By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮੇਰਾ ਇਹ ਵਿਸ਼ਵਾਸ ਨਹੀਂ ਕਿ ਜੈਂਡਰ ਸਿਰਫ਼ ਦੋ ਹੀ ਹਨ – ਅਰੁੰਧਤੀ ਰਾਏ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸ਼ਖ਼ਸਨਾਮਾ > ਮੇਰਾ ਇਹ ਵਿਸ਼ਵਾਸ ਨਹੀਂ ਕਿ ਜੈਂਡਰ ਸਿਰਫ਼ ਦੋ ਹੀ ਹਨ – ਅਰੁੰਧਤੀ ਰਾਏ
ਸ਼ਖ਼ਸਨਾਮਾ

ਮੇਰਾ ਇਹ ਵਿਸ਼ਵਾਸ ਨਹੀਂ ਕਿ ਜੈਂਡਰ ਸਿਰਫ਼ ਦੋ ਹੀ ਹਨ – ਅਰੁੰਧਤੀ ਰਾਏ

ckitadmin
Last updated: July 15, 2025 5:57 am
ckitadmin
Published: September 7, 2015
Share
SHARE
ਲਿਖਤ ਨੂੰ ਇੱਥੇ ਸੁਣੋ

ਮੈਂ ਜੈਂਡਰ ਨੂੰ ਇਕ ਸਿਲਸਿਲੇ ਦੇ ਤੌਰ ‘ਤੇ ਲੈਂਦੀ ਹਾਂ
ਅਨੁਵਾਦ: ਬੂਟਾ ਸਿੰਘ

[ਅਰੁੰਧਤੀ ਰਾਏ ਜਿਸ ਬ੍ਰਹਿਮੰਡ ਨੂੰ ਕਲਾਵੇ ਵਿਚ ਲੈਂਦੀ ਹੈ ਉਹ ਪ੍ਰੀਭਾਸ਼ਾ ਪੱਖੋਂ ਜ਼ਿਆਦਾਤਰ ਲੇਖਕਾਂ ਤੋਂ ਕਿਤੇ ਵਿਸ਼ਾਲ ਹੈ। ਪੱਤਰਕਾਰ ਸਬਾ ਨਕਵੀ ਨਾਲ ਵਾਰਤਾਲਾਪ ਵਿਚ ਉਹ ਦੱਸਦੀ ਹੈ ਕਿਸ ਮਾਹੌਲ ਨੇ ਉਸਦੀ ਸ਼ਖਸੀਅਤ ਨੂੰ ਘੜਿਆ, ਕਿਹੜੀ ਚੀਜ਼ ਉਸਨੂੰ ਹਰਕਤਸ਼ੀਲ ਰੱਖਦੀ ਹੈ ਅਤੇ ਉਹ ਕਿਸ ਕਾਰਨ ਲਿਖਦੀ ਹੈ।]

?ਤੁਸੀਂ ਇਕ ਲੇਖਕ ਹੋ ਪਰ ਤੁਸੀਂ ਹੱਕਾਂ ਦੇ ਮੁੱਦਿਆਂ ਅਤੇ ਲਹਿਰਾਂ ਬਾਰੇ ਕੁਝ ਬਹੁਤ ਹੀ ਜ਼ਬਰਦਸਤ ਦਲੀਲਾਂ ਦਿੱਤੀਆਂ ਅਤੇ ਦਖ਼ਲਅੰਦਾਜ਼ੀਆਂ ਕੀਤੀਆਂ ਹਨ। ਜੈਂਡਰ ਦੇ ਭਵਿੱਖ-ਨਕਸ਼ੇ ਤੋਂ ਤੁਸੀਂ ਆਪਣੇ ਵਿਕਾਸ ਨੂੰ ਕਿਵੇਂ ਦੇਖਦੇ ਹੋ।

-ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗੀ ਕਿ ਮੇਰਾ ਇਹ ਵਿਸ਼ਵਾਸ ਨਹੀਂ ਕਿ ਜੈਂਡਰ ਸਿਰਫ਼ ਦੋ ਹੀ ਹਨ। ਮੈਂ ਜੈਂਡਰ ਨੂੰ ਇਕ ਸਿਲਸਿਲੇ ਦੇ ਤੌਰ ‘ਤੇ ਲੈਂਦੀ ਹਾਂ ਅਤੇ ਉਸੇ ਸਿਲਸਿਲੇ ਉਪਰ ਕਿਤੇ ਮੇਰੀ ਜਗ੍ਹਾ ਹੈ। ਇਕ ਸਮਲਿੰਗੀ ਦੋਸਤ ਅਨੁਸਾਰ ਜੈਂਡਰ ਸਿਲਸਿਲੇ ਉਪਰ ਮੇਰਾ ਵਿਕਾਸ ‘ਵਿਪਰੀਤ-ਲਿੰਗੀ’ ਤੋਂ ਸ਼ੁਰੂ ਹੋ ਕੇ ‘ਸਮਲਿੰਗੀ ਚੇਤਨਾ’ ਤਕ ਪਹੁੰਚਿਆ ਹੈ। ਦੂਜੀ ਗੱਲ, ਮੇਰਾ ਆਪਣੇ ਬਾਰੇ ਕਹਿਣਾ ਹੈ ਕਿ ਮੈਂ ਦੁਨੀਆ ਨੂੰ ‘ਹੱਕਾਂ’ ਅਤੇ ‘ਮੁੱਦਿਆਂ’ ਦੀਆਂ ਐਨਕਾਂ ਰਾਹੀਂ ਨਹੀਂ ਦੇਖਦੀ। ਇਹ ਲੇਖਕ ਦਾ ਦੁਨੀਆ ਨੂੰ ਦੇਖਣ ਦਾ ਇਕ ਬਹੁਤ ਹੀ ਤੰਗ, ਖੋਖਲਾ ਤਰੀਕਾ ਹੈ। ਜੇ ਤੁਸੀਂ ਮੈਨੂੰ ਪੁੱਛੋ ਕਿ ਜੋ ਮੈਂ ਲਿਖਦੀ ਹਾਂ ਉਸ ਦਾ ਤੱਤ ਕੀ ਹੈ, ਇਹ ‘ਹੱਕਾਂ’ ਬਾਰੇ ਨਹੀਂ, ਨਿਆਂ ਬਾਰੇ ਹੈ। ਨਿਆਂ ਇਕ ਮਹਾਨ, ਖ਼ੂਬਸੂਰਤ, ਇਨਕਲਾਬੀ ਖ਼ਿਆਲ ਹੈ। ਨਿਆਂ ਕਿਵੇਂ ਨਜ਼ਰ ਆਵੇਗਾ? ਜੇ ਅਸੀਂ ਚੀਜ਼ਾਂ ਨੂੰ ”ਮੁੱਦਿਆਂ” ਵਿਚ ਤੋੜ ਲੈਂਦੇ ਹਾਂ, ਫਿਰ ਉਹ ਮਹਿਜ਼ ”ਮੁੱਦੇ” ਰਹਿ ਜਾਂਦੇ ਹਨ, ਇਕ ਐਸੇ ਦ੍ਰਿਸ਼ ਦੇ ਸਮੱਸਿਆ ਵਾਲੇ ਖੇਤਰ ਜੋ ਸਾਨੂੰ ਕਬੂਲ ਹੈ। ਨਿਸ਼ਚੇ ਹੀ, ਦੁਨੀਆ ਵਿਚ ਐਸਾ ਕੋਈ ਸਮਾਜ ਨਹੀਂ ਜੋ ਹੱਕ-ਬਜਾਨਬ ਜਾਂ ਮੁਕੰਮਲ ਹੋਵੇ – ਪਰ ਇਸ ਕਾਰਨ ਅਸੀਂ ਨਿਆਂ ਲਈ ਤਰੱਦਦ ਬੰਦ ਨਹੀਂ ਕਰ ਸਕਦੇ।

 

 

ਲਗਦਾ ਹੈ ਅੱਜ ਅਸੀਂ ਉਲਟੀ ਦਿਸ਼ਾ ‘ਚ ਦੌੜ ਰਹੇ ਹਾਂ, ਅਸੀਂ ਅਨਿਆਂ ਲਈ ਜ਼ੋਰ ਮਾਰ ਰਹੇ ਹਾਂ, ਇਸ ਦੀ ਇੰਞ ਬੱਲੇ-ਬੱਲੇ ਕਰ ਰਹੇ ਹਾਂ ਜਿਵੇਂ ਇਹ ਬਹੁਤ ਅਹਿਮ ਸੁਪਨਾ ਹੋਵੇ, ਇਕ ਟੀਚਾ, ਇਕ ਤਮੰਨਾ ਹੋਵੇ। ਹਿੰਦੁਸਤਾਨ ਦੀ ਭਿਆਨਕ ਤ੍ਰਾਸਦੀ ਇਹ ਹੈ ਕਿ ਜਾਤ ਵਿਵਸਥਾ ਨੇ ਅਨਿਆਂ ਦਾ ਸੰਸਥਾਕਰਨ ਕਰ ਦਿੱਤਾ ਹੈ, ਇਸ ਨੂੰ ਪਵਿੱਤਰ ਚੀਜ਼ ਬਣਾ ਦਿੱਤਾ ਹੈ। ਲਿਹਾਜ਼ਾ ਸਾਡੇ ਦਿਮਾਗਾਂ ਦੀ ਢਲਾਈ ਦਰਜੇਬੰਦੀਆਂ ਅਤੇ ਅਨਿਆਂ ਨੂੰ ਸਵੀਕਾਰ ਕਰਨ ਦੇ ਮਨੋਰਥ ਨਾਲ ਕੀਤੀ ਜਾਂਦੀ ਹੈ। ਇਹ ਨਹੀਂ ਕਿ ਬਾਕੀ ਸਮਾਜ ਨਿਆਂਕਾਰੀ ਹਨ। ਹੋਰ ਸਮਾਜ ਵੀ ਇਸ ਪੱਧਰ ਦੀਆਂ ਜੰਗਾਂ ਅਤੇ ਨਸਲਕੁਸ਼ੀ ਵਿੱਚੋਂ ਗੁਜ਼ਰ ਰਹੇ ਹਨ ਕਿ ਯਕੀਨ ਨਹੀਂ ਆਉਂਦਾ । ਮੈਂ ਤਾਂ ਬਸ ਆਪਣੇ ਸਮਾਜ ਦੀ ਕਲਪਨਾ ਦੀ ਗੱਲ ਕਰ ਰਹੀ ਹਾਂ। ਕੀ ਕੀਤਾ ਜਾ ਸਕਦਾ ਹੈ, ਅਸੀਂ ਇਸ ਨੂੰ ਕਿਵੇਂ ਰੋਕਦੇ ਹਾਂ? ਸਾਡੇ ਵਿੱਚੋਂ ਜ਼ਿਆਦਾਤਰ ਉਹੀ ਕਰਦੇ ਹਨ ਜੋ ਉਨ੍ਹਾਂ ਨੇ ਕਰਨਾ ਹੁੰਦਾ ਹੈ, ਇਹ ਜਾਣਦੇ ਹੋਏ ਕਿ ਜੇ ਕੋਈ ਵੀ ਸਾਡੀ ਨਹੀਂ ਸੁਣ ਰਿਹਾ ਫਿਰ ਵੀ। ਇੱਥੋਂ ਤਕ ਕਿ ਜੇ ਸਾਡੀ ਕਦੇ ਜਿੱਤ ਨਹੀਂ ਵੀ ਹੁੰਦੀ ਫਿਰ ਵੀ, ਹਾਲਾਂਕਿ ਅਸੀਂ ਜਿੱਤਣ ਦੀ ਜ਼ਬਰਦਸਤ ਖ਼ਾਹਸ਼ ਰੱਖਦੇ ਹਾਂ, ਫਿਰ ਵੀ ਅਸੀਂ ਇਸ ਜਿੱਤ ਦੇ ਜਲੂਸ ਦਾ ਹਿੱਸਾ ਬਣਨ ਦੀ ਥਾਂ ਦੂਜੇ ਪਾਸੇ ਖੜ੍ਹਨਾ ਪਸੰਦ ਕਰਾਂਗੇ ਕਿਉਂਕਿ ਇਹ ਦਰਅਸਲ ਮੌਤ ਦਾ ਜਲੂਸ ਹੈ।

?ਜਦੋਂ ਤੁਸੀਂ ਇਸ ਬਾਰੇ ਸੋਚਦੇ ਹੋ, ਕੀ ਇਸ ਨੂੰ ਸਮਝਣਾ ਅਸੰਭਵ ਹੈ ਕਿ ਔਰਤਾਂ ਐਨੇ ਸਮਕਾਲੀ ਸੰਘਰਸ਼ਾਂ ਦੀ ਮੋਹਰਲੀ ਕਤਾਰ ਵਿਚ ਕਿਉਂ ਹਨ।

-ਔਰਤਾਂ ਸੰਘਰਸ਼ਾਂ ‘ਚ ਕਿਉਂ ਜੁੱਟੀਆਂ ਹੋਈਆਂ ਹਨ? ਕਿਉਂਕਿ, ਮੋਟੇ ਤੌਰ ‘ਤੇ ਗੱਲ ਕਰੀਏ, ਉਹ ਦੋਵੇਂ ਪਾਸਿਓਂ ਹਮਲਿਆਂ ਦੀ ਮਾਰ ਹੇਠ ਹਨ, ਰਵਾਇਤ ਵਲੋਂ ਵੀ ਅਤੇ ਇਸ ਨਵੀਂ ਮੰਡੀ-ਸੰਚਾਲਤ ”ਆਧੁਨਿਕਤਾ” ਵਲੋਂ ਵੀ। ਮੈਂ ਖ਼ੁਦ ‘ਰਵਾਇਤ’ ਦੀ ਜ਼ਿੰਦਗੀ ਤੋਂ ਖਹਿੜਾ ਛੁਡਾਉਣ ਦੇ ਸੁਪਨੇ ਲੈਂਦਿਆਂ ਕੇਰਲਾ ਵਿਚ ਜੰਮੀ-ਪਲੀ, ਪਰ ਫਿਰ ਜਿਸ ਤਰ੍ਹਾਂ ਦੀ ਆਧੁਨਿਕਤਾ ਨਾਲ ਵਾਹ ਪਿਆ ਮੈਂ ਉਸ ਤੋਂ ਵੀ ਖਹਿੜਾ ਛੁਡਾਕੇ ਭੱਜਣ ਦਾ ਯਤਨ ਕੀਤਾ। ਲਿਹਾਜ਼ਾ ਤੁਹਾਨੂੰ ਇਸ ਸਭ ਕਾਸੇ ਵਿੱਚੋਂ ਚੁਣਨਾ ਪੈਂਦਾ ਹੈ ਅਤੇ ਆਪਣਾ ਰਾਹ ਤਲਾਸ਼ਣਾ ਪੈਂਦਾ ਹੈ। ਇਸ ਮੁਲਕ ਵਿਚ ਲੋਕ ਕੁੜੀਆਂ ਦੀ ਭਰੂਣ-ਹੱਤਿਆਵਾਂ ਕਰਦੇ ਹਨ, ਬੱਚੀਆਂ ਮਾਰ ਦਿੱਤੀਆਂ ਜਾਂਦੀਆਂ ਹਨ। ਇਹ ਸਿਰਫ਼ ਰਵਾਇਤੀ ਪੇਂਡੂ ਭਾਈਚਾਰਿਆਂ ਵਿਚ ਹੀ ਨਹੀਂ ਹੈ। ਸਾਡੇ ਇਥੇ ਜਾਤ ਦੇ ਅਧਾਰ ‘ਤੇ ਅਣਖ ਖ਼ਾਤਰ ਕਤਲ ਹੁੰਦੇ ਹਨ, ਅਤੇ ਨਾਲ ਹੀ ਸਾਡੇ ਇਥੇ ਦੁਨੀਆ ਦੀਆਂ ਸਭ ਤੋਂ ਆਜ਼ਾਦ, ਮਜ਼ਬੂਤ, ਸਭ ਤੋਂ ਜੋਸ਼ੀਲੀਆਂ ਔਰਤਾਂ ਵੀ ਹਨ। ਸਭ ਤੋਂ ਆਜ਼ਾਦ ਅਤੇ ਜੁਝਾਰੂ ਔਰਤਾਂ। ਮੌਲਿਕ ਚਿੰਤਕ ਜੋ ਸੰਘਰਸ਼ਾਂ ਦੀਆਂ ਮੋਹਰਲੀਆਂ ਕਤਾਰਾਂ ਵਿਚ ਲੜ ਰਹੀਆਂ ਹਨ- ਹਿੰਦੁਸਤਾਨ ਵਿਚ ਅਸੀਂ ਇਕੋ ਸਮੇਂ ਕਈ ਸਦੀਆਂ ਵਿਚ ਰਹਿ ਰਹੇ ਹਾਂ।

