By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਅਸ਼ਰਫ਼ ਸੁਹੇਲ: ‘ਨਵੀਂ ਨਸਲ ਨੂੰ ਪੰਜਾਬੀ ਨਾਲ ਜੋੜਨਾ ਹੀ ਮੇਰੀ ਜ਼ਿੰਦਗੀ ਦਾ ਮਕਸਦ ਹੈ’
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸ਼ਖ਼ਸਨਾਮਾ > ਅਸ਼ਰਫ਼ ਸੁਹੇਲ: ‘ਨਵੀਂ ਨਸਲ ਨੂੰ ਪੰਜਾਬੀ ਨਾਲ ਜੋੜਨਾ ਹੀ ਮੇਰੀ ਜ਼ਿੰਦਗੀ ਦਾ ਮਕਸਦ ਹੈ’
ਸ਼ਖ਼ਸਨਾਮਾ

ਅਸ਼ਰਫ਼ ਸੁਹੇਲ: ‘ਨਵੀਂ ਨਸਲ ਨੂੰ ਪੰਜਾਬੀ ਨਾਲ ਜੋੜਨਾ ਹੀ ਮੇਰੀ ਜ਼ਿੰਦਗੀ ਦਾ ਮਕਸਦ ਹੈ’

ckitadmin
Last updated: July 15, 2025 7:36 am
ckitadmin
Published: February 15, 2012
Share
SHARE
ਲਿਖਤ ਨੂੰ ਇੱਥੇ ਸੁਣੋ

ਮੁਲਾਕਾਤੀ- ਦਰਸ਼ਨ ਸਿੰਘ ‘ਆਸ਼ਟ’ (ਡਾ.)

ਲਹਿੰਦੇ ਪੰਜਾਬ ਦੇ ਮਕਬੂਲ ਪੰਜਾਬੀ ਸ਼ਾਇਰ ਬਾਬਾ ਨਜ਼ਮੀ ਦੀ ਇੱਕ ਗ਼ਜ਼ਲ ਦੇ ਦੋ ਸ਼ਿਅਰ ਹਨ :

    

ਅੱਖਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ।

 

    ਜਿਹੜੇ ਆਖਣ ਵਿੱਚ ਪੰਜਾਬੀ ਵੁਸਅਤ (ਸਮਰੱਥਾ) ਨਹੀਂ, ਤਹਿਜ਼ੀਬ ਨਹੀਂ,
    ਪੜ ਕੇ ਵੇਖਣ ਵਾਰਸ, ਬੁੱਲਾ, ਬਾਹੂ, ਲਾਲ ਪੰਜਾਬੀ ਦਾ।

ਇਹ ਸ਼ਿਅਰ ਲਹਿੰਦੇ ਪੰਜਾਬ ਦੇ ਉਹਨਾਂ ਸਮੂਹ ਪੰਜਾਬੀ ਪਿਆਰਿਆਂ ਦੀ ਆਵਾਜ਼ ਹਨ ਜਿਹੜੇ ਕਿਸੇ ਹੋਰ ਜ਼ਬਾਨ ਨੂੰ ਦੀ ਥਾਂ ਮਹਿਜ਼ ਆਪਣੀ ਮਾਦਰੀ ਜ਼ਬਾਨ ਪੰਜਾਬੀ ਦੇ ਹੱਕ ਵਿਚ ਹੀ ਘੋਲ ਕਰਦੇ ਆ ਰਹੇ ਹਨ। ਪੰਜਾਬੀ ਜ਼ਬਾਨ ਦੀ ਅਹਿਮੀਅਤ ਨੂੰ ਦਰਸਾਉਣ ਲਈ ਉਹ ਵਿਰੋਧੀਆਂ ਨਾਲ ਡੱਟ ਕੇ ਮੁਕਾਬਲਾ ਕਰਦੇ ਹਨ। ਖ਼ੁਦ ਨੁਕਸਾਨ ਜ਼ਰਦੇ ਹਨ ਪਰੰਤੂ ਪੰਜਾਬੀ ਜ਼ਬਾਨ ਨੂੰ ਹੀਣੀ ਜਾਂ ਗਵਾਰਾਂ ਦੀ ਜ਼ਬਾਨ ਆਖਣ ਵਾਲਿਆਂ ਨਾਲ ਕਲਮੀ ਜੰਗ ਜਾਰੀ ਰੱਖਦੇ ਹਨ। ਜਿਨਾਂ ਨੇ ਆਪਣੀ ਮਾਂ ਬੋਲੀ ਲਈ ਤਨ, ਮਨ ਅਤੇ ਧਨ ਦੀ ਕੋਈ ਪਰਵਾਹ ਨਹੀਂ ਕੀਤੀ, ਉਨਾਂ ਕਾਮਿਆਂ ਵਿਚ ਅਸ਼ਰਫ਼ ਸੁਹੇਲ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਇਹ ਉਹੀ ਅਸ਼ਰਫ਼ ਸੁਹੇਲ ਹੈ, ਜਿਹੜਾ ਪਿਛਲੇ ਲਗਭਗ ਵੀਹ ਸਾਲਾਂ ਤੋਂ ਪਾਕਿਸਤਾਨ ਦੇ ਬਾਲਾਂ ਨੂੰ ਪੰਜਾਬੀ ਜ਼ਬਾਨ ਨਾਲ ਜੋੜਨ ਦੇ ਬਹੁਪੱਖੀ ਉਪਰਾਲੇ ਕਰਦਾ ਆ ਰਿਹਾ ਹੈ। ਪਾਕਿਸਤਾਨ ਦੇ ਇੱਕੋ ਇੱਕ ਪੰਜਾਬੀ ਬਾਲ ਰਸਾਲੇ ‘ਪਖੇਰੂ’ ਦੇ ਸੰਪਾਦਕ, ਦਰਜਨਾਂ ਮੌਲਿਕ, ਸੰਪਾਦਿਤ ਅਤੇ ਲਿਪੀਅੰਤਰ ਕੀਤੀਆਂ ਕਿਤਾਬਾਂ ਦੇ ਲਿਖਾਰੀ ਅਤੇ ਪਾਕਿਸਤਾਨ ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ ਦੇ ਸੰਸਥਾਪਕ ਜਨਾਬ ਅਸ਼ਰਫ਼ ਸੁਹੇਲ ਦੀ ਜ਼ਿੰਦਗੀ ਦੀ ਕਹਾਣੀ ਜਿੰਨੀ ਦਿਲਚਸਪ ਹੈ, ਓਨੀ ਹੀ ਦਿਲਚਸਪ ਹੈ ਉਸ ਦੇ ਸੰਘਰਸ਼ ਯਾਨੀ ਘੋਲ ਦੀ ਦਾਸਤਾਨ। ਅਸ਼ਰਫ਼ ਬਾਰੇ ਤਫ਼ਸੀਲ ਨਾਲ ਸੰਵਾਦ ਰਚਾਉਣ ਦਾ ਮਨਸੂਬਾ ਜ਼ਿਹਨ ਵਿਚ ਕਾਫੀ ਦੇਰ ਤੋਂ ਕੱਚੇ ਰੂਪ ਵਿਚ ਤਿਆਰ ਹੋ ਰਿਹਾ ਸੀ ਪਰ ਸਮਾਂ ਕੰਨੀ ਖਿਸਕਾ ਕੇ ਅਗਾਂਹ ਹੀ ਦੌੜਦਾ ਹੀ ਰਿਹਾ। ਅਖ਼ੀਰ ਚੜਦੇ ਅਤੇ ਲਹਿੰਦੇ ਪੰਜਾਬ ਦੇ  ਪੰਜਾਬੀ ਪਿਆਰਿਆਂ ਨੂੰ ਅਸ਼ਰਫ਼ ਦੀ ਜ਼ਿੰਦਗੀ ਅਤੇ ਕਾਰਜਾਂ ਬਾਰੇ ਖੁੱਲ ਕੇ ਦੱਸਣ ਲਈ ਅਸ਼ਰਫ਼ ਨਾਲ ਮੁਲਾਕਾਤ ਦਾ ਸਬੱਬ ਬਣ ਹੀ ਗਿਆ। ਪੇਸ਼ ਹੈ ਅਸ਼ਰਫ਼ ਨਾਲ ਹੋਈ ਇੱਕ ਲੰਮੀ ਗੁਫ਼ਤਗੂ ਦੇ ਚੋਣਵੇਂ ਅੰਸ਼ :

?    ਅਸ਼ਰਫ਼ ਸੁਹੇਲ ਜੀ, ਸੁਆਲਾਂ ਨੂੰ ਸਿਲਸਿਲੇਵਾਰ ਢੰਗ ਨਾਲ ਪੁੱਛਿਆ ਜਾਵੇ ਤਾਂ ਬਿਹਤਰ ਰਹੇਗਾ। ਸਭ ਤੋਂ ਪਹਿਲਾਂ ਪਾਠਕਾਂ ਨੂੰ ਆਪਣੀ ਪੈਦਾਇਸ਼ ਅਤੇ ਖ਼ਾਨਦਾਨੀ ਪਿਛੋਕੜ ਬਾਰੇ ਦੱਸੋ ?
–    ਮੇਰਾ ਪੂਰਾ ਨਾਂ ਮੁਹੰਮਦ ਅਸ਼ਰਫ਼ ਸੁਹੇਲ ਏ। ਮੇਰੇ ਵਾਲਿਦ ਦਾ ਨਾਂ ਚੌਧਰੀ ਕਰਮਦੀਨ ਸੀ। ਉਹ ਕੁਝ ਅਰਸਾ ਪਹਿਲਾਂ ਫ਼ੌਤ ਹੋ ਗਏ ਨੇ। ਸਾਡੀ ਜ਼ਮੀਨ ਸੀ ਸਰਗੋਧੇ। ਅਸੀਂ ਉਥੇ ਵਾਹੀ (ਜ਼ਰਾਇਤੀ ਕੰਮ) ਕਰਦੇ ਸਾਂ। ਸਾਡੀ ਜ਼ਮੀਨ ਅੱਜ ਵੀ ਉਥੇ ਮੌਜੂਦ ਏ। ਪਿਤਾ ਜੀ ਮੇਰੀ ਮਾਂ ਚੜਦੇ ਪੰਜਾਬ ਦੇ ਮੌਜੂਦਾ ਜ਼ਿਲੇ ਮੁਹਾਲੀ ਨੇੜੇ ਤਹਿਸੀਲ ਕੁਰਾਲੀ ਦੇ ਇੱਕ ਪੁਰਾਣੇ ਪਿੰਡ ਬੰਨ ਮਾਜਰਾ ਦੀ ਰਹਿਣ ਵਾਲੀ ਏ। 1947 ਤੋਂ ਬਾਅਦ ਸਾਡਾ ਪਰਿਵਾਰ ਪਾਕਿਸਤਾਨ ਆ ਗਿਆ। ਅਸੀਂ ਲਾਹੌਰ ਦੇ ਮੁਗਲਪੁਰਾ ਇਲਾਕੇ ਵਿਚ ਰਹਿਣ ਲੱਗ ਪਏ। ਲਾਹੌਰ ਈ ਮੇਰੀ ਪੈਦਾਇਸ਼ ਹੋਈ 23 ਜੁਲਾਈ, 1967 ਨੂੰ। ਇੱਥੇ ਮੈਂ ਮੁਗਲਪੁਰਾ ਦੇ ਹੀ ਪ੍ਰਾਇਮਰੀ ਸਕੂਲ ਤੋਂ ਪ੍ਰਾਇਮਰੀ ਪਾਸ ਕੀਤੀ ਅਤੇ ਫਿਰ ਲਾਹੌਰ ਕੈਂਟ ਦੇ ਇੱਕ ਪ੍ਰਾਈਵੇਟ ਸਕੂਲ ਤਾਰਿਕ ਹਾਈ ਸਕੂਲ ਤੋਂ ਦਸਵੀਂ ਜਮਾਤ ਤੱਕ ਤਾਲੀਮ ਹਾਸਲ ਕੀਤੀ। ਕੁਝ ਸਮਾਂ ਨੌਕਰੀ ਖ਼ਾਤਰ ਜੱਦੋਜਹਿਦ ਕੀਤੀ। ਆਖ਼ਰ ਪਾਕਿਸਤਾਨ ਦੇ ਰੇਲਵੇ ਦੇ ਸ਼ੋਅਬੇ ਵਿਚ ਮੈਨੂੰ ਬਤੌਰ ਕਲਰਕ ਨੌਕਰੀ ਮਿਲ ਗਈ ਤੇ ਅੱਜਕੱਲ ਇਸੇ ਮਹਿਕਮੇ ਵਿਚ ਰੁਜ਼ਗਾਰ ਦਾ ਵਸੀਲਾ ਬਣਿਆ ਹੋਇਆ ਏ।

