By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਫ਼ਿਰਕੂ ਦੰਗੇ ਅਤੇ ਉਨ੍ਹਾਂ ਦਾ ਇਲਾਜ :ਸ਼ਹੀਦ-ਏ-ਆਜ਼ਮ ਭਗਤ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਫ਼ਿਰਕੂ ਦੰਗੇ ਅਤੇ ਉਨ੍ਹਾਂ ਦਾ ਇਲਾਜ :ਸ਼ਹੀਦ-ਏ-ਆਜ਼ਮ ਭਗਤ ਸਿੰਘ
ਨਜ਼ਰੀਆ view

ਫ਼ਿਰਕੂ ਦੰਗੇ ਅਤੇ ਉਨ੍ਹਾਂ ਦਾ ਇਲਾਜ :ਸ਼ਹੀਦ-ਏ-ਆਜ਼ਮ ਭਗਤ ਸਿੰਘ

ckitadmin
Last updated: July 22, 2025 7:43 am
ckitadmin
Published: September 28, 2016
Share
SHARE
ਲਿਖਤ ਨੂੰ ਇੱਥੇ ਸੁਣੋ

(ਜੂਨ 1927 ਦੇ `ਕਿਰਤੀ` `ਚ  ਛਪਿਆ ਸ਼ਹੀਦ -ਏ -ਆਜ਼ਮ ਭਗਤ ਸਿੰਘ ਦਾ ਇਹ ਲੇਖ ਵਰਤਮਾਨ ਹਾਲਾਤ ‘ਚ ਵੀ ਸਾਰਥਕ ਹੈ।  28 ਸਤੰਬਰ  `ਤੇ  “ਸੂਹੀ ਸਵੇਰ” ਦੇ ਸੱਜਣਾਂ ਲਈ ਇਹ ਲੇਖ ਪ੍ਰਕਾਸ਼ਿਤ ਕਰ ਰਹੇ ਹਨ : ਸੰਪਾਦਕ )
        
ਭਾਰਤ-ਵਰਸ਼ ਦੀ ਇਸ ਵੇਲੇ ਬੜੀ ਤਰਸਯੋਗ ਹਾਲਤ ਹੈ। ਇੱਕ ਧਰਮ ਦੇ ਪਿਛਲੱਗ-ਦੂਜੇ ਧਰਮ ਦੇ ਜਾਨੀ ਦੁਸ਼ਮਣ ਹਨ। ਹੁਣ ਤਾਂ ਇੱਕ ਧਰਮ ਦੇ ਹੋਣਾ ਹੀ ਦੂਜੇ ਧਰਮ ਦੇ ਕੱਟੜ ਵੈਰੀ ਹੋਣਾ ਹੈ। ਜੇ ਇਸ ਗੱਲ ਦਾ ਅਜੇ ਵੀ ਯਕੀਨ ਨਾ ਹੋਵੇ ਤਾਂ ਲਾਹੌਰ ਦੇ ਤਾਜ਼ੇ ਫਸਾਦ ਹੀ ਦੇਖ ਲਉ। ਕਿੱਦਾਂ ਮੁਸਲਮਾਨਾਂ ਨੇ ਬੇਗੁਨਾਹ ਸਿੱਖਾਂ, ਹਿੰਦੂਆਂ ਦੇ ਆਹੂ ਲਾਹੇ ਹਨ ਤੇ ਕਿੱਦਾਂ ਸਿੱਖਾਂ ਨੇ ਵੀ ਵਾਹ ਲੱਗਦੀ ਕੋਈ ਕਸਰ ਨਹੀਂ ਛੱਡੀ ਹੈ। ਇਹ ਆਹੂ ਇਸ ਲਈ ਨਹੀਂ ਲਾਹੇ ਗਏ ਹਨ ਕਿ ਫਲਾਣਾਂ ਪੁਰਸ਼ ਦੋਸ਼ੀ ਹੈ, ਸਗੋਂ ਇਸ ਲਈ ਕਿ ਫਲਾਣਾ ਪੁਰਸ਼ ਹਿੰਦੂ ਹੈ, ਜਾਂ ਸਿੱਖ ਹੈ ਜਾਂ ਮੁਸਲਮਾਨ ਹੈ। ਬੱਸ, ਕਿਸੇ ਦਾ ਸਿੱਖ ਜਾਂ ਹਿੰਦੂ ਹੋਣਾ ਮੁਸਲਮਾਨਾਂ ਦੇ ਕਤਲ ਕਰਨ ਲਈ ਕਾਫ਼ੀ ਸੀ ਅਤੇ ਇਸੇ ਤਰ੍ਹਾਂ ਹੀ ਕਿਸੇ ਪੁਰਸ਼ ਦਾ ਮੁਸਲਮਾਨ ਹੋਣਾ ਹੀ, ਉਸ ਦੀ ਜਾਨ ਲੈਣ ਲਈ ਕਾਫ਼ੀ ਦਲੀਲ ਸੀ। ਜਦ ਇਹੋ ਜੇਹੀ ਹਾਲਤ ਹੋਵੇ ਤਾਂ ਹਿੰਦੁਸਤਾਨ ਦਾ ਅੱਲਾ ਹੀ ਬੇਲੀ ਹੈ।ਇਸ ਹਾਲਤ ਵਿੱਚ ਹਿੰਦੋਸਤਾਨ ਦਾ ਭਵਿੱਖ ਬੜਾ ਕਾਲ਼ਾ ਨਜ਼ਰ ਆਉਂਦਾ ਹੈ। ਇਨ੍ਹਾਂ ‘ਧਰਮਾਂ’ ਨੇ ਭਾਰਤ-ਵਰਸ਼ ਦਾ ਬੇੜਾ ਗਰਕ ਕਰ ਛੱਡਿਆ ਹੈ ਅਤੇ ਅਜੇ ਪਤਾ ਨਹੀਂ ਹੈ ਕਿ ਇਹ ਧਾਰਮਕ ਫ਼ਸਾਦ ਭਾਰਤ-ਵਰਸ਼ ਦਾ ਕਦੋਂ ਖਹਿੜਾ ਛੱਡਣਗੇ। ਇਨ੍ਹਾਂ ਫ਼ਸਾਦਾਂ ਨੇ ਸੰਸਾਰ ਦੀਆਂ ਅੱਖਾਂ ਵਿੱਚ ਹਿੰਦੁਸਤਾਨ ਨੂੰ ਬਦਨਾਮ ਕਰ ਛੱਡਿਆ ਹੈ ਅਤੇ ਅਸਾਂ ਵੇਖਿਆ ਹੈ ਕਿ ਇਸ ਅੰਧ-ਵਿਸ਼ਵਾਸੀ ਵਹਿਣ ਵਿੱਚ ਸਭ ਵਹਿ ਜਾਂਦੇ ਹਨ। ਕੋਈ ਵਿਰਲਾ ਹੀ ਹਿੰਦੂ, ਮੁਸਲਮਾਨ ਜਾਂ ਸਿੱਖ ਹੁੰਦਾ ਹੈ ਜਿਹੜਾ ਆਪਣਾ ਦਿਮਾਗ਼ ਠੰਡਾ ਰੱਖਦਾ ਹੈ, ਬਾਕੀ ਸਭ ਦੇ ਸਭ ਇਹ ਨਾਮ ਧਰੀਕ ਧਰਮੀ ਆਪਣੇ ਨਾਮ ਧਰੀਕ ਧਰਮ ਦਾ ਰੋਅਬ ਕਾਇਮ ਰੱਖਣ ਲਈ ਡੰਡੇ-ਸੋਟੇ, ਤਲਵਾਰਾਂ, ਛੁਰੀਆਂ ਹੱਥ ਵਿੱਚ ਫੜ ਲੈਂਦੇ ਹਨ ਤੇ ਆਪਸ ਵਿੱਚੀਂ ਸਿਰ ਪਾੜ-ਪਾੜ ਕੇ ਮਰ ਜਾਂਦੇ ਹਨ। ਰਹਿੰਦੇ-ਖੂੰਹਦੇ ਕੁੱਝ ਤਾਂ ਫਾਹੇ ਲੱਗ ਜਾਂਦੇ ਹਨ ਅਤੇ ਕੁੱਝ ਜੇਲ੍ਹਾਂ ਵਿੱਚ ਸੁੱਟ ਦਿੱਤੇ ਜਾਂਦੇ ਹਨ। ਏਦਾਂ ਖ਼ੂਨ-ਖ਼ਰਾਬਾ ਹੋਣ ‘ਤੇ ਇਨ੍ਹਾਂ ‘ਧਰਮੀਆਂ’ ਉਪਰ ਅੰਗਰੇਜ਼ੀ ਡੰਡਾ ਵਰ੍ਹਦਾ ਹੈ ਤੇ ਫਿਰ ਇਨ੍ਹਾਂ ਦੇ ਦਿਮਾਗ਼ ਦਾ ਕੀੜਾ ਟਿਕਾਣੇ ਆ ਜਾਂਦਾ ਹੈ।

