By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਾਹਿਤ, ਸਮਾਜ, ਕਿਤਾਬਾਂ ਅਤੇ ਪੰਜਾਬੀ ਸੱਥ ਵੱਲੋਂ ਪਾਇਆ ਜਾ ਰਿਹਾ ਯੋਗਦਾਨ -ਕੇਹਰ ਸ਼ਰੀਫ਼
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸਾਹਿਤ ਸਰੋਦ ਤੇ ਸੰਵੇਦਨਾ > ਸਾਹਿਤ, ਸਮਾਜ, ਕਿਤਾਬਾਂ ਅਤੇ ਪੰਜਾਬੀ ਸੱਥ ਵੱਲੋਂ ਪਾਇਆ ਜਾ ਰਿਹਾ ਯੋਗਦਾਨ -ਕੇਹਰ ਸ਼ਰੀਫ਼
ਸਾਹਿਤ ਸਰੋਦ ਤੇ ਸੰਵੇਦਨਾ

ਸਾਹਿਤ, ਸਮਾਜ, ਕਿਤਾਬਾਂ ਅਤੇ ਪੰਜਾਬੀ ਸੱਥ ਵੱਲੋਂ ਪਾਇਆ ਜਾ ਰਿਹਾ ਯੋਗਦਾਨ -ਕੇਹਰ ਸ਼ਰੀਫ਼

ckitadmin
Last updated: July 14, 2025 8:35 am
ckitadmin
Published: September 22, 2012
Share
SHARE
ਲਿਖਤ ਨੂੰ ਇੱਥੇ ਸੁਣੋ

ਗੱਲ ਉਹ ਜਿਹੜੀ ਸਮੇਂ ਸਿਰ ਹੋਵੇ, ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਅੱਗੇ ਵਧਣ ਪ੍ਰੇਰਨਾ ਵੀ ਮਿਲ ਸਕਦੀ ਹੈ। ਅੱਜ ਦਾ ਵਿਚਾਰਿਆ ਜਾਣ ਵਾਲਾ ਵਿਸ਼ਾ ਸਾਹਿਤ, ਸਮਾਜ ਤੇ ਕਿਤਾਬਾਂ ਨਾਲ ਸਬੰਧ ਰੱਖਦਾ ਹੈ  ਜੋ ਸਾਡੀ ਜ਼ਿੰਦਗੀ ਨੂੰ ਸੱਭਿਆ ਵੀ ਬਣਾਉਂਦੇ ਹਨ ਅਤੇ ਗਿਆਨ ਭਰਪੂਰ ਵੀ।  ਇਸ ਤੋਂ ਬਿਨਾਂ ਜ਼ਿੰਦਗੀ ਬੜੀ ਹੀ ਅਧੂਰੀ ਹੈ, ਬੜੀ ਹੀ ਫਿੱਕੀ ਅਤੇ ਰਸ-ਹੀਣ। ਕਿਤਾਬਾਂ ਅਤੇ ਸਾਹਿਤ ਨਾਲ ਜੁੜਿਆ ਇਨਸਾਨ ਆਮ ਕਰਕੇ ਰੱਜੀ ਰੂਹ ਅਤੇ ਹੋਰ ਬਹੁਤ ਕੁੱਝ ਜਾਨਣ ਦੀ ਖਾਹਿਸ਼ ਰੱਖਣ ਵਾਲਾ ਜਗਿਆਸੂ ਮਨੁੱਖ ਹੁੰਦਾ ਹੈ ਕਿਉਂਕਿ ਉਸਦੇ ਕੋਲ ਅਜਿਹਾ ਸਰਮਾਇਆ ਤੇ ਸਮਝ ਹੁੰਦੀ ਹੈ ਜਿਸ ਦੇ ਗੁਆਚ ਜਾਣ ਜਾਂ ਫੇਰ ਚੋਰੀ ਹੋ ਜਾਣ ਦਾ ਡਰ ਹੀ ਕੋਈ ਨਹੀਂ ਹੁੰਦਾ। ਗਿਆਨ ਦਾ ਸਰਮਾਇਆ ਅਜਿਹਾ ਹੈ ਜੋ ਕਦੇ ਘਟਦਾ ਨਹੀਂ ਜਿੰਨਾ ਵੰਡੋ ਜਾਂ ਵਰਤੋ ਹਮੇਸ਼ਾ ਵਧਦਾ ਹੀ ਰਹਿੰਦਾ ਹੈ। ਸੱਚਾ ਸਾਹਿਤਕਾਰ ਹਮੇਸ਼ਾ ਹੀ ਸੱਚ ਨਾਲ ਖੜ੍ਹਦਾ ਹੈ, ਸੱਚ ਦਾ ਸਾਥ ਦਿੰਦਾ ਹੈ, ਸੱਚ ਹੀ ਉਸਦਾ ਇਸ਼ਟ ਹੋ ਜਾਂਦਾ ਹੈ, ਸੱਚ ਹੀ ਜ਼ਿੰਦਗੀ ਜਾਨਣ ਤੇ ਮਾਨਣ ਵਾਲਾ ਰਾਹ। ਉਹ ਆਪਣੇ ਸਮਾਜ ਨੂੰ ਹਮੇਸ਼ਾ ਹੀ ਪਹਿਲਾਂ ਤੋਂ ਚੰਗਾ ਦੇਖਿਆ ਚਾਹੁੰਦਾ ਹੈ, ਇਸ ਵਾਸਤੇ ਲਗਦੀ ਵਾਹ ਉਹ ਆਪਣੀ ਸਮਝ, ਸੂਝ ਅਤੇ ਸਮਰੱਥਾ ਅਨੁਸਾਰ ਕੋਸ਼ਿਸ਼ ਵੀ ਕਰਦਾ ਹੈ। ਉਸਦੇ ਮਨ ਅੰਦਰ ਖੂਬਸੂਰਤੀ ਦੇ ਨਕਸ਼ੇ ਬਣਦੇ ਹਨ ਜੋ ਉਸਦੀਆਂ ਲਿਖਤਾਂ ਰਾਹੀਂ ਸਮਾਜ ਦੇ ਸਨਮੁੱਖ ਹੁੰਦੇ ਹਨ। ਉਸਦੀ ਸਾਰੀ ਮਿਹਨਤ , ਭੱਜ ਦੌੜ ਤੇ ਲਿਖਤ ਇਸ ਵਾਸਤੇ ਹੀ ਹੁੰਦੀ ਹੈ ਕਿ ਉਹ ਆਪਣੇ ਸਮਾਜ ਤੇ ਆਪਣੇ ਲੋਕਾਂ ਦੇ ਜੀਵਨ ਦਾ ਮੂੰਹ ਮੱਥਾ ਸਵਾਰ ਸਕੇ। ਆਪਣੇ ਲੋਕਾਂ ਦੀ ਜ਼ਿੰਦਗੀ ਨੂੰ ਸਨਮਾਨਯੋਗ ਅਤੇ ਮਾਨਣਯੋਗ ਬਨਾਉਣ ਵਿੱਚ ਆਪਣੇ ਲੋਕਾਂ ਦਾ ਸਾਥ ਦੇ ਸਕੇ। ਸੂਝਵਾਨ ਲਿਖਾਰੀਆਂ ਦੀਆਂ ਲਿਖਤਾਂ ਕਿੰਨੇ ਹੀ ਹੋਰ ਲੋਕਾਂ ਨੂੰ ਚੰਗਿਆਈ ਵੱਲ ਪ੍ਰੇਰਤ ਕਰਨ ਦੇ ਸਬੱਬ ਪੈਦਾ ਕਰਦੀਆਂ ਰਹੀਆਂ ਹਨ ਅਤੇ ਕਰਦੀਆਂ ਰਹਿਣਗੀਆਂ।

ਹਰ ਸਮਾਜ ਦੇ ਆਪਣੇ ਮਸਲੇ ਅਤੇ ਆਪਣੇ ਸਰੋਕਾਰ ਹਨ। ਇਹ ਹੀ ਮਸਲੇ ਸੰਵੇਦਨਸ਼ੀਲ ਜਾਂ ਫੇਰ ਇੰਜ ਕਹੀਏ ਕਿ ਜਾਗਦੇ ਮਨੁੱਖ ਨੂੰ ਵੀ ਹਲੂਣਦੇ ਹਨ ਕਿ ਉਹ ਆਪਣੇ ਪੱਲੇ ਬੰਨੀ੍ਹ ਅਕਲ ਨੂੰ ਆਪਣੇ ਲੋਕਾਂ ਤੱਕ ਵੀ ਪਹੁੰਚਾਵੇ ਜਿਸ ਨਾਲ ਸਾਰੇ ਸਮਾਜ ਦਾ ਭਲਾ ਹੋ ਸਕੇ। ਇਸ ਤਰ੍ਹਾਂ ਪੜ੍ਹਨ – ਲਿਖਣ ਦੇ ਰਾਹੇ ਪਿਆ ਮਨੁੱਖ ਸਹਿਜੇ ਸਹਿਜੇ ਦੂਈ-ਦੁਐਤ ਅਤੇ ਕਿਸੇ ਵੀ ਕਿਸਮ ਦੇ ਵਿਤਕਰਿਆਂ ਤੋਂ ਪਾਕਿ ਹੁੰਦਾ ਹੈ। ਉਹਦੇ ਵਾਸਤੇ ਤਾਂ ਸਾਰਾ ਹੀ ਪਿੰਡ ਮਿੱਤਰਾਂ ਦਾ ਹੁੰਦਾ ‘ਨਾ ਕੋ ਬੈਰੀ ਨਾ ਹੀ ਬੇਗਾਨਾ’ ਵਾਲੀ ਭਾਵਨਾ ਪਲਣ ਲੱਗਦੀ ਹੈ ਉਸਦੇ ਅੰਦਰ ਤੇ ਉਹ ਸਰਬੱਤ ਦੇ ਭਲੇ ਦੀ ਸੋਚ ਦਾ ਲੜ ਫੜ ਲੈਂਦਾ ਹੈ। “ਬੇਗਮਪੁਰੇ” ਦੀ ਸਿਰਜਣਾ ਕਰਨ ਵਾਲੀ ਸੋਚ ਦੇ ਲੜ ਲੱਗ ਕੇ ਜ਼ਿੰਦਗੀ ਨੂੰ ਸਾਕਾਰਥ ਕਰਨ ਦੇ ਰਾਹੇ ਪੈ ਜਾਂਦਾ ਹੈ। ਇਸ ਸੋਚ ਦੇ ਲੜ ਲੱਗਿਆ ਮਨੁੱਖ ਫੇਰ ਥਿੜਕਦਾ ਵੀ ਨਹੀਂ, ਡਰਦਾ ਤੇ ਡਰਾਉਂਦਾ ਵੀ ਨਹੀਂ ਉਹ ਆਪਣੇ ਸੁਪਨਿਆਂ ਦੀ ਫਸਲ ਨੂੰ ਸੱਚ ਹੁੰਦੇ ਵੇਖਣ ਵਾਸਤੇ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੰਦਾ ਹੈ ਲੋਕ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਿੱਚ ਸਹਾਇਕ ਬਣਨ ਵਾਸਤੇ ਤੇ ਆਪਣੇ ਆਪ ਨੂੰ ਸਾਹਿਤ ਦਾ ਕਾਮਾ ਸਮਝਣ ਲੱਗ ਪੈਂਦਾ ਹੈ । ਜਾਗਦੀ ਜ਼ਮੀਰ ਵਾਲਾ ਹੋਣ ਕਰਕੇ ਆਪਣੇ ਲੋਕਾਂ ਦੇ ਸੰਗ ਖੜ੍ਹੇ ਹੋਣਾ ਹੀ ਉਸ ਦੀ ਆਦਤ ਬਣ ਜਾਂਦੀ ਹੈ।

ਹੁਣ ਹਰ ਕੋਈ ਸਵਾਲ ਕਰੇਗਾ ਕਿ ਸਾਹਿਤ ਦਾ ਸਮਾਜ ਨਾਲ ਕੀ ਰਿਸ਼ਤਾ ਹੁੰਦਾ ਹੈ? ਜਵਾਬ ਵੀ ਬੜਾ ਸਿੱਧਾ ਜਿਹਾ ਹੀ ਹੈ ਕਿ ਸਾਹਿਤ ਨਾ ਹੋਵੇ ਤਾਂ ਸਮਾਜ ਬੜਾ ਹੀ ਨੀਰਸ ਜਿਹਾ ਹੋਵੇਗਾ। ਸਾਹਿਤ ਜਿੱਥੇ ਮਨਪ੍ਰਚਾਵੇ ਦਾ ਸਾਧਨ ਹੈ ਨਾਲ ਹੀ ਸਮਾਜਿਕ ਤਬਦੀਲੀ ਦਾ ਹਥਿਆਰ ਵੀ ਹੈ। ਇਸ ਸਭ ਕਾਸੇ ਦਾ ਇਤਿਹਾਸ ਵੀ ਗਵਾਹ ਹੈ। ਪਹਿਲੇ ਜ਼ਮਾਨਿਆਂ ਵਿਚ ਕਦੇ ਰਾਜੇ ਰਾਣੀਆਂ ਦੀਆਂ ਕਹਾਣੀਆਂ ਹੀ ਲੋਕਾਂ ਦੇ ਮਨਾਂ ਦਾ ਢਾਰਸ ਬਣਦੀਆਂ ਹੁੰਦੀਆਂ ਸਨ। ਉਨ੍ਹਾਂ ਸਮਿਆਂ ਵਿੱਚ ਲੋਕ ਸ਼ਾਮ ਵੇਲੇ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਪਿੰਡਾਂ ਦੀਆਂ ਸੱਥਾਂ ਵਿੱਚ ਢਾਣੀਆ ਬਣਾ ਕੇ ਬੈਠਦੇ ਅਤੇ ਇਨ੍ਹਾਂ ਸੱਥਾਂ ਵਿੱਚ ਲੋਕ ਕਥਾਵਾਂ ਸੁਣਾਈਆਂ ਵੀ ਜਾਂਦੀਆਂ ਸਨ ਤੇ ਗਾਈਆਂ ਵੀ ਜਾਂਦੀਆਂ ਸਨ। ਇਹੋ ਸੱਥਾਂ ਪਹਿਲ ਪਲੱਕੜੇ ਬੀਜ ਹੁੰਦੀਆਂ ਹਨ ਸਾਹਿਤ ਦੇ ਜਨਮਣ ਤੋਂ ਪਨਪਣ ਤੱਕ ਦੀਆਂ। ਇਸੇ ਤਰ੍ਹਾਂ ਪਹਿਲੇ ਸਮਿਆਂ ਵਿੱਚ ਸੌਣ ਤੋਂ ਪਹਿਲਾਂ ਦਾਦੇ ਦਾਦੀ ਵਲੋਂ ਬੱਚਿਆਂ ਦੇ ਮਨਪ੍ਰਚਾਉਣ ਲਈ ਮਨ ਪ੍ਰਚਾਵੇ ਵਾਲੀਆ ਸਿੱਖਿਆਦਾਇਕ ਬਾਤਾਂ ਵੀ ਸੁਣਾਈਆਂ ਜਾਂਦੀਆਂ ਸਨ, ਇਹ ਅਣਜਾਣੇ ਵਿੱਚ ਹੀ ਅਛੋਪਲੇ ਜਹੇ ਬੱਚਿਆਂ ਦੇ ਮਨ ਅੰਦਰ ਸਾਹਿਤ ਵੱਲ ਜਾਣ ਦੀ ਪ੍ਰੇਰਨਾ ਬਣਦੇ ਸਨ ਪਰ ਇਸਦਾ ਬੜੀ ਦੇਰ ਬਾਅਦ ਪਤਾ ਲਗਦਾ ਸੀ, ਵਡੇਰਿਆਂ ਵਲੋਂ ਇਹ ਸਾਰੀ ਸਹਿਬਨ ਹੀ ਮਿਲਦੀ ਜੀਵਨ ਜਾਚ ਅੱਜ ਦੇ ਸਮੇਂ ਪਿੰਡਾਂ ਵਿਚੋਂ ਅਲੋਪ ਹੋ ਗਈ ਹੈ। ਨਾ ਤਾਂ ਪਹਿਲਾਂ ਵਰਗੀ ਜ਼ਿੰਦਗੀ ਹੈ ਹੁਣ ਅਤੇ ਨਾ ਹੀ ਪਹਿਲਾਂ ਵਰਗਾ ਵਿਹਲ ਹੈ ਲੋਕਾਂ ਕੋਲ ਨਾ ਹੀ ਪਹਿਲਾਂ ਵਰਗੇ ਵਕਤ ਹਨ। ਹੁਣ ਵਕਤ ਦੇ ਬਦਲਣ ਨਾਲ ਭਾਵ ਕਿ ਜ਼ਿੰਦਗੀ ਜੀਊਣ ਦਾ ਤਰੀਕਾ ਹੀ ਬਦਲ ਗਿਆ ਹੈ, ਜਦੋਂ ਨਵੀਂ ਜੀਵਨ ਜਾਚ ਕਰਕੇ ਜਿੰਦਗੀ ਦਾ ਤਰੀਕਾ ਬਦਲ ਜਾਵੇ ਤਾਂ ਲੋਕਾਂ ਦੇ ਮੇਲ ਮਿਲਾਪ ਦਾ ਸਲੀਕਾ ਵੀ ਬਦਲ ਜਾਂਦਾ ਹੈ। ਇਸੇ ਨੂੰ ਹੀ ਸ਼ਾਇਦ ਆਧੁਨਿਕਤਾ ਦਾ ਨਾਂ ਦਿੱਤਾ ਜਾਂਦਾ ਹੈ। ਆਧੁਨਿਕ ਹੋਇਆ ਮਨੁੱਖ ਸਭ ਤੋਂ ਪਹਿਲਾਂ ਆਪਣੇ ਅਤੀਤ ਨਾਲੋਂ ਆਪਣਾ ਨਾੜੂਆ ਤੋੜਨ ਦਾ ਭਰਮ ਪਾਲਦਾ ਹੈ, ਇਸ ਰਾਹੇ ਤੁਰਨ ਲੱਗਿਆਂ ਉਸ ਨੂੰ ਪਤਾ ਹੀ ਨਹੀਂ ਲਗਦਾ ਕਿ ਜਿਹੜੇ ਰਾਹ ਉਹ ਤੁਰਨ ਦਾ ਯਤਨ ਕਰ ਰਿਹਾ ਹੈ ਉਹ ਰਾਹ ਕਿੱਧਰ ਜਾਂਦਾ ਹੈ, ਪਰ ਹੋਰਨਾਂ ਦੀ ਰੀਸੇ ਉਹ ਵੀ ਮਗਰ ਹੀ ਘੜੀਸਿਆ ਤੁਰਿਆ ਚਲਿਆ ਜਾਂਦਾ ਹੈ। ਇਹ ਕਿਹੋ ਜਿਹੀ ਸਥਿਤੀ ਹੁੰਦੀ ਹੈ?  ਬੱਸ ! ਵਾਹ ਪਿਆ ਜਾਣੀਏਂ ਜਾਂ ਰਾਹ ਪਿਆ ਜਾਣੀਏ ਵਾਲੀ ਕਹਾਵਤ  ਹੀ ਇੱਥੇ ਚੇਤੇ ਕੀਤੀ ਜਾ ਸਕਦੀ ਹੈ। ਇਸ ਰਾਹੇ ਪਿਆ ਮਨੁੱਖ ਦੋ-ਚਿਤੀ ਵਾਲੀ ਸਥਿਤੀ ਵਿਚ ਜੀਊਣ ਲਗਦਾ ਹੈ। ਪੈਂਡਲੂਮ ਵਾਗੂੰ ਏਧਰੋਂ ਓਧਰ ਤੇ ਓਧਰੋਂ ਏਧਰ, ਟਿਕ ਟਿਕ ਕਰਦਾ ਘੁੰਮੀ ਜਾਂਦਾ ਹੈ ।ਬਸ, ਚੱਲ ਸੋ ਚੱਲ ਵਾਲਾ ਗਧੀ ਗੇੜ ਉਹਦਾ ਨਸੀਬ ਬਣ ਜਾਂਦਾ ਹੈ।