 

 

 


?    ਜ਼ਾਹਿਰ ਹੈ ਤੁਹਾਡੀ ਮਾਂ ਬੋਲੀ ਪੰਜਾਬੀ ਹੈ। ਅੱਜ ਤੁਸੀਂ ਉਸ ਮੁਲਕ ਦੇ ਬਸ਼ਿੰਦੇ ਹੋ ਜਿੱਥੇ ਸਰਕਾਰੀ ਪੱਧਰ ਤੇ ਉਰਦੂ ਜ਼ਬਾਨ ਲਾਗੂ ਹੈ। ਦੂਜੇ ਲਫ਼ਜ਼ਾਂ ਵਿਚ ਕਹਾਂ ਤੇ ਪਾਕਿਸਤਾਨ ਦਾ ਪੰਜਾਬ ਸੂਬਾ ਹੀ ਅਜਿਹਾ ਹੈ ਜਿੱਥੇ ਨਵੀਂ ਪੀੜੀ ਨੂੰ ਉਹਨਾਂ ਦੀ ਬੁਨਿਆਦੀ ਤਾਲੀਮ ਉਹਨਾਂ ਦੀ ਆਪਣੀ ਮਾਂ ਬੋਲੀ ਪੰਜਾਬੀ ਵਿਚ ਦੇਣ ਦੇ ਹੱਕ ਤੋਂ ਮਹਿਰੂਮ ਰੱਖਿਆ ਹੋਇਆ ਹੈ ਪਰ ਤੁਸੀਂ ਉਰਦੂ ਮਾਹੌਲ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਹੋਇਆ ਹੈ ਅਤੇ ਪੰਜਾਬੀ ਸਾਹਿਤ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਇਹ ਦੱਸਣ ਦੀ ਖੇਚਲ ਕਰੋ ਕਿ ਪੰਜਾਬੀ ਸਾਹਿਤ ਨਾਲ ਤੁਹਾਡਾ ਨਾਤਾ ਕਿਵੇਂ ਜੁੜਿਆ ।

–     ਮੈਂ ਇਸ ਦਾ ਸਿਹਰਾ ਸਾਡੇ ਪੰਜਾਬੀ ਦੇ ਮਕਬੂਲ ਕਹਾਣੀਕਾਰ ਜਨਾਬ ਜਮੀਲ ਅਹਿਮਦ ਪਾਲ, ਜਿਹੜੇ ਲਾਹੌਰ ਤੋਂ ਈ ‘ਸਵੇਰ ਇੰਟਰਨੈਸ਼ਨਲ’ ਨਾਂ ਦੇ ਰਸਾਲੇ ਦੇ ਸੰਪਾਦਕ ਵੀ ਹਨ। ਮੈਂ ਉਹਨਾਂ ਦੇ ਰਾਬਤੇ ਵਿਚ ਨਾ ਆਉਂਦਾ ਤਾਂ ਸ਼ਾਇਦ ਅੱਜ ਵਾਂਗ ਪੰਜਾਬੀ ਜ਼ਬਾਨ-ਓ-ਅਦਬ ਦੀ ਖ਼ਿਦਮਤ ਕਰਨ ਤੋਂ ਈ ਵਾਂਝਾ ਰਹਿ ਜਾਂਦਾ। ਉਹਨਾਂ ਕੋਲ ‘ਲਹਿਰਾਂ’ ਰਸਾਲਾ ਆਉਂਦਾ ਸੀ। ਤੁਸੀਂ ਜਾਣਦੇ ਈ ਓ ਕਿ ਲਹਿਰਾਂ ਪਿਛਲੇ 40 ਸਾਲਾਂ ਤੋਂ ਵੀ ਵੱਧ ਅਰਸੇ ਤੋਂ ਜਨਾਬ ਅਖ਼ਤਰ ਹੁਸੈਨ ਅਖ਼ਤਰ ਹੁਰਾਂ ਦੀ ਸੰਪਾਦਨਾ ਹੇਠ ਛਪ ਰਿਹਾ ਏ। ਜਮੀਲ ਸਾਹਿਬ ਮੈਨੂੰ ਇਹ ਰਸਾਲਾ ਪੜਨ ਲਈ ਦੇ ਦਿੰਦੇ ਸਨ। ‘ਲਹਿਰਾਂ’ ਵਾਂਗ ਈ ਇੱਕ ਹੋਰ ਪੰਜਾਬੀ ਪਰਚੇ ‘ਰਵੇਲ’ ਨਾਲ ਵੀ ਮੈਂ ਉਦੋਂ ਹੀ ਜੁੜ ਗਿਆ ਸਾਂ। ਇਹਨਾਂ ਪਰਚਿਆਂ ਨੇ ਮੇਰੇ ਮਨ ਉਪਰ ਕਾਲੇ ਇਲਮ ਵਾਲਾ ਅਜਿਹਾ ਅਸਰ ਪਾਇਆ ਕਿ ਮੈਂ ਹਮੇਸ਼ਾ ਲਈ ਈ ਪੰਜਾਬੀ ਮਾਂ ਬੋਲੀ ਦਾ ਹੋ ਕੇ ਰਹਿ ਗਿਆ। ਕੁਝ ਹੋਰ ਸੋਝੀ ਆਈ ਤੇ ਮਹਿਸੂਸ ਕੀਤਾ ਕਿ ਆਪਣੀ ਮਾਦਰੀ ਜ਼ਬਾਨ ਦੇ ਫ਼ਰੋਗ(ਤਰੱਕੀ) ਵਾਸਤੇ ਇਹਦੇ ਬੁਨਿਆਦੀ ਹੱਕਾਂ ਵਾਸਤੇ, ਆਵਾਜ਼ ਬੁਲੰਦ ਕਰਨੀ ਈ ਚਾਹੀਦੀ ਏ ਜਿਵੇਂ ਸਿੰਧੀ ਭਰਾਵਾਂ ਨੇ ਆਪਣੀ ਇੱਕਮੁੱਠਤਾ ਨਾਲ ਆਵਾਜ਼ ਬੁਲੰਦ ਕਰਕੇ ਸਿੰਧੀ ਜ਼ਬਾਨ ਉਪਰ ਮੰਡਰਾਉਣ ਵਾਲੇ ਖ਼ਤਰਿਆਂ ਦੇ ਬੱਦਲ ਟਾਲ ਦਿੱਤੇ। ਪੰਜਾਬੀ ਵਿਚ ਲਿਖ ਕੇ ਮੈਨੂੰ ਸਕੂਨ ਮਿਲਣ ਲੱਗਾ। ਮੈਨੂੰ ਜਾਪਿਆ ਜਿਵੇਂ ਮੈਂ ਪੰਜਾਬੀ ਮਾਂ ਬੋਲੀ ਦੀ ਖ਼ਿਦਮਤ ਕਰਨ ਵਾਸਤੇ ਈ ਪੈਦਾ ਹੋਇਆ ਵਾਂ।

?    ਸਭ ਤੋਂ ਪਹਿਲਾਂ ਕਿਹੜੀ ਲਿਖਤ ਦੀ ਤਖ਼ਲੀਕ ਕੀਤੀ ਸੀ ?
–    ਸ਼ੁਰੂਆਤ ਇੱਕ ਉਰਦੂ ਗ਼ਜ਼ਲ ਨਾਲ ਕੀਤੀ ਸੀ। ਫਿਰ ਪੰਜਾਬੀ ਵਿਚ ਕਹਾਣੀ ਲਿਖੀ ਜਿਹੜੀ ‘ਲਹਿਰਾਂ’ ਵਿਚ ਈ ਛਪੀ। 1983 ਵਿਚ ਈ। ਉਦੋਂ ਪੰਦਰਾਂ ਕੁ ਸਾਲਾਂ ਦਾ ਸਾਂ। ਇਹ ਲਿਖਤ ਛਪੀ ਤਾਂ ਆਪਣਾ ਨਾਂ ਛਪਿਆ ਤੱਕ ਕੇ ਖੁਸ਼ੀ ਨਾਲ  ਖੀਵਾ ਹੋਇਆ ਫਿਰਾਂ। ਫਿਰ ਪੰਜਾਬੀ ਸ਼ਾਇਰੀ ਵੀ ਕੀਤੀ। ਤੇ ਫੇਰ ਚੱਲ ਸੋ ਚੱਲ। ਅੱਜ ਵੀ ਕਹਾਣੀ ਅਤੇ ਸ਼ਾਇਰੀ ਕਰ ਰਿਹਾ ਹਾਂ।