 

 

ਜਿੱਥੋਂ ਤੱਕ ਵੇਖਿਆ ਗਿਆ ਹੈ, ਇਨ੍ਹਾਂ ਫ਼ਸਾਦਾਂ ਪਿੱਛੇ ਫਿਰਕੂ ਲੀਡਰਾਂ ਅਤੇ ਅਖ਼ਬਾਰਾਂ ਦਾ ਹੱਥ ਹੈ। ਇਸ ਵੇਲ਼ੇ ਹਿੰਦੁਸਤਾਨ ਦੇ ਲੀਡਰਾਂ ਨੇ ਉਹ ਗਹੋ-ਗਾਲ ਛੱਡੀ ਹੈ ਕਿ ਚੁੱਪ ਹੀ ਭਲੀ ਹੈ। ਉਹੋ ਲੀਡਰ ਜਿਹਨਾਂ ਨੇ ਹਿੰਦੁਸਤਾਨ ਨੂੰ ਅਜ਼ਾਦ ਕਰਾਉਣ ਦਾ ਭਾਰ ਆਪਣੇ ਸਿਰ ‘ਤੇ ਚੁੱਕਿਆ ਹੋਇਆ ਸੀ ਅਤੇ ਜਿਹੜੇ ‘ਸਾਂਝੀ ਕੌਮੀਅਤ’ ਅਤੇ ‘ਸਵਰਾਜ ਸਵਰਾਜ’ ਦੇ ਦੱਮਗਜੇ ਮਾਰਦੇ ਨਹੀਂ ਸਨ ਥੱਕਦੇ, ਉਹੋ, ਜਾਂ ਤਾਂ ਆਪਣੀਆਂ ਸਿਰੀਆਂ ਲੁਕਾਈ ਚੁੱਪ-ਚਾਪ ਬੈਠੇ ਹਨ ਜਾਂ ਏਸੇ ਧਰਮਵਾਰ ਵਹਿਣ ਵਿੱਚ ਹੀ ਵਹਿ ਗਏ ਹਨ। ਸਿਰੀਆਂ ਲੁਕਾ ਕੇ ਬੈਠਣ ਵਾਲ਼ੇ ਲੀਡਰਾਂ ਦੀ ਗਿਣਤੀ ਵੀ ਥੋੜ੍ਹੀ ਹੈ ਪਰ ਉਹ ਲੀਡਰ ਜਿਹੜੇ ਫ਼ਿਰਕੂ ਲਹਿਰ ਵਿੱਚ ਜਾ ਰਲ਼ੇ ਹਨ ਉਹੋ ਜਿਹੇ ਤਾਂ ਬਹੁਤ ਹਨ। ਉਹੋ ਜਿਹੇ ਤਾਂ ਇੱਕ ਇੱਟ ਪੁੱਟਿਆਂ ਸੌ ਨਿੱਕਲ਼ਦੇ ਹਨ। ਇਸ ਵੇਲ਼ੇ ਉਹ ਆਗੂ ਜਿਹੜੇ ਕਿ ਦਿਲੋਂ ਸਾਂਝਾ ਭਲਾ ਚਾਹੁੰਦੇ ਹਨ, ਅਜੇ ਬਹੁਤ ਬਹੁਤ ਹੀ ਥੋੜ੍ਹੇ ਹਨ ਅਤੇ ਧਰਮ-ਵਾਰ ਲਹਿਰ ਦਾ ਇਤਨਾ ਪ੍ਰਬਲ ਹੜ੍ਹ ਆਇਆ ਹੈ ਕਿ ਉਹ ਵੀ ਇਸ ਹੜ੍ਹ ਨੂੰ ਠੱਲ੍ਹ ਨਹੀਂ ਪਾ ਸਕੇ ਹਨ। ਇਉਂ ਜਾਪਦਾ ਹੈ ਕਿ ਹਿੰਦੁਸਤਾਨ ਵਿੱਚ ਤਾਂ ਲੀਡਰੀ ਦਾ ਦੀਵਾਲ਼ਾ ਨਿੱਕਲ਼ ਗਿਆ ਹੈ।

ਦੂਜੇ ਸੱਜਣ ਜਿਹੜੇ ਫਿਰਕੂ ਅੱਗ ਨੂੰ ਭੜਕਾਉਣ ਵਿੱਚ ਖ਼ਾਸ ਹਿੱਸਾ ਲੈਂਦੇ ਰਹੇ ਹਨ ਉਹ ਅਖ਼ਬਾਰਾਂ ਵਾਲ਼ੇ ਹਨ।

ਅਖ਼ਬਾਰ-ਨਵੀਸੀ ਦਾ ਪੇਸ਼ਾ ਜਿਹੜਾ ਕਦੇ ਬੜਾ ਉੱਚਾ ਸਮਝਿਆ ਜਾਂਦਾ ਸੀ ਅੱਜ ਬਹੁਤ ਹੀ ਗੰਦਾ ਹੋਇਆ ਹੈ। ਇਹ ਲੋਕ ਇੱਕ ਦੂਜੇ ਦੇ ਬਰਖ਼ਲਾਫ਼ ਬੜੇ ਮੋਟੇ-ਮੋਟੇ ਸਿਰਲੇਖ ਦੇ ਕੇ ਲੋਕਾਂ ਦੇ ਜਜ਼ਬਾਤ ਭੜਕਾਉਂਦੇ ਹਨ ਤੇ ਆਪਸ ਵਿੱਚੀਂ ਡਾਂਗੋ-ਸੋਟੀ ਕਰਾਉਂਦੇ ਹਨ। ਇੱਕ ਦੋ ਥਾਈਂ ਨਹੀਂ ਕਿੰਨੀ ਥਾਂਈ ਹੀ ਇਸ ਲਈ ਫ਼ਸਾਦ ਹੋਇਆ ਹੈ ਕਿ ਸਥਾਨਕ ਅਖ਼ਬਾਰਾਂ ਨੇ ਬੜੇ ਭੜਕੀਲੇ ਲੇਖ ਲਿਖੇ ਸਨ। ਉਹ ਲਿਖਾਰੀ ਜਿਨ੍ਹਾਂ ਨੇ ਇਨ੍ਹਾਂ ਦਿਨਾਂ ਵਿੱਚ ਦਿਲ ਤੇ ਦਿਮਾਗ਼ ਠੰਡੇ ਰੱਖੇ ਹਨ ਉਹ ਬਹੁਤ ਹੀ ਘੱਟ ਹਨ।