ਹਰ ਤਰ੍ਹਾਂ ਦੇ ਗੁਜ਼ਾਰੇ ਦੇ ਸਾਧਨਾਂ ਉਪਰ ਹਮਲਾ, ਜ਼ਮੀਨ ਉਪਰ ਹਮਲਾ, ਇਹ ਸਾਰਾ ਕੁਝ ਔਰਤਾਂ ਨੂੰ ਮੂਲ ਰੂਪ ‘ਚ ਪ੍ਰਭਾਵਿਤ ਕਰਦਾ ਹੈ। ਲਿਹਾਜ਼ਾ ਜੇ ਤੁਸੀਂ ਨਰਮਦਾ ਅੰਦੋਲਨ ਨੂੰ ਦੇਖੋ, ਜਿਥੇ ਅਸੀਂ ਪੂਰੀ ਦਰਿਆਈ ਘਾਟੀ ਦੀ ਤਹਿਜ਼ੀਬ ਦੇ ਉਜਾੜੇ ਅਤੇ ਤਬਾਹੀ ਦੀ ਗੱਲ ਕਰ ਰਹੇ ਹਾਂ, ਸੈਂਕੜੇ ਹਜ਼ਾਰਾਂ ਲੋਕ, ਆਦਿਵਾਸੀ ਔਰਤਾਂ ਹਨ ਜਿਨ੍ਹਾਂ ਨੇ ਮਿਲਕੇ ਮਿਹਨਤ ਕੀਤੀ ਸੀ ਅਤੇ ਜ਼ਮੀਨਾਂ ਦੀਆਂ ਮਾਲਕ ਸਨ – ਅਤੇ ਮੈਂ ਇਹ ਨਹੀਂ ਕਹਿ ਰਹੀ ਕਿ ਆਦਿਵਾਸੀ ਸਮਾਜ ਕੋਈ ਨਾਰੀਵਾਦੀ ਸਦਗੁਣਾਂ ਦਾ ਨਮੂਨਾ ਹੈ – ਪਰ ਉਥੇ ਇਹ ਸਮਝਦਾਰੀ ਜ਼ਰੂਰ ਸੀ ਜਿਸ ਵਿਚ ਔਰਤਾਂ ਮਾਲਕੀ ਵਿਚ ਹਿੱਸੇਦਾਰ ਸਨ, ਜ਼ਮੀਨ ਉਨ੍ਹਾਂ ਦੀ ਵੀ ਸੀ। ਪਰ ਔਰਤਾਂ ਦੀ ਸਮੁੱਚੀ ਵਸੋਂ ਨੂੰ ਉਜਾੜ ਦੇਣਾ ਅਤੇ ਸਿਰਫ਼ ਮਰਦਾਂ ਨੂੰ ਨਗ਼ਦ ਮੁਆਵਜ਼ਾ ਦੇਣਾ ਜੋ ਹਫ਼ਤਿਆਂ ‘ਚ ਹੀ ਇਸ ਨੂੰ ਦਾਰੂ ਅਤੇ ਮੋਟਰਸਾਈਕਲਾਂ ਉਪਰ ਉਡਾ ਦਿੰਦੇ ਹਨ, ਔਰਤਾਂ ਨੂੰ ਇਸ ਭਿਆਨਕ ਆਧੁਨਿਕਤਾ ਦੇ ਸਮੁੰਦਰ ਹਵਾਲੇ ਕਰ ਦੇਣਾ ਹੈ ਜਿਥੇ ਉਹ ਸਾਰੀਆਂ ਮੰਡੀ ਵਿਚ ਆਰਜੀ ਮਜ਼ਦੂਰ ਹਨ ਜਾਂ ਹੋਰ ਢੰਗਾਂ ਨਾਲ ਲੁੱਟੀਆਂ ਜਾਂਦੀਆਂ ਹਨ। ਇਸ ਨੂੰ ਕਦੇ ਵੀ ਨਾਰੀਵਾਦੀ ਮੁੱਦੇ ਵਜੋਂ ਨਹੀਂ ਦੇਖਿਆ ਜਾਂਦਾ, ਹਾਲਾਂਕਿ ਇਹ ਐਸਾ ਮੁੱਦਾ ਹੈ। ਬਸਤਰ ਵਿਚ ਉਜਾੜੇ ਨਾਲ ਲੜ ਰਹੇ ਨੱਬੇ ਹਜ਼ਾਰ ਮੈਂਬਰਸ਼ਿਪ ਵਾਲੇ ਕ੍ਰਾਂਤੀਕਾਰੀ ਆਦਿਵਾਸੀ ਮਹਿਲਾ ਸੰਗਠਨ ਨੂੰ ਨਾਰੀਵਾਦੀ ਜਥੇਬੰਦੀ ਨਹੀਂ ਸਮਝਿਆ ਜਾਂਦਾ। ਪਰ ਉਹ ਲੜ ਰਹੀਆਂ ਹਨ, ਅਤੇ ਕਿਵੇਂ! ਨਰਮਦਾ ਘਾਟੀ ਵਿਚ, ਇਹ ਔਰਤਾਂ ਹਨ ਜਿਨ੍ਹਾਂ ਨੇ ਸੰਘਰਸ਼ ਜਾਰੀ ਰੱਖਿਆ ਹੋਇਆ ਹੈ। ਲੜਾਈ ਦੇ ਅਮਲ ਵਿਚ, ਉਹ ਖ਼ੁਦ ਨੂੰ ਬਦਲਦੀਆਂ ਹਨ, ਖ਼ੁਦ ਨੂੰ ਮਜ਼ਬੂਤ ਕਰਦੀਆਂ ਹਨ। ਜਦੋਂ ਮੈਂ ਬਸਤਰ ਗਈ, ਜਦੋਂ ਮੈਂ ਸਾਥੀਆਂ ਨਾਲ ਵਿਚਰਦਿਆਂ (29 ਮਾਰਚ 2010) ਲੇਖ ਲਿਖਿਆ। ਮੈਂ ਦੇਖਕੇ ਹੈਰਾਨ ਰਹਿ ਗਈ ਕਿ ਹਥਿਆਰਬੰਦ ਛਾਪਾਮਾਰ ਲੜਾਕਿਆਂ ਦੀ ਅੱਧੀ ਗਿਣਤੀ ਔਰਤਾਂ ਦੀ ਸੀ। ਮੈਂ ਕਈ ਦਿਨ ਅਤੇ ਰਾਤਾਂ ਉਨ੍ਹਾਂ ਨਾਲ ਗੁਜ਼ਾਰਕੇ ਵਿਸਤਾਰ ‘ਚ ਗੱਲਬਾਤ ਕੀਤੀ, ਇਸ ਬਾਰੇ ਕਿ ਉਨ੍ਹਾਂ ਨੇ ਇਹ ਫ਼ੈਸਲਾ ਕਿਉਂ ਲਿਆ। ਨਿਸ਼ਚੇ ਹੀ, ਉਨ੍ਹਾਂ ‘ਚੋਂ ਕਈਆਂ ਨੇ ਸਲਵਾ ਜੁਡਮ ਅਤੇ ਨੀਮ-ਫ਼ੌਜੀ ਤਾਕਤਾਂ ਦੀ ਭਿਆਨਕਤਾ ਅੱਖੀਂ ਡਿੱਠੀ ਸੀ- ਜਬਰ-ਜਨਾਹ ਅਤੇ ਪਿੰਡਾਂ ਦੀ ਸਾੜਫੂਕ ਵਗੈਰਾ। ਪਰ ਉਨ੍ਹਾਂ ਵਿੱਚੋਂ ਕਈਆਂ ਨੇ ਇਹ ਆਪਣੇ ਸਮਾਜ ਵਿਚਲੇ ਮਰਦ ਹੰਕਾਰਵਾਦ ਅਤੇ ਹਿੰਸਾ ਤੋਂ ਬਚਣ ਲਈ ਕੀਤਾ। ਨਿਸ਼ਚੇ ਹੀ ”ਪਾਰਟੀ” ਵਿਚ ਵੀ ਉਨ੍ਹਾਂ ਦਾ ਵਾਹ ਮਰਦ ਹੰਕਾਰਵਾਦ ਅਤੇ ਹਿੰਸਾ ਨਾਲ ਪਿਆ। ਉਥੇ ਇਕ ਵਾਰ ਅਸੀਂ ਸਾਰੀਆਂ ਨਦੀ ਵਿਚ ਨਹਾਉਣ ਗਈਆਂ, ਮੈਂ ਅਤੇ ਔਰਤ ਸਾਥੀ। ਉਨ੍ਹਾਂ ‘ਚੋਂ ਕੁਝ ਪਹਿਰਾ ਦਿੰਦੀਆਂ ਰਹੀਆਂ ਜਦਕਿ ਅਸੀਂ ਬਾਕੀ ਪਾਣੀ ਵਿਚ ਤੈਰਦੀਆਂ ਅਤੇ ਨਹਾਉਂਦੀਆਂ ਰਹੀਆਂ। ਜਿੱਧਰੋਂ ਪਾਣੀ ਆ ਰਿਹਾ ਸੀ ਉਥੇ ਕੁਝ ਕਿਸਾਨ ਔਰਤਾਂ ਵੀ ਨਹਾ ਰਹੀਆਂ ਸਨ। ਮੈਂ ਸੋਚ ਰਹੀ ਸੀ, ”ਜ਼ਰਾ ਦੇਖੋ ਪਾਣੀ ਵਿਚ ਇਹ ਸਭ ਕੌਣ ਹਨ! ਇਸ ਵਗਦੇ ਹੋਏ ਪਾਣੀ ਵਿਚ ਇਨ੍ਹਾਂ ਔਰਤਾਂ ਨੂੰ ਦੇਖੋ।” ਕਿਆ ਕਮਾਲ ਨੇ ਉਹ। ਲਿਹਾਜ਼ਾ, ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੋਏ, ਮੈਂ ਸੋਚਦੀ ਹਾਂ ਕਿ ਇਹ ਇਸ ਦੀ ਵਧੀਆ ਤਰਕਸੰਗਤ ਵਿਆਖਿਆ ਹੈ ਕਿ ਔਰਤਾਂ ਲਹਿਰਾਂ ਦੀ ਮੋਹਰਲੀ ਕਤਾਰ ਵਿਚ ਕਿਉਂ ਹਨ। ਉਥੇ ਔਰਤਾਂ ਬਾਰੇ ਬਹੁਤ ਹੀ ਖ਼ਾਸ ਗੱਲ ਇਹ ਹੈ ਉਹ ਐਸੇ ਸਮਾਜ ਵਿਚ ਇਹ ਕਰ ਸਕਦੀਆਂ ਹਨ, ਜੋ ਉਨ੍ਹਾਂ ਖ਼ਿਲਾਫ਼ ਹਿੰਸਾ ਨਾਲ ਐਨਾ ਭਰਿਆ ਪਿਆ ਹੈ। ਇਹ ਮਹਿਜ਼ ਕੁਝ ਖ਼ਾਸ ਔਰਤਾਂ ਨਹੀਂ ਹਨ, ਜਿਨ੍ਹਾਂ ਦੇ ਨਾਂ ਅਸੀਂ ਸਾਰੇ ਜਾਣਦੇ ਹਾਂ, ਉਹ ਬੇਸ਼ੁਮਾਰ ਔਰਤਾਂ ਹਨ। ਉਹ ਮਹਿਜ਼ ਸ਼ਹਿਰੀ ਨਫ਼ੀਸ਼ ਔਰਤਾਂ ਨਹੀਂ ਹਨ ਅਤੇ ਉਥੇ ਉਹ ਕਿਸੇ ਦੀ ਪਤਨੀ ਜਾਂ ਮਾਂ ਜਾਂ ਵਿਧਵਾ ਜਾਂ ਭੈਣ ਵਜੋਂ ਨਹੀਂ ਹਨ। ਉਹ ਆਪ ਹਨ। ਉਹ ਬੇਮਿਸਾਲ ਹਨ।

