ਮੋਢਿਆਂ ’ਤੇ ਬੈਗ, ਬੋਤਲ ਗਲ ਵਿੱਚ ਸੀ
ਨਿੱਕਾ ਜੇਹਾ ਹੱਥ ਮੇਰਾ, ਮਾਂ ਦੇ ਹੱਥ ਵਿੱਚ ਸੀ
ਹੰਝੂਆਂ ਦੇ ਪਾਣੀ ਨਾਲ ਗਿੱਲਾ ਹੋਇਆ ਮੁੱਖੜਾ
ਮਾਪਿਆਂ ਤੋਂ ਦੂਰ ਹੋਣ ਦਾ ਸੀ ਦੁੱਖੜਾ
ਮੈਡਮ ਨੇ ਪਹਿਲੀ ਵਾਰ ਜਦ ਬਾਂਹ ਮੇਰੀ ਫੜੀ ਸੀ
ਮੈਨੂੰ ਲੱਗਿਆ ਜਿੱਦਾਂ ਹੱਥ ਉਹਦਾ ਹੱਥਕੜੀ ਸੀ

ਕੋਸ਼ਿਸ਼ ਸੀ ਕੀਤੀ ਮੈਂ ਹੱਥ ਛੁਡਾਉਣ ਦੀ
ਪਰ ਨਿੱਕੀ ਜੇਹੀ ਬਾਂਹ, ਓਦੋਂ ਕਿੱਥੇ ਏਨਾ ਜ਼ੋਰ ਸੀ
ਮੈਡਮ ਨੇ ਡਾਂਟ ਮਾਰ ਸੀਟ ’ਤੇ ਬੈਠਾਇਆ
ਜਦ ਬੈਠੀ ਨਾ ਮੈਂ ਪਹਿਲੀ ਵਾਰ, ਫਿਰ ਥੱਪੜ ਦਿਖਾਇਆ
ਜਦ ਮੈਡਮ ਹੱਥ ਫੜ ‘ਏ’ ਸੀ ਲਿਖਾਇਆ
ਡੰਡਾ ਉਹਦਾ ਵੀ ਮੈਂ ਪਹਿਲੀ ਵਾਰ ਟੇਢਾ ਸੀ ਪਾਇਆ
ਰੋ ਰੋ ਕੇ ਸੀ ਮੈਂ ਸਾਰੇ ਪਾਸੇ ਰੌਲਾ ਪਾਇਆ
ਸਟਾਰ ਦੇ ਕੇ ਮੈਨੂੰ ਮੈਡਮ ਨੇ ਚੁੱਪ ਕਰਾਇਆ
ਹੋਈ ਛੁੱਟੀ ਜਿਹਦਾ ਮੈਨੂੰ ਇੰਤਜ਼ਾਰ ਸੀ
ਮਾਂ ਮੇਰੀ ਖੜੀ ਸਕੂਲ ਦੇ ਬਾਹਰ ਸੀ
ਰੋ ਰੋ ਕੇ ਆਪਣਾ ਮੈਂ ਦੁੱਖੜਾ ਸੁਣਾਇਆ
ਉਸ ਨੇ ਮੈਨੂੰ ਘੁੱਟ ਗਲ ਨਾਲ ਲਾਇਆ

