ਕਾਫੀ ਪ੍ਰੇਸ਼ਾਨ ਕਰਨ ਵਾਲੇ ਦਿਨ ਸਨ ਉਹ, ਬਾਲ ਵਰੇਸ ਹੋਣ ਕਰਕੇ ਦਿਲ ਚਾਹੁੰਦਾ ਸੀ ਕੇ ਸਾਰਾ ਦਿਨ ਬਾਹਰ ਖੇਡਾਂ -ਕੁੱਦਾਂ ਤੇ ਫਿਰ ਰਾਤ ਪੈਣ ’ਤੇ ਘਰ ਵੜ, ਮੰਨੀਆਂ ਛਕ ਰਾਤ ਰਾਣੀ ਦੀ ਗੋਦ ’ਚ ਜਾ ਬਿਰਾਜਾਂ ।ਖਾਣਾਂ-ਪੀਣਾ ,ਹੱਸਣਾ -ਸੌਣਾ ਬਸ ਇਹ ਕੁਝ ਹੀ ਤਾਂ ਦਿਲ ਲੋਚਦਾ ਪਿਆ ਸੀ ਕਰਨ ਨੂੰ, ਕੋਈ ਫਿਕਰ ਨਾ ਫਾਕਾ ਇਸ ਉਮਰੇ, ਪਰ ਪਤਾ ਨਹੀਂ ਕਿਉਂ ਉਹ ਫਿਰ ਵੀ ਉਦਾਸ ਰਹਿਣ ਲੱਗ ਪਿਆ ਸੀ। ਦਿਨ ਤਾਂ ਇੱਧਰ -ਉੱਧਰ ਮੌਜਾਂ ਲੁੱਟਦਿਆਂ ਬੀਤ ਜਾਂਦਾ ਸੀ ਪਰ ਜਿਉਂ ਹੀ ਰਾਤ ਪੈਣੀ ਸ਼ੁਰੂ ਹੋ ਜਾਂਦੀ ਦਿਲ ’ਚ ਉਦਾਸੀ ਦਾ ਵਾਤਾਵਰਨ ਉਤਪੰਨ ਹੋ ਜਾਂਦਾ, ਕੁੱਲ ਲੋਕਾਈ ਜਿੱਥੇ ਰਾਤ ਨੂੰ ਘੋੜੇ ਵੇਚ ਘੂਕ ਸੌਣਾ ਚਾਹੁੰਦੀ ਸੀ ਉੱਥੇ ਉਹ ਡਰ ਜਾਂਦਾ ,ਕਾਫੀ ਦਿਨਾਂ ਦਾ ਇਸੇ ਸੰਸੋਪੰਜ ’ਚ ਸੀ ਕੇ ਘਰਦਿਆਂ ਨੂੰ ਦੱਸੇ ਜਾਂ ਨਾ ਦੱਸੇ ? ਆਖਿਰ ਦੱਸੇ ਵੀ ਤਾਂ ਕੀ ਦੱਸੇ ? ਕੁਝ ਵੀ ਤਾਂ ਸਮਝ ਨਹੀਂ ਸੀ ਪੈ ਰਿਹਾ,ਵੇਸੈ ਵੀ ਇਸ ਡਰ ਨਾਲ ਕਿੰਨਾ ਕੁ ਚਿਰ ਬਤੀਤ ਕਰ ਸਕਦਾ ਸੀ ?ਇੱਕ ਨਾ ਇੱਕ ਦਿਨ ਦੱਸਣਾ ਤਾਂ ਪੈਣਾ ਹੀ ਸੀ ਸੋ ਕਾਫੀ ਝਿਜਕ ਤੋਂ ਉਪ੍ਰੰਤ ਉਸਨੇ ਸਾਰੀ ਵਾਰਤਾ ਘਰ ਦੱਸ ਹੀ ਦਿੱਤੀ ,ਸੁਣਨ ਤੋਂ ਬਾਅਦ ਪਰਿਵਾਰਕ ਮੈਂਬਰ ਵੀ ਬੜੇ ਪ੍ਰੇਸ਼ਾਨ ਹੋਏ ,ਹੋਣਾ ਵੀ ਸੁਭਾਵਿਕ ਹੀ ਸੀ,ਕਿਉਂਕਿ ਇਸ ਤੋਂ ਪਹਿਲਾਂ ਘਰ ਵਿੱਚ ਕਦੀ ਕਿਸੀ ਨੂੰ ਅਜਿਹਾ ਕੁਝ ਵਾਪਰਿਆ ਨਹੀਂ ਸੀ ਫਿਰ ਉਹ ਤਾਂ ਹਰ ਇੱਕ ਦਾ ਬਣਦਾ ਹੱਕ ਅਦਾ ਵੀ ਕਰਦੇ ਆ ਰਹੇ ਸਨ।ਅਖਿਰ ਇਹ ਕੌਣ ਸੀ ਜੋ ਹੁਣ ਉਹਨਾਂ ਦੇ ਬੱਚੇ ਦੇ ਪਿੱਛੇ ਹੀ ਪੈ ਗਿਆ ਸੀ।

ਡਾਕਟਰਾਂ,ਹਕੀਮਾਂ ,ਪੀਰਾਂ-ਫਕੀਰਾਂ ਝਾੜ-ਫੂਕ ਕਰਨ ਵਾਲਿਆਂ ਦਰਗਾਹਾਂ ਆਦਿ ਜਿੱਥੇ ਵਾਹ ਲੱਗਾ ਸਭ ਥਾਂ ਲਿਜਾਇਆ ਗਿਆ ਪਰ ਕਿਸੇ ਵੀ ਜਗਾ ਤੋਂ ਕੋਈ ਫਰਕ ਨਾ ਪਿਆ ਆਖਿਰ ਥੱਕ ਹਾਰ ਸਾਰਾ ਪਰਿਵਾਰ ਘਰ ਬੈਠ ਗਿਆ ,ਪਰ ਹੁਣ ਉਸਨੇ ਅਪਣਾ ਇਲਾਜ ਖੁਦ ਹੀ ਕਰਨ ਦਾ ਫੈਸਲਾ ਕਰ ਲਿਆ ਸੀ, ਕੰਮ ਵੱਡਾ ਸੀ ਤੇ ਜਿੰਦ ਨਿੱਕੀ ,ਕੋਈ ਸਾਧਾਰਨ ਬੱਚਾ ਹੁੰਦਾ ਤਾਂ ਸ਼ਾਇਦ ਦਿਮਾਗੀ ਤਵਾਜ਼ਨ ਹੀ ਖੋ ਦਿੰਦਾ ਪਰ ਇਹ ਤਾਂ ਇੱਕ ਵੱਖਰੀ ਹੀ ਸ਼ੈ ਸੀ ਸੋ ਉਸਨੇ ਅਪਣਾ ਇਲਾਜ ਖੁਦ ਹੀ ਲੱਭ ਲਿਆ ।ਹਰ ਰੋਜ਼ ਦੀ ਤਰ੍ਹਾਂ ਜਦੋਂ ਉਸਨੂੰ ਫਿਰ ਉਹੀ ਸੁਪਨਾ ਆਇਆ ਤਾਂ ਉਸਨੇ ਅਪਣੇ ਤੇਜ਼ ਦਿਮਾਗ ’ਚ ਉਹ ਸਾਰਾ ਦ੍ਰਿਸ਼ ਕੈਦ ਕਰ ਲਿਆ ,ਨਜ਼ਰ ਆਉਣ ਵਾਲੀ ਹਰ ਥਾਂ ,ਨਾਂ ਨੂੰ ਚੰਗੀ ਤਰ੍ਹ੍ਹਾਂ ਸਮਝ ਲਿਆ ਤੇ ਨਿਸ਼ਚਾ ਕਰ ਲਿਆ ਕੇ ਸਵੇਰ ਹੋਣ ਸਾਰ ਹੀ ਉਹ ਇਸ ਸਥਾਨ ਦੀ ਭਾਲ ਵਿੱਚ ਅਪਣਾ ਘਰ ਛੱਡ ਤੁਰ ਪਵੇਗਾ ਤੇ ਪਤਾ ਲਗਾ ਕੇ ਹੀ ਰਹੇਗਾ ਕੇ ਆਖਿਰ ਇਹ ਮਾਜਰਾ ਹੈ ਕੀ ਜੋ ਹਰ ਰੋਜ਼ ਮੈਨੂੰ ਸੁਪਨੇ ਦੇ ਰਾਹੀਂ ਵਿਖਾਈ ਦੇ ਜਾਦਾ ਹੈ ਮੇਰੇ ਨਾਲ ਇਸ ਦਾ ਕੀ ਸੰਬੰਧ ਹੈ ?ਮੇਰੇ ਤੋਂ ਕੀ ਚਾਹੁੰਦਾ ਹੈ ਤੇ ਮੈ ਕਿਸੀ ਨੂੰ ਦੇ ਵੀ ਕੀ ਸਕਦਾ ਹਾਂ ?