾਨ ਪੰਜਾਬੀ ਕਵੀ ਸਾਹੋਕਿਆਂ ਦਾ ਕਵੀਸ਼ਰ ਬਾਬੂ ਰਜਬ ਅਲੀ ਇਸੇ ਨੈਤਿਕ ਸੰਸਾਰ ਦੇ ਹਵਾਲੇ ਨਾਲ ਲੋਕ ਨਾਇਕ ਗੁਰੁ ਗੋਬਿੰਦ ਸਿੰਘ ਜੀ ਦੀ ਕਰਨੀ ਨੂੰ ‘ਦਸਮੇਸ਼ ਮਹਿਮਾ ਦੇ ਕਬਿੱਤ’ ਰਾਹੀਂ ਸਜਦਾ ਕਰਦਾ ਹੈ: ‘ਗੁਰੂ ਪੰਜ ਕੱਕਿਆਂ ਵਾਲੇ, ‘ਤੇ ਕਰਾਰਾਂ ਪੱਕਿਆਂ ਵਾਲੇ।’ ਇਹ ਸੁਣਨ ਨੂੰ ਸਧਾਰਨ ਸਤਰਾਂ ਦਰਅਸਲ ਉਸ ਇਤਿਹਾਸਕ ਪ੍ਰਕਿਰਿਆ ਦੇ ਪੰਜਾਬੀ ਖਮੀਰ ਵਿੱਚ ਰਚ-ਮਿਚ ਜਾਣ ਦੀ ਉਦਾਹਰਣ ਹਨ ਜਿਸ ਦਾ ਜ਼ਿਕਰ ਮੈਂ ਉੱਪਰ ਕੀਤਾ ਹੈ। ਇੱਕ ਪੰਜਾਬੀ ਮੁਸਲਮਾਨ ਦਾ ਪੰਜ ਕਕਾਰਾਂ ਦੀ ਖਾਲਸਈ ਸ਼ਾਨ ਦਾ ਜ਼ਿਕਰ ਦਰਅਸਲ ਸਿੱਖ ਲਹਿਰ ਦੇ ਸਾਂਝੀਵਾਲਤਾ ਵਾਲੇ ਸਿਧਾਂਤਕ ਮੁਹਾਜ਼ ਦੀ ਪਰਪੱਕਤਾ ਦੀ ਵਡਿਆਈ ਹੈ।ਅਜੋਕੇ ਮਾਹੌਲ ਵਿੱਚ ‘ਮਰਿਆਦਾ ਬਹਾਲੀ’ ਦੇ ਅੰਦੋਲਨਕਾਰੀਆਂ ਦੇ ਗ਼ੌਰ ਕਰਨ ਹਿਤ ਨੁਕਤਾ ਹੈ ਕਿ ਬਾਬੂ ਜੀ ਇਸ ਸਾਂਝੀ ਪ੍ਰਾਪਤੀ ਦੇ ਵੱਡੇ ਬੁਲਾਰੇ ਵਜੋਂ ਸਾਹਮਣੇ ਆਉਂਦੇ ਹਨ। ਪਰ ਨਾਲ ਹੀ ਉਹ ਇਨ੍ਹਾਂ ‘ਪੰਜ ਕੱਕਿਆਂ’ ਨੂੰ ‘ਕਰਾਰਾਂ ਪੱਕਿਆਂ’ ਨਾਲ ਜੋੜ ਕੇ ਮਹਾਨ ਵਿਚਾਰਧਾਰਕ ਕਾਰਜ ਸਿਰੇ ਚਾੜ੍ਹਦੇ ਹਨ।ਯਾਦ ਕਰਵਾਉਂਦੇ ਹਨ ਕਿ ਹੱਕ, ਸੱਚ, ਇਨਸਾਫ਼, ਸਾਂਝੀਵਾਲਤਾ, ਸਰਬੱਤ ਦੀ ਆਜ਼ਾਦੀ ਦੇ ਪੱਕੇ ਇਕਰਾਰਾਂ ਬਿਨਾਂ ਸਿੱਖ ਜਜ਼ਬਾ ਆਪਣੇ ਵਿਚਾਰਕ ਸਿਖਰ ਤੋਂ ਤਿਲਕ ਕੇ ਸਿਰਫ਼ੳਮਪ; ਸਿੱਖ ਭਾਈਚਾਰੇ ਦੇ ਫੌਰੀ ਹਿਤ ਸਾਧਣ ਦੀ ਸੌੜੀ ਸਿਆਸਤ ਦੀ ਮਾਰ ਵਿੱਚ ਆ ਜਾਂਦਾ ਹੈ।