By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਾਹਿਤ ਰਸੀਆ:ਕਾਮਰੇਡ ਹਰਦੇਵ ਵਿਰਕ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸ਼ਖ਼ਸਨਾਮਾ > ਸਾਹਿਤ ਰਸੀਆ:ਕਾਮਰੇਡ ਹਰਦੇਵ ਵਿਰਕ
ਸ਼ਖ਼ਸਨਾਮਾ

ਸਾਹਿਤ ਰਸੀਆ:ਕਾਮਰੇਡ ਹਰਦੇਵ ਵਿਰਕ

ckitadmin
Last updated: July 15, 2025 5:54 am
ckitadmin
Published: October 5, 2015
Share
SHARE
ਲਿਖਤ ਨੂੰ ਇੱਥੇ ਸੁਣੋ

ਮੁਲਾਕਾਤੀ -ਅਵਤਾਰ ਸਿੰਘ ਬਿਲਿੰਗ


ਪੁਸਤਕਾਂ ਪੜ੍ਹਨ ਨਾਲ ਇਨਸਾਨ ਪੂਰਨ ਮਨੁੱਖ ਬਣਦਾ ਹੈ।ਲਿਖਣ ਨਾਲ ਪੁਸਤਕਾਂ ਤੋਂ ਪ੍ਰਾਪਤ ਕੀਤੇ ਗਿਆਨ ਦੀ ਪਰਖ ਹੋ ਜਾਂਦੀ ਹੈ।ਵਿਚਾਰ ਵਟਾਂਦਰਾ ਬੰਦੇ ਨੂੰ ਹਾਜ਼ਰ ਜਵਾਬ ਇਨਸਾਨ ਬਣਾਉਂਦਾ ਹੈ।ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਐਡਮਿੰਟਨ (ਕੈਨੇਡਾ) ਵੱਸਦੇ , ਗੂੜ੍ਹ ਗਿਆਨੀ ਹਰਦੇਵ ਵਿਰਕ ਉੱਤੇ ਫਰਾਂਸਿਸ ਬੇਕਨ ਦੀਆਂ ਇਹ ਤਿੰਨੇ ਗੱਲਾਂ ਇੰਨ-ਬਿੰਨ ਢੁੱਕਦੀਆਂ ਹਨ।ਉਸ ਨਾਲ ਵਿਚਾਰ ਸਾਂਝੇ ਕਰਦਿਆਂ ਮੈਨੂੰ ਮਹਿਸੂਸ ਹੋਇਆ ਕਿ ਉਸਨੇ ਜੇ ਯੂਨੀਵਰਸਿਟੀ ਨਹੀਂ,ਕਾਲਜ ਪੱਧਰ ਦੀ ਵਿੱਦਿਆ ਜ਼ਰੂਰ ਹਾਸਿਲ ਕੀਤੀ ਹੋਵੇਗੀ। ਉਸਨੇ ਚੋਖਾ ਸੰਸਾਰ ਸਾਹਿਤ ਪੜ੍ਹਿਆ ਹੈ।ਉਹ ਪੰਜਾਬੀ ਤੇ ਰੂਸੀ ਸਾਹਿਤ ਦੇ ਕਿਸੇ ਵੀ ਚਰਚਿਤ ਲੇਖਕ ਨੂੰ ਉਸਦੀਆਂ ਰਚਨਾਵਾਂ ਰਾਹੀਂ ਸਾਡੇ ਕਈ ਲਿਖਾਰੀਆਂ ਨਾਲੋਂ ਬੇਹਤਰ ਜਾਣਦਾ ਹੈ।ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸਨੇ ਆਪਣੀ ਸੁਭਾਵਿਕ ਹਲੀਮੀ ਨਾਲ ਦੱਸਿਆ ਕਿ ਉਹ ਤਾਂ ਕੇਵਲ ਅੱਠਵੀਂ ਤੋਂ ਅੱਗੇ ਸਕੂਲ ਹੀ ਨਹੀਂ ਗਿਆ।ਸਾਰਾ ਗਿਆਨ ਇਸ ਗਹਿਰ-ਗੰਭੀਰ,ਅਤਿ ਸੰਵੇਦਨਸ਼ੀਲ਼ ਵਿਅਕਤੀ ਨੇ ਪੁਸਤਕਾਂ,ਲੇਖਕਾਂ ਅਤੇ ਸੂਝਵਾਨ ਸੱਜਨਾਂ ਦੀ ਸੰਗਤ ਵਿਚੋਂ ਹੀ ਗ੍ਰਹਿਣ ਕੀਤਾ ਹੈ।

ਕੈਨੇਡਾ ਅਮਰੀਕਾ ਵਿਚ ਪਿਛਲੇ ਕਈ ਮਹੀਨਿਆਂ ਤੱਕ ਵਿਚਰਦਿਆਂ ਮੈਂ ਅਕਸਰ ਦੇਖਿਆ ਹੈ ਕਿ ਉਥੇ ਵੱਸਦੇ ਬਹੁਗਿਣਤੀ ਪੰਜਾਬੀ ਆਪੋ ਆਪਣੀਆਂ ਮਜਬੂਰੀਆਂ ਤੇ ਘਰੇਲੂ ਮਹੌਲ ਕਾਰਨ ਬੜੇ ਸੰਕੋਚੀ ਕਿਸਮ ਦੇ ਹਨ ਜਿਹੜੇ ਕਿਸੇ ਲੇਖਕ ਨੂੰ ਆਪਣੇ ਘਰ ਬੁਲਾਉਣ ਤੋਂ ਅਤੇ ਆਪ ਕਿਸੇ ਦੇ ਘਰ ਜਾਣ ਤੋਂ ਝਿਜਕਦੇ ਹਨ।

 

 

ਬੇਸ਼ੱਕ,ਘਰ ਤੋਂ ਬਾਹਰ ਉਹ ਉਸਨੂੰ ਉੱਡ ਕੇ ਮਿਲਦੇ, ਉਸਦੀ ਪੂਰੀ ਖਾਤਰਦਾਰੀ ਕਰਦੇ ਹਨ।ਪਰ ਹਰਦੇਵ ਵਿਰਕ, ਉਸਦੀ ਜੀਵਨ ਸਾਥਣ ਭੂਪਿੰਦਰ ਕੌਰ ਵਿਰਕ ਅਤੇ ਪਰਿਵਾਰ ਇਸ ਪੱਖੋਂ ਚੰਗੇ ਮਹਿਮਾਨ ਨਿਵਾਜ਼ ਹਨ।ਕਾਮਰੇਡ ਵਿਰਕ ਨੇ ਆਪਣੇ ਫੁੱਲਾਂ ਲੱਦੇ ਪਿਛਵਾੜੇ ਵਿਚ ਘਰ ਦੇ ਨਾਲ ਲੱਗਦਾ,ਤਿੰਨ ਤਰਫ਼ ਤੋਂ ਹਰਿਆਲੀ ਨਾਲ ਘਿਰਿਆ ਇਕ ਸ਼ੀਸ਼ਿਆਂ ਵਾਲਾ,ਨਿਵੇਕਲਾ ਪੜ੍ਹਨ-ਕਮਰਾ ਆਏ ਸਾਹਿਤਕਾਰਾਂ-ਬੁੱਧੀਜੀਵੀਆਂ ਨਾਲ ਗਿਆਨ-ਗੋਸ਼ਟ ਲਈ ਹੀ ਰਾਖਵਾਂ ਰੱਖਿਆ ਹੈ।

ਸਾਹਿਤ ਪੜ੍ਹਨਾ ਹਰਦੇਵ ਵਿਰਕ ਦਾ ਸ਼ੌਕ ਹੈ।ਪੰਜਾਬੀ ਦੀ ਹਰੇਕ ਚਰਚਿਤ ਪੁਸਤਕ ਨੂੰ ਉਹ ਵਾਹ ਲੱਗਦੇ ਪੜ੍ਹ ਦਿੰਦਾ ਹੈ।ਪੰਜਾਬੀ ਦੇ ਕਈ ਚਰਚਿਤ ਅਖ਼ਬਾਰ ਤੇ ਰਸਾਲੇ ਉਹ ਕੈਨੇਡਾ ਵਿਖੇ ਆਪ ਮੰਗਵਾ ਕੇ ਪੜ੍ਹਦਾ ਹੈ।ਨਵਾਂ ਜ਼ਮਾਨਾ ਦੇ ਬਾਨੀ ਸੰਪਾਦਕ ਕਾਮਰੇਡ ਜਗਜੀਤ ਸਿੰਘ ਆਨੰਦ ਦਾ ਉਹ ਉਪਾਸ਼ਕ ਹੈ।ਪੰਜਾਬੀ ਕਵਿਤਾ ਦੇ ਮਾਣ ਸੁਰਜੀਤ ਪਾਤਰ ਦਾ ਉਹ ਦੀਵਾਨਾ ਹੈ।ਪੜ੍ਹਨਾ,ਪੜ੍ਹਦੇ ਰਹਿਣਾ ਉਸਦਾ ਜੀਵਨ ਹੈ।ਕਿਤਾਬ ਉਸਦੀ ਕਮਜ਼ੋਰੀ ਹੈ।ਵਧੀਆ ਪੁਸਤਕ ਉੱਤੇ ਗੰਭੀਰ ਵਿਚਾਰ ਚਰਚਾ ਕਰਨਾ ਉਸਦਾ ਦਿਲ ਪਰਚਾਵਾ ਹੈ। ਆਪਣੇ ਦੇਸ ਵਿਚ ਪੁਸਤਕ ਪ੍ਰੇਮੀ ਮੈਂ ਕਈ ਦੇਖੇ ਹਨ ਜਦੋਂ ਕਿ ਪਰਦੇਸ ਵਿਚ ਅਜੇ ਤੱਕ ਪੰਜਾਬੀ ਪੁਸਤਕ ਪੁਜਾਰੀ ਕਾਮਰੇਡ ਹਰਦੇਵ ਵਿਰਕ ਨੂੰ ਹੀ ਮਿਲਿਆ ਹਾਂ।ਪੰਜਾਬੀਅਤ ਦੇ ਮੁਦਈ, ਹਰਦੇਵ ਵਿਰਕ ਵਰਗੇ ਪਾਠਕਾਂ ਤੋਂ ਹੀ ਕਈ ਲੇਖਕ ਬਣਦੇ ਸੁਣੀਂਦੇ ਹਨ। ਸਾਹਿਤਕਾਰਾਂ/ਚਿੰਤਕਾਂ/ਆਲੋਚਕਾਂ ਬਾਰੇ ਅਸੀਂ ਅਕਸਰ ਜਾਣਨਾ ਚਾਹੁੰਦੇ ਹਾਂ।ਪਰ ਸਾਡਾ ਇਹ ਗੰਭੀਰ ਪਾਠਕ ਸਾਹਿਤ ਬਾਰੇ,ਸਾਹਿਤਕਾਰਾਂ ਬਾਰੇ,ਜੀਵਨ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ।ਇਹ ਜਾਨਣ ਲਈ ਆਓ ਪੜ੍ਹੀਏ;ਕਾਮਰੇਡ ਹਰਦੇਵ ਵਿਰਕ ਨਾਲ ਮੇਰੇ ਵੱਲੋਂ ਐਡਮਿੰਟਨ ਵਿਖੇ ਕੀਤੀ,ਇਕ ਵਿਸ਼ੇਸ਼ ਮੁਲਾਕਾਤ –ਅਵਤਾਰ ਸਿੰਘ ਬਿਲਿੰਗ।