ਅਜਿਹੇ ਅਨੇਕਾਂ ਹੀ ਜਾਣੇ -ਅਣਜਾਣੇ ਸਵਾਲਾਂ ਦੀ ਘੁੰਮਣਘੇਰੀ ਜਦੋਂ ਅਪਣੇ ਪੂਰੇ ਜੋਬਨ ਤੇ ਆ ਕੇ ਟੁੱਟੀ ਤਾਂ ਉਹ ਅਪਣੇ ਦ੍ਰਿੜ ਨਿਸ਼ਚੇ ਨਾਲ ਉਸੇ ਸਥਾਨ ਦੀ ਭਾਲ ਲਈ ਤੁਰ ਪਿਆ ਕਈ ਦਿਨਾਂ ਦਾ ਅਰਾਮ ਤੇ ਰਾਤਾਂ ਦੀ ਨੀਂਦ ਗੁਆਉਣ ਉਪ੍ਰੰਤ ਅਖੀਰ ਇੱਕ ਦਿਨ ਖੁਦਾ ਉਸ ਤੇ ਮਹਿਰਬਾਨ ਹੋਇਆਤੇ ਲੰਮੇ ਸਮੇਂ ਦੀ ਮਿਹਨਤ ਤੋਂ ਬਾਅਦ ਉਹ ਇੱਕ ਦਿਨ ਉਸ ਜਗਾ ’ਤੇ ਪਹੁੰਚ ਹੀ ਗਿਆ ਜਿਸਦੀ ਉਸਨੂੰ ਚਿਰਾਂ ਤੋਂ ਭਾਲ ਸੀ ।ਉਹ ਜਗ੍ਹਾ ,ਜਿੱਥੇ ਬਣੀ ਕਬਰ ’ਚੋਂ ਹਰ ਰਾਤ ਸੁਪਨੇ ’ਚ ਇੱਕ ਹੱਥ ਉੱਠਦਾ ਤੇ ਉਸਨੂੰ ਮੋਢੇ ਤੋਂ ਫੜ ਅਪਣੇ ਨਾਲ ਕਿਸੀ ਲੰਮੇ ਸਫਰ ’ਤੇ ਤੋਰ ਲੈਂਦਾ ਇਹ ਸੁਪਨਾ ਕਾਫੀ ਸਮੇਂ ਤੋਂ ਉਸਨੂੰ ਹਰ ਰਾਤ ਬਿਨਾਂ ਰੁਕੇ ਆ ਰਿਹਾ ਸੀ ਤੇ ਹੁਣ ਜਦੋਂ ਉਹ ਇਸ ਸੁਪਨੇ ਵਾਲੀ ਜਗਾ ’ਤੇ ਪੁੱਜ ਗਿਆ ਤਾਂ ਇੱਥੋਂ ਦਾ ਸਭ ਕੁਝ ਉਸਨੂੰ ਜਾਣਿਆ -ਪਹਿਚਾਣਿਆ ਜਿਹਾ ਲੱਗਾ ਜਿਸ ਨਾਲ ਉਸਦਾ ਕੋਈ ਡੂੰਘਾ ਤੁੱਅਲਕ ਸੀ ਇਹ ਸਥਾਨ ਜੋ ਇਸ ਬਾਲਕ ਨੂੰ ਮਿਲਿਆ ਸੀ ਇਹ ਸਥਾਨ ਉੱਚ ਸਰੀਫ ਦੇ ਨਾਮ ਨਾਲ ਜਾਣਿਆ ਜਾਦਾ ਸੀ ਤੇ ਇੱਥੇ ਅਨੇਕਾਂ ਹੀ ਸੂਫੀ ਸੰਤਾਂ ਦੇ ਡੇਰੇ ਅਤੇ ਕਬਰਾਂ ਮੌਜੂਦ ਸਨ ਜਿਹਨਾਂ ਵਿੱਚ ਪ੍ਰਸਿੱਧ ਸੂਫੀ ਦਰਵੇਸ਼ ਤੇ ਕਵੀ ਸਾਂਈ ਬੁੱਲ੍ਹੇ ਸ਼ਾਹ ਦੀ ਕਬਰ ਵੀ ਇੱਕ ਸੀ ।ਇੱਥੇ ਹੀ ਉਸਨੂੰ ਜਾਣੀ ਪਹਿਚਾਣੀ ਰੂਹ ਸਾਂਈ ਰੌਣਕ ਅਲੀ ਮਿਲੇ (ਜੋ ਬਾਅਦ ਵਿੱਚ ਆਪ ਜੀ ਦੇ ਪਹਿਲੇ ਉਸਤਦ ਦੇ ਰੂਪ ਵਿੱਚ ਜਾਣੇ ਜਾਣ ਲੱਗੇ)ਜਿਹਨਾਂ ਆਪ ਜੀ ਦੀ ਸਾਰੀ ਵਿੱਥਿਆ ਸੁਣਨ ਉਪੰਤ ਆਪ ਨੂੰ ਸੂਫੀਅਤ ਤੇ ਸੰਗੀਤ ਦੀ ਬਕਾਇਦਾ ਸਿੱਖਿਆ ਦੇਣੀ ਪ੍ਰਾਰੰਭ ਕਰ ਦਿੱਤੀ ਤੇ ਫਿਰ ਇੰਝ ਸ਼ੁਰੂ ਹੋਇਆ ਇਸ ਵਿਸ਼ਵ ਪ੍ਰਸਿੱਧ ਸੂਫੀ ਗਾਇਕ ਸ਼ਾਈ ਜ਼ਹੂਰ ਅਹਿਮਦ ਜੀ ਦਾ ਸੰਗੀਤਕ ਸਫਰ।
