ਬਹੁਤ ਲੋਕ ਇਹ ਮੰਨਦੇ ਹਨ ਕਿ ਉਹਨਾਂ ਦੇ ਕੰਪਿਊਟਰ ਤੋਂ ਕੁੱਝ ਵੀ ਚੋਰੀ ਕਰਨ ਦੇ ਯੋਗ ਨਹੀ ਹੈ ਜਾਂ ਫੇਰ ਕੋਈ ਜ਼ਰੂਰੀ ਡਾਟਾ ਜਾਂ ਸਮੱਗਰੀ ਨਹੀਂ ਪਈ ਹੈ ਪਰ ਤੁਹਾਡੇ ਈ-ਮੇਲ ਅਕਾਊਂਟ, ਬੈਂਕ ਖਾਤਾ ਪਾਸਵਰਡ, ਜਾਂ ਹੋਰ ਜ਼ਰੂਰੀ ਲਿਖਤੀ ਸਮੱਗਰੀ ਤੋਂ ਇਲਾਵਾ ਵੀ ਬਹੁਤ ਕੁਝ ਚੋਰੀ ਹੋ ਸਕਦਾ ਹੈ ਅਤੇ ਉਸ ਦੀ ਗ਼ਲਤ ਢੰਗਾਂ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ’ਚੋਂ ਤੁਹਾਡੀਆਂ ਨਿੱਜੀ ਤਸਵੀਰਾਂ, ਵੀਡੀਓ, ਤੁਹਾਡੇ ਆਈ. ਪੀ. (ਇੰਟਰਨੈਟ ਨੂੰ ਜੋੜਨ ਲਈ ਅਡਰੈਸ ਦੀ ਵਰਤੋਂ) ਅਤੇ ਤੁਸੀਂ ਕੰਪਿਊਟਰ ’ਤੇ ਕੀ ਕੁੱਝ ਕਰ ਰਹੇ ਹੋ ਸਭ ਵੇਖਿਆ ਜਾ ਸਕਦਾ ਹੈ।
ਹੈਕਰ ਕਈ ਤਰ੍ਹਾਂ ਅਤੇ ਕਈ ਤਰੀਕਿਆਂ ਨਾਲ ਹੈਕਿੰਗ ਨੂੰ ਅੰਜ਼ਾਮ ਦਿੰਦੇ ਹਨ। ਇਨ੍ਹਾਂ ਦੇ ਅਧਾਰ ’ਤੇ ਹੀ ਇਨ੍ਹਾਂ ਨੂੰ ਕੁੱਝ ‘ਕੁ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ । ਇਨ੍ਹਾਂਂ ਵਿੱਚੋਂ ਹੀ ਕੁੱਝ ਸ਼੍ਰੇਣੀਆਂ ਹਨ, ਬਲੈਕ ਹੈਟ ਹੈਕਰ, ਗ੍ਰੇ ਹੈਟ ਹੈਕਰ ਅਤੇ ਵਾਈਟ ਹੈਟ ਹੈਕਰ । ਬਲੈਕ ਹੈਟ ਹੈਕਰ ਉਹ ਨੇ ਜੋ ਕੰਪਿਊਟਰ ਵਿੱਚ ਕੋਈ ਪ੍ਰੋਗਰਾਮਿੰਗ ਭਾਸ਼ਾ ਤੇ ਆਪਣਾ ਕੋਡ ਬਣਾਕੇ ਕਿਸੇ ਦੇ ਡਾਟਾ ਜਾਂ ਕੰਪਿਊਟਰ ਵਿੱਚ ਸੁਰੱਖਿਅਤ ਡਾਟਾ ਨੂੰ ਕੱਢਦੇ ਹਨ ਅਤੇ ਇਹ ਹੈਕਰ ਧਨ ਅਤੇ ਕੀਮਤੀ ਡਾਟਾ ਨੂੰ ਨਸ਼ਟ ਜਾਂ ਚੋਰੀ ਕਰਨ ਦਾ ਵੱਡਾ ਅਪਰਾਧ ਕਰਦੇ ਹਨ । ਗ੍ਰੇ ਹੈਟ ਹੈਕਰ ਉਹ ਹੁੰਦੇ ਹਨ ਜੋ ਦੂਜਿਆਂ ਦੁਆਰਾ ਬਣਾਏ ਕੋਡ ਜਾਂ ਪ੍ਰੋਗਰਾਮ ਦੀ ਵਰਤੋਂ ਕਰਕੇ ਕੰਪਿਊਟਰ ਸੁਰੱਖਿਆ ਨੂੰ ਤੋੜਦੇ ਹਨ ਅਤੇ ਜ਼ਿਆਦਾਤਰ ਛੋਟੇ ਮੋਟੇ ਕਿਸੇ ਈ-ਮੇਲ ਜਾਂ ਕੋਈ ਹੋਰ ਇੰਟਰਨੈੱਟ ਖ਼ਾਤਾ ਚੋਰੀ ਕਰਦੇ ਹਨ । ਵਾਈਟ ਹੈਟ ਹੈਕਰ ਕੰਪਨੀਆਂ ਵਿੱਚ ਕੰਪਨੀ ਦੇ ਸਾਫ਼ਟਵੇਅਰ ਅਤੇ ਵੈੱਬਸਾਈਟਾਂ ਨੂੰ ਸੁਰੱਖਿਆ ਪ੍ਰਦਾਨ ਅਤੇ ਉਸ ਦਾ ਸਮੇਂ-ਸਮੇਂ ’ਤੇ ਨਿਰੀਖਣ ਕਰਦੇ ਹਨ।
ਇਹ ਸਵਾਲ ਸਾਡੇ ਮਨ ਵਿੱਚ ਆਉਂਦਾ ਹੈ ਕਿ ਜੇ ਇਹ ਅਪਰਾਧ ਹੈ ਤਾਂ ਹੈਕਰਾਂ ਨੂੰ ਇਸ ਤੋਂ ਕੀ ਮਿਲਦਾ ਹੈ । ਬਹੁਤ ਬਾਲ ਹੈਕਰਾਂ ਨੂੰ ਇਸ ਦਾ ਬੋਧ ਵੀ ਨਹੀ ਹੁੰਦਾ ਕਿ ਉਹ ਕਿੰਨਾ ਵੱਡਾ ਅਪਰਾਧ ਕਰ ਰਹੇ ਹਨ। ਉਹ ਇਹ ਸਭ ਕੁੱਝ ਆਪਣੇ ਦੋਸਤਾਂ ਵਿੱਚ ਆਪਣੀ ਫੋਕੀ ਧੌਂਸ ਜਮਾਉਣ, ਈਰਖਾ ਜਾਂ ਫੇਰ ਬਦਲੇ ਦੀ ਭਾਵਨਾ ਨਾਲ ਕਰਦੇ ਹਨ। ਕੁੱਝ ਹੈਕਰ ਹੈਕਿੰਗ ਗਲਤ ਤਰੀਕੇ ਨਾਲ ਪੈਸੇ ਕਮਾਉਣ ਲਈ ਕਰਦੇ ਹਨ, ਜੋ ਹੋਰ ਵੀ ਵੱਡਾ ਅਪਰਾਧ ਹੈ। ਭਾਰਤੀ ਕਾਨੂੰਨ ਵਿੱਚ ਇਸ ਨੂੰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਕਰਕੇ ਇਸ ਉੱਪਰ ਸਖ਼ਤ ਤੋਂ ਸਖ਼ਤ ਸਜ਼ਾ ਦਾ ਪ੍ਰਬੰਧ ਹੈ ਅਤੇ ਇਨ੍ਹਾਂ ਮਾਮਲਿਆਂ ਲਈ ਪੁਲਿਸ ਦੇ ਖ਼ਾਸ ਸੈਲ ਵੀ ਬਣਾਏ ਗਏ ਹਨ।
ਹੈਕਰਾਂ ਤੋਂ ਡਰਨ ਦੀ ਲੋੜ ਨਹੀ ਹੈ ਬਸ ਸਾਨੂੰ ਆਪਣੇ ਨਿੱਜੀ ਡਾਟਾ ਨੂੰ ਸੁਰੱਖਿਆ ਪ੍ਰਦਾਨ ਰੱਖਣਾ ਚਾਹੀਦਾ ਹੈ ਅਤੇ ਕੁੱਝ ਨੁਕਤਿਆਂ ਨੂੰ ਯਾਦ ਰੱਖਣ ਦੀ ਲੋੜ ਹੈ। ਆਪਣੇ ਕੰਪਿਊਟਰ ਦੀ ਨਿੱਜੀ ਜਾਣਕਾਰੀ ਜਿਵੇਂ ਪਾਸਵਰਡ ਕਿਸੇ ਨਾਲ ਵੀ ਸਾਂਝਾ ਨਾ ਕਰੋ। ਜੇ ਤੁਸੀਂ ਨੈਟਵਰਕ (ਦੋ ਜਾਂ ਉਸ ਤੋਂ ਵੱਧ ਕੰਪਿਊਟਰਾਂ ਦਾ ਸਮੂਹ) ਜਾਂ ਸਾਈਬਰ ਕੈਫੇ (ਇੰਟਰਨੈੱਟ ਵਰਤਣ ਵਾਲੀ ਦੁਕਾਨ) ਤੇ ਕੰਪਿਊਟਰ ਵਰਤੋਂ ਕਰ ਰਹੇ ਹੋ ਤਾਂ ਉਸ ਉੱਪਰ ਕੋਈ ਨਿੱਜੀ ਡਾਟਾ ਜਿਵੇਂ ਬੈਂਕ ਖਾਤਾ ਵੇਰਵਾ, ਪਾਸਵਰਡ, ਨਿੱਜੀ ਤਸਵੀਰਾਂ ਜਾਂ ਵੀਡੀਓ, ਮਹੱਤਵਪੂਰਨ ਫਾਈਲਾਂ, ਆਦਿ ਨਾ ਰਖੋ। ਜੇ ਤੁਸੀਂ ਇੰਟਰਨੈੱਟ ਦੀ ਵਰਤੋਂ ਕਰ ਰਹੇ ਹੋ ਤਾਂ ਕੁੱਝ ਚੋਣਵੀਆਂ ਵੈੱਬਸਾਈਟ ਉੱਪਰ ਹੀ ਆਪਣਾ ਕੰਮ ਕਰੋ । ਵੈੱਬਸਾਈਟ ਉੱਪਰ ਪਈਆਂ ਬਾਹਰੀ ਕੜੀਆਂ ਨੂੰ ਨਾ ਖੋਲੋ, ਆਪਣਾ ਯੂ.ਆਰ.ਐਲ. (ਜਿਥੇ ਸਾਈਟ ਦਾ ਨਾਮ ਲਿਖਿਆ ਜਾਂਦਾ ਹੈ) ਨੂੰ ਹਮੇਸ਼ਾ ਪਾਸਵਰਡ ਭਰਨ ਲਗੇ ਚੰਗੀ ਤਰ੍ਹਾਂ ਜਾਂਚ ਲਵੋ ਕਿ ਜਿਹੜੀ ਵੈੱਬਸਾਈਟ ਤੁਸੀਂ ਖੋਲ੍ਹੀ ਸੀ ਉਹੀ ਹੈ ਕਿ ਨਹੀ, ਇੰਟਰਨੈੱਟ ਉੱਪਰ ਜਿੱਥੇ ਵੀ ਤੁਹਾਡਾ ਖ਼ਾਤਾ ਹੋਵੇ ਤਾਂ ਹਰ ਖਾਤੇ ਉੱਪਰ ਅਲੱਗ-ਅਲੱਗ ਪਾਸਵਡ ਦੀ ਵਰਤੋਂ ਕਰੋ, ਜੇ ਤੁਸੀਂ ਇੰਟਰਨੈੱਟ ਉੱਪਰ ਕੋਈ ਭੁਗਤਾਨ ਕਰਨਾ ਹੋਵੇ ਤਾਂ ਉਸ ਨੂੰ ਸੋਚ ਸਮਝ ਕੇ ਅਤੇ ਸੁਰੱਖਿਅਤ ਵੈੱਬਸਾਈਟਾਂ ਉੱਪਰ ਹੀ ਕਰੋ ਅਤੇ ਸਭ ਤੋਂ ਮਹੱਤਵਪੂਰਨ ਹੈ ਆਪਣੇ ਕੰਪਿਊਟਰ ਵਿੱਚ ਕਿਸੇ ਵਧੀਆ ਕੰਪਨੀ ਦਾ ਐਂਟੀ ਵਾਇਰਸ ਰੱਖਣਾ ਉਸ ਨੂੰ ਸਮੇਂ-ਸਮੇਂ ’ਤੇ ਉਸ ਦੇ ਸੰਸਕਰਨ ਨੂੰ ਇੰਟਰਨੈੱਟ ਤੋਂ ਡਾਊਨਲੋਡ (ਅਪਡੇਟ) ਕਰਕੇ ਆਪਣੇ ਐਂਟੀ ਵਾਇਰਸ ਨੂੰ ਸ਼ਕਤੀਸ਼ਾਲੀ ਬਣਾਉਂਦੇ ਰਹੋ।