?ਤੁਸੀਂ ਜੋ ਹੋ ਤੁਹਾਡੀ ਜ਼ਿਦਗੀ ਦੇ ਕਿਹੜੇ ਪ੍ਰਭਾਵਾਂ ਨੇ ਤੁਹਾਨੂੰ ਇਸ ਤਰ੍ਹਾਂ ਦੇ ਬਣਾਇਆ।

-ਮੇਰੇ ਖ਼ਿਆਲ ‘ਚ ਸਭ ਤੋਂ ਪਹਿਲਾਂ ਤਾਂ ਮੇਰੀ ਅਦਭੁਤ ਅਤੇ ਅਸਾਧਾਰਨ ਮਾਂ ਨੇ, ਅਨੋਖੇ ਅਤੇ ਕਰੂਰ ਢੰਗਾਂ ਨਾਲ ਪ੍ਰਭਾਵ ਛੱਡਿਆ। ਉਹ ਪਲਕ ਝਪਕਦੇ ਹੀ ਮੇਰਾ ਸਾਹ ਫੁਲਾ ਦਿੰਦੀ ਹੈ। ਸ਼ਾਇਦ ਤੁਸੀਂ ਮੇਰੀ ਬਜਾਏ ਉਸ ਨਾਲ ਗੱਲਬਾਤ ਕਰਨਾ ਚਾਹੋਗੇ। ਉਹ ਇਕ ਸੀਰੀਆਈ ਈਸਾਈ ਪਰਿਵਾਰ ਵਿੱਚੋਂ ਹੈ ਜੋ ਕਿਸੇ ਪੱਖੋਂ ਵੀ ਸਰਦੀ-ਪੁੱਜਦੀ ਨਹੀਂ ਸੀ। ਫਿਰ ਉਸਨੇ ਭਾਈਚਾਰੇ ਤੋਂ ਬਾਹਰਲੇ ਇਕ ਬੰਗਾਲੀ ਨਾਲ ਵਿਆਹ ਕਰਵਾ ਲਿਆ, ਕੁਝ ਸਾਲਾਂ ‘ਚ ਉਨ੍ਹਾਂ ਦਾ ਤਲਾਕ ਹੋ ਗਿਆ ਅਤੇ ਫਿਰ ਆਪਣੀ ਮਾਂ ਕੋਲ ਕੇਰਲਾ ਦੇ ਪਿੰਡ ਵਿਚ ਆ ਗਈ। ਉਹ…. ਅਤੇ ਅਸੀਂ.. ਇਸ ਪੂਰੀ ਤਰ੍ਹਾਂ ਜਾਤਵਾਦੀ ਅਤੇ ਮਾਲਕੀ ਹੱਕ ਵਾਲੇ, ਅਮੀਰ, ਭੋਂਇਮਾਲਕ ਭਾਈਚਾਰੇ ਵਲੋਂ ਸਾਨੂੰ ਪੂਰੀ ਤਰ੍ਹਾਂ ਛੇਕ ਦਿੱਤਾ ਗਿਆ। ਹੁਣ ਬੇਸ਼ਕ ਉਸ ਦਾ ਨਾਂ ਹੈ। ਪਰ ਓਦੋਂ ਉਹ ਮੇਰੇ ਭਰਾ ਅਤੇ ਮੇਰੇ ਉਪਰ ਅਕਸਰ ਆਪਣਾ ਗੁੱਸਾ ਕੱਢਦੀ ਸੀ। ਅਸੀਂ ਇਹ ਸਮਝਦੇ ਸੀ, ਪਰ ਇਸ ਨਾਲ ਹਾਲਤ ਹੋਰ ਮੁਸ਼ਕਲ ਹੋ ਜਾਂਦੀ ਸੀ। ਮੇਰੇ ਆਪਣੀ ਮਾਂ ਨਾਲ ਰਿਸ਼ਤੇ ਬਹੁਤ ਪੇਚੀਦਾ ਹਨ-ਮੈਂ 17 ਸਾਲ ਦੀ ਸੀ ਜਦੋਂ ਘਰ ਛੱਡ ਦਿੱਤਾ ਅਤੇ ਬਹੁਤ ਸਾਲਾਂ ਬਾਦ ਵਾਪਸ ਗਈ। ਬਹੁਤੇ ਲੋਕਾਂ ਲਈ ਪਰਿਵਾਰ ਵਾਜਬ ਸੁਰੱਖਿਅਤ ਥਾਂ ਹੈ ਪਰ ਜਿਸਨੇ ਦ ਗੌਡ ਆਫ ਸਮਾਲ ਥਿੰਗਜ਼ ਪੜ੍ਹਿਆ ਹੈ ਉਹ ਮੇਰੇ ਬਾਰੇ ਜਾਣਦੇ ਹਨ ਕਿ ਇਹ ਮੇਰੇ ਲਈ ਕਿੰਨੀ ਖ਼ਤਰਨਾਕ ਜਗ੍ਹਾ ਸੀ। ਉਸ ਜਗ੍ਹਾ ਮੈਂ ਜ਼ਲਾਲਤ ਮਹਿਸੂਸ ਕਰਦੀ ਸੀ। ਜਿੰਨੀ ਛੇਤੀ ਹੋ ਸਕੇ ਮੈਂ ਉਸ ਤੋਂ ਮੁਕਤ ਹੋਣਾ ਚਾਹੁੰਦੀ ਸੀ। ਮੈਂ ਐਸੇ ਪਿੰਡ ਵਿਚ ਵੱਡੀ ਹੋਈ ਜਿਥੇ ਸਭ ਕੁਝ ਚੱਲਦਾ ਸੀ। ਜਿਥੇ ਮਹਾਨ ਧਰਮ ਨਾਲੋ-ਨਾਲ ਮੌਜੂਦ ਸਨ – ਹਿੰਦੂਵਾਦ, ਈਸਾਈਅਤ, ਇਸਲਾਮ, ਮਾਰਕਸਵਾਦ – ਅਸੀਂ ਵਿਸ਼ਵਾਸ ਕਰਦੇ ਸੀ ਕਿ ਇਨਕਲਾਬ ਆ ਰਿਹਾ ਸੀ। ਹਰ ਪਾਸੇ ਲਾਲ ਝੰਡੇ ਅਤੇ ਇਨਕਲਾਬ ਜ਼ਿੰਦਾਬਾਦ ਸੀ! ਅਤੇ ਇਸ ਦੇ ਬਾਵਜੂਦ ਇਹ ਅਜੇ ਵੀ ਬਹੁਤ ਸੰਕੀਰਣ ਸੀ ਅਤੇ ਉਥੇ ਹਮੇਸ਼ਾ ਜਾਤਪਾਤ ਚਲਦੀ ਸੀ। ਜਦੋਂ ਮੈਂ ਬਹੁਤ ਛੋਟੀ ਸੀ ਓਦੋਂ ਤੋਂ ਹੀ ਮੈਂ ਇਸ ਨੂੰ ਸਮਝਣ ਦਾ ਯਤਨ ਕਰਨ ਲੱਗੀ। ਮੈਨੂੰ ਬਹੁਤ ਸਾਫ਼ ਹੋ ਗਿਆ ਕਿ ਇਹ ”ਖ਼ਰਾ” ਸੀਰੀਆਈ ਈਸਾਈ ਸਮਾਜ ਨਹੀਂ ਸੀ ਅਤੇ ਮੈਂ ਕਦੇ ਵੀ ਉਸ ਮਹਾਨ ਸਮਾਜ ਦਾ ਹਿੱਸਾ ਨਹੀਂ ਬਣਨ ਜਾ ਰਹੀ। ਸੋ ਮੈਂ ਉੱਥੋਂ ਛੁੱਟ ਕੇ ਭੱਜਣ ਲਈ ਬੇਕਰਾਰ ਸੀ, ਇਸ ਹਾਲਤ ‘ਚ ਮੈਂ ਵੱਡੀ ਹੋਈ। ਮੇਰੇ ਲਈ ਪਿੰਡ ਦਾ ਕੁਝ ਵੀ ਬਹੁਤਾ ਰੋਮਾਂਚਕ ਨਹੀਂ ਸੀ। ਨਾ ਮੇਰੇ ਵਿਚ ਭਾਈਚਾਰੇ ਜਾਂ ਪਰਿਵਾਰ ਵਿਚ ਸ਼ਾਮਲ ਹੋਣ ਦੀ ਕੋਈ ਇੱਛਾ ਸੀ ਅਤੇ ਨਾ ਹੀ ਭਾਈਚਾਰੇ ਅਤੇ ਸਮਾਜ ਦੀ ਮੈਨੂੰ ਆਪਣੇ ਵਿਚ ਸ਼ਾਮਲ ਕਰਨ ਦੀ। ਆਪਣੇ ਬਾਪ ਬਾਰੇ ਮੈਂ ਕੁਝ ਨਹੀਂ ਸੀ ਜਾਣਦੀ, ਮੈਂ ਦੋ ਕੁ ਤਸਵੀਰਾਂ ਹੀ ਦੇਖੀਆਂ ਸਨ, ਬਸ ਏਨੀ ਕੁ ਜਾਣਕਾਰੀ ਸੀ। ਉਸ ਨੂੰ ਮੈਂ ਬਹੁਤ ਬਾਅਦ ਵਿਚ ਜਦੋਂ ਵੀਹ ਕੁ ਸਾਲ ਦੀ ਹੋਈ ਓਦੋਂ ਦੇਖਿਆ। ਲਿਹਾਜ਼ਾ ਮੇਰੀ ਜ਼ਿੰਦਗੀ ਵਿਚ ਕੋਈ ਮਰਦ ਸ਼ਖਸੀਅਤ ਨਹੀਂ ਸੀ ਜੋ ਮੇਰੀ ਦੇਖਭਾਲ ਕਰਦਾ ਅਤੇ ਮੈਨੂੰ ਸੁਰੱਖਿਆ ਦਿੰਦਾ। ਭਾਵੁਕ ਤੌਰ ‘ਤੇ ਇਹ ਮੇਰੇ ਪਾਲਣ-ਪੋਸ਼ਣ ਲਈ ਬੜੀ ਅਜੀਬ ਅਤੇ ਅਸੁਰੱਖਿਅਤ ਥਾਂ ਸੀ। ਦੁਨੀਆ ਦੀਆਂ ਕੁਲ ਦੁੱਖ-ਤਕਲੀਫ਼ਾਂ ਅਤੇ ਜਿਸ ਹਾਲਾਤ ਵਿੱਚੋਂ ਬੱਚਿਆਂ ਨੂੰ ਗੁਜ਼ਰਨਾ ਪੈਂਦਾ ਹੈ ਉਸ ਨੂੰ ਦੇਖਦਿਆਂ, ਮੈਂ ਦਾਅਵਾ ਨਹੀਂ ਕਰ ਸਕਦੀ ਕਿ ਇਕੱਲਾ ਮੇਰਾ ਹੀ ਬਚਪਨ ਤ੍ਰਾਸਦਿਕ ਸੀ। ਪਰ ਇਹ ਇਕ ਗੰਭੀਰ ਬਚਪਨ ਸੀ, ਜਿਥੇ ਹਰ ਚੀਜ਼ ਬਾਰੇ ਇਕੱਲੀ ਨੂੰ ਸੋਚਣਾ ਪੈਂਦਾ ਸੀ। ਮੈਂ ਕਾਫ਼ੀ ਵਕਤ ਦਰਿਆ ਵਿਚ ਮੱਛੀਆਂ ਫੜ੍ਹਦਿਆਂ ਗੁਜ਼ਾਰਦੀ ਸੀ। ਇਕ ਲੇਖਕ ਵਜੋਂ ਮੈਂ ਆਪਣੀ ਆਵਾਜ਼ ਨੂੰ ਦਾਬੇ ਦੇ ‘ਸ਼ੁੱਧ’ ਪੀੜਤ ਵਾਲੀ ਸਾਫ਼ ਅਤੇ ਭੱਦੀ ਆਵਾਜ਼ ਨਹੀਂ ਬਣਾ ਸਕਦੀ-ਜੇ ਸੱਚਮੁੱਚ ਐਸੀ ਕੋਈ ਚੀਜ਼ ਹੈ। ਮੈਂ ਇਕ ਤਰਾ੍ਹਂ ਦੀ ਅਸੁਖਾਵੀਂ ਹਾਲਤ ‘ਚ ਹਾਂ ਜਿੱਥੋਂ ਇਕ ਕੋਣ ਤੋਂ ਚੀਜ਼ਾਂ ਨੂੰ ਦੇਖਦੀ ਹਾਂ ਅਤੇ ਲਿਖਦੀ ਹਾਂ।

