ਮੇਰੇ ਵਤਨੀ ਭਰਾਵੋ! ਮੈਂ ਆਪਣੀ ਕੈਦ ਦੇ ਲੰਬੇ ਸਮੇਂ ਵਿੱਚ ਸੈਂਕੜੇ ਤਕਲੀਫ਼ਾਂ ਝਲਦਿਆਂ ਹੋਇਆਂ ਵੀ ਆਪਣੇ ਸੁੱਖ ਤੇ ਪੇਟ ਖ਼ਾਤਰ ਕੋਈ ਮੰਗ ਗੌਰਨਮੈਂਟ ਪਾਸੋਂ ਨਹੀਂ ਕੀਤੀ। ਜਿੰਨੀਆਂ ਹੜਤਾਲਾਂ ਵੀ ਮੈਨੂੰ ਜੇਲ੍ਹਾਂ ਵਿੱਚ ਕਰਨੀਆਂ ਪਈਆਂ, ਉਹ ਸਭ ਉਨ੍ਹਾਂ ਅੱਤਿਆਚਾਰਾਂ ਦੇ ਵਿਰੁੱਧ ਸਨ ਜੋ ਜੇਲ੍ਹਾਂ ਵਿੱਚ ਮੇਰੇ ਭਰਾਵਾਂ ’ਤੇ ਹੁੰਦੇ ਸਨ। ਸਗੋਂ ਜਦੋਂ ਮੈਨੂੰ ਮੇਰੀ ਮੌਤ ਦੀ ਸਜ਼ਾ ਦਾ ਫ਼ਤਵਾ ਸੁਣਾਇਆ ਗਿਆ, ਤਾਂ ਵੀ ਮੈਂ ਆਪਣੀ ਜਾਨ ਬਚਾਉਣ ਖ਼ਾਤਰ ਕੋਈ ਰਹਿਮ ਦੀ ਦਰਖ਼ਾਸਤ ਨਹੀਂ ਕੀਤੀ, ਕਿਉਂ ਜੋ ਗੁਲਾਮੀ ਦੇ ਜੀਵਨ ਨਾਲੋਂ ਮੌਤ ਚੰਗੇਰੀ ਸਮਝਦਾ ਰਿਹਾ ਹਾਂ ਐਪਰ ਪਿਛਲੇ, ਜਦੋਂ ਭਾਈ ਭਗਤ ਸਿੰਘ ਅਤੇ ਦੱਤ ਨੇ ਰਾਜਸੀ ਕੈਦੀਆਂ ਦੇ ਹੱਕ ਅਰ ਦਰਜ਼ੇ ਵਾਸਤੇ ਭੁੱਖ ਹੜਤਾਲ ਕੀਤੀ ਤਾਂ ਮੈਂ ਵੀ ਉਸ ਵਿੱਚ ਸ਼ਾਮਿਲ ਹੋਣਾ ਆਪਣਾ ਫ਼ਰਜ਼ ਸਮਝਿਆ, ਕਿਉਂ ਜੋ ਇਸ ਭੁੱਖ ਹੜਤਾਲ ਦਾ ਉਦੇਸ਼ ਕੁਝ ਕੁ ਖ਼ਾਸ ਆਦਮੀਆਂ ਤੱਕ ਹੀ ਬੱਸ ਨਹੀਂ ਸੀ, ਸਗੋਂ ਉਨ੍ਹਾਂ ਸਾਰੇ ਰਾਜਸੀ ਕੈਦੀਆਂ ਨਾਲ ਸੰਬੰਧ ਰੱਖਦਾ ਸੀ, ਜਿੰਨ੍ਹਾਂ ਨੇ ਰਾਜਸੀ ਮੁਕੱਦਮਿਆਂ ਵਿੱਚ ਸਜ਼ਾਵਾਂ ਪਾਈਆਂ ਹੋਣ ਅਤੇ ਉਸ ਭੁੱਖ ਹੜਤਾਲ ਦਾ ਆਖ਼ਰੀ ਮੁੱਦਾ ਇਹ ਸੀ ਕਿ ਉਨ੍ਹਾਂ ਸਾਰੇ ਰਾਜਸੀ ਕੈਦੀਆਂ ਦੀ ਆਮ ਕੈਦੀਆਂ ਨਾਲੋਂ ਇੱਕ ਵੱਖਰੀ ਸ਼੍ਰੇਣੀ ਮੰਨੀ ਜਾਵੇ ਤੇ ਉਨ੍ਹਾਂ ਨਾਲ ਹਰ ਤਰ੍ਹਾਂ ਰਾਜਸੀ ਕੈਦੀਆਂ ਵਾਲਾ ਸਲੂਕ ਕੀਤਾ ਜਾਵੇ, ਜਿੰਨ੍ਹਾਂ ’ਤੇ ਰਾਜਸੀ ਜੁਰਮਾਂ ਦੇ ਆਧਾਰ ਪੁਰ ਮੁਕੱਦਮੇ ਚਲਾਏ ਗਏ ਹੋਣ, ਜਾਂ ਅਗਾਂਹ ਨੂੰ ਚਲਾਏ ਜਾਣ। ਭਾਵੇਂ ਉਨ੍ਹਾਂ ਦਾ ਕੰਮ ਕਰਨ ਦਾ ਢੰਗ ਕੋਈ ਵੀ ਹੋਵੇ, ਸ਼ਾਂਤਮਈ ਭਾਂਵੇਂ ਅਸ਼ਾਂਤਮਈ ਪਰ ਉਨ੍ਹਾਂ ਦੀ ਨੀਤ ਤੇ ਉਦੇਸ਼ ਕੌਮ ਦੀ ਆਜ਼ਾਦੀ ਹੋਵੇ।
ਖ਼ੈਰ ਜਦੋਂ ਕਾਂਗਰਸ ਦੇ ਪਾਸ ਕੀਤੇ ਮਤੇ ਅਨੁਸਾਰ ਭਾਈ ਭਗਤ ਸਿੰਘ ਤੇ ਦੱਤ ਨੇ ਵਰਤ ਛੱਡਣਾ ਮਨਜ਼ੂਰ ਕਰ ਲਿਆ ਤਾਂ ਮੇਰੇ ’ਤੇ ਵੀ ਜ਼ੋਰ ਦਿੱਤਾ ਤਾਂ ਕਿ ਮੈਂ ਇਹ ਸਮਝਦਿਆਂ ਕਿ ਵਰਤ ਵਰਤ ਉਸ ਵਕਤ ਤੋਂ ਪਹਿਲਾਂ ਤੋੜ ਦੇਣਾ ਗ਼ਲਤੀ ਹੋਵੇਗਾ, ਜਿਚਰ ਗੌਰਨਮੈਂਟ ਦਾ ਪੂਰਾ ਐਲਾਨ ਨਾ ਨਿਕਲ ਜਾਵੇ। ਕਾਂਗਰਸ ਦੇ ਮਤੇ ਪੁਰ ਫੁੱਲ ਚਾੜ੍ਹੇ ਤੇ ਰੋਟੀ ਖਾ ਲਈ। ਜੋ ਐਲਾਨ ਉਸ ਵਕਤ ਸਾਡੇ ਵੱਲੋਂ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕਰਵਾਇਆ ਗਿਆ ਸੀ, ਉਸ ਵਿੱਚ ਸਾਫ਼ ਲਿਖਿਆ ਸੀ ਕਿ ਜੇ ਐਲਾਨ ਸਾਡੇ ਹੱਕ ਵਿੱਚ ਨਹੀਂ ਹੋਵੇਗਾ ਤਾਂ ਅਸੀਂ ਫੇਰ ਭੁੱਖ ਹੜਤਾਲ ਕਰ ਦਿਆਂਗੇ, ਮਗਰੋਂ ਜਦੋਂ ਭਗਤ ਸਿੰਘ ਨੇ ਦੇਖਿਆ, ਕਿ ਗੌਰਨਮੈਂਟ ਆਨੇ-ਬਹਾਨੇ ਕਰ ਰਹੀ ਹੈ, ਤਾਂ ਉਨ੍ਹਾਂ ਨੇ ਫਿਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ, ਜਿਸ ਪੁਰ ਮਜ਼ਬੂਰ ਹੋ ਕੇ ਗੌਰਮੈਂਟ ਨੇ ਆਪਣਾ ਐਲਾਨ ਪ੍ਰਕਾਸ਼ਿਤ ਕਰ ਦਿੱਤਾ।