ਲਾਹੌਰ ਦੇ ਦੱਖਣੀ -ਪੱਛਮੀਂ ਹਿੱਸੇ ਵਿੱਚ ਸਥਿਤ ਨਗਰ ਉਕਾਰਾ ਜਿੱਥੇ ਕੇ ਸਾਂਈ ਜ਼ਹੂਰ ਅਹਿਮਦ ਜੀ ਦਾ ਜਨਮ ਸੰਨ 1938 ਈ. ਵਿੱਚ ਹੋਇਆ ਉਥੇ ਸੰਗੀਤ ਦਾ ਕੋਈ ਬਹੁਤਾ ਵੱਡਾ ਪ੍ਰਬੰਧ ਨਹੀਂ ਸੀ ਪਰ ਫਿਰ ਵੀ ਪੰਜ ਕੁ ਸਾਲ ਦੀ ਉਮਰ ਦੇ ਜ਼ਹੂਰ ਅਹਿਮਦ ਨੇ ਸ਼ੌਕੀਆ ਤੌਰ ’ਤੇ ਘਰ ਵਿੱਚ ਗੁਣਗਣਾਉਣਾ ਆਰੰਭ ਕਰ ਦਿੱਤਾ ।ਕਿਸਾਨੀ ਪਰਿਵਾਰ ਨਾਲ ਸੰਬੰਧਿਤ ਇਸ ਬੱਚੇ ਨੂੰ ਗਾਉਂਦਾ ਵੇਖ ਕੇ ਹਰ ਕੋਈ ਇਸਨੂੰ ਪਾਗਲ ਤੇ ਕੰਜਰ ਤੱਕ ਆਖਦਾ ਤੇ ਮਦਰੱਸੇ ਜਾ ਕੇ ਤਾਲੀਮ ਨਾ ਕਰਨ ਬਾਬਤ ਉਸ ਪ੍ਰਤੀ ਬੁਰੀ ਸ਼ਬਦਾਵਲੀ ਵਰਤਣਾ ਅਪਣਾ ਨੈਤਿਕ ਫਰਜ਼ ਮੰਨਦਾ ।ਜਦੋਂ ਸਾਂਈ ਰੌਣਕ ਅਲੀ ਜੀ ਪਾਸੋਂ ਜ਼ਹੂਰ ਅਹਿਮਦ ਸੰਗੀਤਕ ਵਿੱਦਿਆ ਹਾਸਲ ਕਰ ਰਹੇ ਸਨ ਤਾਂ ਉੱਥੋਂ ਦੇ ਸ਼ੂਫੀਅਤ ਨਾਲ ਸ਼ਰਸਾਰ ਮਾਹੌਲ਼ ਤੇ ਵਾਤਾਵਰਣ ਤੋਂ ਉਹ ਖੁਦ ਨੁੰ ਬਚਾ ਨਾ ਸਕੇ ਤੇ ਉਹਨਾਂ ਵੀ ਬੁਲੇ ਸ਼ਾਹ ਦੀ ਤਰ੍ਹਾਂ ਨੱਚ ਕੇ ਯਾਰ ਮਨਾਉਣ ਵਾਲੇ ਰਾਹ ’ਤੇ ਤੁਰਨਾ ਸ਼ੁਰੂ ਕਰ ਦਿੱਤਾ।ਸਾਈਂ ਬੁਲੇ ਸ਼ਾਹ ਦਾ ਅਸਰ ਇਸ ਕਦਰ ਕਬੂਲਿਆ ਕੇ ਆਪ ਖੁਦ ਵੀਹਵੀਂ ਸਦੀ ਦਾ “ ਬੁੱਲਾ “ ਬਣ ਗਏ ।ਅਪਣਾ ਲਿਬਾਸ ,ਬੋਲੀ ,ਸੰਗੀਤ,ਸਭ ਕੁਝ ਸ਼ੂਫੀਅਤ ਦੇ ਰੰਗ ਵਿੱਚ ਰੰਗ ਸੁੱਟਿਆ ।