ਦਸਮੇਸ਼ ਪਿਤਾ ਆਪਣੇ ਜੇ ਪੁੱਤਰ ਨਾ ਵਾਰਦਾ ।
ਤਾਂ ਜਗ ਸਾਡਾ ਕਦੇ ਨਾ , ਉਹਨੂੰ ਸਤਿਕਾਰਦਾ ।
ਮੋਹ ਕੋਈ ਨਾ ਰੱਖਿਆ , ਪੁੱਤਰਾਂ ਦੇ ਪਿਆਰ ਦਾ।
ਜ਼ੁਲਮ ਤਾਈਂ ਬਾਜਾ ਵਾਲਾ ਰਿਹਾ ਸੀ ਵੰਗਾਰਦਾ ।
ਨਿਲੱਜਿਆਂ ਦੀ ਲੱਜ ਰੱਖੀ ਗੁਜਰੀ ਦੇ ਲਾਲ ਨੇ ।
ਬੇ-ਪੱਤਿਆਂ ਦੀ ਪੱਤ ਰੱਖੀ ਗੁਜਰੀ ਦੇ ਲਾਲ ਨੇ ।
ਮਜ਼ਲੂਮਾਂ, ਦੀ ਰੱਖ ਰੱਖੀ ਗੁਜਰੀ ਦੇ ਲਾਲ ਨੇ ।
ਬਣਾਏ ਕਈ ਸਵਾ ਲੱਖੀ , ਗੁਜਰੀ ਦੇ ਲਾਲ ਨੇ ।
ਕਸ਼ਮੀਰੀਆਂ ਦੀ ਸੁਣੀ , ਫ਼ਰਿਆਦ ਸੀ ਗੋਬਿੰਦ ਨੇ ।
ਕੌਮ ਦੇ ਲਈ ਰੱਖੀ , ਬੁਨਿਆਦ ਸੀ ਗੋਬਿੰਦ ਨੇ ।
ਵਾਰਿਆ ਸੀ ਪਿਤਾ , ਯਾਦ ਰਖਿਆ ਗੋਬਿੰਦ ਨੇ ।
ਤਾਂ ਜ਼ਾਲਮਾਂ ਨੂੰ ਕੀਤਾ ਬਰਬਾਦ ਸੀ ਗੋਬਿੰਦ ਨੇ ।
ਦੋ , ਤਾਰੇ ਅੱਖੀਆਂ ਦੇ ਵਾਰੇ ਚਮਕੌਰ ਵਿਚ ।
ਨੀਹਾਂ ‘ਚ ਚਿਣਾ ਕੇ ਲਾਲ ਤਾਂ ਵੀ ਰਿਹਾ ਟੌਹਰ ਵਿਚ
ਤੱਤੀ ਲੋਹ ਤੇ ਪੜਦਾਦਾ , ਵਾਰਿਆ ਲਾਹੌਰ ?
ਕਦੇ ਘਬਰਾਏ ਨਹੀਂ ਸੀ , ਜ਼ਿੰਦਗੀ ਦੇ ਦੌਰ ?
ਹੈ, ਸੰਤ ਸਿਪਾਹੀ ਸੁੱਤਾ , ਕੰਡਿਆਂ ਦੀ ਸੇਜ ਉਤੇ ।
ਸੀ ਨੀਂਦ, ਵਿਗੁਤਾ ਸੁੱਤਾ ਕੰਡਿਆਂ ਦੀ ਸੇਜ ਉਤੇ ।
ਮੌਸਮ ਵੀ ਬੇ-ਰੁੱਤਾ , ਕੰਡਿਆਂ ਦੀ ਸੇਜ ਉਤੇ ।
ਸੀ ਪੈਰ ਨੰਗੇ ਬਿਨਾਂ ਜੁੱਤਾ , ਕੰਡਿਆਂ ਦੀ ਸੇਜ ਉਤੇ।
ਮਾਂ ਗੁਜਰੀ ਹੀ ਜਾਣਦੀ , ਜੋ ਗੁਜਰੀ ਗੋਬਿੰਦ ਉਤੇ।
ਗੁਜਰ ਗਈ ਰਾਤ ਕਾਲੀ , ਗੁਜਰੀ ਸੀ ਜਿੰਦ ਉਤੇ।
ਤਾਂ ਜ਼ੁਲਮ ਦਾ ਝੁੱਲਿਆ , ਨਿਸ਼ਾਨ ਸਾਰੇ ਹਿੰਦ ਉਤੇ।
ਮੱਚ ਗਈ ਦੁਹਾਈ ਲੋਕੋ, ਉਦੌਂ ਸਰਹਿੰਦ ਉਤੇ।
ਬਾਜ ਅਤੇ ਨੀਲਾ ਘੋੜਾ , ਸਾਥੀ ਦਸਮੇਸ਼ ਦੇ ।
ਕੱਛਾ , ਕਿਰਪਾਨ , ਕੱੜਾ , ਕੰਘਾ ਵਿਚ ਕੇਸ ਦੇ ।
‘ਸੁਹਲ’ ਕੀ ਬਿਆਨ ਕਰੇ , ਗੁਰੂਆਂ ਦੇ ਭੇਸ ਦੇ ।
ਬਾਜਾਂ ਵਾਲਾ ਲੇਖੇ ਲਗਾ , ਕੌਮ ਅਤੇ ਦੇਸ਼ ਦੇ ।