?ਹਰਦੇਵ ਸਿੰਘ ਵਿਰਕ ਜੀ, ਆਪਣੀ ਗੱਲਬਾਤ ਆਪਾਂ ਤੁਹਾਡੇ ਜਨਮ ,ਬਚਪਨ ਅਤੇ ਪੁਰਖਿਆਂ ਤੋਂ ਹੀ ਸ਼ੁਰੂ ਕਰਦੇ ਹਾਂ।
-ਮੇਰਾ ਜਨਮ 1952 ਵਿਚ ਪੁਰਾਣੇ ਪੰਜਾਬ (ਹੁਣ ਹਰਿਆਣਾ) ਦੇ ਪਿੰਡ ਅੰਮ੍ਰਿਤਸਰ ਕਲਾਂ ਜ਼ਿਲ੍ਹਾ ਸਿਰਸਾ ਵਿਚ ਹੋਇਆ।ਬਚਪਨ ਵੀ ਆਮ ਪੇਂਡੂ ਜ਼ਿਮੀਂਦਾਰਾਂ ਦੇ ਬੱਚਿਆਂ ਵਾਂਗ ਖੁੱਲ੍ਹੇ ਵਿਹੜਿਆਂ ਵਿਚ ਖੇਡਦੇ-ਮੱਲਦੇ, ਬਲਦਾਂ ਵਾਲੇ ਗੱਡਿਆਂ,ਖੂਹਾਂ-ਖਰਾਸਾਂ ਦੀਆਂ ਗਾਧੀਆਂ ਉੱਤੇ ਹੂਟੇ ਲੈਂਦਿਆਂ, ਲੰਘਿਆ।ਮੇਰੇ ਪੁਰਖੇ ਸੰਤਾਲੀ ਦੇ ਉਜਾੜੇ ਬਾਅਦ ਇਸ ਗੈਰ ਆਬਾਦ ਇਲਾਕੇ ਵਿਚ ਆ ਬੈਠੇ ਜਿਸਨੂੰ ਕਾਫ਼ੀ ਹੱਦ ਤੱਕ ਅਬਾਦ ਹੁੰਦਾ ਮੈਂ ਆਪਣੇ ਅੱਖੀਂ ਦੇਖਿਆ।ਕੰਮ ਸੌਖਾ ਨਹੀਂ ਸੀ ਪਰ ਭਾਈਚਾਰੇ ਦੀ ਕਰੜੀ ਮਿਹਨਤ ਰੰਗ ਲਿਆਈ।ਇਸ ਸਮੇਂ ਦੌਰਾਨ ਕੁਝ ਹੇਠਲੀ ਉੱਤੇ ਹੁੰਦੀ ਵੀ ਵੇਖੀ।ਜਿਹੜੇ ਪਾਕਿਸਤਾਨ ਵਿਚ ਰਹਿੰਦਿਆਂ ਕਰੜੀ ਮਿਹਨਤ ਕਰਦੇ,ਉਂਝ ਭਾਵੇਂ ਛੋਟੇ ਜ਼ਿਮੀਂਦਾਰ ਸਨ,ਉਹ ਮੁਸ਼ੱਕਤਾਂ ਕਰਕੇ ਵੱਡੇ ਕਿਰਸਾਣ ਬਣ ਗਏ।ਜਿਹਨਾਂ ਪਿੱਛੇ ਸੁੱਖ ਅਰਾਮ ਕਾਫ਼ੀ ਵੇਖਿਆ ਸੀ,ਉਹ ਫਾਡੀ ਰਹਿ ਗਏ।ਸਾਡੇ ਪੁਰਖੇ ਵੀ ਕੋਈ ਜ਼ਿਆਦਾ ਸਖਤ ਮਿਹਨਤ ਕਰਨ ਵਾਲੇ ਨਹੀਂ ਸਨ,ਪਰ ਜ਼ਮੀਨ ਖੁੱਲ੍ਹੀ ਹੋਣ ਕਾਰਨ ਗੁਜ਼ਾਰਾ ਠੀਕ ਚਲਦਾ ਰਿਹਾ।

?ਮੈਂ ਤਾਂ ਸੁਣਿਆਂ,ਤੁਹਾਡੇ ਵਡੇਰੇ ਬੜੇ ਵੱਡੇ ਜ਼ਿਮੀਂਦਾਰ ਸਨ।ਲਹਿੰਦੇ ਪੰਜਾਬ ਵਿਚ ਭਲਾ ਕਿਹੜਾ ਪਿੰਡ ਸੀ।
-ਜ਼ਮੀਨ ਤਾਂ ਚੰਗੀ ਸੀ,ਬਿਲਿੰਗ ਜੀ।ਮੇਰੇ ਪਿਤਾ ਹੋਰੀਂ ਤਿੰਨ ਭਰਾ ਸਨ।ਪਿੰਡ ਰਾਜਾ,ਤਹਿਸੀਲ ਕਾਮੋਕੀ ਮੰਡੀ, ਜ਼ਿਲ੍ਹਾ ਗੁਜਰਾਂਵਾਲਾ ਵਿਚ ਉਹਨਾਂ ਤਿੰਨਾਂ ਭਰਾਵਾਂ ਕੋਲ ਪੰਦਰਾਂ ਮੁਰੱਬੇ ਸਨ ਜਿਹੜੇ ਇਧਰ ਕੱਟ-ਕਟਾ ਕੇ ਅੱਧੇ ਹੀ ਮਿਲੇ ਤੇ ਉਹ ਵੀ ਗੈਰ ਅਬਾਦ।

? ਤੁਹਾਡੇ ਪਰਿਵਾਰ ਨੂੰ ਵੀ ਬੰਦਿਆਂ ਦਾ ਨੁਕਸਾਨ ਝੱਲਣਾ ਪਿਆ।

-ਨਹੀਂ ਭਰਾ।ਇਸ ਪੱਖੋਂ ਇਹ ਤੇ ਲੱਖਾਂ ਨਾਲੋਂ ਖੁਸ਼ਕਿਸਮਤ ਰਹੇ।ਪਰਿਵਾਰ ਦਾ ਕੋਈ ਜੀਅ ਉਸ ਅੰਨ੍ਹੀ ਬੋਲ਼ੀ ਹਨੇਰੀ ਦੀ ਭੇਟ ਨਹੀਂ ਚੜ੍ਹਿਆ।ਪਰ ਬਟਵਾਰੇ ਦਾ ਦੁੱਖ ਤਾਂ ਸਾਰੇ ਹਿੰਦੂ ਸਿੱਖ ਭਾਈਚਾਰੇ ਦਾ ਸਾਂਝਾ ਸੀ।ਸਾਡਾ ਪਿੰਡ ਲਹੌਰ ਦੀਆਂ ਜੜ੍ਹਾਂ ਵਿਚ ਵੱਸਿਆ ਸੀ।ਲਹੌਰ ਉਦੋਂ ਭਾਰਤ ਦਾ ਵੱਡਾ ਸ਼ਹਿਰ ਸੀ। ਸੋ ਆਰਥਿਕ ਉਜਾੜੇ ਦੀ ਭਰਪਾਈ ਤਾਂ ਹੋ ਹੀ ਨਹੀਂ ਸਕਦੀ।ਉਸ ਉਜਾੜੇ ਬਾਰੇ ਬੜੀਆਂ ਵਿਗੋਚੇ ਭਰੀਆਂ ਗੱਲਾਂ ਮੈਂ ਆਪਣੇ ਵਡੇਰਿਆਂ ਤੋਂ ਸੁਣਦਾ ਰਿਹਾਂ।ਇਕ ਗੱਲ ਮੇਰੀ ਦਾਦੀ ਮਰਨ ਤੀਕ ਕਹਿੰਦੀ ਰਹੀ,” ਮਣਾਂ ਮੂੰਹੀਂ ਦੁੱਧ ਦੇਂਦੀਆਂ ਮੱਝਾਂ ਚੋਣ ਤੋਂ ਬਿਨਾਂ ਛੱਡ ਆਏ ਸਾਂ।ਵੇ ਉਹ ਅਜੇ ਵੀ ਉਵੇਂ ਕੰਨਾਂ ਨੂੰ ਅੜਿੰਗਦੀਆਂ ਸੁਣਦੀਆਂ।”

?ਪਰਿਵਾਰ ਦਾ ਮਾਇਕ ਪੱਖ ਏਨਾ ਮਜ਼ਬੂਤ ਹੋਣ ਦੇ ਬਾਵਜੂਦ ਸਕੂਲ ਦੀਆਂ ਮੁਢਲੀਆਂ ਜਮਾਤਾਂ `ਚ ਹੀ ਪੜ੍ਹਾਈ ਤੋਂ ਮੁਕਰੀ ਕਿਉਂ ਖਾ ਗਏ।

-ਸਕੂਲ,ਆਪਣੇ ਪਿੰਡ ਅੰਮ੍ਰਿਤਸਰ ਕਲਾਂ ਤੋਂ ਸ਼ੁਰੂ ਜ਼ਰੂਰ ਕੀਤਾ।ਦੋ ਸਾਲ ਸਾਡੇ ਨੇੜਲੇ ਪਿੰਡ ਕਰੀਵਾਲ਼ੇ ਵੀ ਗਿਆਂ।ਜੀਵਨ ਨਗਰ ਵਿਖੇ ਨਾਮਧਾਰੀਆਂ ਵੱਲੋਂ ਚਲਾਏ ਜਾਂਦੇ ਸਤਿਗੁਰੂ ਹਰੀ ਸਿੰਘ ਮਹਾਂ ਵਿਦਿਆਲਾ ਵਿਚ ਪੜ੍ਹਿਆਂ ਹਾਂ।ਪਰ ਅੱਠਵੀਂ ਪਾਸ ਨਹੀਂ ਕਰ ਸਕਿਆ।ਬਸ ਏਹੀ ਸਕੂਲ ਨਾ ਜਾਣ ਦਾ ਚੰਗਾ ਬਹਾਨਾ ਬਣ ਗਿਆ।ਉਂਝ ਸਕੂਲੇ ਜਾਣਾ ਮੈਨੂੰ ਪਹਿਲੇ ਦਿਨੋਂ ਹੀ ਬਹੁਤ ਡਰਾਉਣਾ ਤੇ ਫਜ਼ੂਲ ਲੱਗਦਾ।ਡਰਾਣ ਵਿਚ ਮੈਂ ਅੱਜ ਸੋਚਦਾਂ,ਉਸ ਟਾਈਮ ਦੇ ਮਾਸਟਰਾਂ ਦੀ ਕੁੱਟ ਵੀ ਖ਼ਾਸ ਕਾਰਨ ਸੀ ਜਿਹੜੇ ਬੱਚੇ ਦੀ ਪੜ੍ਹਾਈ ਦੀ ਕਮਜ਼ੋਰੀ ਨੂੰ ਡਾਂਗ ਨਾਲ ਹੀ ਸੁਧਾਰਨ ਦੇ ਆਦੀ ਸਨ।ਜਵਾਕ ਦੇ ਮਨ ਜਾਂ ਸੋਚਣ ਢੰਗ ਨੂੰ ਪੜ੍ਹ ਕੇ ਚੰਗੀ ਕੌਂਸਲਿੰਗ ਕਰਨ ਨਾਂ ਦੀ ਚੀਜ਼ ਸਾਡੇ ਬਹੁਤੇ ਅਧਿਆਪਕਾਂ ਤੋਂ ਕੋਹਾਂ ਦੂਰ ਸੀ। ਅਗਲਾ ਕਾਰਨ ਅਵਤਾਰ ਜੀ ਏਹ ਸੀ ਕਿ ਜਦੋਂ ਸਾਡੇ ਪਿੰਡ ਦੇ ਕਿਸੇ ਛੇੜੂ ਨੇ ਸਕੂਲ ਕੋਲੋਂ ਸੰਮਾਂ ਵਾਲ਼ੀ ਡਾਂਗ ਮੋਢੇ `ਤੇ ਧਰ ਕੇ ਵੱਗ ਨੂੰ ਲੈ ਕੇ ਲੰਘਣਾ ਤਾਂ ਉਸਨੇ ਸਾਨੂੰ ਆਜ਼ਾਦ ਜ਼ਿੰਦਗੀ ਦਾ ਹੀਰੋ ਲੱਗਣਾਂ।ਤੇ ਸਕੂਲ ਜਾਣਾ ਮੈਨੂੰ ਖਾਹਮਖਾਹ ਚੱਟੀ ਭਰਨਾ ਜਾਪਦਾ।ਜਾਂ ਕਦੀ ਕਿਸੇ ਨੇ ਘੋੜੀ `ਤੇ ਚੜ੍ਹ ਕੇ ਸਕੂਲ ਵੱਲ ਵੇਖਦੇ ਲੰਘਣਾ ਤਾਂ ਇੰਝ ਲੱਗਣਾ,ਕੋਈ ਜ਼ਿੰਦਗੀ ਨੂੰ ਰੂਹ ਨਾਲ ਜਿਊਣ ਵਾਲ਼ਾ,ਜ਼ਿੰਦਗੀ ਦਾ ਰਾਣਾ ਹਵਾ ਨਾਲ ਅਠਖੇਲੀਆਂ ਕਰਦਾ ਲੰਘਿਆ ਏ।ਉਧਰ ਮੈਂ ਆਪਣੇ ਆਪ ਨੂੰ ਇਸ ਤਰਾਂ ਸਮਝਣਾ ਜਿਸ ਤਰਾਂ ਕੁੱਕੜ ਖੁੱਡੇ ਵਿਚ ਤਾੜਿਆ ਬੈਠਾ ਹੋਵੇ।

