ਮਹਾਂਰਾਸ਼ਟਰ ਦੇ ਸ਼ਨੀ ਸਿੰਗਨਾਪੁਰ ਮੰਦਰ ’ਚ ਸ਼ਨੀ ਦੀ ਪੂਜਾ ਕਰਨ ਦੇ ਅਧਿਕਾਰ ਨੂੰ ਲੈ ਕੇ ਔਰਤਾਂ ਦਾ ਅੰਦੋਲਨ ਚੱਲ ਰਿਹਾ ਹੈ। ਮੁੰਬਈ ’ਚ ਮੁਸਲਿਮ ਔਰਤਾਂ ਨੇ ਹਾਜੀ ਅਲੀ ਦਰਗਾਹ ’ਚ ਦਾਖ਼ਲ ਹੋਣ ਦੀ ਮੰਗ ਨੂੰ ਲੈ ਕੇ ਵੀ ਅੰਦੋਲਨ ਸ਼ੁਰੂ ਕੀਤਾ ਹੈ। ਮਹਾਂਰਾਸ਼ਟਰ ਦੇ ਕੋਲਹਾਪੁਰ ’ਚ ਮਹਾਂਲਕਸ਼ਮੀ ਮੰਦਰ ’ਚ ਔਰਤਾਂ ਦੇ ਦਾਖ਼ਲ ਨਾ ਹੋਣ ਦੀ ਦੋ ਹਜ਼ਾਰ ਸਾਲ ਪੁਰਾਣੀ ਪਰੰਪਰਾ ਕੁਝ ਸਮਾਂ ਪਹਿਲਾਂ ਉਦੋਂ ਟੁੱਟ ਗਈ ਜਦੋਂ ਇਸ ਗ਼ਲਤ ਪਰੰਪਰਾ ਦੇ ਵਿਰੋਧ ’ਚ ਅੰਦੋਲਨ ਹੋਇਆ।
ਅਜਿਹਾ ਨਹੀਂ ਹੈ ਕਿ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਜਾਂ ਦਰਸ਼ਨ ਕਰਨ, ਉਥੇ ਰਹਿਣ, ਪੂਜਾ ਅਤੇ ਧਾਰਮਿਕ ਰਸਮਾਂ ਕਰਨ ਨਾਲ ਹੀ ਇਨਸਾਨ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਪਰ ਇੱਥੇ ਸਵਾਲ ਪੂਜਾ ਪਾਠ ਜਾਂ ਰਸਮਾਂ ਦਾ ਨਹੀਂ ਸਗੋਂ ਔਰਤਾਂ ਨੂੰ ਦਿੱਤੇ ਜਾਣ ਵਾਲੇ ਬਰਾਬਰ ਅਧਿਕਾਰਾਂ ਦਾ ਹੈ। ਇਸ ਤੋਂ ਪਹਿਲਾਂ ਧਾਰਮਿਕ ਸਥਾਨਾਂ ’ਚ ਔਰਤਾਂ ਦੇ ਜਾਣ ਦੀਆਂ ਕਈ ਘਟਨਾਵਾਂ ਚਰਚਾ ’ਚ ਰਹੀਆਂ।
ਦੱਖਣ ਦੀ ਫਿਲਮੀ ਅਦਾਕਾਰਾ ਜੈਮਾਲਾ ਨੇ ਕਿਹਾ ਸੀ ਕਿ ਉਸ ਨੇ 20 ਸਾਲ ਪਹਿਲਾਂ ਕੇਰਲ ਦੇ ਅਯੱਪਾ ਮੰਦਰ ’ਚ ਦਾਖ਼ਲ ਹੋ ਕੇ ਭਗਵਾਨ ਦੀ ਮੂਰਤੀ ਦੇ ਦਰਸ਼ਨ ਕਰਕੇ ਉਸ ਨੂੰ ਛੂਹਿਆ। ਮੰਦਰ ਦੇ ਪੁਜਾਰੀਆਂ ਨੇ ਕਿਹਾ ਸੀ ਕਿ ਕਿਸੇ ਔਰਤ ਦੇ ਛੂਹਣ ਨਾਲ ਹੀ ਭਗਵਾਨ ਅਪਵਿੱਤਰ ਹੋ ਗਿਆ ਅਤੇ ਭਗਵਾਨ ਨੂੰ ਪਵਿੱਤਰ ਕਰਨ ਦੀ ਪ੍ਰਕਿਰਿਆ ’ਚ ਦੋ ਸਾਲ ਲੱਗਣਗੇ। ਇਸ ਤੋਂ ਬਾਅਦ ਇਕ ਕੰਨੜ ਅਦਾਕਾਰਾ ਗਿਰਿਜਾ ਲੋਕੇਸ ਨੇ ਕਿਹਾ ਸੀ ਕਿ ਉਸ ਨੇ ਵੀ ਸਬਰੀਮਾਲਾ ਦੇ ਅਯੱਪਾ ਮੰਦਰ ਜਾ ਕੇ ‘ਦਰਸ਼ਨ’ ਕੀਤੇ । ਕੁਨੂਰ ਦੇ ਰਾਜ ਰਾਜੇਸ਼ਵਰ ਮੰਦਰ ’ਚ ਫਿਲਮ ਅਦਾਕਾਰਾ ਮੀਰਾ ਨੇ ਦਰਸ਼ਨ ਕੀਤੇ ਤਾਂ ਉਸ ਤੋਂ ਦਸ ਹਜ਼ਾਰ ਰੁਪਏ ਜੁਰਮਾਨਾ ਭਰਵਾਇਆ ਗਿਆ। ਇਕ ਪਾਸੇ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੀ ਨਜ਼ਰ ’ਚ ਸਭ ਇਨਸਾਨ ਇਕ ਬਰਾਬਰ ਹਨ ਚਾਹੇ ਉਹ ਮਰਦ ਹੋਵੇ ਜਾਂ ਔਰਤ, ਅਮੀਰ ਹੋਵੇ ਜਾਂ ਗ਼ਰੀਬ। ਸਾਰੇ ਇਨਸਾਨ ਉਸ ਪਰਮ ਪਿਤਾ ਪਰਮਾਤਮਾ ਦੀ ਔਲਾਦ ਹਨ, ਜਿਸ ਨੂੰ ਹਿੰਦੂ ਭਗਵਾਨ, ਸਿੱਖ ਵਾਹਿਗੁਰੂ, ਮੁਸਲਮਾਨ ਅੱਲਾ ਅਤੇ ਈਸਾਈ ਗੌਡ ਦੇ ਨਾਂ ਨਾਲ ਜਾਣਦੇ ਅਤੇ ਮੰਨਦੇ ਹਨ ਪਰ ਕਿਸੇ ਗੱਲ ਨੂੰ ਕਹਿਣ ਅਤੇ ਅਮਲੀ ਜਾਮਾ ਪਹਿਨਾਉਣ ’ਚ ਬਹੁਤ ਫ਼ਰਕ ਹੁੰਦਾ ਹੈ।
ਇਹ ਗੱਲ ਵੀ ਸਮਝੋਂ ਬਾਹਰ ਹੈ ਕਿ ਕਿਸੇ ਧਾਰਮਿਕ ਸਥਾਨ ’ਤੇ ਜਾ ਕੇ ਸ਼ਰਧਾ ਨਾਲ ਸਿਰ ਝੁਕਾਉਣ ਵਾਲਾ ਕਿਸੇ ਹੋਰ ਧਰਮ ਦਾ ਵਿਅਕਤੀ ਜਾਂ ਔਰਤ ਅਪਵਿੱਤਰ ਪਰ ਉਸ ਦੀ ਮਿਹਨਤ ਦਾ ਕਮਾਇਆ ਪੈਸਾ ਪਵਿੱਤਰ ਹੈ ਜਿਸ ਨਾਲ ਮੰਦਰ ਨੂੰ ਸ਼ੁੱਧ ਕੀਤਾ ਜਾ ਸਕਦਾ ਹੈ। ਪ੍ਰਭਾਵਸ਼ਾਲੀ ਅਤੇ ਚਰਚਿਤ ਲੋਕਾਂ ਨਾਲ ਹੋਈਆਂ ਅਜਿਹੀਆਂ ਘਟਨਾਵਾਂ ਤੁਰੰਤ ਲੋਕਾਂ ਦੀਆਂ ਨਜ਼ਰਾਂ ’ਚ ਆ ਜਾਂਦੀਆਂ ਹਨ ਪਰ ਆਮ ਲੋਕਾਂ ਨੂੰ ਅਕਸਰ ਹੀ ਅਜਿਹੇ ਹਾਲਾਤ ’ਚੋਂ ਗੁਜ਼ਰਨਾ ਪੈਂਦਾ ਹੈ ਜਿਸ ਬਾਰੇ ਕਿਸੇ ਨੂੰ ਭਿਣਕ ਤਕ ਨਹੀਂ ਲੱਗਦੀ। ਕੁਝ ਸਮਾਂ ਪਹਿਲਾਂ ਅਜਮੇਰ ਤੋਂ ਖ਼ਬਰ ਆਈ ਸੀ ਕਿ ਕੁਝ ਮੌਲਵੀ ਚਾਹੁੰਦੇ ਹਨ ਕਿ ਔਰਤਾਂ ਵਿਸ਼ੇਸ਼ ਮੌਕਿਆਂ ’ਤੇ ਹੋਣ ਵਾਲੀ ਨਮਾਜ ’ਚ ਹਿੱਸਾ ਨਾ ਲੈਣ। ਕਦੇ ਧਾਰਮਿਕ ਸਮਾਗਮਾਂ ’ਚ ਔਰਤਾਂ ਦੇ ਹਿੱਸਾ ਲੈਣ ’ਤੇ ਰੋਕ ਲੱਗੀ ਰਹਿੰਦੀ ਹੈ। ਕਦੇ ਸਮਾਂ ਸੀ ਜਦੋਂ ਕੋਈ ਵੀ ਧਾਰਮਿਕ ਸਮਾਗਮ ਔਰਤਾਂ ਦੀ ਹਾਜ਼ਰੀ ਬਿਨਾਂ ਅਧੂਰਾ ਸਮਝਿਆ ਜਾਂਦਾ ਸੀ। ਸਾਡੇ ਦੇਸ਼ ਦੇ ਬਹੁਤ ਸਾਰੇ ਧਾਰਮਿਕ ਸਥਾਨ ਹਨ ਜਿੱਥੇ ਕਿਤੇ ਔਰਤਾਂ, ਵਿਧਵਾਵਾਂ, ਕਿਤੇ ਦੂਜੇ ਧਰਮ ਦੇ ਲੋਕਾਂ , ਕਿਤੇ ਕਿਸੇ ਖਾਸ ਵਰਗ ਅਤੇ ਕਿਤੇ ਦਲਿਤਾਂ ਦੇ ਦਾਖ਼ਲ ਹੋਣ ਦੀ ਮਨਾਹੀ ਹੈ। ਕਈ ਧਾਰਮਿਕ ਸਥਾਨ ਤਾਂ ਅਜਿਹੇ ਹਨ ਜਿੱਥੇ ਧਰਮ ਹੀ ਨਹੀਂ ਸਗੋਂ ਪੈਸੇ ਅਤੇ ਰੁਤਬੇ ਕਾਰਨ ਵੀ ਭੇਦਭਾਵ ਹੁੰਦਾ ਹੈ। ਭਾਰਤ ਦੇ ਬਹੁਤ ਸਾਰੇ ਧਾਰਮਿਕ ਅਸਥਾਨਾਂ ’ਚ ਵਿਸ਼ੇਸ਼ ਮਹਿੰਗੀ ਟਿਕਟ ਖਰੀਦਣ ’ਤੇ ਬਿਨਾਂ ਕਤਾਰ ’ਚ ਲੱਗਿਆਂ ਦਾਖ਼ਲ ਹੋਇਆ ਜਾ ਸਕਦਾ ਹੈ ਜਦਕਿ ਆਮ ਲੋਕਾਂ ਨੂੰ ਲੰਬੀ ਕਤਾਰ ’ਚ ਖੜ੍ਹ ਕੇ ਕਈ-ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ।
ਇਕ ਪਾਸੇ ਕਿਹਾ ਜਾਂਦਾ ਹੈ ਕਿ ਪਰਮਾਤਮਾ ਸਿਰਫ ਪ੍ਰੇਮ ਦਾ ਭੁੱਖਾ ਹੈ, ਉਹ ਤਾਂ ਪੇ੍ਰਮ ਨਾਲ ਹੀ ਪਿਘਲ ਜਾਂਦਾ ਹੈ ਅਤੇ ਦੂਜੇ ਪਾਸੇ ਉਸ ਦੇ ਨਾਂ ’ਤੇ ਬਣਾਏ ਟਰੱਸਟਾਂ ਦੇ ਕਰਤਾ ਧਰਤਾ ਮਾਇਆ ਦਿਖਾਉਣ ’ਤੇ ਪਿਘਲਦੇ ਹਨ। ਇਹ ਸਭ ਦੇਖ ਕੇ ਇਹ ਗੱਲ ਅਡੰਬਰ ਜਾਪਦੀ ਹੈ ਕਿ ਪਰਮਾਤਮਾ ਦੇ ਦਰਬਾਰ ’ਚ ਸਭ ਇਕ ਬਰਾਬਰ ਹਨ, ਨਾ ਕੋਈ ਛੋਟਾ ਤੇ ਨਾ ਵੱਡਾ। ਸ਼ਰਧਾਲੂਆਂ ਨਾਲ ਭੇਦਭਾਵ ਵਾਲਾ ਵਤੀਰਾ ਉਸ ਪਰਮਾਤਮਾ ਦਾ ਵੀ ਅਪਮਾਨ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਰਾਜ ਮਹਿਲ ਦਾ ਐਸ਼ੋ ਆਰਾਮ ਤਿਆਗ਼ ਕੇ ਜੰਗਲਾਂ ’ਚ ਭਟਕਣਾ ਮਨਜ਼ੂਰ ਕੀਤਾ, ਗ਼ਰੀਬ ਭੀਲਣੀ ਸਬਰੀ ਦੇ ਜੂਠੇ ਬੇਰ ਵੀ ਖਾਧੇ, ਜੋ ਰਾਜਾ ਹੁੰਦੇ ਹੋਏ ਵੀ ਗ਼ਰੀਬ ਸੁਦਾਮਾ ਦੇ ਆਉਣ ਦੀ ਖ਼ਬਰ ਸੁਣ ਕੇ ਉਸ ਨੂੰ ਗਲੇ ਲਾਉਣ ਲਈ ਨੰਗੇ ਪੈਰੀਂ ਦੌੜਿਆ ਆਇਆ।
ਸਾਡੇ ਦੇਸ਼ ’ਚ ਵਿੱਦਿਅਕ ਸੰਸਥਾਵਾਂ ਤੋਂ ਜ਼ਿਆਦਾ ਗਿਣਤੀ ਧਾਰਮਿਕ ਸਥਾਨਾਂ ਦੀ ਹੈ। ਅੰਕੜਿਆਂ ਅਨੁਸਾਰ ਦੇਸ਼ ਭਰ ’ਚ 15 ਲੱਖ ਸਕੂਲ, ਕਾਲਜ ਹਨ ਪਰ ਛੋਟੇ-ਵੱਡੇ ਮਿਲਾ ਕੇ ਕੁੱਲ 25 ਲੱਖ ਧਾਰਮਿਕ ਸਥਾਨ ਹਨ, ਜਿਨ੍ਹਾਂ ’ਚੋਂ ਕਈ ਨਿੱਜੀ ਮਾਲਕੀ ਵਾਲੇ, ਕਈ ਸਰਕਾਰੀ ਕੰਟਰੋਲ ’ਚ ਅਤੇ ਕਈ ਟਰੱਸਟਾਂ ਦੀ ਮਾਲਕੀਅਤ ਵਾਲੇ ਹਨ। ਇਨ੍ਹਾਂ ’ਚ ਜ਼ਮੀਨ-ਜਾਇਦਾਦ ਅਤੇ ਧਨ ਦੌਲਤ ਦੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲਦੇ ਰਹਿੰਦੇ ਹਨ। ਮੂਰਤੀਘਾੜੇ ਦੇਵੀ-ਦੇਵਤਿਆਂ ਦੀਆਂ ਮੂਰਤਾਂ ਬਿਨਾਂ ਕਿਸੇ ਭੇਦਭਾਵ ਤੋਂ ਬਣਾਉਂਦੇ ਹਨ। ਈਸਾਈ, ਮੁਸਲਿਮ ਕਲਾਕਾਰ ਵੀ ਦੇਵੀ-ਦੇਵਤਿਆਂ ਦੀਆਂ ਮੂਰਤਾਂ ਬਣਾਉਂਦੇ ਹਨ। ਹਿੰਦੂ ਮੂਰਤੀਘਾੜੇ ਈਸਾ ਮਸੀਹ ਦੀ ਮੂਰਤੀ ਬਣਾਉਂਦੇ ਹਨ। ਮਸਜਿਦ ਬਣਾਉਣ ਲਈ ਹਿੰਦੂ ਜਾਂ ਸਿੱਖ ਮਿਸਤਰੀ ਅਤੇ ਮਜ਼ਦੂਰ ਮਨ ਲਾ ਕੇ ਕੰਮ ਕਰਦੇ ਹਨ। ਕਿਸੇ ਇਨਸਾਨ ਦਾ ਖ਼ੂਨ ਜਾਂ ਹੁਨਰ ਦੇਖ ਕੇ ਉਸ ਦੀ ਜਾਤ, ਧਰਮ, �ਿਗ ਅਤੇ ਅਮੀਰ ਜਾਂ ਗ਼ਰੀਬ ਹੋਣ ਬਾਰੇ ਨਹੀਂ ਦੱਸਿਆ ਜਾ ਸਕਦਾ। ਹਰ ਇਨਸਾਨ ਦੇ ਸਰੀਰ ’ਚ ਦੌੜਨ ਵਾਲੇ ਖ਼ੂਨ ਦਾ ਰੰਗ ਲਾਲ ਹੀ ਹੁੰਦਾ ਹੈ।
