By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕਿਸਾਨੀ ਸੰਕਟ ਨੂੰ ਦਰਸਾਉਂਦੀ ਦਸਤਾਵੇਜ਼ੀ ਫ਼ਿਲਮ ‘ਹਵਾ ਵਿੱਚ ਮੋਮਬੱਤੀਆਂ’ -ਅਮੋਲਕ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸਾਹਿਤ ਸਰੋਦ ਤੇ ਸੰਵੇਦਨਾ > ਕਿਸਾਨੀ ਸੰਕਟ ਨੂੰ ਦਰਸਾਉਂਦੀ ਦਸਤਾਵੇਜ਼ੀ ਫ਼ਿਲਮ ‘ਹਵਾ ਵਿੱਚ ਮੋਮਬੱਤੀਆਂ’ -ਅਮੋਲਕ ਸਿੰਘ
ਸਾਹਿਤ ਸਰੋਦ ਤੇ ਸੰਵੇਦਨਾ

ਕਿਸਾਨੀ ਸੰਕਟ ਨੂੰ ਦਰਸਾਉਂਦੀ ਦਸਤਾਵੇਜ਼ੀ ਫ਼ਿਲਮ ‘ਹਵਾ ਵਿੱਚ ਮੋਮਬੱਤੀਆਂ’ -ਅਮੋਲਕ ਸਿੰਘ

ckitadmin
Last updated: July 14, 2025 7:02 am
ckitadmin
Published: August 31, 2014
Share
SHARE
ਲਿਖਤ ਨੂੰ ਇੱਥੇ ਸੁਣੋ

ਕਵਿਤਾ ਬਹਿਲ ਅਤੇ ਨੰਦਨ ਸਕਸੇਨਾ ਦੀ ਦਸਤਾਵੇਜ਼ੀ ਫ਼ਿਲਮ ‘ਹਵਾ ਵਿੱਚ ਮੋਮਬੱਤੀਆਂ’ ਪੰਜਾਬ ਦੇ ਕਿਸਾਨੀ ਸੰਕਟ ਦੀ ਦਰਦਨਾਕ ਦਾਸਤਾਨ ਹੈ। ਫ਼ਿਲਮ ਆਪਣੇ ਦਰਸ਼ਕਾਂ ਨੂੰ ਉਂਗਲ ਫੜ ਕੇ ਭੁੱਖਾਂ, ਦੁੱਖਾਂ, ਹਰਜਿਆਂ, ਕਰਜ਼ਿਆਂ, ਲਾਚਾਰੀਆਂ ਅਤੇ ਬੀਮਾਰੀਆਂ ਦੇ ਭੰਨੇ ਲੋਕਾਂ ਦੇ ਹਉਕਿਆਂ-ਹਾਵਿਆਂ ਅਤੇ ਬਲ਼ਦੇ ਸੁਆਲਾਂ ਦੇ ਅੰਗ-ਸੰਗ ਤੋਰਦੀ ਹੈ। ਫ਼ਿਲਮ ਤਿੱਖੇ ਸੁਆਲ ਖੜੇ ਕਰਦੀ ਹੈ ਕਿ ਹਰਾ ਇਨਕਲਾਬ ਲਿਆਉਣ ਵਾਲਿਆਂ ਦੇ ਘਰਾਂ ਅਤੇ ਚਿਹਰਿਆਂ ’ਤੇ ਹਰਿਆਲੀ ਆਉਣ ਦੀ ਬਜਾਏ, ਪਲੱਤਣ ਤੇ ਪੱਤਝੜ ਕਿਉਂ ਆ ਗਈ? ਫ਼ਿਲਮ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਅੰਨ ਦਾ ਭੰਡਾਰ ਕਹਾਉਂਦਾ, ਹੱਸਦਾ-ਵੱਸਦਾ, ਗਾਉਂਦਾ ਤੇ ਨੱਚਦਾ ਪੰਜਾਬ ਭਲਾ ਮਕਾਣਾਂ ਦੀ ਰੁੱਤ ਦੀ ਲਪੇਟ ਵਿੱਚ ਕਿਵੇਂ ਆ ਗਿਆ!