ਅਖ਼ਬਾਰਾਂ ਦਾ ਅਸਲੀ ਫਰਜ਼ ਤਾਂ ਵਿੱਦਿਆ ਦੇਣੀ, ਤੰਗ-ਦਿਲੀ ਵਿੱਚੋਂ ਲੋਕਾਂ ਨੂੰ ਕੱਢਣਾ, ਤੁਅੱਸਬ ਦੂਰ ਕਰਨਾ, ਆਪਸ ਵਿੱਚ ਪ੍ਰੇਮ ਮਿਲ਼ਾਪ ਪੈਦਾ ਕਰਨਾ ਅਤੇ ਹਿੰਦੁਸਤਾਨ ਦੀ ਸਾਂਝੀ ਕੌਮੀਅਤ ਬਣਾਉਣਾ ਸੀ, ਪਰ ਇਹਨਾਂ ਨੇ ਆਪਣਾ ਫਰਜ਼ ਇਨ੍ਹਾਂ ਸਾਰੇ ਹੀ ਅਸੂਲਾਂ ਦੇ ਉਲਟ ਬਣਾ ਲਿਆ ਹੈ। ਇਹਨਾਂ ਆਪਣਾ ਮੁੱਖ ਮੰਤਵ ਅਗਿਆਨ ਭਰਨਾ, ਤੰਗ ਦਿਲੀ ਦਾ ਪ੍ਰਚਾਰ ਕਰਨਾ, ਤੁਅੱਸਬ ਬਣਾਉਣਾ, ਲੜਾਈ ਝਗੜੇ ਕਰਾਉਣਾ ਅਤੇ ਹਿੰਦੁਸਤਾਨ ਦੀ ਸਾਂਝੀ ਕੌਮੀਅਤ ਨੂੰ ਤਬਾਹ ਕਰਨਾ ਬਣਾ ਲਿਆ ਹੋਇਆ ਹੈ। ਏਹੋ ਕਾਰਨ ਹੈ ਕਿ ਭਾਰਤ ਵਰਸ਼ ਦੀ ਵਰਤਮਾਨ ਦਸ਼ਾ ਦਾ ਖ਼ਿਆਲ ਕਰਕੇ ਰੱਤ ਦੇ ਹੰਝੂ ਆਉਣ ਲੱਗ ਜਾਂਦੇ ਹਨ ਤੇ ਦਿਲ ਵਿੱਚ ਸਵਾਲ ਉੱਠਦਾ ਹੈ ਕਿ ਹਿੰਦੁਸਤਾਨ ਦਾ ਕੀ ਬਣੂੰ?

ਜਿਹੜੇ ਸੱਜਣ ਨਾ-ਮਿਲਵਰਤਣ ਦੇ ਦਿਨਾਂ ਦੇ ਜੋਸ਼ ਅਤੇ ਉਭਾਰ ਨੂੰ ਜਾਣਦੇ ਹਨ, ਉਨ੍ਹਾਂ ਨੂੰ ਇਹ ਹਾਲਤ ਵੇਖ ਕੇ ਰੋਣ ਆਉਂਦਾ ਹੈ। ਕਿੱਥੇ ਉਹ ਦਿਨ ਸਨ ਕਿ ਅਜ਼ਾਦੀ ਦੀ ਝਲਕ ਸਾਹਮਣੇ ਪਈ ਨਜ਼ਰ ਆਉਂਦੀ ਸੀ ਕਿ ਕਿੱਥੇ ਅੱਜ ਆਹ ਦਿਨ ਹਨ ਕਿ ਸਵਰਾਜ ਸੁਪਨਾ ਜਿਹਾ ਹੋਇਆ ਹੋਇਆ ਹੈ। ਬਸ, ਏਹੋ ਹੀ ਤੀਜਾ ਲਾਭ ਹੈ, ਜਿਹੜਾ ਇਨ੍ਹਾਂ ਫ਼ਸਾਦਾਂ ਨਾਲ਼, ਪਾਰਟੀ-ਜਾਬਰ ਸ਼ਾਹੀ ਨੂੰ ਹੋਇਆ ਹੈ। ਉਹੋ ਨੌਕਰਸ਼ਾਹੀ ਜਿਸ ਦੀ ਹੋਂਦ ਨੂੰ ਖ਼ਤਰਾ ਪਿਆ ਹੋਇਆ ਸੀ, ਕਿ ਉਹ ਕੱਲ੍ਹ ਵੀ ਨਹੀਂ ਹੈ, ਪਰਸੋਂ ਵੀ ਨਹੀਂ, ਅੱਜ ਇੰਨੀਆਂ ਮਜ਼ਬੂਤ ਜੜ੍ਹਾਂ ਤੇ ਬੈਠੀ ਹੈ ਕਿ ਉਸ ਨੂੰ ਹਿਲਾਣਾ ਕੋਈ ਮਾੜਾ ਮੋਟਾ ਕੰਮ ਨਹੀਂ ਹੈ।

ਜੇ ਇਹਨਾਂ ਫ਼ਿਰਕੂ ਫ਼ਸਾਦਾਂ ਦਾ ਜੜ੍ਹ ਕਾਰਨ ਲੱਭੀਏ ਤਾਂ ਸਾਨੂੰ ਤਾਂ ਇਹ ਕਾਰਨ ਆਰਥਕ ਹੀ ਜਾਪਦਾ ਹੈ। ਨਾ ਮਿਲਵਰਤਣ ਦੇ ਦਿਨਾਂ ਵਿੱਚ ਲੀਡਰਾਂ ਅਤੇ ਅਖ਼ਬਾਰ ਨਵੀਸਾਂ ਨੇ ਢੇਰ ਕੁਰਬਾਨੀਆਂ ਕੀਤੀਆਂ ਸਨ। ਉਨ੍ਹਾਂ ਦੀ ਆਰਥਕ ਦਸ਼ਾ ਖ਼ਰਾਬ ਹੋ ਗਈ ਸੀ। ਨਾ-ਮਿਲਵਰਤਣ ਦੇ ਮੱਧਮ ਪੈ ਜਾਣ ਪਿੱਛੋਂ ਲੀਡਰਾਂ ‘ਤੇ ਬੇ-ਇਤਬਾਰੀ ਜਿਹੀ ਹੋ ਗਈ, ਜਿਸ ਨਾਲ਼ ਅੱਜਕੱਲ੍ਹ ਦੇ ਬਹੁਤਿਆਂ ਫਿਰਕੂ ਲੀਡਰਾਂ ਦੇ ਧੰਦਿਆਂ ਦਾ ਨਾਸ ਹੋ ਗਿਆ। ਸੰਸਾਰ ਵਿੱਚ ਜਿਹੜਾ ਕੰਮ ਸ਼ੁਰੂ ਹੁੰਦਾ ਹੈ ਉਸ ਦੀ ਤਹਿ ਵਿੱਚ ਪੇਟ ਦਾ ਸੁਆਲ ਜ਼ਰੂਰ ਹੁੰਦਾ ਹੈ। ਕਾਰਲ ਮਾਰਕਸ ਦੇ ਵੱਡੇ-ਵੱਡੇ ਤਿੰਨ ਅਸੂਲਾਂ ਵਿੱਚੋਂ ਇਹ ਇੱਕ ਮੁੱਖ ਅਸੂਲ ਹੈ। ਇਸ ਅਸੂਲ ਦੇ ਕਾਰਨ ਹੀ ਤਬਲੀਗ, ਤਕਜ਼ੀਮ ਅਤੇ ਸ਼ੁਧੀ ਆਦਿ ਸੰਗਠਨ ਸ਼ੁਰੂ ਹੋਏ ਤੇ ਏਸੇ ਕਾਰਨ ਹੀ ਅੱਜ ਸਾਡੀ ਉਹ ਦੁਰਦਸ਼ਾ ਹੋਈ ਜਿਹੜੀ ਕਿ ਬਿਆਨਾਂ ਤੋਂ ਬਾਹਰ ਹੈ।