ਸ਼੍ਰੋਮਣੀ ਕਮੇਟੀ ਦੀ ਭ੍ਰਿਸ਼ਟ ਨੈਤਿਕਤਾ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਬੋਅ ਮਾਰਦੀ ਸਿਆਸੀ ਕਾਰਗੁਜ਼ਾਰੀ ਦੇ ਹੱਕੀ ਵਿਰੋਧ ਵਿੱਚ ‘ਪੰਥਕ ਮਰਿਆਦਾ’ ਦੀ ਅੰਦੋਲਨਕਾਰੀ ਸੰਗਤ ਆਪਣੀ ਭਾਵਨਾ ਦੀ ਸਮਗਲਿੰਗ ਨਾ ਹੋਣ ਦੇਵੇ।ਸਗੋਂ ਕਿਸੇ ਗਹਿਰੇ ਵਿਚਾਰਕ ਵਿਵੇਕ ਦੀ ਸਿਰਜਣਾ ਲਈ ਸਰਗਰਮ ਰਹਿਣ ਦਾ ਰਾਹ ਫੜਿਆ ਜਾਵੇ।ਸਿੱਖ ਲਹਿਰ ਦਾ ਮੌਜੂਦਾ ਪ੍ਰਸੰਗ ਇਸੇ ਇਤਿਹਾਸਕ ਪ੍ਰਕਿਰਿਆ ਦੀ ਨਵੀਂ ਸਿਰਜਣਾ ਦਾ ਬਾਨ੍ਹਣੂੰ ਬੰਨ੍ਹੇ ਜਿਸ ਵਿੱਚ ‘ਸ਼ਬਦ-ਸਾਂਝੀਵਾਲਤਾ-ਸਰਬੱਤ’ ਦਾ ਪੱਕਾ ਇਕਰਾਰ ਸਾਨੂੰ ਇਸ ਦੌਰ ਵਿੱਚ ਸੁਰਖ਼ਰੂ ਹੋਣ ਦਾ ਬਲ ਬਖ਼ਸ਼ੇ।
3. ਸੰਗਤਾਂ ਦੀ ਸਰਗਰਮੀ ਦਾ ਸਵਾਲ: ਰਣਨੀਤੀ, ਜਮਹੂਰੀਅਤ ਅਤੇ ਭਵਿੱਖ
ਇਸ ਪੜਾਅ ਉੱਤੇ ਕੁਝ ਸਿੱਖ ਜਥੇਬੰਦੀਆਂ, ਸੰਗਠਨਾਂ ਅਤੇ ਸ਼ਖ਼ਸੀਅਤਾਂ ਵੱਲੋਂ ਮੰਗਲਵਾਰ 10 ਨਵੰਬਰ ਨੂੰ ‘ਸਰਬੱਤ ਖਾਲਸਾ’ਬੁਲਾਏ ਜਾਣ ਦਾ ਏਜੰਡਾ ਸਾਹਮਣੇ ਆਇਆ ਹੈ। ਅਗਲੇਰੇ ਪੜਾਅ ਤੱਕ ਜਾਣ ਲਈ ਇਸ ਇਕੱਠ ਦੀ ਰਣਨੀਤਕ ਮਹੱਤਤਾ ਤਾਂ ਸਾਫ਼ ਦਿਸਦੀ ਹੈ ਪਰ ਨਾਲ ਹੀ ਖ਼ਦਸ਼ਾ ਹੈ ਕਿ ਆਪਸੀ ਵੰਡੀਆਂ, ਵਖਰੇਵੇਂ ਅਤੇ ਵਿਵਾਦ ਇਸ ਉੱਦਮ ਨੂੰ ਦਾਗੀ ਕਰ ਸਕਦੇ ਹਨ।ਇਸ ਸੰਦਰਭ ਵਿੱਚ ਇਹ ਨੁਕਤਾ ਸਵਾਗਤਯੋਗ ਹੈ ਕਿ ਖਾਲਿਸਤਾਨ ਵਰਗੇ ਪੰਜਾਬ-ਮਾਰੂ ਮੁੱਦੇ ਨੂੰ ਇਸ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।