 

 

 

ਸਾਹਿਤ ਜ਼ਿੰਦਗੀ ਅੰਦਰ ਸੁਹਜ ਪੈਦਾ ਕਰਦਾ ਹੈ ਜੀਊਣ ਨੂੰ ਤਰੀਕਾਬੱਧ ਵੀ ਕਰਦਾ ਹੈ , ਅਨੁਸ਼ਾਸਨ ਵੀ ਸਿਖਾਉਂਦਾ ਹੈ। ਕਿਸੇ ਦੂਸਰੇ ਨਾਲ ਗੱਲਬਾਤ ਕਰਨ ਦਾ ਤਰੀਕਾ ਵੀ ਸਿਖਾਉਂਦਾ ਹੈ ਤੇ ਸਲੀਕਾ ਵੀ। ਚੀਜ਼ਾਂ ਵਸਤਾਂ ਮਸਲਿਆਂ ਤੇ ਸਮਾਜ ਦੇ ਵੱਖੋ ਵੱਖ ਵਰਤਾਰਿਆਂ ਨੂੰ ਨਿਰਖਣ – ਪਰਖਣ ਭਾਵ ਰਿੜਕਣ ਦਾ ਤਰਕ ਅਧਾਰਤ ਗੁਣ ਵੀ ਸਾਡੇ ਅੰਦਰ ਪੈਦਾ ਕਰਦਾ ਹੈ। ਸਾਹਿਤ ਸਾਡੇ ਕੋਲ ਕਿਤਾਬਾਂ ਰਾਹੀਂ ਪਹੁੰਚਦਾ ਹੈ ਇਸ ਕਰਕੇ ਪਹਿਲਾਂ ਕਿਤਾਬਾਂ ਸਾਡੇ ਸੁਭਾਅ ਦਾ ਪੱਕਾ ਅੰਗ ਜਾਂ ਸਾਡੀ ਆਦਤ ਦਾ ਜਰੂਰੀ ਹਿੱਸਾ ਹੋਣੀਆਂ ਚਾਹੀਦੀਆਂ ਹਨ। ਸਾਡੇ ਕੋਲ ਕਿਤਾਬਾਂ ਵਰਗਾ ਕੋਈ ਹੋਰ ਦੋਸਤ ਨਹੀਂ ਹੁੰਦਾ ਜੋ ਬਿਨਾ ਸਾਥੋਂ ਕੁੱਝ ਲਿਆਂ ਬਹੁਤ ਕੁੱਝ ਦੇ ਜਾਂਦੀਆਂ ਹਨ। ਕਿਤਾਬਾਂ ਸਾਡੀ ਜ਼ਿੰਦਗੀ ਦਾ ਰੁਖ ਹੀ ਬਦਲ ਦਿੰਦੀਆਂ ਹਨ। ਪਰ ਸ਼ਰਤ ਵੀ ਹੈ ਕਿ ਇਹ ਸਾਡੇ ਨਿੱਤ ਦੇ ਵਿਹਾਰ ਵਿੱਚ ਸ਼ਾਮਲ ਹੋਣ। ਅਗਲੀ ਗੱਲ ਸ਼ਾਇਦ ਕੁੱਝ ਕੁ ਲੋਕਾਂ ਨੂੰ ਇਹ ਗੱਲ ਦਰੁਸਤ ਨਾ ਲੱਗੇ ਪਰ ਹੈ ਸੱਚ ਕਿ ਕਿਤਾਬਾਂ ਵਰਗਾ ਨਸ਼ਾ ਵੀ ਕਿਸੇ ਹੋਰ ਥਾਉਂ ਨਹੀਂ ਮਿਲ ਸਕਦਾ, ਲੋੜ ਹੈ ਇਸ ਨਸ਼ੇ ਜਾਂ ਕਹੀਏ ਇਸ  ਆਦਤ ਦੇ ਲੜ ਲੱਗਣ ਦੀ, ਜਾਂ ਆਦਤ ਨੂੰ ਲੜ ਬੰਨ੍ਹ ਲੈਣ ਦੀ।

ਸਾਹਿਤ ਵੀ ਕਈ ਤਰ੍ਹਾਂ ਦਾ ਹੈ ਧਾਰਮਿਕ ਵਿਸ਼ਿਆਂ ਬਾਰੇ ਲਿਖਤਾਂ ਹਨ, ਸਮਾਜਿਕ ਮਸਲਿਆਂ ਨੂੰ ਹੰਘਾਲਦੀਆਂ ਲਿਖਤਾਂ ਹਨ, ਰਾਜਨੀਤਕ ਤੇ ਆਰਥਕ ਫਲਸਫਿਆਂ ਦਾ ਵਿਖਿਆਨ ਕਰਨ ਵਾਲਾ ਸਾਹਿਤ ਜਾਂ ਫੇਰ ਹੋਰ ਹਰ ਕਿਸਮ ਦੇ ਤੇ ਵਿਸ਼ਿਆਂ ਬਾਰੇ। ਵਿਗਿਆਨ ਤੇ ਸਿਹਤ ਸਬੰਧੀ ਐਲੋਪੈਥੀ, ਹੋਮਿਓਪੈਥੀ ਅਤੇ ਸਦੀਆਂ ਪੁਰਾਣੇ ਆਯੁਰਵੈਦਿਕ ਪ੍ਰਣਾਲੀਆਂ ਵਾਲੇ ਇਲਾਜ ਬਾਰੇ ਬੇਸ਼ੁਮਾਰ ਕਿਤਾਬਾਂ ਮਿਲਦੀਆਂ ਹਨ। ਇਕ ਗੱਲ ਕਿ ਕਿਤਾਬਾਂ ਦੀਆਂ ਵੱਡੀਆ ਦੁਕਾਨਾਂ ਵਿੱਚ ਜਾਉ ਤਾਂ ਲੱਖਾਂ ਹੀ ਕਿਤਾਬਾਂ ਦੇ ਦਰਸ਼ਣ ਹੁੰਦੇ ਹਨ, ਲਾਇਬ੍ਰੇਰੀਆਂ ਵਿੱਚ ਜਾਉ ਤਾਂ ਮਿਲੀਅਨਾਂ ਦੇ ਹਿਸਾਬ ਨਾਲ ਕਿਤਾਬਾਂ ਪਾਠਕਾਂ ਦੀ ਉਡੀਕ ਕਰਦੀਆਂ ਹਨ। ਹਰ ਕਿਤਾਬ ਕਿਸੇ ਨਾ ਕਿਸੇ ਸਮੱਸਿਆ ਨੂੰ ਲੈ ਕੇ ਹੀ ਲਿਖੀ ਗਈ ਹੁੰਦੀ ਹੈ। ਹੁਣ ਆਪ ਹੀ ਅੰਦਾਜਾ ਲਾਉ ਕਿ ਸਾਡੇ ਸੰਸਾਰ ਵਿੱਚ ਕਿੰਨੀਆਂ ਹੀ ਸਮੱਸਿਆਵਾਂ ਹਨ  ਉਹ ਕਿਤਾਬਾਂ ਤੋਂ ਵੀ ਜ਼ਿਆਦਾ ਹਨ। ਸਾਡੇ ਸਮਾਜ ਵਿੱਚ ਦਿਨ ਪ੍ਰਤੀ ਦਿਨ ਕਿਤਾਬਾਂ ਦਾ ਰੁਝਾਨ ਵੀ ਵਧ ਰਿਹਾ ਹੈ। ਤਕਨੀਕ ਨੇ ਕੁੱਝ ਤਬਦੀਲੀਆਂ ਲਿਆਂਦੀਆ ਹਨ ਇਸ ਕਰਕੇ ਨਵੀਂ ਤਕਨੀਕ ਤੁਹਾਡੇ ਕੋਲ ਈ ਬੁਕਸ ਲੈ ਕੇ ਪਹੁੰਚਦੀ ਹੈ। ( ਇਲੈਕਟਰੋਨਿਕਸ ਕਿਤਾਬਾਂ- ਜੋ ਇੰਟਰਨੈਟ ਤੇ ਬੇਸ਼ੁਮਾਰ ਪਈਆਂ ਹਨ)। ਸਾਹਿਤ ਦੇ ਲੜ ਲੱਗ ਕੇ ਅਸੀਂ ਜ਼ਿੰਦਗੀ ਬਰਬਾਦ ਕਰਨ ਵਾਲੀਆਂ ਬਹੁਤ ਸਾਰੀਆਂ ਭੈੜੀਆਂ ਆਦਤਾਂ ਜਾਂ ਕਹੀਏ ਅਲਾਮਤਾਂ ਤੋਂ ਬਚ ਸਕਦੇ ਹਾਂ। ਸਾਹਿਤ ਸਾਨੂੰ ਜ਼ਿੰਦਗੀ ਦਾ ਸਿਧਰਾ ਪੱਧਰਾ ਰਾਹ ਦੱਸਦਾ ਹੈ। ਫੇਰ ਕਿਉਂ ਨਾ ਇਸ ਰਾਹੇ ਪਿਆ ਜਾਵੇ? ਜੇ ਅਸੀਂ ਆਪਣੇ ਜੱਦੀ ਮੁਲਕ ਦਾ ਗੱਲ ਕਰੀਏ ਕਿ ਸਾਡੇ ਪਿਆਰੇ ਸੂਬੇ ਪੰਜਾਬ ਵਿੱਚ ਨਸ਼ਿਆਂ ਦਾ ਪਸਾਰ ਬਹੁਤ ਹੋਇਆ ਹੈ ਜਿਸਨੇ ਪੰਜਾਬੀਆਂ ਦੀ ਸਾਖ ਨੂੰ ਧੱਕਾ ਲਾਇਆ ਹੈ , ਜੇ ਏਨਾ ਜੋਰ ਸਾਹਿਤ ਦੇ ਪਸਾਰ ਤੇ ਲਾਇਆ ਜਾਂਦਾ ਤਾਂ ਦੁਨੀਆਂ ਸਾਹਮਣੇ ਚਿੰਤਨ ਦੇ ਖੇਤਰ ਵਿੱਚ ਕੋਈ ਵਿਦਵਾਨ ਚਿੰਤਕ ਪੇਸ਼ ਕਰ ਸਕਦੇ ਸਾਂ ਜਿਸਦੀ ਚਿੰਤਨ ਦੇ ਖੇਤਰ ਵਿਚ ਸੰਸਾਰ ਪੱਧਰ ‘ਤੇ ਚਰਚਾ ਹੁੰਦੀ। ਪਰ ਅਫਸੋਸ ਦਰ ਅਫਸੋਸ ਕਿ ਅਜਿਹਾ ਪੰਜਾਬੀਆਂ ਤੋਂ ਅਜੇ ਤੱਕ ਤਾਂ ਨਹੀਂ ਹੋ ਸਕਿਆ , ਇਹ ਸਾਹਿਤ ਨਾਲ ਨਾ ਜੁੜਨ ਕਰਕੇ ਹੀ ਹੋਇਆ। ਮਿਸਾਲ ਵਜੋਂ ਬੰਗਾਲੀਆਂ ਵਿੱਚ ਪੰਜਾਬੀਆਂ ਤੋਂ ਵੱਧ ਆਪਣੇ ਲੇਖਕਾਂ ਕਲਾਕਾਰਾਂ ਪ੍ਰਤੀ ਸਤਿਕਾਰ ਤੇ ਪਿਆਰ ਹੈ। ਇਹ ਆਪਣੇ ਸਾਹਿਤਕਾਰਾਂ ਦਾ ਮਾਣ ਹੁੰਦਾ ਹੈ। ਬੰਗਾਲੀਆਂ ਦੇ ਘਰਾਂ ਵਿੱਚ ਰਾਬਿੰਦਰ ਨਾਥ ਟੈਗੋਰ ਦੀ ਤਸਵੀਰ ਤੁਹਾਨੂੰ ਮਿਲੇਗੀ ਯਾਦ ਰਹੇ ਕਿ ਟੈਗੋਰ ਨੂੰ 1913 ਵਿੱਚ ਸਵੀਡਨ ਦੀ ਸਾਹਿਤ ਅਕਾਡਮੀ ਵਲੋਂ ਦੁਨੀਆਂ ਦਾ ਸਭ ਤੋਂ ਵੱਡਾ ਗਿਣਿਆ  ਜਾਂਦਾ ਸਾਹਿਤਕ ਇਨਾਮ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ ਸੀ ਟੈਗੋਰ ਵਲੋਂ ਲਿਖੀ ਉਸਦੀ ਪੁਸਤਕ ‘ਗੀਤਾਂਜਲੀ’ ਵਾਸਤੇ ਜੋ ਟੈਗੋਰ ਦੀਆਂ ਕਵਿਤਾਵਾਂ ਤੇ ਗੀਤਾਂ ਦਾ ਸੰਗ੍ਰਹਿ ਹੈ। ਇਹ ਏਸ਼ੀਆ ਦੇ ਕਿਸੇ ਵਾਸੀ ਲਈ ਪਹਿਲਾ ਵੱਡਾ ਸਾਹਿਤਕ ਇਨਾਮ ਸੀ। ਯਾਦ ਇਹ ਵੀ ਰੱਖਣਾ ਚਾਹੀਦਾ ਹੈ ਕਿ ਮੂਲ ਰੂਪ ਵਿੱਚ ‘ਗੀਤਾਂਜਲੀ’ ਬੰਗਾਲੀ ਭਾਸ਼ਾ ਵਿੱਚ ਲਿਖੀ ਗਈ ਸੀ। ਇਸੇ ਤਰ੍ਹਾਂ ਪਹਿਲਿਆਂ ਸਮਿਆਂ ਵਿਚ ਪੰਜਾਬੀ ਸਮਾਜ ਅੰਦਰ ਬਹੁਤ ਸਾਰੇ ਵਹਿਮ ਭਰਮ ਸਨ ਇਹ 1930 ਦੁਆਲੇ ਦੀ ਸਥਿਤੀ ਬਾਰੇ ਗੱਲ ਕੀਤੀ ਜਾ ਰਹੀ ਹੈ। ਉਦੋਂ ਪੰਜਾਬੀ ਦੇ ਉੱਘੇ ਲੇਖਕ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਆਪਣੇ ਦਲੀਲ ਭਰਪੂਰ ਅਗਾਂਹਵਧੂ ਸਾਹਿਤ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਇਸ ਪਾਸਿਉਂ ਮੋੜ ਕੇ ਵਹਿਮਾਂ ਭਰਮਾਂ ਦਾ ਖਹਿੜਾ ਛੱਡਣ ਦੀ ਪ੍ਰੇਰਨਾ ਦਿੱਤੀ ਸੀ, ਹੁਣ ਪੁੱਛਿਆ ਜਾ ਸਕਦਾ ਹੈ ਕਿ  ਪੰਜਾਬੀਆਂ ਦੇ ਕਿੰਨੇ ਕੁ ਘਰਾਂ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਤਸਵੀਰ ਦੇਖੀ ਜਾ ਸਕਦੀ ਹੈ? ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਵਿਦਵਤਾ ਭਰਪੂਰ ਤਰਕਸ਼ੀਲ ਲਿਖਤਾਂ ਦਾ ਅਸਰ ਸਾਡੇ ਪੰਜਾਬੀ ਦੇ ਬਹੁਤ ਸਾਰੇ ਸਾਹਿਤਕਾਰਾਂ ਤੇ ਅੱਜ ਤੱਕ ਵੀ ਹੈ। ਪੰਜਾਬੀ ਸਮਾਜ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਵਲੋਂ ਦਿੱਤਾ ਗਿਆ ਪਿਆਰ ਫਲਸਫਾ ਕਿ ‘ਪਿਆਰ ਕਬਜ਼ਾ ਨਹੀਂ ਪਹਿਚਾਣ ਹੈ’ ਜਿੰਦਗੀ ਤੋਂ ਧੌਂਸਵਾਦੀ ਰਵੱਈਏ ਨੂੰ ਖਤਮ ਕਰਕੇ ਮਨੁੱਖ ਨੂੰ ਨਵੀਂ ਸੂਝ ਤੇ ਜ਼ਿੰਦਗੀ ਜੀਉਣ ਦਾ ਨਵਾਂ ਤੇ ਸਾਊ ਰਾਹ ਦੱਸਦਾ ਹੈ। ਇਸੇ ਤਰ੍ਹਾਂ ਸਾਡੇ ਪੰਜਾਬੀ ਸਾਹਿਤ ਨੂੰ ਪ੍ਰੋ: ਪੂਰਨ ਸਿੰਘ ਨੇ ਪ੍ਰਭਾਵਿਤ ਕੀਤਾ ਸੀ। ਪਰ ਕਿੱਥੇ ਹੈ ਅੱਜ ਸਾਡੇ ਪੂਰਨ ਸਿੰਘ ਦੇ ਕਾਵਿ ਦੀ ਪ੍ਰੰਪਰਾ? ਤੇ ਕਿੱਥੇ ਹੈ ਉਹ ਪੰਜਾਬ ਜਿਸਦੇ ਪੂਰਨ ਸਿੰਘ ਗੁਣ ਗਾਉਂਦਾ ਨਹੀਂ ਸੀ ਥੱਕਦਾ? ਸਾਡੇ ਲੋਕਾਂ ਵਲੋਂ ਅਮੀਰ ਬਣਨ ਦੇ ਹਾਬੜਪੁਣੇ ਨੇ ਆਪਣੇ ਸਿਆਣੇ ਸੂਝਵਾਨਾਂ ਦੀਆਂ ਗੱਲਾਂ ਨੂੰ ਲੜ ਹੀ ਨਹੀਂ ਬੰਨਿਆਂ, ਅਮਲ ਤਾਂ ਉਨ੍ਹਾਂ ਉੱਤੇ ਤਦ ਹੀ ਹੋਣਾ ਸੀ ਜੇ ਉਹ ਲੜ ਬੰਨ੍ਹੀਆਂ ਹੁੰਦੀਆਂ।

