By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ‘ਭਾਈ’ ਰਾਜੋਆਣਾ ਦੇ ਦੇਸ ਵਿੱਚ -ਸੁਕੀਰਤ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ‘ਭਾਈ’ ਰਾਜੋਆਣਾ ਦੇ ਦੇਸ ਵਿੱਚ -ਸੁਕੀਰਤ
ਨਜ਼ਰੀਆ view

‘ਭਾਈ’ ਰਾਜੋਆਣਾ ਦੇ ਦੇਸ ਵਿੱਚ -ਸੁਕੀਰਤ

ckitadmin
Last updated: October 25, 2025 2:59 am
ckitadmin
Published: March 25, 2012
Share
SHARE
ਲਿਖਤ ਨੂੰ ਇੱਥੇ ਸੁਣੋ

ਲੰਘੇ ਸਾਤੇ ਦੇ ਪਹਿਲੇ ਦਿਨ ਹੀ ਸ਼ਹਿਰ ਦੇ ਅਹਿਮ ਚੌਕ ਉੱਤੇ, ਜਿਸਨੂੰ ਉੱਥੇ ਸਥਾਪਤ ਗੁਰਦਵਾਰੇ ਜਮ੍ਹਾਂ ਹਸਪਤਾਲ ਕਾਰਨ ਗੁਰੂ ਨਾਨਕ ਮਿਸ਼ਨ ਚੌਕ ਕਿਹਾ ਜਾਂਦਾ ਹੈ, ਗੁਰਦਵਾਰੇ ਦੇ ਮੱਥੇ ਨੂੰ ਢੱਕਦਾ ਵੱਡਾ ਸਾਰਾ ਇਸ਼ਤਿਹਾਰੀ ਬੋਰਡ ਲੱਗਾ ਦਿਸਿਆ। ਕਿਸੇ ਵੀ ਚੋਣ-ਬੋਰਡ ਨੂੰ ਮਾਤ ਪਾਂਦੇ ਇਸ ਵਿਸ਼ਾਲ ਇਸ਼ਤਿਹਾਰ ਬੋਰਡ ਉੱਤੇ ਇੱਕ ਅਹਿਮ ਸਿਆਸੀ ਲੀਡਰ ਵਾਂਗ ਸੁਸ਼ੋਭਿਤ ਰਾਜੋਆਣਾ ਦੀ ਤਸਵੀਰ ਹੇਠ ਇੱਕ ਸਵਾਲ ਉਛਾਲਿਆ ਹੋਇਆ ਸੀ: “ ਕੀ ਫ਼ਾਂਸੀਆਂ ਸਿਰਫ਼ ਸਿੱਖਾਂ ਲਈ ਹੀ ਹਨ?”


ਮਨੁੱਖੀ ਮਨ ਕੋਈ ਕੰਪਿਊਟਰ ਤਾਂ ਹੁੰਦਾ ਨਹੀਂ ਕਿ ਇੱਕ ਬਟਨ ਦੱਬਿਆਂ ਸਾਰੀਆਂ ਸਿਆਸੀ ਫਾਂਸੀਆਂ ਦਾ ਵੇਰਵਾ ਸਾਹਮਣੇ ਆ ਜਾਵੇ। ਸੋ ਮਨ ਵਿੱਚ ਦੇਸ ਦੀ ਸਭ ਤੋਂ ਮਸ਼ਹੂਰ ਸਿਆਸੀ ਫ਼ਾਂਸੀ ਹੀ ਉੱਭਰ ਸਕੀ: ਨਾਥੂ ਰਾਮ ਗੌਡਸੇ ਦੀ। ਮਹਾਤਮਾ ਗਾਂਧੀ ਦੇ ਕਾਤਲ ਨੂੰ ਉਸਦੇ ਜੁਰਮ ਦੇ ਦੋ ਸਾਲ ਤੋਂ ਵੀ ਘੱਟ ਦੇ ਅਰਸੇ ਅੰਦਰ ਅੰਬਾਲਾ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਇਸ ਗੱਲ ਦੇ ਬਾਵਜੂਦ ਕਿ ਵੇਲੇ ਦੇ ਪਰਧਾਨ ਮੰਤਰੀ ਨਹਿਰੂ, ਅਤੇ ਗਾਂਧੀ ਜੀ ਦੇ ਦੋ ਪੁੱਤਰਾਂ ਨੇ ਇਸ ਫਾਂਸੀ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ ਕਿਉਂਕਿ ਅਹਿੰਸਾ ਦੇ ਦੂਤ ਮੰਨੇ ਜਾਂਦੇ ਆਦਮੀ ਦੇ ਕਤਲ ਦਾ ਬਦਲਾ ਲੈਣ ਲਈ ਹਿੰਸਾ ਵਰਤਣਾ ਉਨ੍ਹਾਂ ਨੂੰ ਠੀਕ ਨਹੀਂ ਸੀ ਜਾਪਦਾ। ਤਾਂ ਵੀ ਨਾਥੂ ਰਾਮ ਗੌਡਸੇ ਦੀ ਫ਼ਾਂਸੀ ਟਲੀ ਨਾ । ਆਜ਼ਾਦ ਭਾਰਤ ਵਿੱਚ ਕਿਸੇ ਸਿਆਸੀ ਕਤਲ ਕਾਰਨ ਹੋਣ ਵਾਲੀ ਇਹ ਪਹਿਲੀ ਫ਼ਾਂਸੀ ਸੀ ਅਤੇ ਫ਼ਾਂਸੀ ਲਾਇਆ ਜਾਣ ਵਾਲਾ ਆਦਮੀ ਸਿਰਫ਼ ਹਿੰਦੂ ਹੀ ਨਹੀਂ ਸੀ, ਬ੍ਰਾਹਮਣ ਵੀ ਸੀ। ਫੇਰ ਫ਼ਾਂਸੀਆਂ ਸਿਰਫ਼ ਸਿੱਖਾਂ ਲਈ ਕਿਵੇਂ ਹੋ ਗਈਆਂ!