ਸਾਂਝੀਵਾਲਤਾ, ਅਹਿੰਸਾ ਅਤੇ ਲੋਕਾਈ ਦੇ ਏਕੇ ਦੀ ਇਹ ਮਹੱਤਵਪੂਰਨ ਸਫ਼ਲਤਾ ਹੈ।ਅਖਬਾਰੀ ਰਿਪੋਰਟਾਂ ਮੁਤਾਬਕ ਤਿੰਨ ਤਖ਼ਤਾਂ ਦੇ ਜਥੇਦਾਰਾਂ ਦੀ ਛਾਂਟੀ ਕਰ ਕੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਕਰਨੀ; ਉਨ੍ਹਾਂ ਦੀ ਯੋਗਤਾ ਅਤੇ ਅਧਿਕਾਰਾਂ ਬਾਰੇ ਨਿਰਣਾ ਕਰਨਾ; ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਬਾਰੇ ਚਰਚਾ ਆਦਿ ਏਜੰਡੇ ਵਿੱਚ ਸ਼ਾਮਿਲ ਹਨ।ਕਈ ਸੰਭਾਵਿਤ ਜਥੇਦਾਰਾਂ ਦੇ ਨਾਂ ਵੀ ਗਸ਼ਤ ਕਰਨ ਲੱਗੇ ਹਨ।ਇਸ ਸਭ ਬਾਰੇ 7 ਨਵੰਬਰ ਨੂੰ ਅੰਮ੍ਰਿਤਸਰ ਵਿੱਚ ‘ਅੰਤਿਮ ਰੂਪ’ ਦਿੱਤਾ ਜਾ ਚੁੱਕਾ ਹੈ।
ਮੈਂ ਅਜਿਹੇ ਨਾਜ਼ੁਕ ਵਕਤ ਵਿੱਚ ਕੁਝ ਖ਼ਦਸ਼ੇ ਸਾਂਝੇ ਕਰਨਾ ਚਾਹੁੰਦਾ ਹਾਂ:
1. ਕੀ 10 ਨਵੰਬਰ ਦੇ ਇਕੱਠ ਨੂੰ ਸਰਬੱਤ ਖਾਲਸਾ ਕਹਿਣਾ ਜ਼ਰੂਰੀ ਹੈ? ਮੇਰੇ ਮੂਜਬ ਸਵਾਲ ਬਣਦਾ ਹੈ ਕਿ ਸਾਰੇ ਖਿੱਤਿਆਂ ਵਿੱਚ ਵਸਦੇ ਪੰਥ ਦੀ ਨੁਮਾਇੰਦਗੀ ਲਈ ਕੀ ਪੈਮਾਨਾ ਰੱਖਿਆ ਗਿਆ ਹੈ? ਤਤਕਾਲੀ ਤੌਰ ਤੇ ਭਾਵੇਂ ਕੁਝ ਮੁੱਦੇ ਭਾਰੂ ਦਿਸ ਰਹੇ ਹਨ, ਪਰ ਇਨ੍ਹਾਂ ਦੇ ਦੂਰ-ਰਸੀ ਕਾਰਨਾਂ ਅਤੇ ਪ੍ਰਭਾਵਾਂ ਨੂੰ ਵਿਚਾਰ ਕੇ ਹੋਰ ਗੰਭੀਰ ਮੁੱਦੇ ਵੀ ਚਰਚਾ ਵਿੱਚ ਉਠਾਉਣੇ ਚਾਹੀਦੇ ਹਨ। ਕੀ ਇਹ ਦਰੁਸਤ ਨਹੀਂ ਹੋਵੇਗਾ ਕਿ ਇਸ ਇਕੱਠ ਨੂੰ ਨੇੜ-ਭਵਿੱਖ ਵਿੱਚ ਸਰਬੱਤ ਖਾਲਸਾ ਬੁਲਾਉਣ ਦੀ ਸਿਧਾਂਤਕ, ਵਿਹਾਰਕ ਅਤੇ ਜਥੇਬੰਦਕ ਤਿਆਰੀ ਦੇ ਰੂਪ ਵਿੱਚ ਵਿੳਂਤਿਆ ਜਾਵੇ?
2. ਸ਼੍ਰੋਮਣੀ ਕਮੇਟੀ ਦੀ ਵਿਧਾਨਕ ਮਾਨਤਾ ਨੂੰ ਇਸ ਦੇ ਅਹੁਦੇਦਾਰਾਂ ਦੇ ਬੇਅਸੂਲੇ, ਬੇਥ੍ਹਵੇ ਅਤੇ ਜਲਦਬਾਜ਼ੀ ਵਿੱਚ ਕੀਤੇ ਆਪਾ-ਵਿਰੋਧੀ ਨਿਰਣਿਆਂ ਨੇ ਘੱਟੇ ਰੋਲ਼ ਦਿੱਤਾ ਹੈ। ਇਸ ਦੇ ਬਾਵਜੂਦ ਕੀ ਅਸੀਂ ਵੀ ਐਨੀ ਕਾਹਲ ਵਿੱਚ ਕੱਚੇ-ਪੱਕੇ ਆਪਸੀ ਸਮਝੌਤਿਆਂ, ‘ਰਾਤ ਦੀਆਂ ਮੀਟਿੰਗਾਂ’ ਅਤੇ ਏਜੰਡਿਆਂ ਨੂੰ ‘ਅੰਤਿਮ ਰੂਪ’ ਦੇਣ ਦੇ ਕਚਘਰੜ ਫ਼ੈਸਲਿਆਂ ਨਾਲ ਆਪਣੀ ਜਾਇਜ਼ਕਰਾਰੀ ਹਾਸਲ ਕਰਨ ਵਿੱਚ ਨਾਕਾਮ ਨਹੀਂ ਹੋ ਜਾਵਾਂਗੇ?
3. ਵਿਸ਼ਾਲ ਚਰਚਾ ਨਾਲ, ਡੂੰਘੀ ਵਿਚਾਰ ਨਾਲ ਹੀ ਕੋਈ ਭਾਈਚਾਰਾ ਆਪਣੀ ਪ੍ਰੌਢਤਾ ਨੂੰ ਇਸ ਗਲੋਬਕਾਰੀ ਦੇ ਯੁਗ ਨਾਲ ਮੇਚ ਸਕਦਾ ਹੈ।ਸਾਡੇ ਲਈ ਅਤਿਅੰਤ ਜ਼ਰੂਰੀ ਹੈ ਕਿ ਏਜੰਡੇ ਤੈਅ ਕਰਨ ਵਿੱਚ ਪਾਰਦਰਸ਼ਤਾ, ਸਮਾਜਕ ਇਨਸਾਫ਼ੳਮਪ; ਅਤੇ ਸਾਂਝੀਵਾਲਤਾ ਦੇ ਗਾਡੀ ਰਾਹ ਦੀ ਸੇਧ ਵਿੱਚ ਅੱਗੇ ਵਧੀਏ। ਇਸ ਤਰਾਂ ਕਰਨ ਨਾਲ ਅਸੀਂ ਰਾਜਨੀਤਕ ਧਿਰਾਂ ਦੀ ਫ਼ੳਮਪ;ੌਰੀ ਲਾਹਾ ਲੈਣ ਦੀ ਪ੍ਰਵਿਰਤੀ ਦਾ ਨਕਾਰ ਕਰ ਕੇ ਸੁਹੰਢਣੇ, ਸਦਭਾਵੀ ਅਤੇ ਸਦਗੁਣੀ ਸੱਭਿਆਚਾਰ ਦੇ ਸੰਤ-ਸਿਪਾਹੀਆਂ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਸਕਾਂਗੇ।
4. ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਕਰ ਕੇ ਅਤੇ ਨਿਰਦੋਸ਼, ਅਮਨ ਪੂਰਵਕ ਮੁਜ਼ਾਹਰਾ ਕਰ ਰਹੇ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਪੁਲੀਸ ਹੱਥੋਂ ਹੱਤਿਆ ਕਰ ਕੇ ਪੰਜਾਬੀਆਂ ਦੀ ਆਪਸੀ ਸਾਂਝ ਨੂੰ ਲਾਂਬੂ ਲਾਉਣ ਦੀਆਂ ਹੋਛੀਆਂ ਚਾਲਾਂ ਨੂੰ ਪੰਜਾਬੀ ਸੰਗਤਾਂ ਦੇ ਆਪਸੀ ਏਕੇ ਅਤੇ ਵਿਵੇਕ ਨਾਲ ਪਛਾੜ ਦਿੱਤਾ ਗਿਆ ਹੈ।