ਦੋਸਤੋ ਕੀ ਅਸੀਂ ਐਨੇ ਮਜਬੂਰ ਹੋ ਗਏ ਹਾਂ
ਕਿ ਲਾਲ ਪੱਗਾਂ ਵਾਲੇ ਸੰਗੀਨਾਂ ਦੇ ਮੂੰਹ ਦੇ ਮਾਸ
ਤੇ ਦਿਨ ਦਿਹਾੜੇ ਥਾਣਿਆਂ ’ ਚ ਆਪਣੀਆਂ ਇੱਜ਼ਤਾਂ ਦੀ ਪੱਤ
ਲੁੱਟ ਹੁੰਦੀ ਵੇਖ ਵੀ
ਸ਼ਹਿਰ ਦੇ ਚੌਂਕ ’ ਚ ਖੜ੍ਹੇ ਬੇਸ਼ਰਮ ਪੱਥਰ ਦੇ ਬੁੱਤ ਵਾਂਗ
ਬੇਦਰਦ ਹੋ ਗਏ ਹਾਂ
ਇਹ ਰੋਲਾ , ਪਾਪ, ਕਹਿਰ ਸਭ ਕੀ ਹਨ
ਜੋ ਚਗਲ ਰਿਹਾ ਮਨੁੱਖੀ ਵਜੂਦ,
ਕਾਲ ਕੋਠੜੀ ’ ਚ ਬਘਿਆੜ ਪੁਲਸੀਆਂ
ਆਦਮ ਖੋਰ ਜੰਗਲੀ ਸ਼ੇਰ ਦੀ ਤਰ੍ਹਾਂ
ਚਿੱਟੇ ਦਿਨ ਪਾੜ ਰਿਹਾ ਹੈ ਮਨੁੱਖ ਨੂੰ
ਤੇ ਮਸ਼ਕਰੀਆਂ ਕਰਦੈ ਬਿੱਲਾ ਜਿਹਾ ਸੰਤਰੀ
ਝਾਂਸੀ ਦੀ ਰਾਣੀ ਜਿਹੀ ਬਹਾਦਰ ਪੰਜਾਬਣ ਨੂੰ
ਸਿਰਫ ਇੱਕ ਰਾਤ ਲਈ ਆਪਣੀ ਰਖੇਲ ਬਣਾਉਣਾ ਲੋਚਦੈ
ਦੋਸਤੋ
ਕੀ ਅਸੀਂ ਮਜਬੂਰੀਆਂ ’ ਚ ਮਜ਼ਬੂਰ ਹਾਂ
ਜਾਂ ਇਸ ਕਹਿਰ ਨੂੰ ਸਹਿਣ ਕਰਨ ਦੇ ਆਦੀ ਹਾਂ
ਅਸੀਂ ਕੀ ਹਾਂ
ਸੱਭਿਅਕ ਸਮਾਜ ਅੰਦਰ ਪਲ ਰਹੇ
ਚਿੱਟੇ ਦੁੱਧ ਧੋਤੇ ਪਹਿਰਾਵਿਆਂ ਵਾਲੇ ਆਗੂਆਂ ਨੂੰ
ਕੁਰਸੀ ’ਤੇ ਬੈਠਾਉਣ ਵਾਲੇ ਮਜ਼ਬੂਰ ਹਾਂ।
ਇਨਕਲਾਬੀਏ ਕ੍ਰਾਂਤੀਕਾਰੀਏ ਜ਼ਰੂਰ ਸਾਂ
ਪਰ ਅੱਜ ਕੱਲ੍ਹ ਇਹਨਾਂ ਚਿੱਟੇ ਪਹਿਰਾਵਿਆਂ ਵਾਲੇ ਆਗੂਆਂ ਦੇ ਰਾਜ ਅੰਦਰ
ਇਹ ਦਹਿਸ਼ਤ ਭਰੀਆਂ ਜ਼ਿਆਦਤੀਆਂ ਸਹਿਣ ਵਾਲੇ ਮਜਬੂਰ ਹਾਂ
ਸੋ ਦੋਸਤੋ
ਸੱਚ ਮੁੱਚ ਅਸੀਂ ਅੱਜ ਕੱਲ੍ਹ
ਐਨੇ ਮਜਬੂਰ ਹਾਂ
ਕਿ ਸ਼ਹਿਰ ਦੇ ਚੌਂਕ ’ ਚ ਖੜ੍ਹੇ ਬੇਸ਼ਰਮ ਪੱਥਰ ਦੇ ਬੁੱਤ ਵਾਂਗ
ਬੇਦਰਦ ਹੋ ਗਏ ਹਾਂ।

