ਤੇ ਮੁੜ 24 ਫ਼ਰਵਰੀ ਨੂੰ ਪਹਿਲਾਂ ਲਾਹੌਰ ਲਟਰੇਰੀ ਫ਼ੇਸਟੀਵੱਲ ਦਾ ਪ੍ਰਬੰਧ ਹੋਇਆ। ਲਾਹੌਰ ਦੀ ਅਜੋਕੀ ਤਾਰੀਖ਼ ਵਿਚ ਇਹ ਛੜਾ ਇਲਮੀ ਤੇ ਅਦਬੀ ਮੇਲਾ ਸੀ, ਜਿਸ ਵਿਚ ਦੇਸ ਦੇ ਤੇ ਦੇਸੋਂ ਬਾਹਰੇ ਸੂਝਵਾਨ ਤੇ ਲਿਖਾਰੀ, ਨਾਵਲਕਾਰਾਂ, ਆਰਟਿਸਟਾਂ ਤੇ ਪੱਤਰਕਾਰਾਂ ਰਲਤ ਕੀਤੀ ਤੇ ਆਪਣੇ ਆਪਣੇ ਕੰਮ ਪੱਖੋਂ ਗੱਲ ਬਾਤ ਛੋਹੀ। ਮੇਲੇ ਵਿਚ ਨੌਜਵਾਨਾਂ ਦੀ ਵੱਡੀ ਗਿਨਤਰੀ ਨੇ ਰਲਤ ਕੀਤੀ ਤੇ ਬੜੇ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣੀ।
ਇਕ ਸੈਸ਼ਨ ਵਿਚ ਤਾਰਿਕ ਅਲੀ, ਆਇਸ਼ਾ ਜਲਾਲ ਸਮੇਤ ਦੋ ਬਦੇਸੀ ਲਿਖਾਰੀ ਸਨ। ਵਿਸ਼ਾ ਸੀ “ਕੀ ਪਾਕਿਸਤਾਨ ਇਕ ਮਾਡਰਨ ਦੇਸ ਹੈ?“ ਤਾਰਿਕ ਅਲੀ ਤੇ ਆਇਸ਼ਾ ਜਲਾਲ ਇਸ ਨੁਕਤੇ ਤੇ ਮਤਫ਼ਿਕ ਸਨ ਕਿ ਪਾਕਿਸਤਾਨ ਨੂੰ ਇਕ ਸੈਕੂਲਰ ਮੁਲਕ ਹੋਣਾ ਚਾਹੀਦਾ ਏ। ਤਾਰਿਕ ਅਲੀ ਹੋਰਾਂ ਮੂਜਬ ਅਵਾਮ ਪੀਪਲਜ਼ ਪਾਰਟੀ ਤੇ ਮੁਸਲਿਮ ਲੀਗ ਨੂੰ ਅਜ਼ਮਾ ਚੁੱਕੇ ਹਨ ਤੇ ਹੁਣ ਉਨ੍ਹਾਂ ਨੂੰ ਇਮਰਾਨ ਖ਼ਾਨ ਨੂੰ ਮੌਕਾ ਦੇਵਣਾ ਚਾਹੀਦਾ ਹੈ, ਜਿਸ ਉਪਰ ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਤਾਲੀਆਂ ਤੇ ਵੱਜ ਗਈਆਂ ਪਰ ਤਾਰਿਕ ਅਲੀ ਹੋਰਾਂ ਤੋਂ ਇਹ ਕਿਸੇ ਨਾ ਪੁੱਛਿਆ ਕਿ ਕੀ ਇਮਰਾਨ ਖ਼ਾਨ ਪਾਕਿਸਤਾਨ ਨੂੰ ਸੈਕੂਲਰ ਸਟੇਟ ਬਣਾਉਣਾ ਵੀ ਚਾਹੁੰਦਾ ਹੈ?