ਭਰਾ-ਮਾਰੂ ਜੰਗ ਤੋਂ ਕਿਨਾਰਾ ਕਰ ਕੇ ਪੰਜਾਬੀਆਂ ਨੇ ਪੰਜਾਬ ਸਰਕਾਰ ਦੇ ਅਹਿਲਕਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੋਹਰੀਆਂ ਦੇ ਅਸ਼ਲੀਲ ਨੈਤਿਕਚਾਰੇ ਨੂੰ ਸਗੋਂ ਕਟਹਿਰੇ ਵਿੱਚ ਖੜ੍ਹਾ ਕਰ ਲਿਆ ਹੈ।ਲੋਕਾਂ ਦੇ ਜਜ਼ਬੇ, ਕੁਰਬਾਨੀ ਅਤੇ ਅਗਵਾਈ ਨੂੰ ਜਲਦਬਾਜ਼ੀ ਵਿੱਚ ਸਾਡੇ ਬਿਆਨਾਂ, ਕਾਰਵਾਈਆਂ ਜਾਂ ਫ਼ੈਸਲਿਆਂ ਨਾਲ ਕੋਈ ਠੇਸ ਨਹੀਂ ਪੁੱਜਣੀ ਚਾਹੀਦੀ।ਨਹੀਂ ਤਾਂ ਲੋਕਾਂ ਦਾ ਰੋਹ ਸਾਡੇ ਵੱਲ ਵੀ ਰੁਖ਼ ਮੋੜ ਸਕਦਾ ਹੈ।
4(ੳ)
5. 10 ਨਵੰਬਰ ਨੂੰ ਹੀ ‘ਸਰਬੱਤ ਖਾਲਸਾ’ ਨੂੰ ਕਾਹਲ ਨਾਲ ਬੁਲਾਉਣ ਪਿੱਛੇ ਲੋਕਾਂ ਪ੍ਰਤੀ ਸਾਡੀ ਤਿਰਸਕਾਰ ਵਾਲੀ ਭਾਵਨਾ ਅਤੇ ਗੈਰਯਕੀਨੀ ਵੀ ਦਿਸਦੀ ਹੈ।ਲੋਕਾਂ ਦੇ ਰੋਹ ਦੀ ਅੱਗ ਮੱਠੀ ਨਾ ਪੈ ਜਾਵੇ!ਉਹ ਪਿੱਛੇ ਨਾ ਮੁੜ ਜਾਣ! ਬਣੀ-ਬਣਾਈ ਖੀਰ ਕਿਤੇ ਹੱਥੋਂ ਨਾ ਡੁੱਲ੍ਹ ਜਾਵੇ!ਇਨ੍ਹਾਂ ਸੰਤਾਪੇ ਹੋਏ ਵਿਹਾਰਕ ਨੀਤੀਕਾਰਾਂ ਦਾ ਅਸਲੀ ਡਰ ਸਗੋਂ ਲੋਕਾਂ ਦੇ ਅਗਾਂਹ ਨਿਕਲ ਜਾਣ ਦੇ ਭੈਅ ਨਾਲ ਫਾਥਾ ਹੋਇਆ ਹੈ।ਸਿਰੇ ਦੇ ਗੀਦੀ ਇਹ ਜੁਮਲੇਬਾਜ਼ ਰਣਨੀਤੀਕਾਰ ਪਹਿਲਾਂ ਵੀ ਲੋਕ-ਉਭਾਰਾਂ ਨੂੰ ਲੀਹੋਂ ਲਾਹੁਣ ਦਾ ਕੰਮ ਬੜੀ ਕੁਸ਼ਲਤਾ ਨਾਲ ਕਰਦੇ ਆਏ ਹਨ। ਮੇਰਾ ਮੰਨਣਾ ਹੈ ਕਿ ਸੰਗਤ ਦੀ ਅਗਵਾਈ ਤੇ ਭਰੋਸਾ ਰੱਖਿਆ ਜਾਵੇ।ਇਸ ਮਹਾਨ ਅੰਦੋਲਨ ਦਾ ਆਤਮਕ, ਸਦਾਚਾਰਕ ਬਲ ਸੰਗਤ ਦੀ ਕਮਾਈ ਹੈ, ਅਮਾਨਤ ਹੈ।ਆਪਣੀ ਸੱਟ ਦੀ ਨੁਮਾਇਸ਼ ਨਹੀਂ ਲਗਾਈ ਸਗੋਂ ਸੰਜਮੀ ਸਦਾਚਾਰਕ ਅਭਿਆਸ ਨਾਲ ਅਹਿੰਸਕ ਰਹਿੰਦਿਆਂ ਸੱਚ ਦਾ ਨਾਮ ਕਮਾਇਆ ਹੈ।ਸੰਗਤ ਸਿਰਫ਼ੳਮਪ; ਤੈਅ-ਸ਼ੁਦਾ ਏਜੰਡੇ ਤੇ ਜੈਕਾਰੇ ਗਜਾ ਕੇ ਰਸਮੀ ਪ੍ਰਵਾਨਗੀ ਦੇਣ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ।ਸਗੋਂ ਏਜੰਡਾ ਤੈਅ ਕਰਨ ਤੋਂ ਲੈ ਕੇ ਰਾਇ ਰੱਖਣ ਅਤੇ ਨਿਰਣਾ ਕਰਨ ਵਿੱਚ ਸਰਗਰਮ ਭਾਈਵਾਲ ਵਜੋਂ ਸਾਹਮਣੇ ਆਉਣੀ ਚਾਹੀਦੀ ਹੈ।
6. ਪੰਜਾਬ ਵਿੱਚ ਔਰਤਾਂ ਅਤੇ ਦਲਿਤ ਭਾਈਚਾਰੇ ਨੇ ਲਗਭਗ ਸਾਰੇ ਅੰਦੋਲਨਾਂ-ਖਾਸ ਕਰ ਕੇ ਕਿਸਾਨ ਮੋਰਚਾ, ਮੋਗਾ ਬੱਸ ਕਾਂਡ, ਮਰਿਆਦਾ ਬਹਾਲੀ ਅੰਦੋਲਨ, ਆਦਿ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ।ਸਾਡੇ ਸਮਾਜ ਵਿੱਚ ਇਹ ਦੋਵੇਂ ਧਿਰਾਂ ਦੇ ਸ਼ੋਸ਼ਣ ਦਾ ਸਵਾਲ ਸਾਡੀ ਚੇਤਨਾ ‘ਚੋਂ ਲਗਭਗ ਗੈਰਹਾਜ਼ਰ ਹੈ।ਇਸ ਇਕੱਠ ਵਿੱਚ ਵੀ ਜੇ ਇਹ ਮੁੱਦਾ ਨਹੀਂ ਵਿਚਾਰਿਆ ਜਾਂਦਾ ਤਾਂ ਇਹ ਸਾਡੀ ਦੋਗਲੀ ਮਾਨਸਿਕਤਾ ਦਾ ਇਸ਼ਤਿਹਾਰ ਹੈ।ਸਿੱਖ ਭਾਈਚਾਰੇ ਦਾ ਲਿੰਗ ਅਨੁਪਾਤ ਹੋਰ ਸਾਰੇ ਫ਼ਿੳਮਪ;ਰਕਿਆਂ ਤੋਂ ਘੱਟ ਹੈ।ਕੀ ਇਹ ਮਸਲਾ ਕੌਮੀ ਮਸਲਾ ਨਹੀਂ ਹੈ? ਕੀ ਅਸੀਂ ਸਿਦਕ ਦਿਲੀ ਨਾਲ ਇਨ੍ਹਾਂ ਮਸਲਿਆਂ ਬਾਰੇ ਚਰਚਾ ਕਰ ਸਕਾਂਗੇ?