ਇੰਦਰਾ ਗਾਂਧੀ ਪੁਰੀ ਦੇ ਮੰਦਰ ’ਚ ਗਈ ਤਾਂ ਪੁਜਾਰੀਆਂ ਨੇ ਉਸ ਦਾ ਵਿਰੋਧ ਕੀਤਾ ਕਿਉਂਕਿ ਉਸ ਦਾ ਪਤੀ ਫਿਰੋਜ਼ ਗਾਂਧੀ ਇਕ ਪਾਰਸੀ ਸੀ। ਅਯੱਪਾ ਮੰਦਰ ’ਚ ‘ਦਰਸ਼ਨ’ ਕਰ ਚੁੱਕੀ ਜੈਮਾਲਾ ਜਾਂ ਰਾਜ ਰਾਜੇਸ਼ਵਰ ਮੰਦਰ ’ਚ ਦਾਖ਼ਲ ਹੋਣ ਵਾਲੀ ਮੀਰਾ ਨਾਲ ਜੋ ਹੋਇਆ, ਪਰੰਪਰਾਵਾਂ ਦੀ ਆੜ ’ਚ ਔਰਤਾਂ ਨਾਲ ਭੇਦਭਾਵ ਦੀ ਜਿਉਂਦੀ ਜਾਗਦੀ ਮਿਸਾਲ ਹੈ। ਜ਼ਰਾ ਸੋਚੋ ਕਿਸੇ ਵੀ ਸ਼ਰਧਾਲੂ ਔਰਤ ਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਕੀ ਹਾਸਲ ਹੋਵੇਗਾ? ਹਰ ਧਰਮ ਦੇ ਮੂਲ ’ਚ ਔਰਤਾਂ ਹਨ। ਧਾਰਮਿਕ ਰੀਤੀ ਰਿਵਾਜਾਂ ਦੀ ਪਾਲਣਾ ਕਰਨ ’ਚ ਔਰਤਾਂ ਹੀ ਅੱਗੇ ਰਹਿੰਦੀਆ ਹਨ। ਸ਼ਰਧਾ ਅਤੇ ਵਿਸ਼ਵਾਸ ਕਾਰਨ ਭੁੱਖੇ, ਪਿਆਸੇ ਰਹਿ ਕੇ ਵਰਤ ਔਰਤਾਂ ਹੀ ਰੱਖਦੀਆਂ ਹਨ ਅਤੇ ਉਹ ਵੀ ਆਪਣੇ ਪਤੀ ਅਤੇ ਪਰਿਵਾਰ ਲਈ , ਆਪਣੇ ਲਈ ਨਹੀਂ। ਫਿਰ ਵੀ ਸਮਾਜਿਕ ਅਤੇ ਧਾਰਮਿਕ ਮਾਮਲਿਆਂ ’ਚ ਜਿੰਨੀਆਂ ਵੀ ਬੰਦਿਸ਼ਾਂ ਹਨ, ਔਰਤਾਂ ਲਈ ਹੀ ਹਨ। ਅੱਜ ਜਦੋਂ ਔਰਤ-ਮਰਦ ਦੀ ਬਰਾਬਰੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਤਾਂ ਅਜਿਹੀਆਂ ਭੇਦਭਾਵ ਭਰੀਆਂ ਰਵਾਇਤਾਂ ਖ਼ਤਮ ਹੋਣੀਆਂ ਚਾਹੀਦੀਆਂ ਹਨ, ਚਾਹੇ ਉਹ ਕਿੰਨੀਆਂ ਹੀ ਪੁਰਾਣੀਆਂ ਕਿਉਂ ਨਾ ਹੋਣ। ਇਸ ਲਈ ਵੱਡੇ ਸਮਾਜਕ ਅੰਦੋਲਨ ਦੀ ਦਰਕਾਰ ਹੈ।
ਸੰਪਰਕ: +91 75289 06680