ਇੱਕ ਸੈਸ਼ਨ ਵਿਚ ਬਲੋਚਾਂ ਨਾਲ ਹੋਣ ਵਾਲੇ ਧਰੋ ‘ਤੇ ਬਹਿਸ ਹੋਈ। ਜਾਣੇ ਪਛਾਣੇ ਪੱਤਰਕਾਰ ਮੁਹੰਮਦ ਹਨੀਫ਼ ਹੋਰਾਂ ਬਲੋਚ ਅਵਾਮ ਨਾਲ ਹੋਣ ਵਾਲੇ ਧਰੋ ਬਾਰੇ ਵੱਖੋ ਵੱਖ ਲੋਕਾਂ ਦੀਆਂ ਕਹਾਣੀਆਂ ਤੇ ਇਕ ਕਿਤਾਬ ਲਿਖੀ ਹੈ। ਮੁਹੰਮਦ ਹਨੀਫ਼ ਜਿਹਨਾਂ ਦਾ ਅਪਣਾ ਤਾਅਲੁੱਕ ਕਰਾਚੀ ਤੋਂ ਹੈ ਨੇ ਆਖਿਆ ਕਿ ਜਦ ਵੀ ਪ੍ਰੈੱਸ ਕਲੱਬ ਜਾਨਾਂ ਤੇ ਵੇਖਨਾ ਕਿ ਅਗ਼ਵਾ ਹੋਣ ਵਾਲੇ ਬਲੋਚ ਨੌਜਵਾਨਾਂ ਦੇ ਟੱਬਰ ਬਾਹਰ ਬੈਠੇ ਇਹਤਜਾਜ ਕਰ ਰਹੇ ਨੇਂ ਤੇ ਧਰਨਾ ਦਈ ਬੈਠੇ ਨੇਂ ਇਸ ਤੋਂ ਵੀ ਵੱਧ ਤਕਲੀਫ਼ ਦੇਣ ਵਾਲੀ ਗੱਲ ਇਹ ਵੇ ਕਿ ਕੋਈ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਕੋਈ ਨਹੀਂ ਨਾ ਮੀਡੀਆ ਉਨ੍ਹਾਂ ਦਾ ਇਹਤਜਾਜ ਰਿਪੋਰਟ ਕਰਦਾ ਏ ਤੇ ਨਾ ਸਰਕਾਰ ਹੀ ਕੋਈ ਪ੍ਰਵਾਹ ਕਰਦੀ ਹੈ। ਮੇਰਾ ਜ਼ਮੀਰ ਮੈਨੂੰ ਫਿਟਕਾਰਦਾ ਹੈ ਕਿ ਮੈਂ ਕਿਹੋ ਜਿਹਾ ਪੱਤਰਕਾਰ ਹਾਂ ਜੋ ਇਨ੍ਹਾਂ ਨੂੰ ਅੱਖੋਂ ਪਰੋਖੇ ਕਰ ਰਹਿਆਂ। ਤੇ ਇੰਝ ਮੈਂ ਇਨ੍ਹਾਂ ਲੋਕਾਂ ਨਾਲ ਮਿਲਿਆ ਤੇ ਉਨ੍ਹਾਂ ਦੀਆਂ ਦੁਖ ਪਰੁਚੀਆਂ ਕਹਾਣੀਆਂ ਕੱਠੀਆਂ ਕਰ ਕੇ ਛਾਪ ਛੱਡੀਆਂ।
ਵੱਖੋ ਵੱਖ ਸੈਸ਼ਨਜ਼ ਵਿਚ ਹੋਣ ਵਾਲੀ ਗੱਲ ਬਾਤ ਚੰਗੀ ਪੱਧਰ ਦੀ ਸੀ ਤੇ ਸਾਰੀ ਦੀ ਸਾਰੀ ਗੱਲ ਬਾਤ ਅੰਗਰੇਜ਼ੀ ਵਿਚ ਸੀ। ਅਲਹਮਰਾ ਦੇ ਤਿਨੋਂ ਹਾਲਾਂ ਵਿਚ ਇੱਕੋ ਸਮੇ ਸੈਸ਼ਨਜ਼ ਹੋ ਰਹੇ ਸਨ। ਤੇ ਇਹ ਫ਼ੈਸਲਾ ਕਰਨਾ ਔਖਾ ਹੋ ਜਾਂਦਾ ਸੀ ਕਿ ਕਿਸ ਵਿਚ ਰਲਤ ਕੀਤੀ ਜਾਵੇ ਤੇ ਕਿਸ ਨੂੰ ਰਹਿਣ ਦਿਤਾ ਜਾਵੇ।