?ਫੇਰ ਏਨੀ ਵਿਦਵਤਾ ਤੇ ਸੋਝੀ ਕਿੱਥੋਂ ਹਾਸਿਲ ਕੀਤੀ।
-ਜਿੰਨੀ ਕੁ ਵੀ ਸੋਝੀ ਹੈ, ਉਸਦਾ ਪਹਿਲਾ ਬੀਜ ਤਾਂ ਘਰ ਦੇ ਮਹੌਲ ਤੋਂ ਹੀ ਬੀਜਿਆ ਗਿਆ।ਮੇਰੇ ਪਿਤਾ ਸਰਦਾਰ ਜਸਵੰਤ ਸਿੰਘ ਜੋ ਪਿੰਡ ਵਿਚ ਰਾਜ ਸਿੰਘ ਕਰਕੇ ਜਾਣੇ ਜਾਂਦੇ,ਉਧਰੋਂ ਪਾਕਿਸਤਾਨ ਤੋਂ ਹੀ ਅੱਠ ਜਮਾਤਾਂ ਪੜ੍ਹਕੇ ਆਏ ਸਨ।ਕਿਤਾਬਾਂ ਪੜ੍ਹਨ ਦੀ ਰੁਚੀ ਉਹਨਾਂ ਦੀ ਬੜੀ ਡੂੰਘੀ ਸੀ।ਉਸ ਵਕਤ ਬੰਬਈ ਤੋਂ ਉਰਦੂ ਦਾ ਅਖ਼ਬਾਰ `ਬਲਿਟਜ਼`ਨਿਕਲਦਾ ਸੀ ਜਿਸਦਾ ਸੰਪਾਦਕ ਕਰੰਜੀਆ ਸੀ।ਪਿਤਾ ਜੀ ਉਸਦੇ ਕਾਫ਼ੀ ਉਪਾਸ਼ਕ ਸਨ।ਇਸਦੇ ਨਾਲ ਮੇਰੇ ਬਜ਼ੁਰਗ ਆਲੇ ਦੁਆਲੇ ਦੇ ਪਿੰਡਾਂ ਵਿਚ ਇਕ ਚੰਗੇ ਗੱਲਕਾਰ,ਪਰੇ੍ਹ-ਪੰਚਾਇਤੀ ਵਜੋਂ ਵਿਚਰਦੇ ਜਿਸ ਕਰਕੇ ਸਾਡੇ ਘਰ ਇਲਾਕੇ ਦੇ ਤੁਰਨ ਫਿਰਨ ਵਾਲ਼ੇ ਲੋਕਾਂ ਦੀ ਆਉਣੀ-ਜਾਣੀ ਆਮ ਸੀ।ਅਤੇ ਛੋਟੇ ਹੁੰਦੇ ਇਹਨਾਂ ਆਏ-ਗਏ ਬੰਦਿਆਂ ਨੂੰ ਰੋਟੀ ਪਾਣੀ ਖਵਾਣ-ਪਿਆਣ ਦੀ ਜ਼ੁੰਮੇਵਾਰੀ ਮੇਰੀ ਹੁੰਦੀ ।ਸੋ ਬਜ਼ੁਰਗਾਂ ਨਾਲ਼ ਉਨ੍ਹਾਂ ਆਏ ਮਹਿਮਾਨਾਂ ਦੀ ਗੱਲਬਾਤ ਮੇਰੇ ਕੰਨ ਰਸ ਦਾ ਸਰੋਤ ਸੀ ਜਿਸਨੇ ਮੈਨੂੰ ਚੰਗੀਆਂ ਗੱਲਾਂ ਸੁਣਨ ਦਾ ਚਸਕਾ ਲਾਇਆ।

?ਵਿਰਕ ਜੀ,ਤੁਹਾਨੂੰ ਸਾਹਿਤ ਨਾਲ਼ ਜੋੜਨ ਵਾਲੀ ਪਹਿਲੀ ਹਸਤੀ ਕਿਹੜੀ ਸੀ।
-ਗੱਲਬਾਤ ਸੁਣਨ ਦਾ ਚਸਕਾ ਤਾਂ ਹੈਗਾ ਹੀ ਸੀ,ਅਵਤਾਰ ਜੀ।ਸਾਹਿਤ ਨਾਲ ਸਭਤੋਂ ਪਹਿਲਾਂ ਜੋੜਨ ਵਾਲਾ ਮੇਰੇ ਗਵਾਂਢ ਵਿਚੋਂ ਮੇਰਾ ਬਚਪਨ ਦਾ ਦੋਸਤ ਸੀ ਜੋ ਅੱਜ ਕੱਲ੍ਹ ਦਿੱਲੀ ਰਹਿੰਦਾ ਹੈ।ਉਸਤੋਂ ਮੈਂ ਪਹਿਲੀ ਵਾਰ ਸ਼ਿਵ ਕੁਮਾਰ ਬਟਾਲਵੀ ਦਾ ਨਾਮ ਸੁਣਿਆਂ।ਉਸਨੇ ਹੀ ਮੈਨੂੰ ਸਭ ਤੋਂ ਪਹਿਲੀ ਕਿਤਾਬ ਕੰਵਲ ਦਾ ਨਾਵਲ `ਪੂਰਨਮਾਸ਼ੀ` ਪੜ੍ਹਾਇਆ ਜਿਸਨੇ ਉਸ ਟਾਈਮ ਮੇਰੇ `ਤੇ ਜਾਦੂ ਵਰਗਾ ਅਸਰ ਕੀਤਾ।ਇਹ ਸਭ ਇਸ ਤਰਾਂ ਵਾਪਰਿਆ,ਬਿਲਿੰਗ ਜੀ,ਜਿਵੇਂ ਵੱਤਰ ਜ਼ਮੀਨ ਵਿਚ ਚੰਗਾ ਤੇ ਸਮੇਂ ਸਿਰ ਪਿਆ ਬੀਜ ਹਰਿਆਲੀ ਲੈ ਕੇ ਆਉਂਦਾ ਏ।

?ਆਪਣੇ ਉਸ ਦਿੱਲੀ ਵਾਲੇ ਯਾਰ ਦਾ ਨਾਉਂ ਦੱਸਣਾ ਚਾਹੋਗੇ,ਵਿਰਕ ਜੀ।ਕੀ ਕਦੇ ਹੁਣ ਵੀ ਉਸਨੂੰ ਮਿਲੇ ਹੋ।
-ਕਿਉਂ ਨਹੀਂ। ਉਹਨਾਂ ਦਾ ਨਾਂ ਗੁਰਚਰਨ ਸਿੰਘ ਹੈ।ਉਸਨੂੰ ਮਿਲਿਆਂ ਵਾਹਵਾ ਚਿਰ ਹੋ ਗਿਆ।ਮੈਨੂੰ ਸਾਹਿਤ ਦੀ ਉਂਗਲ ਫੜਾ ਕੇ ਉਹ ਆਪ ਬਿਜ਼ਨਸ `ਚ ਜ਼ਿਆਦਾ ਰੁਚੀ ਵਿਖਾਣ ਲੱਗ ਪਏ।

?ਅੱਛਾ ਜੀ,ਤੁਹਾਨੂੰ ਸਾਰੇ ਕਾਮਰੇਡ ਹਰਦੇਵ ਵਿਰਕ ਕਰਕੇ ਜਾਣਦੇ।ਇਹ ਕਾਮਰੇਡੀ ਦੀ ਲਗਨ ਭਲਾ ਕੀਹਨੇ ਲਾਈ।

-ਮੇਰੇ ਬਾਪੂ ਜੀ ਦਾ ਇਕ ਦੋਸਤ ਸੀ -ਬਲਵੀਰ ਸਿੰਘ ਜਿਸਨੂੰ ਇਲਾਕੇ `ਚ ਸਾਰੇ ਲੋਕ `ਬੀਰਾ ਰੂਸ` ਕਹਿੰਦੇ।ਦਾਨਸ਼ਮੰਦ ਇਨਸਾਨ ਸੀ ਉਹ।ਉਸਦੀਆਂ ਜਾਗੀਰਦਾਰੀ ਤੋਂ ਹਟ ਕੇ ਕੀਤੀਆਂ ਤਰਕਸ਼ੀਲ ਗੱਲਾਂਬਾਤਾਂ ਨੇ ਮੈਨੂੰ ਪ੍ਰ੍ਰੇਰਤ ਕੀਤਾ।ਇਸਦੇ ਨਾਲ ਹੀ ਸਾਡੇ ਪਿੰਡ ਦੇ `ਭਗਤਾਂ ਦੇ ਲਾਣੇ` ਵਿਚੋਂ ਚੰਡੀਗੜ੍ਹ ਤੋਂ ਉਹਨੀਂ ਦਿਨੀਂ ਤਾਜ਼ਾ-ਤਾਜ਼ਾ ਲਾਅ ਪਾਸ ਕਰਕੇ ਆਏ ਜਸਵੰਤ ਸਿੰਘ ਜੋਸ਼ ਦੀ ਸੰਗਤ ਨੇ ਮੇਰੇ ਵਰਗੇ ਕਈਆਂ ਦਾ ਸੋਚਣ ਦਾ ਨਜ਼ਰੀਆ ਵਿਗਿਆਨਕ ਤੇ ਵਿਸ਼ਾਲ ਬਣਾ ਦਿੱਤਾ।ਮੇਰੇ ਪਿੰਡ ਦੇ ਇਹ ਸੂਝਵਾਨ ਸੱਜਨ ਆਪਣੀ ਸਰੀਰਕ ਸਮਰੱਥਾ ਮੁਤਾਬਿਕ ਅੱਜ ਵੀ ਇਲਾਕੇ ਦੇ ਸਾਂਝੇ ਕੰਮਾਂ ਲਈ ਤੱਤਪਰ ਰਹਿੰਦੇ ਹਨ।

?ਤੁਸੀਂ ਬਹੁਤ ਸਾਰੇ ਸਾਹਿਤਕਾਰਾਂ,ਬੁੱਧੀਜੀਵੀਆਂ,ਚਿੰਤਕਾਂ ਦੀ ਸੰਗਤ ਮਾਣੀ ਹੈ।ਕਦੇ ਇਹ ਖਿਆਲ ਕੀਤਾ ਕਿ ਕਿਹੜੀ ਸਾਹਿਤਕ ਹਸਤੀ ਨੇ ਤੁਹਾਨੂੰ ਸਭਤੋਂ ਵੱਧ ਪ੍ਰਭਾਵਤ ਕੀਤਾ?
-ਮੁੱਢਲਾ ਪ੍ਰਭਾਵ ਤਾਂ ਮੇਰੇ ਬਾਪੂ ਜੀ ਦਾ ਹੀ ਹੈ ਕਿਉਂਕਿ ਬਚਪਨ ਵਿਚ ਜਦੋਂ ਕਿਸੇ ਹੋਰ ਆਦਮੀ ਨੂੰ ਵੇਖਦਾ ਤਾਂ ਉਹਦਾ ਮੈਂ ਆਪਣੇ ਪਿਤਾ ਜੀ ਨਾਲ ਮੁਕਾਬਲਾ ਕਰਦਾ।ਉਹ ਮਸਲਾ ਚਾਹੇ ਪੰਚਾਇਤੀ ਗੱਲ ਨਿਪਟਾਉਣ ਦਾ ਹੁੰਦਾ।ਕਪੜਾ-ਲੀੜਾ ਪਾਣ ਦਾ ਹੁੰਦਾ,ਸਲੀਕੇ ਨਾਲ ਬੈਠ ਕੇ ਰੋਟੀ ਪਾਣੀ ਛਕਣ ਦਾ ਹੁੰਦਾ ਜਾਂ ਆਪਣੇ ਤੋਂ ਛੋਟੇ ,ਅੜੇ-ਥੁੜੇ ਨੂੰ ਮਾਨ-ਸਤਿਕਾਰ ਦੇਣ ਦਾ ਹੁੰਦਾ। ਫਿਰ ਕੈਨੇਡਾ ਆ ਕੇ ਮੈਂ ਇਸ ਪੱਖੋਂ ਬੜਾ ਖੁਸ਼ਕਿਸਮਤ ਰਿਹਾ।ਕਈ ਦਾਨਸ਼ਮੰਦਾਂ ਨੂੰ ਬੜਾ ਨੇੜਿਓਂ ਮਿਲਣ ਅਤੇ ਜਾਨਣ ਦਾ ਸਬੱਬ ਬਣਿਆਂ ਜਿਹਨਾਂ ਵਿਚ ਕਾਮਰੇਡ ਜਗਜੀਤ ਸਿੰਘ ਆਨੰਦ, ਡਾਕਟਰ ਸਾਧੂ ਸਿੰਘ,ਡਾਕਟਰ ਰਘਬੀਰ ਸਿੰਘ ਸਿਰਜਣਾ,ਸੁਰਜੀਤ ਪਾਤਰ,ਵਰਿਆਮ ਸਿੰਘ ਸੰਧੂ,ਡਾ ਰਜਨੀਸ਼ ਬਹਾਦਰ ਸਿੰਘ,ਸੁਕੀਰਤ ਤੇ ਹੋਰ ਵੀ ਕਈ ਸੱਜਨ ਹਨ।ਜਿਵੇਂ ਸਰੀਰ ਸਿਰਫ਼ ਇਕ ਤੱਤ ਤੋਂ ਹੀ ਨਹੀਂ ਬਣਿਆ,ਕਈ ਤੱਤਾਂ ਦਾ ਸੁਮੇਲ ਹੈ।ਇੰਝ ਹੀ ਇਕ ਵਿਅਕਤੀ ਵੱਖੋ ਵੱਖਰੇ ਸਮਿਆਂ `ਤੇ ਕਿੰਨੇ ਹੀ ਵਿਚਾਰਾਂ ਤੇ ਬੰਦਿਆਂ ਤੋਂ ਪ੍ਰਭਾਵਤ ਹੁੰਦਾ।