?    ਤੁਹਾਡਾ ਪੰਜਾਬੀ ਜ਼ਬਾਨ ਪ੍ਰਤੀ ਕੀ ਨਜ਼ਰੀਆ ਹੈ ?
–     ਪੰਜਾਬੀ ਜ਼ਬਾਨ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਪੰਜਾਬੀ ਕੌਮ ਬਾਰੇ ਆਪਣਾ ਨਜ਼ਰੀਆ ਕਾਰੀ (ਪਾਠਕਾਂ) ਨਾਲ ਸਾਂਝਾਂ ਕਰਨਾ ਚਾਵਾਂਗਾ। ਦੁਨੀਆ ਵਿਚ ਪੰਜਾਬੀ ਕੌਮ ਨੇ ਆਪਣੇ ਬਲਬੂਤੇ ਤੇ ਆਪਣੀ ਸ਼ਨਾਖ਼ਤ ਕਾਇਮ ਕੀਤੀ ਏ। ਇਹ ਸ਼ਨਾਖ਼ਤ ਐਵੇਂ ਦਿਨਾਂ-ਮਹੀਨਿਆਂ ਵਿਚ ਈ ਨਹੀਂ ਬਣੀ ਬਲਕਿ ਇਸ ਕੌਮ ਨੇ ਆਪਣੇ ਵਜੂਦ ਦਾ ਅਹਿਸਾਸ ਕਰਵਾਉਣ ਲਈ ਲੰਮੀਆਂ ਲੜਾਈਆਂ ਲੜੀਆਂ ਨੇ। ਇਸ ਕੌਮ ਦੇ ਵੱਡੇ ਵਡੇਰਿਆਂ ਨੇ ਆਪਣੇ ਹਿੱਤਾਂ ਦੀ ਰਖਵਾਲੀ ਵਾਸਤੇ ਜੱਹਾਦ ਛੇੜੇ, ਘੋਲ ਕੀਤੇ, ਕੁਰਬਾਨੀਆਂ ਦਿੱਤੀਆਂ ਤਾਂ ਕਿਤੇ ਜਾ ਕੇ ਪੰਜਾਬੀ ਕੌਮ ਦੀ ਆਪਣੀ ਜ਼ਬਾਨ ਯਾਨੀ ਪੰਜਾਬੀ ਨੂੰ ਥਾਂ ਮਿਲੀ। ਇਸ ਜ਼ਬਾਨ ਦੀ ਤਵਾਰੀਖ ਇਸ ਧਰਤੀ ਉਤੇ ਬੜੀ ਪੁਰਾਣੀ ਏ। ਇਸ ਜ਼ਬਾਨ ਦਾ ਸਕਾਫ਼ਤ (ਸੱਭਿਆਚਾਰ) ਕੁੱਲ ਦੁਨੀਆ ਵਿਚ ਪਛਾਣਿਆ ਜਾਂਦਾ ਏ। ਪੰਜਾਬੀ ਮੌਸੀਕੀ ਦੀ ਗੱਲ ਈ ਲਵੋ। ਕਿੰਨੀਆਂ ਈ ਵੱਡੀਆਂ ਵੱਡੀਆਂ ਤੇ ਨਾਮਵਰ ਸ਼ਖ਼ਸੀਅਤਾਂ ਪੰਜਾਬੀ ਜ਼ਬਾਨ ਨੇ ਈ ਪੈਦਾ ਕੀਤੀਆਂ ਨੇ। ਇਸ ਜ਼ਬਾਨ ਵਿਚ ਤਖ਼ਲੀਕ ਕੀਤੇ ਗਏ ਅਦਬ ਨੂੰ ਆਲਮੀ ਸਤਾ ਤੇ ਮੰਨਿਆ ਗਿਆ ਏ ਤੇ ਸਾਡੇ ਸੂਫ਼ੀ ਸ਼ਾਇਰਾਂ ਦੇ ਕਲਾਮ ਨੂੰ ਦੁਨੀਆ ਦੀਆਂ ਵੱਡੀਆਂ ਜ਼ਬਾਨਾਂ ਵਿਚ ਤਰਜ਼ਮਾ ਕਰਕੇ ਛਾਪਿਆ ਗਿਆ ਏ। ਇਹ ਜ਼ਬਾਨ ਦੁਨੀਆ ਦੀਆਂ ਅਮੀਰ ਤਰੀਨ ਜ਼ਬਾਨਾਂ ਵਿਚੋਂ ਇੱਕ ਏ। ਇਸ ਨੂੰ ਬੋਲਣ ਵਾਲੇ ਦੁਨੀਆ ਦੇ ਹਰ ਮੁਲਕ ਵਿਚ ਮਿਲਦੇ ਨੇ। ਇਹ ਪੰਜਾਬੀ ਬੋਲੀ ਦੀ ਈ ਅਜ਼ਮਤ ਦਾ ਸਬੂਤ ਹੈ। ਪੰਜਾਬੀ ਜ਼ਬਾਨ ਬਾਰੇ ਮੇਰਾ ਜ਼ਾਤੀ ਨਜ਼ਰੀਆ ਇਹ ਵੀ ਏ ਕਿ ਜਿਉਂ ਜਿਉਂ ਇਸ ਜ਼ਬਾਨ ਨੂੰ ਮਲੀਆਮੇਟ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ, ਤਿਉਂ-ਤਿਉਂ ਇਹ ਜ਼ਬਾਨ ਨਵੇਂ ਨਿੱਖਰਵੀਂ ਸ਼ਕਲ ਵਿਚ ਸਾਹਮਣੇ ਆਉਂਦੀ ਰਹੀ ਏ। ਇਸ ਦਾ ਹਾਜ਼ਮਾ ਏਨਾ ਵੱਡਾ ਏ ਕਿ ਇਸ ਨੇ ਦੁਨੀਆ ਦੀਆਂ ਬਹੁਤ ਸਾਰੀਆਂ ਜ਼ਬਾਨਾਂ ਦੀ ਲਫ਼ਜ਼ਾਲੀ ਨੂੰ ਆਪਣੇ ਵਿਚ ਜਜ਼ਬ ਕਰ ਲਿਆ ਏ। ਇਹ ਗੱਲ ਵੱਖਰੀ ਏ ਕਿ ਸਾਡੀਆਂ ਹਕੂਮਤਾਂ ਦੀਆਂ ਗ਼ਲਤ ਪਾਲਿਸੀਆਂ ਅਤੇ ਅਣਡਿੱਠਤਾ ਪਾਰੋਂ ਇਹ ਜ਼ਬਾਨ ਰੋਜ਼ਗਾਰ ਦੀ ਜ਼ਬਾਨ ਨਹੀਂ ਬਣ ਸਕੀ। ਸਿਆਸਤ ਦੀਆਂ ਖੇਡਾਂ ਨੇ ਇਸ ਜ਼ਬਾਨ ਨਾਲ ਸੌਦੇਬਾਜ਼ੀ ਕੀਤੀ ਜਿਸ ਕਰਕੇ ਇਸ ਜ਼ਬਾਨ ਨੂੰ ਪੱਛੜੀਆਂ ਜ਼ਬਾਨਾਂ ਵਿਚ ਗਿਣੇ ਜਾਣ ਦੀਆਂ ਸਾਜ਼ਿਸ਼ਾਂ ਵੀ ਰਚੀਆਂ ਜਾਣ ਲੱਗ ਪਈਆਂ ਹਨ। ਇਹ ਸ਼ਰਮ ਦੀ ਗੱਲ ਏ ਪਰ ਮੇਰਾ ਜ਼ਾਤੀ ਦਾਅਵਾ ਏ ਕਿ ਪੰਜਾਬੀ ਨੂੰ ਮੁਹੱਬਤ ਕਰਨ ਵਾਲੇ ਪੈਦਾ ਹੁੰਦੇ ਰਹਿਣਗੇ। ਇਹ ਜ਼ਬਾਨ ਮੁਖ਼ਾਲਫ਼ਤ ਕਰਨ ਵਾਲਿਆਂ ਖ਼ਿਲਾਫ਼ ਆਪਣਾ ਸੰਘਰਸ਼ ਜਾਰੀ ਰੱਖੇਗੀ। ਸਾਡੀ ਜ਼ਬਾਨ ਤੇ ਹਰਾ ਘਾਹ ਏ। ਜਿੰਨਾ ਮਰਜ਼ੀ ਕੋਈ ਇਸ ਨੂੰ ਲਤਾੜਨ ਦੀ ਕੋਸ਼ਿਸ਼ ਕਰੇ, ਇਸ ਨੇ ਮੁੜ ਲਹਿਰਾਉਣ ਲੱਗ ਈ ਪੈਣਾ ਏ। ਮੈਂ ਕਈ ਕਹਾਣੀਆਂ ਮਸਲਨ ਜਿਵੇਂ ‘ਬੁੱਢੀ ਮਾਂ ਦਾ ਸੁਪਨਾ,‘ਜ਼ਬਾਨ ਦਾ ਕਤਲ’, ‘ਭੈਣ, ਤੂੰ ਪੰਜਾਬ ਦੀ ਏਂ?’ ਪੰਜਾਬੀ ਜ਼ਬਾਨ ਦੀ ਈ ਤਰਜ਼ਮਾਨੀ ਕਰਦੀਆਂ ਨੇ। ਇਹਨਾਂ ਕਹਾਣੀਆਂ ਦਾ ਸਿੱਟਾ ਇਹ ਨਿਕਲਦਾ ਏ ਕਿ ਆਪਣੀ ਮਾਂ ਬੋਲੀ ਤੋਂ ਚੰਗੀ ਹੋਰ ਕੋਈ ਬੋਲੀ ਨਹੀਂ ਹੋ ਸਕਦੀ। ਸਾਨੂੰ ਆਪਣੀ ਮਾਦਰੀ ਜ਼ਬਾਨ ਬੋਲਣ ਵਿਚ ਫ਼ਖ਼ਰ ਮਹਿਸੂਸ ਕਰਨਾ ਚਾਹੀਦਾ ਏ। ਛਾਤੀ ਤਾਣ ਕੇ ਬੋਲਣਾ ਚਾਹੀਦਾ ਏ ਪਈ ਅਸੀਂ ਪੰਜਾਬੀ ਵਾਂ..।