ਫ਼ਸਲਾਂ ਨੂੰ ਕਦੇ ਸੋਕਾ ਤੇ ਕਦੇ ਡੋਬਾ ਮਾਰ ਜਾਂਦਾ ਹੈ। ਕਮਾਊ ਲੋਕ ਖਾਲੀ ਹੱਥ ਮਲ਼ਦੇ ਰਹਿ ਜਾਂਦੇ ਨੇ। ਫ਼ਿਲਮ ‘ਹਵਾ ਵਿੱਚ ਮੋਮਬੱਤੀਆਂ’ ਕਰਜ਼ੇ ਦੀਆਂ ਨਿੱਤ ਬੋਝਲ ਹੋ ਰਹੀਆਂ ਪੰਡਾਂ, ‘ਰਾਜ ਨਹੀਂ ਸੇਵਾ ਦੇ ਪਾਖੰਡਾਂ’, ਵੰਨ-ਸੁਵੰਨੇ ਹਾਕਮਾਂ ਦੀ ਅਦਲਾ-ਬਦਲੀ ਤਾਂ ਹੁੰਦੀ ਹੈ ਪਰ ਜਿਨ੍ਹਾਂ ਦੀ ਤਕਦੀਰ ਅਤੇ ਤਸਵੀਰ ਨਹੀਂ ਬਦਲਦੀ ਅਜਿਹੇ ਕਿੰਨੇ ਹੀ ਗੁੰਝਲਦਾਰ ਵਰਤਾਰਿਆਂ ’ਤੇ ਤਿੱਖੇ ਕਲਾਮਈ ਕਟਾਖ਼ਸ਼ਾਂ ਨਾਲ ਪਰਦਾ ਚੁੱਕਦੀ ਹੈ।

 

 

ਸਿਲ਼ਾ ਚੁਗਦੀਆਂ ਮਜ਼ਦੂਰ ਅਤੇ ਛੋਟੀ ਤੇ ਦਰਮਿਆਨੀ ਕਿਸਾਨੀ ਦੀਆਂ ਔਰਤਾਂ ਦੀ ਦਰਦਨਾਕ ਵਿਥਿਆਂ ਵੀ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਜਦੋਂ ਉਹ ਕਹਿੰਦੀਆਂ ਨੇ, ‘‘ਹੁਣ ਕਾਹਦੀ ਖੇਤੀ, ਕਦੇ ਨ੍ਹੀਂ ਹੁੰਦੇ ਬੱਤੀ ਦੇ ਤੇਤੀਂ। ਰੇਹ, ਸਪਰੇਅ, ਤੇਲ, ਮਹਿੰਗੇ ਠੇਕੇ, ਸਾਡੀ ਜਾਨ ਕੱਢੀਂ ਜਾਂਦੇ ਨੇ। ਧੜਾਧੜ ਸਾਡੇ ਹੱਥਾਂ ’ਚੋਂ ਜ਼ਮੀਨ ਖੋਹੀ ਜਾ ਰਹੀ ਹੈ।’’

ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਦੀ ਕਰਮਜੀਤ ਕੌਰ ਆਪਣੀ ਦਿਲ-ਚੀਰਵੀਂ ਵਿੱਥਿਆ ਸੁਣਾਉਂਦੀ ਹੈ ਕਿ ਖੇਤੀ ਨੇ ਸਾਨੂੰ ਦੇਣਾ ਤਾਂ ਕੀ ਸੀ ਉਲਟਾ ਸਾਨੂੰ ਹੀ ਖਾ ਗਈ… ਮੇਰਾ ਘਰਵਾਲਾ ਆਖਰ ਇੱਕ ਦਿਨ ਦੁਖੀ ਹੋਇਆ ਸਪਰੇਅ ਪੀ ਗਿਆ। ਉਸ ਵੇਲੇ ਮੇਰੇ 5 ਤੇ 10 ਸਾਲ ਦੇ ਦੋ ਬੱਚੇ ਸਨ। ਮੈਂ ਮਨ ਤਕੜਾ ਕਰਕੇ ਆਪਣਾ ਸਿਰ ਗੱਡਾ ਬਣਾ ਲਿਆ ਤੇ ਪੈਰ ਟਾਇਰ ਬਣਾ ਲਏ। ਦਿਨ ਰਾਤ ਕਮਾਉਣ ਲੱਗੀ ਪਰ ਕਰਜ਼ਾ ਵਧਦਾ ਹੀ ਗਿਆ। ਜਦੋਂ ਉਹ ਪੂਰੇ ਹੋਏ ਸਾਡੇ ਸਿਰ 6 ਲੱਖ ਸੀ। ਹੁਣ ਤੇਰਾਂ ਸਾਲ ਬਾਅਦ ਇਹ 6 ਤੋਂ 18 ਲੱਖ ਹੋ ਗਿਆ। ਸਾਡੀ ਕਿਸੇ ਜੈ ਖਾਣੇ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਸਾਨੂੰ ਜਦੋਂ ਕੋਈ ਸਹਾਰਾ ਹੀ ਨਹੀਂ ਦਿਸਦਾ ਤਾਂ ਅਸੀਂ ਇਹ ਸੋਚਦੇ ਹਾਂ ਕਿ ਸ਼ਾਇਦ ਅਸੀਂ ਮਾੜੀ ਲਿਖਾ ਕੇ ਆਏ ਹਾਂ। ਇਉਂ ਕਹਿੰਦੀ ਹੋਈ ਆਪਣੇ-ਆਪ ਨਾਲ ਗੱਲਾਂ ਕਰਦੀ ਕਰਮਜੀਤ ਗੁਣਗੁਣਾਉਣ ਲੱਗਦੀ ਹੈ:

 

‘‘ਲਿਖੀਆਂ ਮੱਥੇ ਦੀਆਂ
ਭੋਗ ਲੈ ਮਨ ਚਿੱਤ ਲਾ ਕੇ’’


ਨਿਰਦੇਸ਼ਕ ਬਹੁਤ ਹੀ ਸੰਵੇਦਨਸ਼ੀਲਤਾ ਅਤੇ ਸੁਭਾਵਿਕਤਾ ਨਾਲ ਦਰਸਾਉਣ ਦਾ ਯਤਨ ਕਰਦੇ ਹਨ ਕਿ ਚਾਰੇ ਪਾਸਿਓਂ ਥੱਕੇ-ਟੁੱਟੇ, ਮਾਨਸਿਕ ਪੀੜਾ ਦੇ ਭੰਨੇ, ਉਦਾਸੀ ਦੇ ਆਲਮ ਵਿੱਚ ਘਿਰੇ ਲੋਕ ਹਨੇਰੇ ’ਚ ਟੱਕਰਾਂ ਮਾਰਦੇ ਹਨ। ਉਨ੍ਹਾਂ ਦੇ ਮਨ ’ਤੇ ਅਜਿਹੇ ਵਿਚਾਰਾਂ ਦੀ ਧੁੰਦ ਛਾ ਜਾਂਦੀ ਹੈ ਕਿ ਸ਼ਾਇਦ ਅਸੀਂ ‘ਲੇਖ’ ਹੀ ਮਾੜੇ ਲਿਖਾ ਕੇ ਆਏ ਹਾਂ। ਇਉਂ ਨਿਰਦੇਸ਼ਕ ਜੋੜੀ ਅੰਧ-ਵਿਸ਼ਵਾਸ ਭਰੇ ਵਿਚਾਰਾਂ ਦੇ ਸਰੋਤ ਜ਼ਮੀਨ ਅਤੇ ਵਾਤਾਵਰਨ ਦਾ ਸਫ਼ਲ ਪ੍ਰਭਾਵ ਸਿਰਜਦੀ ਹੈ। ਅਜਿਹੇ ਉਦਾਸਮਈ ਅਤੇ ਧੁੰਧਲਕੇ ਮਾਹੌਲ ਅੰਦਰ ਸੂਹੀ ਫ਼ੁਲਕਾਰੀ ਦਾ ਪੱਟ ਅਤੇ ਧਾਗਿਆਂ ਦੇ ਗੁੱਛਿਆਂ ਉੱਪਰ ਕੈਮਰਾ ਫੋਕਸ ਹੁੰਦਾ ਹੈ। ਪਿੱਠ-ਭੂਮੀ ’ਚੋਂ ਨਿਰਦੇਸ਼ਕਾ ਕਵਿਤਾ ਬਹਿਲ ਦੀ ਦਰਸ਼ਕਾਂ ਦੇ ਮਨ ਦੀਆਂ ਅਣਛੋਹੀਆਂ ਪਰਤਾਂ ਛੇੜਦੀ ਆਵਾਜ਼ ਉੱਠਦੀ ਹੈ:

 

ਮਾਂ ਕਹਿੰਦੀ ਸੀ
ਵੇਲ ਬੂਟਿਆਂ ਦਾ ਮਾਣ ਕਰੋ
ਨਾ ਪੱਟੋ ਹਰੇ ਪੱਤੇ


ਕੈਮਰਾ ਇੱਥੇ ਕਲਾ ਦੀ ਬੁਲੰਦੀ ਛੂੰਹਦਾ ਹੈ ਜਦੋਂ ਉਹ ਚਿੰਨ੍ਹਾਤਮਕ ਤੌਰ ’ਤੇ ਚਿੱਟੇ ਤਾਣੇ ਵਿੱਚ ਬਸੰਤੀ ਅਤੇ ਸੂਹੇ ਰੰਗ ਦੇ ਧਾਗੇ ਪਰੋ ਰਹੇ ਹੱਥ ਦਿਖਾਉਂਦਾ ਹੈ।

ਖ਼ੁਦਕੁਸ਼ੀਆਂ ਕਰ ਗਏ ਗੱਭਰੂਆਂ ਦੇ ਧਾਹਾਂ ਮਾਰਦੇ ਮਾਪਿਆਂ ਦੀ ਹਾਲਤ ਧੁਰ ਅੰਦਰ ਤਕ ਹਿਲਾ ਕੇ ਰੱਖ ਦਿੰਦੀ ਹੈ। ਨਾਲ ਦੀ ਨਾਲ ਬੇਜ਼ਮੀਨਿਆਂ ਦੀ ਪੀੜ  ਇਹ ਦਰਸਾਉਂਦੀ ਹੈ ਕਿ ਜੇ ਹਰੀ ਕ੍ਰਾਂਤੀ ਨੇ ਜ਼ਮੀਨਾਂ ਵਾਲਿਆਂ ਦੇ ਬੁਰੇ ਦਿਨ ਲੈ ਆਂਦੇ ਨੇ ਤਾਂ ਅਸਾਡੀ  ਧੁਖ਼ਦੀ ਜ਼ਿੰਦਗੀ ਦਾ ਅੰਦਾਜ਼ਾ ਲਗਾਓ ਜਿਨ੍ਹਾਂ ਪਾਸ ਨਾ ਜ਼ਮੀਨ ਹੈ, ਨਾ ਰੁਜ਼ਗਾਰ ਅਤੇ ਨਾ ਕੋਈ ਮਸ਼ੀਨ ਹੈ। ਅਸਾਡੀ ਜ਼ਿੰਦਗੀ ਦੀ ਗੱਡੀ ਕਿਵੇਂ ਰਿੜ੍ਹਦੀ ਹੋਵੇਗੀ? ਇਸ ਦੀਆਂ ਨਿੱਕੀਆਂ ਝਲਕਾਂ ਹੀ ਵਡੇਰੇ ਕੈਨਵਸ ਦੀ ਕਹਾਣੀ ਕਹਿ ਜਾਂਦੀਆਂ ਹਨ।