?ਕਾਮਰੇਡ ਜਗਜੀਤ ਸਿੰਘ ਆਨੰਦ ਦੀ ਮਿਕਨਾਤੀਸੀ ਸ਼ਖ਼ਸੀਅਤ ਬਾਰੇ ਨਾ ਭੁਲਾਉਣਜੋਗ ਵਿਸ਼ੇਸ਼ਤਾ ,ਗੁਣ ਜਾਂ ਔਗੁਣ ਬਾਰੇ ਕੁਝ ਹੋਰ ਕਹਿਣਾ ਚਾਹੋਗੇ।
-ਆਨੰਦ ਸਾਹਿਬ ਨੂੰ ਜਿੰਨਾ ਕੁ ਮੈਂ ਪੜ੍ਹਿਆ,ਸੁਣਿਆ ਜਾਂ ਜਾਣਿਆ ਏ,ਉਸ ਪੱਧਰ ਦੀ ਬਹੁਪੱਖੀ ਸ਼ਖ਼ਸੀਅਤ ਵਿਚੋਂ ਔਗੁਣ ਲੱਭਣਾ ਮੇਰੇ ਲਈ ਮੁਸ਼ਕਲ ਹੀ ਨਹੀਂ ਸਗੋਂ ਨਾਮੁਮਕਿਨ ਏ।ਪਰ ਜੇ ਫਿਰ ਵੀ ਕੋਈ ਮੀਨ ਮੇਖ ਕੱਢਣੀ ਹੋਵੇ ਤਾਂ ਏਹੀ ਕਹਿ ਸਕਦਾਂ ਕਿ ਉਹਨਾਂ ਦੇ ਸੁਭਾਅ ਵਿਚ ਕੌੜ ਬਹੁਤ ਸੀ ।ਜਜ਼ਬਾਤੀ ਇਨਸਾਨ ਸਨ।ਉਹਨਾਂ ਦੇ ਗੁਣਾਂ ਵਾਲਾ ਇਨਸਾਨੀ ਪੱਖ,ਭਾਈਚਾਰਕ ਪੱਖ ਮੈਨੂੰ ਬਹੁਤ ਟੁੰਬਦਾ ਸੀ।ਉਹਨਾਂ ਦੀ ਜਾਣ ਪਛਾਣ ਵਾਲੇ ਬੰਦੇ ਦਾ ਜੇ ਕੋਈ ਕੰਮ ਜਾਇਜ਼ ਹੋਵੇ,ਯਕੀਨ ਕਰਨਜੋਗ ਹੋਵੇ,ਫਿਰ ਉਹਦੀ ਸਮੱਸਿਆ ਕਾਮਰੇਡ ਆਨੰਦ ਦੀ ਆਪਣੀ ਨਿੱਜੀ ਸਮੱਸਿਆ ਬਣ ਜਾਂਦੀ ਜਿਸਦੇ ਹੱਲ ਲਈ ਪੂਰਾ ਤਾਣ ਲਾਣਾ ਕਾਮਰੇਡ ਆਨੰਦ ਆਪਣਾ ਫਰਜ਼ ਸਮਝਦੇ ਸਨ।

?ਕਿਸੇ ਵਿਅਕਤੀ ਦਾ ਪ੍ਰਭਾਵ ਕਬੂਲਣਾ ਹੈ ਜਾਂ ਨਹੀਂ।ਇਹ ਕਿਵੇਂ ਪਰਖਦੇ ਹੋ।
-ਏਥੇ ਮੇਰੀ ਵੀ ਇਕ ਸੀਮਾ ਹੈ,ਬਿਲਿੰਗ ਜੀ।ਜਿਹੜਾ ਸ਼ਖ਼ਸ ਆਪਣੇ ਆਪ ਨੂੰ ਦਾਨਸ਼ਮੰਦ ਅਖਵਾਂਦਾ, ਕਿਸੇ ਖ਼ਾਸ ਭਾਈਚਾਰੇ ਨੂੰ ਰੰਗਾਂ,ਨਸਲਾਂ,ਧਰਮਾਂ,ਜਾਤਾਂ ਕਰਕੇ ਪਰਖੇ ਜਾਂ ਆਪਣੇ ਹੀ ਭਾਈਚਾਰੇ,ਧਰਮ-ਨਸਲ ਨੂੰ ਵਿਸ਼ੇਸ਼ ਸਮਝੇ,ਮੇਰਾ ਉਸਨੂੰ ਦੂਰੋਂ ਹੀ ਸਲਾਮ ਹੈ।

?ਤੁਸੀਂ ਆਪਣੀ ਸੁਪਤਨੀ ਸਰਦਾਰਨੀ ਭੂਪਿੰਦਰ ਕੌਰ ਵਿਰਕ ਬਾਰੇ ਕੀ ਤੇ ਕਿਵੇਂ ਸੋਚਦੇ ਹੋ।
-ਵੇਖੋ ਭਰਾ ਜੀ,ਕੁਝ ਲੋਕ ਬੜੇ ਦੁਖੀ ਹੋ ਕੇ ਕਹਿੰਦੇ ਸੁਣੀਂਦੇ ਨੇ,ਪਈ,ਘਰ ਵਾਲੀ ਹਰ ਰੋਜ਼ ਘਰ ਹੀ ਰਹਿੰਦੀ।ਪਿੱਛਾ ਛੱਡਦੀ ਨਹੀਂ।ਕਦੀ ਸਾਕ-ਸਕੀਰੀ ਵਿਚ ਜਾਂਦੀ ਹੀ ਨ੍ਹੀਂ।ਪਰ ਜੇ ਮੇਰੀ ਜੀਵਨ ਸਾਥਣ ਕਦੀ ਕੁਝ ਘੰਟਿਆਂ ਲਈ ਵੀ ਚਲੀ ਜਾਵੇ,ਮੇਰੇ ਲਈ ਤੇ ਹਨੇਰ ਪੈ ਜਾਂਦਾ ਏ ।ਜੱਗ ਸੁੰਨਾ ਹੋ ਜਾਂਦਾ।ਇਸੇ ਦੀ ਕ੍ਰਿਪਾ ਨਾਲ ਏਹ ਸਭ ਪ੍ਰਾਪਤੀਆਂ ਨੇ, ਭਰਾਵਾ।

?ਤੁਸੀਂ ਸਾਹਿਤ ਦੇ ਚੰਗੇ ਪਾਠਕ ਹੋ,ਪਾਰਖੂ ਹੋ।ਤੁਹਾਡੇ ਖਿਆਲ ਅਨੁਸਾਰ ਸਾਹਿਤ ਦਾ ਅਸਲ ਮੰਤਵ ਕੀ ਹੈ।
-ਮੇਰੀ ਸੋਚ ਮੁਤਾਬਿਕ ਸਾਹਿਤ ਰੋਸ਼ਨੀ ਦਾ ਪ੍ਰਤੀਕ ਹੈ।ਜੇ ਅਸੀਂ ਕਿਸੇ ਮਕਾਨ ਅੰਦਰ ਦਾਖਲ ਹੁੰਦੇ ਹਾਂ,ਉਥੇ ਚਾਨਣ ਦਾ ਇੰਤਜ਼ਾਮ ਨਾ ਹੋਵੇ ਤਾਂ ਅਸੀਂ ਕੰਧਾਂ ਵਿਚ ਟੱਕਰਾਂ ਮਾਰਾਂਗੇ।ਸੋ ਸਾਹਿਤ ਸਾਡੀ ਜ਼ਿੰਦਗੀ ਵਿਚ ਸੋਝੀ ਰੂਪੀ ਰੋਸ਼ਨੀ ਲੈ ਕੇ ਆਉਂਦਾ ਜਿਸ ਨਾਲ ਅਸੀਂ ਚੰਗੇ ਮਾੜੇ,ਉੱਚੇ ਨੀਵੇਂ ਦੀ ਪਰਖ ਕਰਨ ਦੇ ਜੋਗ ਹੋ ਜਾਦੇ ਹਾਂ।ਜਿਹੜੀ ਰਚਨਾ ਅੰਦਰ ਪਾਠਕ ਦੇ ਮਨ ਨੂੰ ਰੁਸ਼ਨਾਉਣ ਦਾ ਮੀਰੀ ਗੁਣ ਨਹੀਂ,ਉਹ ਰਚਨਾ ਰਸ ਤੋਂ ਸੱਖਣੇ,ਫਿਕਲ਼ੇ ਗੰਨੇ ਵਰਗੀ ਹੈ।

?ਢੇਰਾਂ ਦੇ ਢੇਰ ਪੁਸਤਕਾਂ ਪੜ੍ਹਨ ਦਾ ਤੁਹਾਨੂੰ ਕੀ ਫਾਇਦਾ ਹੋਇਆ,ਵਿਰਕ ਜੀ।
-ਸਾਹਿਤ ਨੇ ਮੈਨੂੰ ਜੱਟਵਾਦ ਦੇ ਖਾਹਮਖਾਹ ਦੇ ਭੂਤ ਤੋਂ ਛੁਟਕਾਰਾ ਦਿਵਾਇਆ ਹੈ।ਜੇਕਰ ਮੈਂ ਆਪਣੀ ਪਤਨੀ ਨੂੰ ਆਪਣਾ ਇਕ ਚੰਗਾ ਮਿੱਤਰ ਸਮਝਣ ਲੱਗ ਪਿਆ ਹਾਂ,ਏਹ ਸਾਹਿਤ ਪੜ੍ਹਨ ਕਾਰਨ ਆਈ ਸੋਝੀ ਕਰਕੇ ਹੈ।ਜੇਕਰ ਮੈਂ ਆਪਣੀਆਂ ਪੋਤੀਆਂ ਦੋਹਤੀਆਂ ਨੂੰ ਵੀ ਕੁਝ ਚੰਗਾ ਬਣਨ,ਨਵਾਂ ਸਿੱਖਣ ਦੀ ਪ੍ਰੇਰਨਾ ਦਿੰਦਾ ਹਾਂ ਤਾਂ ਸਾਹਿਤ ਪੜ੍ਹਨ ਕਾਰਨ।ਉਹਨਾਂ ਨੂੰ ਆਪਣੇ ਵਡੇਰੇਪਣ ਦੀ ਹੈਂਕੜ ਨੂੰ ਲਾਹ ਕੇ ਕੂੜੇ ਵਿਚ ਭਾਵੇਂ ਨਹੀਂ,ਪਰ ਗਲ਼ੋਂ ਲਾਹ ਕੇ ਕਿਸੇ ਖੂੰਜੇ ਵਿਚ ਸੁੱਟਣ ਦੀ ਸਿੱਖਿਆ ਜੇ ਮੈਂ ਦਿੰਦਾ ਹਾਂ ਤਾਂ ਸਾਹਿਤ ਦੀ ਵਡਿਆਈ ਕਰਕੇ ਹੈ।

?ਸਾਹਿਤ ਵਿਚੋਂ ਤੁਹਾਡੀ ਪਸੰਦ ਦਾ ਪਾਤਰ ਕਿਹੜਾ ਹੈ।
-ਗੋਰਕੀ ਦੀ ਕਿਤਾਬ `ਮਾਂ` ਅਤੇ ਉਸ ਵਿਚਲਾ ਮਾਂ ਦਾ ਪਾਤਰ ਦੁਨੀਆਂ ਭਰ ਦੀਆਂ ਮਾਵਾਂ ਵਾਸਤੇ ਪ੍ਰੇਰਨਾ ਸਰੋਤ ਹੈ।`ਨਵੀਂ ਧਰਤੀ ਨਵੇਂ ਸਿਆੜ` ਦਾ ਲਿਖਾਰੀ ਐਸੀ ਰੌਚਕਤਾ ਨਾਲ ਸਾਰੀ ਸਥਿਤੀ ਬਿਆਨ ਕਰਦਾ ਹੈ ਕਿ ਤੁਸੀਂ ਪਾਠਕ ਨਾ ਹੋ ਕੇ ਆਪਣੇ ਆਪ ਨੂੰ ਨਾਵਲ ਦਾ ਕੋਈ ਨਾ ਕੋਈ ਪਾਤਰ ਹੀ ਮਹਿਸੂਸ ਕਰਨ ਲੱਗ ਪੈਂਦੇ ਹੋ।ਗੁਰਦਿਆਲ ਸਿੰਘ ਦਾ `ਪਰਸਾ` ਨਾਵਲ ਦਾ ਪਾਤਰ ਹੀ ਨਹੀਂ,ਪੰਜਾਬ ਦੀ ਉਹਨਾਂ ਸਮਿਆਂ ਦੀ ਖ਼ੁਦਦਾਰੀ ਦਾ ਪ੍ਰਤੀਕ ਹੈ।ਜਿਹੜੀ ਖ਼ੁਦਦਾਰੀ ਕੇਵਲ ਜੱਟਾਂ ਦੀ ਜਾਇਦਾਦ ਨਹੀਂ,ਸਮੁੱਚੇ ਪੰਜਾਬ ਦੀ ਜ਼ਮੀਰ ਹੈ।ਵਰਿਆਮ ਸੰਧੂ ਦੀ ਕਹਾਣੀ `ਹੁਣ ਮੈਂ ਠੀਕ ਠਾਕ ਹਾਂ` ਦਾ ਪਾਤਰ ਜੌਤਾ ਸਭਰਾਵਾਂ ਵਾਲਾ ਆਪਣੇ ਤੋਂ ਅੱਧੇ ਇਕ ਅਤਿਵਾਦੀ ਅੱਗੇ ਜਦੋਂ ਬੇਚਾਰਾ ਬਣ ਕੇ ਖੜ੍ਹਾ ਹੁੰਦਾ ਤਾਂ ਉਸ ਵੇਲੇ ਇਕ ਪਾਤਰ ਹੀ ਨਹੀਂ,ਸਮੁੱਚਾ ਪੰਜਾਬ ਹੀ ਬੇਚਾਰਾ ਬਣਿਆ,ਰੂਪਮਾਨ ਹੋ ਜਾਂਦਾ।