?     ਪਾਕਿਸਤਾਨ ਵਿਚ ਇਸ ਸਮੇਂ ਪੰਜਾਬੀ ਦੀ ਕੀ ਹਾਲਤ ਹੈ

-ਪੰਜਾਬੀ ਦੇ ਮਕਬੂਲ ਗ਼ਜ਼ਲ-ਉਸਤਾਦ ਡਾ. ਜਗਤਾਰ ਦਾ ਇੱਕ ਸ਼ਿਅਰ ਏ , ‘ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ। ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਵੇਖ ਜੇਰਾ।’ ਪਾਕਿਸਤਾਨ ਵਿਚ ਪੰਜਾਬੀ ਦੀ ਹਾਲਤ ਤੁਹਾਡੇ ਕੋਲੋਂ ਛੁਪੀ ਹੋਈ ਨਹੀਂ। ਤੁਸੀਂ ਜਾਣਦੇ ਈ ਓਂ ਪਈ ਪਾਕਿਸਤਾਨ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਤਾਦਾਦ 80% ਦੇ ਲਗਭਗ ਹੈ ਪਰ ਬਦਕਿਸਮਤੀ ਨਾਲ ਇਸ ਨੂੰ ਬੋਲਣ ਵਾਲੇ ਬਹੁਤ ਸਾਰੇ ਲੋਕ ਇਸ ਜ਼ਬਾਨ ਦੀ ਅਮੀਰੀ ਤੋਂ ਵਾਕਫ਼ ਨਹੀਂ। ਇਹੋ ਕਾਰਨ ਏ ਕਿ ਉਹ ਪੰਜਾਬੀ ਬੋਲਣ ਦੇ  ਬਾਵਜੂਦ ਪੰਜਾਬੀ ਵਿਚ ਨਹੀਂ ਕਿਸੇ ਹੋਰ ਜ਼ਬਾਨ ਵਿਚ ਲਿਖਦੇ ਨੇ। ਖਾਣਾ ਪੰਜਾਬੀ ਜ਼ਬਾਨ ਦਾ ਤੇ ਗੁਣਗਾਨ ਕਿਸੇ ਹੋਰ ਜ਼ਬਾਨ ਦੇ। ਇਸ ਤਰਾਂ ਦੀ ਕੋਈ ਇੱਕ ਵਜ੍ਹਾ ਨਹੀਂ, ਕਈ ਹੋਰ ਵੀ ਨੇ ਜਿਨ੍ਹਾਂ ਕਾਰਨ ਪਾਕਿਸਤਾਨ ਵਿਚ ਪੰਜਾਬੀ ਜ਼ਬਾਨ ਨੂੰ ਉਰਦੂ ਵਰਗਾ ਰੁਤਬਾ ਨਹੀਂ ਮਿਲ ਸਕਿਆ। ਪਾਕਿਸਤਾਨ ਵਿਚ ਮੌਜੂਦਾ ਦੌਰ ਵਿਚ ਸਿੰਧ, ਸਰਹੱਦ ਤੇ ਬਲੋਚਸਤਾਨ ਵਿਚ ਮਕਾਮੀ ਜ਼ਬਾਨਾਂ ਰਾਇਜ਼ (ਵਿਕਸਿਤ) ਨੇ ਪਰ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਪੰਜਾਬ ਦੇ ਸੂਬੇ ਵਿਚ ਪੰਜਾਬੀ ਦੀ ਸੂਰਤ-ਇ-ਹਾਲ ਇਹਨਾਂ ਬਾਕੀ ਸੂਬਿਆਂ ਦੀਆਂ ਮਕਾਮੀ ਜ਼ਬਾਨਾਂ ਵਰਗੀ ਕਿਉਂ ਨਹੀਂ ? ਸਿੰਧੀ, ਬਲੋਚੀ ਵਰਗੀਆਂ ਜ਼ਬਾਨਾਂ ਨੂੰ ਵੀ ਤੇ ਸਰਕਾਰੀ ਸਤਾ ਤੇ ਮਕਾਮੀ (ਸਥਾਨਕ) ਜ਼ਬਾਨਾਂ ਵਜੋਂ ਲਾਗੂ ਕੀਤਾ ਈ ਗਿਆ ਏ ਪਰ ਪੰਜਾਬੀ ਨਾਲ  ਮਤ੍ਰੇਈ ਮਾਂ ਵਾਲਾ ਇਹ ਸਲੂਕ ਕਿਉਂ ? ਮੈਂ ਏਨਾ ਜ਼ਰੂਰ ਕਹਾਂਗਾ ਪਈ ਜਿਹੜੀਆਂ ਹਕੂਮਤਾਂ ਜਾਂ ਕੌਮਾਂ ਆਪਣੀ ਮਾਦਰੀ ਜ਼ਬਾਨ ਨੂੰ ਬਣਦਾ ਇਜਾਜ਼ (ਮਾਣ-ਸਨਮਾਨ) ਨਹੀਂ ਦਿੰਦੀਆਂ, ਉਹ ਬੇਹੱਦ ਨੁਕਸਾਨ ਉਠਾਉਂਦੀਆਂ ਨੇ। ਇਸ ਗੱਲ ਦਾ ਇਤਿਹਾਸ ਗਵਾਹ ਏ। ਪਾਕਿਸਤਾਨ ਵਿਚ ਪੰਜਾਬੀ ਜ਼ਬਾਨ ਦੀ ਤਰੱਕੀ ਲਈ ਵੱਧ ਤੋਂ ਵੱਧ ਮਿਲਣੇ ਚਾਹੀਦੇ ਨੇ। ਇਸ ਨਾਲ ਕਿਸੇ ਤਰਾਂ ਦਾ ਪੱਖਪਾਤ ਨਹੀਂ ਹੋਣਾ ਚਾਹੀਦਾ। ਮੈਂ ਆਪਣੀ ਆਵਾਜ਼ ਇਸ ਨਾਅਰੇ ਨਾਲ ਮਿਲਾਉਣੀ ਚਾਹੁੰਨਾਂ ਕਿ ਮਾਂ ਬੋਲੀ ਜੇ ਭੁੱਲ ਜਾਵੋਂਗੇ। ਕੱਖਾਂ ਵਾਂਗੂੰ ਰੁੱਲ ਜਾਵੋਂਗੇ। ਸੋ ਮੇਰੀ ਅਪੀਲ ਵੀ ਏ ਕਿ ਪਾਕਿਸਤਾਨ ਵਿਚ ਪੰਜਾਬੀ ਨੂੰ ਸਰਕਾਰੀ ਜ਼ਬਾਨ ਦਾ ਦਰਜ਼ਾ ਤੇ ਹਕੂਕ ਮਿਲਣੇ ਚਾਹੀਦੇ ਨੇ।

?    ਕੀ ਪਾਕਿਸਤਾਨ ਦੇ ਮਦਰੱਸਿਆਂ (ਸਕੂਲਾਂ) ਵਿਚ ਪੰਜਾਬੀ ਜ਼ਬਾਨ ਨੂੰ ਲਾਗੂ ਕਰਨ ਦਾ ਕੋਈ ਮਨਸੂਬਾ ਘੜਿਆ ਜਾ ਰਿਹਾ ਏ।
–     ਇਸ ਮੁੱਦੇ ਬਾਰੇ ਵਿਉਂਤਾਂ ਘੜੀਆਂ ਜਾ ਰਹੀਆਂ ਨੇ। ਵੈਸੇ ਛੇਵੀਂ ਜਮਾਤ ਤੋਂ ਉਪਰਲੀਆਂ ਜਮਾਤਾਂ ਵਾਲੇ ਸਟੁਡੈਂਟ ਜੇ ਉਹ ਪੰਜਾਬੀ ਪੜਨਾ ਚਾਹੁਣ ਤਾਂ ਆਪਣੇ ਇੰਚਾਰਜ ਨੂੰ ਆਖ ਕੇ ਪੰਜਾਬੀ ਨੂੰ ਮਜਮੂਨ ਦੀ ਹੈਸੀਅਤ ਨਾਲ ਵੀ ਪੜ ਸਕਦੇ ਨੇ ਕਿਉਂਜੋ ਸਰਕਾਰ ਵੱਲੋਂ ਛੇਵੀਂ ਜਮਾਤ ਤੋਂ ਪੰਜਾਬੀ ਇੱਕ ਆਪਸ਼ਨਲ ਮਜ਼ਮੂਨ ਦੀ ਹੈਸੀਅਤ ਵਿਚ ਪੜਨ ਦੀ ਇਜਾਜ਼ਤ ਏ ਤੇ ਸਿਲੇਬਸ ਦੀਆਂ ਕਿਤਾਬਾਂ ਬੁੱਕ-ਡਿਪੂਆਂ ਤੋਂ ਆਮ ਮਿਲਦੀਆਂ ਨੇ। ਸੱਚੀ ਗੱਲ ਤਾਂ ਇਹ ਵੇ ਪਈ ਪਹਿਲੀ ਜਮਾਤ ਤੋਂ ਪੰਜਾਬੀ ਪੜਾਈ ਲਿਖਾਈ ਸਾਡਾ ਬੁਨਿਆਦੀ ਹੱਕ ਏ ਤੇ ਅਸੀਂ ਇਹ ਹੱਕ ਹਾਸਲ ਕਰਨ ਵਾਸਤੇ ਜੱਦੋਜਹਿਦ ਦੀ ਮਸ਼ਕ ਵਿਚੋਂ ਲੰਘ ਰਹੇ ਆਂ। ਸਾਡੀ ਕੋਸ਼ਿਸ਼ ਏ ਕਿ ਪਾਕਿਸਤਾਨ ਦੇ ਹਰ ਸਰਕਾਰੀ ਗ਼ੈਰ ਸਰਕਾਰੀ ਸਕੂਲ ਵਿਚ ਪੰਜਾਬੀ ਪ੍ਰਾਇਰੀ ਸਤਾ ਤੇ ਲਾਗੂ ਕਰਵਾਈਏ। ਸਾਨੂੰ ਯਕੀਨ ਏ ਕਿ ਅਸੀਂ ਆਪਣੇ ਮਨਸੂਬਿਆਂ ਵਿੱਚ ਇਕ ਦਿਨ ਜ਼ਰੂਰ ਕਾਮਯਾਬ ਹੋਵਾਂਗੇ। ਜੇ ਪਹਿਲੀ ਜਮਾਤ ਤੋਂ ਪੰਜਾਬੀ ਲਾਗੂ ਹੋ ਜਾਵੇ ਤਾਂ ਉਸ ਨਾਲ ਕਈ ਫ਼ਾਇਦੇ ਹੋਣਗੇ। ਮਸਲਨ ਇਮਤਿਹਾਨਾਂ ਵਿਚੋਂ ਨਕਲ ਦਾ ਰੁਜਹਾਨ ਮੁੱਕ ਜਾਵੇਗਾ। ਟਿਊਸ਼ਨ ਪੜਨ ਤੋਂ ਮੁਕੰਮਲ ਛੁਟਕਾਰਾ ਮਿਲੇਗਾ। ਫੇਲ ਹੋਣ ਦੇ ਇਮਕਾਨ ਤਕਰੀਬਨ ਖਤਮ ਚੋ ਜਾਣਗੇ। ਟੈਸਟ ਪੇਪਰਾਂ ਤੇ ਗਾਈਡਾਂ ਕੋਲੋਂ ਨਿਜ਼ਾਤ ਮਿਲੇਗੀ। ਬਾਲਾਂ ਉਤੇ ਪਿਆ ਵਾਧੂ ਦਿਮਾਗ਼ੀ ਵਜ਼ਨ ਮੁੱਕੇਗਾ। ਸਬਕ ਯਾਦ ਕਰਨ ਲਈ ਰੱਟਾ ਲਾਉਣ ਦੀ ਲੋੜ ਨਹੀਂ ਪਿਆ ਕਰੇਗੀ; ਬਾਲਾਂ ਦੇ ਬਸਤਿਆਂ ਦਾ ਭਾਰ ਘਟ ਜਾਏਗਾ। ਉਸਤਾਦਾਂ ਲਈ ਬਹੁਤ ਸਾਰੀਆਂ ਆਸਾਨੀਆਂ ਹੋ ਜਾਣਗੀਆਂ। ਆਪਣੀ ਮਾਦਰੀ ਜ਼ਬਾਨ ਵਿਚ ਆਪਣੇ ਜਜ਼ਬਾਤ ਨੂੰ ਖੁੱਲ ਕੇ ਜ਼ਾਹਰ ਕਰਨ ਕਰਨ ਨਾਲ ਅਸੀਂ ਤੀਸਰੀ ਦੁਨੀਆ ਦਾ ਮੁਕਾਬਲਾ ਚੰਗੇ ਤਰੀਕੇ ਨਾਲ ਕਰ ਸਕਾਂਗੇ।

