By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੈਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ -ਸਾਧੂ ਬਿਨਿੰਗ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਕੈਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ -ਸਾਧੂ ਬਿਨਿੰਗ
ਨਜ਼ਰੀਆ view

ਕੈਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ -ਸਾਧੂ ਬਿਨਿੰਗ

ckitadmin
Last updated: July 18, 2025 7:55 am
ckitadmin
Published: October 6, 2019
Share
SHARE
ਲਿਖਤ ਨੂੰ ਇੱਥੇ ਸੁਣੋ

(ਇਹ ਲੇਖ ਪਹਿਲਾਂ ਛਪੇ ਹੋਏ ਲੇਖ ਦਾ ਅਜੋਕਾ (ਅੱਪਡੇਟਡ) ਰੂਪ ਹੈ। ਪਹਿਲੀ ਵਾਰੀ 2004 ਦੀਆਂ ਫੈਡਰਲ ਚੋਣਾਂ ਸਮੇਂ ਇਹ ਗੱਲ ਕੀਤੀ ਗਈ ਸੀ। ਜਿੱਥੋਂ ਤੱਕ ਕੈਨੇਡਾ ਵਿਚ ਕੇਂਦਰੀ ਪੱਧਰ ’ਤੇ ਪੰਜਾਬੀ ਨੂੰ ਮਾਨਤਾ ਦੇਣ ਦਾ ਸਵਾਲ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਵਾਪਰੀ। ਭਾਈਚਾਰੇ ਵਿਚੋਂ ਸਮੇਂ ਸਮੇਂ ਅਤੇ ਖਾਸ ਕਰ ਚੋਣਾਂ ਵੇਲੇ ਇਸ ਮਸਲੇ ਨੂੰ ਉਠਾਉਣ ਦੀ ਕੋਸ਼ਸ਼ ਕੀਤੀ ਜਾਂਦੀ ਰਹੀ ਹੈ। ਇਹ ਕੋਸ਼ਸ਼ਾਂ ਜ਼ਾਰੀ ਰਹਿਣੀਆਂ ਚਾਹੀਦੀਆਂ ਹਨ। ਆਸ ਹੈ ਕਿ ਇਸ ਮਾਣਮੱਤੇ ਬਹੁਸਭਿਆਚਾਰਕ ਮੁਲਕ ਦੀ ਸਰਕਾਰ ਇਕ ਦਿਨ ਜ਼ਰੂਰ ਭਾਸ਼ਾ ਦੀ ਮਹੱਤਤਾ ਵੱਲ ਧਿਆਨ ਦੇਵੇਗੀ। – ਜਿਨ੍ਹਾਂ ਦੋਸਤਾਂ ਨੇ ਇਹ ਲੇਖ ਪੁਰਾਣੇ ਰੂਪ ਵਿੱਚ ਪਹਿਲਾਂ ਪੜ੍ਹਿਆ ਹੈ ਉਨ੍ਹਾਂ ਪਾਸੋਂ ਮੈਂ ਇਸ ਦੁਹਰਾਅ ਲਈ ਮੁਆਫੀ ਚਾਹੁੰਦਾ ਹਾਂ।)
 
ਇਸ ਮਹੀਨੇ ਦੀ 21 (ਅਕਤੂਬਰ, 2019) ਤਰੀਕ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਹਰ ਪਾਸੇ ਚੋਣ ਪਰਚਾਰ ਹੋ ਰਿਹਾ ਹੈ। ਇਹ ਵਧੀਆ ਗੱਲ ਹੈ ਕਿ ਹਮੇਸ਼ਾ ਵਾਂਗ ਪੰਜਾਬੀ ਭਾਈਚਾਰੇ ਦੇ ਲੋਕ ਵੀ ਪੂਰੀ ਸਰਗਰਮੀ ਨਾਲ ਇਸ ਵਿਚ ਜੁੱਟੇ ਹੋਏ ਹਨ। ਕੈਨੇਡਾ ਦੀ ਤਕਰੀਬਨ ਹਰ ਪਾਰਟੀ ਵਲੋਂ ਚੋਣ ਲੜ੍ਹ ਰਹੇ ਪੰਜਾਬੀ ਉਮੀਦਵਾਰਾਂ ਦੀ ਗਿਣਤੀ ਕਈ ਦਰਜਣਾਂ ਹੈ। ਜਿੱਥੇ ਜਿੱਥੇ ਵੀ ਪੰਜਾਬੀਆਂ ਦੀ ਜ਼ਿਕਰਯੋਗ ਗਿਣਤੀ ਹੈ ਉੱਥੇ ਉਹ ਜਾਂ ਤਾਂ ਕਿਸੇ ਪੰਜਾਬੀ ਉਮੀਦਵਾਰ ਨੂੰ ਜਿਤਾਉਣ ਦੇ ਆਹਰ ਵਿਚ ਹਨ ਜਾਂ ਪੰਜਾਬੀ ਭਾਈਚਾਰੇ ਨਾਲ ਨੇੜਤਾ ਰੱਖਣ ਵਾਲੇ ਕਿਸੇ ਹੋਰ ਉਮੀਦਵਾਰ ਨੂੰ।
 

