ਧੀਆਂ ਉਸ ਨੇ ਵਿਆਹ ਕੇ ਸਹੁਰੇ ਘਰ ਤੋਰ ਦਿੱਤੀਆਂ ! ਉਹਨਾਂ ਦੀ ਹਰ ਖ਼ੁਸ਼ੀ ਗ਼ਮੀ ਅਤੇ ਤਿੱਥ ਤਿਉਹਾਰ ਤੇ ਦੋਨੋ ਜੀਅ ਹਾਜ਼ਰ ਹੁੰਦੇ ਸਨ ! ਪੋਤੇ ਪਾਲ-ਪੋਸ ਕੇ ਵੱਡੇ ਕੀਤੇ ਅਤੇ ਉਹਨਾਂ ਦੇ ਵਿਆਹ ਕਰ ਦਿੱਤੇ ! ਪੋਤਿਆਂ ਨੇ ਖੇਤੀ ਦਾ ਕੰਮ ਸਬਾਲਿਆ ! ਕਿਉਂਕਿ ਸੱਠ ਕਿੱਲਿਆਂ ਦਾ ਮਾਲਕ ਸੀ ਤਾਇਆ ਕੋਰਾ !ਟਰੈਕਟਰ ਲੈ ਕੇ ਪੋਤੇ ਜਦੋਂ ਖੋਤੋ ਆਉਂਦੇ ਤਾਂ ਘਰ ਦੇ ਮੁੱਖ ਦਰਵਾਜ਼ੇ ਤੇ ਲੱਗੇ ਲੋਹੇ ਦੇ ਗੇਟ ਨੂੰ ਟਰੈਕਟਰ ਤੋਂ ਹੀ ਅਗਲੇ ਟਾਇਰ ਨਾਲ ਖੁਲਵ੍ਹਾਉਂਦੇ !
ਤਾਏ ਕੋਰੇ ਨੂੰ ਅਚਾਰ ਪਾਉਣ ਦਾ ਬਹੁਤ ਸ਼ੌਕ ਸੀ ! ਉਹ ਵਧੀਆ ਮਿਰਚ,ਨਿੰਬੂ, ਅੰਬ, ਗਾਜਰ,ਗੋਭੀ,ਸ਼ਲਗਮ,ਡੇਲੇ ਅਤੇ ਕਈ ਮਿਕਸ ਅਚਾਰ ਬਨਾਉਦਾ ਸੀ ! ਉਸ ਦੀ ਬੈਠਕ ਵਿੱਚ ਵੱਡੀ ਅਲਮਾਰੀ ਸੀ ਜੋ ਹਮੇਸ਼ਾ ਚੀਨੀ ਦੇ ਵਤਮਾਨਾਂ ਨਾਲ ਭਰੀ ਰਹਿੰਦੀ ਸੀ!ਅਚਾਰ ਵਾਲੀ ਅਲਮਾਰੀ ਦੇ ਤਾਲੇ ਦੀ ਚਾਬੀ ਹਮੇਸ਼ਾ ਉਸ ਦੇ ਗੀਝੇ ਵਿੱਚ ਰਹਿੰਦੀ ਸੀ !ਉਹ ਸ਼ਹਿਰ ਜਾ ਕੇ ਕਿੱਲੋ-ਕਿੱਲੋ ਦੇ ਡੱਬੇ ਲਿਆ ਕੇ ਰੱਖਦਾ ਅਤੇ ਆਏ ਗਏ ਰਿਸ਼ਤੇਦਾਰਾਂ ਨੂੰ ਅਚਾਰ ਦਾ ਤੋਹਫ਼ਾ ਦੇ ਕੇ ਤੋਰਦਾ ! ਲੋਕ ਉਸ ਦਾ ਅਚਾਰ ਖਾ ਕੇ ਉਂਗਲਾਂ ਚੱਟਦੇ ਰਹਿ ਜਾਂਦੇ ਸਨ !