?ਸੁਰਜੀਤ ਪਾਤਰ ਦੀ ਕਵਿਤਾ ਵਿਚ ਬਾਕੀਆਂ ਨਾਲੋਂ ਵੱਖਰਾ ਅਜਿਹਾ ਕਿਹੜਾ ਗੁਣ ਹੈ ਜਿਸਨੇ ਤੁਹਾਨੂੰ ਏਨਾ ਪ੍ਰਭਾਵਤ ਕੀਤਾ ਹੈ।
-ਉਂਝ ਤੇ ਕਈ ਪੱਖ ਨੇ ਬਿਲਿੰਗ ਜੀ।ਪਰ ਸੌਖੇ ਲਫ਼ਜ਼ਾਂ ਵਿਚ ਸਮੇਂ ਦੀ ਵੱਡੀ ਗੱਲ ਕਹਿ ਜਾਣਾ,ਪਾਤਰ ਦੀ ਸ਼ਾਇਰੀ ਦਾ ਇਕ ਮੀਰੀ ਗੁਣ ਹੈ।

?ਪਾਤਰ ਤੇ ਪਾਸ਼ ਦੀ ਰਚਨਾ ਵਿਚ ਫੇਰ ਕੀ ਅੰਤਰ ਹੈ।
-ਮੇਰੀ ਸਮਝ ਮੁਤਾਬਿਕ ਪਾਸ਼ ਲਿਖਦੇ ਵਕਤ ਲਾਲ ਸਿਆਹੀ ਦੀ ਦਵਾਤ ਵਿਚੋਂ ਕਟਾਰ ਨਾਲ ਟੋਬਾ ਲੈ ਕੇ ਲਿਖਦਾ ਹੈ।ਜਦੋਂਕਿ ਪਾਤਰ ਖੂਬਸੂਰਤੀ ਨਾਲ ਘੜੀ ਕਾਨੀ ਨਾਲ ਰੰਗਾਂ ਦਾ ਕੋਲਾਜ਼ ਬਣਾਉਂਦਾ ਹੈ।ਪਾਸ਼ ਦੀ ਸ਼ਾਇਰੀ ਇਕ ਖ਼ਾਸ ਕਿਸਮ ਦੀ ਰਾਜਨੀਤੀ ਤੋਂ ਪ੍ਰਭਾਵਤ ਹੈ ਜੋ ਉੱਘੜਵੇਂ ਰੂਪ ਵਿਚ ਉਸ ਕਵਿਤਾ ਵਿਚ ਹਾਜ਼ਰ ਹੈ।ਪਰ ਕਾਵਿ ਰਸ ਨੂੰ ਕਾਇਮ ਰੱਖਣਾ ਪਾਸ਼ ਦੀ ਕਵਿਤਾ ਦੀ ਵਿਸ਼ੇਸ਼ਤਾ ਹੈ।ਦੂਜੇ ਪਾਸੇ ਪਾਤਰ ਦੀ ਕਵਿਤਾ ਧੁਰ ਆਤਮਾ ਤੋਂ ਲੈ ਕੇ ਇਤਿਹਾਸ,ਮਿਥਿਹਾਸ,ਪ੍ਰਕਿਰਤੀ,ਧਰਮ,ਸਭਿਆਚਾਰ,ਮੌਜੂਦਾ ਸਮੇਂ ਦੀਆਂ ਟੁੱਟ ਰਹੀਆਂ ਸਮਾਜਿਕ-ਪਰਿਵਾਰਕ ਸਾਂਝਾਂ ਤੇ ਭਵਿੱਖੀ ਫਿਕਰਾਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ।ਇਸ ਸ਼ਾਇਰੀ ਦੀ ਪੂਰਨ ਸੰਗੀਤਮਈ ਟੋਨ ਹਰੇਕ ਮਨੁੱਖ ਨੂੰ ਟੁੰਬਦੀ ਹੈ ਜਿਸ ਕਾਰਨ ਆਮ ਗੱਲਬਾਤ,ਲੇਖਾਂ-ਸੰਪਾਦਕੀਆਂ ਵਿਚ ਜਾਂ ਭਾਸ਼ਨਾਂ ਵਿਚ ਆਮ ਆਦਮੀ ਤੋਂ ਲੈ ਕੇ ਸਿਆਸੀ,ਸਮਾਜਿਕ ਕਾਰਿੰਦੇ ,ਸੰਗੀਤਕਾਰ ਅਤੇ ਬਹੁਤ ਵਾਰ ਸਾਹਿਤਕਾਰ ਵੀ ਸੁਰਜੀਤ ਪਾਤਰ ਦੀ ਕਵਿਤਾ ਨੂੰ ਅਕਸਰ ਕੋਟ ਕਰਦੇ ਹਨ।ਖ਼ਾਸ ਕਰਕੇ ਪਾਤਰ ਦੀ ਗ਼ਜ਼ਲ ਅੱਜ ਪੰਜਾਬੀ ਦਾ ਬਹੁਤ ਵੱਡਾ ਮਾਣ ਹੈ।ਉਂਝ ਮੇਰੇ ਇਹ ਦੋਵੇਂ ਪਸੰਦੀ ਦੇ ਸ਼ਾਇਰ ਹਨ।ਜਿਥੇ ਪਾਸ਼ ਮੁੱਕਾ ਤਾਣ ਕੇ ਆਪਣੀ ਗੱਲ ਕਹਿੰਦਾ ਹੈ ਉੱਥੇ ਪਾਤਰ ਆਪਣੀ ਗੱਲ ਨੂੰ ਸੰਗੀਤ ਵਿਚ ਲਬਰੇਜ਼ ਕਰਕੇ ਸਹਿਜ ਭਾਅ ਨਾਲ ਆਖਣ ਦਾ ਆਦੀ ਹੈ ਜਿਸਨੂੰ ਬਾਅਦ ਵਿਚ ਜਿਵੇਂ ਜਿਵੇਂ ਵਿਚਾਰੀਦਾ ਹੈ ਇਹ ਕਿਸੇ ਸੁੱਘੜ ਮੁਟਿਆਰ ਵੱਲੋਂ ਕਈ ਰੰਗਾਂ ਨਾਲ ਕੱਢੀ ਦਸੂਤੀ ਚਾਦਰ ਲੱਗਦੀ ਏ।

?ਸਾਹਿਤਕਾਰ ਦੀ ਕਥਨੀ ਤੇ ਕਰਨੀ ਬਾਰੇ ਤੁਹਾਡਾ ਕੀ ਵਿਚਾਰ ਹੈ।
– ਕਹਿਣੀ ਤੇ ਕਰਨੀ ਜੇ ਇਕ ਹੋਣ,ਬਹੁਤ ਅੱਛੀ ਗੱਲ ਹੈ।ਪਰ ਜ਼ਰੂਰੀ ਨਹੀਂ, ਕਬੱਡੀ ਜਾਂ ਕੁਸ਼ਤੀਆਂ ਦਾ ਇਕ ਚੰਗਾ ਕੋਚ, ਆਪ ਚੰਗਾ ਜਾਫੀ ਜਾਂ ਪਹਿਲਵਾਨ ਵੀ ਹੋਵੇ।ਫਿਰ ਕਥਨੀ ਕਰਨੀ ਦਾ ਜ਼ਿਆਦਾ ਸੰਬੰਧ ਸਾਹਿਤਕਾਰ ਦੇ ਆਪਣੇ ਸਮੇਂ ਨਾਲ ਹੈ।ਲੰਬੇ ਸਮੇਂ ਵਿਚ ਤਾਂ ਉਸਦੀ ਮਿਆਰੀ ਰਚਨਾ ਹੀ ਖੜੋਵੇਗੀ।ਜੇ ਰਚਨਾ ਮਿਆਰੀ ਨਾ ਹੋਈ,ਉਸਦੀ ਕਥਨੀ ਕਰਨੀ ਦੀ ਏਕਤਾ ਨੂੰ ਕੀ ਕਰਾਂਗੇ।ਟਾਲਸਟਾਇ ਆਪਣੇ ਸਮੇਂ ਵਿਚ ਕਿਹੋ ਜਿਹਾ ਵਿਅਕਤੀ,ਕਿਹੋ ਜਿਹਾ ਪਤੀ ਸੀ,ਇਸਦੀ ਅੱਜ ਸਾਨੂੰ ਕੋਈ ਪਰਵਾਹ ਨਹੀਂ।ਉਸਦੀ ਰਚਨਾ ਅੱਜ ਵੀ ਪਾਇਦਾਰ ਹੈ।ਕਰਨੀ ਕਥਨੀ ਤਾਂ ਲੇਖਕ ਦੇ ਸਭਿਆਚਾਰ ,ਜਨਮ ਜ਼ਾਤ ਤੇ ਹਾਲਾਤ ਉੱਤੇ ਨਿਰਭਰ ਕਰਦੀ ਹੈ ਜੋ ਵੱਖੋ ਵੱਖ ਖਿੱਤਿਆਂ ਵਿਚ ਅੱਡੋ ਅੱਡ ਹੁੰਦੇ।

?ਇਕ ਸਾਧਾਰਨ ਮਨੁੱਖ ਵਿਚ ਸਾਹਿਤ ਕੀ ਸੁਧਾਰ ਲਿਆ ਸਕਦਾ ਹੈ।
-ਮੇਰੇ ਵਿਚਾਰ ਅਨੁਸਾਰ,ਅੱਜ ਦੇ ਸਮੇਂ ਵਿਚ ਸਾਹਿਤ ਦੀ ਜ਼ਿਆਦਾ ਲੋੜ ਹੈ।ਚੰਗੇ ਸਾਹਿਤ ਤੋਂ ਬਿਨਾਂ ਅਜੋਕੀ ਸੁਸਾਇਟੀ ਦਾ ਸੁਧਾਰ ਮੁਸ਼ਕਿਲ ਹੈ।

?ਉਹ ਕਿਉਂ,ਵਿਰਕ ਸਾਹਿਬ।
-ਅੱਜ ਦਾ ਸਮਾਂ ਜ਼ਿਆਦਾ ਨਾਜ਼ੁਕ ਹੈ।ਮਾੜੀਆਂ ਕਦਰਾਂ ਕੀਮਤਾਂ ਦਾ ਬੋਲ ਬਾਲਾ ਵੱਧ ਹੈ।ਮਾੜੀਆਂ ਤਾਕਤਾਂ ਆਪਣੀ ਦੁਕਾਨਦਾਰੀ ਚਲਾਣ ਲਈ ਹਰ ਹਰਬਾ ਵਰਤਦੀਆਂ,ਬੰਦੇ ਨੂੰ ਕੁਰਾਹੇ ਪਾ ਰਹੀਆਂ ਨੇ।ਕਿਸੇ ਵੀ ਸਮੇਂ ਨਾਲੋਂ ਅੱਜ ਇਹਨਾਂ ਦਾ ਗੰਢ-ਚਿਤਰਾਵਾ ਵੱਡੇ ਲੈਵਲ `ਤੇ ਕੰਮ ਕਰ ਰਿਹਾ ਹੈ।

?ਜ਼ਰਾ ਹੋਰ ਸਪਸ਼ਟ ਕਰੋਗੇ,ਵਿਰਕ ਜੀ।
-ਮਸਲਨ ,ਅੱਜ ਕੁਰੱਪਟ ਪੂੰਜੀਵਾਦੀ ਵਿਵਸਥਾ ਤੋਂ ਲੈ ਕੇ ਧਰਮਾਂ ਦਾ ਓਟ-ਆਸਰਾ ਲਿਆ ਜਾ ਰਿਹਾ ਹੈ।ਲਚਰਵਾਦ ਦੇ ਹਥਿਆਰ ਦੀ ਵਰਤੋਂ ਖਪਤ ਸਭਿਆਚਾਰ ਵੱਲੋਂ,ਭ੍ਰਿਸ਼ਟ ਸਿਆਸਤ ਵੱਲੋਂ ਕੀਤੀ ਜਾ ਰਹੀ।ਇਥੋਂ ਤੀਕ ਆਪਣੀ ਨਿੱਜੀ ਸਵਾਰਥ ਸਿੱਧੀ ਲਈ ਇਤਿਹਾਸ ਦੀ ਗਲਤ ਢੰਗ ਨਾਲ ਵਿਆਖਿਆ ਕਰਕੇ ਭਾਈਚਾਰਿਆਂ ਨੂੰ ਭੰਬਲਭੂਸੇ ਵਿਚ ਪਾਇਆ ਜਾ ਰਿਹੈ ਜੋ ਨਿੰਦਣਜੋਗ ਹੈ।ਜਿਸਨੂੰ ਹਰ ਫਰੰਟ `ਤੇ ਲੜਾਈ ਦੇਣ ਬਿਨਾਂ ਸਮਾਜ ਦਾ ਸੁਧਾਰ ਅਸੰਭਵ ਹੈ।