ਸਾਹਿਤ ਅਸੀਂ ਦੋ ਤਰ੍ਹਾਂ ਪੜ੍ਹਦੇ ਹਾਂ ਇਕ ਤਾਂ ਹੈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਸਲੇਬਸਾਂ ਵਿੱਚ ਲੱਗੀਆਂ ਕਿਤਾਬਾਂ ਜੋ ਕਿਸੇ ਵੀ ਕਿਸਮ ਦੀ ਕੋਈ ਡਿਗਰੀ ਕਰਨ ਵਾਸਤੇ ਪੜ੍ਹਨੀਆਂ ਜਰੂਰੀ ਹੁੰਦੀਆਂ ਹਨ। ਪਰ ਇਨ੍ਹਾਂ ਕਿਤਾਬਾਂ ਦਾ ਆਪਣਾ ਇਕ ਦਾਇਰਾ ਹੁੰਦਾ ਹੈ ਜਿਸ ਤੋਂ ਬਾਹਰ ਜਾਣ ਦੀ ਕਿਸੇ ਨੂੰ ਆਗਿਆ ਨਹੀਂ ਹੁੰਦੀ। ਇਨ੍ਹਾਂ ਕਿਤਾਬਾਂ ਦੀ ਸੇਧ ਸਲੇਬਸ ਮਿੱਥਣ ਵਾਲਿਆਂ ਦੀ ਮੰਨਸ਼ਾਂ ਜਾਂ ਰਾਜ ਸੱਤਾ ਤੇ ਕਾਬਜ ਜਮਾਤ ਦੀ ਰਾਜਸੀ ਮਰਜ਼ੀ ਦੇ ਵਿਰੋਧ ਵਿੱਚ ਨਹੀਂ ਜਾ ਸਕਦੀ । ਦੂਸਰੀ ਕਿਸਮ ਦਾ ਉਹ ਸਾਹਿਤ ਹੈ ਜੋ ਅਸੀਂ ਆਪਣੇ ਗਿਆਨ, ਸੂਝ ਤੇ ਅਕਲ  ਦੇ ਦਾਇਰੇ ਨੂੰ ਵਧਾਉਣ ਖਾਤਰ ਪੜ੍ਹਦੇ ਹਾਂ। ਇਨ੍ਹਾਂ ਦੋਹਾਂ ਕਿਸਮਾਂ ਦੇ ਸਾਹਿਤ ਨੂੰ ਪੜ੍ਹਦਿਆਂ ਬਹੁਤ ਸਾਰਾ ਅੰਤਰ ਜਾਂ ਫਰਕ ਵੀ ਨਜ਼ਰ ਆਉਂਦਾ ਹੈ। ਸਲੇਬਸਾਂ ਵਾਲਾ ਸਾਹਿਤ ਵਗਦੀ ਨਹਿਰ ਵਰਗਾ ਦੋ ਕਿਨਾਰਿਆਂ ਵਿੱਚ ਸਿਮਟਿਆ ਹੁੰਦਾ ਹੈ ਜਦੋਂ ਕਿ ਦੂਜੀ ਕਿਸਮ ਦਾ ਸਾਹਿਤ ਸਮੁੰਦਰ ਅਤੇ ਅਸਮਾਨ ਵਾਂਗ ਵਿਸ਼ਾਲ ਹੁੰਦਾ ਹੈ, ਬਿਨਾ ਕਿਨਾਰਿਆਂ ਅਤੇ ਬਿਨਾਂ ਦਿਸਹੱਦਿਆਂ ਤੋਂ, ਪੂਰੀ ਦੁਨੀਆਂ ਦੇ ਮਸਲਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੋਇਆ। ਇਸ ਰਾਹ ਤੁਰ ਕੇ ਹੀ ਅਸੀਂ ਦੁਨੀਆਂ ਦੇ ਜਾਣਕਾਰ ਹੁੰਦੇ ਹਾਂ । ਨਹੀਂ ਤਾਂ ਸਾਨੂੰ ਕੀ ਪਤਾ ਲਗਦਾ ਕਿ ਕੌਣ ਹੋਇਆ ‘ਗੁਲਿਸਤਾਂ’ ਤੇ ‘ਬੋਸਤਾਂ’ ਲਿਖਣ ਵਾਲਾ ਸ਼ੇਖ ਸਾਅਦੀ, ਕੌਣ ਹੈ ਸ਼ੈਕਸਪੀਅਰ, ਕੌਣ ਹੈ ਬਰਨਾਰਡ ਸ਼ਾਹ ਤੇ ਜੌਹਨ ਕੀਟਸ, ਕੌਣ ਹੈ ਤਾਲਸਤਾਏ ਤੇ ਕੌਣ ਹੋਇਆ ਮੈਕਸਿਮ ਗੋਰਕੀ, ਚੈਖਵ, ਸ਼ੋਲੋਖੋਵ, ਦਾਸਤੋਵਸਕੀ, ਕੌਣ ਹੈ ਥਾਮਸਮਨ, ਐਲੇਕਸ ਹੇਲੀ, ਕਿਵੇਂ ਪਤਾ ਲਗਦਾ ਕੌਣ ਹੋਇਆ ਰਸੂਲ ਹਮਜ਼ਾਤੋਵ ਜੀਹਨੇ ਕਿਤਾਬ ਲਿਖੀ ‘ਮੇਰਾ ਦਾਗਿਸਤਾਨ’ ਤੇ  ਕੌਣ ਹੈ ਖਲੀਲ ਜਿਬਰਾਨ, ਤੇ ਬੋਰਿਸ ਪੋਲੇਬੋਈ ‘ਅਸਲੀ ਇਨਸਾਨ ਦੀ ਕਹਾਣੀ’ ਲਿਖਣ ਵਾਲਾ ਜਾਂ ਫੇਰ ਦਾਂਤੇ ਕੌਣ ਹੈ, ਯਾਂ ਪਾਲ ਸਾਰਤਰ, ਕੌਣ ਹੈ ਰੂਸੋ ਕੌਣ ਹੋਇਆ ਐਲਬਰਟ ਕਾਮੂ, ਕੌਣ ਹੋਈ ਸੀਮੋਨ ਦੀ ਬੈਵੂਆਰ, ਕੌਣ ਹੈ ਨਾਦੀਨ ਗਾਰਡੀਮਰ , ਡੋਰਿਸ ਲੈਸਿੰਗ ਤੇ ਟੋਨੀ ਮਾਰੀਸਨ ਇਸੇ ਤਰ੍ਹ ਬਹੁਤ ਸਾਰੇ ਹੋਰ ਲੋਕ ਹਨ ਜਿਨ੍ਹਾਂ ਦੇ ਨਾਂ ਗਿਣਾਏ ਜਾ ਸਕਦੇ ਹਨ।

ਅਸੀਂ ਆਪਣੇ ਮੁਲਕ ਤੋਂ ਬਾਹਰ ਵਸਣ ਵਾਲੇ ਜਿੱਥੇ ਵੀ ਵਸਦੇ ਹਾਂ ਉਸ ਮੁਲਕ ਦੇ ਸਾਹਿਤ ਤੇ ਸੱਭਿਆਚਾਰ ਨਾਲ ਕਿੰਨਾ ਕੁ ਜੁੜਦੇ ਹਾਂ। ਇੱਥੇ ਦੇ ਲੇਖਕਾਂ ਦੀਆਂ ਕਿਂਨੀਆਂ ਕੁ ਲਿਖਤਾਂ ਪੜ੍ਹਦੇ ਹਾਂ ਤਾਂ ਜੋ ਇਸ ਧਰਤੀ ਨਾਲ ਵੀ ਜੁੜ ਸਕੀਏ। ਇਹ ਸਵਾਲ ਹਰ ਥਾਵੇਂ ਵਸਦੇ  ਪੰਜਾਬੀਆਂ ਬਾਰੇ ਜਾਂ ਕਹੀਏ ਪਰਵਾਸੀਆਂ ਬਾਰੇ ਕੀਤਾ ਜਾ ਸਕਦਾ ਹੈ।

ਜਦੋਂ ਅਸੀਂ ਆਪਣੀ ਮਾਂ ਬੋਲੀ ਦੇ ਲੇਖਕਾਂ ਦੀ ਗੱਲ ਕਰਦੇ ਹਾਂ ਬਾਬਾ ਫਰੀਦ ਤੋਂ ਲੈ ਕੇ ਬੁਲੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ, ਵਾਰਿਸ ਸ਼ਾਹ, ਦਮੋਦਰ, ਪੀਲੂ ਤੇ ਹੋਰ ਬਹੁਤ ਸਾਰੇ। ਜੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਜਾਣੀਏਂ ਕਿ ਕਿਵੇਂ ਸਾਡੀ ਬੋਲੀ ਤੇ ਭਾਸ਼ਾ ਦੀ ਸੇਵਾ ਕਰਨ ਵਾਲੇ ਪੰਜਾਬੀ ਸੱਭਿਆਚਾਰ ਬਾਰੇ ਬਹੁਤ ਹੀ ਮੱਲਵਾਨ ਕਿਤਾਬ ‘ਮੇਰਾ ਪਿੰਡ’ ਲਿਖਣ ਵਾਲੇ ਗਿਆਨੀ ਗੁਰਦਿੱਤ ਸਿੰਘ, ਭਾਈ ਵੀਰ ਸਿੰਘ , ਪੋ: ਪ੍ਰੀਤਮ ਸਿੰਘ , ਸੰਤ ਸਿੰਘ ਸੇਖੋਂ, ਬਾਵਾ ਬਲਵੰਤ, ਦਵਿੰਦਰ ਸਤਿਆਰਥੀ, ਉਸਤਾਦ ਦਾਮਨ, ਸੰਤੋਖ ਸਿੰਘ ਧੀਰ, ਅਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਨੰਦ ਲਾਲ ਨੂਰਪੁਰੀ, ਧਨੀ ਰਾਮ ਚਾਤ੍ਰਿਕ, ਡਾ: ਜਗਤਾਰ, ਸ਼ਿਵ ਕੁਮਾਰ ਤੋਂ ਅੱਜ ਦੇ ਵਧੀਆ ਕਵੀ ਸੁਰਜੀਤ ਪਾਤਰ ਹੋਵੇ ਜਾਂ ਗ਼ਜ਼ਲਗੋ ਜਸਵਿੰਦਰ ਤੇ ਬਹੁਤ ਸਾਰੇ ਹੋਰ ਹਨ ਜਿਨ੍ਹਾਂ ਦੇ ਨਾਮ ਗਿਣੇ ਜਾ ਸਕਦੇ ਹਨ।

ਇਨ੍ਹਾ ਸਾਰਿਆਂ ਨੇ ਸਾਨੂੰ ਸਾਹਿਤ ਦੇ ਲੜ ਲਾ ਕੇ ਵਧੀਆ ਇਨਸਾਨ ਬਨਾਉਣ ਦਾ ਜਤਨ ਕੀਤਾ। ਹੁਣ ਤਾਂ ਫਰਜ਼ ਸਾਡਾ ਹੈ ਕਿ ਅਸੀਂ ਆਪਣੇ ਵਡੇਰਿਆ ਦਾ ਕਹਿਣਾ ਮੰਨ ਕੇ ਨਰੋਈਆ ਸਾਹਿਤਕ, ਸੱਭਿਆਚਾਰਕ ਤੇ ਭਾਈਚਾਰਕ ਕਦਰਾਂ-ਕੀਮਤਾਂ ਦੇ ਲੜ ਲੱਗੀਏ। ਆਪਣੇ ਸਾਹਿਤਕ ਅਤੇ ਸੱਭਿਅਚਾਰਕ ਵਿਰਸੇ ਦੇ ਨਰੋਏ ਪੱਖ ਨੂੰ ਸੰਭਾਲੀਏ।

ਸਾਹਿਤ ਸਮਾਜ ਦਾ ਸ਼ੀਸ਼ਾ ਹੀ ਨਹੀਂ ਹੁੰਦਾ ਸਗੋਂ ਸਮਾਜ ਨੂੰ ਸੇਧ ਦੇਣ ਵਾਲਾ, ਅਗਵਾਈ ਕਰਨ ਵਾਲਾ ਰਾਹ ਵੀ ਹੁੰਦਾ ਹੈ। ਇਹ ਰਾਹ ਤਾਂ ਤਦ ਹੀ ਪੱਲੇ ਪੈਂਦਾ ਹੈ ਜੇ ਅਸੀਂ ਕਿਤਾਬਾਂ ਦੀ ਕਦਰ ਕਰੀਏ ਅਸੀਂ ਕਿਤਾਬਾਂ ਦੇ ਲੜ ਲੱਗੀਏ, ਆਪਣੇ ਆਪ ਨੂੰ ਕਿਤਾਬਾਂ ਦੇ ਲੜ ਲਾਈਏ। ਦੁਨੀਆਂ ਨੂੰ ਬਦਲਣ ਵਾਸਤੇ ਸੂਝ ਦੀ ਲੋੜ ਪੈਂਦੀ ਹੈ ਕਿਤਾਬਾਂ ਗਿਆਨ ਤੇ ਸੂਝ ਦੇਣ ਦਾ ਭੰਡਾਰ ਹਨ।