7. ਉਪਰੋਕਤ ਕਾਰਜ ਦੇ ਨੇਪਰੇ ਚੜ੍ਹਣ ਲਈ ਕੀ ਕੁੱਲ 6-7 ਘੰਟਿਆਂ ਵਿੱਚ ਸੰਪੂਰਣ ਵਿਚਾਰ ਕੀਤੀ ਜਾ ਸਕਦੀ ਹੈ? ਜਾਂ ਫਿਰ ਸਾਨੂੰ ਵਧੇਰੇ ਸਮਾਂ ਵਿਚਾਰ-ਚਰਚਾ ਲਈ ਰੱਖਣਾ ਚਾਹੀਦਾ ਹੈ? ਕਿਤੇ ਇਹ ਨਾ ਹੋਵੇ ਕਿ ਪੰਜਾਬ ਵਿਧਾਨ ਸਭਾ ਦੇ ਲਚਰ ਸੈਸ਼ਨਾਂ ਵਾਂਗ ਨਾ ਢੰਗ ਦੀ ਚਰਚਾ ਹੋਵੇ, ਨਾ ਮਸਲੇ ਨਿਖਾਰੇ-ਨਿਤਾਰੇ ਜਾ ਸਕਣ। ਸਗੋਂ ਛੇਤੀ-ਛੇਤੀ ਮਤੇ ਪਾਸ ਕਰ ਕੇ ਨਬੇੜਾ ਕਰ ਲਿਆ ਜਾਵੇ। ਅਜਿਹਾ ਹੋਣ ਦੀ ਸੂਰਤ ਵਿੱਚ ਕੀ ਅਸੀਂ ਮੌਜੂਦਾ ਸਿਆਸੀ-ਸੱਭਿਆਚਾਰਕ ਨਿਘਾਰ ਦਾ ਸਦਗੁਣੀ ਬਦਲ ਬਣਨ ਦੀ ਥਾਂ ਉਸੇ ਦਲਦਲ ਦਾ ਨਵਾਂ ਮੰਚ ਹੀ ਤਾਂ ਨਹੀਂ ਬਣ ਕੇ ਰਹਿ ਜਾਵਾਂਗੇ?