ਫ਼ੈਸਟੀਵਲ ਦੀ ਕਾਰਰਵਾਈ ਵੇਖ ਤੇ ਸੁਣ ਕੇ ਇਹ ਗੱਲ ਪੱਧਰੀ ਹੋ ਵੇਂਦੀ ਹੈ ਕਿ ਸਾਡੇ ਇੱਥੇ ਅੰਗਰੇਜ਼ੀ ਬੋਲਣ ਤੇ ਉਰਦੂ ਬੋਲਣ ਵਾਲਿਆਂ ਵਿਚ ਇਕ ਵਿੱਥ ਮੌਜੂਦ ਹੈ। ਇਹੋ ਹਾਲ ਪਾਕਿਸਤਾਨ ਦੇ ਅੰਗਰੇਜ਼ੀ ਤੇ ਉਰਦੂ ਪ੍ਰੈੱਸ ਦਾ ਹੈ। ਅੰਗਰੇਜ਼ੀ ਪ੍ਰੈੱਸ ਹਾਲਾਤ ਦਾ ਵਿਸ਼ਲੇਸ਼ਣ ਕਰਦਾ ਹੇ ਪਰ ਉਸ ਤੇ ਕੋਈ ਇਲਜ਼ਾਮ ਨਹੀਂ ਲਗਦਾ ਜਦ ਕਿ ਉਰਦੂ ਪ੍ਰੈੱਸ ਮਜ਼੍ਹਬੀ ਕੱਟੜਤਾ, ਸਨਸਨੀ ਖ਼ੇਜ਼ੀ ਤੇ ਜਜ਼ਬਾਤੀਅਤ ਨੂੰ ਹਵਾ ਦਿੰਦਾ ਹੈ ਤੇ ਜੇ ਕੋਈ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਦੂਜੇ ਮੁਲਕ ਦੇ ਏਜੰਟ ਹੋਵਣ ਦੇ ਤਆਨੇ ਮਿਲਦੇ ਨੇਂ।
ਉਰਦੂ ਮੀਡੀਆ ਨੇ ਹੀ ਅੱਤਵਾਦ ਨੂੰ ਸਾਡਾ ਹੀਰੋ ਬਣਾ ਛੱਡਿਆ ਹੈ ਪਰ ਹੁਣ ਖੁੱਲ ਕੇ ਨਿੰਦਿਆ ਕਰਨ ਦੀ ਥਾਂ ਮਾਜ਼ਰਤ ਖ਼ਵਾਨਾ ਰੱਵਈਆ ਅਪਣਾ ਰਿਹਾ ਹੈ। ਇਸ ਵੇਲ਼ੇ ਉਰਦੂ ਮੀਡੀਆ ਦੇ ਲਿਖਾਰੀ ਏਨੇ ਕਾਰੀਗਰ ਹੋ ਚੁੱਕੇ ਨੇਂ ਕਿ ਅੱਤਵਾਦ ਦੇ ਸਮੇਂ ਵੀ ਉਹ ਉਨ੍ਹਾਂ ਸੰਗ ਹੁੰਦੇ ਸਨ ਤੇ ਅੱਜ ਰੌਸ਼ਨ ਖ਼ਿਆਲੀ ਦੇ ਦੌਰ ਵਿਚ ਵੀ ਉਨ੍ਹਾਂ ਤੋਂ ਵੱਡਾ ਰੌਸ਼ਨ ਖ਼ਿਆਲ ਨਹੀਂ ਮਿਲਦਾ। ਤਾਰਿਕ ਅਲੀ ਤੇ ਆਇਸ਼ਾ ਜਲਾਲ ਦੀ ਗੱਲ ਬਾਤ ਵਿਚ ਇਸ ਗੱਲ ਤੇ ਜ਼ੋਰ ਦਿਤਾ ਗਿਆ ਕਿ ਪਾਕਿਸਤਾਨ ਉਸ ਸਮੇ ਹੀ ਖ਼ੁਸ਼ਹਾਲ ਜਾਂ ਤਰੱਕੀ ਯਾਫ਼ਤਾ ਦੇਸ ਬਣ ਸਕਦਾ ਹੈ ਜਦ ਇੱਥੇ ਸੀਕੋਲਰਾਜ਼ਮ ਹੋਵੇ।