?  ਤੁਹਾਡੇ ਵੱਲੋਂ ਸਥਾਪਿਤ ਕੀਤੇ ਗਏ ਪੰਜਾਬੀ ਬਾਲ ਅਦਬੀ ਬੋਰਡ ਦੀ ਚੜਦੇ ਅਤੇ ਲਹਿੰਦੇ ਪੰਜਾਬ ਵਿਚ ਚੰਗੀ ਚਰਚਾ ਹੁੰਦੀ ਰਹਿੰਦੀ ਹੈ। ਇਸ ਬੋਰਡ ਦੀ ਸਥਾਪਨਾ ਅਤੇ ਇਸ ਦੇ ਮਕਸਦ ਬਾਰੇ ਤਫ਼ਸੀਲ ਨਾਲ ਦੱਸੋ।

–    ਮੇਰਾ ਚਿਰੋਕਾ ਸੁਪਨਾ ਸੀ।ਜਦੋ ਮੈ “ਪਖੇਰੂ” ਬਾਲ ਰਸਾਲਾ ਐਡਿਟ ਕਰਨਾ ਸ਼ੁਰੂ ਕੀਤਾ ਸੀ ਤਾਂ ਮੈਂ ਚਾਹੁੰਦਾ ਸੀ ਕਿ ਕੋਈ ਅਜਿਹੀ ਮਜਲਿਸ ਵੀ ਬਣਾਵਾਂ ਜਿਹੜੀ ਪਾਕਿਸਤਾਨ ਦੇ ਵੱਡੇ ਵੱਡੇ ਪੰਜਾਬੀ ਲਿਖਾਰੀਆਂ ਨੂੰ ਬੱਚਿਆਂ ਲਈ ਕੁਝ ਨਾ ਕੁਝ ਕਰਨ ਲਈ ਪ੍ਰੇਰਨਾ ਦੇਵੇ।ਇਹ ਤਨਜ਼ੀਮ ਮੈ 1998 ਵਿਚ ਸਥਾਪਿਤ ਕੀਤੀ ਸੀ ਅਤੇ ਇਸ ਦੇ ਅਹਿਮ ਟੀਚੇ ਇਸ ਤਰਾਂ ਹਨ: ਪੰਜਾਬੀ ਜਬਾਨ ਨੂੰ ਪ੍ਰਾਇਮਰੀ ਸਤਾ ਤੇ ਲਾਗੂ ਕਰਨ ਦੇ ਯਤਨ ਕਰਨੇ, ਬਾਲਾਂ ਲਈ ਮਿਆਰੀ ਪੰਜਾਬੀ ਕਿਤਾਬਾਂ ਛਾਪਣਾ, ਸਕੂਲਾਂ ਵਿਚ ਪੰਜਾਬੀ ਪੜਾਈ ਪੜਾਉਣ ਦੇ ਯਤਨ ਕਰਨੇ, ਪ੍ਰਾਇਮਰੀ ਸਤਾ ਤੇ ਬਾਲਾਂ ਲਈ ਸਿਲੇਬਸ ਤਿਆਰ ਕਰਨੇ, ਪੰਜਾਬੀ ਜਬਾਨ ਦੇ ਫਰੋਗ਼ (ਵਿਕਾਸ) ਲਈ ਬਾਲ ਰਸਾਲਾ ਛਾਪਣਾ, ਹਰ ਸਾਲ ਬਿਹਤਰੀਨ ਬਾਲ ਲਿਖਾਰੀ ਦੀ ਹੌਸਲਾ ਅਫ਼ਜ਼ਾਈ ਲਈ ਐਵਾਰਡ ਦੇਣਾ, ਬਾਲਾਂ ਲਈ ਪੰਜਾਬੀ ਕਿਤਾਬਾਂ ਦੀ ਲਾਇਬੇਰੀ ਦਾ ਕਿਆਮ, ਦੁਨੀਆਂ ਵਿਚ ਲਿਖੇ ਜਾ ਰਹੇ ਮਿਆਰੀ ਬਾਲ ਅਦਬ ਨੂੰ ਪੰਜਾਬੀ ਜ਼ਬਾਨ ਵਿਚ ਤਰਜ਼ਮਾ ਕਰਕੇ ਛਾਪਣਾ, ਹਰ ਮਹੀਨੇ ਵੱਖੋ ਵੱਖ ਸਕੂਲਾਂ ਦੇ ਦੌਰੇ ਤੇ ਪੰਜਾਬੀ ਜਬਾਨ ਲਾਗੂ ਕਰਵਾਉਣ ਦੇ ਜਤਨ ਕਰਨੇ ਵਗੈਰਾ ਵਗੈਰਾ। ਇਥੇ ਮੈ ਕਾਰੀ (ਪਾਠਕਾਂ) ਦੀ ਮਾਲੂਮਾਤ ਲਈ ਹੋਰ ਇਜ਼ਾਫਾ ਇਹ ਵੀ ਕਰਨਾ ਚਾਹਾਂਗਾ ਕਿ ਪੰਜਾਬੀ ਬਾਲ ਅਦਬ ਬੋਰਡ ਪਾਕਿਸਤਾਨ ਦੇ ਮੁਖ਼ਤਲਿਫ਼ ਇਲਾਕਿਆਂ ਵਿੱਚ ਬੋਰਡ ਦੀਆਂ ਸ਼ਾਖ਼ਾਵਾਂ ਜ਼ਿਲੇ ਪੱਧਰ ’ਤੇ ਵਜੂਦ ਵਿਚ ਲਿਆਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਇਹ ਸ਼ਾਖਾਵਾਂ 7-7 ਮੈਬਰਾਂ ਤੇ ਮੁਸਤਮਲ (ਆਧਾਰਿਤ ਹੋਣਗੀਆਂ। ਮੈ ਬਾਲਾਂ ਦੀ ਭਲਾਈ ਵਿਚ ਜੁਟੇ ਹੋਏ ਲਿਖਾਰੀਆਂ ਅਤੇ ਹੋਰ ਖਾਹਿਸ਼ਮੰਦਾਂ ਪੰਜਾਬੀ ਸੇਵਕਾਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਇਸ ਨੇਕ ਕਾਰਜ ਵਿਚ ਮੇਰੇ ਨਾਲ ਮੋਢੇ ਨਾਲ ਮੋਢਾ ਜੋੜਨ, ਮੇਰੇ ਨਾਲ ਤਾਅਵੁਨ (ਸਹਿਯੋਗ) ਕਰਨ ਤਾਂ ਜੋ ਪਾਕਿਸਤਾਨ ਵਿਚ ਵੱਡੀ ਪਧਰ ਤੇ ਬਾਲਾਂ ਵਿਚ ਆਪਣੀ ਮਾਦਰੀ-ਜ਼ਬਾਨ ਦੇ ਹਕੂਕ ਪ੍ਰਤੀ ਜਗਾਇਆ ਜਾ ਸਕੇ। ਮੈਨੂੰ ਖੁਸ਼ੀ ਹੈ ਕਿ ਮੇਰੀਆਂ ਕੋਸ਼ਿਸ਼ਾਂ ਨੂੰ ਫਲ ਲੱਗਣਾ ਸ਼ੁਰੂ ਹੋ ਗਿਆ ਹੈ। ਮਕਬੂਲ ਪੰਜਾਬੀ ਗਾਇਕ ਸ਼ੌਕਤ ਅਲੀ ਅਤੇ ਲਹਿੰਦੇ ਚੜਦੇ ਪੰਜਾਬ ਦੇ ਵੱਡੇ ਵੱਡੇ ਅਦੀਬਾਂ ਦਾ ਸਾਡੇ ਨਾਲ ਜੁੜਨਾ ਸਾਡੀ ਇਸ ਤਨਜ਼ੀਮ ਲਈ ਫ਼ਖ਼ਰ ਵਾਲੀ ਗੱਲ ਹੈ।

