ਕਈ ਦਿਨਾਂ ਬਾਅਦ ਡਾਕ ਖੋਲ੍ਹੀ
ਖ਼ਤ ਮਿਲਿਆ ਬੁੱਢੀ ਮਾਂ ਦਾ
ਅੱਖਰ ਜੋੜ ਜੋੜ ਵਾਕ ਬਣ ਗਏ
ਵਾਕ ਜੋੜ ਜੋੜ ਬਣ ਗਏ ਹੰਝੂ
ਭੈਣ ਵੀ ਦਿਸੀ ਕਰਜ਼ਾ ਵੀ ਦਿਸਿਆ
ਕੁਝ ਬਾਪੂ ਦੇ ਧੌਲ਼ੇ
ਹੱਥ ਵੀ ਦਿਸੇ ਵਿਆਈਆਂ ਵਾਲੇ
ਉਸੇ ਘੜੀ ਕੱਚੀ ਤਰੇਲੀ ਆਈ
ਤਿੱਪ ਤਿੱਪ ਅੱਖਾਂ ਚੋਂ ਡਿੱਗੇ ਹੰਝੂ
ਲਹਿਣ ਲੱਗੀ ਖ਼ੁਦਗ਼ਰਜ਼ੀ ਦੀ ਲੋਈ
ਸਾਹ ਘੁੱਟਦਾ ਮੈਂ ਬੁੱਲ੍ਹ ਟੁੱਕਦਾ
ਲੱਭਣ ਲੱਗਾ ਰਿਸ਼ਤਿਆਂ ਦਾ ਅਹਿਸਾਸ
ਡਰਦਾ ਮਾਰਾ ਕੰਬਣ ਲੱਗਾ ਆਪਣੇ ਆਪ
ਪਰ ਐਨ ਵਕਤ ਤੇ
ਮਸਲ ਆਇਆ ਰਿਸ਼ਤਿਆਂ ਦਾ ਅਹਿਸਾਸ
ਮਾਰ ਮੁਕਾਇਆ ਮਾਂ ਦਾ ਵਿਸ਼ਵਾਸ
ਲੈ ਕੇ ਠੰਢੀ ਬੀਅਰ ਢੇਰੀ ਕਰਦਾ
ਟੀ ਵੀ ਮੂਹਰੇ ਆਪਣਾ ਆਪ
ਨਹੀਂ ਤਾਂ ਮੈਨੂੰ ਦਿਸਦੇ ਰਹਿਣੇ ਸੀ
ਕਰਜ਼ਾ, ਹੰਝੂ, ਭੈਣਾਂ,
ਮਾਂ ਦੀਆਂ ਸੱਧਰਾਂ
ਬਾਪੂ ਦੇ ਧੌਲ਼ੇ
ਸੰਪਰਕ: +61430850045