ਸਾਡੇ ਅੰਗਰੇਜ਼ੀ ਪ੍ਰੈੱਸ ਵਿਚ ਆਮ ਤੌਰ ਤੇ ਸੀਕੋਲਰਾਜ਼ਮ ਤੇ ਗੱਲ ਹੁੰਦੇ ਹੈ ਮਗਰ ਪਾਕਿਸਤਾਨ ਦੇ ਪਚਾਨਵੇ ਫ਼ੀਸਦ ਲੋਕ ਉਰਦੂ ਮੀਡੀਆ ਦੇ ਦਾਨਿਸ਼ਵਰਾਂ ਦੀ ਗੁਫ਼ਤਗੂ ਸੁਣਦੇ ਤੇ ਉਸ ਦਾ ਵਿਸ਼ਲੇਸ਼ਣ ਕਰਦੇ ਹਨ। ਜਿੱਥੇ ਸੀਕੋਲਰਾਜ਼ਮ ਨੂੰ ਮਜ਼ਹਬੋਂ ਬਾਹਰਾ ਕਰਾਰ ਦਿਤਾ ਗਿਆ ਹੇ ਤੇ ਇਹੋ ਜਿਆ ਗੱਲ ਕਰਨ ਵਾਲੇ ਦੇ ਈਮਾਨ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ।
ਏਸ ਮੇਲੇ ਦੀ ਸੱਭ ਤੋਂ ਵੱਡੀ ਥੁੜ ਇਸ ਦੀ ਕਾਰਰਵਾਈ ਦਾ ਅੰਗਰੇਜ਼ੀ ਵਿਚ ਹੋਵਣਾ ਸੀ। ਨਿਜੀ ਯੂਨੀਵਰਸਿਟੀਆਂ ਦੇ ਵਿਦਿਆਰਥੀ ਤੇ ਵਿਦਿਆਰਥਣਾਂ ਦੀ ਭਰਪੂਰ ਸ਼ਿਰਕਤ ਸੀ ਜਿਹਨਾਂ ਲਈ ਅੰਗਰੇਜ਼ੀ ਲਿਖਣਾ ਬੋਲਣਾ ਕੋਈ ਮਸਅਲਾ ਨਹੀਂ ਮਗਰ ਲਾਹੌਰ ਦੀ ਪਚਾਨਵੇ ਫ਼ੀਸਦ ਅਬਾਦੀ ਦੀ ਜ਼ਬਾਨ ਨਹੀਂ ਤੇ ਇੰਝ ਆਮ ਲੋਕਾਂ ਲਈ ਉਸ ਵਿਚ ਰੁਚੀ ਦਾ ਕੋਈ ਉਨਸਰ ਨਹੀਂ ਸੀ।
21 ਫ਼ਰਵਰੀ ਨੂੰ ਲਾਹੌਰ ਵਿਖੇ ਮਾਂ ਬੋਲੀ ਦਿਹਾੜੀ ਵੀ ਮਨਾਇਆ ਗਿਆ ਪਰ ਅਦਬੀ ਮੇਲੇ ਦੀ ਜ਼ਬਾਨ ਅੰਗਰੇਜ਼ੀ ਸੀ। ਅੰਗਰੇਜ਼ੀ ਸਾਇੰਸ ਤੇ ਟੈਕਨਾਲੋਜੀ ਦੀ ਜ਼ਬਾਨ ਹੈ ਤੇ ਉਸ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਪਰ ਲਾਹੌਰ ਲਟਰੇਰੀ ਫ਼ੈਸਟੀਵਲ ਵਾਲਿਆਂ ਨੂੰ ਅਰਜ਼ੀ ਹੈ ਕਿ ਐਤਕੀ ਸਾਲ ਇਸ ਵਿਚ ਘੱਟੋ ਘੱਟ ਅੱਧੇ ਸੈਸ਼ਨਜ਼ ਉਰਦੂ ਤੇ ਪੰਜਾਬੀ ਵਿਚ ਵੀ ਹੋਣੇ ਚਾਹੀਦੇ ਹਨ ਤਾਂ ਜੇ ਇਸ ਫ਼ੈਸਟੀਵਲ ਦਾ ਕੈਨਵੱਸ ਬੁਹਤਾ ਵੱਡਾ ਹੋ ਸਕੇ ਤੇ ਲੋਕਾਂ ਨੂੰ ਤਰੱਕੀਪਸੰਦ ਨਜ਼ਰੀਆਂ ਤੇ ਗੱਲ ਬਾਤ ਵੀ ਸੁਣਨ ਨੂੰ ਮਿਲ ਸਕੇ ਜੋ ਸਾਡੀ ਮੈਨ ਸਟਰੀਮ ਉਰਦੂ ਮੀਡੀਆ ਵਿਚ ਨਾਪੈਦ ਹੋ ਚੱਕੀ ਹੈ।