ਉਹ ਮਿਲਣ ਆਏ ਰਿਸ਼ਤੇਦਾਰ ਨੂੰ ਬੜੇ ਚਾਅ ਨਾਲ ਆਪਣਾ ਅਚਾਰ ਬੈਂਕ ਦਿਖਾਉਂਦਾ ਪਰ ਹੱਥ ਨਹੀਂ ਸੀ ਲਾਉਣ ਦਿੰਦਾ ! ਉਸ ਨੇ ਕੜਛੀਆਂ ਵੀ ਅਲੱਗ-ਅਲੱਗ ਰੱਖੀਆਂ ਹੋਈਆ ਸਨ !ਰਿਸ਼ਤੇਦਾਰ ਪਿੰਡ ਜਾਕੇ ਉਸ ਦੇ ਅਚਾਰ ਦੀਆਂ ਗੱਲਾਂ ਕਰਦੇ ! ਕਈ ਗੁਆਂਢੀਆਂ ਨੂੰ ਸੈਂਪਲ ਚੈੱਕ ਕਰਾਉਂਦੇ! ਉਹ ਹਰ ਹਫ਼ਤੇ ਅਚਾਰ ਦੀ ਸਾਂਭ-ਸੰਭਾਲ ਕਰਦਾ ! ਪਰ ਉਹ ਕਦੇ ਅਚਾਰ ਵੇਚਦਾ ਨਹੀਂ ਸੀ !
ਇੱਕ ਵਾਰ ਬੱਸ ਵਿੱਚ ਸਫਰ ਕਰਨ ਦੌਰਾਨ ਇੱਕ ਔਰਤ ਨੇ ਕਿਹਾ ਬਾਬਾ ਥੋੜਾ ਅੱਗੇ ਹੋ ਜਾ ! ਤਾਏ ਨੇ ਉੱਤਰ ਦਿੱਤਾ ਲੈ ਅੰਬੋ ! ਬੱਸ ਪੈ ਗਿਆ ਕਲੇਸ਼ ! ਕਹਿੰਦੀ ਮੈਨੂੰ ਅੰਬੋ ਕਿਵੇਂ ਕਿਹਾ ? ਤਾਇਆ ਕਹੇ ਮੈਨੂੰ ਬਾਬਾ ਕਿਵੇਂ ਕਿਹਾ ? ਕਹਿੰਦੀ ਬੱਗੀ ਦਾੜੀ ਹੈ ਮੂੰਹ ਤੇ ਬਾਬਾ ਹੀ ਆ ਹੋਰ ਕੀ ਆ ? ਤਾਇਆ ਪੁੱਛਦਾ ਤੇਰੀ ਉਮਰ ਕਿੰਨੀ ਆ ? ਔਰਤ ਕਹਿੰਦੀ ਰੌਲੇ ਵੇਲੇ (1947 ‘ਚ)ਅੱਠ ਸਾਲ ਦੀ ਸੀ ! ਤਾਇਆ ਕਹਿੰਦਾ ਲਾਕੇ ਸਿਰ ਤੇ ਕਲਫ਼ ਮੂੰਹ ਤੇ ਕਰਕੇ ਰੰਗ ਰੋਗ਼ਨ ਗੀਗੀ ਬਣੀ ਫਿਰਦੀ ਆ , ਮੈਂ ਤੈਥੋਂ ਪੰਜ ਸਾਲ ਛੋਟਾ ! ਬੱਸ ਵਿੱਚ ਹਾਸੜ ਪੈ ਗਿਆ !ਇਨੇ ਨੂੰ ਇੱਕ ਸੀਟ ਖਾਲ਼ੀਂ ਹੋ ਗਈ!ਔਰਤ ਕਹਿੰਦੀ ਜਾਹ ਬਹਿ ਜਾ ,ਜਾਕੇ ਪਰਾਂ ! ਤਾਇਆ ਫਿਰ ਨਹੀਂ ਟਲਿਆ ਕਹਿੰਦਾ ਮੈਂ ਤਾਂ ਜਵਾਨ ਹਾਂ ਤੂੰ ਬਜ਼ੁਰਗ ਹੈ ਤੂੰ ਬਹਿ ਜਾ!
ਇੱਕ ਵਾਰ ਤਾਏ ਨੇ ਆਪਣੀਆਂ ਕੁੜੀਆਂ ਨੂੰ ਮਿਲਣ ਜਾਣਾ ਸੀ ! ਪੋਤੇ ਨੂੰ ਕਹਿੰਦਾ ਹਰਜਿੰਦਰ ਬੇਟਾ ,ਮੈਂ ਤੇ ਤੇਰੀ ਬੇਬੇ ਨੇ ਤੇਰੀ ਭੂਆ ਹੋਰਾਂ ਨੂੰ ਮਿਲਣ ਜਾਣਾ , ਤੇਰੀ ਕਾਰ ਲੈਕੇ ਜਾਵਾਂਗੇ ! ਕਾਰਾਂ ਦੋਨਾਂ ਪੋਤਿਆਂ ਨੂੰ ਸੌਹਰਿਆਂ ਨੇ ਦਿੱਤੀਆਂ ਸਨ!ਉਹ ਪਤਨੀ ਨਾਲ ਰਾਏ ਮਸ਼ਵਰਾ ਕਰਕੇ ਕਹਿੰਦਾ :- ਬਾਪੂ ਜੀ ਅਸੀਂ ਮੇਰੇ ਸ਼ੌਹਰੇ ਜਾਣਾ, ਭਿੰਦਰ ਨੇ ਸ਼ਹਿਰ ਜਾਣਾ ਦਵਾਈ ਦਵਾਉਣ! ਕਾਰ ਤਾਂ ਕੋਈ ਵਿਹਲੀ ਨਹੀਂ!ਤਾਇਆ ਚੁੱਪ ਕਰ ਗਿਆ, ਉਹ ਸਮਝ ਗਿਆ ਸੀ ਕਿ ਮੁੰਡਿਆਂ ਨੇ ਟਾਲ ਦਿੱਤਾ!
ਪਰ ਤਾਇਆ ਟਲਣ ਵਾਲਾ ਕਿੱਥੇ ਸੀ !ਉਹ ਬੱਸ ਚੜਕੇ ਸ਼ਹਿਰ ਚਲਾ ਗਿਆ ਮਹਿੰਦਰਾ ਦੀ ਏਜੰਸੀ ! ਨਵੀਂ ਡੀ .ਆਈ ਜੀਪ ਲੈ ਕੇ ਘਰ ਆ ਗਿਆ ! ਸੱਠ ਕਿੱਲਿਆਂ ਦਾ ਮਾਲਕ ਸੀ ਉਹ ! ਮੁੰਡੇ ਸਮਝ ਗਏ!ਆਪਸ ਵਿੱਚ ਘੁਸਰ-ਮੁਸਰ ਕਰਨ ਲੱਗੇ ! ਆਖਿਰ ਕਹਿੰਦੇ ਬਾਪੂ ਜੀ ਅਸੀਂ ਵੀ ਤੁਹਾਡੇ ਕਾਰਾਂ ਵੀ ਤੁਹਾਡੀਆਂ ਜਿੱਥੇ ਮਰਜ਼ੀ ਲੈ ਜਾਇਆ ਕਰੋ!ਇਸ ਤਰਾਂ ਜੇ ਘਿਉ ਸਿੱਧੀ ਉਂਗਲ ਨਾਲ ਨਾਂ ਨਿਕਲਦਾ,ਟੇਡੀ ਉਂਗਲ ਨਾਲ ਕੱਢਣਾ ਆਉਂਦਾ ਸੀ ਤਾਏ ਕੋਰੇ ਨੂੰ! ਉਹ ਭਾਵੇਂ ਇਸ ਸੰਸਾਰ ਤੋਂ ਤੁਰ ਗਿਆ ,ਪਰ ਅੱਜ ਵੀ ਲੋਕ ਯਾਦ ਕਰਦੇ ਆ ਤਾਏ ਕੋਰੇ ਨੂੰ !