ਜਿਨ੍ਹਾਂ ਮੁਲਕਾਂ ਵਿੱਚ ਅਸੀਂ ਰਹਿ ਰਹੇ ਹਾਂ ਇੱਥੇ ਕਿਤਾਬਾਂ ਦਾ ਬਹੁਤ ਮਹੱਤਵ ਹੈ। ਤੁਹਾਨੂੰ ਕੋਈ ਘਰ ਅਜਿਹਾ ਨਹੀਂ ਮਿਲੇਗਾ ਜਿੱਥੇ ਕਿਤਾਬਾਂ ਦੀਆਂ ਭਰੀਆਂ ਸ਼ੈਲਫਾਂ ਨਾ ਹੋਣ, ਇੱਥੋਂ ਤੱਕ ਕਿ ਖਾਣ – ਪਕਾਣ ਲਈ ਕੰਮ ਆਉਂਦਾ ਰਸੋਈ ਨਾਲ ਸਬੰਧਤ ਸਾਹਿਤ ਦੀਆਂ ਕਈ ਕਈ ਦਰਜਣ ਕਿਤਾਬਾਂ ਹਰ ਘਰ ਵਿੱਚ ਪਈਆਂ ਦੇਖ ਸਕਦੇ ਹੋ। ਇਹ ਚੰਗੀ ਆਦਤ ਸਾਡੀਆਂ ਬੀਬੀਆਂ ਨੂੰ ਵੀ ਪਾ ਲੈਣੀ ਚਾਹੀਦੀ ਹੈ ਕਿ ਉਹ ਵੀ ਇਸੇ ਰਾਹੇ ਹੀ ਕਿਤਾਬ ਵਾਲੇ ਕਲਚਰ ਨਾਲ ਜੁੜਨ। ਜਦੋਂ ਪਿੰਡ ਜਾਣ ਤਾਂ ਭਾਵੇਂ ਰਸੋਈ ਨਾਲ ਸਬੰਧਤ ਸਾਹਿਤ ਦੀਆਂ ਕਿਤਾਬਾਂ ਲੈ ਆਇਆ ਕਰਨ ਜਦੋਂ ਪੜ੍ਹਨ ਦੀ ਆਦਤ ਪੈ ਗਈ ਫੇਰ ਔਖ ਮੁੱਕ ਜਾਵੇਗੀ।  ਇਵੇਂ ਹੀ ਬੱਚਿਆਂ ਦੇ ਜਨਮ ਦਿਨ ਮਨਾਉਂਦਿਆਂ ਬੱਚੇ ਨੂੰ ਹੋਰ ਜੋ ਮਰਜ਼ੀ ਤੋਹਫਾ ਦਿਉ ਪਰ ਉਨ੍ਹਾਂ ਦੀ ਉਮਰ ਮੁਤਾਬਕ ਪੜ੍ਹਨ ਯੋਗ ਚੰਗੀ ਕਿਤਾਬ ਵੀ ਜਰੂਰ ਲੈ ਕੇ ਦਿਉ , ਜੇ ਕਿਸੇ ਨੂੰ ਨਾ ਪਤਾ ਹੋਵੇ ਕਿ ਬੱਚੇ ਵਾਸਤੇ ਕਿਹੜੀ ਕਿਤਾਬ ਖਰੀਦੀ ਜਾਵੇ ਤਾਂ ਕਿਤਾਬਾਂ ਦੀ ਦੁਕਾਨ ਵਾਲੇ ਇਸ ਵਿੱਚ ਤੁਹਾਡੀ ਮੱਦਦ ਕਰਦੇ ਹਨ, ਬੱਚੇ ਦੀ ਉਮਰ ਤੇ ਸ਼ੌਕ ਬਗੈਰਾ ਪੁੱਛ ਕੇ ਉਹ ਤੁਹਾਨੂੰ ਖਰੀਦੀ ਜਾਣ ਵਾਲੀ ਕਿਤਾਬ ਬਾਰੇ ਸੁਝਾਅ ਦੇਣਗੇ। ਹੁਣ ਵੇਲਾ ਹੈ ਆਪਣੇ ਇੱਥੇ ਵਸਦੇ ਸਮਾਜ ਨੂੰ ਕਿਤਾਬਾਂ ਰਾਹੀਂ ਸ਼ਬਦਾਂ ਦਾ ਤੋਹਫਾ ਤੇ ਗਿਆਨ ਦਾ ਪ੍ਰਸ਼ਾਦ ਵੀ ਦੇਈਏ। ਇਸ ਸੂਝ ਭਰਪੂਰ ਗਿਆਨ ਦੇ ਪ੍ਰਸ਼ਾਦ ਤੋਂ ਬਿਨਾਂ ਸਾਡੀ ਜ਼ਿੰਦਗੀ ਸਮੇਂ ਦੀ ਤੋਰ ਨਾਲ ਕਦਮ ਮਿਲਾ ਕੇ ਨਹੀਂ ਚੱਲ ਸਕਦੀ। ਸਾਡੀ ਆਉਣ ਵਾਲੀ ਪੀੜ੍ਹੀ ਦੇ ਬੱਚੇ ਇਸ ਸੂਚਨਾ ਤੇ ਤਕਨੀਕ (ਇਨਫਾਰਮੇਸ਼ਨ ਐਂਡ ਟੈਕਨੌਲੋਜੀ) ਦੇ ਸਮੇਂ ਕਿਉਂ ਸਮੇਂ ਤੋਂ ਪਿੱਛੇ ਰਹਿਣ? ਇਸ ਬਾਰੇ ਮਾਪਿਆਂ ਨੂੰ ਸੁਚੇਤ ਹੋਣਾ ਪਵੇਗਾ ਕਿ ਜਦੋਂ ਘਰਾਂ ਵਿੱਚ ਹਰ ਸੁੱਖ ਸਹੂਲਤ ਦਾ ਸਮਾਨ ਪਿਆ ਹੈ ਤਾਂ ਘਰ ਵਿਚ ਗਿਆਨ ਦੇ ਭੰਡਾਰ ਕਿਤਾਬਾਂ ਕਿਉਂ ਨਾ ਹੋਣ? ਸਿਰਫ ਸਕੂਲੀ ਸਲੇਬਸਾਂ ਦੀਆਂ ਕਿਤਾਬਾਂ ਹੀ ਨਾ ਹੋਣ ਬੱਚਿਆਂ ਨੂੰ ਉਨ੍ਹਾਂ ਦੇ ਪਸੰਦ ਦੀਆਂ ਸਾਹਿਤ, ਵਿਗਿਆਨ, ਇਤਿਹਾਸ, ਧਰਮ, ਸੱਭਿਆਚਾਰ, ਬੋਲੀ-ਭਾਸ਼ਾ, ਫਿਲਾਸਫੀ ਅਤੇ ਹੋਰ ਵਿਸ਼ਿਆਂ ਨਾਲ ਸਬੰਧ ਰੱਖਦੀਆ ਕਿਤਾਬਾਂ ਵੀ ਲੈ ਕੇ ਦਿੱਤੀਆਂ ਜਾਣ। ਬੱਚਿਆਂ ਨੂੰ ਤਰਕਸ਼ੀਲ ਵਿਚਾਰਾਂ ਦੇ ਬਨਾਉਣ ਦਾ ਜਤਨ ਕੀਤਾ ਜਾਵੇ, ਤਾਂ ਕਿ ਉਹ ਵੱਖੋ ਵੱਖ ਵਿਚਾਰਾਂ ਤੇ ਵਸਤਾਂ ਨੂੰ ਪਰਖਦਿਆਂ ਦਲੀਲ ਸਹਿਤ ਗੱਲ ਕਰਨ ਪਰ ਇਹ ਤਦ ਹੀ ਹੋਣਾ ਹੈ ਜੇ ਅਸੀਂ ਉਨ੍ਹਾਂ ਨੂੰ ਤਰਕਸ਼ੀਲ ਸਾਹਿਤ ਪੜ੍ਹਨ ਲਈ ਲੈ ਕੇ ਦੇਵਾਂਗੇ।

ਹੁਣ ਅਸੀਂ ਉਨ੍ਹਾਂ ਪੰਜਾਬੀਆਂ ਦੀ ਗੱਲ ਕਰਨੀ ਚਾਹੁੰਦੇ ਹਾਂ ਜਿਹੜੇ ਪੰਜਾਬੀ ਮੋਹ ਵਿੱਚ ਰੰਗੇ ਤਨੋ, ਮਨੋ, ਧਨੋ ਆਪਣੀ ਸਮਰੱਥਾ ਤੋਂ ਵੀ ਵੱਧ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਦਿਨ ਰਾਤ ਹੋਕਾ ਦਿੰਦੇ ਹਨ। ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਦਿਨ ਰਾਤ ਕੰਮ ਕਰ ਰਹੇ ਹਨ। ਪੰਜਾਬੀ ਸੱਭਿਆਚਾਰ ਦੀਆਂ ਨਰੋਈਆਂ ਦੇਸ਼ ਭਗਤੀ ਵਾਲੀਆਂ ਕਦਰਾਂ ਕੀਮਤਾਂ ਅਤੇ ਆਪਣੇ ਵਿਰਸੇ  ਦੇ ਅਮੀਰ ਪੱਖ ਦੀ ਗੱਲ ਕਰਦੇ ਹਨ। ਇਹ ਹਨ ਜੀ ਪੰਜਾਬੀ ਸੱਥ ਲਾਂਬੜਾ ਵਾਲੇ ਅਤੇ ਯੂਰਪੀ ਪੰਜਾਬੀ ਸੱਥ ਵਾਲੇ ਜੋ ਡਾ: ਨਿਰਮਲ ਸਿੰਘ, ਪ੍ਰੋ: ਕੁਲਵਿੰਦਰ ਸਿੰਘ ਸਰਾਏ ਅਤੇ ਮੋਤਾ ਸਿੰਘ ਸਰਾਏ ਹੋਰਾਂ ਦੀ ਅਗਵਾਈ ਵਿੱਚ ਆਪਣੇ ਹੋਰ ਬਹੁਤ ਸਾਰੇ ਸਹਿਯੋਗੀਆਂ ਨਾਲ ਸਾਰੀ ਦੁਨੀਆਂ ਅੰਦਰ ਪੰਜਾਬੀ ਮਾਂ ਬੋਲੀ ਦਾ ਹੋਕਾ ਦੇ ਰਹੇ ਹਨ। ਪੰਜਾਬ ਤੇ ਪੰਜਾਬੀ ਦੀ ਸ਼ਾਨ ਉੱਚੀ ਕਰ ਰਹੇ ਹਨ। ਇਸੇ ਕਰਕੇ ਕਹਿਣ ਨੂੰ ਦਿਲ ਕਰਦਾ ਹੈ –  ਪੰਜਾਬੀਆ ਦੀ ਸ਼ਾਨ ਵੱਖਰੀ।

ਪੰਜਾਬੀ ਸੱਥ ਵਾਲਿਆਂ ਆਪਣੇ ਭਾਈਚਾਰੇ ਦੇ ਲੋਕਾਂ ਤੇ  ਪੰਜਾਬੀ ਕੌਮ ਨਾਲ ਸਬੰਧਤ ਹਰ ਪੰਜਾਬੀ ਨੂੰ ਉਹਦੇ ਵਿਰਸੇ ਨਾਲ ਜੋੜਨ ਵਾਸਤੇ ਬਹੁਤ ਉੱਦਮ ਕੀਤੇ ਹਨ ਅਤੇ ਲਗਾਤਾਰ ਕਰ ਰਹੇ ਹਨ। ਸਭ ਤੋਂ ਵੱਡਾ ਉੱਦਮ ਹੈ ਕਿਤਾਬਾਂ ਛਾਪ ਕੇ ਬਿਨਾਂ ਕਿਸੇ ਕੀਮਤ ਵਸੂਲਿਆਂ ਦੂਰ ਦੁਰਾਡੇ ਦੇ ਦੇਸ਼ਾ ਵਿਚ ਵਸਦੇ ਪੰਜਾਬੀ ਲੋਕਾਂ ਦੇ ਘਰਾਂ ਤੱਕ ਪਹੁੰਚਾਉਣੀਆਂ। ਦੋਸਤੋ ਇਸ ਤੱਥ ਵੱਲ ਨਿਗਾਹ ਮਾਰਿਉ ਕਿ ਪੰਜਾਬੀ ਸੱਥ ਵਲੋਂ ਹੁਣ ਤੱਕ ਸਵਾ ਸੌ ਦੇ ਕਰੀਬ ਟਾਈਟਲ ਛਾਪੇ ਜਾ ਚੁੱਕੇ ਹਨ ਅਤੇ ਦੁਨੀਆਂ ਦੇ ਲੱਗਭਗ 140 ਮੁਲਕਾਂ ਤੱਕ ਉਨ੍ਹਾਂ ਪੰਜਾਬੀ ਦੀਆਂ ਕਿਤਾਬਾਂ ਪਹੁੰਚਾਈਆਂ ਹਨ। ਪਤਾ ਹੈ ਕਿੰਨੀਆਂ ਕੁ ਕਿਤਾਬਾਂ ਹੁਣ ਤੱਕ ਵੰਡ ਚੁੱਕੇ ਹਨ ਪੰਜਾਬੀ ਸੱਥ ਵਾਲੇ ,  — ਜੇ ਨਹੀਂ ਪਤਾ ਤਾਂ ਸੁਣੋ  ਪੰਜਾਬੀ ਸੱਥ ਵਲੋਂ ਹੁਣ ਤੱਕ ਦੁਨੀਆ ਦੇ ਵੱਖੋ ਵੱਖ ਦੇਸ਼ਾਂ ਵਿੱਚ ਵੰਡੀਆਂ ਇਨ੍ਹਾਂ ਕਿਤਾਬਾਂ ਦੀ ਗਿਣਤੀ ਢਾਈ ਲੱਖ ਤੋਂ ਵੀ ਜ਼ਿਆਦਾ ਬਣਦੀ ਹੈ। ਸਾਡੇ ਸਾਰਿਆਂ ਵਾਸਤੇ ਕੀ ਇਹ ਮਾਣ ਕਰਨ ਵਾਲੀ ਗੱਲ ਨਹੀਂ? ਪੰਜਾਬੀ ਸੱਥ ਵਾਲੇ ਜਿਹੜੇ ਰਾਹ ਤੁਰੇ ਹੋਏ ਹਨ ਇਹ ਸੂਝ, ਸਾਂਝ  ਤੇ ਗਿਆਨ ਦਾ ਰਾਹ ਹੈ ਇਨ੍ਹਾਂ ਦੇ ਮੁਹੱਬਤੀ ਕਦਮਾਂ ਨਾਲ ਕਦਮ ਮਿਲਾਉ ਤੇ ਭਰਪੂਰ ਸਾਥ ਦਿਉ।

ਮੰਜਕੀ ਦੇ ਇਲਾਕੇ ਵਿਚੋਂ ਪੰਜਾਬੀ ਸੱਥ ਲਾਂਬੜਾ ਦਾ ਗਠਨ ਹੋਇਆ। ਸਰਗਰਮੀਆਂ ਵਾਸਤੇ ਪਿੰਡ ਭੰਗਾਲਾਂ ਕਲਾਂ ਨੂੰ ਇਸ ਦਾ ਮੁੱਖ ਕੇਂਦਰ ਬਣਾ ਦਿੱਤਾ ਗਿਆ। ਇਹ ਸੱਥ ਵਾਲੇ ਹੁਣ ਤੱਕ ਆਪਣੀਆਂ ਢਾਈ ਕੁ ਦਰਜਣ ਹੋਰ ਇਕਾਈਆਂ ਵੀ ਕਾਇਮ ਕਰ ਚੁੱਕੇ ਹਨ। ਇਹ ਦੇਸ ਵਿੱਚ ਵੀ ਹਨ ਅਤੇ ਪਰਦੇਸਾਂ ਵਿੱਚ ਵੀ।  ਯੂਰਪ ਦੇ ਵੱਖੋ ਵੱਖ ਮੁਲਕਾਂ ਅਤੇ, ਪਾਕਿਸਤਾਨ, ਅਮਰੀਕਾ,  ਕੈਨੇਡਾ, ਅਸਟਰੇਲੀਆ, ਨਿਊਜ਼ੀਲੈਂਡ, ਯੁਗੰਡਾ, ਕੀਨੀਆ, ਸਿੰਗਾਪੁਰ , ਮਲੇਸ਼ੀਆ,  ਕੁਵੈਤ, ਡੁਬਈ, ਮਿਡਲ ਈਸਟ ਆਦਿ ਮੁਲਕਾਂ ਵਿੱਚ ਇਹ ਕਾਇਮ ਹੋਈਆਂ ਪੰਜਾਬੀ ਸੱਥ ਦੀਆਂ ਇਕਾਈਆਂ। ਇੱਥੋਂ ਤੱਕ ਕਿ ਪੰਜਾਬੀ ਪੁਸਤਕਾਂ ਨੂੰ ਮਾਰੀਸ਼ਸ ਤੇ ਬੰਗਲਾ ਦੇਸ਼ ਵਰਗੇ ਮੁਲਕਾਂ ਤੱਕ ਪਹੁੰਚਾਉਣ ਵਰਗਾ ਕਾਰਜ ਕਰਨ ਵਾਲੇ ਪੰਜਾਬੀ ਸੱਥ ਵਾਲੇ ਮਾਂ ਬੋਲੀ ਦੇ ਸੇਵਕਾਂ ਅੱਗੇ ਸਾਡਾ ਸਿਰ ਝੁਕਦਾ ਹੈ। ਸਾਡਾ ਅਦਬੀ ਸਲਾਮ ਹੈ ਨਿਰਸੁਆਰਥ ਹੋ ਕੇ ਸੇਵਾ ਕਰ ਰਹੇ ਇਨ੍ਹਾਂ ਪੰਜਾਬੀ ਮਾਂ ਬੋਲੀ, ਆਪਣੇ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਦੇ ਪ੍ਰਚਾਰਕਾਂ  ਤੇ ਬੇਲੀਆ ਅੱਗੇ।

ਜਰਮਨੀ ਵਿਚ ਪੰਜਾਬੀ ਸੱਥ ਦੀ ਵੀ ਇਕਾਈ ਕਾਇਮ ਹੋ ਚੁੱਕੀ ਹੈ, ਜਰਮਨੀ ਦੀ ਪੰਜਾਬੀ ਸੱਥ ਨੇ ਆਪਣੇ ਜਨਮ ਵੇਲੇ ਹੀ  ਅਦਾਰਾ  ‘ਮੀਡੀਆ ਪੰਜਾਬ’ ਦੇ ਸਹਿਯੋਗ ਨਾਲ ਇਕ ਕਾਵਿ ਪੁਸਤਕ ‘ ਘਿਉ ਚੂਰੀ ਦੀਆ ਬਾਤਾਂ’ ਛਾਪ ਕੇ ਮੀਡੀਆ ਪੰਜਾਬ ਦੇ 2010 ਵਾਲੇ ਸਾਲਾਨਾ ਸਾਹਿਤਕ ਸਮਾਗਮ ਦੇ ਸਮੇਂ ਲੋਕ ਅਰਪਣ ਕੀਤੀ ਸੀ। ਇਸਤੋਂ ਬਾਅਦ ਪੰਜਾਬੀ ਸੱਥ ਵਲੋਂ ਅੰਜੂਜੀਤ ਸ਼ਰਮਾ ਦਾ ਪਲੇਠਾ ਕਾਵਿ ਸੰਗ੍ਰਹਿ ‘ਸੋਚਾਂ ਦੀਆਂ ਪੈੜਾਂ’ ਛਾਪਿਆ ਗਿਆ । ਜਰਮਨੀ ਦੀ ਪੰਜਾਬੀ ਸੱਥ ਵਾਲੇ ਮੀਡੀਆ ਪੰਜਾਬ ਵਲੋਂ ਕਿਸੇ ਤਰ੍ਹਾਂ ਦੀ ਸਰਗਰਮੀ ਵਿਚ ਹਮੇਸ਼ਾ ਹੀ ਭਾਈਵਾਲ ਹੁੰਦੇ ਹਨ। ਉਹ ਭਾਵੇਂ ਮੀਡੀਆ ਪੰਜਾਬ ਰੇਡੀਉ ਹੋਵੇ ਜਾਂ ਫੇਰ ਅਦਾਰਾ ‘ਮੀਡੀਆ ਪੰਜਾਬ’ ਵਲੋਂ ਪਰਵਾਸੀ ਜ਼ਿੰਦਗੀ ਬਾਰੇ ਛਾਪੀ ਕਿਤਾਬ ‘ਪਰਵਾਸ ਦੇ ਰੰਗ’ ਹੋਵੇ ਜਾਂ ਫੇਰ 2012 ਵਿਚ ਖਾਲਸੇ ਦੇ ਸਾਜਣਾ ਦਿਵਸ ਨੂੰ ਸਮਰਪਿਤ ਬਹੁਰੰਗਾ ਤੇ ਬਹੁਮੁੱਲਾ ਸੋਵੀਨਰ ਹੋਵੇ। ਹਰ ਥਾਵੇਂ ਇਸ ਕਾਫਲੇ ਦੀ ਸਾਂਝ ਮਾਣ ਕਰਨਯੋਗ ਹਾਸਲ ਹੈ।