 

 

ਉਂਜ ਵੀ ਫ਼ਾਂਸੀ ਦੀ ਸਜ਼ਾ ਏਨੀ ਘੱਟ ਦਿੱਤੀ ਜਾਂਦੀ ਹੈ ( ਅਤੇ ਜੇ ਇਹ ਸਜ਼ਾ ਹੋ ਵੀ ਜਾਵੇ ਤਾਂ ਕਈ ਪੱਧਰਾਂ ਉੱਤੇ ਅਪੀਲਾਂ ਕਾਰਨ ਦਹਾਕਿਆਂ ਤੱਕ ਲਟਕਦੀ ਰਹਿੰਦੀ ਹੈ ) ਕਿ 2004 ਤੋਂ ਬਾਅਦ ਅਜੇ ਤੀਕ ਦੇਸ ਵਿੱਚ ਕਿਸੇ ਨੂੰ ਫ਼ਾਂਸੀ ਨਹੀਂ ਹੋ ਸਕੀ। ਕੰਪਿਊਟਰ ਦਾ ਸਹਾਰਾ ਲੈ ਕੇ ਲੱਭਣਾ ਪਿਆ ਕਿ ਆਖਰੀ ਫ਼ਾਂਸੀਆਂ ਕਿਨ੍ਹਾਂ ਮੁਜਰਮਾਂ ਨੂੰ ਹੋਈਆਂ ਸਨ। ਪਤਾ ਲੱਗਾ ਕਿ 2004 ਵਿੱਚ ਆਖਰੀ ਫ਼ਾਂਸੀ ਕਿਸੇ ਧਨੰਜੈ ਚੈਟਰਜੀ ਨੂੰ ਦਿੱਤੀ ਗਈ ਸੀ, ਅਤੇ ਉਸ ਤੋਂ ਪਹਿਲਾਂ 1995 ਵਿੱਚ ਚੇਨਈ ਦੇ ‘ਆਟੋ ਸ਼ੰਕਰ’ ਨੂੰ। ਹਾਂ, ਫ਼ਾਂਸੀ ਦੀ ਸਜ਼ਾ ਸੁਣਾਈ ਬਹੁਤ ਸਾਰੇ ਲੋਕਾਂ ਨੂੰ ਗਈ ਹੈ , ਅਤੇ ਉਨ੍ਹਾਂ ਦੀਆਂ ਅਪੀਲਾਂ ਵੱਖੋ-ਵੱਖ ਅਦਾਲਤਾਂ ਤੋਂ ਲੈ ਕੇ ਰਾਸ਼ਟਰਪਤੀ ਕੋਲ ਅੰਤਮ ਰਹਿਮ-ਅਪੀਲ ਤੱਕ ਦੀ ਪੱਧਰ ਉੱਤੇ ਲਟਕ ਰਹੀਆਂ ਹਨ। ਏਸੇ ਕਾਰਨ ਕਈ ਕਈ ਵਰ੍ਹਿਆਂ ਤੋਂ ਆਸ-ਨਿਰਾਸ ਦੇ ਵਿਚਕਾਰ ਝੂਲ ਰਹੇ ਹਨ ਇਹ ਸਾਰੇ ਸਜ਼ਾ-ਯਾਫ਼ਤਾ ਮੁਜਰਮ: ਜਿਨ੍ਹਾਂ ਵਿੱਚ ਦਿੱਲੀ ਬੰਬ ਕਾਂਡ ਵਾਲਾ ਦਹਿਸ਼ਤਗਰਦ ਦੇਵਿੰਦਰਪਾਲ ਸਿੰਘ ਭੁੱਲਰ ਵੀ ਸ਼ਾਮਲ ਹੈ, ਅਤੇ ਗੁਵਾਹਾਟੀ ਵਿੱਚ ਕਿਸੇ ਦਾ ਸਿਰ ਵੱਢ ਕੇ ਮਾਣ ਨਾਲ ਉਸਨੂੰ ਥਾਣੇ ਵਿਚ ਪੇਸ਼ ਕਰਨ ਵਾਲਾ ਮਹੇਂਦਰ ਦਾਸ ਵੀ। ਕਾਨੂੰਨ ਦੀਆਂ ਨਜ਼ਰਾਂ ਵਿੱਚ ਇਹ ਸਿਰਫ਼ ਮੁਜਰਮ ਹਨ, ਹਿੰਦੂ, ਸਿੱਖ ਜਾਂ ਮੁਸਲਮਾਨ ਨਹੀਂ। ਅਤੇ ਉਨ੍ਹਾਂ ਦੀਆਂ ਅਪੀਲਾਂ ਨੂੰ ਉਨ੍ਹਾਂ ਦੇ ਜੁਰਮਾਂ ਦੀ ਸੰਗੀਨਤਾ ਦੇ ਮੱਦੇ-ਨਜ਼ਰ ਵਾਚਿਆ ਜਾਂਦਾ ਹੈ, ਕਿਸੇ ਧਾਰਮਕ ਐਣਕ ਰਾਹੀਂ ਨਹੀਂ।