ਬਸ ਸਾਰੇ ਫ਼ਸਾਦਾਂ ਦਾ ਇਲਾਜ ਜੇ ਕੋਈ ਹੋ ਸਕਦਾ ਹੈ ਤਾਂ ਉਹ ਹਿੰਦੁਸਤਾਨ ਦੀ ਆਰਥਕ ਦਸ਼ਾ ਦੇ ਸੁਧਾਰ ਨਾਲ਼ ਹੀ ਹੋ ਸਕਦਾ ਹੈ। ਕਿਉਂਕਿ ਭਾਰਤ-ਵਰਸ਼ ਦੇ ਆਮ ਲੋਕਾਂ ਦੀ ਆਰਥਕ ਹਾਲਤ ਇੰਨੀ ਭੈੜੀ ਹੈ ਕਿ ਇੱਕ ਪੁਰਸ਼ ਨੂੰ ਕੋਈ ਚਾਰ ਆਨੇ ਦੇ ਕੇ ਦੂਜੇ ਨੂੰ ਬੇਇੱਜ਼ਤ ਕਰਵਾ ਸਕਦਾ ਹੈ। ਭੁੱਖ ਤੇ ਦੁੱਖ ਤੋਂ ਆਤਰ ਹੋ ਕੇ ਮਨੁੱਖ ਸਭ ਅਸੂਲ ਛਿੱਕੇ ‘ਤੇ ਟੰਗ ਦਿੰਦਾ ਹੈ। ਸੱਚ ਹੈ, ਮਰਦਾ ਕੀ ਨਹੀਂ ਕਰਦਾ।

ਪਰ ਵਰਤਮਾਨ ਹਾਲਤ ਵਿੱਚ ਆਰਥਕ ਸੁਧਾਰ ਹੋਣਾ ਅਤੀ ਕਠਿਨ ਹੈ। ਕਿਉਂਕਿ ਸਰਕਾਰ ਬਦੇਸ਼ੀ ਹੈ ਤੇ ਏਹੋ ਹੀ ਲੋਕਾਂ ਦੀ ਹਾਲਤ ਨੂੰ ਨਹੀਂ ਸੁਧਰਨ ਦੇਂਦੀ ਹੈ। ਇਸ ਲਈ ਏਸੇ ਦੇ ਪਿੱਛੇ ਹੀ ਹੱਥ ਧੋ ਕੇ ਪੈਣਾ ਚਾਹੀਦਾ ਹੈ। ਕਿ ਜਦ ਤੱਕ ਇਹ ਬਦਲ ਨਾ ਜਾਵੇ ਅਰਾਮ ਨਹੀਂ ਲੈਣਾ ਚਾਹੀਦਾ ਹੈ।

ਲੋਕਾਂ ਨੂੰ ਆਪਸ ‘ਚ ਲੜਨ ਤੋਂ ਰੋਕਣ ਲਈ ਜਮਾਤੀ ਚੇਤਨਾ ਦੀ ਲੋੜ ਹੈ, ਗਰੀਬਾਂ, ਕਿਰਤੀਆਂ ਤੇ ਕਿਸਾਨਾਂ ਨੂੰ ਸਾਫ਼ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ ਇਸ ਲਈ ਤੁਹਾਨੂੰ ਇਹਨਾਂ ਦੇ ਹੱਥਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੇ ਇਨ੍ਹਾਂ ਦੇ ਹੱਥ ‘ਤੇ ਚੜ੍ਹ ਕੇ ਕੁੱਝ ਨਹੀਂ ਕਰਨਾ ਚਾਹੀਦਾ ਹੈ। ਸੰਸਾਰ ਦੇ ਸਾਰੇ ਗ਼ਰੀਬਾਂ ਦੇ ਭਾਵੇਂ ਉਹ ਕਿਸੇ ਜਾਤ, ਨਸਲ, ਮਜ਼ਹਬ, ਕੌਮ ਦੇ ਹੋਣ, ਹੱਕ ਇੱਕੋ ਹੀ ਹਨ। ਤੁਹਾਡਾ ਭਲਾ ਇਸ ਵਿੱਚ ਹੈ ਕਿ ਤੁਸੀਂ ਧਰਮ, ਰੰਗ, ਨਸਲ ਅਤੇ ਕੌਮ ਅਤੇ ਮੁਲਕ ਦੇ ਭਿੰਨ-ਭੇਦ ਮਿਟਾ ਕੇ ਇਕੱਠੇ ਹੋ ਜਾਓ ਅਤੇ ਸਰਕਾਰ ਦੀ ਤਾਕਤ ਨੂੰ ਆਪਣੇ ਹੱਥ ਵਿੱਚ ਲੈਣ ਦੇ ਯਤਨ ਕਰੋ। ਇਹਨਾਂ ਯਤਨਾਂ ਨਾਲ਼ ਤੁਹਾਡਾ ਕੋਈ ਹਰਜ਼ ਨਹੀਂ ਹੋਵੇਗਾ ਕਿਸੇ ਦਿਨ ਨੂੰ ਤੁਹਾਡੇ ਸੰਗਲ਼ ਜ਼ਰੂਰ ਕੱਟੇ ਜਾਣਗੇ ਤੇ ਤੁਹਾਨੂੰ ਆਰਥਕ ਅਜ਼ਾਦੀ ਮਿਲ਼ ਜਾਵੇਗੀ।

