ਦੁਨੀਆਂ ਦੀ ਸਭ ਤੋਂ ਵੱਡੀ ਲੋਕਤੰਤਰ ਹੋਣ ਦੇ ਬਾਵਜੂਦ, ਪੰਜਾਬ, ਹਰਿਆਣਾ, ਅਤੇ ਜੰਮੂ-ਕਸ਼ਮੀਰ ਦੀਆਂ ਸਰਕਾਰਾਂ ਨੇ ਇਸ ਫਿ਼ਲਮ ਉੱਪਰ ਪਾਬੰਦੀ ਲਾ ਦਿੱਤੀ ਹੈ ਜਿਹੜੀ ਕਿ ਅੱਤਵਾਦ ਦੌਰਾਨ ਪੁਲਸੀ ਜ਼ੁਲਮ ਅਤੇ ਸਟੇਟ ਜ਼ੁਲਮ ਨੂੰ ਨੰਗਾ ਕਰਦੀ ਹੈ।

ਇਹ ਪਾਬੰਦੀ ਮੂਲਵਾਦੀ ਹਿੰਦੂਆਂ ਦੇ ਉਹਨਾਂ ਰੋਸ ਮੁਜ਼ਾਹਰਿਆਂ ਤੋਂ ਮਗਰੋਂ ਆਇਦ ਹੋਈ ਹੈ ਜਿਨ੍ਹਾਂ `ਚ ਇਹ ਇਤਰਾਜ਼ ਉਠਾਇਆ ਗਿਆ ਸੀ ਕਿ ਇਹ ਫ਼ਿਲਮ ਸਿੱਖ ਅੱਤਵਾਦ ਨੂੰ ਵਡਿਆਉਂਦੀ ਹੈ। ਇਸ ਤੋਂ ਪਹਿਲਾਂ ਭਾਰਤ ਦੇ ਸੈਂਸਰ ਬੋਰਡ ਨੇ ਇਸ ਫ਼ਿਲਮ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਸੀ। ਮਜ਼ੇ ਦੀ ਗੱਲ ਇਹ ਹੈ ਕਿ ਪੰਜਾਬ `ਚ ਰਾਜ ਕਰ ਰਹੀ ਉਸੇ ਅਕਾਲੀ ਸਰਕਾਰ ਨੇ ਇਸ ਫ਼ਿਲਮ ਉੱਪਰ ਪਾਬੰਦੀ ਲਾਈ ਹੈ ਜਿਹੜੀ ਬੀਤੇ ਵਿੱਚ ਸਿੱਖ ਮੂਲਵਾਦ ਨੂੰ ਸਲਾਹੁੰਦੀ ਰਹੀ ਹੈ ਅਤੇ ਹੁਣ ਵੀ ਸਲਾਹ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਪੰਜਾਬ ਵਿੱਚ ਅਮਨ ਨੂੰ ਆਂਚ ਨਹੀਂ ਆਉਣ ਦੇਵੇਗਾ।
ਅਸਲ ਵਿੱਚ ਇਹ ਫ਼ਿਲਮ ਅਸਿੱਧੇ ਤੌਰ `ਤੇ, 1995 `ਚ ਇੱਕ ਕਾਰ-ਬੰਬ ਰਾਹੀਂ ਕਤਲ ਕੀਤੇ ਗਏ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲਾਂ ਨੂੰ ਵਡਿਆਉਂਦੀ ਹੈ। ਇਹ ਫ਼ਿਲਮ ਅਸਲੀ ਘਟਨਾਵਾਂ ਉੱਤੇ ਅਧਾਰਤ ਹੈ ਪਰ ਕਲਪਿਤ ਕਥਾ ਦਾ ਭੁਲੇਖਾ ਦੇਣ ਲਈ ਇਸ ਵਿਚਲੇ ਪਾਤਰਾਂ ਦੇ ਨਾਮ ਬਦਲੇ ਹੋਏ ਹਨ। ਇਹ ਫ਼ਿਲਮ ਇਹ ਖੁਲਾਸਾ ਕਰਦੀ ਹੈ ਕਿ ਇਨਾਮਾ ਦੇ ਪੈਸੇ ਨਾਲ ਜੇਬਾਂ ਭਰਨ ਲਈ ਅਤੇ ਤਰੱਕੀਆਂ ਹਾਸਲ ਕਰਨ ਲਈ ਪੁਲਸੀਆਂ ਨੇ ਕਿਵੇਂ ਤਸੀਹੇ ਦੇਣ, ਬਲਾਤਕਾਰ ਕਰਨ ਅਤੇ ਗੈਰ-ਕਾਨੂੰਨੀ ਕਤਲਾਂ ਦਾ ਰਸਤਾ ਅਖਤਿਆਰ ਕੀਤਾ।
ਸੂਬੇ ਦੇ ਬਹੁਤੇ ਸਿੱਖਾਂ ਵਿੱਚ ਹਰਮਨ ਪਿਆਰੀ ਪਾਰਟੀ ਹੋਣ ਕਰ ਕੇ, ਅਕਾਲੀ ਲੀਡਰ ਮਾਰੇ ਗਏ ਅੱਤਵਾਦੀਆਂ ਦੇ ਸਸਕਾਰਾਂ ਉੱਪਰ ਜਾਂਦੇ ਅਤੇ ਪੁਲਸੀ ਜਬਰ ਦੇ ਖਿ਼ਲਾਫ਼ ਜਜ਼ਬਾਤੀ ਤਕਰੀਰਾਂ ਕਰਦੇ। ਇਥੋਂ ਤੀਕ ਕਿ ਬਾਦਲ ਖ਼ੁਦ ਹੀ ਅੱਤਵਾਦੀਆਂ ਦੇ ਅਜੰਡੇ ਦਾ ਹਮਾਇਤੀ ਸੀ। ਅੱਜ ਅਕਾਲੀ ਦਲ ਹਿੰਦੂ ਰਾਸ਼ਟਰਵਾਦੀ ਪਾਰਟੀ ਬੀ ਜੇ ਪੀ ਨਾਲ਼ ਸਾਂਝੀ ਸਰਕਾਰ ਚਲਾ ਰਿਹਾ ਹੈ। ਸੂਬੇ ਦੇ ਪੁਲਸ ਮੁਖੀ ਸੁਮੇਧ ਸੈਨੀ ਉੱਪਰ ਇਹ ਦੋਸ਼ ਹਨ ਕਿ ਅੱਤਵਾਦ ਦੇ ਖਿ਼ਲਾਫ਼ ਲੜੀ ਲੜਾਈ ਦੌਰਾਨ, ਉਸ ਨੇ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਕੀਤੀ। ਉਸ ਦੀਆਂ ਕਾਰਵਾਈਆਂ ਨੂੰ ਪਰਸਿੱਧ ਅਮਰੀਕਨ ਐਕਟਰ ਕਲਿੰਟ ਈਸਟਵੁੱਡ ਦੇ ‘ਗੰਦੇ ਹੈਰੀ’ ਕਿਰਦਾਰ ਨਾਲ ਤੁਲਨਾਇਆ ਜਾਂਦਾ ਹੈ।
ਪੰਜਾਬ ਸਰਕਾਰ ਦਾ ਇੱਕ ਹੋਰ ਵਿਰੋਧੀ ਪੈਂਤੜਾ ਇਹ ਨਜ਼ਰ ਆਉਂਦਾ ਹੈ ਕਿ ਉਹ ਬੇਅੰਤ ਸਿੰਘ ਦੇ ਕਤਲ ਵਿੱਚ ਸ਼ਾਮਲ ਹੋਣ ਦੇ ਦੋਸ਼ ਤਹਿਤ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਲਈ ਰਹਿਮ ਦੀ ਅਪੀਲ ਦਾ ਫੈਸਲਾ ਲੈ ਚੁੱਕੀ ਹੈ। ਇਹ ਨਹਾਇਤ ਸ਼ਰਮਨਾਕ ਗੱਲ ਹੈ ਕਿ ਕਿਸੇ ਵਕਤ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਲਾਈ ਐਮਰਜੰਸੀ ਅਤੇ ਸੈਂਸਰਸਿ਼ਪ ਦੇ ਵਿਰੁੱਧ ਉੱਠਣ ਵਾਲੇ ਅਕਾਲੀ ਤੇ ਬੀ ਜੇ ਪੀ ਏਨੇ ਨੀਵੇਂ ਪੱਧਰ ਤੀਕ ਗਿਰ ਗਏ ਹਨ।