ਯੂਰਪੀ ਪੰਜਾਬੀ ਸੱਥ ਵਾਲੇ ਹਰ ਤਰ੍ਹਾਂ ਨਾਲ ਅਦਾਰਾ ‘ਮੀਡੀਆ ਪੰਜਾਬ’ ਅਤੇ ‘ਮੀਡੀਆ ਪੰਜਾਬ ਰੇਡੀਓ’ ਦਾ ਹਰ ਸਮੇਂ ਸਾਥ ਦਿੰਦੇ ਹਨ, ਇਸ ਵਾਸਤੇ ਵੀਰ ਮੋਤਾ ਸਿੰਘ ਸਰਾਏ, ਨਿਰਮਲ ਸਿੰਘ ਕੰਧਾਲਵੀ ਅਤੇ ਹਰਜਿੰਦਰ ਸੰਧੂ ਹੋਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਾਨੂੰ ਖੁਸ਼ੀ ਹੈ। ਕਾਮਨਾ ਹੈ ਇਹ ਕਾਫਲਾ ਵਧਦਾ ਰਹੇ ਅਤੇ ਅੱਗੇ ਤੁਰਦਾ ਰਵ੍ਹੇ।

ਪੰਜਾਬੀ ਸੱਥ ਵਾਲੇ ਦੋਹਾਂ ਪੰਜਾਬਾਂ ਅੰਦਰਲੇ ਪੰਜਾਬੀਆਂ ਅੰਦਰ ਹੀ ਨਹੀਂ ਸਗੋਂ ਪਰਦੇਸਾਂ ਵਿੱਚ ਵੀ ਜਿੱਥੇ ਵੀ ਕੋਈ ਪੰਜਾਬੀ ਵਸਦਾ ਹੈ ਉਸ ਨੂੰ ਆਪਣੀ ਬੋਲੀ ਸਾਹਿਤ ਅਤੇ ਆਪਣੇ ਵਿਰਸੇ, ਪੰਜਾਬੀ ਸਮਾਜ ਦੀਆਂ  ਸਿਹਤਮੰਦ ਕਦਰਾਂ-ਕੀਮਤਾਂ ਨਾਲ ਜੋੜਨ ਦਾ ਕਾਰਜ ਕਰਨ ਵਾਸਤੇ ਸਦਾ ਸਰਗਰਮ ਰਹਿੰਦੇ  ਹਨ।

ਪੰਜਾਬੀ ਸੱਥ ਦੀ ਜੰਮਣ ਭੋਇੰ ਮੰਜਕੀ ਬਾਰੇ ਅਸ਼ੋਕ ਚਰਨ ਆਲਮਗੀਰ ਹੋਰਾਂ ਵਲੋਂ ਲਿਖੀ ਅਤੇ ਕੁਲਵਿੰਦਰ ਸਿੰਘ ਸਰਾਏ ਹੋਰਾਂ ਵਲੋਂ ਸੰਪਾਦਤ ਕੀਤੀ ਬਹੁਤ ਹੀ ਗਿਆਨ ਭਰਪੂਰ ਅਤੇ ਖੋਜ ਭਰਪੂਰ ਪੁਸਤਕ ‘ਮੰਜਕੀ ਭੂਮਿ ਰੰਗਾਵਲੀ’ ਬਹੁਤ ਹੀ ਮੁੱਲਵਾਨ ਤੇ ਇਕ ਸਾਂਭਣਯੋਗ ਕਿਤਾਬ ਹੈ, ਇਹਨੂੰ ਪੜ੍ਹਨਾ ਨਾ ਭੁੱਲਿਉ,  ਇਸ ਕਿਤਾਬ ਵਿਚ ਧਰਤੀ ਦੇ ਇਸ ਖਿੱਤੇ ਦੇ ਇਤਿਹਾਸ, ਭਾਸ਼ਾ ਤੇ ਸੱਭਿਆਚਾਰ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਮੌਜੂਦ ਹੈ। ਇਹ ਪੁਸਤਕ ਇੰਗਲਿਸ਼ ਜ਼ੁਬਾਨ ਵਿੱਚ ਵੀ  The Colourful Land of Manjki  ਪੰਜਾਬੀ ਸੱਥ ਵਾਲਿਆਂ ਵਲੋਂ ਛਾਪੀ ਗਈ ਹੈ, ਇਸ ਇਲਾਕੇ ਦੇ ਸਾਹਿਤਕਾਰਾਂ, ਪ੍ਰਸਿੱਧ ਹਸਤੀਆਂ ਬਹੁਤ ਸਾਰੇ ਮਹਾਂਪੁਰਸ਼ਾਂ  ਬਾਰੇ  ਜਾਣਕਾਰੀ ਦਰਜ ਹੈ। ਇਹੀ ਮੰਜਕੀ ਹੈ ਜਿਸਨੇ ਸਿਰਕੱਢ ਬਬਰ ਅਕਾਲੀ ਲਹਿਰ ਦੇ ਵੱਡੇ ਆਗੂ ਅਤੇ ਹੋਰ  ਸਿਆਸੀ ਨੇਤਾ, ਉੱਘੇ ਪੰਜਾਬੀ ਕਵੀ ਪਾਸ਼ ਤੇ ਗੁਰਦਾਸ ਰਾਮ ਆਲਮ ਵਰਗੇ ਵੀ ਪੈਦਾ ਕੀਤੇ । ਇਹ ਕਿਤਾਬ ਪੰਜਾਬ ਦੇ ਇਤਿਹਾਸ ਦੇ ਸੁਨਿਹਰੀ ਪੰਨਿਆਂ ਬਾਰੇ ਗੱਲ ਕਰਦਿਆ ਤਲਵਣ ਦੀ ਪਹਿਲੀ ਸ਼ਹੀਦ ਬੀਬੀ ਦੀਪ ਕੌਰ ਦੀ ਵੀ ਬਾਤ ਪਾਉਂਦੀ ਹੈ। ਇਹ ਸਭ ਕੁੱਝ ਖੁਦ ਪੜ੍ਹਕੇ ਹੀ ਤੁਸੀਂ ਆਪਣੇ ਅਮੀਰ ਵਿਰਸੇ ਬਾਰੇ ਜਾਣ ਸਕੋਗੇ।

ਇਹ ਕਿਤਾਬ ਉਨ੍ਹਾਂ ਵਿਦਵਾਨਾਂ ਦੀ ਵੀ ਗੱਲ ਕਰਦੀ ਹੈ ਜਿਨ੍ਹਾਂ ਦਾ ਨਾਮ ਸੁਣਦਿਆਂ ਬਹੁਤ ਖੁਸ਼ੀ ਹੁੰਦੀ ਹੈ। ਇੱਥੇ ਗੱਲ ਕੀਤੀ ਜਾ ਸਕਦੀ ਹੈ ਵਿਦਵਾਨ ਸੱਜਣ ਸ਼ਰਧਾ ਰਾਮ ਫਿਲ਼ੌਰੀ ਦੀ । ਮੰਜਕੀ ਇਲਾਕੇ ਦੇ ਫ਼ਿਲੌਰ ਦੇ ਜੰਮ ਪਲ ਜਨਾਬ ਸ਼ਰਧਾ ਰਾਮ ਫਿਲੌਰੀ ਨੇ 1870 ਵਿਚ ਇਕ ਭਜਨ ਲਿਖਿਆ ਸੀ ਜੋ ਬਹੁਤ ਲੰਬੇ ਸਮੇਂ ਤੋਂ ਹਿੰਦੂਆਂ ਦੀ ਆਰਤੀ ਵਜੋਂ ਪ੍ਰਵਾਨ ਹੋ ਚੁੱਕਿਆ ਹੈ। ਹਿੰਦੂ ਧਰਮ ਨਾਲ ਸਬੰਧ ਰੱਖਣ ਵਾਲਾ ਕੋਈ ਵੀ ਵਿਅਕਤੀ ਦੇਸ਼ ਵਿਦੇਸ਼ ਜਿੱਥੇ ਵੀ ਮਰਜ਼ੀ ਵਸਦਾ ਹੋਵੇ ਅਤੇ ਜਿਹੜੀ ਜ਼ੁਬਾਨ ਨਾਲ ਮਰਜ਼ੀ ਸਬੰਧ ਰਖਦਾ ਹੋਵੇ  ਆਪਣੀਆਂ ਧਾਰਮਿਕ ਰਹੁ-ਰੀਤਾਂ ਕਰਦਿਆਂ ਮੰਜਕੀ ਦੇ ਇਸ ਸੂਝਵਾਨ ਵਿਦਵਾਨ ਪੰਜਾਬੀ ਪੁੱਤਰ ਦੀ ਲਿਖੀ ਹੋਈ ਆਰਤੀ ਹੀ ਗਾਉਂਦਾ ਹੈ। ਇਸ ਆਰਤੀ ਬਾਰੇ ਤਾਂ ਬਹੁਤ ਲੋਕ ਜਾਣਦੇ ਹਨ, ਨਿੱਤ ਗਾਉਂਦੇ ਵੀ ਹਨ  ਪਰ ਇਸ ਦੇ ਲਿਖਣ ਵਾਲੇ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ । ਇਹ ਆਰਤੀ ਹੈ :

 

ਓਮ ਜੈ ਜਗਦੀਸ਼ ਹਰੇ , ਸੁਆਮੀ ਜੈ ਜਗਦੀਸ਼ ਹਰੇ
ਭਗਤ ਜਨੋ ਕੇ ਸੰਕਟ , ਦਾਸ ਜਨੋ ਕੇ ਸੰਕਟ
ਛਿਨ ਮੇਂ ਦੂਰ ਕਰੇ , ਸੁਆਮੀ ਜੈ ਜਗਦੀਸ਼ ਹਰੇ…


ਸ਼ਰਧਾ ਰਾਮ ਫਿਲੌਰੀ ਦੀ ਲਿਖੀ ਇਸ ਭਜਨ ਕਹੀਏ ਜਾਂ ਆਰਤੀ ਨੂੰ ਫਿਲਮ ‘ਪੂਰਬ ਔਰ ਪੱਛਮ’ ਵਿਚ ਵੀ ਕਲਿਆਣ ਜੀ ਅਨੰਦ ਜੀ ਦੇ ਸੰਗੀਤ ਵਿਚ ਮਹਿੰਦਰ ਕਪੂਰ, ਬ੍ਰਿਜ ਭੁਸ਼ਨ ਅਤੇ ਸਿਆਮਾ ਚਿਤ੍ਰ ਨੇ ਗਾਇਆ ਸੀ ਅਤੇ ਇਸਨੂੰ ਫਿਲਮ ਵਿਚ ਅਸ਼ੋਕ ਕੁਮਾਰ, ਸਾਇਰਾ ਬਾਨੋ ਤੇ ਮਨੋਜ ਕੁਮਾਰ ਤੇ ਫਿਲਮਾਇਆ ਗਿਆ ਸੀ। ਫਿਲਮ ਤਾਂ ਤੁਹਾਡੇ ਵਿੱਚੋਂ ਬਹੁਤਿਆਂ ਨੇ ਦੇਖੀ  ਹੋਣੀ ਐਂ।

ਜਦੋਂ ਪੰਜਾਬੀ ਸੱਥ ਬਾਰੇ ਜਾਣਕਾਰੀ ਦੇਣ ਵਾਲੀ ਇਸ ‘ਮੰਜਕੀ ਭੂਮਿ ਰੰਗਾਵਲੀ’ ਪੁਸਤਕ ਨੂੰ ਪੜ੍ਹੋਗੇ ਤਾਂ ਤੁਹਾਨੂੰ ਕਿਸੇ ਗਿਆਨ ਭਰਪੂਰ ਖਜ਼ਾਨੇ ਦੇ ਹੱਥ ਲੱਗਣ ਦਾ ਅਹਿਸਾਸ ਹੋਵੇਗਾ। ਇਕ ਗੱਲ ਹੋਰ ਕਿ ਇਸ ਮੰਜਕੀ ਦੇ ਇਲਾਕੇ ਤੋਂ ਹੋਰ ਵੀ ਬਹੁਤ ਸੂਝਵਾਨ ਸੱਜਣ ਹੈ ਜਿਵੇਂ ਅਦਾਰਾ ਮੀਡੀਆ ਪੰਜਾਬ ਨਾਲ ਜੁੜਿਆ ‘ਦੋ ਆਰ ਦੀਆਂ ਦੋ ਪਾਰ ਦੀਆਂ’ ਲਿਖਣ ਵਾਲਾ ਤੁਹਾਡਾ ਚਹੇਤਾ ਰਣਜੀਤ ਸਿੰਘ ਦੂਲੇ ਉਰਫ ਤਾਇਆ ਬੱਕਰੀਆਂ ਵਾਲਾ- ਫਿਲੌਰ ਦੇ ਨੇੜੇ ਪੈਂਦੇ ਪਿੰਡ ਪਰਤਾਪਪੁਰੇ ਵਿਚ ਜਨਮਿਆਂ, ਮੰਜਕੀ ਦਾ ਸ਼ੇਰ ਪੁੱਤਰ ਹੈ।

ਖਾਸ ਕਾਰਜ ਜੋ ਪੰਜਾਬੀ ਸੱਥ ਵਾਲਿਆਂ ਸ਼ੂਰੂ ਕੀਤਾ ਉਹ ਹੈ ਸ਼ਬਦਾਂ ਦੇ ਪੁਲ ਬਣਾ ਕੇ ਲੋਕਾਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਇਕ ਦੂਜੇ ਨਾਲ ਗਲਵੱਕੜੀਆਂ ਪੁਆਉਣ ਲਈ ਇਸ ਅਧੀਨ ਪੰਜਾਬੀ ਸੱਥ ਵਾਲਿਆਂ ਦੀ ਕੋਸ਼ਿਸ਼ ਰਹੀ ਹੈ ਕਿ ਪੰਜਾਬੀਆਂ ਦੀ ਬਾਤ ਪਾਉਂਦੀਆਂ ਕਿਤਾਬਾਂ ਸਿਰਫ ਗੁਰਮੁਖੀ ਵਿੱਚ ਹੀ ਨਾ ਛਪਣ ਸਗੋਂ ਲਹਿੰਦੇ ਪੰਜਾਬ ਦੇ ਪੰਜਾਬੀਆਂ ਵਾਸਤੇ ਸ਼ਾਹਮੁਖੀ ਵਿੱਚ ਵੀ ਛਾਪੀਆਂ ਜਾਣ ਅਤੇ ਸ਼ਾਹਮੁਖੀ ਵਿੱਚ ਛਪੀਆਂ ਕਿਤਾਬਾਂ ਦਾ ਲਿੱਪੀ ਅੰਤਰ ਕਰਵਾਕੇ ਉਨ੍ਹਾਂ  ਨੂੰ ਚੜ੍ਹਦੇ ਪੰਜਾਬ ਅਤੇ ਪਰਦੇਸਾਂ ਵਿੱਚ ਵਸਦੇ ਪੰਜਾਬੀਆਂ ਵਾਸਤੇ ਗੁਰਮੁਖੀ ਵਿੱਚ ਵੀ ਛਾਪਿਆ ਜਾਵੇ ਮਿਸਾਲ ਵਲੋਂ ਬਾਬਾ ਸੇਖ ਫਰੀਦ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਤੇ ਅਧਾਰਤ ਬਾਣੀ ਸ਼ੇਖ ਫਰੀਦ ਜੀ ਕੀ ਨਾਮੀ ਪੁਸਤਕ ਸ਼ਾਹਮੁਖੀ ਤੋਂ ਲਿੱਪੀਅੰਤਰ ਕਰਕੇ ਗੁਰਮੁਖੀ ਵਿੱਚ ਛਾਪੀ ਗਈ। ਇਸੇ ਤਰ੍ਹਾਂ ਸ਼ੇਖ -ਫਰੀਦ-ਉਦ-ਦੀਨ ਗੰਜ-ਇ-ਸ਼ਕਰ -ਨਾਂ ਦੀ ਜਨਾਬ ਖਲੀਕ ਅਹਿਮਦ ਨਿਜ਼ਾਮੀ ਹੋਰਾਂ ਦੀ ਲਿਖੀ ਹੋਈ ਖੋਜ ਭਰਪੂਰ ਕਿਤਾਬ ਨੂੰ  ਸ਼ਾਹਮੁਖੀ ਤੋਂ ਲਿੱਪੀ ਬਦਲਕੇ ਗੁਰਮੁਖੀ ਵਿੱਚ ਛਾਪੀ ਗਈ । ਇਸਦਾ ਲਿੱਪੀ ਬਦਲਣ ਦਾ ਕਾਰਜ ਚੇਤਨ ਸਿੰਘ ਹੋਰਾਂ ਨੇ ਕੀਤਾ। ਇਸ ਵਿਸ਼ੇ ‘ਤੇ ਕਿਸੇ ਪੱਖੋਂ ਖੋਜ ਕਰਨ ਵਾਲਿਆ ਵਾਸਤੇ ਇਹ ਬਹੁਤ ਹੀ ਸਹਿਯੋਗੀ ਪੁਸਤਕ ਹੈ।