ਜਿਨ੍ਹਾਂ ਲੋਕਾਂ ਨੂੰ ਰੂਸ ਦੇ ਇਤਿਹਾਸ ਦਾ ਪਤਾ ਹੈ ਉਹ ਜਾਣਦੇ ਹਨ ਕਿ ਜ਼ਾਰ ਦੇ ਵੇਲ਼ੇ ਉੱਥੇ ਵੀ ਏਹੋ ਹਿੰਦੋਸਤਾਨ ਵਾਲ਼ੀ ਹਾਲਤ ਸੀ, ਉੱਥੇ ਵੀ ਕਿੰਨੇ ਹੀ ਫ਼ਿਰਕੇ ਸਨ ਜਿਹੜੇ ਆਪਸ ਵਿੱਚ ਛਿੱਤਰ-ਪੋਲਾ ਹੀ ਖੜਕਾਉਂਦੇ ਰਹਿੰਦੇ ਸਨ। ਪਰ ਜਿਸ ਦਿਨ ਤੋਂ ਕਿਰਤੀ-ਰਾਜ ਹੋਇਆ ਹੈ ਉੱਥੇ ਨਕਸ਼ਾ ਹੀ ਬਦਲ ਗਿਆ ਹੈ। ਹੁਣ ਉੱਥੇ ਕਦੇ ਫ਼ਸਾਦ ਹੋਏ ਹੀ ਨਹੀਂ, ਹੁਣ ਉੱਥੇ ਹਰ ਇੱਕ ਨੂੰ ‘ਇਨਸਾਨ’ ਸਮਝਿਆ ਜਾਂਦਾ ਹੈ ‘ਧਰਮੀ’ ਨਹੀਂ। ਜ਼ਾਰ ਦੇ ਵੇਲ਼ੇ ਲੋਕਾਂ ਦੀ ਆਰਥਕ ਦਸ਼ਾ ਬਹੁਤ ਹੀ ਭੈੜੀ ਸੀ। ਇਸ ਲਈ ਸਭ ਫ਼ਸਾਦ-ਝਗੜੇ ਹੁੰਦੇ ਸਨ। ਪਰ ਹੁਣ ਰੂਸੀਆਂ ਦੀ ਆਰਥਕ ਹਾਲਤ ਸੁਧਰ ਗਈ ਹੈ ਅਤੇ ਉਹਨਾਂ ਵਿੱਚ ਜਮਾਤੀ-ਚੇਤਨਾ ਘਰ ਕਰ ਗਈ ਹੈ ਇਸ ਲਈ ਉੱਥੇ ਹੁਣ ਤਾਂ ਕਦੇ ਕੋਈ ਫ਼ਸਾਦ ਸੁਣਨ ਵਿੱਚ ਹੀ ਨਹੀਂ ਆਏ।

ਇਹਨਾਂ ਫ਼ਸਾਦਾਂ ਵਿੱਚ ਉਂਝ ਤਾਂ ਬੜੇ ਦਿਲ ਢਾਹੁੰਣ ਵਾਲ਼ੇ ਸਮਾਚਾਰ ਸੁਣੇ ਜਾਂਦੇ ਹਨ ਪਰ ਕਲਕੱਤੇ ਦੇ ਫ਼ਸਾਦਾਂ ਵਿੱਚ ਇੱਕ ਗੱਲ ਬੜੀ ਖ਼ੁਸ਼ੀ ਵਾਲ਼ੀ ਸੁਣੀ ਗਈ ਸੀ। ਉਹ ਇਹ ਸੀ ਕਿ ਉੱਥੇ ਹੋਏ ਫ਼ਸਾਦਾਂ ਵਿੱਚ ਟਰੇਡ ਯੂਨੀਅਨਾਂ ਦੇ ਕਿਰਤੀਆਂ ਨੇ ਕੋਈ ਹਿੱਸਾ ਨਹੀਂ ਲਿਆ ਸੀ ਅਤੇ ਨਾ ਉਹ ਆਪਸ ਵਿੱਚ ਗੁੱਥਮ-ਗੁੱਥਾ ਹੋਏ ਸਨ। ਸਗੋਂ ਉਹ ਬੜੇ ਪ੍ਰੇਮ ਨਾਲ਼ ਸਾਰੇ ਹੀ ਹਿੰਦੂ-ਮੁਸਲਮਾਨ ਇਕੱਠੇ ਮਿੱਲਾਂ ਆਦਿ ਵਿੱਚ ਰਹਿੰਦੇ-ਬਹਿੰਦੇ ਸਨ ਤੇ ਫ਼ਸਾਦ ਰੋਕਣ ਦੇ ਵੀ ਯਤਨ ਕਰਦੇ ਰਹੇ ਸਨ। ਇਹ ਇਸ ਲਈ ਕਿ ਉਹਨਾਂ ਵਿੱਚ ਜਮਾਤੀ-ਚੇਤਨਾ ਆਈ ਹੋਈ ਸੀ ਤੇ ਉਹ ਆਪਣੇ ਜਮਾਤੀ ਫਾਇਦਿਆਂ ਨੂੰ ਭਲੀ-ਭਾਂਤ ਜਾਣਦੇ ਸਨ। ਜਮਾਤੀ-ਚੇਤਨਾ ਦਾ ਇਹ ਸੋਹਣਾ ਰਾਹ ਹੈ ਜਿਹੜਾ ਕਿ ਫ਼ਸਾਦ ਰੋਕ ਸਕਦਾ ਹੈ।