?ਸਾਹਿਤ ਅਜਿਹੀ ਸਥਿਤੀ ਵਿਚ ਭਲਾ ਸਿੱਧੇ ਤੌਰ `ਤੇ ਕੀ ਕਰ ਸਕਦੈ,ਵਿਰਕ ਜੀ।
-ਸਿੱਧੇ ਤੌਰ `ਤੇ ਸਾਹਿਤ ਨੇ ਡਾਂਗ ਤਾਂ ਨਹੀਂ ਮਾਰਨੀ, ਬਿਲਿੰਗ ਜੀ।ਅਜੋਕੇ ਸਾਹਿਤਕਾਰ ਵੀ ਸੂਫ਼ੀ ਕਾਲ ਦੇ ਸੂਫ਼ੀ ਸੰਤਾਂ ਵਾਂਗ ਮਨੁੱਖ ਦੇ ਸੁਧਾਰ ਲਈ ਝੰਡਾ ਬੁਲੰਦ ਕਰ ਸਕਦੇ ਹਨ।ਮੈਂ ਤਾਂ ਕਹਾਂਗਾ,ਜਿਵੇਂ ਸਰੀਰ ਪੌਸ਼ਟਿਕ ਖੁਰਾਕ ਤੋਂ ਬਿਨਾਂ ਤੰਦਰੁਸਤ ਨਹੀਂ ਰਹਿ ਸਕਦਾ,ਉਸੇ ਤਰਾਂ ਚੰਗੇ ਮਾਨਵਵਾਦੀ,ਤਰਕਸ਼ੀਲ਼ ਸਾਹਿਤ ਤੋਂ ਬਗੈਰ ਮਨੁੱਖੀ ਸੋਚ ਦਾ ਤੰਦਰੁਸਤ ਤੇ ਵਿਸ਼ਾਲ ਹੋਣਾ ਨਾਮੁਮਕਿਨ ਹੈ।

? ਭਲਾ ਜੇ ਮੌਜੂਦਾ ਕਾਮਰੇਡ ਹਰਦੇਵ ਵਿਰਕ ਸਾਹਿਤ ਨਾਲ ਨਾ ਜੁੜਿਆ ਹੁੰਦਾ ਤਾਂ ਉਹ ਕਿਹੋ ਜਿਹਾ ਵਿਅਕਤੀ ਹੁੰਦਾ।
-ਜੇ ਭਾਰਤ ਵਿਚ ਰਹਿੰਦਾ ਹੁੰਦਾ ਤੇ ਸਾਹਿਤ ਨਾਲ ਨਾ ਜੁੜਿਆ ਹੁੰਦਾ ,ਪ੍ਰੀਤਲੜੀ ਰਸਾਲਾ ਜੇ ਉਸਦਾ ਪ੍ਰੇਰਨਾ ਸਰੋਤ ਨਾ ਬਣਿਆ ਹੁੰਦਾ,ਕਾਮਰੇਡਾਂ ਦੀ ਸੰਗਤ ਤੋਂ ਦੂਰ ਰਿਹਾ ਹੁੰਦਾ ਤਾਂ ਵਿਰਕ ਬਰਾਦਰੀ ਦੇ ਵਿਰਕਾਂ ਵਰਗਾ ਹੀ ਹੋਣਾ ਸੀ।

?ਕੋਈ ਮਿਸਾਲ ਦੇਣ ਦੀ ਖੇਚਲ ਕਰੋਗੇ।
-ਇਕ ਨਹੀਂ ਦੋ ਅਵਤਾਰ ਜੀ।ਇਕ ਵਿਰਕ, ਜੋ ਕੈਥਲ ਕਰਨਾਲ ਦੇ ਇਲਾਕੇ ਵਿਚ ਵੱਸਦਾ ਸੀ, ਨੇ ਸਾਡੀ ਬਰਾਦਰੀ ਦੇ ਚਲਣ ਬਾਰੇ ਇਹ ਗੱਲ ਸੁਣਾਈ ਸੀ।ਅਖੇ;ਪਿਉ ਮੇਰਾ ਪੰਚਾਇਤੀ ਬੰਦਾ ਸੀ ਜਿਸਨੂੰ ਆਦਰ ਨਾਲ ਲੋਕੀ ਭਾਈ ਜੀ ਵੀ ਕਹਿੰਦੇ।ਚਾਚਾ ਮੇਰਾ ਵੱਡਾ ਚੋਰ ਸੀ ਜਿਹੜਾ ਕਿਸੇ ਪਿੰਡੋਂ ਮੱਝਾਂ ਕੱਢ ਲਿਆਇਆ।ਕਈ ਮੱਝਾਂ ਸਨ ਜਿਹੜੀਆਂ ਚਾਚੇ ਨੇ ਡੰਗਰਾਂ ਵਾਲੇ ਅੰਦਰ ਵਾੜ ਦਿੱਤੀਆਂ। ਦੂਸਰੇ ਦਿਨ ਜਿਸ ਪਿੰਡ ਦੀਆਂ ਮੱਝਾਂ ਸਨ ,ਉਹ ਖੁਰਾ ਲੈ ਕੇ ਸਿੱਧੇ ਸਾਡੇ ਘਰ ਆ ਗਏ।ਘਰ ਦੇ ਖੁੱਲ੍ਹੇ ਵਿਹੜੇ ਵਿਚ ਬੰਦਿਆਂ ਨੂੰ ਬਿਠਾਇਆ।ਰੋਟੀ ਪਾਣੀ ਦੀ ਸੇਵਾ ਕੀਤੀ ਜੋ ਰਵਾਇਤ ਦਾ ਵੱਡਾ ਹਿੱਸਾ ਸੀ।ਲੰਗਰ ਪਾਣੀ ਛਕਣ ਮਗਰੋਂ ਆਈ ਵਾਹਰ ਦਾ ਮੋਹਤਬਰ ਮੇਰੇ ਪਿਤਾ ਨੂੰ ਮੁਖਾਤਬ ਹੋ ਕੇ ਕਹਿੰਦਾ; ਭਾਈ ਜੀ ਕਰੋ ਫਿਰ ਗੱਲਬਾਤ।ਪਰ ਮੇਰਾ ਪਿਤਾ ਚੁੱਪ ਰਿਹਾ।ਆਗੂ ਨੇ ਦੂਜੀ ਵਾਰ ਫਿਰ ਕਿਹਾ ਤਾਂ ਮੇਰਾ ਪਿਉ ਬੜੇ ਸਹਿਜ ਨਾਲ ਬੋਲਿਆ,” ਸੱਜਨੋਂ!ਮੱਝਾਂ ਕੱਢੀਆਂ ਹੁੰਦੀਆਂ ਕਿਸੇ ਹੋਰ ਨੇ।ਖੁਰਾ ਗਿਆ ਹੁੰਦਾ ਕਿਸੇ ਹੋਰ ਘਰ।ਭਾਈ ਜੀ ਗਿਆ ਹੁੰਦਾ ਉਥੇ ਪੰਚਾਇਤੀ ਬਣ ਕੇ।ਫਿਰ ਭਾਈ ਜੀ ਕਰਦਾ ਗੱਲ।ਹੁਣ ਭਾਈ ਜੀ ਗੱਲ ਕੀ ਘੱਟਾ ਤੇ ਮਿੱਟੀ ਕਰੇ।ਖੁਰਾ ਸਿੱਧਾ ਮੇਰੇ ਘਰ ਆ ਗਿਆ।ਮੱਝਾਂ ਅੰਦਰ ਕੁੜ ਵਿਚ ਵਾੜੀਆਂ ਨੇ।” (ਹਾਸਾ)

?ਦੂਜੀ ਘਟਨਾ ਵੀ ਸੁਣਾ ਹੀ ਦਿਓ,ਜੇ ਵਿਰਕ ਇਤਰਾਜ਼ ਨਾ ਕਰਨ।
-ਵੇਖੋ, ਸ਼ਹਿਰ ਸ਼ੇਖੂਪੁਰਾ, ਗੁੱਜਰਾਂਵਾਲਾ,ਕਰਨਾਲ ਜਾਂ ਕੋਈ ਹੋਰ ਵੀ ਹੋ ਸਕਦਾ।ਇਕ ਸਵਾਰੀ ਰਿਕਸ਼ੇ ਵਿਚ ਬੈਠ ਕੇ ਜਾ ਰਹੀ ਸੀ।ਇਕ ਹੋਰ ਸੱਜਨ ਨੇ ਰਿਕਸ਼ੇ ਵਾਲੇ ਨੂੰ ਅਵਾਜ਼ ਮਾਰ ਕੇ ਰੋਕਿਆ ਅਤੇ ਪਹਿਲਾਂ ਬੈਠੇ ਦੇ ਨਾਲ ਬਹਿ ਗਿਆ।ਨਵਾਂ ਆਇਆ ਬੰਦਾ ਹੱਡੋਂ ਪੈਰੋਂ ਵੀ ਖੁੱਲ੍ਹਾ ਸੀ।ਚਾਦਰਾ ਕੁੜਤਾ ਵੀ ਚਿੱਟੀ ਪਾਪਲੀਨ ਦਾ ਪਰੈੱਸ ਕੀਤਾ ਪਹਿਨਿਆਂ।ਸਿਰ `ਤੇ ਪੱਗ ਚਿੱਟੀ, ਮਾਇਆ ਵਾਲੀ ,ਵਿਰਕ ਸਟਾਈਲ ਵਿਚ ਠੋਕ ਕੇ ਬੰਨ੍ਹੀਂ ਹੋਈ।ਤੇ ਬਹਿੰਦਿਆਂ ਸਾਰ ਦੂਸਰੇ ਨੂੰ ਪੂਰੇ ਰੋਹਬ ਦਾਬ ਨਾਲ ਪੁੱਛਦੈ; ” ਸੱਜਨਾਂ,ਕਿਹੜੇ ਪਿੰਡੋਂ ਏਂ?” ਦੂਸਰੇ ਨੇ ਹੌਲੀ ਜਿਹੇ ਆਪਣੇ ਪਿੰਡ ਦਾ ਨਾਂ ਲਿਆ।”ਪਿੰਡ ਤੇ ਠੀਕ ਏ।ਪਰ ਤੂੰ ਹੈਗਾ ਕਿਹਨਾਂ ਵਿਚੋਂ ਏਂ?” ਸ਼ੁਕੀਨ ਨੇ ਫਿਰ ਪੁੱਛਿਆ।ਅਗਲੇ ਨੇ ਬਹੁਤ ਧੀਮੀ ਅਵਾਜ਼ ਵਿਚ ਆਪਣੇ ਵਿਰਕ ਪਰਿਵਾਰ ਦਾ ਨਾਂ ਦੱਸਿਆ।ਸਫ਼ੈਦ ਪੁਸ਼ਾਕ ਵਾਲਾ ਅੱਖਾਂ ਲਾਲ ਕਰਕੇ ਘੁਰਕਿਆ, ” ਨਿੱਕਿਆ!ਗੱਲ ਅਕਲ ਦੀ ਕਰ।ਤੂੰ ਕਿਵੇਂ ਵਿਰਕਾਂ `ਚੋਂ ਹੋ ਸਕਦੈਂ?ਤੇਰੇ ਵਰਗੇ ਤੇ ਵਿਰਕਾਂ ਦੀਆਂ ਮੱਝਾਂ ਕੱਟੇ ਵੀ ਨੀ੍ਹਂ ਦੇਂਦੀਆਂ।ਏਹ ਤੂੰ ਕੀ ਆਖਣ ਡਿਹਾ ਏਂ?” ਸੋ ਭਾਰਤ ਵਿਚ ਰਹਿੰਦਿਆਂ ਸਾਹਿਤ ਤੋਂ ਸੱਖਣਾ ਮੈਂ ਵੀ ਇਹਨਾਂ ਦੋਹਾਂ ਵਿਰਕਾਂ ਦੇ ਵਿਚ-ਵਿਚਾਲੇ ਜਿਹਾ ਹੁੰਦਾ।