ਪੰਜਾਬੀਆਂ ਵਲੋਂ ਬੇਸ਼ੁਮਾਰ ਪੈਸਾ ਅਤੇ ਹਰ ਕਿਸਮ ਦੀ ਸ਼ਕਤੀ ਅਤੇ ਸੋਮੇ ਇਸ ਚੋਣ ਵਿਚ ਲਾਏ ਜਾ ਰਹੇ ਹਨ। ਉਹ ਫੰਡ ਇਕੱਠੇ ਕਰ ਰਹੇ ਹਨ, ਸੜਕਾਂ ‘ਤੇ ਉਮੀਦਵਾਰਾਂ ਦੇ ਬੋਰਡ ਲਾ ਰਹੇ ਹਨ, ਲੋਕਾਂ ਦੇ ਘਰੀਂ ਜਾ ਕੇ ਉਨ੍ਹਾਂ ਨੂੰ ਵੋਟ ਪਾਉਣ ਲਈ ਕਹਿ ਰਹੇ ਹਨ, ਫੋਨ ਕਰ ਰਹੇ ਹਨ, ਲਿਸਟਾਂ ਬਣਾ ਰਹੇ ਹਨ, ਇਕ ਦੂਜੇ ਨਾਲ ਬਹਿਸਾਂ ਕਰ ਰਹੇ ਹਨ, ਵੱਖਰੀਆਂ ਵੱਖਰੀਆਂ ਪਾਰਟੀਆਂ ਦਾ ਨਜ਼ਰੀਆ ਇੱਕ ਦੂਜੇ ਨੂੰ ਦੱਸ ਰਹੇ ਹਨ। ਭਾਈਚਾਰੇ ਦੀਆਂ ਅਖਬਾਰਾਂ, ਰੇਡੀਓ ਅਤੇ ਟੀ ਵੀ ਰਾਹੀਂ ਚੋਣ ਸੰਬੰਧੀ ਹਰ ਕਿਸਮ ਦੀ ਜਾਣਕਾਰੀ ਪੇਸ਼ ਹੋ ਰਹੀ ਹੈ। ਇਹ ਸਭ ਕੁਝ ਕਰਨ ਲਈ ਉਹ ਪੰਜਾਬੀ ਬੋਲੀ ਦੀ ਵੀ ਵਰਤੋਂ ਕਰ ਰਹੇ ਹਨ। ਕਈ ਥਾਵਾਂ ‘ਤੇ, ਜਿਵੇਂ ਸਰੀ ਦੇ ਕਈ ਚੋਣ ਹਲਕਿਆਂ ਵਿਚ, ਜਿੱਥੇ ਹਰ ਪਾਸੇ ਪੰਜਾਬੀ ਉਮੀਦਵਾਰ ਖੜ੍ਹੇ ਹਨ, ਉੱਥੇ ਪੰਜਾਬੀ ਬੋਲੀ ਦੀ ਵਰਤੋਂ ਸ਼ਾਇਦ ਅੰਗ੍ਰੇਜ਼ੀ ਬੋਲੀ ਦੇ ਮੁਕਾਬਲੇ ਕਿਤੇ ਵੱਧ ਹੋ ਰਹੀ ਹੋਵੇ। ਬੋਲੀ ਦੀ ਇਹ ਵਰਤੋਂ ਵੱਖ ਵੱਖ ਥਾਵਾਂ ‘ਤੇ ਘੱਟ ਵੱਧ ਹੋ ਸਕਦੀ ਹੈ ਪਰ ਇੱਕ ਗੱਲ ਸਾਫ ਹੈ ਕਿ ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ ਪੰਜਾਬੀ ਬੋਲੀ ਦੀ ਵਰਤੋਂ ਹੋ ਰਹੀ ਹੈ। ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਪੰਜਾਬੀ ਬੋਲੀ ਦੇ ਸਬੰਧ ਵਿਚ ਇਸ ਵਾਰ ਇਕ ਗੱਲ ਪਹਿਲਾਂ ਦੇ ਮੁਕਾਬਲੇ ਵਧੀਆ ਤੇ ਵੱਖਰੀ ਇਹ ਹੋ ਰਹੀ ਹੈ ਕਿ ਸਿਆਸੀ ਲੀਡਰਾਂ ਦੀ ਟੀ ਵੀ ਤੇ ਹੋਣ ਵਾਲੀ ਬਹਿਸ ਦੂਜੀਆਂ ਬੋਲੀਆਂ ਦੇ ਨਾਲ ਨਾਲ ਪੰਜਾਬੀ ਵਿਚ ਵੀ ਸੁਣੀ ਜਾ ਸਕੇਗੀ।

 

 

ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਅਸਲੀਅਤ ਇਹ ਹੈ ਕਿ ਪੰਜਾਬੀ ਬੋਲੀ ਕੈਨੇਡਾ ਵਿਚ ਇਕ ਵਿਦੇਸ਼ੀ ਬੋਲੀ ਹੈ।
    
ਜਿਨ੍ਹਾਂ ਸਿਫਤਾਂ ਕਰ ਕੇ ਕੈਨੇਡਾ ਦੀ ਦੁਨੀਆਂ ਭਰ ਵਿਚ ਇੱਜ਼ਤ ਹੈ ਉਨ੍ਹਾਂ ਵਿਚ ਸਭ ਤੋਂ ਵੱਡੀ ਸਿਫਤ ਇਥੇ ਸਾਰੇ ਸਭਿਆਚਾਰਾਂ ਨੂੰ ਮਿਲਦਾ ਸਤਿਕਾਰ ਹੈ। ਇਹ ਸੱਚਮੁੱਚ ਮਾਣ ਕਰਨ ਵਾਲੀ ਗੱਲ ਹੈ। ਕੈਨੇਡਾ ਦਾ ਬਹੁਸਭਿਆਚਾਰਕ ਢਾਂਚਾ ਦੁਨੀਆਂ ਭਰ ਵਿਚ ਇਕ ਮਾਡਲ ਵਜੋਂ ਦੇਖਿਆ ਜਾਂਦਾ ਹੈ। ਪਰ ਅਸਲੀਅਤ ਇਹ ਹੈ ਕਿ ਕੈਨੇਡਾ ਦਾ ਬਹੁਸਭਿਆਚਾਰਵਾਦ ਪਿਛਲੇ ਕਈ ਦਹਾਕਿਆਂ ਦੌਰਾਨ ਇਕ ਵਿਸ਼ੇਸ਼ ਹੱਦ ਤੋਂ ਅੱਗੇ ਵੱਲ ਨਹੀਂ ਸਰਕਿਆ। ਇਸ ਤੱਥ ਦੇ ਬਾਵਜੂਦ ਕਿ ਕੋਈ ਵੀ ਸਭਿਆਚਾਰ ਉਸ ਦੀ ਭਾਸ਼ਾ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ, ਕੈਨੇਡਾ ਦਾ ਬਹੁਸਭਿਆਚਾਰਕ ਢਾਂਚਾ ਅੰਗ੍ਰੇਜ਼ੀ ਅਤੇ ਫਰਾਂਸੀਸੀ ਤੋਂ ਬਿਨਾਂ ਕਿਸੇ ਵੀ ਹੋਰ ਭਾਸ਼ਾ ਨੂੰ ਸਰਕਾਰੀ ਤੌਰ ‘ਤੇ ਕਨੇਡੀਅਨ ਭਾਸ਼ਾ ਮੰਨਣ ਤੋਂ ਇਨਕਾਰੀ ਹੈ। ਦੂਜੀਆਂ ਬੋਲੀਆਂ ਦੀ ਤਾਂ ਗੱਲ ਇਕ ਪਾਸੇ ਰਹੀ, ਅੰਗ੍ਰੇਜ਼ੀ ਦੇ ਪੈਰੋਕਾਰ ਫਰਾਂਸੀਸੀ ਨੂੰ ਅਤੇ ਫਰਾਂਸੀਸੀ ਦੇ ਪੈਰੋਕਾਰ ਅੰਗ੍ਰੇਜ਼ੀ ਨੂੰ ਕਈ ਵਾਰੀ ਬਰਾਬਰ ਦਾ ਦਰਜਾ ਦੇਣ ਤੋਂ ਇਨਕਾਰੀ ਹੋ ਜਾਂਦੇ ਹਨ।
    
ਪਿਛਲੇ ਕਈ ਵਰ੍ਹਿਆਂ ਤੋਂ ਪੰਜਾਬੀ ਬੋਲੀ ਕੈਨੇਡਾ ਵਿਚ ਅੰਗ੍ਰੇਜ਼ੀ ਅਤੇ ਫਰਾਂਸੀਸੀ ਤੋਂ ਬਾਅਦ ਤੀਜੇ ਨੰਬਰ ’ਤੇ ਆ ਰਹੀ ਹੈ। ਕਿਸੇ ਮੁਲਕ ਵਿਚ ਬੋਲੀਆਂ ਜਾਂਦੀਆਂ ਦੋ ਸੌ ਤੋਂ ਵੱਧ ਬੋਲੀਆਂ ਵਿਚੋਂ ਤੀਜੇ ਨੰਬਰ ’ਤੇ ਆਉਣਾ ਕੋਈ ਨਿੱਕੀ ਜਾਂ ਆਮ ਗੱਲ ਨਹੀਂ। (ਇਹ ਵੀ ਪੱਕੀ ਗੱਲ ਹੈ ਤੇ ਚੇਤੇ ਰੱਖਣੀ ਚਾਹੀਦੀ ਹੈ ਕਿ ਇਸ ਦਾ ਇਹ ਸਥਾਨ ਸਦਾ ਨਹੀਂ ਰਹੇਗਾ)। ਪਿਛਲੇ ਤਕਰੀਬਨ ਸਵਾ ਸੌ ਸਾਲ ਤੋਂ ਇਸ ਦੀ ਏਥੇ ਹੋਂਦ ਹੈ ਅਤੇ ਇਸ ਨੇ ਕੈਨੇਡਾ ਦੇ ਵਿਕਾਸ ਵਿਚ ਲਗਾਤਾਰ ਆਪਣਾ ਹਿੱਸਾ ਪਾਇਆ ਹੈ। ਪੰਜਾਬੀ ਬੋਲੀ ਦੇ ਯੋਗਦਾਨ ਨੂੰ ਅੱਖੋਂ ਉਹਲੇ ਕਰਨਾ ਅਤੇ ਇਸ ਨੂੰ ਇਕ ਕਨੇਡੀਅਨ ਬੋਲੀ ਨਾ ਮੰਨਣਾ ਭਾਸ਼ਾਈ (ਲਿੰਗੂਸਿਜ਼ਮ) ਵਿਤਕਰਾ ਹੈ। ਇਹ ਵੀ ਸੱਚ ਹੈ ਕਿ ਇਹ ਵਿਤਕਰੇ ਵਾਲਾ ਵਰਤਾਅ ਸਿਰਫ ਪੰਜਾਬੀ ਨਾਲ ਹੀ ਨਹੀਂ ਹੋ ਰਿਹਾ, ਦੋ ਸਰਕਾਰੀ ਬੋਲੀਆਂ ਤੋਂ ਬਿਨਾਂ ਬਾਕੀ ਸਭ ਬੋਲੀਆਂ ਨੂੰ ਵਿਦੇਸ਼ੀ ਹੀ ਸਮਝਿਆ ਜਾਂਦਾ ਹੈ। ਕਿਉਂਕਿ ਦੂਜੀਆਂ ਬੋਲੀਆਂ ਨਾਲ ਵੀ ਇਹ ਵਿਤਕਰਾ ਹੁੰਦਾ ਹੈ ਇਸ ਕਰਕੇ ਇਸ ਬਾਰੇ ਗੱਲ ਨਾ ਕੀਤੀ ਜਾਵੇ? ਇਹ ਇਕ ਬੇਹੱਦ ਪੇਚੀਦਾ ਸਵਾਲ ਹੈ ਅਤੇ ਇਸ ਨੂੰ ਉਠਾਉਣ ਤੋਂ ਹਰ ਕੋਈ ਡਰਦਾ ਹੈ, ਖਾਸ ਕਰ ਸਿਆਸੀ ਲੋਕ।
    