?   ਇਸ ਤਨਜ਼ੀਮ ਨੇ ਹੁਣ ਕੀ ਕੀ ਛਾਪਿਆ ਹੈ।
–  ਜਿਵੇ ਮੈ ਪਹਿਲਾਂ ਕਹਿ ਹੀ ਚੁੱਕਾ ਹਾਂ ਕਿ ਇਸ ਬੋਰਡ ਦਾ ਬੁਨਿਆਦੀ ਕਾਰਜ ਪੰਜਾਬੀ ਬਾਲ ਅਦਬ ਦੀ ਤਰੱਕੀ ਅਤੇ ਬਿਹਤਰੀ ਲਈ ਕਾਰਜ ਕਰਨਾ ਹੈ। ਪਖੇਰੂ ਬਾਲ ਰਸਾਲਾ ਇਸੇ ਬੋਰਡ ਵੱਲੋ ਹੀ ਹਰ ਮਹੀਨੇ ਸ਼ਾਇਆ ਕੀਤਾ ਜਾਂਦਾ ਹੈ।  ਇਹ ਰਸਾਲਾ ਜੋ ਮਾਰਚ 1996 ਵਰੇ ਤੋਂ ਸ਼ੁਰੂ ਹੋਇਆ ਸੀ, ਹੁਣ 2012ਵੇਂ ਵਰੇ ਵਿਚ ਦਾਖ਼ਲ ਹੋਣ ਜਾ ਰਿਹਾ ਹੈ। ਇਸ ਬੋਰਡ ਵਲੋ ਹੁਣ  ਤੱਕ 20 ਤੋਂ ਵੱਧ ਕਿਤਾਬਾਂ (ਬਾਲ ਸਾਹਿੱਤ ਤਾਲੀਮ ਤੇ ਨਾਲ ਸੰਬੰਧਤ) ਛਪ ਚੱਕੀਆਂ ਹਨ ਇਸ ਤੋ ਇਲਾਵਾ ਭਾਰਤੀ ਪੰਜਾਬ ਦੇ ਲਿਖਾਰੀਆਂ ਦੀਆਂ ਕਿਤਾਬਾਂ ਜਿਨਾਂ ਵਿੱਚ ਚੱਕ ਨੰਬਰ ਛੱਤੀ (ਅੰਮਿ੍ਰਤਾ ਪ੍ਰੀਤਮ) ਡਾ. ਜਗਤਾਰ ਦੀ ਸ਼ਾਇਰੀ, ਚਲਾਕ ਚਿੰਤੋ ਤੇ ਭੁੱਖੜ ਭਾਲੂ ਗਾਲੜਾਂ ਦੀ ਸੈਰ, ਚਾਂਦੀ ਦਾ  ਕੱਪ (ਹਰਦੇਵ ਚੌਹਾਨ), ਪੰਜ ਪੁੱਤਰਾਂ ਦਾ ਪਿਓ ( ਬਚਿੰਤ ਕੌਰ), ਆਲੇ ਭੋਲੇ (ਜਸਬੀਰ ਭੁੱਲਰ), ਨਵਾਂ ਜਮਾਨਾ ਨਵੀਆਂ ਗੱਲੀਆਂ ਅਤੇ ਬਾਲ ਨਾਵਲ ਵਾਪਸੀ (ਦਰਸ਼ਨ ਸਿੰਘ ਆਸ਼ਟ) ਵਗੈਰਾ ਸ਼ਾਮਲ ਹਨ, ਸ਼ਾਹਮੁਖੀ ਲਿੱਪੀ ਵਿਚ ਲਿਪੀਅੰਤਰ ਕਰਕੇ ਛਾਪ ਚੁੱਕਾ ਹਾਂ।ਇਸ ਤੋ ਇਲਾਵਾ ਪੰਜਾਬੀ ਸੱਥ ਲਾਂਬੜਾ (ਜਲੰਧਰ) ਵੱਲੋ ਛਾਪਿਆ ਗਿਆ ਬਾਲ ਸਾਹਿਤ ਵੀ ਸ਼ਾਹਮੁਖੀ ਵਿਚ ਲਿਪੀਅੰਤਰ ਕਰਕੇ ਛਾਪ ਚੁੱਕਾ ਹਾਂ। ਚੜਦੇ ਅਤੇ  ਲਹਿੰਦੇ ਪੰਜਾਬ ਦੇ ਮਿੰਨੀ ਕਹਾਣੀਕਾਰਾਂ ਦੀਆਂ ਕਹਾਣੀਆਂ ਦਾ ਇਕ ਸੰਗ੍ਰਹਿ ਮਿੰਨੀ ਕਹਾਣੀਆਂ ਵੀ ਮੈ ਇਸੇ ਅਦਾਰੇ ਵੱਲੋ ਛਾਪ ਚੁੱਕਾ ਹਾਂ।

?     ਜਿਵੇਂ ਲਾਹੌਰ ਵਿਚ ਤੁਹਾਡੀ ਤਨਜ਼ੀਮ ਪੰਜਾਬੀ ਬਾਲਾਂ ਵਿਚ ਅਦਬੀ ਰੁਜਹਾਨ ਪੈਦਾ ਕਰ ਰਹੀ ਹੈ, ਕੀ ਪਾਕਿਸਤਾਨ ਵਿਚ ਸਰਕਾਰੀ ਪੱਧਰ ਦਾ ਵੀ ਕੋਈ ਅਜਿਹਾ ਅਦਾਰਾ ਹੈ, ਜਿਹੜਾ ਤੁਹਾਡੀ ਕੋਈ ਮਾਲੀ ਇਮਦਾਦ ਵੀ ਕਰਦਾ ਹੈ ?

–    ਮਹਿਕਮਾ ਇਤਲਾਆਤ, ਸਕਾਫ਼ਤ ਤੇ ਯੂਥ ਅਫੇਅਰਜ਼, ਪੰਜਾਬ  ਸਰਕਾਰੀ ਪੱਧਰ ਤੇ ਕੰਮ ਕਰਨ ਵਾਲਾ ਉਹ ਇਦਾਰਾ ਏ ਜਿਹੜਾ ਹਰ ਸਾਲ ਉਹਨਾਂ ਰਜਿਸਟਰਡ ਅਦਾਰਿਆਂ ਅਤੇ ਤਨਜ਼ੀਮਾਂ ਨੂੰ ਸਰਕਾਰੀ ਪੱਧਰ ਉਤੇ ਗ੍ਰਾਂਟ ਦਿੰਦਾ ਏ ਜੋ ਅਦਬੀ ਅਤੇ ਸਕਾਫ਼ਤੀ ਪੱਧਰ ਉਤੇ ਕੰਮ ਕਰ ਰਹੇ ਨੇ। ਇਹਨਾਂ ਵਿਚ ਪੰਜਾਬੀ ਦੇ ਅਦਾਰੇ ਵੀ ਸ਼ਾਮਲ ਨੇ। ਇਸ ਅਦਾਰੇ ਕੋਲ ‘ਪੰਜਾਬੀ ਬਾਲ ਅਦਬੀ ਬੋਰਡ ਅਤੇ ‘ਪਖੇਰੂ’ ਵੱਲੋਂ ਸਾਂਝੇ ਤੌਰ ਆਪਣੇ ਵੱਲੋਂ ਪੰਜਾਬੀ ਦੀ ਤਰੱਕੀ ਵਾਸਤੇ ਕੀਤੇ ਕੰਮ-ਕਾਜਾਂ ਬਾਰੇ  ਤਫ਼ਸੀਲ ਨਾਲ ਵੇਰਵੇ ਦਿੰਦੇ ਹੋਏ ਗ੍ਰਾਂਟ ਦੇਣ ਲਈ ਦਰਖ਼ਾਸਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ  ਪਰੰਤੂ  ਪਾਕਿਸਤਾਨ ਵਿਚ ਪੰਜਾਬੀ ਬਾਲ ਅਦਬ ਲਈ ਕੰਮ ਕਰਨ ਵਾਲੇ ਸਾਡੇ ਇੱਕੋ ਇੱਕ ਅਦਾਰੇ ਨੂੰ ਮਹਿਕਮਾ ਇਤਲਾਆਤ, ਸਕਾਫ਼ਤ ਤੇ ਯੂਥ ਅਫੇਅਰਜ਼, ਪੰਜਾਬ ਵੱਲੋਂ ਇੱਕ ਨਵੇਂ ਪੈਸੇ ਦੀ ਗ੍ਰਾਂਟ ਨਹੀਂ ਦਿੱਤੀ ਗਈ।  ਇਹ ਗੱਲ ਬਿਲਕੁਲ ਸੱਚ ਏ ਪਈ ਅੱਜ ਦੇ ਬਾਲ ਈ ਕੱਲ ਦੇ ਹਾਕਮ, ਰਹਿਬਰ ਤੇ ਕਾਨੂੰਨਦਾਨ ਹੁੰਦੇ ਨੇ  ਤੇ ਦੇਸ਼ਾਂ ਦੀ ਵਾਗ ਡੋਰ ਇਹਨਾਂ ਦੇ ਹੱਥਾਂ ਵਿਚ ਆਉਣੀ ਹੁੰਦੀ ਏ। ਇਹੋ ਵਜਾ ਏ ਕਿ ਤਰੱਕੀਯਾਫ਼ਤਾ ਮੁਲਕਾਂ ਵਿਚ ਮਿਆਰੀ ਬਾਲ ਅਦਬ ਉਤੇ ਬਹੁਤੀ ਤਵੱਜੋ ਦਿੱਤੀ ਜਾਂਦੀ ਏ ਤੇ ਉਥੇ ਦੀ ਸਰਕਾਰ  ਬਾਲ ਅਦਬ ਦੇ ਫਰੋਗ਼ ਵਾਸਤੇ ਖੁੱਲ ਦਿਲੀ ਨਾਲ ਮਦਦ ਕਰਦੀ ਏ। ਤਕਰੀਬਨ ਸਾਰੇ ਈ ਤਰੱਕੀਯਾਫ਼ਤਾ ਮੁਲਕਾਂ ਵਿਚ ਸਰਕਾਰ ਵੱਲੋਂ ਬਾਲ ਅਦਬ ਦੀ ਤਰੱਕੀ ਲਈ ਬਾਲ ਅਦਬ ਦੀਆਂ ਕਿਤਾਬਾਂ ਦੇ ਨਾਲ ਨਾਲ ਪਰਚੇ ਵੀ ਛਾਪੇ ਜਾਂਦੇ ਨੇ। ਉਹਨਾਂ ਦੀਆਂ ਸਰਕਾਰਾਂ ਉਹਨਾਂ ਦੀ ਇਮਦਾਦ ਕਰਦੀਆਂ ਨੇ ਪਰੰਤੂ ‘ਪਖੇਰੂ’ ਕਿਸ ਵੇਖੇ ? ਇਹੋਵੱਲ ਵਜਾ ਏ ਕਿ ਮੈਂ ਖ਼ੁਦ ਮਾਇਕ ਘਾਟੇ ਦੀ ਹਾਲਤ ਵਿਚੋਂ ਲੰਘਦਾ ਹੋਇਆ ਕਿਸੇ ਨਾ ਕਿਸੇ ਤਰਾਂ ਪਖੇਰੂ ਨੂੰ ਜਾਰੀ ਰੱਖ ਰਿਹਾ ਹਾਂ। ਇਸ ਨੂੰ ਛਪਦਿਆਂ ਤੇਰਾਂ ਸਾਲ ਪੂਰੇ ਹੋ ਚੁੱਕੇ ਨੇ ਅਤੇ ਚੌਦਵੇਂ ਵਿਚ ਦਾਖ਼ਲ ਹੋ ਰਿਹਾ ਏ। ਮੈ ਆਪਣੀ ਤਨਖਾਹ ਦਾ ਵੱਡਾ ਹਿੱਸਾ ਇਸ ਰਸਾਲੇ ਦੀ ਛਪਾਈ ਤੇ  ਖਰਚ ਦਿੰਦਾ ਹਾਂ ਤੇ ਫਿਰ ਇਸ ਨੁੰ ਪਾਕਿਸਤਾਨ ਦੇ ਸਕੂਲਾਂ ਦੇ ਪੰਜਾਬੀ ਬੋਲਦੇ ਬਾਲਾਂ ਤੱਕ ਅਤੇ  ਪਾਕਿਸਤਾਨ ਭਾਰਤ ਤੋ ਇਲਾਵਾ ਕੁਝ ਇਕ ਹੋਰ ਮੁਲਕਾਂ ਦੇ ਪੰਜਾਬੀ ਲਿਖਾਰੀਆਂ ਤੱਕ ਮੁਫਤ ਭੇਜਦਾ ਹਾਂ  ਤੇ ਹਰ ਮਹੀਨੇ ਵੱਡਾ ਡਾਕ ਖਰਚ  ਵੀ ਬਰਦਾਸ਼ਤ ਕਰ ਰਿਹਾ ਹਾਂ। ਮੈ ਚਾਹੁੰਦਾ ਹਾਂ ਕਿ ਪੰਜਾਬੀ  ਘਰ ਘਰ ਵਿਚ ਬੋਲੀ ਜਾਵੇ।ਬਸ।ਇਹ ਸਮਝ ਲਵੋ ਕਿ ਮੈ ਆਪਣੀ ਮਾਂ ਬੋਲੀ ਦਾ ਕਰਜ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।  ਮੈਂ ਮਹਿਕਮਾ ਇਤਲਾਆਤ, ਸਕਾਫ਼ਤ ਤੇ ਯੂਥ ਅਫੇਅਰਜ਼, ਪੰਜਾਬ ਨੂੰ ਫਿਰ ਦਰਖ਼ਾਸਤ ਕੀਤੀ ਸੀ ਕਿ ਪਾਕਿਸਤਾਨ ਵਿਚ 70 ਫੀਸਦੀ ਬਾਲਾਂ ਦੀ ਮਾਦਰੀ-ਜ਼ਬਾਨ ਪੰਜਾਬੀ ਦੀ ਤਰੱਕੀ ਲਈ ਕੰਮ ਕਰ ਰਹੇ ਇਸ ਅਦਾਰੇ ਦੀ ਸਰਕਾਰੀ ਪੱਧਰ ਉਤੇ ਮਾਲੀ ਮਦਦ ਕੀਤੀ ਜਾਵੇ । ਮੈਨੂੰ ਖੁਸ਼ੀ ਤੇ ਤਸੱਲੀ ਏ ਕਿ ਸਰਕਾਰ ਨੇ ਪਖੇਰੂ ਦੀ ਪਿੱਛੇ ਜਿਹੇ ਚੰਗੀ ਮਾਇਕ ਮਦਦ ਕੀਤੀ ਏ। ਜਨਾਬ ਫ਼ਖ਼ਰ ਜ਼ਮਾਨ ਹੋਰਾਂ ਨੇ ਵੀ ਇਸ ਰਸਾਲੇ ਨੂੰ ਜਾਰੀ ਰੱਖਣ ਲਈ ਮਾਇਕ ਮਦਦ ਦਿੱਤੀ ਏ। ਮੈਂ ਇਨਾਂ ਦਾ ਸ਼ੁਕਰਗੁਜ਼ਾਰ ਵਾਂ ਜਿਹੜੇ ਪੰਜਾਬੀ ਪ੍ਰਤੀ ਸੋਚਦੇ ਨੇ। ਖ਼ਾਸ ਕਰਕੇ ਬਾਲਾਂ ਵਾਸਤੇ। ਇਹ ਐਵਾਰਡ ਤੇ ਇਮਦਾਦ ਪ੍ਰੇਰਣਾ ਬਣਦੇ ਨੇ ਅਦਾਰਾ ਪੰਜਾਬੀ ਦੇ ਪਿੜ ਵਿਚ ਤਾਂ ਜੋ ਵੱਖ ਵੱਖ ਨਜ਼ਰੀਆਤ ਤੋ ਹੋਰ ਬਹੁਤਾ ਕੰਮ ਕਰ ਸਕੇ।