ਇਸ ਮੇਲੇ ਨਾਲ ਲਾਹੌਰ ਬਾਰੇ ਇਕ ਕਹਾਵਤ ਯਾਦ ਆ ਗਈ ਹੈ “ ਜਿਹਨੇ ਲਾਹੌਰ ਨਹੀਂ ਤੱਕਿਆ ਉਹ ਜੰਮਿਆ ਨਹੀਂ“ ਅਸਲੋਂ ਇਹ ਅਖੋਤ ਵੰਡ ਤੋਂ ਪਹਿਲੇ ਲਾਹੌਰ ਦੀ ਮੰਜ਼ਰਕਸ਼ੀ ਕਰਦੀ ਹੈ ਜਦ ਇੱਥੇ ਵੱਖੋ ਵਖ ਮਜ਼ਹਬਾਂ ਤੇ ਨਸਲਾਂ ਦੇ ਲੋਕ ਰਹਿੰਦੇ ਸਨ ਜਿਹਨਾਂ ਵਿਚ ਮੁਸਲਮਾਨ, ਹਿੰਦੂ, ਸਿਖ, ਈਸਾਈ, ਪਾਰਸੀ ਹਤਾਕੇ ਯਹੂਦੀਆਂ ਦੀ ਇਕ ਵੱਡੀ ਗਿਣਤੀ ਵੀ ਸ਼ਾਮਿਲ ਸੀ। ਵੱਖੋ ਵਖ ਮਜ਼ਹਬਾਂ ਦੇ ਲੋਕਾਂ ਦੀਆਂ ਆਪਣੀਆਂ ਰਸਮਾਂ ਸਨ, ਇਲਮੀ ਤੇ ਅਦਬੀ ਮਹਿਫ਼ਲਾਂ ਤੇ ਮੁਸ਼ਾਇਰਿਆਂ ਦੇ ਨਾਲ ਨਾਲ ਥੇਟਰ ਡਰਾਮਾ ਤੇ ਰਕਸ ਦੀਆਂ ਮਹਿਫ਼ਲਾਂ ਖ਼ਤਮ ਹੋਣਾ ਸ਼ੁਰੂ ਹੋ ਗਈਆਂ।
ਇਹ ਮਹਿਫ਼ਲਾਂ ਹੁੰਦਿਆਂ ਤੇ ਲੋਕ ਜੋਕ ਵੱਧ ਤੋਂ ਵੱਧ ਰਲਤਾਂ ਕਰਦੇ। ਮਗਰ ਵੰਡ ਬਾਦੋਂ ਇਸ ਸ਼ਹਿਰ ਦੀ ਪੰਜਾਹ ਤੇ ਸੱਠ ਦੀ ਦਹਾਈ ਤੀਕ ਰਹੀ ਫਿਰ ਸਹਿਜੇ ਸਹਿਜੇ ਰਿਆਸਤ ਦਾ ਨਜ਼ਰੀਆ ਅਮਨਣ ਵਾਲੇ ਆਸ਼ਤੀ ਦੀ ਥਾਂ ਦੁਸ਼ਮਣ ਨੂੰ ਜ਼ੇਰ ਕਰਨ ਤੇ ਪੂਰੀ ਦੁਨੀਆ ਨੂੰ ਇਸਲਾਮ ਦਾ ਕਿਲਾਆ ਬਣਾਉਣ ਦੀ ਖ਼ਵਾਹਿਸ਼ ਵਿਚ ਰੁੱਝ ਗਿਆ ਤੇ ਅੱਜ ਲਾਹੌਰ ਸਮੇਤ ਪੂਰਾ ਮੁਲਕ ਮੈਦਾਨੇ ਜੰਗ ਬਣ ਚੁੱਕਿਆ ਏ। ਵੰਡ ਦੇ ਫ਼ੌਰਨ ਬਾਅਦ ਪਾਕਿਸਤਾਨ ਵਿਚ ਸਿਆਸੀ ਕਿਆਦਤ ਇਕਤਦਾਰ ਦੀ ਖਿੱਚ ਧਰੂ ਵਿਚ ਲਗ ਗਈ। ਉਸ ਨੇ ਆਪਣੇ ਇਕਤਦਾਰ ਨੂੰ ਪੀਢਾ ਕਰਨ ਲਈ ਧਰਮ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਤੀ। ਤੇ ਬਰਸਰੇ ਇਕਤਦਾਰ ਧੜਾ ਮਾਲੇ ਗ਼ਨੀਮਤ ਦੇ ਹਾਸਲ ਕਰਨ ਦੇ ਢੰਗ ਲੱਭਣ ਲੱਗ ਪਿਆ।