ਦੂਜੀਆਂ ਬੋਲੀਆਂ ਦੇ ਮੁਕਾਬਲੇ ਪੰਜਾਬੀ ਦੀ ਸਥਿਤੀ ਵੱਖਰੀ ਹੈ ਅਤੇ ਇਸ ਦੀਆਂ ਵੱਖਰੀਆਂ ਲੋੜਾਂ ਹਨ। ਆਪਣੇ ਮੁੱਢਲੇ ਮੁਲਕਾਂ ਵਿਚ ਸਰਕਾਰੀ ਬੋਲੀਆਂ ਹੋਣ ਕਾਰਨ ਦੂਜੀਆਂ ਬਹੁਤੀਆਂ ਬੋਲੀਆਂ ਨੂੰ ਹਰ ਕਿਸਮ ਦੀ ਲੋੜੀਂਦੀ ਇਮਦਾਦ ਹਾਸਲ ਹੈ। ਉਨ੍ਹਾਂ ਬੋਲੀਆਂ ਨੂੰ ਬੋਲਣ ਵਾਲੇ ਲੋਕ ਕੈਨੇਡਾ ਵਿਚ ਵੀ ਆਪਣੀਆਂ ਬੋਲੀਆਂ ਦੇ ਵਿਕਾਸ ਵਾਸਤੇ ਬੇਸ਼ੁਮਾਰ ਵਸੀਲੇ ਲਾਉਂਦੇ ਹਨ। ਉਨ੍ਹਾਂ ਵਾਸਤੇ ਮੁਕਾਬਲਤਨ ਇਹ ਗੱਲ ਇਨੀ ਅਹਿਮੀਅਤ ਨਹੀਂ ਰੱਖਦੀ ਕਿ ਉਨ੍ਹਾਂ ਦੀ ਬੋਲੀ ਨੂੰ ਕੈਨੇਡਾ ਵਿਚ ਮਾਨਤਾ ਮਿਲਦੀ ਹੈ ਕਿ ਨਹੀਂ। ਉਹ ਖੁਦ ਆਪਣੀ ਬੋਲੀ ਨੂੰ ਸਰਕਾਰੀ ਮਾਨਤਾ ਨਾਲੋਂ ਕਿਤੇ ਜ਼ਿਆਦਾ ਮਾਣ ਸਤਿਕਾਰ ਦਿੰਦੇ ਹਨ ਅਤੇ ਉਸ ਦੇ ਵਿਕਾਸ ਲਈ ਲੋੜੀਂਦਾ ਹਰ ਵਸੀਲਾ ਖੁਦ ਮੁਹੱਈਆ ਕਰਦੇ ਹਨ। ਪਰ ਪੰਜਾਬੀ ਦੀ ਸਥਿਤੀ ਵੱਖਰੀ ਹੈ। ਇਹ ਬੋਲੀ ਦੁਨੀਆਂ ਵਿਚ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿਚ ਵੀ ਦਸਵਾਂ ਜਾਂ ਗਿਆਰਵਾਂ ਜਸਥਾਨ ਰੱਖਦੀ ਹੈ ਅਤੇ ਦੁਨੀਆਂ ਦੇ 125 ਤੋਂ ਵੱਧ ਮੁਲਕਾਂ ਵਿਚ ਬੋਲੀ ਵਰਤੀ ਜਾਂਦੀ ਇਸ ਬੋਲੀ ਨੂੰ ਬੋਲਣ ਵਾਲੇ ਲੋਕਾਂ ਦੀ ਗਿਣਤੀ 150 ਮਿਲੀਆਨ ਤੋਂ ਵੀ ਵੱਧ ਹੈ। ਪਰ ਇਨ੍ਹਾਂ ਤੱਥਾਂ ਦੇ ਬਾਵਜੂਦ ਇਸ ਬੋਲੀ ਪਿੱਛੇ ਸਹੀ ਅਰਥਾਂ ਵਿਚ ਕਿਸੇ ਸਟੇਟ ਦੀ ਤਾਕਤ ਨਹੀਂ ਹੈ ਜੋ ਇਸ ਦੇ ਵਿਕਾਸ ਦਾ ਫਿਕਰ ਕਰੇ। ਇਸ ਨੂੰ ਬੋਲਣ ਵਾਲੇ ਲੋਕ ਇਸ ਨੂੰ ਪਿਆਰ ਤਾਂ ਕਰਦੇ ਹਨ ਪਰ ਸਭਿਆਚਾਰ ਵਾਸਤੇ ਉਹ ਇਸ ਦੀ ਓਨੀ ਮਹੱਤਤਾ ਨਹੀਂ ਸਮਝਦੇ ਜਿੰਨੀ ਉਹ ਧਰਮ ਦੀ ਸਮਝਦੇ ਹਨ। ਇਕ ਭਾਈਚਾਰੇ ਵਜੋਂ ਅਸੀਂ ਅਜੇ ਵੀ ਦਿਮਾਗੀ ਤੌਰ ’ਤੇ ਬਸਤੀਵਾਦੀ ਸੋਚ ਤੋਂ ਪਿੱਛਾ ਨਹੀਂ ਛੁਡਾ ਸਕੇ ਅਤੇ ਸਭਿਆਚਾਰ ਲਈ ਬੋਲੀ ਵਰਗੀ ਮਹੱਤਵਪੂਰਨ ਚੀਜ਼ ਨੂੰ ਬੇਲੋੜਾ ਸਮਝਿਆ ਜਾ ਰਿਹਾ ਹੈ। ਨਤੀਜੇ ਵਜੋਂ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਨੂੰ ਕੈਨੇਡਾ ਵਿਚ ਵਿਕਾਸ ਕਰਨ ਲਈ ਬਾਹਰੀ ਮਦਦ ਦੀ ਲੋੜ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਏਥੇ ਸਰਕਾਰੀ ਤੌਰ ‘ਤੇ ਮਾਨਤਾ ਮਿਲੇ। ਇਸ ਤਰ੍ਹਾਂ ਹੋਣ ਨਾਲ ਪੰਜਾਬੀਆਂ ਦੇ ਮਨਾਂ ਅੰਦਰ ਵੀ ਇਸ ਦਾ ਸਤਿਕਾਰ ਵਧੇਗਾ ਅਤੇ ਉਹ ਇਸ ਵਾਸਤੇ ਹੋਰ ਯਤਨਸ਼ੀਲ ਹੋਣਗੇ। ਨਾਲ ਹੀ ਕੈਨੇਡਾ ਦੀ ਸਰਕਾਰ ਵੀ ਇਸ ਦੇ ਵਿਕਾਸ ਵਾਸਤੇ ਕੁਝ ਹੱਦ ਤੱਕ ਜ਼ਿੰਮੇਵਾਰ ਹੋਵੇਗੀ। ਅਸੀਂ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਬੀ ਸੀ ਵਿਚ 1994 ਤੋਂ ਪੰਜਾਬੀ ਬੋਲੀ ਨੂੰ ਮਾਨਤਾ ਮਿਲਣ ਕਾਰਨ ਇਸ ਦੇ ਸਕੂਲਾਂ ਵਿਚ ਪੜ੍ਹਾਏ ਜਾਣ ਦੇ ਨਾਲ ਨਾਲ ਇਸ ਦੇ ਵਿਕਾਸ ਲਈ ਹੋਰ ਕਈ ਰਾਹ ਬਣੇ ਹਨ। ਇਸੇ ਤਰ੍ਹਾਂ ਜੇ ਇਸ ਨੂੰ ਕੌਮੀ ਪੱਧਰ ‘ਤੇ ਮਾਨਤਾ ਮਿਲੇ ਤਾਂ ਇਸ ਦੇ ਵਿਕਾਸ ਲਈ ਅਨੇਕਾਂ ਸੰਭਾਵਨਾਵਾਂ ਬਣਨਗੀਆਂ।
    