ਪੰਜਾਬ ਅੰਦਰ ਖ਼ੁਦਕੁਸ਼ੀਆਂ ਦਾ ਵੇਰਵਾ ਇਕੱਤਰ ਕਰਨ ਵਾਲੇ ਇੰਦਰਜੀਤ ਜੇਜੀ ਕੈਮਰਾ ਟੀਮ ਨਾਲ ਜਿਉਂ ਹੀ ਗੱਲ ਕਰਨ ਲੱਗਦੇ ਹਨ, ਉਸੇ ਵੇਲੇ ਮੋਬਾਈਲ ’ਤੇ ਹੋਰ ਖ਼ੁਦਕੁਸ਼ੀਆਂ ਕਰਨ ਵਾਲਿਆਂ ਦੇ ਸੁਨੇਹੇ ਆ ਰਹੇ ਸੁਣਾਈ ਦਿੰਦੇ ਹਨ। ਨਾਲ ਦੀ ਨਾਲ ਕੈਮਰਾ ਨਹਿਰਾਂ, ਨਹਿਰਾਂ ਦੀਆਂ ਝਾਲਾਂ ਉੱਪਰ ਧਿਆਨ ਲੈ ਕੇ ਜਾਂਦਾ ਹੈ ਜਿੱਥੇ ਹਰ ਰੋਜ਼ ਲੋਕ ਖ਼ੁਦਕੁਸ਼ੀਆਂ ਕਰ ਗਿਆਂ ਦੀਆਂ ਲਾਸ਼ਾਂ ਲੱਭਣ ਆਉਂਦੇ ਹਨ। ਨਹਿਰਾਂ ਦੇ ਨਾਲ ਹੀ ਪੰਜਾਬ ਦੇ ਦਰਿਆਵਾਂ ਅਤੇ ਡੁੱਬਦੇ ਸੂਰਜ ਦੇ ਦ੍ਰਿਸ਼ ਦਿਖਾਈ ਦਿੰਦੇ ਹਨ। ਉਦਾਸ ਲੋਕ ਇਨ੍ਹਾਂ ਦੇ ਕੰਢਿਆਂ ’ਤੇ ਜ਼ਿੰਦਗੀ ਦੇ ਸਫ਼ਰ ’ਤੇ ਦਿਖਾਈ ਦਿੰਦੇ ਹਨ। ਫ਼ਿਜ਼ਾ ਵਿੱਚ ਅੰਮ੍ਰਿਤਾ ਪ੍ਰੀਤਮ ਦੇ ਬੋਲ, ਵਾਰਿਸ ਸ਼ਾਹ ਨੂੰ ਆਵਾਜ਼ ਮਾਰਦੇ ਸੁਣਾਈ ਦਿੰਦੇ ਹਨ:

 

ਇੱਕ ਰੋਈ ਸੀ ਧੀ ਪੰਜਾਬ ਦੀ
ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ
ਤੈਨੂੰ ਵਾਰਿਸ ਸ਼ਾਹ ਨੂੰ ਕਹਿਣ
ਵੇ! ਦਰਦਮੰਦਾਂ ਦਿਆ ਦਰਦੀਆ
ਉੱਠ! ਤੱਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ
ਤੇ ਲਹੂ ਦੀ ਭਰੀ ਝਨਾਬ


ਜਿਨ੍ਹਾਂ ਕਿਸਾਨਾਂ ਹੱਥੋਂ ਜ਼ਮੀਨਾਂ ਖੁਰ ਗਈਆਂ। ਖੇਤੀ ਸੰਦ ਵਿਕ ਗਏ। ਉਨ੍ਹਾਂ ਦੀਆਂ ਔਰਤਾਂ ਹੁਣ ਮੇਲਿਆਂ ’ਤੇ ਵੇਚਣ ਲਈ ਬਣਾਏ ਖਿਡੌਣਾ-ਰੂਪੀ ਟਰੈਕਟਰਾਂ ਨੂੰ ਰੰਗ ਕਰਦੀਆਂ ਆਪਣੇ-ਆਪ ਨਾਲ ਗੱਲਾਂ ਕਰਦੀਆਂ ਸੁਣਾਈ ਦਿੰਦੀਆਂ ਹਨ, ‘‘ਜੱਟ ਜ਼ਿਮੀਂਦਾਰ ਨੂੰ ਦਿਹਾੜੀ ਕਰਨੀ ਕਿਹੜਾ ਸੌਖੀ ਐ। ਅਸੀਂ ਤਾਂ ਮੰਗਤੀਆਂ ਬਣ ਕੇ ਰਹਿ ਗਈਆਂ। ਕਿਸੇ ਦੇ ਪਤੀ ਨੂੰ ਕੈਂਸਰ ਨਿਗਲ ਗਿਆ। ਕੋਈ ਰੇਲ ਗੱਡੀ ਅੱਗੇ ਛਾਲ ਮਾਰ ਗਿਆ। ਕੋਈ ਜ਼ਹਿਰ ਪੀ ਗਿਆ। ਕੋਈ ਗਲ਼ ਫਾਹਾ ਲੈ ਗਿਆ।’’

ਫ਼ਿਲਮ ਦੀ ਅਮੀਰੀ ਅਤੇ ਖ਼ੂਬਸੂਰਤੀ ਇਹ ਹੈ ਕਿ ਫ਼ਿਲਮਸਾਜ਼ ਨੇ ਬਹੁਤ ਹੀ ਘੱਟ ਸਮੇਂ ਵਾਲੀ ਫ਼ਿਲਮ ਵਿੱਚ ਹਾਲਾਤ ਦਾ ਦੂਜਾ ਸੰਘਰਸ਼ਮਈ ਪਾਸਾ ਵੀ ਉੱਭਰਵੇਂ ਰੂਪ ’ਚ ਸਾਹਮਣੇ ਲਿਆਂਦਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਔਰਤ ਵਿੰਗ ਦੀ ਸਰਗਰਮ ਆਗੂ ਕੁਲਦੀਪ ਕੌਰ ਕੁੱਸਾ ਅਜੋਕੇ ਹਾਲਾਤ ਉੱਪਰ ਵਿਸ਼ਲੇਸ਼ਣਾਤਮਕ ਟਿੱਪਣੀ ਕਰਦੀ ਹੈ ਕਿ ਕਿਵੇਂ ਖੇਤਾਂ ਅਤੇ ਖੇਤੀ ਧੰਦੇ ਉਪਰ ਨਵੀਆਂ ਨੀਤੀਆਂ ਨੇ ਹੱਲਾ ਬੋਲਿਆ ਹੋਇਆ ਹੈ। ਨਤੀਜੇ ਵਜੋਂ ਜਿੱਥੇ ਉਦਾਸੀ ਦਾ ਆਲਮ ਹੈ, ਉੱਥੇ, ‘ਖੁਦਕੁਸ਼ੀਆਂ ਦਾ ਰਾਹ ਛੱਡ ਕੇ ਲੋਕੋ; ਪੈ ਜਾਓ ਰਾਹ ਸੰਘਰਸ਼ਾਂ ਦੇ’ ਦੀ ਆਵਾਜ਼ ਵੀ ਜ਼ੋਰ ਨਾਲ ਉੱਠੀ ਹੈ। ਔਰਤਾਂ ਵੀ ਇਸ ਲੋਕ-ਸੰਗਰਾਮ ਵਿੱਚ ਮਰਦਾਂ ਦੇ ਮੋਢੇ ਨਾਲ ਮੋਢਾ ਲਾਉਣ ਲੱਗੀਆਂ ਹਨ।

ਅਣਗਿਣਤ ਔਰਤਾਂ ਦੇ ਜੁੜੇ ਇਕੱਠ ਵੱਲ ਜਿਉਂ ਹੀ ਕੈਮਰਾ ਧਿਆਨ ਖਿੱਚਦਾ ਹੈ ਤਾਂ ਨਾਲ ਹੀ ਲੇਖਕ ਦੀ ਕਲਮ ਦੇ ਬੋਲ ਨਵਦੀਪ ਦੀ ਆਵਾਜ਼ ’ਚ ਸੁਣਾਈ ਦਿੰਦੇ ਹਨ:

 

ਗੌਰ ਕਰੋ ਇਤਿਹਾਸ ਦੇ ਵਰਕਿਆਂ ’ਤੇ
ਅਸੀਂ ਜੰਗਾਂ ਵਿੱਚ ਅੰਗ ਸੰਗ
ਖੜ੍ਹਦੀਆਂ ਹਾਂ
ਜਿੱਥੇ ਮਰ ਕੇ ਤਾਂ ਜਿੰਦ ਨਸੀਬ ਹੋਵੇ
ਅਸੀਂ ਉਹਨਾਂ ਸਕੂਲਾਂ ਵਿੱਚ ਪੜ੍ਹਦੀਆਂ ਹਾਂ


ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸ਼ਿੰਗਾਰਾ ਸਿੰਘ ਮਾਨ ਔਰਤਾਂ ਅਤੇ ਮਰਦਾਂ ਦੀ ਭੂਮਿਕਾਂ ’ਤੇ ਬੋਲਦੇ ਹਨ।

ਜਿਨ੍ਹਾਂ ਬੱਚਿਆਂ ਦੇ ਬਾਪ ਜਹਾਨੋਂ ਤੁਰ ਗਏ ਉਹ ਰੋਟੀ-ਰੋਜ਼ੀ ਤੋਂ ਵਿਰਵੇ ਹੋਏ ਖ਼ੁਦ ਹੀ ਇੱਕ ਸੁਆਲ ਬਣੇ ਪ੍ਰਤੀਤ ਹੁੰਦੇ ਹਨ। ਉਨ੍ਹਾਂ ਦੀ ਦਾਦੀ ਅਤੇ ਦਾਦਾ ਜੀ ਦੀਆਂ ਅੱਖਾਂ ’ਚੋਂ ਹੰਝੂ ਥੰਮ੍ਹਣ ਦਾ ਨਾਂ ਨਹੀਂ ਲੈਂਦੇ। ਉਨ੍ਹਾਂ ਨੂੰ ਆਪਣੇ ਜੁਆਨ ਪੁੱਤ ਦੀ ਖ਼ੁਦਕੁਸ਼ੀ ਨੇ ਮਰਿਆਂ ਤੋਂ ਵੀ ਔਖੇ ਬਣਾ ਧਰਿਆ ਹੈ।