?ਜੇ ਕੈਨੇਡਾ ਆ ਕੇ ਵੀ ਹਰਦੇਵ ਵਿਰਕ ਸਾਹਿਤ ਨਾਲ ਨਾ ਜੁੜਿਆ ਹੁੰਦਾ।
-ਵੇਖੋ ਭਰਾ ਜੀ,ਸਿਆਣੇ ਕਹਿੰਦੇ ਹੁੰਦੇ; ਜਿਹੋ ਜੇਹੀ ਜ਼ਿੰਦਗੀ ਕੋਈ ਜਿਉਣ ਲੱਗ ਪਵੇ,ਉਹੋ ਜਿਹਾ ਹੀ ਉਹਦਾ ਸੰਸਾਰ ਬਣ ਜਾਂਦਾ।ਸੋ ਬੱਚੇ ਦੇ ਜੀਵਨ ਦੀ ਸ਼ੁਰੂਆਤ ਸਹਿਣਸ਼ੀਲਤਾ ਤੇ ਅਦਬ-ਆਦਾਬ ਵਾਲੇ ਮਾਹੌਲ `ਚ ਹੋਣੀ ਚਾਹੀਦੀ।ਜੇ ਕੈਨੇਡਾ ਵਿਚ ਵੀ ਸਾਹਿਤ ਨਾਲ ਨਾ ਜੁੜਿਆ ਹੁੰਦਾ ਤਾਂ ਉਹੀ ਜਗੀਰੂ ਕਿਸਮ ਦੀਆਂ,ਸਮਾਂ ਵਿਹਾ ਚੁੱਕੀਆਂ ਧਾਰਨਾਵਾਂ ਨਾਲ ਬੱਝਿਆ ਰਹਿਣਾ ਸੀ।ਭਾਵੇਂ ਏਥੇ ਭਾਰਤ ਨਾਲੋਂ ਰਾਜਨੀਤਿਕ,ਆਰਥਿਕ ,ਸਮਾਜਿਕ ਹਾਲਤਾਂ ਦਾ ਬੜਾ ਫ਼ੳਮਪ;ਰਕ ਹੈ।ਫਿਰ ਵੀ ਮੈਂ ਇਹਨਾਂ ਨੂੰ ਮਾਣਦਾ ਹੋਇਆ ਸ਼ਾਇਦ ਬਚਪਨ ਦੇ ਸੰਸਕਾਰਾਂ ਤੋਂ ਮੁਕਤ ਨਾ ਹੋਇਆ ਹੁੰਦਾ।ਮੈਂ ਵੀ ਭਾਰਤ ਵਿਚ ਚੱਲੇ ਅਤਿਵਾਦ ਦੇ ਕਾਲ਼ੇ ਦੌਰ ਦੌਰਾਨ,ਸ਼ਾਇਦ ਵਿਦੇਸ਼ ਵੱਸਦੇ ਬਹੁਤੇ ਪਰਵਾਸੀ ਪੰਜਾਬੀਆਂ ਵਾਂਗ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਵੱਡਾ ਉਪਾਸ਼ਕ ਬਣ ਗਿਆ ਹੁੰਦਾ।

?ਭਾਰਤੀ ਪੰਜਾਬ ਦਾ ਕਿਰਸਾਣ ਕਿਸੇ ਸਮੇਂ ਘੋਰ ਗ਼ਰੀਬੀ ਹੰਢਾਉਂਦਾ,ਹਲ਼ ਜਾਂ ਹਲਟ ਵਾਹੁੰਦਾ ਵੀ ਹੇਕਾਂ ਲਾਉਂਦਾ।ਪੰਜਾਬੀ ਸੁਆਣੀ ਮਾੜੇ ਮਾਇਕ ਹਾਲਾਤ ਦੇ ਬਾਵਜੂਦ ਸਵੇਰੇ ਦੁੱਧ ਰਿੜਕਦੀ ਗੀਤ ਗਾਉਂਦੀ।ਅਜਿਹਾ ਰੁਮਾਂਸ ਉਸ ਪੰਜਾਬ ਵਿਚੋਂ ਤਾਂ ਚਿਰੋਕਣਾ ਗ਼ਾਇਬ ਹੋ ਗਿਆ। ਤੀਹ ਸਾਲਾਂ ਤੋਂ ਪੰਜਾਬ ਵਿਚ ਵੱਸਦੇ ਇਕ ਭਈਏ ਨੂੰ ਸਾਈਕਲ `ਤੇ ਹੀਰ ਗਾਉਂਦੇ ਉੱਡੇ ਜਾਂਦੇ ਮੈਂ ਜ਼ਰੂਰ ਦੇਖਿਐ।ਤੁਸੀਂ ਕੈਨੇਡਾ ਵਿਚਲੇ ਆਪਣੇ ਲੰਬੇ ਵਸੇਬੇ ਦੌਰਾਨ ਕਿਸੇ ਪਰਵਾਸੀ ਪੰਜਾਬੀ ਨੂੰ ਇੰਝ ਰੂਹ ਦਾ ਹੁਲਾਰਾ ਦੇਣ ਵਾਲੇ ਅਜਿਹੇ ਪਲ ਕਦੇ ਦੇਖੇ ਹਨ।

-ਨਹੀਂ ਭਰਾ ਜੀ।ਉਸ ਤਰਾਂ ਦੇਨਹੀਂ।ਵੇਖੋ,ਬਦਲਦੀਆਂ ਸਮਾਜਿਕ,ਆਰਥਿਕ ਹਾਲਤਾਂ,ਸਮੇਂ ਤੇ ਸਥਾਨ ਨਾਲ ਕਾਫ਼ੀ ਕੁਝ ਤਬਦੀਲ ਹੰਦੈ,ਭਾਵੇਂ ਉਸ ਵਿਚ ਬੀਤੇ ਦੇ ਚੰਗੇ ਮਾੜੇ ਅੰਸ਼ ਵੀ ਮੌਜੂਦ ਰਹਿੰਦੇ ਹਨ। ਜਿਹਨਾਂ ਪੰਜਾਬੀਆਂ ਨੂੰ ਇਥੇ ਆਇਆਂ ਕਾਫ਼ੀ ਵਕਤ ਹੋ ਗਿਆ ਤੇ ਜਿਹਨਾਂ ਦੇ ਕੰਮ ਧੰਦੇ ਠੀਕ ਠਾਕ ਹਨ ਉਹਨਾਂ ਦੀ ਰੂਹ ਨੂੰ ਹੁਲਾਰਾ ਦੇਣ ਵਾਲੇ ਪਲ ਇਥੇ ਵੀ ਜ਼ਰੂਰ ਹੁੰਦੇ।ਜਿਸ ਦਿਨ ਕੰਮ ਤੋਂ ਛੁੱਟੀ ਹੋਵੇ। ਅਗਲੀ ਸਵੇਰ ਕੰਮ `ਤੇ ਜਾਣ ਦਾ ਫ਼ਿਕਰ ਨਾ ਹੋਵੇ।ਉਸ ਸ਼ਾਮ ਜਦੋਂ ਮਿੱਤਰ-ਬੇਲੀ ਰਲ਼ ਕੇ ਬੈਠਦੇ,ਖਾਂਦੇ ਪੀਂਦੇ,ਪਿੱਛੇ ਅੱਗੇ ਦੀਆਂ ਗੱਲਾਂਬਾਤਾਂ ਕਰਦੇ, ਪੰਜਾਬੀ ਗੀਤ ਸੰਗੀਤ ਸੁਣਦੇ ਤਾਂ ਉਹ ਆਪਣੇ ਆਪ ਨੂੰ ਉਸ ਪੰਜਾਬੋਂ ਆਏ ਮਹਿਸੂਸ ਕਰਦੇ ਜਿਥੇ ਅੱਜ ਕੱਲ੍ਹ ਹਾਲਾਤ ਬਹੁਤੇ ਚੰਗੇ ਨਹੀਂ ।ਅਜਿਹੇ ਮੌਕੇ ਉਹ ਰੰਗਾਂ ਵਿਚ ਹੋਏ ਆਪਣੇ ਆਪ ਨੂੰ ਕਿਸੇ ਸਵਰਗ ਵਿਚ ਰਹਿੰਦੇ ਖਿਆਲ ਕਰਦੇ।

?ਤੁਹਾਡਾ ਪਰਿਵਾਰ,ਅਤਿ ਨੇੜਲੇ ਰਿਸ਼ਤੇਦਾਰਾਂ-ਸੰਬੰਧੀਆਂ ਦੀ ਬਹੁਗਿਣਤੀ ਏਥੇ ਤੁਹਾਡੇ ਕੋਲ ਹੈ।ਮਾਇਕ ਸੁੱਖ-ਸਹੂਲਤਾਂ ਹਨ।ਫੇਰ ਵੀ ਭਾਰਤ ਵਿਚਲੀ ਕਿਹੜੀ ਚੀਜ਼ ਦੀ ਘਾਟ ਰੜਕਦੀ ਹੈ।
-ਬਿਲਿੰਗ ਜੀ, ਮੇਰੇ ਹਿਸਾਬ ਨਾਲ ਪਿਛਲੀ ਘਾਟ ਰੜਕਦੀ ਰਹਿਣ ਦੇ ਕਈ ਕਾਰਨ ਹਨ।ਪਹਿਲੀ ਗੱਲ,ਇਹ ਮਨੁੱਖੀ ਫ਼ਿੳਮਪ;ਤਰਤ ਹੈ ਕਿ ਜੋ ਕੁਝ ਉਸ ਕੋਲ ਮੌਜੂਦ ਹੁੰਦੈ ਜਾਂ ਜਿਹਨਾਂ ਸਮਿਆਂ -ਪਲਾਂ ਨੂੰ ਉਹ ਜੀਅ ਰਿਹਾ ਹੁੰਦੈ,ਉਹਨਾਂ ਨੂੰ ਓਨੀ ਸ਼ਿੱਦਤ ਨਾਲ ਨਹੀਂ ਮਾਣਦਾ ਜਿੰਨੀ ਨਾਲ ਮਾਣਨਾਂ ਚਾਹੀਦਾ।ਜੋ ਚੀਜ਼ ਕੋਲ ਨਹੀਂ ਹੁੰਦੀ ਉਹਦਾ ਵਿਗੋਚਾ ਮਹਿਸੂਸ ਕਰਦਾ ਰਹਿੰਦੈ।ਥੋੜੇ ਲਫ਼ਜ਼ਾਂ ਵਿਚ ਨਿੱਜੀ ਗੱਲ ਕਰਾਂ।ਪਿੱਛੇ ਹਰਿਆਣੇ ਵਿਚ ਮੇਰੇ ਘਰ ਦਾ ਬੂਹਾ ਖੁੱਲ੍ਹਾ ਹੈ।ਮੇਰਾ ਇਕ ਛੋਟਾ ਭਰਾ,ਉਸਦਾ ਪਰਿਵਾਰ,ਸਾਡੀ ਮਾਤਾ ਉੱਥੇ ਵੱਸਦੇ ਹਨ।ਸੋ ਉਹ ਖੁੱਲ੍ਹਾ ਬੂਹਾ ਮੈਨੂੰ ਅਜੇ ਜੀਅ ਆਇਆਂ ਕਹਿੰਦਾ ਹੈ।ਵਿਰਾਸਤੀ ਜਾਇਦਾਦ ਵੀ ਖਿੱਚ ਪਾਉਂਦੀ ਜਿਸ ਵਿਚ ਆਪਣੇ ਹੱਥੀਂ ਬਹੁਤ ਸੁਫਨੇ ਬੀਜੇ ਸਨ ਅਤੇ ਹਾਲੇ ਵੀ ਨਵੇਂ ਬੀਜ ਰਿਹਾਂ। ਕਾਫ਼ੀ ਰੂਹ ਵਾਲੇ ਸੱਜਨ ਮਿੱਤਰ,ਰਿਸਤੇਦਾਰ ਊਥੇ ਵੱਸਦੇ ਹਨ ਜਿਹਨਾਂ ਨੂੰ ਮਿਲਣ ਦੀ ਤਾਂਘ ਰਹਿੰਦੀ ਹੈ।ਸੋ ਉਸ ਜਨਮ ਭੋਇੰ ਵਿਚ ਜਾ ਕੇ, ਆਪਣੇ ਇਲਾਕੇ ਦੇ ਪਿੰਡਾਂ ਵਿਚ ਵਿਚਰ ਕੇ ਪੁਰਾਣੀਆਂ ਥਾਵਾਂ,ਪੁਰਾਣੇ ਰੁੱਖਾਂ ਨੂੰ ਵੇਖ ਕੇ ਪੰਜਾਬੀ ਦੇ ਚੰਗੇ ਗੀਤਾਂ,ਕਵਿਤਾਵਾਂ ਦੇ ਮਹਿਨੇ ਹੋਰ ਹੋ ਜਾਂਦੇ ਹਨ।ਜਿਵੇਂ ਸ਼ਿਵ ਕੁਮਾਰ ਬਟਾਲਵੀ ਲਿਖਦਾ ਏ;

 