ਇਹ ਖ਼ੁਸ਼ੀ ਦੀ ਸੋਅ ਸਾਡੇ ਕੰਨੀ ਪਈ ਹੈ ਕਿ ਭਾਰਤ ਦੇ ਨੌਜਵਾਨ ਹੁਣ ਉਹੋ ਜਿਹੇ ਧਰਮਾਂ ਤੋਂ ਜਿਹੜੇ ਕਿ ਆਪਸ ਵਿੱਚ ਲੜਾਉਣਾ ਤੇ ਨਫ਼ਰਤ ਕਰਨਾ ਸਿਖਲਾਂਦੇ ਹਨ, ਤੰਗ ਆ ਕੇ ਹੱਥ ਧੋਈ ਜਾਂਦੇ ਹਨ ਤੇ ਉਨ੍ਹਾਂ ਵਿੱਚ ਇੰਨੀ ਖੁੱਲ੍ਹ-ਦਿਲੀ ਆ ਗਈ ਹੈ ਕਿ ਉਹ ਭਾਰਤ-ਵਰਸ਼ ਦੇ ਪੁਰਸ਼ਾਂ ਨੂੰ ਧਰਮ ਦੀ ਨਿਗਾਹ ਨਾਲ਼ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਨਹੀਂ ਵੇਖਦੇ ਸਗੋਂ ਹਰ ਇੱਕ ਨੂੰ ਪਹਿਲਾਂ ਇਨਸਾਨ ਸਮਝਦੇ ਹਨ ਤੇ ਫਿਰ ਹਿੰਦੁਸਤਾਨੀ। ਭਾਰਤ-ਵਰਸ਼ ਦੇ ਗੱਭਰੂਆਂ ਵਿੱਚ ਇਨ੍ਹਾਂ ਖ਼ਿਆਲਾਂ ਦਾ ਆਉਣਾ ਦੱਸਦਾ ਹੈ ਕਿ ਭਾਰਤ-ਵਰਸ਼ ਦਾ ਅੱਗਾ ਬੜਾ ਚਮਕੀਲਾ ਹੈ ਅਤੇ ਭਾਰਤ ਵਾਸੀਆਂ ਨੂੰ ਇਹ ਫ਼ਸਾਦ ਆਦਿ ਹੁੰਦੇ ਵੇਖ ਕੇ ਘਬਰਾ ਨਹੀਂ ਜਾਣਾ ਚਾਹੀਦਾ ਹੈ, ਸਗੋਂ ਤਿਆਰ-ਬਰ-ਤਿਆਰ ਹੋ ਕੇ ਵਾਹ ਲਾਉਣੀ ਚਾਹੀਦੀ ਹੈ ਕਿ ਐਸਾ ਵਾਯੂ-ਮੰਡਲ ਪੈਦਾ ਹੋ ਜਾਵੇ ਜਿਸ ਨਾਲ਼ ਕਿ ਫ਼ਸਾਦ ਹੋਣ ਹੀ ਨਾ।

1914-15 ਦੇ ਸ਼ਹੀਦਾਂ ਨੇ ਧਰਮ ਨੂੰ ਸਿਆਸਤ ਤੋਂ ਵੱਖਰਾ ਕਰ ਦਿੱਤਾ ਹੋਇਆ ਸੀ। ਉਹ ਸਮਝਦੇ ਸਨ ਕਿ ਧਰਮ ਪੁਰਸ਼ਾਂ ਦਾ ਆਪਣਾ-ਆਪਣਾ ਵੱਖਰਾ ਕਰਤੱਵ ਹੈ ਤੇ ਇਸ ਵਿੱਚ ਦੂਜੇ ਦਾ ਕੋਈ ਦਖ਼ਲ ਨਹੀਂ। ਨਾ ਹੀ ਇਸ ਨੂੰ ਰਾਜਨੀਤੀ ਵਿੱਚ ਘੁਸੇੜਨਾ ਚਾਹੀਦਾ ਹੈ ਕਿਉਂਕਿ ਇਹ ਸਰਬੱਤ ਨੂੰ ਸਾਂਝੇ ਇੱਕ ਥਾਂ ਮਿਲ਼ਕੇ ਕੰਮ ਨਹੀਂ ਕਰਨ ਦੇਂਦਾ। ਇਸੇ ਲਈ ਹੀ ਉਹ ਗ਼ਦਰ ਵਰਗੀ ਲਹਿਰ ਵਿੱਚ ਵੀ ਇੱਕ-ਮੁੱਠ ਅਤੇ ਇੱਕ ਜਾਨ ਰਹੇ ਸਨ ਤੇ ਜਿੱਥੇ ਸਿੱਖ ਵਧ-ਵਧ ਕੇ ਫ਼ਾਂਸੀਆਂ ‘ਤੇ ਟੰਗੇ ਗਏ ਸਨ ਉੱਥੇ ਹਿੰਦੂਆਂ ਤੇ ਮੁਸਲਮਾਨਾਂ ਨੇ ਵੀ ਕੋਈ ਘੱਟ ਨਹੀਂ ਗੁਜ਼ਾਰੀ ਸੀ।