?ਤੁਸੀਂ ਨਰਮਦਾ ਅੰਦੋਲਨ, ਕਸ਼ਮੀਰ, ਮਾਓਵਾਦੀਆਂ ਅਤੇ ਸਰਮਾਏਦਾਰੀ ਬਾਰੇ ਬਹੁਤ ਕੁਝ ਲਿਖਿਆ ਹੈ। ਇਥੇ ਹਿੰਦੁਸਤਾਨ ਵਿਚ ਇਕ ਫਾਂਸੀ ਦਿੱਤੀ ਗਈ ਅਤੇ ਤੁਸੀਂ ਅਫ਼ਜ਼ਲ ਗੁਰੂ ਦੇ ਬੇਕਸੂਰ ਹੋਣ ਦੀ ਦਲੀਲ ਦਿੰਦਿਆਂ ਇਕ ਬਹੁਤ ਹੀ ਕਮਾਲ ਦਾ ਲੇਖ ਲਿਖਿਆ ਸੀ।

-ਜਦੋਂ ਦ ਗੌਡ ਆਫ ਸਮਾਲ ਥਿੰਗਜ਼ ਨੂੰ ਬੁੱਕਰ ਇਨਾਮ ਮਿਲਿਆ, ਓਦੋਂ ਇਹ ਦਿਖਾਉਣ ਲਈ ਵਿਸ਼ਵ ਸੁੰਦਰੀਆਂ ਦੇ ਨਾਲ-ਨਾਲ ਮੇਰੇ ਨਾਂ ਦੀ ਰੱਟ ਲਗਾਈ ਜਾਣ ਲੱਗੀ ਕਿ ਇਹ ਇਕ ਜੇਤੂ, ਨਵੇਂ ਨਵੇਂ ਗਲੋਬਲੀ ਹੋਏ, ਖੁੱਲ੍ਹੀ ਮੰਡੀ ਵਾਲੇ ਹਿੰਦੁਸਤਾਨ ਦਾ ਚਿਹਰਾ ਹੈ ਜੋ ਪੂਰੇ ਭਰੋਸੇ ਨਾਲ ਸੰਸਾਰ ਮੰਚ ‘ਤੇ ਕਦਮ ਰੱਖਣ ਜਾ ਰਿਹਾ ਹੈ। ਇਕ ਤਰ੍ਹਾਂ ਨਾਲ ਮੈਨੂੰ ਇਸਤੇਮਾਲ ਕੀਤਾ ਜਾ ਰਿਹਾ ਸੀ, ਇਹ ਸਹੀ ਹੈ। ਪਰ ਇਸ ਤੋਂ ਛੇਤੀ ਬਾਅਦ, ਭਾਜਪਾ ਸੱਤਾ ‘ਚ ਆ ਗਈ ਅਤੇ ਪ੍ਰਮਾਣੂ ਤਜ਼ਰਬੇ ਕੀਤੇ ਗਏ ਜਿਸ ਦੀ ਉਨ੍ਹਾਂ ਹਲਕਿਆਂ ਨੇ ਵੱਡੀ ਪੱਧਰ ‘ਤੇ ਅਸ਼ਲੀਲ ਢੰਗ ਨਾਲ ਵਾਹ-ਵਾਹ ਕੀਤੀ ਜਿਨ੍ਹਾਂ ਤੋਂ ਉਮੀਦ ਨਹੀਂ ਸੀ।

ਮੈਂ ਭੈਭੀਤ ਹੋ ਗਈ। ਉਸ ਵਕਤ ਮੈਂ ਜਿੰਨੀ ਕੁ ਜਾਣੀ-ਪਛਾਣੀ ਸ਼ਖਸੀਅਤ ਸੀ ਓਦੋਂ ਖ਼ਾਮੋਸ਼ ਰਹਿਣਾ ਇਕ ਤਰ੍ਹਾਂ ਨਾਲ ਉਨ੍ਹਾਂ ਤਜ਼ਰਬਿਆਂ ਨੂੰ ਸਹਿਮਤੀ ਦੇਣਾ ਸੀ। ਬੋਲਣ ਵਾਂਗ ਖ਼ਾਮੋਸ਼ ਰਹਿਣਾ ਵੀ ਇਕ ਸਿਆਸੀ ਕਦਮ ਸੀ। ਲਿਹਾਜ਼ਾ ਮੈਂ ਕਲਪਨਾ ਦਾ ਅੰਤ (3 ਅਗਸਤ 1998) ਲੇਖ ਲਿਖਿਆ। ਤੁਰੰਤ ਮੇਰੇ ਹੇਠੋਂ ਕੁਰਸੀ ਖਿੱਚ ਲਈ ਗਈ – ਜਿਸ ਕੁਰਸੀ ਉਪਰ ਮੈਨੂੰ ਪਰੀਆਂ ਦੀ ਰਾਣੀ-ਮਿਸ ਇੰਡੀਆ-ਇਨਾਮ ਜੇਤ ਲੇਖਕਾ ਨੂੰ ਬੁੱਤ ਬਣਾਕੇ ਬਿਠਾਇਆ ਗਿਆ ਸੀ। ਨਫ਼ਰਤ ਅਤੇ ਗਾਲ੍ਹ-ਮੰਦੇ ਦਾ ਕੰਨ ਪਾੜਵਾਂ ਸ਼ੋਰ ਸ਼ੁਰੂ ਹੋ ਗਿਆ। ਮੇਰਾ ਵਿਸ਼ਵਾਸ ਹੈ ਕਿ ਉਨ੍ਹਾਂ ਪ੍ਰਮਾਣੂ ਧਮਾਕਿਆਂ ਨੇ ਜਨਤਕ ਬਹਿਸ ਦੀ ਸੁਰ ਬਦਲ ਦਿੱਤੀ ਸੀ। ਇਹ ਹੋਰ ਵੀ ਭੱਦੀ, ਵਧੇਰੇ ਕੜਕਵੀਂ ਰਾਸ਼ਟਰਵਾਦੀ ਸੁਰ ਬਣ ਗਈ ਅਤੇ ਉਸੇ ਤਰ੍ਹਾਂ ਦੀ ਬਣੀ ਹੋਈ ਹੈ। ਪਰ ਜਦੋਂ ਇਕ ਵੰਨਗੀ ਦੇ ਲੋਕ ਮੈਨੂੰ ਭੰਡ ਰਹੇ ਸਨ, ਓਦੋਂ ਦੂਜਿਆਂ ਨੇ ਮੈਨੂੰ ਗਲ ਨਾਲ ਲਾਇਆ। ਉੱਥੋਂ ਮੇਰਾ ਇਕ ਸਫ਼ਰ ਸ਼ੁਰੂ ਹੋ ਗਿਆ ਜੋ ਅੱਜ ਵੀ ਜਾਰੀ ਹੈ। ਧਮਾਕਿਆਂ ਤੋਂ ਛੇਤੀ ਬਾਦ, ਸੁਪਰੀਮ ਕੋਰਟ ਨੇ ਸਰਦਾਰ ਸਰੋਵਰ ਡੈਮ ਦੀ ਉਸਾਰੀ ਉਪਰ ਲੰਮੇ ਸਮੇਂ ਤੋਂ ਦਿੱਤੀ ਸਟੇਅ ਹਟਾ ਦਿੱਤੀ। ਮੈਂ ਨਰਮਦਾ ਘਾਟੀ ਗਈ ਅਤੇ ਦ ਗਰੇਟਰ ਕਾਮਨ ਗੁੱਡ (24 ਮਈ 1999) ਲੇਖ ਲਿਖਿਆ।

ਹਰੇਕ ਸਫ਼ਰ, ਹਰੇਕ ਲੇਖ ਨੇ ਮੇਰੀ ਸਮਝ ਨੂੰ ਗਹਿਰਾਈ ਦਿੱਤੀ। ਜਦੋਂ ਪਾਰਲੀਮੈਂਟ ਉਪਰ ਹਮਲਾ ਹੋਇਆ, ਓਦੋਂ ਹੀ ਮੈਨੂੰ ਜਾਪਿਆ ਇਹ ਕੋਈ ਕਪਟੀ-ਚਾਲ ਹੈ। ਵਕੀਲ ਨੰਦਿਤਾ ਹਕਸਰ ਨੇ ਇਸ ਦੀ ਪੋਲ ਖੋਲ੍ਹਣ ਦਾ ਸ਼ਾਨਦਾਰ ਕੰਮ ਕੀਤਾ। ਓਦੋਂ ਹੀ ਮੈਨੂੰ ਅਦਾਲਤ ਦੀ ਹੱਤਕ ਕਰਨ ਦੇ ਜੁਰਮ ‘ਚ ਜੇਲ੍ਹ ਭੇਜਿਆ ਗਿਆ। ਹਮਲੇ ਦੇ ਇਕ ਮੁਲਜ਼ਿਮ ਸ਼ੌਕਤ ਗੁਰੂ ਦੀ ਪਤਨੀ ਅਫਸਾਂ ਗੁਰੂ ਵੀ ਉਥੇ ਕੈਦ ਸੀ। ਉਹ ਗਰਭਵਤੀ ਸੀ, ਬਸ ਖਾਲੀ ਨਜ਼ਰਾਂ ਨਾਲ ਝਾਕਦੀ ਹੋਈ ਰੋਂਦੀ ਰਹਿੰਦੀ ਸੀ। ਉਹ ਕੁਝ ਨਹੀਂ ਜਾਣਦੀ ਸੀ ਕਿ ਉਸ ਨੂੰ ਜੇਲ੍ਹ ਵਿਚ ਕਿਉਂ ਡੱਕਿਆ ਗਿਆ ਸੀ। ਬਾਕੀ ਕੈਦੀ ਉਸ ਨਾਲ ਕਿਸੇ ਮਹਾਂ ਗ਼ਦਾਰ ਵਾਂਗ ਸਲੂਕ ਕਰਦੇ ਸਨ। ਮੈਂ ਉਸ ਨਾਲ ਗੱਲ ਕਰਨ ਦਾ ਯਤਨ ਕੀਤਾ। ਮੈਂ ਕਿਹਾ, ”ਛੇਤੀ ਹੀ ਮੈਂ ਰਿਹਾਅ ਹੋ ਜਾਵਾਂਗੀ, ਕੀ ਮੈਂ ਤੇਰੇ ਲਈ ਕੁਝ ਕਰ ਸਕਦੀ ਹਾਂ?” ਉਹ ਬਸ ਮੇਰੇ ਵੱਲ ਖਾਲੀ ਖਾਲੀ ਝਾਕੀ ਅਤੇ ਬੋਲੀ, ”ਕੀ ਤੂੰ ਮੇਰੇ ਲਈ ਤੌਲੀਏ ਦਾ ਇੰਤਜ਼ਾਮ ਕਰ ਸਕਦੀ ਏ? ਮੇਰੇ ਕੋਲ ਤੌਲੀਆਂ ਨਹੀਂ ਹੈ।” ਕੁਝ ਸਾਲ ਬਾਅਦ ਉਹ ਬਰੀ ਹੋ ਗਈ ਪਰ ਉਸਦੀ ਜ਼ਿੰਦਗੀ ਤਬਾਹ ਕਰ ਦਿੱਤੀ ਗਈ ਸੀ।