ਪੰਜਾਬੀ ਬੋਲੀ ਨੂੰ ਕੈਨੇਡਾ ਵਿਚ ਮਾਨਤਾ ਦੁਆਉਣ ਦੇ ਮਸਲੇ ਨੂੰ ਉਠਾਉਣ ਦੇ ਮੌਕੇ ਸਾਡੇ ਹੱਥੋਂ ਹੌਲ਼ੀ ਹੌਲ਼ੀ ਖਿਸਕ ਰਹੇ ਹਨ। ਸਾਲ 2015 ਵਿਚ ਹੋਈ ਫੈਡਰਲ ਚੋਣ ਵਿਚ ਵੀਹ ਤੋਂ ਉੱਪਰ ਪੰਜਾਬੀ ਪਿਛੋਕੜ ਦੇ ਵਿਅਕਤੀ ਪਾਰਲੀਮੈਂਟ ਲਈ ਚੁਣੇ ਗਏ ਸਨ। ਉਨ੍ਹਾਂ ਵਿਚੋਂ ਕਈ ਮੈਂਬਰ ਵੱਡੀਆਂ ਤਾਕਤਵਰ ਮਨਿਸਟਰੀਆਂ ’ਤੇ ਵੀ ਕਾਬਜ ਰਹੇ। ਪਰ ਅਫਸੋਸ ਦੀ ਗੱਲ ਹੈ ਕਿ ਉਨ੍ਹਾਂ ਵਿਚੋਂ ਕਿਸੇ ਨੇ ਵੀ ਪੰਜਾਬੀ ਬੋਲੀ ਦੀ ਮਾਨਤਾ ਦੇ ਮਸਲੇ ਨੂੰ ਉਠਾਉਣ ਦਾ ਹੌਸਲਾ ਨਹੀਂ ਕੀਤਾ। ਹੁਣ ਫੇਰ ਸਾਨੂੰ ਫੈਡਰਲ ਚੋਣਾਂ ਵਿਚ ਖੜ੍ਹੇ ਪੰਜਾਬੀ ਪਿਛੋਕੜ ਵਾਲੇ ਉਮੀਦਵਾਰਾਂ ਅੱਗੇ ਤਾਂ ਹਰ ਹਾਲਤ ਵਿਚ ਇਹ ਸਵਾਲ ਪਾਉਣਾ ਚਾਹੀਦਾ ਹੈ ਕਿ ਉਹ ਪੰਜਾਬੀ ਨੂੰ ਮਾਨਤਾ ਦਿਵਾਉਣ ਲਈ ਕੀ ਕਰਨਗੇ?  ਇਨ੍ਹਾਂ ਵਿਚੋਂ ਬਹੁਤੇ ਲੋਕ ਆਪਣੀਆਂ ਚੋਣ ਮੁਹਿੰਮਾਂ ਦੌਰਾਨ ਪੰਜਾਬੀ ਬੋਲੀ ਦੀ ਵਰਤੋਂ ਕਰ ਰਹੇ ਹਨ। ਇਸ ਕਰਕੇ ਉਨ੍ਹਾਂ ਦੀ ਵੀ ਇਸ ਦੇ ਬੋਲੀ ਦੇ ਵਿਕਾਸ ਵਲਾਂ ਜ਼ਿੰਮੇਵਾਰੀ ਹੈ। ਇਹ ਵੀ ਅਸਲੀਅਤ ਹੈ ਕਿ ਸਿਆਸੀ ਲੋਕ ਉਸੇ ਗੱਲ ਦੀ ਜ਼ਿੰਮੇਵਾਰੀ ਸਮਝਦੇ ਹਨ ਜਿਸ ਬਾਰੇ ਉਨ੍ਹਾਂ ਦੀ ਮਦਦ ਕਰਨ ਵਾਲੇ ਲੋਕ ਉਨ੍ਹਾਂ ਨੂੰ ਮਜਬੂਰ ਕਰਨ। ਸੋ ਅਸਲੀ ਜ਼ਿੰਮੇਵਾਰੀ ਪੰਜਾਬੀਆਂ ਦੀ ਹੈ ਕਿ ਸਿਆਸੀ ਲੋਕਾਂ ਨੂੰ ਬੋਲੀ ਦੇ ਮਸਲੇ ਬਾਰੇ ਦੱਸਣ। ਇਹ ਕੰਮ ਇਸ ਸਮੇਂ ਕੀਤਾ ਜਾ ਸਕਦਾ ਹੈ ਜਦੋਂ ਇਹ ਸਿਆਸੀ ਉਮੀਦਾਵਾਰ ਵੋਟ ਮੰਗਣ ਤੁਹਾਡੇ ਕੋਲ ਆਉਣ ਤਾਂ ਇਨ੍ਹਾਂ ਅੱਗੇ ਬੋਲੀ ਦਾ ਮਸਲਾ ਰੱਖਿਆ ਜਾ ਸਕਦਾ ਹੈ ਕਿ ਚੁਣੇ ਜਾਣ ਬਾਅਦ ਉਹ ਕੈਨੇਡਾ ਵਿਚ ਪੰਜਾਬੀ ਨੂੰ ਮਾਨਤਾ ਦਿਵਾਉਣ ਲਈ ਕੀ ਉਪਰਾਲੇ ਕਰਨਗੇ। ਇਹ ਜ਼ਰੂਰੀ ਹੈ ਕਿ ਇਨ੍ਹਾਂ ਕੋਲੋਂ ਇਹ ਗੱਲ ਪੰਜਾਬੀ ਵਿਚ ਪੁੱਛੀ ਜਾਵੇ ਅਤੇ ਇਨ੍ਹਾਂ ਵਲੋਂ ਦਿੱਤੇ ਜਵਾਬਾਂ ਨੂੰ ਵੋਟ ਪਾਉਣ ਵੇਲੇ ਚੇਤੇ ਰੱਖਿਆ ਜਾਵੇ।
    
ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰਦਾ ਕਿ ਇਹ ਕੋਈ ਏਨੀ ਸੁਖਾਲੀ ਗੱਲ ਨਹੀਂ ਤੇ ਸ਼ਾਇਦ ਇਸ ਨੂੰ ਹਾਸਲ ਕਰਨ ਵਿਚ ਸਮਾਂ ਲੱਗੇ। ਪਰ ਘੱਟੋ ਘੱਟ ਇਸ ਸਮੇਂ  ਇਸ ਮਸਲੇ ਨੂੰ ਕਿਸੇ ਦੇ ਇਜੰਡੇ ‘ਤੇ ਤਾਂ ਲਿਆਂਦਾ ਜਾਵੇ। ਸਾਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਨਾ ਤਾਂ ਅੰਗ੍ਰੇਜ਼ੀ ਜਾਂ ਫਰਾਂਸੀਸੀ ਦੇ ਬਰਾਬਰ ਦੇ ਹੱਕ ਦੀ ਮੰਗ ਕਰ ਰਹੇ ਹਾਂ ਅਤੇ ਨਾ ਹੀ ਇਹ ਕਹਿ ਰਹੇ ਹਾਂ ਕਿ ਇਹ ਬੋਲੀਆਂ ਸਾਨੂੰ ਕਿਸੇ ਤਰ੍ਹਾਂ ਮੰਨਜ਼ੂਰ ਨਹੀਂ। ਅਸੀਂ ਇਨ੍ਹਾਂ ਦੋਵਾਂ ਹੀ ਸਰਕਾਰੀ ਬੋਲੀਆਂ ਦਾ ਸਤਿਕਾਰ ਕਰਦੇ ਹਾਂ। ਅੰਗ੍ਰੇਜ਼ੀ ਬਿਨਾਂ ਕਿਸੇ ਵੀ ਵਿਅਕਤੀ ਦਾ ਇਕ ਪੱਲ ਲਈ ਵੀ ਗੁਜ਼ਾਰਾ ਨਹੀਂ ਹੋ ਸਕਦਾ। ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਪੰਜਾਬੀ ਬੋਲੀ ਨੂੰ ਵੀ ਕਿਸੇ ਨਾ ਕਿਸੇ ਪੱਧਰ ‘ਤੇ ਕੈਨੇਡਾ ਦੀ ਕੁਝ ਲੱਗਦੀ ਮੰਨਿਆ ਜਾਵੇ ਅਤੇ ਇਸ ਦੀ ਸਿਹਤ ਵਾਸਤੇ ਵੀ ਸਾਡੇ ਟੈਕਸ ਦੇ ਪੈਸਿਆਂ ਵਿਚੋਂ ਕੁਝ ਖਰਚਿਆ ਜਾਵੇ। ਇਹ ਕੋਈ ਏਨੀ ਗਲਤ ਮੰਗ ਨਹੀਂ ਹੈ। ਸਾਨੂੰ ਇਹ ਮੰਗ ਕਰਦੇ ਸਮੇਂ ਡਰਨਾ ਨਹੀਂ ਚਾਹੀਦਾ।
    