ਜਦੋਂ ਸਾਡੇ ਬਹੁਤ ਸਾਰੇ ਪ੍ਰਕਾਸ਼ਕ ਪੰਜਾਬੀ ਵਿੱਚ ਕਿਤਾਬਾਂ ਦੇ ਪੜ੍ਹਨ ਵਾਲਿਆਂ ਦੀ ਘਾਟ ਦੀ ਦੁਹਾਈ ਪਾਉਂਦੇ ਹਨ  ਤਾਂ ਦੇਖਣਾ ਬਣਦਾ ਹੈ ਕਿ ਯੂਰਪੀ ਪੰਜਾਬੀ ਸੱਥ ਵਲੋਂ ਲਹਿੰਦੇ ਪੰਜਾਬ ਦੇ ਖੋਜਕਾਰ ਭਾਈ ਜ਼ਾਹਿਦ ਇਕਬਾਲ ਦੀ 15 ਸਾਲ ਦੀ ਮਿਹਨਤ ਤੋਂ ਬਾਅਦ ਖੋਟ ਰਹਿਤ ਹੀਰ ਤਿਆਰ ਕੀਤੀ  ਅਤੇ ਦੁਨੀਆਂ ਅੰਦਰ ਜਿੰਨੀਆਂ ਵੀ ਹੀਰਾਂ ਮਿਲਦੀਆਂ ਹਨ ਸਾਰੀਆਂ ਹੀ ਇਕੱਠੀਆਂ ਕਰਕੇ ਖੋਜ ਕਾਰਜ ਪੂਰਾ ਕੀਤਾ। ਅੱਗੇ ਵਾਸਤੇ ਜਦੋਂ ਵੀ ਹੀਰ ਦੇ ਵਿਸ਼ੇ ਤੇ ਕਿਸੇ ਨੇ ਖੋਜ ਕਾਰਜ ਕਰਨਾ ਹੋਇਆ ਤਾਂ ਜ਼ਾਹਿਦ ਇਕਬਾਲ ਵਾਲੀ ਇਸ ਕਿਤਾਬ ਤੋਂ ਬਿਨਾ ਪੂਰਾ ਨਹੀਂ ਹੋਣਾ। ਜਿਹੜਾ ਕਾਰਜ ਐਨੀਆਂ ਸਰਕਾਰਾਂ , ਯੁਨੀਵਰਸਿਟੀਆਂ ਤੇ ਭਾਸ਼ਾ ਅਤੇ ਸਾਹਿਤ ਦੇ ਖੋਜ ਕਾਰਜ ਕਰਨ ਦੇ ਨਾਂ ਤੇ ਖੇਖਣ ਕਰਨ ਵਾਲੀਆਂ ਸੰਸਥਾਵਾਂ ਨਹੀਂ ਕਰ / ਕਰਵਾ ਸਕੀਆਂ ਉਹ ਇਸ ਪੰਜਾਬੀ ਮੋਹ ਵਾਲੇ ਵੀਰ ਨੇ ਕਰ ਦਿੱਤਾ । ਅਤੇ ਇਸ ਨੂੰ ਪੰਜਾਬੀਆਂ ਦੇ ਹੱਥਾਂ ਤੱਕ ਪਹੁੰਚਾਣ ਦਾ ਕੰਮ ਯੂਰਪੀ ਪੰਜਾਬੀ ਸੱਥ ਨੇ ਆਪਣੇ ਸਹਿਯੋਗੀਆਂ ਨਾਲ ਰਲ ਕੇ ਕੀਤਾ।ਇਹ ਵੀ ਯਾਦ ਰਹੇ ਕਿ  ਹੀਰ ਵਿਚ ਰਲਾਅ ਨੂੰ ਦੂਰ ਕਰਨ ਵਾਸਤੇ ਭਾਈ ਜ਼ਾਹਿਦ ਇਕਬਾਲ ਨੇ ਆਪਣੀ ਸ਼ਾਦੀ ਵੀ 10 ਸਾਲ ਲੇਟ ਕਰ ਦਿੱਤੀ। ਇਹ ਉਹਦਾ ਪੰਜਾਬੀ ਮੋਹ ਹੀ ਹੈ ਕਿ ਆਪਣੇ ਖੋਜ ਕਾਰਜ ਨੂੰ ਉਹਨੇ ਪਹਿਲ ਦਿੱਤੀ। ਇਹ ਖੋਜ ਕਾਰਜ ਕਰਦਿਆਂ ਇੰਨੀ ਮਿਹਨਤ ਵੇਖਕੇ ਅਜਿਹੇ ਪੰਜਾਬੀ ਭਰਾ ਤੇ ਸਾਨੂੰ ਬਹੁਤ ਮਾਣ ਹੁੰਦਾ ਹੈ।  ਹੁਣੇ ਛਪੀ ਢਾਈ ਕਿੱਲੋ ਭਾਰ ਵਾਲੀ  ‘ਹੀਰ ਵਾਰਿਸ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ’ ਨਾਂ ਦੀ ਖੋਜ ਪੁਸਤਕ ਦੋਵਾਂ ਲਿੱਪੀਆਂ ਸ਼ਾਹਮੁਖੀ ਤੇ ਗੁਰਮੁਖੀ  ਦੀਆਂ ਪਹਿਲੇ ਐਡੀਸ਼ਨ ਵਿੱਚ ਹੀ ਪੰਜ- ਪੰਜ ਹਜ਼ਾਰ ਕਾਪੀਆਂ ਛਾਪੀਆਂ ਗਈਆਂ ਹਨ ਜੇ 5000 ਹਜ਼ਾਰ ਛਪੀਆਂ ਕਾਪੀਆਂ ਨੂੰ ਢਾਈ ਕਿੱਲੋ ਭਾਰ ਨਾਲ ਗੁਣਾ ਕਰ ਲਈਏ ਤਾਂ ਇਹ ਹੀਰ 12500 ਕਿੱਲੋ ਬਣ ਜਾਂਦੀ ਹੈ। ਜੇ ਦੋਵੇਂ ਲਿੱਪੀਆਂ ਵਾਲੀ ਸਾਂਝੀ ਗਿਣਤੀ ਕਰੀਏ ਤਾਂ 25000 ਕਿੱਲੋ ਭਾਰ ਬਣਦਾ ਹੈ- ਪੂਰਾ ਢਾਈ ਟੰਨ , ਯਾਦ ਰਹੇ ਇਹ ਅਜੇ ਪਹਿਲੀ ਐਡੀਸ਼ਨ ਹੈ। ਇਸ ਹੀਰ ਬਾਰੇ ਇਹ ਜਾਣ ਕੇ ਹੋਰ ਵੀ ਹੈਰਾਨੀ ਤੇ ਖੁਸ਼ੀ ਹੁੰਦੀ ਹੈ ਕਿ ਕਿ ਇਹ ਪੰਦਰਾਂ ਸਾਲਾਂ ਦੀ ਮਿਹਨਤ ਨਾਲ ਪੂਰਾ ਹੋਇਆ ਖੋਜ ਕਾਰਜ ਹੈ । ਇੱਥੇ ਇਹ ਵੀ ਆਖਣਾ ਬਣਦਾ ਹੈ ਕਿ ਇਸ ਮਿਲਾਵਟੀ ਸੇਅਰਾਂ ਤੋਂ ਪਾਕਿ ਕੀਤੀ ਗਈ ਹੀਰ ਸ਼ਾਹਮੁਖੀ ਵਿੱਚ ਲਿਖੀ ਗਈ ਸੀ ਤੇ ਇਸਦਾ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਲਿੱਪੀਅੰਤਰ ਹੋਇਆ ਹੈ।

ਯਾਦ ਰਹੇ ਕਿ 28 ਅਪਰੈਲ, 2012 ਵਾਲੇ ਦਿਨ ‘ਮੀਡੀਆ ਪੰਜਾਬ’ ਦੇ ਲਾਇਪਸਿਗ ਵਿਚ ਹੋਏ ਸਾਲਾਨਾ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਦੇ ਮੌਕੇ  ‘ਹੀਰ ਵਾਰਿਸ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ’ ਵਾਲੀ ਕਿਤਾਬ ਵੀ ਲੋਕ ਅਰਪਣ ਕੀਤੀ ਗਈ ਸੀ। ਇੰਗਲੈਂਡ ਤੋਂ ਯੂਰਪੀ ਪੰਜਾਬੀ ਸੱਥ ਵਾਲੇ ਬੜੇ ਵੱਡੇ ਜਥੇ ਨਾਲ ਇਸ ਸਮਾਗਮ ਵਿਚ ਪਹੁੰਚੇ ਸਨ। ਇਸ ‘ਮਿਲਾਵਟੀ ਸ਼ਿਅਰਾਂ ਵਾਲੀ  ਹੀਰ’ ਵਿਚ ਜ਼ਾਹਿਦ ਇਕਬਾਲ ਵਲੋਂ ਲਿਖੀ ਵੱਡੀ ਸਾਰੀ  ਭੂਮਿਕਾ ਦੇ ਨਾਲ ਹੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਨਾਲ ਸਬੰਧ ਰੱਖਦੇ (ਕੁੱਝ ਪਰਦੇਸੀਂ ਵਸਣ ਵਾਲੇ ਵੀ)  90 ਤੋਂ ਉੱਪਰ ਪੰਜਾਬੀ ਜ਼ੁਬਾਨ ਦੇ ਸੂਝਵਾਨਾਂ/ਵਿਦਵਾਨਾਂ ਨੇ ਆਪਣੀਆਂ ਰਾਵਾਂ ਵੀ ਲਿਖੀਆਂ ਹਨ।

ਇਸ ‘ਹੀਰ ਵਾਰਿਸ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ’ ਵਾਲੀ ਵੱਡ ਆਕਾਰੀ ਕਿਤਾਬ ਛਪ ਜਾਣ ਤੋਂ ਬਾਅਦ ਪਾਠਕ ਹੁਣ  ਮਿਲਾਵਟ ਤੋਂ ਰਹਿਤ ਜ਼ਾਹਿਦ ਇਕਬਾਲ ਵਲੋਂ ਤਿਆਰ ਕੀਤੀ ਵਾਰਿਸ ਸ਼ਾਹ ਦੀ ਖਾਲਸ ਹੀਰ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਤਾਂ ਜੋ ਸਾਡੀ ਪੀੜ੍ਹੀ ਨੂੰ ਵੀ ਪਤਾ ਲੱਗ ਸਕੇ ਕਿ ਆਖਰ ਵਾਰਿਸ ਸ਼ਾਹ ਨੇ ਕੀ ਲਿਖਿਆ ਸੀ।

ਰੰਗਾਂ ਦੀ ਗਾਗਰ- ਸਰਦਾਰਾ ਸਿੰਘ ਜੌਹਲ ਹੋਰਾਂ ਦੀ ਸਵੈ ਜੀਵਨੀ ਹੈ ਜਿਹੜੇ ਸਾਡੇ ਸੂਝਵਾਨ ਪੰਜਾਬੀਆਂ ਵਿੱਚੋਂ ਹਨ ਜੋ ਪੰਜਾਬੀ ਯੂਨਵਿਰਸਿਟੀ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ। ਕੇਂਦਰੀ ਸਰਕਾਰ ਅੰਦਰ ਉੱਚੇ ਅਹੁਦਿਆਂ ਤੇ ਸਲਾਹਕਾਰ ਬਣਕੇ ਵਿਚਰਦੇ ਰਹੇ। ਇਹ ਕਿਤਾਬ ਬਹੁਤ ਹੀ ਮੁੱਲਵਾਨ ਹੈ ਇਸਨੂੰ ਜਰੂਰ ਪੜ੍ਹੋ। ਜਿਨ੍ਹਾਂ ਲੋਕਾਂ ਨੇ ਆਪਣੇ ਜੀਵਨ ਨੂੰ ਜੀਊਣ ਦੀ ਸੁਚੱਜੀ ਜਾਚ ਸਿੱਖਣੀ ਹੋਵੇ ਉਨ੍ਹਾਂ ਵਾਸਤੇ ਇਹ ਪੁਸਤਕ ਪੜ੍ਹਨੀ ਬਹੁਤ ਜਰੂਰੀ ਹੈ। ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੇ  ਅਜੇ ਤੱਕ ਬਲਵੀਰ ਸਿਕੰਦ ਦੀ ਲਿਖੀ ਪੰਜਾਬੀ ਸੱਥ ਦੀ ਟੋਰਾਂਟੋ ਇਕਾਈ ਵਲੋਂ ਛਾਪੀ ਕਿਤਾਬ ‘ਦਰਵੇਸ਼ ਬੀਬੀਆਂ’ ਨਹੀਂ ਪੜ੍ਹੀ ਉਹ ਬਹੁਤ ਕੁਝ ਤੋਂ ਅਧੂਰੇ ਹਨ। ਇਹ ਕਿਤਾਬ ਪੜ੍ਹਨਯੋਗ ਹੈ। ਇਹ ਕਿਤਾਬ ਪੜ੍ਹਕੇ ਤੁਸੀ ਰਿਸਤਿਆਂ ਨੂੰ ਨਵੇਂ ਦ੍ਰਿਸ਼ਟੀਕੋਨ ਤੋਂ ਦੇਖਣਾ ਸੁਰੂ ਕਰ ਦੇਵੋਗੇ, ਰਿਸ਼ਤਿਆਂ ਪ੍ਰਤੀ ਤੁਹਾਡੀ ਸੋਚ ਬਦਲ ਜਾਵੇਗੀ। ਤੁਹਾਨੂੰ ਰਿਸ਼ਤਿਆਂ ਦੀ ਨਵੀਂ ਪ੍ਰੀਭਾਸ਼ਾ ਲੱਭੇਗੀ ਇਸ ਵਿਚੋਂ, ਤੁਹਾਡੇ ਅੰਦਰਲਾ ਪੰਜਾਬੀਪੁਣਾ ਹੋਰ ਅਮੀਰ ਹੋਵੇਗਾ। ਤੁਹਾਨੰ ਪਤਾ ਲੱਗੇਗਾ ਕਿ ਦਰਅਸਲ ਮਾਸੂਮੀਅਤ ਕੀ ਹੁੰਦੀ ਹੈ। ਖੂਨ ਦੇ ਰਿਸ਼ਤਿਆਂ ਨਾਲੋਂ ਅਹਿਸਾਸ ਦੇ ਰਿਸ਼ਤੇ ਮਨੁੱਖਤਾ ਦੇ ਬਹੁਤ ਨੇੜੇ ਹੁੰਦੇ ਹਨ। ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਔਰਤ ਦਾ ਸਨਮਾਨ ਹੀ ਮਨੁੱਖਤਾ ਦੀ ਬੁਨਿਆਦ ਹੈ। ਪੰਜਾਬੀ ਸਮਾਜ ਅੰਦਰ ਅੱਜ ਅਜਿਹੇ ਵਿਚਾਰਾਂ ਨੂੰ ਪ੍ਰਚਾਰਨ ਦੀ ਬਹੁਤ ਲੋੜ ਹੈ।

ਅਜਮੇਰ ਕਵੈਂਟਰੀ ਹੋਰਾਂ ਦੀਆਂ  ਕਈ ਕਿਤਾਬਾਂ ਹਨ ਮਾਪੇ ਤੇ ਸੰਤਾਨ, ਬੋਲੀ ਤੇ ਮਾਂ ਬੋਲੀ, ਦੁੱਲੇ ਖਰਲ ਸਰਾਭੇ, ਕਾਲਾ ਅੰਬ, ਸਰਗੋਸ਼ੀਆਂ, ਪੱਥਰ ਲੀਕਾਂ, ਅੰਬੀਆਂ ਨੂੰ ਤਰਸੇਂਗੀ। ਇਸੇ ਤਰ੍ਹਾਂ ਹੀ ਸ਼ਾਹ ਮੁਹੰਮਦ ਵਲੋਂ ਲਿਖੀ ਬਹੁਤ ਉੱਘੀ ਵਾਰ ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’ ਨੂੰ ਸ਼ਾਹਮੁਖੀ ਤੋਂ ਬਦਲ ਕੇ ਗੁਰਮੁਖੀ ਵਿਚ ਕਰਨ ਦਾ ਬਹੁਮੁੱਲਾ ਕਾਰਜ ਵੀ ਅਜਮੇਰ ਕਵੈਂਟਰੀ ਹੋਰਾਂ ਨੇ ਕੀਤਾ ਅਤੇ  ਇਸ ਵਿਚ ਆਸਫ ਖਾਂ ਹੋਰਾਂ ਦਾ ਲਿਖਿਆ ਜਾਣਕਾਰੀ ਭਰਪੂਰ ਮੁੱਖ ਬੰਦ ਪੜ੍ਹਨਾ ਤੁਹਾਡੇ ਲਈ ਬਹੁਤ ਲਾਹੇਵੰਦ ਹੋ ਸਕਦਾ ਅਤੇ ਤੁਹਾਨੂੰ ਸੋਚਣ ਵਾਸਤੇ ਮਜਬੂਰ ਕਰ ਜਾਂਦਾ ਹੈ।

ਹਰ ਵਿਸ਼ੇ ਬਾਰੇ ਹੀ ਕਿਤਾਬਾਂ ਬਹੁਤ ਹਨ ਅਤੇ ਸਿਫਤਯੋਗ ਗੱਲ ਹੈ ਕਿ ਪੰਜਾਬੀ ਸੱਥ ਵਾਲਿਆਂ ਨੇ ਬਾਲਾਂ ਵਾਸਤੇ ਚੀਚੋ ਚੀਚ ਗਨੇਰੀਆਂ ਅਤੇ 100 ਬਾਲ ਗੀਤ-ਕਵਿਤਾਵਾਂ, ਨਿੱਕੇ ਨਿੱਕੇ ਮਣਕੇ, ਬ੍ਰਹਿਮੰਡ ਦੀ ਘਟਨਾ ਵੀ ਛਾਪੀਆ ਹਨ ਜੋ ਗੁਰਮੁਖੀ ਤੇ ਸ਼ਾਹਮੁਖੀ ਦੋਹਾਂ ਲਿੱਪੀਆਂ ਵਿਚ ਹਨ। ਇਹ ਕਿਤਾਬਾਂ ਵੀ 5000 ਹਜ਼ਾਰ ਦੀ ਗਿਣਤੀ ਵਿੱਚ ਹੀ ਛਾਪੀਆਂ ਗਈਆਂ ਹਨ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਤੱਕ ਪਹੁੰਚਾਈਆ ਜਾ ਸਕਣ। ਇਸ ਤਰ੍ਹਾਂ ਬੱਚਿਆਂ ਅੰਦਰ ਪੜ੍ਹਨ ਦੀ ਚੇਟਕ ਲਾਈ ਜਾ ਸਕਦੀ ਹੈ।