ਹੁਣ ਕੋਈ ਵੀ ਉਸਦੀ ਗੱਲ ਨਹੀਂ ਕਰਦਾ। ਉਸ ਪਿੱਛੋਂ ਮੈਂ ਮਾਮਲੇ ਨੂੰ ਗ਼ੌਰ ਨਾਲ ਵਾਚਿਆ। ਜਦੋਂ ਐੱਸ.ਏ.ਆਰ. ਗਿਲਾਨੀ ਨੂੰ ਬਰੀ ਕੀਤਾ ਗਿਆ ਅਤੇ ਅਫ਼ਜ਼ਲ ਨੂੰ ਸਜ਼ਾ-ਏ-ਮੌਤ ਦਿੱਤੀ ਗਈ, ਮੈਂ ਉਸ ਮੁਕੱਦਮੇ ਦੇ ਸਾਰੇ ਅਦਾਲਤੀ ਕਾਗਜ਼ਾਤ ਇਕੱਠੇ ਕੀਤੇ ਅਤੇ ਪੂਰਾ ਸੂਟਕੇਸ ਭਰਕੇ ਗੋਆ ਚਲੀ ਗਈ। ਬਾਰਿਸ਼ ਦੀ ਰੁੱਤ ਸੀ, ਉਥੇ ਓਦੋਂ ਬਹੁਤ ਥੋੜ੍ਹੇ ਲੋਕ ਸਨ ਅਤੇ ਮੈਂ ਇਕ ਝੁੱਗੀ ਜਹੀ ‘ਚ ਬੈਠਕੇ ਉਹ ਸਾਰਾ ਕੁਝ ਪੜ੍ਹਿਆ। ਮੈਂ ਹੈਰਾਨ ਰਹਿ ਗਈ। ਲਿਹਾਜ਼ਾ ਮੈਂ ‘ਤੇ ਉਸਦੀ ਜ਼ਿੰਦਗੀ ਦਾ ਚਿਰਾਗ਼ ਬੁੱਝਣਾ ਹੀ ਚਾਹੀਦੈ’ ਲੇਖ ਲਿਖਿਆ (30 ਅਕਤੂਬਰ 2006)  ਕਿ ਕਿਵੇਂ ਸਬੂਤ ਘੜੇ ਗਏ, ਕਿਸੇ ਅਦਾਲਤੀ ਅਮਲ ਦੀ ਪਾਲਣਾ ਨਹੀਂ ਕੀਤੀ ਗਈ, ਕਿਵੇਂ ਅਫ਼ਜ਼ਲ ਨੂੰ ਕਦੇ ਆਪਣਾ ਪੱਖ ਰੱਖਣ ਲਈ ਕੋਈ ਵਕੀਲ ਵੀ ਨਹੀਂ ਦਿੱਤਾ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਪੁਲਿਸ ਹਿਰਾਸਤ ਵਿਚ ਲਏ ਇਕਬਾਲੀਆ ਬਿਆਨਾਂ ਨੂੰ ਸਬੂਤ ਨਹੀਂ ਮੰਨਿਆ ਜਾ ਸਕਦਾ ਪਰ ਮੀਡੀਆ ਨੇ ਵੱਖੋ-ਵੱਖਰੇ ”ਇਕਬਾਲੀਆ-ਬਿਆਨਾਂ” ਦੀਆਂ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਟੇਪਾਂ ਉਸਦੇ ਖ਼ਿਲਾਫ਼ ਵਰਤੀਆਂ ਜੋ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਹਿਰਾਸਤ ਵਿਚ ਉਸ ਤੋਂ ਕਬੂਲ ਕਰਵਾਏ ਸਨ। ਪੁਲਿਸ ਨੇ ਇਥੇ ਲੋਧੀ ਇਸਟੇਟ ਵਿਚ ਉਹ ਫਿਲਮਾਏ ਸਨ। ਇਕ ਇਕਬਾਲੀਆ ਬਿਆਨ ਰਾਹੀਂ ਗਿਲਾਨੀ ਨੂੰ ਫਸਾਇਆ ਗਿਆ, ਦੂਜੇ ਰਾਹੀਂ ਕਿਸੇ ਹੋਰ ਨੂੰ।

ਉਹ ਮਰਜ਼ੀ ਨਾਲ ਚੁਣ ਸਕਦੇ ਸਨ ਕਿ ਕਿਹੜਾ ਇਕਬਾਲੀਆ-ਬਿਆਨ ਦਿਖਾਉਣਾ ਹੈ। ਉਨ੍ਹਾਂ ਨੇ ਉਹ ਚੁਣਿਆ ਜੋ ਉਨ੍ਹਾਂ ਨੂੰ ਰਾਸ ਆਉਂਦਾ ਸੀ। ਮੀਡੀਆ ਨੇ ਇਹ ਸੱਤ ਸਾਲ ਬਾਅਦ ਦਿਖਾਇਆ ਜਦੋਂ ਉਹ ਅਜੇ ਜਿਊਂਦਾ ਸੀ, ਅਤੇ ਜਦੋਂ ਵੀਡੀਓ ਦਿਖਾਇਆ ਗਿਆ ਤਾਂ ਟੀ.ਵੀ. ਸਕਰੀਨ ਦੇ ਹੇਠਲੇ ਪਾਸੇ ਦਰਸ਼ਕਾਂ ਦੇ ਧੜਾਧੜ ਐੱਸ.ਐੱਮ.ਐੱਸ. ਫਲੈਸ਼ ਹੋਏ ਸ਼ੁਰੂ ਹੋ ਗਏ। ਜਿਨ੍ਹਾਂ ਵਿਚ ਮੰਗ ਕੀਤੀ ਜਾ ਰਹੀ ਸੀ ”ਉਸ ਨੂੰ ਲਾਲ ਚੌਕ ਵਿਚ ਪਤਾਲੂਆਂ ਨੂੰ ਰੱਸਾ ਬੰਨ੍ਹਕੇ ਫਾਂਸੀ ਦਿਓ” ਵਗੈਰਾ। ਐਨੀ ਦਰਿੰਦਗੀ ਸੀ। ਜੇ ਬੰਦਾ ਪਾਗਲ ਹੋਏ ਬੈਨਾਨਾ ਗਣਰਾਜ ਦਾ ਬਾਸ਼ਿੰਦਾ ਹੋਵੇ, ਇਸ ਨੂੰ ਸਵੀਕਾਰ ਕਰ ਸਕਦਾ ਹੈ ਪਰ ਇਥੇ ਅਸੀਂ ਕੁਝ ਹੋਰ ਹੀ ਦਿਖਾਵਾ ਕਰ ਰਹੇ ਹਾਂ। ਜਦੋਂ ਆਊਟਲੁਕ ਵਿਚ ਇਹ ਲੇਖ ਛਪਿਆ ਉਥੇ ਇਸ ਤਰ੍ਹਾਂ ਦੀਆਂ ਚਿੱਠੀਆਂ ਛਪੀਆਂ: ”ਅਫ਼ਜ਼ਲ ਗੁਰੂ ਨੂੰ ਬਖ਼ਸ਼ ਦਿਓ ਪਰ ਅਰੁੰਧਤੀ ਰਾਏ ਨੂੰ ਫਾਹੇ ਲਾਓ”। ਸਭ ਕਾਸੇ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਉਸ ਨੂੰ ਫਾਹੇ ਲਾ ਦਿੱਤਾ, ਭਲੀਭਾਂਤ ਜਾਣਦੇ-ਬੁੱਝਦੇ ਹੋਏ ਕਿ ਉਹ ਬੇਕਸੂਰ ਸੀ। ਇਹ ਸਿਆਸੀ ਚਾਲ ਸੀ, ਉਹ ਉਸਦੇ ਖ਼ੂਨ ਦੇ ਤਿਹਾਏ ਹਜੂਮ ਨੂੰ ਵੋਟਾਂ ‘ਚ ਬਦਲਣ ਦੀ ਮਨਸ਼ਾ ਨਾਲ ਲਾਹਾ ਲੈ ਰਹੇ ਸਨ। ਜੋ ਭਿਆਨਕ ਸੀ, ਇਕ ਬੁਜ਼ਦਿਲੀ ਸੀ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ। ਉਨ੍ਹਾਂ ਨੇ ਤਾਂ ਉਸਦੀ ਲਾਸ਼ ਵੀ ਉਸਦੇ ਪਰਿਵਾਰ ਨੂੰ ਨਹੀਂ ਦਿੱਤੀ। ਜਿਹੜਾ ਖ਼ਤ ਉਨ੍ਹਾਂ ਨੂੰ ਭੇਜਿਆ ਗਿਆ ਉਹ ਜਾਣਬੁੱਝਕੇ ਲੇਟ ਕੀਤਾ ਗਿਆ ਤਾਂ ਜੋ ਫਾਂਸੀ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਮਿਲੇ। ਇਹ ‘ਮੁੱਦੇ’ ਨਹੀਂ ਹਨ। ਕਸ਼ਮੀਰ ਵਿਚ ਹਿੰਦੁਸਤਾਨ ਦੀ ਹਕੂਮਤ ਵਲੋਂ ਢਾਹੀ ਜਾ ਰਹੀ ਵਹਿਸ਼ਤ ਮੁੱਦਾ ਨਹੀਂ ਹੈ-ਇਹ ਅਸਲ ਜ਼ਿੰਦਗੀ ਹੈ। ਅਸੀਂ ਐਸਾ ਸਮਾਜ ਹਾਂ ਜੋ ਇਸ ਨੂੰ ਹਜ਼ਮ ਕਰਨ ਲਈ ਤਿਆਰ ਹੈ ਅਸੀਂ ਖ਼ੁਦ ਨੂੰ ਨਸ਼ਟ ਕਰ ਰਹੇ ਹਾਂ। ਅਸੀਂ ਆਪਣੇ ਲਈ ਆਫ਼ਤ ਨੂੰ ਸੱਦਾ ਦੇ ਰਹੇ ਹਾਂ।