?  ਤੁਸੀਂ ਹੋਰਨਾਂ ਜ਼ਬਾਨਾਂ ਦਾ ਬਾਲ ਅਦਬ ਵੀ ਅਨੁਵਾਦ ਕੀਤਾ ਹੈ ?
–    ਹਾਂ, ਮੈਂ ਡੈਨੀਅਲ ਡੀਫੋ ਦਾ ਲਿਖਿਆ ਇੱਕ ਅੰਗਰੇਜ਼ੀ ਨਾਵਲ ‘ਰਾਬਿਨਸਨ ਕਰੂਸੋ’ (2006) ਵੀ ਸ਼ਾਹਮੁੱਖੀ ਲਿੱਪੀ ਵਿੱਚ ਅਨੁਵਾਦ ਕੀਤਾ ਹੈ। ਇਹ ਨਾਵਲ ਪੰਜਾਬੀ ਮਰਕਜ਼, ਲਾਹੌਰ ਵੱਲੋਂ ਸ਼ਾਇਆ ਕੀਤਾ ਗਿਆ ਹੈ। ਬਾਲ ਨਾਵਲ ‘ਸ਼ਰਾਰਤੀ ਰਿੱਛ’ (2007) ਨੂੰ ਵੀ ਪੰਜਾਬੀ ਰੂਪ ਦਿੱਤਾ ਹੈ। ਇਹਨਾਂ ਨਾਵਲਾਂ ਨੂੰ ਅਨੁਵਾਦ ਕਰਨ ਦਾ ਮੇਰਾ ਮਕਸਦ ਇਹ ਸੀ ਕਿ ਮੈਂ ਪੰਜਾਬੀ ਬਾਲਾਂ ਨੂੰ ਪੱਛਮੀ ਬਾਲ ਅਦਬ ਦੀਆਂ ਅਹਿਮ ਲਿਖਤਾਂ ਨਾਲ ਵਾਕਫ਼ੀਅਤ ਕਰਵਾਵਾਂ ਤਾਂ ਜੋ ਨਵੀਂ ਨਸਲ ਦੀ ਸੋਚ ਅਤੇ ਚੇਤਨਾ ਦਾ ਦਾਇਰਾ ਹੋਰ ਵਸੀਹ ਹੋ ਸਕੇ ਅਤੇ ਉਹਨਾਂ ਦੇ ਜ਼ਿਹਨ ਵਿਚ ਖੁੱਦਾਰੀ ਦਾ ਅਹਿਸਾਸ ਪੈਦਾ ਕੀਤਾ ਜਾ ਸਕੇ। ਕੁਝ ਇੱਕ ਹੋਰ ਲਿਖਤਾਂ ਵੀ ਸ਼ਾਹਮੁੱਖੀ ਲਿਪੀ ਵਿਚ ਅਨੁਵਾਦ ਕੀਤੀਆਂ ਹਨ।

?    ਦੋਵਾਂ ਮੁਲਕਾਂ ਵਿਚ ਪੰਜਾਬੀ ਅਤੇ ਪੰਜਾਬੀਅਤ ਦੀ ਸਾਂਝ ਹੋਰ ਪਕੇਰਾ ਕਰਨ ਲਈ ਤੁਸੀ ਕੀ ਮਸ਼ਵਰਾ ਦਿਓਗੇ।
–    ਅਸਲ ਵਿਚ ਅਸੀਂ ਇਕ ਹੀ ਮੁਲਕ ਹਾਂ,ਸਾਡੀ ਰਹਿਤਲ ਇਕ ਹੈ।ਸਾਡੀ ਮਾਦਰੀ ਜਬਾਨ ਇਕ ਹੈ। ਭਾਵੇ ਹਾਲਾਤਾਂ ਦੇ ਸਾਜਗਾਰ ਨਾ ਰਹਿਣ ਪਾਰੋ ਕਈ ਵਾਰੀ ਕਈ ਕਿਸਮ ਦੀਆਂ ਪਾਬੰਦੀਆਂ ਵੀ ਆਇਦ ਹੁੰਦੀਆਂ ਰਹੀਆਂ ਹਨ ਪਰੰਤੂ ਪੰਜਾਬੀਆਂ ਦੀ ਆਪਸੀ ਸਾਂਝ ਦਾ ਬੂਟਾ ਕਦੇ ਨਹੀ ਮੁਰਝਾਇਆ ਪਿਛਲੇ ਸਮੇ ਤੋ ਮੁਹੱਬਤ ਦਾ ਬੂਟਾ ਹੋਰ ਮੌਲ ਰਿਹਾ ਹੈ। ਇਹ ਸਾਂਝਾ ਤੇ ਮੁਹੱਬਤਾਂ ਦਾ ਮਾਹੌਲ ਤਾਂ ਹੀ ਪੈਦਾ ਹੋ ਸਕਦੈ ਜੇ ਸਾਡੇ ਮਨਾਂ ਵਿਚ ਇਕ ਦੂਜੇ ਪ੍ਰਤੀ ਦਿਲੋ ਆਦਰ ਸਤਿਕਾਰ ਹੋਵੇ। ਦੋਵਾਂ ਮੁਲਕਾਂ ਦੇ ਕਲਾਕਾਰਾਂ ਲਿਖਾਰੀਆਂ ਵਪਾਰੀਆਂ ਅਦਾਕਾਰਾਂ ਪੱਤਰਕਾਰਾਂ ਬੁੱਧੀਜੀਵੀਆਂ ਅਤੇ ਅਧਿਆਪਕਾਂ ਦੀਆਂ ਕੋਸਿਸਾਂ ਨਾਲ ਸਰਹੱਦਾਂ ਤੇ ਅਮਨ ਕਰ ਰਿਹਾ ਹੈ। ਸਾਡਾ ਇਕ ਦੂਜੇ ਬਿਨਾਂ ਗੁਜਾਰਾ ਨਹੀ। ਨੇੜਤਾ ਤੇ ਭਾਈਚਾਰੇ ਵਾਲਾ ਮਾਹੌਲ ਸਿਰਜੇ ਜਾਣ ਦੀਆਂ ਕੋਸਿਸਾਂ ਨੂੰ ਹੋਰ ਤੇਜ ਕਰਨ ਦੀ ਜਰੂਰਤ ਹੈ ਪੰਜਾਬੀ ਦੀ ਸਾਂਝ ਨੂੰ ਹੋਰ ਪਕੇਰਾ ਕਰਨ ਵਾਸਤੇ ਕਲਾਕਾਰਾਂ, ਲੇਖਕਾਂ, ਪ੍ਰਕਾਸ਼ਕਾਂ ਦੇ ਵੱਧ ਤੋ ਵੱਧ ਟਰੁੱਪ ਆਉਣੇ- ਜਾਣੇ ਚਾਹੀਦੇ ਹਨ।ਪ੍ਰਕਾਸ਼ਕਾਂ ਨੂੰ ਪਾਕਿਸਤਾਨ ਵਿਚ ਗੁਰਮੁਖੀ ਲਿਪੀ ਵਿਚ ਅਤੇ ਹਿੰਦੁਸਤਾਨ ਵਿਚ ਸਾਹਮੁਖੀ ਲਿਪੀ ਵਿਚ ਸਾਹਿਤ ਛਾਪਣਾ ਚਾਹੀਦਾ ਹੈ। ਇਸ ਤਰਾਂ ਲਿਪੀਆਂ ਦੇ ਵਖਰੇਵੇ, ਜ਼ਬਾਨਾਂ ਦੇ ਮਸਾਇਲ ਹੱਲ ਕਰਨ ਵਿਚ ਕਾਫੀ ਮਦਦ ਮਿਲੇਗੀ। ਵੀਜਾ ਸਿਸਟਮ ਹੋਰ ਵੀ ਸੌਖਾ ਹੋਣਾ ਚਾਹੀਦਾ ਹੈ।