ਫ਼ਿਲਮਸਾਜ਼ ਕਵਿਤਾ ਬਹਿਲ ਦੀਆਂ ਅੱਖਾਂ ਸਾਹਵੇਂ ਭੁੱਬਾਂ ਮਾਰ ਕੇ ਰੋਂਦੇ ਦਰਦਾਂ ਪਰੁੰਨੇ ਲੋਕਾਂ ਨੇ ਉਸ ਨੂੰ ਵੀ ਪਿਘਲਾ ਦਿੱਤਾ। ਉਹ ਆਪਣੇ ਨੈਣਾਂ ’ਚੋਂ ਵਗਦੇ ਝਰਨਿਆਂ ਨੂੰ ਚੁੰਨੀ ਦੇ ਲੜ ਨਾਲ ਪੂੰਝਦੀ ਰੋਂਦੀਆਂ ਔਰਤਾਂ ਨੂੰ ਦਿਲਾਸਾ ਦਿੰਦੀ ਆਖਦੀ ਹੈ ਕਿ ਮੈਂ ਤੁਹਾਡੇ ਦੁੱਖਾਂ ਨੂੰ ਦੂਰ ਕਰਨ ਲਈ ਕੀ ਕਰ ਸਕਦੀ ਹਾਂ। ਜਦੋਂ ਕੈਂਸਰ, ਖ਼ੁਦਕੁਸ਼ੀਆਂ, ਕਰਜ਼ੇ ਮਾਰੇ ਵਿਕਾਊ ਹੋਏ ਪਿੰਡਾਂ ਅਤੇ ਸ਼ਮਸ਼ਾਨਘਾਟ ਬਣੇ ਘਰਾਂ ਤੋਂ ਕੈਮਰਾ ਟੀਮ ਵਾਪਸ ਪਰਤਦੀ ਹੈ ਤਾਂ ਸਾਰੇ ਰਾਹ ਰੋਂਦੀ, ਹਿਚਕੋਲੇ ਖਾਂਦੀ, ਕੱਚੇ ਉੱਬੜ-ਖਾਬੜ ਰਾਹਾਂ ਤੋਂ ਵਾਪਸ ਆਉਂਦੀ ਆਪਣੇ-ਆਪ ਨਾਲ ਗੱਲਾਂ ਕਰਦੀ ਹੈ ਕਿ ਕੀ ਦੋਸ਼ ਹੈ ਇਨ੍ਹਾਂ  ਸਾਧਾਰਨ ਕਮਾਊ ਲੋਕਾਂ ਦਾ। ਇਨ੍ਹਾਂ ਦੇ ਦਰਦਾਂ ਦੀ ਦਵਾ ਕੌਣ ਦੇਵੇਗਾ? ਇਨ੍ਹਾਂ ਦਾ ਇਲਾਜ ਕੌਣ ਕਰੇਗਾ? ਕਿੰਨੇ ਬਹਾਦਰ, ਸਿਰੜੀ ਨੇ ਇਹ ਲੋਕ!

ਬਾਲ-ਮਨਾਂ ਨੂੰ ਸਿੱਖਿਆਤਮਿਕ ਸੇਧਾਂ ਦੇਣ ਵਾਲਾ ਬਾਲ ਲੇਖਕ ਮੰਗਲਦੀਪ – ਗੁਰਪ੍ਰੀਤ ਸਿੰਘ ਰੰਗੀਲਪੁਰ
ਸਟੇਟ ਦੇ ਮੂੰਹ ’ਤੇ ਕਰਾਰਾ ਥੱਪੜ ਫ਼ਿਲਮ “ਪਾਨ ਸਿੰਘ ਤੋਮਰ” – ਬਿੰਦਰਪਾਲ ਫਤਿਹ
ਇਨਾਮ ਵਾਪਸ ਕਰਨ ਵਾਲੇ ਲੇਖਕਾਂ ਦੇ ਵਿਚਾਰ
ਗੱਲ ਸੁਣ ਆਥਣੇ ਨੀ … –ਸੁਰਜੀਤ ਪਾਤਰ
ਪੰਜਾਬੀਆਂ ਦਾ ਤਰੱਕੀ-ਪਸੰਦ ਉਰਦੂ ਅਦਬ ਵਿੱਚ ਯੋਗਦਾਨ -ਪ੍ਰੋ. ਨਰਿੰਜਨ ਤਸਨੀਮ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਸੀ.ਓ.ਪੀ.ਡੀ. ‘ਚ ਰੱਖੋ ਸਾਵਧਾਨੀਆਂ -ਡਾ. ਐੱਚ.ਜੇ. ਸਿੰਘ

ckitadmin
ckitadmin
September 22, 2012
ਕਿੱਥੇ ਗਾਂਧੀ-ਪਟੇਲ ਅਤੇ ਕਿੱਥੇ ਭਾਈ ਨਰਿੰਦਰ ਮੋਦੀ -ਤਨਵੀਰ ਜਾਫ਼ਰੀ
ਅੱਠ ਮਾਰਚ: ਔਰਤ ਮੁਕਤੀ ਦਾ ਪ੍ਰਤੀਕ -ਅਮਨ ਦਿਓਲ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?- ਜਸਦੀਪ ਸਿੰਘ
ਪ੍ਰੋਸਟੇਟ ਕੈਂਸਰ -ਡਾ. ਰਾਜੇਸ਼ ਅਗਰਵਾਲ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?