4. ਪੰਜਾਬੀ ਲੋਕ ਸਾਂਝੀਵਾਲਤਾ ਦੇ ਸੰਕਲਪ ਦੇ ਸੂਰਮੇ ਬਣਨ
ਮਸਲੇ ਹੋਰ ਵੀ ਗਿਣਾਏ ਜਾ ਸਕਦੇ ਹਨ।ਪਰ ਸਿਰ ਤੇ ਗੰਢ ਇਹੋ ਹੈ ਕਿ ਅਸੀਂ ਸਰਬੱਤ ਖਾਲਸਾ ਵਰਗੀ ਜਿਸ ਮਹਾਨ ਪੰਥਕ ਜਮਹੂਰੀ ਰਵਾਇਤ ਦੀ ਓਟ ਤੱਕ ਰਹੇ ਹਾਂ ਉਹ ਸਾਡੀ ਹੀ ਤੰਗਨਜ਼ਰੀ ਜਾਂ ਜਲਦਬਾਜ਼ੀ ਵਿੱਚ ਦਾਗ਼ਦਾਰ ਨਾ ਹੋ ਜਾਵੇ।ਜੇ ਅਸੀਂ ਖੁੰਞ ਗਏ ਤਾਂ 19ਵੀਂ ਸਦੀ ਦੇ ਪੰਜਾਬੀ ਵਾਰਕਾਰ ਸ਼ਾਹ ਮੁਹੰਮਦ ਦਾ ਆਖਿਆ ਸਾਹਮਣੇ ਨਾ ਆ ਜਾਵੇ:
ਸ਼ਾਹ ਮੁਹੰਮਦਾ ਆਖਦੇ ਨੇ ਲੋਕ ਸਿੰਘ ਜੀ, ਤੁਸੀਂ ਚੰਗੀਆਂ ਪੂਰੀਆਂ ਪਾਇ ਆਇ।”
ਇਹ ਨਾਜ਼ੁਕ ਪੜਾਅ ਸਾਡੇ ਤੋਂ ‘ਨਿਰਭਉ ਨਿਰਵੈਰ’ ਵਿਵੇਕ ਦੀ ਮੰਗ ਕਰਦਾ ਹੈ।ਸੰਗਤਾਂ ਨੇ ਆਪਣੀ ਅਸੀਮ ਸ਼ਲਾਘਾਯੋਗ ਸੰਜਮੀ ਪਹਿਲਕਦਮੀ ਨਾਲ ਜੋ ਅਗਵਾਈ ਦਿੱਤੀ ਹੈ, ਉਸੇ ਲੀਹ ਤੇ ਚੱਲਦਿਆਂ ਸੰਗਤ ਨੂੰ ਹੋਰ ਵਧੇਰੇ ਸਰਗਰਮੀ ਨਾਲ ਅਗਲੇਰੀਆਂ ਚੁਣੌਤੀਆਂ ਨਾਲ ਸਿੱਝਣ ਲਈ ਕਮਰਕਸਾ ਕਸਣ ਦੀ ਲੋੜ ਹੈ।ਇਨਕਲਾਬੀ ਸਿੱਖ ਲਹਿਰ ਅਤੇ ਵਿਚਾਰਧਾਰਾ ਦੇ ਅਸਲ ਵਾਰਿਸ ਸਾਂਝੀਵਾਲਤਾ ਦੇ ਆਦਰਸ਼ ਨੂੰ ਸਮਰਪਿਤ ਸਮੂਹ ਪੰਜਾਬੀ ਲੋਕ ਹਨ ਚਾਹੇ ਉਹ ਕਿਸੇ ਵੀ ਧਰਮ, ਫ਼ਿੳਮਪ;ਰਕੇ, ਖਿੱਤੇ, ਨਾਸਤਕ/ਆਸਤਕ ਹੋਣ ਨਾਲ ਸਬੰਧ ਰੱਖਦੇ ਹੋਣ।ਅਸੀਂ ਸਮੂਹ ਪੰਜਾਬੀਆਂ ਨੂੰ ਇਸ ਮਹਾਨ ਅੰਦੋਲਨ ਨੂੰ ਅਪਨਾਉਣ ਲਈ ਅਤੇ ਇਸ ਦੀ ਸਫ਼ਲਤਾ ਲਈ ਆਪਣਾ ਯੋਗਦਾਨ ਪਾਉੇਣ ਦੀ ਅਪੀਲ ਕਰਦੇ ਹਾਂ।ਪੰਜਾਬੀ ਲੋਕਚਾਰੇ ਦੀ ਧੁਰੀ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’ ਨੂੰ ਆਦਰਸ਼ ਵਜੋਂ ਸਾਧਣ ਦਾ ਸਮਾਂ ਆਣ ਢੁੱਕਾ ਹੈ।ਗੁਰਵਾਕ ਹੈ : ‘ਆਪਣੇ ਹੱਥੀਂ ਆਪਣਾ ਆਪੇ ਹੀ ਕਾਜਿ ਸਵਾਰੀਐ।‘