ਤਾਲਿਬ-ਇ-ਇਲਮਾਂ ਨੂੰ ਕਾਲਜਾਂ ਵਿਚ ਪੰਜਾਬੀ ਜ਼ਬਾਨ ਨਾਲ ਜੋੜਨ ਲਈ ਚੰਗਾ ਸਾਹਿਤ ਮੁਹੱਈਆਂ ਕਰਾਉਣਾ ਚਾਹੀਦਾ ਹੈ। ਸਕਾਫਤੀ ਆਦਾਨ ਪ੍ਰਦਾਨ ਦੀ ਟੋਰ ਵਿਚ ਤੇਜੀ ਆਉਣੀ ਚਾਹੀਦੀ ਹੈ।ਉਨਾਂ ਅਜ਼ੀਮ ਇਨਸਾਨਾਂ ਦੇ ਪੈਦਾਇਸ਼ੀ ਦਿਹਾੜੇ ਇਤਜਮਾਹੀ (ਸਮੂਹਿਕ) ਅਤੇ  ਵੱਡੀ ਮਨਾਏ ਜਾਣੇ ਚਾਹੀਦੇ ਹਨ ਜਿਨਾਂ ਨੇ ਸਾਂਝੇ ਪੰਜਾਬ ਵਿਚ ਪੰਜਾਬੀ ਅਦਬ ਦੇ ਦੀਵੇ ਬਾਲ ਕੇ ਆਪਣੀ ਵਿਰਾਸਤ ਦੀ ਰੌਸ਼ਨੀ ਬਿਖੇਰੀ ਹੈ।

?    ਹੁਣ ਤੱਕ ਕਿਹੜੇ ਮਹੱਤਵਪੂਰਨ ਐਵਾਰਡ ਤੁਹਾਨੂੰ ਮਿਲ ਚੁੱਕੇ ਹਨ।
–    ਵੈਸੇ ਤਾਂ ਕਿਸੇ  ਕਲਮਕਾਰ ਲਈ ਉਸ ਦੇ ਕਾਰੀ (ਪਾਠਕ) ਹੀ ਸਭ ਤੋ ਵੱਡਾ ਸਰਮਾਇਆ ਹੁੰਦੇ ਨੇ ਪਰੰਤੂ ਵਕਤਨ-ਬ-ਵਕਤਨ ਜਿਨਾਂ ਤਨਜ਼ੀਮਾਂ ਨੇ ਮੈਨੂੰ ਮਾਣ ਦੇ ਕੇ ਮੇਰੀ ਜ਼ਿੰਮੇਵਾਰੀ ਵਿਚ ਹੋਰ ਵਾਧਾ ਕੀਤਾ ਹੈ, ਉਹਨਾਂ ਵਿਚ ਪੰਜਾਬੀ ਸੱਥ ਲਾਂਬੜਾ(ਜਲੰਧਰ), ਮਸਊਦ ਖੱਦਰ ਪੋਸ਼ ਐਵਾਰਡ, ਲਾਹੌਰ ਵਰਗੇ ਅਹਿਮ ਐਵਾਰਡ ਸ਼ਾਮਲ ਹਨ।

  ?      ਤੁਸੀਂ ਸ਼ੁਰੂ ਵਿਚ ਕਿਹਾ ਸੀ ਕਿ ਅੱਜਕੱਲ ਵੀ ਕਹਾਣੀ ਤੇ ਕਵਿਤਾ ਲਿਖ ਰਹੇ ਹੋ। ਸਾਡੇ ਪਾਠਕਾਂ ਨੂੰ ਆਪਣੀ ਕਵਿਤਾ  ਦਾ ਕੋਈ ਨਮੂਨਾ ਤੇ ਸੁਣਾਉ ।
–    ਮੈਂ ਇੱਕ ਗੀਤ ‘ਜੰਗਲ ਦਾ ਗੀਤ’ ਲਿਖਿਆ ਸੀ। ਇਸ ਵਿਚ ਮੋਰ ਵਰਗੇ ਪੰਛੀ ਆਪਣੇ ਜੰਗਲ  ਦੀ ਹੋਣੀ ਤੇ ਝੂਰਦੇ ਹਨ ਜਿਨਾਂ ਨੂੰ ਮਨੁੱਖ ਅੰਨੇਵਾਹ ਬਰਬਾਦ ਕਰਦਾ ਜਾ ਰਿਹਾ ਹੈ। ਜੰਗਲਾਂ ਦੀ ਬਰਬਾਦੀ ਦੇ ਦੁੱਖੜੇ ਨੂੰ ਬਿਆਨ ਕਰਦੇ ਇਸ ਗੀਤ ਦੇ ਦੋ ਬੰਦ ਇਸ ਤਰਾਂ ਹਨ :

 

            ਇਹ ਜੰਗਲ ਸਾਡਾ ਮੋਰਾਂ ਦਾ। ਇਹ ਮੋਰਾਂ ਚੰਨ ਚਕੋਰਾਂ ਦਾ।
            ਇਹ ਜੰਗਲ ਸਾਡਾ ਮੋਰਾਂ ਦਾ ।
            ਜਾਂ ਫ਼ਜ਼ਰੇ ਦੀ ’ਵਾ ਝੁੱਲੇ ਪਈ। ਫੁੱਲਾਂ ਦੇ ਵਰਕੇ ਥੱਲੇ ਪਈ।
            ਖ਼ੁਸ਼ਬੂ ਵੀ ਰਸਤੇ ਭੁੱਲੇ ਪਈ। ਮੀਂਹ ਵਰਦਾ ਇੱਥੇ ਜ਼ੋਰਾਂ ਦਾ।
            ਇਹ ਜੰਗਲ ਸਾਡਾ ਮੋਰਾਂ ਦਾ।
            ਇੱਕ ਰੋਜ਼ ਸ਼ਿਕਾਰੀ ਧਾਏ ਸੀ। ਆ ਜਾਲ ਉਹਨਾਂ ਨੇ ਲਾਏ ਸੀ।
            ਇਕ ਰਾਜਾ ਰਾਣੀ ਆਈ ਸੀ। ਦਾਅ ਲੱਗਾ ਕਾਲੇ ਚੋਰਾਂ ਦਾ।
            ਇਹ ਜੰਗਲ ਸਾਡਾ ਮੋਰਾਂ ਦਾ।
            ਉਹ ਬਾਬਲ ਮੇਰਾ, ਮੇਰੀ ਮਾਂ, ਲੈ ਗਏ ਸ਼ਿਕਾਰੀ ਕਿਹੜੀ ਥਾਂ।
            ਮੈਂ ਕਹਿੰਦਾ ਕੀ ਮੈਂ ਗੂੰਗਾ ਸਾਂ, ਮੂੰਹ ਵੇਖ ਰਿਹਾ ਸਾਂ ਹੋਰਾਂ ਦਾ।
            ਇਹ ਜੰਗਲ ਸਾਡਾ ਮੋਰਾਂ ਦਾ।
             ਇਹ ਮੋਰਾਂ ਚੰਨ ਚਕੋਰਾਂ ਦਾ।

 

 

                ਸੰਪਰਕ :  98144-23703
ਅਰੁਣ ਫਰੇਰਾ: ਸਿਆਸੀ ਕੈਦੀ ਅਤੇ ਸਰਗਰਮ ਕਾਰਕੁੰਨ ਦੀ ਮੌਜੂਦਾ ਯੋਜਨਾ
ਅਵਤਾਰ ਸਿੰਘ ਬਿਲਿੰਗ: ਕਿਰਸਾਨੀ ਦਾ ਵਿਸ਼ਾ ਹੋਰ ਲਿਖਤਾਂ ਦੀ ਮੰਗ ਕਰਦੈ
ਜਦੋਂ ਇਹ ਲੋਕ ਰਾਜ-ਧ੍ਰੋਹੀ ਕਹਿੰਦੇ ਹਨ ਤੱਦ ਮੇਰਾ ਦੇਸ਼-ਪ੍ਰੇਮ ਹੋਰ ਵੱਧਦਾ ਹੈ. . .
ਰਣਦੀਪ ਮੱਦੋਕੇ: ਫ਼ੋਟੋਗ੍ਰਾਫਰ ਅਤੇ ਦਸਤਾਵੇਜ਼ੀ ਫਿਲਮਸਾਜ਼
ਮੇਰਾ ਇਹ ਵਿਸ਼ਵਾਸ ਨਹੀਂ ਕਿ ਜੈਂਡਰ ਸਿਰਫ਼ ਦੋ ਹੀ ਹਨ – ਅਰੁੰਧਤੀ ਰਾਏ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਹਰ ਕਸ਼ਮੀਰੀ – ਯੋਧ ਸਿੰਘ

ckitadmin
ckitadmin
September 16, 2016
ਇੱਟਾਂ ਨੂੰ ਕੀ ਕਰੀਏ ਜਦ ‘ਤੇ ਤੁਰਨ ਵਾਲੇ ਗੱਭਰੂ ਹੀ ਨਾ ਰਹੇ – ਅਮਨਦੀਪ ਹਾਂਸ
ਸੁਣੋ ਸੁਣੋ ਤੁਸੀਂ ਕੀ ਹੋ ਕੁਦਰਤ ਦੇ ਖ਼ਾਸ ਬੰਦਿਓ -ਗੁਰਚਰਨ ਪੱਖੋਕਲਾਂ
ਮੁਰਝਾਏ ਫੁੱਲ -ਬਾਜਵਾ ਸੁਖਵਿੰਦਰ
‘ਗੰਢਾਂ’ ਤੇ ਹੋਰ ਕਵਿਤਾਵਾਂ – ਰਵਿੰਦਰ ਰਵੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?