ਹੁਣ ਆਮ ਜਨਤਾ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੀ ਹੈ ਕਿ ਗੌਰਨਮੈਂਟ ਨੇ ਇਹ ਛਲ ਪੂਰਨ ਐਲਾਨ ਪ੍ਰਕਾਸ਼ਤ ਕਰਕੇ ਸਾਡੀ ਬੇਪਤੀ ਕੀਤੀ ਹੈ ਤੇ ਸਾਨੂੰ ਬੁੱਧੂ ਬਣਾਉਣ ਦਾ ਯਤਨ ਕੀਤਾ ਗਿਆ ਹੈ। ਕੀ ਕੋਈ ਅਣਖ਼ੀਲਾ ਹਿੰਦੋਸਤਾਨੀ ਜਿਸ ਨੂੰ ਕੌਮੀ ਇੱਜ਼ਤ ਦਾ ਖ਼ਿਆਲ ਹੈ, ਅਜੇਹੀ ਦਸ਼ਾ ਵਿੱਚ ਦੁਬਾਰਾ ਮੰਗ ਕਰਨ ਦਾ ਖ਼ਿਆਲ ਦਿਲ ਵਿੱਚ ਲਿਆ ਸਕਦਾ ਏ? ਕਦੀ ਨਹੀਂ। ਇਸ ਬੇਪਤੀ ਦਾ ਸਿਰਫ਼ ਇੱਕੋ-ਇੱਕ ਇਲਾਜ ਆਜ਼ਾਦੀ ਹੀ ਹੈ।ਇਸ ਲਈ ਹੁਣ ਮੈਂ ਅੰਗਰੇਜ਼ੀ ਗੌਰਨਮੈਂਟ ਦਾ ਪੂਰਨ ਬਾਈਕਾਟ ਕਰਦਾ ਹਾਂ, ਤੇ ਮੁਕੰਮਲ ਆਜ਼ਾਦੀ ਦੇ ਅਸੂਲ ਪੁਰ ਪਰਪੱਕ ਹੁੰਦਾ ਹੋਇਆ 17 ਮਾਰਚ, 1930 ਨੂੰ ਇਹ ਪ੍ਰਣ ਕਰਦਾ ਹਾਂ ਕਿ ਅੱਜ ਤੋਂ ਮੈਂ ਗੁਲਾਮ ਹਿੰਦੋਸਤਾਨ ਦਾ ਅੰਨ ਨਹੀਂ ਖਾਵਾਂਗਾ। ਜੇ ਖਾਵਾਂਗਾ ਤਾਂ ਆਜ਼ਾਦ ਹਿੰਦੋਸਤਾਨ ਦਾ, ਨਹੀਂ ਤਾਂ ਆਪਣੇ ਜੀਵਨ ਦੀ ਖੇਡ ਇਸ ਭੁੱਖ ਹੜਤਾਲ ਵਿੱਚ ਹੀ ਖ਼ਤਮ ਕਰ ਦਿਆਂਗਾ।ਅਖ਼ੀਰ ਵਿੱਚ ਮੈਂ ਆਪਣੇ ਵਤਨੀ ਭਰਾਵਾਂ ਤੇ ਮਿੱਤਰਾਂ ਪਾਸ ਪ੍ਰਾਰਥਨਾ ਕਰਦਾ ਹਾਂ ਕਿ ਮੇਰੇ ਇਸ ਪ੍ਰਣ ਨੂੰ ਤੋੜਨ ਲਈ ਕੋਈ ਸੱਜਣ ਯਤਨ ਨਾ ਕਰੇ ਅਤੇ ਨਾ ਹੀ ਮੇਰੇ ਪਾਸ ਆਉਣ ਦੀ ਖੇਚਲ ਕਰੇ, ਮੇਰੇ ਵੱਲ ਆਉਣ ਦੀ ਥਾਂ ਆਜ਼ਾਦੀ ਦੀ ਜੰਗ ਵਿੱਚ ਸ਼ਾਮਿਲ ਹੋ ਕੇ ਮੁਲਕੀ ਆਜ਼ਾਦੀ ਪ੍ਰਾਪਤ ਕਰਨ ਲਈ, ਤਨ, ਮਨ, ਧਨ ਕੁਰਬਾਨ ਕਰੇ ਤੇ ਮੋਰਚਿਆਂ ਵਿੱਚ ਜਾਵੇ, ਅਰ ਦੇਸ਼ ਨੂੰ ਆਜ਼ਾਦ ਕਰਾਵੇ। ਇਹੋ ਮੇਰੇ ਨਾਲ ਸੱਚਾ ਪ੍ਰੇਮ ਹੈ।