ਸਾਨੂੰ ਇਸ ਮੁਲਕ ਵਿਚ ਵਸਦਿਆਂ ਨੂੰ ਸਵਾ ਸੌ ਸਾਲ ਦਾ ਸਮਾਂ ਹੋ ਗਿਆ ਹੈ। ਅਸੀਂ ਕਾਮਾਗਾਟਾ ਮਾਰੂ ਦੇ ਸਮੇਂ ਤੋਂ ਲੈ ਕੇ ਬੜਾ ਲੰਮਾ ਸਫਰ ਤੈਅ ਕੀਤਾ ਹੈ। ਇਸ ਵੇਲੇ ਪੰਜਾਬੀ ਭਾਈਚਾਰਾ ਕਨੇਡੀਅਨ ਭਾਈਚਾਰੇ ਦਾ ਅਟੁੱਟ ਅੰਗ ਹੈ। ਏਥੇ ਰਹਿੰਦਿਆਂ ਅਸੀਂ ਆਪਣਾ ਅੱਗਾ ਪਿੱਛਾ ਕਾਫੀ ਸੋਹਣਾ ਬਣਾ ਲਿਆ ਹੈ ਅਤੇ ਉਮੀਦ ਹੈ ਕਿ ਆਉਣ ਵਾਲਾ ਸਮਾਂ ਸਾਡੇ ਭਾਈਚਾਰੇ ਲਈ ਪਹਿਲਾਂ ਨਾਲੋਂ ਵੀ ਕਾਮਯਾਬੀ ਵਾਲਾ ਹੋਵੇਗਾ। ਪਰ ਸਾਡੀ ਮਾਂ ਬੋਲੀ ਨੂੰ ਕੈਨੇਡਾ ਦੇ ਕੇਂਦਰੀ ਢਾਂਚੇ ਵਿਚ ਕੋਈ ਸਥਾਨ ਪ੍ਰਾਪਤ ਨਹੀਂ ਹੈ। ਅਸੀਂ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਏਥੇ ਆਉਣ ਵਿਚ ਤੇ ਪੱਕੇ ਹੋਣ ਵਿਚ ਪੂਰੀ ਮਦਦ ਕਰਦੇ ਹਾਂ। ਇਸੇ ਤਰ੍ਹਾਂ ਹੀ ਸਾਨੂੰ ਆਪਣੀ ਮਾਂ (ਬੋਲੀ) ਨੂੰ ਵੀ ਇਸ ਮੁਲਕ ਵਿਚ ਪੱਕੀ ਕਰਵਾਉਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।

ਈ ਮੇਲ : sadhu.binning@gmail.com
ਨੀਰੋ ਦੇ ਮਹਿਮਾਨ
ਪੂੰਜੀਵਾਦੀ ਵਿਕਾਸ ਨਾਲ ਖ਼ਤਰੇ ਮੂੰਹ ਆਈ ਮਨੁੱਖਤਾ ਦੀ ਹੋਂਦ – ਪਿ੍ਰਤਪਾਲ ਮੰਡੀਕਲਾਂ
ਸਭ ਤੋਂ ਵੱਡੇ ਬੀਫ ਨਿਰਯਾਤਕ ਦਾ ਸ਼ਾਕਾਹਾਰ – ਕ੍ਰਿਸ਼ਣਕਾਂਤ
ਰੱਖਿਆ ਖੇਤਰ ’ਚ ਸਿੱਧੇ ਪੂੰਜੀ ਨਿਵੇਸ਼ ਲਈ ਜਲਦਬਾਜ਼ੀ ਤੋਂ ਬਚਣਾ ਜ਼ਰੂਰੀ -ਡਾ. ਅਸ਼ਵਨੀ ਮਹਾਜਨ
ਅੰਤਰਰਸ਼ਟਰੀ ਮਾਂ-ਬੋਲੀ ਦਿਨ ’ਤੇ ਵਿਚਾਰਨ ਲਈ ਪੰਜਾਬੀ ਲਈ ਅਹਿਮ ਇਤਿਹਾਸਕ ਮੌਕਾ -ਸਾਧੂ ਬਿਨਿੰਗ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਨਾ ਭੁੱਲਣਯੋਗ ਹਸਤੀ ਇਕਬਾਲ ਅਰਪਨ

ckitadmin
ckitadmin
October 23, 2016
ਅਮਰਜੀਤ ਟਾਂਡਾ ਦੀਆਂ ਤਿੰਨ ਰਚਨਾਵਾਂ
ਸਰਕਾਰੀ ਪ੍ਰਾਇਮਰੀ ਸਕੂਲ ਹਾਕਮ ਵਾਲਾ ਰੱਬ ਆਸਰੇ- ਜਸਪਾਲ ਸਿੰਘ ਜੱਸੀ
ਡਰੇ, ਤਾਂ ਮਰੇ -ਸੁਕੀਰਤ
ਵੈਨਜ਼ੂਏਲਾ ਦੀ ਮਹਾਂਮੰਦੀ ਅਤੇ ਆਰਥਿਕ-ਸਿਆਸੀ ਨਿਰਭਰਤਾ – ਮਨਦੀਪ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?