ਇਹ ਉਸ ਵਕਤ ਦੀ ਗੱਲ ਹੈ ਜਦ ਮੈਂ ਛੋਟਾ ਹੁੰਦਾ ਸੀ ਤੇ ਮੈਂ ਪੰਜਵੀ ਕਲਾਸ ਚ ਪੜ੍ਹਦਾ ਸੀ । ਪੰਜਵੀ ਕਲਾਸ ਦੇ ਬੋਰਡ ਦੇ ਇਮਤਿਹਾਨ ਹੋ ਚੁੱਕੇ ਸੀ ਬਸ ਉਸ ਦਾ ਨਤੀਜਾ ਆਉਣਾ ਬਾਕੀ ਸੀ । ਮੈਂ ਉਸ ਨਤੀਜੇ ਤੋ ਬੇਫਿਕਰ ਸੀ ਨਾ ਪਾਸ ਹੋਣ ਦਾ ਡਰ ਨਾ ਫੇਲ ਹੋਣ ਦੀ ਚਿੰਤਾ ਕਿਉਂਕਿ ਉਸ ਵਕਤ ਨੰਬਰਾ ਨੂੰ ਏਨ੍ਹੀ ਅਹਿਮੀਅਤ ਨਹੀਂ ਸੀ ਦਿੱਤੀ ਜਾਦੀ ,ਜਿੰਨੀ ਅੱਜ-ਕੱਲ ਦੇ ਬੱਚਿਆ ਦੇ ਮਾਪਿਆ ਦੁਆਰਾ ਦਿੱਤੀ ਜਾਦੀ ਹੈ । ਉਨ੍ਹਾ ਉਪਰ ਇਮਤਿਹਾਨਾ ਦੇ ਨਤੀਜਿਆ ਦੇ ਨੰਬਰਾ ਦਾ (ਜੋ ਕਿ ਮੇਰੇ ਖਿਆਲ ਚ ਫਜੂਲ ਤੇ ਬੇਮਤਲਬ ਹੈ ) ਵਾਧੂ ਬੋਝ ਪਾਇਆ ਜਾਦਾ ਹੈ । ਤੇ ਇਸ ਬੋਝ ਥੱਲੇ ਦੱਬ ਕੇ ਬੱਚਾ ਅੰਕ ਤਾ ਬਹੁਤ ਵਧੀਆ ਪ੍ਰਾਪਤ ਕਰ ਲੈਦਾ ਹੈ, ਪਰ ਜ਼ਿੰਦਗੀ ਦੇ ਹਸੀਨ ਪਲਾਂ ਨੂੰ ਮਾਨਣ ਤੋ ਵਾਝਾਂ ਰਹਿ ਜਾਦਾ ਹੈ ਤੇ ਅਕਸਰ ਜ਼ਿੰਦਗੀ ਦੇ ਪੇਪਰਾ ਚੋ ਫੇਲ ਹੋ ਜਾਦਾ ਹੈ ।
ਜਦ ਮੈਂ ਆਪਣੀ ਭੈਣਜੀ(ਹਰਿੰਦਰ ਕੌਰ) ਨੂੰ ਮਿਲਿਆ ਤਾਂ ਅੱਗੋ ਉਹ ਵੀ ਬਹੁਤ ਖੁਸ਼ ਸਨ ਤੇ ਖੁਸ਼ੀ-ਖੁਸ਼ੀ ਚ ਉਨ੍ਹਾ ਨੇ ਮੇਰੇ ਤੋ ਮਠਿਆਈ ਦੇ ਡੱਬੇ ਦੀ ਮੰਗ ਕੀਤੀ, ਜਿਸਦਾ ਮੈਂਨੂੰ ਅੱਜ-ਤੱਕ ਅਫਸੋਸ ਹੈ ਤੇ ਸਾਇਦ ਹਮੇਸ਼ਾ ਹੀ ਰਹੇਗਾ ਤੇ ਨਾਲ ਹੀ ਮੇਰੀ ਤਾਰੀਫ ਕਰਦੇ ਹੋਏ ਮੇਰੀ ਮੰਮੀ ਜੀ ਨੂੰ ਮੈਂਨੂੰ ਛੇਤੀ ਤੋ ਛੇਤੀ ਅਗਲੀ ਕਲਾਸ(ਛੇਵੀ ਕਲਾਸ) ਚ ਦਾਖਲਾ ਦਵਾਉਣ ਬਾਰੇ ਕਿਹਾ । ਜਿਸ ਤੋ ਬਾਅਦ ਮੇਰੀ ਮੰਮੀ ਜੀ ਨੇ ਮੇਰੀ ਭੈਣਜੀ ਨੂੰ ਤੁਰੰਤ ਸਾਡੇ ਘਰ ਦੀਆ ਆਰਥਿਕ ਮਜਬੂਰੀਆ ਬਾਰੇ ਦੱਸਿਆ ਤੇ ਅਗਲੀ ਜਮਾਤ ਚ ਦਾਖਲਾ ਲੈਣ ਤੋ ਅਸਮੱਰਥਾ ਪ੍ਰਗਟਾਈ ।ਜਿਸ ਨੂੰ ਸੁਣ ਕੇ ਮੇਰੇ ਭੈਣਜੀ ਦੇ ਚੇਹਰੇ ਤੋ ਖੁਸ਼ੀ ਅਚਾਨਕ ਗਾਇਬ ਹੋ ਗਈ । ਇਸ ਤੋ ਬਾਅਦ ਰੱਬ ਜਾਣੇ ਮੇਰੀ ਭੈਣਜੀ ਨੂੰ ਮੇਰੇ ਅਨਭੋਲ ਚੇਹਰੇ ਤੇ ਤਰਸ ਆਇਆ ਸੀ, ਕਿ ਮੇਰੇ ਘਰ ਦਿਆ ਹਾਲਾਤਾਂ ਤੇ ਉਨ੍ਹਾ ਨੇ ਆਪਣੇ ਪਰਸ ਚੋ ਮੇਰੇ ਦਾਖਲੇ ਦੀ ਫੀਸ(ਜੋ ਕਿ 250-300 ਰੁਪਏ) ਸੀ ਕੱਢ ਕੇ ਮੇਰੇ ਮੰਮੀ ਜੀ ਨੂੰ ਦੇ ਦਿੱਤੇ ਤੇ ਉਸੇ ਵਕਤ ਹਾਈ ਸਕੂਲਾਂ ਚ ਜਮ੍ਹਾ ਕਰਵਾਉਣ ਨੂੰ ਕਿਹਾ । ਮੇਰੀ ਮੰਮੀ ਜੀ ਨੇ ਜਦ ਉਹ ਪੈਸੇ ਵਾਪਸ ਕਰਨੇ ਚਾਹੇ ਤਾਂ ਉਨ੍ਹਾ ਇਹ ਕੇ ਵਾਪਸ ਫੜਾ ਦਿੱਤੇ ਕਿ ਜਦ ਤੁਹਾਡੇ ਕੋਲ ਹੋਣ ਤਾਂ ਮੈਂਨੂੰ ਮੋੜ ਦਿੳ । ਮੇਰੀ ਮੰਮੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਅਸੀ ਮੇਰਾ ਛੇਵੀ ਕਲਾਸ ਚ ਦਾਖਲਾ ਜਮ੍ਹਾ ਕਰਵਾ ਕੇ ਵਾਪਸ ਆ ਗਏ ।
ਸਮਾਂ ਬੀਤਦਾ ਗਿਆ ਤੇ ਮੈਂਨੂੰ ਮੇਰੇ ਮਾਂ-ਪਿੳ ਨੇ ਔਖ-ਸੋਖ ਨਾਲ ਬਾਰਾਂ ਕਲਾਸਾਂ ਪੂਰੀਆ ਕਰਵਾ ਦਿੱਤੀਆਂ । ਪੜਾਈ ਚ ਹੁਸ਼ਿਆਰ ਹੋਣ ਕਾਰਣ ਮੈਂਨੂੰ ਮੇਰੇ ਗੁਆਢੀਆਂ ਨੇ ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ਚ ਕੰਮ ਤੇ ਲਵਾ ਦਿੱਤਾ । ਹੌਲੀ-ਹੌਲੀ ਬਹੁਤ ਸਾਰੇ ਲੋਕਾਂ(ਕੰਪਨੀ ਦੇ ਮਾਲਕ,ਆਂਢ-ਗੁਆਂਢ,ਮੇਰੇ ਮਾਂ-ਪਿੳ ਤੇ ਪ੍ਰਮਾਤਮਾ) ਦੀ ਕ੍ਰਿਪਾ ਨਾਲ ਅਸੀ ਆਪਣੇ ਪੈਰਾਂ ਤੇ ਖੜੇ ਹੋ ਗਏ । ਅਸੀ ਵਧੀਆ ਸੌਖ ਨਾਲ ਆਮ ਜਨਜੀਵਨ ਬਤੀਤ ਕਰਨ ਲੱਗ ਪਏ । ਮੇਰੇ ਲਈ ਖੁਸ਼ੀ ਤੇ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਜਿਸ ਭੈਣਜੀ (ਮੈਂਡਮ ਹਰਿੰਦਰ ਕੌਰ ) ਦੇ ਬਦੌਲਤ ਮੈਂ ਆਪਣੇ ਆਪ ਨੂੰ ਖਸ਼ਕਿਸਮਤ ਸਮਝਦਾ ਸੀ, ਉਨ੍ਹਾ ਦਾ ਘਰ ਦਫਤਰ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਚ ਸਾਹਮਣੇ ਘਰ ਸੀ । ਪਰ ਅੱਜ-ਤੱਕ ਉਨ੍ਹਾ ਕੋਲ ਮੇਰੇ ਤੋ ਜਾ ਨਹੀਂ ਹੋਇਆ ।ਬਹੁਤ ਵਾਰ ਮਨ ਕੀਤਾ ਸਾਲਾਂ ਪਹਿਲਾ ਲਿਆ ਉਧਾਰ ਵਾਪਸ ਕਰਨ ਤੇ ਧੰਨਵਾਦ ਕਰਨ ਨੂੰ, ਪਰ ਕਦੇ ਹਿੰਮਤ ਹੀ ਨਹੀਂ ਪਈ ਜਾਂ ਸਾਇਦ ਮੈਂ ਉਸ ਉਧਾਰ ਨੂੰ ਵਾਪਸ ਹੀ ਨਹੀਂ ਕਰਨਾ ਚਾਹੁੰਦਾ ਸੀ । ਕਿਉਕਿ ਜੋ ਕੀਮਤੀ ਯਾਦਾ ਉਸ ਉਧਾਰ ਕਾਰਣ ਮੇਰੇ ਨਾਲ ਜੁੜੀਆ ਹੋਈਆ ਨੇ, ਉਹ ਉਧਾਰ ਵਾਪਸ ਚੁਕਾਉਣ ਤੋ ਬਾਅਦ ਨਹੀਂ ਰਹਿਣੀਆ । ਦੁਨੀਆ ਦੀ ਨਜ਼ਰ ਚ ਇਹ ਸਿਰਫ 250-300 ਰੁਪਏ ਹੈ, ਪਰ ਮੇਰੇ ਲਈ ਇਹ ਉਧਾਰ ਅਨਮੋਲ ਹੈ ਇਸ ਉਧਾਰ ਨੂੰ ਕੋਈ ਵੀ ਅਮੀਰ ਬੰਦਾ ਉਤਾਰ ਨਹੀਂ ਸਕਦਾ । ਇਹ ਸਿਰਫ ਪੈਸੇ ਨਹੀਂ ਇਸ ਨਾਲ ਕਈ ਮਹਿੰਗੇ ਜਜ਼ਬਾਤ ਜੁੜੇ ਹੋਏ ਨੇ । ਧੰਨਵਾਦ ਹਰਿੰਦਰ ਕੌਰ ਭੈਣਜੀ ਰਾਮਪੁਰਾ ਫੂਲ ।