ਜੇ ਕੋਈ ਪੁੱਛਦਾ ਸਾਈਂ ਜੀ ਅੱਜ ਦੇ ਤੜਕ ਭੜਕ ਵਾਲੇ ਸਮੇਂ ’ਚ ਤੁਸਾਂ ਇਹ ਅਪਣਾ ਰੂਪ ਤੇ ਪਹਿਰਾਵਾ ਕਿਹੋ ਜਾ ਬਣਾ ਰੱਖਿਆ ਤਾਂ ਆਪ ਅੱਗੋਂ ਆਖਦੇ “ ਮੇਰਾ ਪੀਰ ਤੇ ਮੁਰਸ਼ਦ ਜੇ ਇਹੋ ਜਿਹੇ ਸੀ ਤਾਂ ਫਿਰ ਮੈਂ ਕਿਉਂ ਨਾ ਬਣਾ “ ਪੁੱਛਣ ਵਾਲਾ ਬੱਸ ਚੁੱਪ ਕਰ ਜਾਂਦਾ।
ਰੌਣਕ ਅਲੀ ਤੋਂ ਬਾਅਦ ਆਪ ਜੀ ਨੇ ਤਾਜ਼ ਨਸੀਰ ( ਫਿਲਮ ਨਿਰਮਾਤਾ) ਤੇ ਸਾਈਂ ਮਰਨਾ (ਜੋ ਕੇ ਰੇਡੀਓ ਤੋਂ ਇੱਕ ਤਾਰਾ ਵਜਾਉਂਦੇ ਸੀ ) ਨੂੰ ਅਪਣਾ ਉਸਤਾਦ ਧਾਰਿਆ ਤੇ ਇਹਨਾਂ ਦੇ ਪ੍ਰਭਾਵ ਹੇਠ ਹੀ ਅਪਣਾ ਹਰ ਪਲ ਦਾ ਸਾਥੀ ਸਾਜ਼ “ਇੱਕ-ਤਾਰਾ “ ਬਣਾ ਲਿਆ । ਇੱਕ ਤਾਰਾ ,ਜਿਸਨੂੰ ਸਾਈਂ ਜੀ ਹਰ ਸਮੇਂ ਰੰਗ -ਬਰੰਗੀਆਂ ਡੋਰੀਆਂ ਤੇ ਸੂਤੀ ਫੁੱਲਾਂ ਨਾਲ ਸਜਾ ਕੇ ਰੱਖਦੇ ਹਨ , ਦੇ ਬਾਬਤ ਆਖਦੇ ਹਨ-
ਇੱਕ ਤਾਰੇ ਵਿੱਚ ਰਾਗ ਹਜਾਰਾਂ
ਵੱਖ -ਵੱਖ ਅੰਗ ਤੇ ਹਰ ਸੁਰ ਨਿਆਰਾ
ਤਨ-ਤਨ -ਤਨ ਵੱਜਦਾ ਇੱਕ ਤਾਰਾ
ਇੱਕ ਤਾਰੇ ਦੀ ਜ਼ਰਬ ਹਿਆਤੀ
ਜ਼ਰਬ ਕਲਿਆਣ ਤੇ ਜ਼ਰਬ ਪ੍ਰਭਾਤੀ
ਤੂੰਬਾ ਗਹਿਰਾ ਅਥਾਹ ਸਮੁੰਦਰ
ਤਾਰ ਕਿੱਲੀ ਦੇ ਸੀਨੇ ਅੰਦਰ ੳੰਵਲ ਦੀ ਰਾਤ ਮਜ਼ਰਬ ਦੀ ਹਰਕਤ
ਡਾਂਟੀ ਆ ਉਮੀਦ ਸਹਾਰਾ
ਤਨ-ਤਨ -ਤਨ ਵੱਜਦਾ ਇੱਕ ਤਾਰਾ
ਅਪਣੇ ਹੱਥੀਂ ਆਪ ਬਣਾਵੇ
ਸੋਹਣੀ ਸੂਰਤ ਅਪਰੰਮਪਾਰਾ
ਉਹਦੀ ਹੂਕ ਨੂੰ ਆਪੇ ਜਾਣੇ
ਅਪਣੇ ਦਰਦ ਦਾ ਆਪੇ ਚਾਰਾ
ਤਨ-ਤਨ -ਤਨ ਵੱਜਦਾ ਇੱਕ ਤਾਰਾ।