ਭਾਰਤ ਵਿਚ ਕਾਂਗਰਸ ਦੇ ਆਗੂ ਨਹਿਰੂ ਤੇ ਉਨ੍ਹਾਂ ਦੀ ਟੀਮ ਸੁਚੇਤ ਤੇ ਸੂਝਵਾਨ ਦਾਨਿਸ਼ਵਰ ਸਿਆਸਤਦਾਨਾਂ ਤੇ ਅਧਾਰਿਤ ਸੀ। ਭਾਰਤ ਦੇ ਪਹਿਲੇ ਆਗੂਵਾਂ ਰਾਜਿੰਦਰ ਪ੍ਰਸ਼ਾਦ, ਰਾਧਾ ਕ੍ਰਿਸ਼ਨ, ਕ੍ਰਿਸ਼ਨਾ ਮੈਨਨ, ਅਬੁਲਕਲਾਮ ਆਜ਼ਾਦ, ਨਹਿਰੂ, ਸ਼ਾਸਤਰੀ, ਜ਼ਾਕਿਰ ਹੁਸੈਨ ਤੇ ਪਟੇਲ ਜਿਹੇ ਪੜ੍ਹੇ ਲਿਖੇ ਲੋਕ ਸਨ ਜਿਹਨਾਂ ਦਾ ਇਕ ਵਿਜ਼ਨ ਸੀ ਜਦ ਕਿ ਦੂਜੇ ਬੰਨੇ ਲਿਆਕਤ ਅਲੀ ਖਾਂ ਸਨ ਯਾ ਉਨ੍ਹਾਂ ਦੇ ਮੁਲਾ ਯਾ ਬੇਰੋਕਰੇਟ ਸਾਥੀ ਸਨ ਜਿਹਨਾਂ ਦਾ ਕੋਈ ਵਿਜ਼ਨ ਨਹੀਂ ਸੀ। ਮੁਸਲਿਮ ਲੀਗੀ ਆਗੂਆਂ ਨੂੰ ਕੋਈ ਪਤਾ ਨਹੀਂ ਸੀ ਕਿ ਕੀ ਕਰਨਾ ਹੈ। ਉਨ੍ਹਾਂ ਨੇ ਆਪਣੇ ਮਕਸਦ ਲਈ ਮੌਲਵੀ ਦੀ ਸਰਪ੍ਰਸਤੀ ਸ਼ੁਰੂ ਕਰ ਦਿਤੀ ਤੇ ਉਹ ਕਰਾਰਦਾਦੇ ਮਕਾਸਿਦ ਦੀ ਤਿਆਰੀ ਵਿਚ ਰੁੱਝ ਗਏ।
ਪੰਜਾਹ ਦੀ ਦਹਾਈ ਵਿਚ ਜਿਸ ਵੇਲ਼ੇ ਮੁਲਾ ਪਾਕਿਸਤਾਨ ਵਿਚ ਫ਼ਿਰਕਾਵਰਾਨਾ ਫ਼ਸਾਦਾਤ ਵਿਚ ਸ਼ਾਮਲ ਸੀ ਉਸ ਵੇਲ਼ੇ ਦੇ ਸਾਥੀ ਮੌਲਾਨਾ ਅਬੁਲਕਲਾਮ ਆਜ਼ਾਦ ਭਾਰਤ ਵਿਚ ਇੰਡੀਅਨ ਕਲਚਰਲ ਸੈਂਟਰ ਦੀ ਨੀਂਹ ਰੱਖ ਰਹੇ ਸਨ ਜਿਸ ਕਰਕੇ ਅੱਜ ਭਾਰਤੀ ਸੂਝਵਾਨ, ਅਦਾਕਾਰ, ਮੌਸੀਕਾਰ ਤੇ ਗੁਲੂਕਾਰ ਤੇ ਫ਼ੰਨਕਾਰ ਪੂਰੀ ਦੁਨੀਆ ਵਿਚ ਆਪਣੇ ਦੇਸ ਦਾ ਸੋਫ਼ਟ ਇਮੇਜ ਪਰੋਮੋਟ ਕਰ ਰਹੇ ਨੇਂ ਜਦ ਕਿ ਕਰਾਰਦਾਦੇ ਮਕਾਸਿਦ ਕਰਕੇ ਅਸੀਂ ਦੁਨੀਆ ਵਿਚ ਖ਼ੁਦਕੁਸ਼ ਹਮਲਿਆਂ ਦੀ ਵਜ੍ਹਾ ਨਾਲ ਪਛਾਣੇ ਜਾਨੇ ਆਂ।