1995 ਵਿੱਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਜੁਲਾਈ, 2007 ਵਿੱਚ ਸੀ.ਬੀ.ਆਈ. ਦੀ ਅਦਾਲਤ ਨੇ ਨਿਰਧਾਰਤ ਕੀਤੀ ਸੀ, ਅਤੇ ਇਹੋ ਸਜ਼ਾ ਉਸਦੇ ਸਹਿਯੋਗੀ, ਦੂਜੇ ਦਹਿਸ਼ਤਗਰਦ ਜਗਤਾਰ ਸਿੰਘ ਹਵਾਰਾ ਨੂੰ ਵੀ ਸੁਣਾਈ ਗਈ ਸੀ: ਵਾਰਦਾਤ ਦੇ 11 ਸਾਲ ਲੰਘ ਜਾਣ ਬਾਅਦ, ਕਈ ਸੁਣਵਾਈਆਂ ਮਗਰੋਂ ਜਗਤਾਰ ਸਿੰਘ ਹਵਾਰਾ ਨੇ ਆਪਣੀ ਸਜ਼ਾਏ-ਮੌਤ ਦੇ ਖਿਲਾਫ਼ ਅਪੀਲ ਕੀਤੀ, ਰਾਜੋਆਣਾ ਨੇ ਅਪੀਲ ਕਰਨ ਤੋਂ ਨਾਂਹ ਕਰ ਦਿੱਤੀ। ਉਸ ਅਪੀਲ ਦੇ ਆਧਾਰ ਉੱਤੇ ਅਕਤੂਬਰ, 2010 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਵਾਰਾ ਦੀ ਸਜ਼ਾ ਘਟਾ ਕੇ ਉਮਰ ਕੈਦ ਕਰ ਦਿੱਤੀ; ਅਪੀਲ ਕਰਨ ਤੋਂ ਇਨਕਾਰ ਕਰਨ ਵਾਲੇ ਰਾਜੋਆਣਾ ਦੀ ਸਜ਼ਾਏ ਮੌਤ ਬਰਕਰਾਰ ਰਹੀ।