ਅਪਣੀ ਗਾਇਕੀ ਦੇ ਸ਼ੂਰੁਆਤੀ ਦੌਰ ਦੌਰਾਨ ਸਾਂਈ ਜੀ ਨੇ ਪਿੰਡਾਂ ਸ਼ਹਿਰਾਂ ਦੀ ਗਲੀਆਂ ,ਕਬਰਾਂ ਆਦਿ ਉੱਪਰ ਲੱਗਣ ਵਾਲੇ ਉਰਸਾਂ ਆਦਿ ਤੇ ਗਾਉਣ ਨੂੰ ਹੀ ਤਰਜੀਹ ਦਿੱਤੀ ਕਿਉਂਕਿ ਉਹ ਖੁਦਾ ਨਾਲ ਮਿਲਾਉਣ ਵਾਲੀ ਗਾਇਕੀ ਨੂੰ ਜਨ-ਸਧਾਰਨ ਪੱਧਰ ਤੱਕ ਲੈ ਜਾਣਾ ਚਾਹੁੰਦੇ ਸਨ।ਇਸ ਲਈ ਆਪ ਜੀ ਨੇ ਵਰਤਮਾਨ ਸਮੇਂ ਦੇ ਲੇਖਕਾਂ ਦੀਆਂ ਰਚਨਾਵਾਂ ਗਾਉਣ ਦੀ ਬਜਾਏ ਅਪਣੇ ਪੀਰ-ੳ-ਮੁਰਸ਼ਦ ਸ਼ਾਈ ਬਾਬਾ ਬੁਲ੍ਹੇ ਸ਼ਾਹ,ਸ਼ਾਹ ਹੂਸੈਨ ਅਤੇ ਗੁਲਾਮ ਫਰੀਦ ਜੀ ਵਰਗੇ ਸੂਫੀ ਨਾਮਾ-ਨਿਗਾਰਾਂ ਦੀਆਂ ਲਿਖਤਾਂ ਨੂੰ ਹੀ ਅਪਣੀ ਅਵਾਜ ਨਾਲ ਨਵਾਂ ਰੰਗ ਦਿੱਤਾ ।‘ਔਖੇ ਪੈਂਡੈ’ ਵਰਗਾ ਗੀਤ ਬੇਸ਼ੱਕ ਨਸੀਬੋ ਵਰਗੀ ਅੰਤਰਰਾਸ਼ਟਰੀ ਪਹਿਚਾਣ ਰੱਖਣ ਵਾਲੀ ਪ੍ਰਤਿਭਾ ਨੇ ਵੀ ਗਾ ਦਿੱਤਾ ਸੀ ਪਰ ਇਸ ਨੂੰ ਜੋ ਪਹਿਚਾਣ ਸਾਈਂ ਜ਼ਹੂਰ ਹੋਰਾਂ ਦਿਵਾਈ ਉਹ ਨਸੀਬੋ ਦੇ ਹਿੱਸੇ ਨਹੀਂ ਸੀ ਆਈ।‘ਔਖੇ ਪੈਂਡੇ’ ਤੋਂ ਬਾਅਦ ਹੀ ਸਾਈਂ ਇੱਕ ਪ੍ਰਪੱਕ ਸੂਫੀ ਗਾਇਕ ਵਜੋਂ ਸਾਡੇ ਸਾਹਮਣੇ ਆਏ।ਇਸ ਤੋਂ ਬਾਅਦ ਤਾਂ ਉਹਨਾਂ ਵੱਲੋਂ ਗਾਈਆ ਸੂਫੀ ਰਚਨਾਵਾਂ ਨੇ ਸੰਗੀਤਕ ਪੂਜਾਰੀਆਂ ਨੂੰ ਇਸ ਕਦਰ ਅਪਣਾ ਦਿਵਾਨਾ ਬਣਾ ਲਿਆ ਕਿ ਆਪ ਜੀ ਨੂੰ 2006 ਈ. ਵਿੱਚ “ਬੀ.ਬੀ.ਸੀ. ਵਾਇਸ ਆਫ ਦਾ ਈਅਰ ” ਨਾਲ ਨਿਵਾਜਿਆ ਗਿਆ ਇਹ ਉਹ ਪੁਰਸਕਾਰ ਸੀ ਜਿਸਦੇ ਹੱਕਦਾਰ ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਸਿਰਫ ਜਨਾਬ ਨੁਸਰਤ ਫਤਿਹ ਅਲੀ ਖਾਨ ਅਤੇ ਅਬੀਦਾ ਪ੍ਰਵੀਨ ਵਰਗੀਆਂ ਰੂਹਾਂ ਦੇ ਹੀ ਹਿਸੇ ਆਈ ਸੀ।ਇਸ ਤੋਂ ਮਗਰੋਂ ਸੰਨ 2007 ਵਿੱਚ ਪਾਕਿਸਤਾਨੀ ਫਿਲਮ ‘ ਖੁਦਾ ਕੇ ਲੀਏ’ ਲਈ ਵੀ ਅਪਣੀ ਅਵਾਜ ਰਿਕਾਰਡ ਕਰਵਾਈ ,ਵਿਸ਼ਵ ਪ੍ਰਸਿੱਧ ‘ਕੋਕ ਸਟੂਡੀਓ’ਵਿੱਚ ਜਦ ਸਾਈਂ ਨੇ ਗਾਇਆ-