ਮੈਂ ਦੋ ਘਾਟੀਆਂ ਬਾਰੇ ਲਿਖਿਆ ਹੈ, ਨਰਮਦਾ ਘਾਟੀ ਅਤੇ ਕਸ਼ਮੀਰ ਘਾਟੀ। ਕਈ ਵਾਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਇਕ ਘਾਟੀ ਵਿਚ ਨਿਆਂ ਦੀ ਜ਼ੋਰਦਾਰ ਲਾਲਸਾ ਨੇ ਦੂਜੀ ਨੂੰ ਕਿਉਂ ਨਹੀਂ ਸਮਝਿਆ ਜਾਂ ਉਸ ਉਪਰ ਕੋਈ ਪ੍ਰਭਾਵ ਕਿਉਂ ਨਹੀਂ ਪਾਇਆ। ਭਾਵ ਨਰਮਦਾ ਵੈਲੀ ਵਿਚ ਵਾਤਾਵਰਣ ਦੇ ਮੁੱਦਿਆਂ, ਜਿਵੇਂ ਇਕ ਡੈਮ ਕੀ ਹੈ, ਇਸ ਦਾ ਕੀ ਅਸਰ ਪੈਂਦਾ ਹੈ, ਸਥਾਨਕ ਆਰਥਿਕਤਾ ਬਾਰੇ, ਸੰਸਾਰ ਬੈਂਕ ਬਾਰੇ ਘੋਰ ਗ਼ਰੀਬੀ ਬਾਰੇ ਐਨੀ ਵਧੀਆ ਸਮਝਦਾਰੀ ਹੈ ਪਰ ਕਸ਼ਮੀਰ ਦੇ ਲੋਕਾਂ ਨੂੰ ਕੀ ਝੱਲਣਾ ਪੈ ਰਿਹਾ ਹੈ ਉਥੇ ਉਸ ਬਾਰੇ ਕੋਈ ਸਮਝਦਾਰੀ ਨਹੀਂ ਹੈ। ਉਧਰ ਕਸ਼ਮੀਰ ਵਿਚ ਇਕ ਫ਼ੌਜ ਦੇ ਕਬਜ਼ੇ ਹੇਠ ਜਿਊਣਾ ਕੀ ਹੁੰਦਾ ਹੈ ਇਸ ਬਾਰੇ ਤਾਂ ਖ਼ੂਬ ਸਮਝਦਾਰੀ ਹੈ ਪਰ ਵੱਡਾ ਡੈਮ ਕੀ ਹੈ ਅਤੇ ਉਸ ਦੇ ਅਸਰ ਕੀ ਪੈਂਦੇ ਹਨ, ਜਿਸ ਢੰਗ ਨਾਲ ਨਵ-ਉਦਾਰਵਾਦੀ ਨੀਤੀਆਂ ਲੋਕਾਂ ਨੂੰ ਦਰੜਦੀਆਂ ਹਨ ਇਸ ਬਾਰੇ ਬਹੁਤ ਘੱਟ ਜਾਣਕਾਰੀ ਹੈ। ਮੈਂ ਤਾਂ ਉਸ ਤੰਦ ਦੀ ਗੱਲ ਕਰ ਰਹੀ ਹਾਂ ਜੋ ਮੈਂ ਫੜੀ ਹੈ੩.. .. ਇਹ ਹਰ ਕਿਸੇ ਲਈ ਤੰਦ ਨਹੀਂ ਹੋ ਸਕਦੀ ਪਰ ਨਿਸ਼ਚੇ ਹੀ ਇਹ ਮੇਰੀ ਤੰਦ ਤਾਂ ਹੈ। ਇਸ ਸਭ ਕਾਸੇ ਨਾਲ ਉਹ ਜੁੜ ਜਾਂਦਾ ਹੈ ਜਿਸ ਨੂੰ ਜੌਹਨ ਬਰਜਰ ”ਦੇਖਣ ਦਾ ਢੰਗ”(a way of seeing) ਕਹਿੰਦਾ ਹੈ। ਇਹੀ ਹੈ ਜੋ ਸਾਹਿਤ ਹੈ, ਜੋ ਕਵਿਤਾ ਹੈ। ਇਹੀ ਹੈ ਜੋ ਇਸ ਨੂੰ ਹੋਣਾ ਚਾਹੀਦਾ ਹੈ।

?ਅਜੋਕੇ ਹਿੰਦੁਸਤਾਨ ਵਿਚ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਵੱਧ ਪ੍ਰੇਸ਼ਾਨ ਕਰਦੀ ਹੈ।

-ਅੱਜ ਅਸੀਂ ਜਿਸ ਵਿੱਚੋਂ ਗੁਜ਼ਰ ਰਹੇ ਹਾਂ, ਆਰ.ਐੱਸ.ਐੱਸ. ਦੇ ਇਤਿਹਾਸ ਨੂੰ ਦੇਖਦੇ ਹੋਏ ਇਹ ਕਿਸੇ ਵਕਤ ਹੋਕੇ ਹੀ ਰਹਿਣਾ ਸੀ। ਅਸੀਂ ਇਹ ਇਮਤਿਹਾਨ ਕਿਵੇਂ ਪਾਸ ਕਰਦੇ ਹਾਂ ਇਸ ਤੋਂ ਪਤਾ ਚੱਲੇਗਾ ਕਿ ਅਸੀਂ ਅਸਲ ਵਿਚ ਕਿਸ ਮਿੱਟੀ ਦੇ ਬਣੇ ਹੋਏ ਹਾਂ। ਅੱਜ ਹਰ ਸੰਸਥਾ, ਜੁਡੀਸ਼ਰੀ, ਵਿਦਿਅਕ ਸੰਸਥਾਵਾਂ ਉਪਰ ਜ਼ਹਿਰੀਲਾ, ਫਿਰਕੂ ਹਮਲਾ ਹੋ ਰਿਹਾ ਹੈ। ਤਾਲੀਮ ਦੇ ਕੇਂਦਰਾਂ ਵਜੋਂ ਯੂਨੀਵਰਸਿਟੀਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ, ਫਿਰਕੂ ਮੂੜ੍ਹ ਮੱਤੀਆਂ ਨੂੰ ਅਧਿਆਪਕ ਲਗਾਇਆ ਜਾ ਰਿਹਾ ਹੈ, ਸਿਲੇਬਸ ਨੂੰ ਵਿਦਵਤਾ ਤੋਂ ਵਾਂਝਾ ਕਰਕੇ ਗੰਵਾਰਾਂ ਦਾ ਮਨਪਸੰਦ ਮਸਾਲਾ ਭਰਿਆ ਜਾ ਰਿਹਾ ਹੈ। ਹਰ ਚੀਜ਼ ਨੂੰ ਫਾਸ਼ੀਵਾਦੀ ਨਜ਼ਰੀਏ ਤੋਂ ਭੰਨਘੜ ਕੀਤਾ ਜਾ ਰਿਹਾ ਹੈ। ਇਹ ਸਿੱਧਾ ਢੰਗ ਹੈ। ਇਹ ਸਿਰਫ਼ ਸਿਆਸੀ ਪਾਰਟੀਆਂ ਅਤੇ ਸੱਤਾ ਦਾ ਸਵਾਲ ਨਹੀਂ ਹੈ। ਢਾਂਚੇ ਨੂੰ ਹੀ ਬਦਲਿਆ ਜਾ ਰਿਹਾ ਹੈ। ਇਹ ਇਸ ਮੁਲਕ ਦੀ ਰੂਹ, ਇਸ ਦੀ ਕਲਪਨਾ ਉਪਰ ਹਮਲਾ ਹੈ। ਇਹ ਗੰਭੀਰ ਮਾਮਲਾ ਹੈ। ਮੈਂ ਤਾਂ ਕਹਾਂਗੀ ਕੁਝ ਪ੍ਰਤੀਕਰਮ ਹੌਸਲਾ ਦੇਣ ਵਾਲੇ ਹਨ। ਹਰ ਥਾਂ ਲੋਕ ਉਠ ਰਹੇ ਹਨ-ਐੱਫ.ਟੀ.ਆਈ.ਆਈ. ਦੇ ਵਿਦਿਆਰਥੀਆਂ ਨੂੰ ਦੇਖੋ – ਉਨ੍ਹਾਂ ਨੇ ਕਮਾਲ ਕਰ ਦਿੱਤੀ। ਜਿਸ ਹਮਲੇ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਵਿਆਪਕ, ਡੂੰਘਾ ਅਤੇ ਖ਼ਤਰਨਾਕ ਹੈ, ਪਰ ਮੋਦੀ ਹਕੂਮਤ ਦੁਆਲੇ ਬੁਣਿਆ ਚੜ੍ਹਤ ਦਾ ਜਾਦੂ ਅਣਕਿਆਸੀ ਤੇਜ਼ੀ ਨਾਲ ਕਾਫ਼ੂਰ ਹੋ ਰਿਹਾ ਹੈ। ਯਾਕੂਬ ਮੈਮਨ ਨੂੰ ਫਾਂਸੀ ਇਸ ਦਿਸ਼ਾ ਵਿਚ ਇਕ ਕਦਮ ਹੈ। ਅਗਲੀ ਚੋਣਾਂ ਤੋਂ ਪਹਿਲਾਂ ਉਹ ਵੱਡੇ ਪੈਮਾਨੇ ‘ਤੇ ਫਿਰਕੂ ਦੰਗੇ ਭੜਕਾਉਣਗੇ। ਮੈਂ ਝੂਠੇ ”ਦਹਿਸ਼ਤਪਸੰਦ” ਹਮਲਿਆਂ ਅਤੇ ਪਾਕਿਸਤਾਨ ਨਾਲ ਜੰਗ, ਇਕ ਪ੍ਰਮਾਣੂ ਜੰਗ ਤੋਂ ਫ਼ਿਕਰਮੰਦ ਹਾਂ। ਇਸ ਤਰ੍ਹਾਂ ਦੀ ਆਤਮਘਾਤੀ ਬੇਵਕੂਫ਼ੀ ਸਰਹੱਦ ਦੇ ਦੋਵੇਂ ਪਾਸੇ ਦੀਆਂ ਹਕੂਮਤਾਂ ਅਤੇ ਮੀਡੀਆ ਕਰ ਸਕਦੇ ਹਨ।