ਇਸ ਵੇਲ਼ੇ ਕੁੱਝ ਹਿੰਦੋਸਤਾਨੀ ਆਗੂ ਵੀ ਮੈਦਾਨ ਵਿੱਚ ਨਿੱਤਰੇ ਜਾਪਦੇ ਹਨ ਜਿਹੜੇ ਕਿ ਧਰਮ ਨੂੰ ਰਾਜਨੀਤੀ ਤੋਂ ਅਲੱਗ ਕਰਨਾ ਚਾਹੁੰਦੇ ਹਨ। ਝਗੜੇ ਮੁਕਾਉਣ ਦਾ ਇਹ ਵੀ ਇਕ ਸੋਹਣਾ ਇਲਾਜ ਹੈ ਅਤੇ ਅਸੀਂ ਇਸਦੀ ਪ੍ਰੋੜਤਾ ਕਰਦੇ ਹਾਂ ਜੇ ਧਰਮ ਨੂੰ ਵੱਖਰਿਆਂ ਕਰ ਦਿੱਤਾ ਜਾਵੇ ਤਾਂ ਅਸੀਂ ਰਾਜਨੀਤੀ ਉੱਤੇ ਸਾਰੇ ਇਕੱਠੇ ਹੋ ਸਕਦੇ ਹਾਂ, ਧਰਮਾਂ ਵਿੱਚ ਭਾਵੇਂ ਅਸੀਂ ਵੱਖਰੇ-ਵੱਖਰੇ ਹੀ ਹੋਈਏ।

ਸਾਡਾ ਖ਼ਿਆਲ ਹੈ ਕਿ ਹਿੰਦੋਸਤਾਨ ਦੇ ਸੱਚੇ ਦਰਦੀ ਇਹਨਾਂ ਦੱਸੇ ਇਲਾਜਾਂ ਵੱਲ ਜ਼ਰੂਰ ਗਹੁ ਕਰਨਗੇ ਅਤੇ ਹਿੰਦੁਸਤਾਨ ਦਾ ਜਿਹੜਾ ਆਤਮਘਾਤ ਹੋ ਰਿਹਾ ਹੈ, ਇਸ ਤੋਂ ਇਸ ਨੂੰ ਬਚਾ ਲੈਣਗੇ।

ਪੱਥਰ ਪਾੜ ਕੇ ਉੱਗੀ ਕਰੂੰਬਲ ‘ਸੰਨੀ ਹਿੰਦੁਸਤਾਨੀ’ – ਮਿੰਟੂ ਬਰਾੜ ਆਸਟ੍ਰੇਲੀਆ
ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿਚ ਭਾਰਤ ਦੀ ਸਥਿਤੀ -ਹਰਜਿੰਦਰ ਸਿੰਘ ਗੁਲਪੁਰ
ਰੈਡੀਮੇਡ ਸੰਤ ਅਤੇ ਰਾਜਨੀਤਕ ਗੱਠਜੋੜ ਦੀ ਅਸਲੀਅਤ -ਗੁਰਚਰਨ ਪੱਖੋਕਲਾਂ
ਤਣਾ ਪੂਰਨ ਮਾਹੌਲ ਵਿੱਚ ਭਾਰਤ ਪਾਕਿ ਗੱਲਬਾਤ ਦਾ ਮੁਲਤਵੀ ਹੋਣਾ ਹੀ ਬਿਹਤਰ
ਸੰਘ ਦੀਆਂ ਨਜ਼ਰਾਂ ਵਿੱਚ ਜੇ.ਐੱਨ.ਯੂ ‘ਰਾਸ਼ਟਰ ਵਿਰੋਧੀ ਤੱਤਾਂ’ ਦਾ ਗੜ੍ਹ – ਹਰਜਿੰਦਰ ਸਿੰਘ ਗੁਲਪੁਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਹੁਣ ਮੈਂ ਕਦੀ ਨਿਰਾਸ਼ ਨਹੀਂ ਹੁੰਦੀ.. -ਅਮਨਦੀਪ ਹਾਂਸ

ckitadmin
ckitadmin
January 6, 2017
ਸਰਕਾਰ ਵੱਲੋਂ ਬਣਾਏ ਪਖਾਨਿਆਂ ’ਚ ਵੱਡਾ ਘਪਲਾ
ਸਮਾਜ ਸੇਵੀ ਸੰਸਥਾ ਨੇ ਸਰਕਾਰੀ ਸਕੂਲ ਨੂੰ ਦਿੱਤੇ ਅਧਿਆਪਕ
ਰੰਗ ਲੱਗ ਜਾਵਣਗੇ – ਸੁੱਚੀ ਕੰਬੋਜ ਫਾਜ਼ਿਲਕਾ
ਤਿੜਕ ਰਿਹਾ ਅਕਾਲੀ-ਭਾਜਪਾ ਗੱਠਜੋੜ- ਮੁਖਤਿਆਰ ਪੂਹਲਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?