ਜਿੰਦ ਵਾਰਾਂ ਨਬੀ ਦੀ ਸ਼ਾਨ ਤੋਂ
ਜਿਹਨਾਂ ਹੱਕ ਦਾ ਰਾਹ ਦਖਾਇਆ ਏ
ਉਹਨਾਂ ਝੂਠ ਨਾ ਮਨੋ ਫੁਰਮਾਇਆ ਏ
ਸਾਈਂ ਜ਼ੋਰ ਦੀਵਾਨਾ ਕਹਿੰਦਾ ਏ
ਜਿਹੜਾ ਨਾਮ ਅੱਲਾ ਦਾ ਲੈਂਦਾ ਈ
ਅੱਲਾ,ਅੱਲਾ ਅੱਲਾ ਤੁੰਬਾ ਕਹਿੰਦਾ ਏ
ਤਾਂ ਬੱਸ ਜਿਸਨੇ ਵੀ ਸਾਈ ਨੂੰ ਸੁਣਿਆ ਉਸਦਾ ਹੀ ਹੋ ਕਿ ਰਹਿ ਗਿਆ ।‘ਉਹ ਆ ਕੀ? ਇਸ ਬਾਬੇ ਨੇ ਤਾਂ ਯਰ ਵਟ ਹੀ ਕੱਢ ਛੱਡੇ ਆ’ ਵਰਗੇ ਫਿਕਰੇ ਜਦੋਂ ਦੋਸਤਾਂ ਮਿੱਤਰਾਂ ਨੂੰ ਇਹ ਗੀਤ ਮੈਂ ਸੁਣਨ ਲਈ ਦਿੱਤਾ ਤਾਂ ਮੈਨੂੰ ਆਮ ਹੀ ਸੁਣਨ ਨੂੰ ਮਿਲਦੇ ਰਹਿੰਦੇ ।ਪਰ ਖੁਦ ਸਾਈਂ ਜੀ ਇਸ ਗੀਤ ਨੂੰ ਲੈ ਕਿ ਜਿਆਦਾ ਖੁਸ ਨਹੀਂ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਅਤਿ-ਆਧੁਨਿਕ ਸਟੂਡੀਓ ਵਿੱਚ ਉਹਨਾਂ ਦੀ ਕੁਦਰਤੀ ਅਵਾਜ਼ ਦਬਾ ਲਈ ਗਈ ਸੀ ।
ਸਾਈਂ ਜ਼ਹੂਰ ਅਹਿਮਦ ਸਾਹਿਬ ਭਾਵੇਂ ਕੋਰੇ ਅਨਪੜ ਹਨ ਪਰ ਫਿਰ ਵੀ ਅੰਗਰੇਜ਼ੀ ,ਊਰਦੁ ਆਦਿ ਵਿੱਚ ਚੰਗੀ ਵਾਰਤਾ ਕਰ ਲੈਂਦੇ ਹਨ ਆਮ ਜ਼ਿੰਦਗੀ ਚ ਵੈਸੇ ਉਹ ਠੇਠ ਪੰਜਾਬੀ ਦੀ ਹੀ ਵਰਤੋਂ ਕਰਦੇ ਹਨ। ਕਿਉਂ ਜੋ ਆਪ ਪੜਨਾ ਨਹੀਂ ਜਾਣਦੇ ਇਸ ਲਈ ਅਪਣੀ ਸਹੂਲਤ ਲਈ ਅਪਣੇ ਤੌਰ ’ਤੇ ਹੀ ਇੱਕ ਅਜਿਹੀ ‘ਭਾਸ਼ਾ’ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਕਿ ਇਹ ਸਿਰਫ ਤੇ ਸਿਰਫ ਖੁਦ ਹੀ ਪੜ ਸਕਦੇ ਹਨ ,ਸ਼ਬਦਾਂ ਦੀਆਂ ਭਾਵਨਾਵਾਂ ਅਨੁਸਾਰ ਕਾਗਜ਼ ਉੱਪਰ ਕੁੱਝ ਤਸਵੀਰਾਂ ਜਿਹੀਆਂ ਬਣਾ ਉਹਨਾਂ ਨੂੰ ਵੇਖ ਹੀ ਲਿਖਤਾਂ ਨੂੰ ਪੜਨੀਆਂ ਆਪ ਦੇ ਵਿੱਲਖਣ ਦਿਮਾਗ ਦਾ ਇੱਕ ਅਹਿਮ ਕਾਰਨਾਮਾ ਹੈ।