ਆਜ਼ਾਦ ਬੋਲਣ ਤੇ ਨਫ਼ਰਤੀ ਬੋਲਣ `ਚ ਅੰਤਰ ਹੁੰਦਾ ਹੈ, ਅਤੇ ਨਫ਼ਰਤ ਫੈਲਾਉਣ ਵਾਲੀਆਂ ਫਿਲਮਾਂ ਨੂੰ ਬੇਰੋਕ ਨਹੀਂ ਕੀਤਾ ਜਾਣਾ ਚਾਹੀਦਾ, ਲੇਕਿਨ ‘ਸਾਡਾ ਹੱਕ’ ਫਿ਼ਲਮ ਕਿਸੇ ਖਾਸ ਭਾਈਚਾਰੇ ਦੇ ਖਿ਼ਲਾਫ਼ ਨਫ਼ਰਤ ਫੈਲਾਉਂਦੀ ਨਜ਼ਰ ਨਹੀਂ ਆਉਂਦੀ। ਇਹ ਇੱਕ ਵੱਖਰਾ ਵਿਸ਼ਾ ਹੈ ਕਿ ਫਿ਼ਲਮ ਵਿੱਚ ਕਈ ਕਮਜ਼ੋਰੀਆਂ ਹਨ ਅਤੇ ਇਹ ਇੱਕ-ਪਾਸੜ ਪਰਚਾਰ ਦਾ ਨਮੂਨਾ ਹੈ, ਪਰ ਇਹ ਗੱਲਾਂ ਪਬੰਦੀ ਲਾਉਣ ਦਾ ਅਧਾਰ ਨਹੀਂ ਬਣਦੀਆਂ। ਇਹ ਹਕੀਕਤ ਹੈ ਕਿ ਇਹ ਫਿ਼ਲਮ ਅੱਧਾ ਸੱਚ ਹੀ ਦਰਸਾਉਂਦੀ ਹੈ ਕਿਉਂਕਿ ਇਹ ਅੱਤਵਾਦੀਆਂ ਵੱਲੋਂ ਕੀਤੇ ਗਏ ਜ਼ੁਲਮਾਂ ਬਾਰੇ ਪੂਰੀ ਤਰ੍ਹਾਂ ਖ਼ਾਮੋਸ਼ ਹੈ। ਇਹ ਬਹੁਤਾ ਕਰਕੇ ਵੱਖਵਾਦੀਆਂ ਦੇ ਹੱਕਾਂ ਬਾਰੇ ਹੈ ਅਤੇ ਜਿਹੜੇ ਰਾਜਨੀਤਕਾਂ ਅਤੇ ਆਮ ਲੋਕਾਂ ਨੂੰ ਅੱਤਵਾਦੀਆਂ ਨੇ ਮਾਰਿਆ ਉਹਨਾਂ ਬਾਰੇ ਇਹ ਫਿ਼ਲਮ ਕੁਝ ਨਹੀਂ ਕਹਿੰਦੀ।
ਇਸ ਫਿ਼ਲਮ `ਚ ਕਿਰਦਾਰ ਨਿਭਾਉਣ ਵਾਲ਼ੇ ਮਨੁੱਖੀ ਹੱਕਾਂ ਦੇ ਕੁਝ ਪ੍ਰਮੁਖ ਸਰਗਰਮੀਕਾਰਾਂ ਨੇ ਇਹ ਕਿਹਾ ਹੈ ਕਿ ਇਹ ਫਿਲਮ ਕਲਾ ਦਾ ਨਮੂਨਾ ਹੋਣ ਦੀ ਥਾਂ ਪਰਚਾਰ ਪਰਾਪੇਗੰਡਾ ਹੀ ਹੈ। ਫਿਲਮ ਦੇ ਮੁੱਢ ਵਿੱਚ ਧੰਨਵਾਦ ਦਾ ਇੱਕ ਨੋਟ ਨਜ਼ਰੀਂ ਪੈਂਦਾ ਹੈ ਜਿਸ ਵਿੱਚ ਸਿੱਖ-ਸਤਾਨ ਦੀ ਵਕਾਲਤ ਕਰਨ ਵਾਲੇ ਇੱਕ ਮੀਡੀਆ ਗਰੁੱਪ ਦਾ ਧੰਨਵਾਦ ਕੀਤਾ ਗਿਆ ਹੈ। ਇਹ ਫਿ਼ਲਮ ਇਹ ਭੁਲੇਖਾ ਪਾਉਂਦੀ ਹੈ ਕਿ ਧਾਰਮਿਕ ਵੱਖਵਾਦੀ ਸ਼ਾਇਦ ਸਿਸਟਮ ਦੇ ਖਿਲਾਫ਼ ਸੰਘਰਸ਼ ਕਰ ਰਹੇ ਸਨ। ਅਸਲ ਵਿੱਚ ਇਹਨਾਂ ਵੱਖਵਾਦੀਆਂ ਨੇ ਉਹਨਾਂ ਖੱਬਪੱਖੀਆਂ ਨੂੰ ਕਤਲ ਕੀਤਾ ਜਿਹੜੇ ਸਿਸਟਮ ਦੇ ਅਤੇ ਧਾਰਮਿਕ ਜਨੂੰਨ ਦੇ ਖਿ਼ਲਾਫ਼ ਲੜ ਰਹੇ ਸਨ। ਵੱਖਵਾਦੀਆਂ ਹੱਥੋਂ ਕਤਲ ਹੋਣ ਵਾਲਿਆਂ ਵਿੱਚ ਨਾਮਵਰ ਸ਼ਾਇਰ ਪਾਸ਼ ਅਤੇ ਹੋਰ ਅਗਾਂਹਵਧੂ ਲੋਕ ਸ਼ਾਮਲ ਸਨ।
ਸਿੱਖ ਮੂਲਵਾਦੀਆਂ ਲਈ ਇਹ ਜ਼ਰੂਰੀ ਹੈ ਕਿ ਸਵੈਪੜਚੋਲ ਕਰਨ। ਉਹ ਵੀ ਤਾਂ ਕਈ ਫਿਲਮਾਂ ਦਾ ਅਤੇ ਡਰਾਮਿਆਂ ਦਾ ਕਿਸੇ ਨਾ ਕਿਸੇ ਬਹਾਨੇ ਵਿਰੋਧ ਕਰਦੇ ਆ ਰਹੇ ਹਨ। ਇਸ ਵਿਰੋਧ ਨਾਲ਼ ਉਹ ਇਹ ਸਾਬਤ ਕਰ ਚੁੱਕੇ ਹਨ ਕਿ ਉਹ ਤਾਲਿਬਾਨ ਅਤੇ ਹਿੰਦੂ ਅੱਤਵਾਦੀਆ ਨਾਲੋਂ ਵੱਖਰੇ ਨਹੀਂ।
ਸਿੱਖ ਅੱਤਵਾਦੀਆਂ ਨੂੰ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਨਾਇਕਾਂ ਵਰਗੇ ਦਰਸਾਅ ਕੇ, ਇਹ ਫਿ਼ਲਮ ਭੰਬਲ਼ਭੂਸਾ ਪੈਦਾ ਕਰਦੀ ਹੈ। ਦੋਹਾਂ ਸੰਘਰਸ਼ਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਜਿੱਥੇ ਸਿੱਖ ਖਾੜਕੂ ਧਰਮ ਅਧਾਰਤ ਸਟੇਟ ਦੀ ਸਥਾਪਨਾ ਕਰਨ ਲਈ ਲੜੇ ਉਥੇ ਭਾਰਤ ਦੀ ਆਜ਼ਾਦੀ ਦੇ ਪਰਵਾਨੇ, ਹਰ ਵਿਅਕਤੀ ਲਈ ਸਮਾਜਕ ਬਰਾਬਰੀ ਦੀ ਤਲਾਸ਼ ਕਰ ਰਹੇ ਧਰਮਨਿਰਪੇਖ ਸੂਰਮੇ ਸਨ। ਫਿਰ ਵੀ ਹਰ ਇੱਕ, ਖਾਸ ਤੌਰ ਦੇ ਪੱਛਮੀ ਲੋਕ, ਅੰਗਰੇਜ਼ੀ ਸਬਟਾਈਟਲਾਂ ਵਾਲ਼ੀ ਇਸ ਫਿਲਮ ਨੂੰ ਜ਼ਰੂਰ ਦੇਖਣ ਤਾਂ ਕਿ ਮੇਨਸਟਰੀਮ ਮੀਡੀਆ ਰਪੋਟਾਂ ਵਿੱਚ ਹਿੰਸਾ ਲਈ ਜ਼ਿੰਮੇਵਾਰ ਠਹਿਰਾਏ ਗਏ ਅੱਤਵਾਦੀਆਂ ਦੀ ਮਾਨਸਿਕਤਾ ਸਮਝੀ ਜਾ ਸਕੇ। ਇਸ ਫਿਲਮ ਨੂੰ ਦੇਖ ਕੇ ਆਮ ਕੈਨੇਡੀਅਨ ਇਹ ਸਮਝਣ ਦੇ ਸਮਰੱਥ ਹੋ ਸਕਦਾ ਹੈ ਕਿ ਸਰਕਾਰੀ ਜਬਰ ਨੇ ਪੰਜਾਬ ਵਿਚਲੀ ਵੱਖਵਾਦੀ ਲਹਿਰ ਨੂੰ ਹਵਾ ਕਿਸ ਤਰ੍ਹਾਂ ਦਿੱਤੀ।
ਜੇ ਭਾਰਤ ਦੇ ਲੋਕ ਉਸ ਹਿੰਦੂ ਅੱਤਵਾਦੀ ਨੱਥੂ ਰਾਮ ਗੋਡਸੇ ਦਾ ਇਕਬਾਲੀਆ ਬਿਆਨ ਦੇਖਣ ਦੀ ਆਜ਼ਾਦੀ ਲੈ ਸਕਦੇ ਹਨ ਜਿਸ ਨੇ ਮਹਾਤਮਾ ਗਾਂਧੀ ਨੂੰ ਕਤਲ ਕੀਤਾ ਸੀ, ਤਾਂ ‘ਸਾਡਾ ਹੱਕ’ ਫਿਲਮ ਉੱਪਰ ਆਹ ਰਮਰੌਲ਼ਾ ਮਚਾਉਣ ਕਿੱਥੋਂ ਤੀਕਰ ਜਾਇਜ਼ ਹੈ? ਗੌਡਸੇ ਬਾਰੇ ਇੱਕ ਡਰਾਮਾ ਭਾਰਤ ਵਿੱਚ ਅਨੇਕਾਂ ਵਾਰੀ ਦਿਖਾਇਆ ਜਾ ਚੁੱਕਿਆ ਹੈ ਜਿੱਥੇ ਲੋਕਾਂ ਦੀਆਂ ਭੀੜਾਂ ਉਹ ਨੂੰ ਇੱਕ ਨਾਇਕ ਵਜੋਂ ਵਡਿਆਉਂਦੀਆਂ ਹਨ। ਕੀ ਇਸ ਤਰ੍ਹਾਂ ਹੋਣ ਨਾਲ ਗਾਂਧੀ ਛੋਟਾ ਹੋ ਗਿਆ ਹੈ? ਬਿਲਕੁਲ ਨਹੀਂ! ਇਸ ਲਈ ‘ਸਾਡਾ ਹੱਕ’ ਉੱਪਰ ਲੱਗੀ ਪਾਬੰਦੀ ਉੱਪਰ ਨਜ਼ਰਸਾਨੀ ਕਰਨੀ ਚਾਹੀਦੀ ਹੈ। ਕੈਨੇਡਾ ਅਤੇ ਅਮਰੀਕਾ ਦੇ ਲੋਕ ਇਹ ਫਿਲਮ ਇਹਨਾਂ ਮੁਲਕਾਂ ਦੇ ਸਿਨਮਿਆਂ ਵਿੱਚ ਦੇਖੀ ਜਾ ਰਹੇ ਹਨ। ਪਬੰਦੀ ਰਾਹੀਂ ਪੈਦਾ ਹੋਈ ਉਤਸੁਕਤਾ ਦਾ ਧੰਨਵਾਦ ਕਿ ਇਹਨਾਂ ਦੇਸ਼ਾਂ `ਚ ਇਹ ਫਿ਼ਲਮ ਵਹੀਰਾਂ ਨੂੰ ਖਿੱਚ ਰਹੀ ਹੈ।
ਬਿਨਾ ਸ਼ੱਕ ਇਸ ਪਬੰਦੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਕਿੰਝ ਪਬੰਦੀਆਂ ਬਹੁਤੀ ਵਾਰੀ ਪੁੱਠੀਆਂ ਪੈ ਜਾਂਦੀਆਂ ਹਨ।