ਇਹ ਹੋਰ ਵੀ ਹੁਲਾਰੇ ਵਾਲੀ ਗੱਲ ਹੈ ਕਿ ਸੱਥ ਵਾਲੇ ਕਿਤਾਬਾਂ ਛਾਪਣ ਵੇਲੇ ਕਾਫੀ ਸਾਰੀਆਂ ਕਿਤਾਬਾਂ 5000 ਦੀ ਗਣਿਤੀ ਵਿੱਚ ਹੀ ਛਾਪਦੇ ਹਨ। ਕਾਫੀ ਸਾਰੀਆਂ ਪੁਸਤਕਾਂ ਦੇ ਦੋ ਜਾਂ ਤਿੰਨ ਤਿੰਨ ਐਡੀਸ਼ਨ ਵੀ ਛਪ ਚੁੱਕੇ ਹਨ।

ਜਦੋਂ ਕਿੱਸਿਆਂ ਦੀ ਗੱਲ ਤੁਰਦੀ ਹੈ ਉਹ ਕਵੀਸ਼ਰੀ ਦੇ ਰੰਗ ਵਿਚ ਹਨ ਕਿੱਸਾ ਭਗਤ ਸਿੰਘ ਤੇ ਕਿੱਸਾ ਕੂਕਾ ਲਹਿਰ , ਕਿੱਸਾ ਗਿਆਨੋ ਤੇ ਸੁਜਾਨੋਂ ਅਤੇ ਕਿੱਸਾ ਸੀਤਾ ਸੁਵੰਬਰ ਜਿਹੜਾ ਕਿ ਪੁਆਧੀ ਰੰਗ ਵਾਲਾ ਕਿੱਸਾ ਹੈ। ਇਕ ਗੱਲ ਯਾਦ ਰਹੇ ਕਿ ਪੰਜਾਬੀ ਸੱਥ ਵਾਲਿਆਂ ਪੰਜਾਬ ਦੇ ਕਿਸੇ ਵੀ ਹਿੱਸੇ ਨੂੰ ਅਣਗੌਲਿਆਂ ਨਹੀਂ ਕੀਤਾ ਉਹ ਮੰਜਕੀ ਦੇ ਨਾਲ ਹੀ  ਦੁਆਬਾ, ਮਾਲਵਾ, ਮਾਝਾ , ਪੁਆਧ ਹੋਵੇ ਜਾਂ ਫੇਰ ਖੋਜੀ ਜਾਣਕਾਰੀ ਬਾਰੇ ਛਾਪੀ ਕਿਤਾਬ ‘ਜਿੱਥੇ ਕਿੱਕਰਾਂ ਨੂੰ ਅੰਬ ਲੱਗਦੇ’ ਨਾਮੀ ਕਿਤਾਬ ਮਾਲਵੇ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ।

ਵਾਤਾਵਰਣ ਅੰਦਰਲੇ ਪਰਦੂਸ਼ਣ ਦੀ ਗੱਲ ਤੁਰਦੀ ਹੈ, ਉਹਦੇ ਬਾਰੇ ਤਿੜਕੀ ਧਰਤੀ ਵਿਹੁਲਾ ਪਾਣੀ, ਚਿੜੀ ਵਿਚਾਰੀ ਕੀ ਕਰੇ, ਸ਼ਹਿਰ ਨਮੂਨੇ ਨਰਕ ਦੇ ਇਸ ਵਿਸ਼ੇ ਬਾਰੇ ਜਾਣਕਾਰੀ ਦੇਣ ਵਾਲੀਆਂ ਕਿਤਾਬਾਂ ਹਨ।

ਨਸ਼ਾਖੋਰੀ ਜੋ ਪੰਜਾਬ ਦੀ ਜੁਆਨੀ ਨੂੰ ਖਾ ਰਹੀ ਹੈ ਬਾਰੇ ਸਾਹਿਤ ਗਭਰੂ ਦੇਸ਼ ਪੰਜਾਬ ਦੇ ਡੁੱਬ ਗਏ ਪਿਆਲੇ ਅਤੇ ਸਿੱਧਾ ਰਾਹ ਸਿਵਿਆਂ ਨੂੰ ਜਾਵੇ ਤੁਹਾਡੇ ਪੜ੍ਹਨ ਵਾਸਤੇ ਹਾਜ਼ਰ ਹਨ।

ਗੱਲ ਸੰਤਾਲੀ ਦੀ ਵੰਡ ਨਾਲ ਸਬੰਧਤ ਕਿਤਾਬਾਂ ਦੀ ਹੋਵੇ ਤਾਂ ਅੰਬਰ ਕਾਲਾ ਇਤ ਬਿਧ ਹੋਇਆ ਅਤੇ ਦਰਦਮੰਦਾਂ ਦੀਆਂ ਆਹੀਂ ਦੇ ਪਹਿਲਾ ਤੇ ਦੂਜਾ ਪਰਾਗਾ ਤੁਹਾਨੂੰ ਪੜ੍ਹਨੇ ਪੈਣਗੇ, ਗੱਲ ਆਪਸੀ ਰਿਸ਼ਤਿਆਂ ਦੇ ਤਿੜਕਣ ਦੀ ਹੋਵੇ ਇਸ ਸਬੰਧੀ ਕਿਤਾਬ ‘ਜੋੜੀਆਂ ਜੱਗ ਥੋੜੀਆਂ’ ਵਿਚਾਰੀ ਜਾ ਸਕਦੀ ਹੈ, ਗੱਲ ਪਰਵਾਸ ਵਿਚ ਗੁਜ਼ਾਰੇ ਜਾ ਰਹੇ ਪਰਵਾਸੀ ਜੀਵਨ ਦੀ ਹੋਵੇ ਜਿਸ ਬਾਰੇ ਇਕ ਚੰਗੀ ਕਿਤਾਬ ਬਾਰ ਪਰਾਏ ਬੈਸਣਾ ਨੂੰ ਵਿਚਾਰਿਆ ਜਾ ਸਕਦਾ ਹੈ, ਜਦੋਂ ਗੱਲ ਪੰਜਾਬੀ ਬੋਲੀ ਤੇ ਭਾਸ਼ਾ ਦੀ ਆਉਂਦੀ ਹੈ ਤਾਂ  ਮਾਂ ਬੋਲੀ ਦਾ ਕੱਲ੍ਹ ਅੱਜ ਤੇ ਭਲਕ , ਬੋਲੀ ਤੇ ਮਾਂ ਬੋਲੀ ਅਤੇ ਹੋਰ ਕਈ ਕਿਤਾਬਾਂ ਹਨ।

ਜੇ ਪੰਜਾਬ ਸਬੰਧੀ ਜਾਣਕਾਰੀ ਲੈਣ ਦਾ ਮਨ ਹੋਵੇ ਤਾਂ ਪੰਜਾਬੀ ਸੱਥ ਦੇ ਮੁੱਖ ਸੇਵਾਦਾਰ ਡਾ: ਨਿਰਮਲ ਸਿੰਘ ਹੋਰਾਂ ਵਲੋਂ ਤਿਆਰ ਕੀਤੀ ਗਈ ਕਿਤਾਬ ‘ਕੀ ਜਾਣਾ ਮੈਂ ਕੌਣ’ ਪੜ੍ਹਨੀ ਨਾ ਭੁੱਲਿਉ।

ਜਦੋਂ ਮੈਂ ਸਾਂਝਾਂ ਦੇ ਪੁਲਾਂ ਦੀ ਗੱਲ ਕਰਦਾਂ ਤਾਂ ਦੇਖਦਾਂ ਤਾਂ ਮੈਨੂੰ ਨਜ਼ਰ ਆਉਂਦਾ ਹੈ  ਕਿ ਪੰਜਾਬੀ ਦਾ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਕਵੀ ਬਾਬਾ ਨਜ਼ਮੀ ਹੈ। ਪੰਜਾਬੀ ਸੱਥ ਵਾਲਿਆਂ ਪੰਜਾਬੀਆਂ ਤੇ ਇਹ ਅਹਿਸਾਨ ਹੀ ਕੀਤਾ ਕਿ ਸਾਂਝੇ ਪੰਜਾਬ ਦੇ ਲੋਕ ਕਵੀ ‘ਬਾਬਾ ਨਜ਼ਮੀ ਦੀ ਚੋਣਵੀਂ ਕਵਿਤਾ’ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਕਰਵਾਕੇ ਛਪਵਾਈ ਜਿਸਦੀ ਲਿੱਪੀ ਬਦਲਣ ਦਾ ਕਾਰਜ ਪੰਜਾਬੀ ਦੇ ਉੱਘੇ ਕਵੀ ਹਰਭਜਨ ਸਿੰਘ ਹੁੰਦਲ ਹੋਰਾਂ ਨੇ ਕੀਤਾ। ਇਸ ਕਿਤਾਬ ਨੂੰ ਪੜ੍ਹਦਿਆਂ ਤੁਹਾਨੂੰ ਚੰਗੀ ਕਵਿਤਾ ਦਾ ਗਿਆਨ ਵੀ ਹੁੰਦਾ ਹੈ।

ਇਸੇ ਤਰ੍ਹਾਂ ਦਾ ਕਾਵਿ ਸੰਗ੍ਰਹਿ ਹੈ  ਹਰਜਿੰਦਰ ਸਿੰਘ ਸੰਧੂ ਹੋਰਾਂ ਦਾ ‘ਅੱਗ ਦੇ ਅੱਥਰੂ’ ਹੈ , ਜਿਸਨੇ ਵੀ ਪੜ੍ਹਿਆ ਸਿਫਤ ਸਲਾਹ ਕੀਤੇ ਬਿਨਾਂ ਨਹੀ ਰਹਿ ਸਕਿਆ। ਹੋਰ ਇੰਗਲੈਂਡ ਵਾਸੀਆਂ ਦੇ ਕਲਾਮ ਵੀ ਛਾਪੇ ਗਏ ਹਨ ਜਿਵੇਂ ਮਹਿੰਦਰ ਸਿੰਘ ਦਿਲਬਰ ਹੋਰਾਂ ਦਾ ‘ਕਾਲਾ ਗੁਲਾਬ ਚਿੱਟੀ ਮਹਿਕ’ ਨਾਂ ਦਾ ਕਾਵਿ ਸੰਗ੍ਰਹਿ ਪੜ੍ਹਨ ਤੇ ਮਾਨਣਯੋਗ ਹੈ। ਵੁਲਪਰਹੈਂਪਟਨ ਦੇ 32 ਕਵੀਆ ਦਾ ਸਾਂਝਾ ‘ ਵੁਲਪਰਹੈਂਪਟਨ ਕਵੀਆਂ ਦਾ ਸ਼ਹਿਰ’ ਨਾਮੀ ਕਾਵਿ ਸੰਗ੍ਰਹਿ ਇੰਦਰਜੀਤ ਸਿੰਘ ਜੀਤ ਹੋਰਾਂ ਨੇ ਸੰਪਾਦਿਤ ਕੀਤਾ।

ਅੱਗ ਦੇ ਅੱਥਰੂ ਹਰਜਿੰਦਰ ਸੰਧੂ ਦੀ ਕਿਤਾਬ ਪਹਿਲੇ ਐਡੀਸ਼ਨ ਵਿਚੱ 5000 ਦੀ ਗਿਣਤੀ ਵਿੱਚ ਛਪੀ ਦੂਜਾ ਐਡੀਸ਼ਨ 2500 ਦੀ ਗਿਣਤੀ ਵਿੱਚ ਛਪਿਆ, ਹੁਣ ਦੇਖੋ ਅਗਲਾ ਐਡੀਸ਼ਨ ਕਿੰਨਾ ਛਪਦਾ ਹੈ। ਇਹੋ ਜਹੀਆਂ ਹੋਰ ਵੀ ਕਿਤਾਬਾਂ ਹਨ  ਕਈਆਂ ਦੇ ਤਾਂ ਤਿੰਨ ਐਡੀਸ਼ਨ ਵੀ ਛਪ ਗਏ ਹਨ। ਪੰਜਾਬ ਦੀ ਪੜ੍ਹ ਲਿਖ ਕੇ ਆਦਰਸ਼ ਵਿਹੂਣੀ ਹੋ ਰਹੀ ਅਤੇ ਭਟਕੀ ਹੋਈ ਬੇਰੁਜ਼ਗਾਰ ਜੁਆਨੀ ਬਾਰੇ ਅਸੀਂ ਨਿੱਤ ਗੱਲਾਂ ਕਰਦੇ ਹਾਂ ਹਰਜਿੰਦਰ ਸੰਧੂ ਵੀ ਇਹੋ ਕੁੱਝ ਕਹਿ ਰਿਹਾ ਹੈ : ਪਹਿਲਾਂ ਹਰਜਿੰਦਰ ਸੰਧੂ ਦੀ ਕਿਤਾਬ ਅੱਗ ਦੇ ਅੱਥਰੂ ਦੀ  ‘ਕੀ ਹੋ ਗਿਆ ਜੁਆਨੀਏਂ ਤੈਨੂੰ’ ਨਾਂ ਦੀ ਕਵਿਤਾ ਪੜ੍ਹੋ :

 

ਕੀ ਹੋ ਗਿਆ ਜੁਆਨੀਏਂ ਤੈਨੂੰ ,
ਕਿਉਂ ਪੱਤੇ ਵਾਂਗੂੰ ਫਿਰੇ ਡੋਲਦੀ
ਜਲਵਾ ਨਹੀਂ ਹੁੰਦਾ ਸੀ ਸਹਾਰ ਤੇਰੇ ਮੁੱਖ ਦਾ
ਉੱਜੜਿਆ ਕਿਉਂ ਪਿਆ ਨੀ ਬਜ਼ਾਰ ਤੇਰੇ ਮੁੱਖ ਦਾ
ਤੇਰੇ ਮੂਹਰੇ ਝੁਕਦੀ ਸੀ ਭੀੜ ਦੁਨੀਆਂ ਦੀ
ਦੱਸ ਕਿਵੇਂ ਲਹਿ ਗਿਆ ਲੰਗਾਰ ਤੇਰੇ ਮੁੱਖ ਦਾ
ਤੇਰਾ ਉੱਜੜ ਗਿਆ ਨੀ ਘਰ ਬਾਰ
ਦੱਸ  ਕਿਹਨੂੰ  ਫਿਰੇ  ਟੋਲਦੀ
ਕੀ ਹੋ ਗਿਆ ਜੁਆਨੀਏਂ ਤੈਨੂੰ ,
ਕਿਉਂ ਪੱਤੇ ਵਾਂਗੂੰ ਫਿਰੇ ਡੋਲਦੀ
ਕਦੇ ਤਾਂ ਪੰਜਾਬ ਨੂੰ ਜੁਆਨੀਆਂ ‘ਤੇ ਮਾਣ ਸੀ
ਰੱਬ ਦੀਆਂ ਸੁੱਚੀਆਂ ਨਿਸ਼ਾਨੀਆਂ ਤੇ ਮਾਣ ਸੀ
ਭੁਆ  ਭੈਣਾਂ  ਮਾਸੀਆਂ  ਤੇ  ਨਾਨੀਆਂ ਤੇ ਮਾਣ ਸੀ
ਚਾਚੇ  ਤਾਇਆਂ  ਵੀਰਾਂ ਦਿਲਜਾਨੀਆਂ ਤੇ ਮਾਣ ਸੀ
ਮੂੰਹ ਤੇ ਭਾਜੀ ਭਾਜੀ ਕਰਦੀ ਦੁਨੀਆਂ
ਅੱਗੇ  ਪਿੱਛੋਂ   ਗੀਝੇ  ਫੋਲਦੀ
ਕੀ ਹੋ ਗਿਆ ਜੁਆਨੀਏਂ ਤੈਨੂੰ ,
ਕਿਉਂ ਪੱਤੇ ਵਾਂਗੂੰ ਫਿਰੇ ਡੋਲਦੀ

ਮੇਲਿਆਂ ਤੇ ਛਿੰਝਾਂ ਦਾ ਤਿਉਹਾਰ ਸਾਂਝਾ ਹੁੰਦਾ ਸੀ
ਗੁਰਦੁਆਰਾ ਮੰਦਿਰ ਮਜ਼ਾਰ ਸਾਂਝਾ ਹੁੰਦਾ ਸੀ
ਅੱਖ ਸ਼ਰਮ ਰੱਖਣੀ ਵਿਹਾਰ ਸਾਂਝਾ ਹੁੰਦਾ ਸੀ
ਧੀ ਭੈਣ ਵਾਲਾ ਸਤਿਕਾਰ ਸਾਂਝਾ ਹੁੰਦਾ ਸੀ
ਅੱਜ ਕੱਲ੍ਹ ਦੀ ਮੁਡੀ੍ਹਰ ਸ਼ਰੇਆਮ
ਇੱਜਤਾਂ   ਚੌਰਾਹੇ   ਰੌਲ਼ਦੀ
ਕੀ ਹੋ ਗਿਆ ਜੁਆਨੀਏਂ ਤੈਨੂੰ ,
ਕਿਉਂ ਪੱਤੇ ਵਾਂਗੂੰ ਫਿਰੇ ਡੋਲਦੀ

ਨਸ਼ਿਆਂ ‘ਚ ਖਰ ਗਈ ਜੁਆਨੀ ਮੇਰੇ ਦੇਸ਼ ਦੀ
ਬੋਤਲਾਂ ‘ਚ ਵੜ ਗਈ  ਜੁਆਨੀ ਮੇਰੇ ਦੇਸ਼ ਦੀ
ਕਿਹੜੀ ਖੁੱਡੇ ਦੜ ਗਈ ਜੁਆਨੀ ਮੇਰੇ ਦੇਸ਼ ਦੀ
ਕੋਈ ਲੱਭੋ ਇਸ ਦੁੱਖ ਦਾ ਇਲਾਜ
ਨਾ ਚੁੱਪ  ਚੁੱਪ ਲੰਘੋ  ਕੋਲ ਦੀ
ਕੀ ਹੋ ਗਿਆ ਜੁਆਨੀਏਂ ਤੈਨੂੰ ,
ਕਿਉਂ ਪੱਤੇ ਵਾਂਗੂੰ ਫਿਰੇ ਡੋਲਦੀ