?ਤੁਸੀਂ ਕੌਮਾਂਤਰੀ ਪ੍ਰਸਿੱਧੀ ਵਾਲੀ ਲੇਖਿਕਾ ਹੋ ਪਰ ਤੁਸੀਂ ਲੇਖਕਾਂ ਦੇ ਭਾਈਚਾਰੇ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਤੁਸੀਂ ਸਾਹਿਤਕ ਮੇਲਿਆਂ ਵਿਚ ਨਹੀਂ ਜਾਂਦੇ, ਹਾਲਾਂਕਿ ਤੁਸੀਂ ਇਕ ਭਾਈਚਾਰੇ ਦਾ ਹਿੱਸਾ ਹੋ ਜਿਨ੍ਹਾਂ ਨੂੰ ਕਾਰਕੁਨ ਕਿਹਾ ਜਾ ਸਕਦਾ ਹੈ।

-ਮੈਨੂੰ ਯਕੀਨ ਨਾਲ ਨਹੀਂ ਕਹਿ ਸਕਦੀ ਕਿ ਲੇਖਕਾਂ ਦਾ ਕੋਈ ਭਾਈਚਾਰਾ ਹੈ। ਦੇਖੋ, ਮੈਂ ਸ਼ੁੱਧਤਾਵਾਦੀ ਨਹੀਂ ਹਾਂ। ਮੈਂ ਤਾਂ ਸਿਰਫ਼ ਇਹੀ ਕਰ ਸਕਦੀ ਹਾਂ ਕਿ ਜੋ ਮੈਂ ਸੋਚਦੀ ਹਾਂ ਉਹ ਕਹਿ ਦਿਆਂ। ਲੋਕ ਮੇਲਿਆਂ ‘ਤੇ ਜਾਂਦੇ ਹਨ, ਅਕਸਰ ਉਨ੍ਹਾਂ ਦੀ ਸਰਪ੍ਰਸਤੀ ਖਨਣ ਕਾਰਪੋਰੇਸ਼ਨਾਂ ਅਤੇ ਫਾਊਂਡੇਸ਼ਨਾਂ ਕਰਦੀਆਂ ਹਨ ਜਿਨ੍ਹਾਂ ਦੇ ਖ਼ਿਲਾਫ਼ ਮੈਂ ਲਿਖਦੀ ਹਾਂ-ਪਰ ਮੇਰਾ ਕਹਿਣਾ ਇਹ ਨਹੀਂ ਹੈ ਕਿ ਮੈਂ ਉਨ੍ਹਾਂ ਤੋਂ ਵੱਧ ਖ਼ਰੀ ਹਾਂ। ਮੈਂ ਇੰਞ ਨਹੀਂ ਹਾਂ। ਉਹ ਚੀਜ਼ਾਂ ਮੈਨੂੰ ਪ੍ਰੇਸ਼ਾਨ ਕਰਦੀਆਂ ਹਨ, ਲਿਹਾਜ਼ਾ ਮੈਂ ਉਹ ਨਹੀਂ ਕਰਦੀ। ਪਰ ਜਿਊਣ ਲਈ ਦੁਨੀਆ ਬੜੀ ਜ਼ਾਲਮ ਥਾਂ ਹੈ, ਲੋਕਾਂ ਨੂੰ ਉਹ ਕੁਝ ਕਰਨਾ ਪੈਂਦਾ ਹੈ ਜੋ ਉਹ ਕਰਨਾ ਨਹੀਂ ਚਾਹੁੰਦੇ। ਮੇਰੇ ਕੋਲ ਚੋਣ ਕਰਨ ਦੀ ਖੁੱਲ੍ਹ ਹੈ। ਲਿਹਾਜ਼ਾ ਮੈਂ ਚੋਣ ਕਰਦੀ ਹਾਂ। ਹਰ ਕਿਸੇ ਕੋਲ ਇਹ ਸਹੂਲਤ ਨਹੀਂ ਹੁੰਦੀ।

ਜਿੱਥੋਂ ਤਕ ”ਕਾਰਕੁਨ” ਲਫ਼ਜ਼ ਦਾ ਸਵਾਲ ਹੈ-ਮੈਂ ਯਕੀਨ ਨਾਲ ਨਹੀਂ ਕਹਿ ਸਕਦੀ ਇਹ ਕਦੋਂ ਘੜਿਆ ਗਿਆ। ਮੇਰੇ ਵਰਗਿਆਂ ਨੂੰ ਲੇਖਕ-ਕਾਰਕੁਨ ਕਹਿਣ ਤੋਂ ਤਾਂ ਇਹੀ ਪਤਾ ਚਲਦਾ ਹੈ ਕਿ ਜਿਸ ਦੁਨੀਆ ਵਿਚ ਉਹ ਰਹਿੰਦੇ ਹਨ ਉਸ ਬਾਰੇ ਲਿਖਣਾ ਲੇਖਕ ਦਾ ਕੰਮ ਨਹੀਂ। ਪਰ ਇਹੀ ਤਾਂ ਸਾਡਾ ਕੰਮ ਸੀ। ਇਹ ਅਜੀਬ ਗੱਲ ਹੈ, ਜਦੋਂ ਤਕ ਮੰਡੀ ਨੇ ਲੇਖਕਾਂ ਨੂੰ ਕਾਬੂ ਨਹੀਂ ਕੀਤਾ ਸੀ, ਲੇਖਕ ਇਹੀ ਤਾਂ ਕਰਦੇ ਸਨ – ਉਨ੍ਹਾਂ ਨੇ ਵਹਿਣ ਦੇ ਉਲਟ ਲਿਖਿਆ, ਉਹ ਸਰਹੱਦਾਂ ਦੇ ਪਹਿਰੇਦਾਰ ਬਣੇ, ਉਨ੍ਹਾਂ ਨੇ ਬਹਿਸਾਂ ਦੇ ਚੌਖਟੇ ਬਣਾਏ ਕਿ ਸਮਾਜ ਨੂੰ ਕਿਵੇਂ ਸੋਚਣਾ ਚਾਹੀਦਾ ਹੈ। ਉਹ ਖ਼ਤਰਨਾਕ ਲੋਕ ਹੁੰਦੇ ਸਨ। ਹੁਣ ਸਾਨੂੰ ਕਿਹਾ ਜਾ ਰਿਹਾ ਹੈ ਕਿ ਮੇਲਿਆਂ ‘ਤੇ ਜਾਣਾ ਚਾਹੀਦਾ ਹੈ ਅਤੇ ਕਿ ਤੁਸੀਂ ਸਭ ਤੋਂ ਵੱਧ ਵਿਕਣ ਵਾਲੇ ਲੇਖਕਾਂ ਦੀ ਸੂਚੀ ਵਿਚ ਹੋਣੇ ਚਾਹੀਦੇ ਹੋ ਅਤੇ, ਜੇ ਸੰਭਵ ਹੋਵੇ, ਤਾਂ ਬਣਦੇ-ਫੱਬਦੇ ਹੋਣੇ ਚਾਹੀਦੇ ਹੋ।  

ਬ੍ਰਹਿਮੰਡੀ ਚੇਤਨਾ ਦਾ ਸਾਹਿਤਕਾਰ: ਰਵਿੰਦਰ ਰਵੀ
ਸਾਹਿਤ ਰਸੀਆ:ਕਾਮਰੇਡ ਹਰਦੇਵ ਵਿਰਕ
ਵਗਦੇ ਪਾਣੀ ਜਿਹਾ ਸ਼ਾਇਰ: ਮੰਗਾ ਬਾਸੀ
ਆਪਣੇ ਆਪ ਨੂੰ ਮਿਲਦਿਆਂ -ਇਕ਼ਬਾਲ ਰਾਮੂਵਾਲੀਆ
ਰਣਦੀਪ ਮੱਦੋਕੇ: ਫ਼ੋਟੋਗ੍ਰਾਫਰ ਅਤੇ ਦਸਤਾਵੇਜ਼ੀ ਫਿਲਮਸਾਜ਼
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਪੰਜਾਬ ਦੇ 16 ਜ਼ਿਲ੍ਹਿਆਂ ’ਚੋਂ ਤਿੰਨਾਂ ਸਾਲਾਂ ਅੰਦਰ 2173 ਮਰਦ, ਔਰਤਾਂ, ਬੱਚੇ ਤੇ ਬੁੱਢੇ ਅਲੋਪ – ਬਲਜਿੰਦਰ ਕੋਟਭਾਰਾ

ckitadmin
ckitadmin
February 18, 2012
ਅਮਰੀਕਾ ਵੱਲੋਂ ਵੱਡੀ ਪੱਧਰ ’ਤੇ ਕੀਤੀ ਜਾਸੂਸੀ ਦੇ ਅਰਥ – ਜੇਮਜ਼ ਪੀਟਰਜ਼
ਫ਼ਿਲਮ ਇੰਸਟੀਚਿਊਟ ਦੀ ਅਹੁਦੇਦਾਰੀ ਬਨਾਮ ਹਿਟਲਰੀ ਕਾਰਵਾਈ – ਬਿੰਦਰਪਾਲ ਫ਼ਤਿਹ
ਕਾਮਾਗਾਟਾ ਮਾਰੂ ਤੋਂ ਅੱਜ ਤੱਕ ਨਸਲਵਾਦ ਦਾ ਸਫ਼ਰ – ਪਰਮਿੰਦਰ ਕੌਰ ਸਵੈਚ
ਉਹ ਆਉਣਗੇ – ਰਾਜੇਸ਼ ਜੋਸ਼ੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?