ਸਾਈਂ ਜ਼ਹੂਰ ਅਹਿਮਦ ਸਾਹਿਬ ,ਮੇਰਾ ਖਿਆਲ ਹੈ ਕਿ ਸੰਗੀਤ ਦੇ ਜਾਦੂ ਰਾਹੀ ਦੋ ਜਾਪਾਨੀ ਵਿਅਕਤੀਆਂ ਨੂੰ ਅਪਣੇ ਮਜ਼ਹਬ ਵਿੱਚ ਪ੍ਰਵੇਸ਼ ਕਰਵਾ ਦੇਣਾ ਅਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਦੇ ਹਨ ।ਆਪ ਜੀ ਮੁਤਾਬਿਕ ਗਵੱਈਆ ਬੇਸ਼ੱਕ ਕਿੰਨੀ ਵੀ ਪ੍ਰਸਿੱਧੀ ਕਿਉਂ ਨਾ ਪ੍ਰਾਪਤ ਕਰ ਲਵੇ ਰਿਆਜ਼ ਦੀ ਅਹਿਮੀਅਤ ਫਿਰ ਵੀ ਬਰਕਰਾਰ ਰਹਿੰਦੀ ਹੈ ,ਬਿਨਾਂ ਰਿਆਜ਼ ਤੋਂ ਗਾਇਕੀ ਵਿੱਚ ਖੜੌਤ ਜਿਹੀ ਆ ਜਾਦੀ ਹੈ ਤੇ ਇਹੀ ਖੜੌਤ ਇੱਕ ਗਾਇਕ ਨੂੰ ਉਸਦੇ ਸਰੋਤਿਆਂ ਤੋਂ ਦੂਰ ਲੈ ਜਾਣ ਦਾ ਕਾਰਨ ਬਣ ਜਾਦੀ ਹੈਇਸ ਲਈ ਉਹ ਅੱਜ ਵੀ ਬਕਾਇਦਗੀ ਨਾਲ ਰੋਜ਼ਾਨਾ ਰਿਆਜ਼ ਕਰਦੇ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਰਿਆਜ਼ ਦੀ ਘਾਟ ਕਾਰਨ ਉਹਨਾਂ ਦੀ ਅਵਾਜ਼ ਵਿੱਚੋਂ ਉਹ ਜਾਦੂ ਖਤਮ ਹੋ ਜਾਵੇ ਜਿਸਦੀ ਬਦੌਲਤ ਉਹਨਾਂ ਨੂੰ ਇਹ ਮੁਕਾਮ ਹਾਸਿਲ ਹੋਇਆ ਹੈ ।ਸ਼ਾਇਦ ਇਹੋ ਕਾਰਨ ਹੈ ਕਿ ਸੂਫੀਮਤ ਨੂੰ ਹੀ ਅਪਣਾ ਪਿਆਰ, ਜਨੂੰਨ ,ਕਿੱਤਾ ਅਤੇ ਆਤਮਾ ਬਣਾ ਲੈਣ ਵਾਲੇ ਸਾਈਂ ਜ਼ਹੂਰ ਜੀ ਦੇ ਪ੍ਰਸ਼ੰਸਕ ਅੱਜ ਪੂਰੀ ਦੁਨੀਆਂ ਵਿੱਚ ਬੈਠੇ ਉਹਨਾਂ ਦੀ ਅਵਾਜ਼ ਨੂੰ ਸੁਣ ਵਿਸਮਾਦੀ ਤੇ ਇਲਾਹੀ ਮਾਹੌਲ਼ ਵਿੱਚ ਗੁਆਚ ਜਾਂਦੇ ਹਨ ।