ਕੁਝ ਰੁੱਖ ਮੈਨੂੰ ਮਾਵਾਂ ਵਰਗੇ
ਕੁਝ ਰੁੱਖ ਵਾਂਗ ਭਰਾਵਾਂ


ਇਹ ਰੁੱਖਾਂ ਲਈ ਅਪਣੱਤ ਦੀ ਸ਼ਿੱਦਤ ਆਪਣੀ ਜਨਮ ਭੋਇੰ ਦੇ ਬ੍ਰਿਛਾਂ ਤੋਂ ਹੀ ਮਹਿਸੂਸ ਹੋ ਸਕਦੀ ।ਗੱਲ ਨੂੰ ਮੁਕਾਵਾਂ ਅਵਤਾਰ ਜੀ।ਪਦਾਰਥ ਜਾਂ ਮਾਇਆ ਜ਼ਿੰਦਗੀ ਦੀ ਅਹਿਮ ਜ਼ਰੂਰਤ ਹੈ ਜੋ ਤੁਸੀਂ ਦੁਨੀਆ ਦੇ ਕਿਸੇ ਖਿੱਤੇ ਵਿਚੋਂ ਮਿਹਨਤ ਕਰਕੇ ਕਮਾਂਦੇ ਹੋ ਪਰ ਰੂਹ ਦੀ ਖੁਰਾਕ ਦਾ ਮੁੱਖ ਸੋਮਾ ਤੁਹਾਡਾ ਆਪਣਾ ਸਭਿਆਚਾਰ-ਸੰਸਕ੍ਰਿਤੀ ਹੈ ਜਿਹੜੀ ਸਿਰਫ਼ੳਮਪ; ਇਕ ਲਫ਼ਜ਼ ਹੀ ਨਹੀਂ,ਸਗੋਂ ਜਿਊਂਦਾ ਜਾਗਦਾ,ਜਾਨਦਾਰ ਜੀਵਨ ਹੈ।

?ਤੁਸੀਂ ਨਾਮਧਾਰੀ ਸੰਪਰਦਾ ਨਾਲ ਵੀ ਜੁੜੇ ਹੋਏ ਹੋ।ਕੀ ਤੁਹਾਡੀ ਮਾਰਕਸਵਾਦੀ ਤੇ ਨਾਮਧਾਰੀ ਸੰਸਕਾਰਾਂ ਦਾ ਕਦੇ ਟਕਰਾਅ ਨਹੀਂ ਹੋਇਆ।
-ਵੇਖੋ,ਸਭ ਤੋਂ ਵੱਡਾ ਵਖਰੇਵਾਂ ਤੇ ਮੈਨੂੰ ਏਹੀ ਲੱਗਦਾ ਹੈ,ਜੋ ਮੇਰੇ ਖਿਆਲ ਅਨੁਸਾਰ ਸ਼ਾਇਦ ਬੁਨਿਆਦੀ ਵੀ ਹੋਵੇ।ਨਾਮਧਾਰੀ ਲਹਿਰ ਨੇ ਪ੍ਰੇਰਨਾ ਧਰਮਾਂ ਤੋਂ ਲਈ ਹੈ ਜਿਸ ਵਿਚ ਅਦਿੱਖ ਸ਼ਕਤੀ ਜਾਂ ਰੱਬ ਦਾ ਸੰਕਲਪ ਹੈ ਜਦੋਂ ਕਿ ਕਾਮਰੇਡੀ ਦੀ ਬੁਨਿਆਦ ਪਦਾਰਥਵਾਦ ਹੈ।ਤਰਕਸ਼ੀਲਤਾ ਹੈ।ਵਿਗਿਆਨਕ ਨਜ਼ਰੀਆ ਹੈ।ਭਾਵ ਜਿਹੜੀ ਗੱਲ ਦਲੀਲ ਦੀ ਕਸਵੱਟੀ `ਤੇ ਖ਼ਰੀ ਨਹੀਂ ਉਤਰਦੀ,ਉਸਦਾ ਖੰਡਨ ਡੱਟ ਕੇ ਕੀਤਾ ਜਾ ਸਕਦੈ।ਜਿਹੜੀ ਗੱਲ ਸਾਬਤ ਨ੍ਹੀਂ ਕੀਤੀ ਜਾ ਸਕਦੀ ,ਉਸਨੂੰ ਮਾਰਕਸਵਾਦ ਦੀ ਵਿਰੋਧ ਵਿਕਾਸੀ ਵਿਚਾਰਧਾਰਾ ਵਿਚ ਕੋਈ ਥਾਂ ਨਹੀਂ।ਉਂਝ ਮੈਂ ਇਸ ਤੱਥ ਦਾ ਵੀ ਕਾਇਲ ਹਾਂ ਕਿ ਨਾਮਧਾਰੀ ਲਹਿਰ ਦੀਆਂ ਹਿੰਦੋਸਤਾਨ ਦੇ ਆਜ਼ਾਦੀ ਸੰਗਰਾਮ ਵਿਚ ਲਾਮਿਸਾਲ ਕੁਰਬਾਨੀਆਂ ਹਨ।ਅੰਗਰੇਜ਼ਾਂ ਖਿਲਾਫ਼ ਨਾਮਧਾਰੀ ਸੰਪਰਦਾ ਵੱਲੋਂ ਵਿਉਂਤਬੰਦ ਢੰਗ ਨਾਲ ਕੀਤੀ ਲਾਮਬੰਦੀ ਨੂੰ ਗ਼ਦਰੀ ਬਾਬਿਆਂ ਜਾਂ ਸਰਦਾਰ ਭਗਤ ਸਿੰਘ ਤੇ ਹੋਰ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਵਾਂਗ ਭਾਰਤ ਸਰਕਾਰ ਵੱਲੋਂ ਬਣਦੀ ਮਾਨਤਾ ਨਹੀਂ ਦਿੱਤੀ ਗਈ।ਮੌਜੂਦਾ ਸਮੇਂ ਵਿਚ ਨਾਮਧਾਰੀ ਪੰਥ ਵੱਲੋਂ ਕਲਾਸੀਕਲ ਸੰਗੀਤ ਨੂੰ,ਹਾਕੀ ਅਤੇ ਖੇਡਾਂ ਨੂੰ ਵੱਡੇ ਪੱਧਰ `ਤੇ ਉਤਸ਼ਾਹਿਤ ਕਰਨਾ ਵਿਲੱਖਣ ਤੇ ਮਾਣਜੋਗ ਕਾਰਜ ਹੈ।

?ਕੀ ਤੁਹਾਡਾ ਰੱਬ ਦੇ ਸੰਕਲਪ ਵਿਚ ਵਿਸ਼ਵਾਸ ਹੈ।
-ਨਹੀਂ ਜੀ।ਮੈਂ ਪਰਮਾਤਮਾ ਜਾਂ ਕਿਸੇ ਅਦਿੱਖ ਸ਼ਕਤੀ ਜਾਂ ਕੁਦਰਤ ਦੇ ਰੱਬੀ ਸੰਕਲਪ ਨੂੰ ਮੂਲ਼ੋਂ ਨਕਾਰਦਾ ਹਾਂ।ਧਰਮ ਦੇ ਸਮਾਜਿਕ ਤੇ ਸੁਧਾਰਕ ਪੱਖ ਨੂੰ ਮੰਨਦਾ ਹਾਂ।

?ਵਿਰਕ ਜੀ,ਤੁਹਾਡੇ ਕੋਲ ਬੜਾ ਦਿਲਚਸਪ ਮਸਾਲਾ ਸੰਭਾਲਿਆ ਪਿਆ ਹੈ। ਤੁਹਾਡੇ ਪਾਸ ਪ੍ਰਭਾਵਸ਼ਾਲੀ ਕਹਿਣ-ਢੰਗ ਵੀ ਹੈ।ਕੀ ਕਦੇ ਮਨ ਵਿਚ ਆਪਣੀ ਆਤਮ ਕਥਾ ਜਾਂ ਕੋਈ ਸਫ਼ਰਨਾਮਾ ,ਜੇ ਹੋਰ ਨਹੀਂ,ਵਿਰਕਾਂ ਦੇ ਰਹਿਣ-ਸਹਿਣ ਬਾਰੇ ਰੌਚਿਕ ਬਿਰਤਾਂਤ ਲਿਖਣ ਦਾ ਵਿਚਾਰ ਨਹੀਂ ਆਇਆ।

-ਪਿੱਛੇ ਜਿਹੇ ਅਸੀਂ ਫੀਦਰ ਕਾਸਟਰੋ ਦੇ ਦੇਸ ਕਿਊਬਾ ਗਏ ਸੀ।ਇਕ ਵਾਰੀ ਕੇਰਲਾ ਵੀ ਗਏ।ਜਦੋਂ ਇੰਝ ਬਾਹਰ ਘੁੰਮਣ ਜਾਈਏ,ਉਸ ਯਾਤਰਾ ਬਿਰਤਾਂਤ ਨੂੰ ਲਿਖਣ ਲਈ ਬੜਾ ਦਿਲ ਕਰਦਾ।ਪਰ ਅਕਾਦਮਿਕ ਤੌਰ ਤੇ ਪੜ੍ਹਾਈ ਦੀ ਘਾਟ,ਖ਼ਾਸ ਕਰਕੇ ਆਲੇ ਦੁਆਲੇ ਬਾਰੇ ਜਾਣਕਾਰੀ ਲੈਣ ਲਈ ਅੰਗਰੇਜ਼ੀ ਪੜ੍ਹਨ-ਲ਼ਿਖਣ ਵਿਚ ਮੁਹਾਰਤ ਦੀ ਲੋੜ ਹੈ ਜੋ ਮੇਰੇ ਕੋਲ ਹੈ ਨਹੀਂ। ਦੂਜੇ ਲਿਖਣ ਦੇ ਮਾਮਲੇ ਵਿਚ ਮੇਰਾ ਆਲਸ ਦੋ ਵੱਡੀਆਂ ਰੁਕਾਵਟਾਂ ਹਨ।

?ਕੋਈ ਗੱਲ ਜੋ ਮੈਂ ਪੁੱਛ ਨਾ ਸਕਿਆ ਹੋਵਾਂ,ਜਿਹੜੀ ਤੁਹਾਡੇ ਅੰਦਰੋਂ ਬਾਹਰ ਨਿਕਲਣ ਲਈ ਬੜੀ ਕਾਹਲ਼ੀ ਹੋਵੇ,ਉਹ ਦੱਸਣੀ ਚਾਹੋਗੇ।
-ਮੇਰੇ ਖਿਆਲ ਵਿਚ ਜੋ ਕੁਝ ਵੀ ਤੁਸੀਂ ਮੇਰੇ ਮਨੋਂ ਕੱਢ ਲਿਆ,ਇਹ ਤੁਹਾਡੇ ਪੁੱਛਣ ਦੀ ਯੋਗਤਾ ਦਾ ਫਲ ਹੀ ਹੈ।ਹੋਰ ਲੰਬਾ ਚੌੜਾ ਕਹਿਣ ਲਈ ਕੁਝ ਹੈ ਵੀ ਨਹੀਂ।ਤੁਹਾਡਾ ਦਿਲੋਂ ਧੰਨਵਾਦੀ ਹਾਂ।

 

                                              ਈ-ਮੇਲ:avtarsinghbilling@gmail.com
ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨ ਕਰੀਏ:ਚੇਤਨ ਸਿੰਘ
ਵਰਗ ਸੰਘਰਸ਼ ਦੀ ਪ੍ਰਕਿਰਿਆ ਦੌਰਾਨ ਹੀ ਜਾਤੀ ਅੰਤ ਸੰਭਵ : ਕਬੀਰ ਕਲਾ ਮੰਚ
ਮਨੋਰੰਜਨ ਤੇ ਸੰਜੀਦਾ ਸੁਨੇਹੇ ਦਾ ਸੁਮੇਲ ਫ਼ਿਲਮ ‘ਕਿਰਪਾਨ – ਦ ਸਵੋਰਡ ਆਫ਼ ਆੱਨਰ’
ਆਪਣੇ ਆਪ ਨੂੰ ਮਿਲਦਿਆਂ -ਇਕ਼ਬਾਲ ਰਾਮੂਵਾਲੀਆ
ਅਰੁਣ ਫਰੇਰਾ: ਸਿਆਸੀ ਕੈਦੀ ਅਤੇ ਸਰਗਰਮ ਕਾਰਕੁੰਨ ਦੀ ਮੌਜੂਦਾ ਯੋਜਨਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਨਸ਼ਿਆਂ ਦੀ ਦਲਦਲ ’ਚ ਫਸੀ ਪੰਜਾਬ ਦੀ ਜਵਾਨੀ – ਗੁਰਤੇਜ ਸਿੱਧੂ

ckitadmin
ckitadmin
January 24, 2016
ਭਾਰਤ ਅੰਦਰ ਕੁਖ ਕਿਰਾਏ ’ਤੇ ਮਿਲਣ ਦਾ ਕੌੜਾ ਸੱਚ – ਹਰਜਿੰਦਰ ਸਿੰਘ ਗੁਲਪੁਰ
ਜਨ-ਅੰਦੋਲਨਾਂ ਦੀ ਅਣਦੇਖੀ ਕਰਨਾ ਮੀਡੀਏ ਲਈ ਸੰਭਵ ਨਹੀਂ -ਪੁਸ਼ਪ ਰਾਜ
ਲੋਕਾਂ ਨੂੰ ਮਿਲ ਰਿਹੈ ਜ਼ਹਿਰੀਲਾ ਪਾਣੀ- ਗੁਰਪ੍ਰੀਤ ਸਿੰਘ ਰੰਗੀਲਪੁਰ
ਸੰਕਟ ਦੇ ਦੋਰ ਵਿੱਚ ਸੂਬਾ ਪੰਜਾਬ – ਅਕਸ਼ੈ ਖਨੌਰੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?