ਪੰਜਾਬ ਦੀਆਂ ਇੱਜਤਾਂ ਦੇ ਰਾਖੇ ਕਿੱਥੇ ਗਏ ਨੇ
ਕਿਹਨੂੰ ਕਿਹਨੂੰ ਦੱਸਾਂ ਡਾਕੇ ਕਿੱਥੇ ਕਿੱਥੇ ਪਏ ਨੇ
ਦਿਲ ਵਿਚ  ਦਰਦਾਂ ਦੇ  ਹੌਲ ਡੂੰਘੇ  ਪਏ ਨੇ
ਬੱਧੀਆਂ ਛੁਡਾਉਣ ਵਾਲੇ ਆਪ ਬੱਧੇ ਪਏ ਨੇ

ਤੇਰਾ ਨਸ਼ਿਆਂ ਨੇ ਖਾ ਲਿਆ ਛਬਾਬ
ਤੂੰ ਗੱਲ ਦੱਸ ਕਿਉਂ ਨਹੀਂ ਗੌਲ਼ਦੀ
ਕੀ ਹੋ ਗਿਆ ਜੁਆਨੀਏਂ ਤੈਨੂੰ ,
ਕਿਉਂ ਪੱਤੇ ਵਾਂਗੂੰ ਫਿਰੇ ਡੋਲਦੀ


ਇਹ ਇਕ ਬਹੁਤ ਵੱਡਾ ਸਵਾਲ ਹੈ ਜੋ ਹਰਜਿੰਦਰ ਸੰਧੂ ਆਪਣੀ ਕਵਿਤਾ ਰਾਹੀਂ ਸਾਡੇ ਸਭ ਦੇ ਅੱਗੇ ਪਾਉਂਦਾ ਹੈ। ਇਸ ਸਭ ਕਾਸੇ ਦਾ ਕਸੂਰਵਾਰ ਤੇ ਦੋਸ਼ੀ ਰਾਜ ਪ੍ਰਬੰਧ ਲਈ ਚੁਣਿਆਂ ਗਿਆ ਸਿਸਟਮ ਹੈ, ਜਿਸਨੂੰ ਸਰਮਾਏਦਾਰੀ ਸਿਸਟਮ ਕਹਿੰਦੇ ਹਨ। ਇਹ ਖੁਦ ਇਕ ਬਹੁਤ ਵੱਡੀ ਸਮੱਸਿਆ ਹੈ, ਜੋ ਮੁਲਕ ਦੇ ਭਵਿੱਖ ਨੂੰ ਸਾਂਭਣ ਵਾਲੇ ਇਸ ਸਰਮਾਏ ਨੂੰ ਰੋਲਣ ਵਿਚ ਸਭ ਕੁੱਝ ਜਾਣਦੇ ਹੋਏ  ਆਪਣਾ ਕੋਝਾ ਰੋਲ ਅਦਾ ਕਰ ਰਿਹਾ ਹੈ।

ਹੈਰਾਨ ਨਾ ਹੋਇਉ ਸਗੋਂ ਹੁਣ ਖੁਸ਼ ਹੋਣ ਦੀ ਵਜ੍ਹਾ ਹੈ ਕਿ ਪੰਜਾਬੀ ਸੱਥ ਵਾਲੇ ਹੁਣ ਤੱਕ ਕਿਤਾਬਾਂ ਛਪਵਾ ਕੇ ਦੇਸ਼ ਵਿਦੇਸ਼ ਅੰਦਰ ਘਰ ਘਰ ਪਹੁੰਚਾਉਣ ਤੇ ਪੰਜਾਬੀ ਬੋਲੀ , ਕਲਾ, ਸੱਭਿਆਚਾਰ ਦੇ ਖੇਤਰ ਵਿੱਚ ਕੰਮ ਕਰਨ ਵਾਲਿਆ ਦੇ ਸਨਮਾਨ ਕਰਨ ਵਾਲੇ ਸਮਾਗਮਾਂ  ਭਾਵ ਆਪਣੇ ਕਾਰਜਾਂ ਉੱਤੇ ਹੁਣ ਤੱਕ ਲੱਗ-ਭਗ ਤਿੰਨ ਕਰੋੜ ਰੁਪਏ ਖਰਚ ਚੁੱਕੇ ਹਨ। ਜੀ ਹਾਂ ਤਿੰਨ ਕਰੋੜ ਰੁਪਏ। ਜਿੰਨੇ ਪੈਸੇ ਸਾਡੀ ਪੰਜਾਬ ਦੀ ਸਰਕਾਰ ਵੀ ਨਹੀਂ ਖਰਚਦੀ। ਇਹ ਹੁੰਦੀ ਹੈ ਲਗਨ ਆਪਣੀ ਮਾਂ ਬੋਲੀ ਦਾ ਮੋਹ ਪਾਲਣ ਦੀ। ਪੰਜਾਬੀਆਂ ਅੰਦਰ ਪੰਜਾਬੀਪੁਣੇ ਨੂੰ ਗੂੜ੍ਹਾ ਕਰਨ ਅਤੇ ਇਸਦੀਆਂ ਭਾਈਚਾਰਕ ਸਾਂਝਾਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨੂੰ  ਤਕੜਿਆਂ ਕਰਨ ਲਈ ਡਟੇ ਰਹਿਣਾ।

ਇਕ ਗੱਲ ਹੋਰ ਕਿ ਹਰ ਸੰਸਥਾ ਜਿਹੜੀ ਵੀ ਸਾਹਿਤ ਵਾਸਤੇ ਕੰਮ ਕਰਦੀ ਹੈ ਉਹ ਧੜੇਬੰਦੀਆਂ ਦੇ ਮਰੀਜ਼ ਹੋਣ ਕਰਕੇ ਆਪਣਿਆਂ ਜਾਂ ਆਪਣੇ ਨੇੜਲਿਆਂ ਹੀ  ਨੂੰ ਸਨਮਾਨੀ ਜਾਂਦੇ ਹਨ, ਆਮ ਕਰਕੇ ਬੰਦਿਆਂ ਨੂੰ ਹੀ ਸਨਮਾਨਿਆਂ ਜਾਂਦਾ ਹੈ। ਪਰ ਇਹ ਪੰਜਾਬੀ ਸੱਥ ਵਾਲੇ ਹੀ ਹਨ ਜਿਨ੍ਹਾਂ ਦਾ  ਕਹਿਣ ਹੈ ਕਿ ਹਰ ਕਾਮਯਾਬ ਬੰਦੇ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ, ਇਹ ਸੱਚ ਵੀ ਹੈ ਇਸ ਕਰਕੇ ਪੰਜਾਬੀ ਸੱਥ ਵਾਲਿਆਂ ਨੇ ਪੰਜਾਬੀ ਲੇਖਕਾਂ ਦੀਆਂ ਪਤਨੀਆਂ ਦਾ ਸਨਮਾਨ ਕੀਤਾ। ਇਹ ਨਵੀਂ ਪਿਰਤ ਵੀ ਹੈ ਬਾਬੇ ਨਾਨਕ ਦੇ ਔਰਤ ਨੂੰ ‘ ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ’ ਵਾਲੇ ਕਥਨ ਨੂੰ ਸਿਜਦਾ ਕਰਨਾ ਵੀ ਹੈ, ਅਤੇ ਉਸਤੇ ਅਮਲ ਕਰਨਾ ਵੀ, ਸਨਮਾਨ ਵੀ ਐਵੇਂ ਗੱਲੀਂ ਬਾਤੀਂ ਨਹੀਂ ਕਰਦੇ ਬੀਬੀਆਂ ਨੂੰ ਵੀ ਗੋਲਡ ਮੈਡਲਾਂ ਨਾਲ ਸਨਮਾਨਦੇ ਹਨ। ਇਸ ਸੁੱਚੇ ਕਾਰਜ ਦੀ ਸਿਫਤ ਕਰਨੀ ਬਣਦੀ ਹੈ।

ਇਸੇ ਤਰ੍ਹਾਂ ਮੋਤਾ ਸਿੰਘ ਸਰਾਏ ਹੋਰੀਂ ਯੂਰਪੀ ਪੰਜਾਬੀ ਸੱਥ ਵਲੋਂ ਬਾਹਰਲੇ ਦੇਸ਼ਾਂ ਤੋਂ ਇੰਗਲੈਂਡ ਆਏ ਪੰਜਾਬੀਆਂ ਨੂੰ ਘਰੇ ਸੱਦਕੇ ਵਿਚਾਰ-ਵਟਾਂਦਰੇ ਦਾ ਮੌਕਾ ਪੈਦਾ ਕਰਦੇ ਹਨ। ਪਿਛਲੇ ਦਿਨੀਂ ਮੈਂ ਵੀ ਅਜਿਹੇ ਇਕੱਠ ਵਿਚ ਸ਼ਾਮਲ ਹੋਇਆ ਤੇ ਭਾਰਤ ਤੋਂ ਆਏ ਬੀਬੀ ਅਰਕਮਲ ਕੌਰ ਅਤੇ ਸ਼ਾਮ ਸਿੰਘ ਅੰਗ-ਸੰਗ ਵੀ ਇਸ ਵਿਚ ਸ਼ਾਮਲ ਹੋਏ। ਖਾਸ ਗੱਲ ਇਹ ਕਿ ਇਕੱਠ ਭਾਵੇਂ ਖੜ੍ਹੇ ਪੈਰ ਹੀ ਕੀਤਾ ਜਾਵੇ  ਪਰ ਅਜਿਹੇ ਮੌਕੇ ਵੀ ਕਿਤਾਬ ਨੂੰ ਵਿਸਾਰਿਆ ਨਹੀਂ ਜਾਂਦਾ। ਇਸ ਇਕੱਠ ਵਿਚ ਵੀ ਇੰਗਲੈਂਡ ਵਾਸੀ ਕਵੀ ਰਾਏ ਮਹਿੰਦਰ ਸਿੰਘ ਦਾ ਪਲੇਠਾ ਕਾਵਿ ਸੰਗ੍ਰਹਿ ‘ਜੂਹ ਵਿਚ ਰੂਹ’ ਲੋਕ ਅਰਪਣ ਕੀਤਾ ਗਿਆ ਇਸ ਕਾਵਿ ਸੰਗ੍ਰਹਿ ਵਿਚੋਂ ਇਕ ਸ਼ਿਅਰ ਹਾਜ਼ਰ ਹੈ :

 

ਬੁਰਾ ਨਾ ਬੋਲ ,  ਕੁਫਰ  ਨਾ ਤੋਲ
ਦੁੱਖ ਸੁਖ ਆਉਣੇ ਜਾਈਂ ਨਾ ਡੋਲ।


ਅਸੀਂ ਯੂਰਪੀ ਪੰਜਾਬੀ ਸੱਥ ਦੇ ਰਿਣੀ ਹਾਂ ਕਿ ਉਹ ਮੀਡੀਆ ਪੰਜਾਬ ਦੇ ਪਹਿਲੇ ਹੀ ਸਮਾਗਮ ਤੋਂ ਇਸ ਦਾ ਭਰਪੂਰ ਸਾਥ ਦੇ ਰਹੇ ਹਨ, ਨਾਲ ਹੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮਣਾਂ ਮੂੰਹੀਂ ਕਿਤਾਬਾਂ ਜਰਮਨੀ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਪਹੁੰਚਾਈਆਂ ਹਨ।

ਯੂਰਪੀ ਪੰਜਾਬੀ ਸੱਥ ਵਾਲੇ ਸਿਰੜੀ ਸੇਵਾਦਾਰਾਂ ਮੋਤਾ ਸਿੰਘ ਸਰਾਏ, ਹਰਜਿੰਦਰ ਸਿੰਘ ਸੰਧੂ ਅਤੇ ਨਿਰਮਲ ਸਿੰਘ ਕੰਧਾਲਵੀ ਹੋਰਾਂ ਦਾ ਦਿਲ ਦੀਆਂ ਡੂੰਘਾਈਆਂ ਤੋਂ ਧੰਨਵਾਦ ਕਰਦਿਆਂ ਬੜਾ ਹੀ ਚੰਗਾ ਮਹਿਸੂਸ ਹੋ ਰਿਹਾ ਹੈ। ਤੰਦਰੁਸਤ ਤੇ ਲੰਬੀਆਂ ਉਮਰਾਂ ਹੋਣ ਸਾਡੇ ਇਨ੍ਹਾਂ ਪੰਜਾਬੀ ਵੀਰਾਂ ਦੀਆਂ, ਜੋ ਪੰਜਾਬੀ ਦੇ ਹੋ ਰਹੇ ਕਾਰਜਾਂ ਵਿੱਚ ਹਰ ਥਾਵੇਂ ਪਹੁੰਚ ਕੇ ਪੰਜਾਬੀ ਦਾ ਹੋਕਾਂ ਦਿੰਦੇ ਹਨ, ਜਿੱਥੇ ਵੀ ਪਹੁੰਚਦੇ ਹਨ ਕਿਤਾਬਾਂ ਨਾਲ ਲੈ ਕੇ ਪਹੁੰਚਦੇ ਹਨ। ਜਰਮਨੀ ਤੋਂ ਅੰਜੂ ਸ਼ਰਮਾਂ ਅਤੇ ਸੁੱਚਾ ਸਿੰਘ ਬਾਜਵਾ ਵੀ ਧੰਨਵਾਦ ਦੇ ਪਾਤਰ ਹਨ।

ਸਾਡੇ ਵੱਲੋਂ ਪੰਜਾਬੀ ਸੱਥ ਵਾਲਿਆਂ ਦੀ ਹਿੰਮਤ, ਹੌਸਲੇ,  ਦਲੇਰੀ ਤੇ ਸੂਝ ਨੂੰ ਸਲਾਮ ਹੈ। ਪੰਜਾਬੀ ਸੱਥ ਦੀਆਂ ਕਿਤਾਬਾਂ ਬਹੁਤ ਸਾਰੀਆਂ ਹਨ ਇੱਕੋ ਸਮੇਂ ਸਭ ਬਾਰੇ ਗੱਲ ਕਰਨੀ ਔਖੀ ਹੈ। ਰਹਿੰਦੀਆਂ ਬਹੁਤ ਸਾਰੀਆਂ ਹੋਰ ਕਿਤਾਬਾਂ ਬਾਰੇ ਫੇਰ ਕਿਸੇ ਸਮੇਂ ਤੇ ਗੱਲ ਕਰਨ ਦਾ ਵਾਅਦਾ ਰਿਹਾ। ਆਖਰ ਵਿੱਚ ਬਾਬਾ ਨਜਮੀ ਦਾ ਇੱਕ ਸ਼ਿਅਰ ਹੈ ਪੰਜਾਬੀ ਸੱਥ ਵਾਲਿਆ ਦੇ ਨਾਂਅ  :

 

ਬੇ ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ  ਵਾਲ਼ੇ  ਉੱਗ ਪੈਂਦੇ ਨੇ  ਸੀਨਾ ਪਾੜ ਕੇ  ਪੱਥਰਾਂ ਦਾ।


ਪੰਜਾਬ, ਪੰਜਾਬੀ ਅਤੇ ਪੰਜਾਬੀਅਤ – ਜ਼ਿੰਦਾਬਾਦ।

ਅੱਡਾ-ਖੱਡਾ The game of life ਬਾਰੇ – ਪਰਮਜੀਤ ਕੱਟੂ
ਮਿੱਤਰਾਂ ਨੇ ਮੁੱਛ ਰੱਖੀ ਆ… – ਡਾ. ਬਲਵੰਤ ਸਿੰਘ ਸੰਧੂ
ਸ਼ਹੀਦ ਭਾਈ ਮੇਵਾ ਸਿੰਘ – ਪਰਮਿੰਦਰ ਕੌਰ ਸਵੈਚ
ਅਵਤਾਰ ਸਿੰਘ ਪਾਸ਼: ਉਸਦਾ ਯੁੱਗ, ਕਵਿਤਾ ਅਤੇ ਸਿਆਸਤ
ਸ਼ਬਦ ਗੁਰੂ ਤੋਂ ਪ੍ਰੇਮੀ ਤੱਕ ਦਾ ਸਫ਼ਰ -ਬੁੱਧ ਸਿੰਘ ਨੀਲੋਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਚਿੱਲੀ ਦਾ ਵਿਸ਼ਾਲ ਵਿਦਿਆਰਥੀ ਅੰਦੋਲਨ -ਮਨਦੀਪ

ckitadmin
ckitadmin
April 25, 2013
ਅਰਬ ਲੋਕਾਂ ਦਾ ਖ਼ੂਨ ਖਰਾਬਾ ਅਤੇ ਅਮਰੀਕੀ ਸਾਮਰਾਜਵਾਦ – ਮੁਖਤਿਆਰ ਪੂਹਲਾ
ਓਬਾਮਾ ਜਦ ਗਾਂਧੀ ਦਾ ਨਾਮ ਲੈਂਦੈ ਤਾਂ ਕੁਝ ਲੋਕ ਤੜਪ ਉਠਦੇ ਨੇ ! -ਸ਼ੌਂਕੀ ਇੰਗਲੈਂਡੀਆ
ਪ੍ਰਿੰ. ਹਰਭਜਨ ਸਿੰਘ: ਲਾਸਾਨੀ ਸ਼ਖ਼ਸੀਅਤ
ਭਾਰਤੀ ਖੱਬੇ ਪੱਖੀਆਂ ਦਾ ਭੂਤ ਅਤੇ ਭਵਿੱਖ -ਰਾਮਚੰਦਰ ਗੁਹਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?