ਪੰਜਾਬ ਦੀਆਂ ਚੋਣਾਂ ਲੰਘੀਆਂ ਹੀ ਸਨ ਕਿ ਇਹ ਸਿਆਸੀ-ਧਾਰਮਕ ਡਰਾਮਾ ਸ਼ੁਰੂ ਹੋ ਗਿਆ। ਰਾਜੋਆਣਾ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀਆਂ ਮੰਗਾਂ, ਅਕਾਲ ਤਖਤ ਵੱਲੋਂ ਉਸਨੂੰ ‘ਜ਼ਿੰਦਾ ਸ਼ਹੀਦ’ ਦਾ ਖਿਤਾਬ ਦੇਣ ਦਾ ਫੈਸਲਾ। ਬਿਨ ਮੰਗਿਆਂ ਇਹ ‘ਮਾਣ-ਪੱਤਰ’ ਉਸਦੀ ਝੋਲੀ ਵਿੱਚ ਪੈ ਜਾਣ ਕਾਰਨ ਰਾਜੋਆਣਾ ਵੱਲੋਂ ਕਦੇ ਤੱਤ-ਭੜੱਤੀ ਨਾਂਹ, ਅਤੇ ਫੇਰ ਸਨਿਮਰ ਹਾਂ ਕਰਨ ਦੇ ਚੋਂਚਲੇ । ‘ਕੌਮ’ ਦੇ ਠੇਕੇਦਾਰਾਂ ਵੱਲੋਂ ਪੰਜਾਬ ਬੰਦ ਦਾ ਸੱਦਾ; ਸਰਕਾਰ ਵੱਲੋਂ ਆਪਣੀ ਹਰ ਪ੍ਰਸ਼ਾਸਕੀ ਜ਼ਿੰਮੇਵਾਰੀ ਭੁਲਾ ਕੇ ਸਿਆਸੀ ਲਾਹਾ ਲੈਣ ਲਈ ਦਿੱਲੀ ਵੱਲ ਦੀਆਂ ਦੌੜਾਂ। ਪੰਜਾਬ ਦੇ ਮੀਡੀਏ ਖਾਸਕਰ ਪੰਜਾਬੀ ਮੀਡੀਏ- ਦਾ ਨਿੰਦਣਯੋਗ ਰੋਲ।

ਸਵਾਲ ਇਹ ਨਹੀਂ ਕਿ ਰਾਜੋਆਣਾ ਨੂੰ ਫ਼ਾਂਸੀ ਹੋਣੀ ਚਾਹੀਦੀ ਹੈ ਜਾਂ ਉਮਰ ਕੈਦ? ਸਵਾਲ ਇਹ ਵੀ ਨਹੀਂ ਕਿ ਫ਼ਾਂਸੀ ਦੀ ਸਜ਼ਾ ਸਾਡੇ ਵਿਧਾਨ ਵਿੱਚੋਂ ਖਾਰਜ ਹੋ ਜਾਣੀ ਚਾਹੀਦੀ ਹੈ ਜਾਂ ਨਹੀਂ? ਪਹਿਲਾ ਸਵਾਲ ਅਦਾਲਤਾਂ ਲਈ ਹੈ, ਜੋ ਏਸੇ ਕੰਮ ਲਈ ਬਣੀਆਂ ਹਨ । ਅਤੇ ਦੂਜਾ ਸਵਾਲ ਵਿਧਾਨਕਾਰਾਂ ਲਈ ਹੈ, ਜਿਨ੍ਹਾਂ ਨੂੰ ਦੇਰ-ਸਵੇਰ ਇਹ ਫੈਸਲਾ ਕਰਨਾ ਹੀ ਪੈਣਾ ਹੈ ਕਿ ਕੀ ਕਾਨੂੰਨ ਕੋਲ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਹੋਣਾ ਵੀ ਚਾਹੀਦਾ ਹੈ ਜਾਂ ਨਹੀਂ। ਪਰ ਜੋ ਕੁਝ ਲੰਘੇ ਹਫ਼ਤੇ ਪੰਜਾਬ ਵਿੱਚ ਦੇਖਣ ਨੂੰ ਮਿਲਿਆ ਉਸਨੂੰ ਇਨ੍ਹਾਂ ਸਵਾਲਾਂ ਦੇ ਪਰਦੇ ਹੇਠ ਹੂੰਝ ਕੇ ਭੰਬਲਭੂਸਾ ਪਾਉਣ ਦੀ ਕੋਸ਼ਿਸ਼ ਨਾ ਕਰੀਏ।

ਅਕਾਲ ਤਖਤ ਨੇ ਰਾਜੋਆਣਾ ਨੂੰ ‘ਜ਼ਿੰਦਾ ਸ਼ਹੀਦ’ ਦਾ ਖਿਤਾਬ ਦੇਣ ਦੀ ਸਿਆਸੀ ਪਹਿਲ ਕਰ ਕੇ ਕਿਸ ‘ਕੌਮ’ ਦੀਆਂ ਭਾਵਨਾਵਾਂ  ਤਰਜਮਾਨੀ ਕੀਤੀ ਹੈ? ਇਹ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਅਨਸਰਾਂ ਨੂੰ ਰਾਜੋਆਣਾ ਦਹਿਸ਼ਤਗਰਦ ਨਹੀਂ ਸੂਰਮਾ ਜਾਪਦਾ ਹੋਵੇਗਾ, ਪਰ ਕੀ ਸਮੁੱਚੀ ‘ਕੌਮ’ ਦੀ ਇਹੋ ਧਾਰਨਾ ਹੈ ?  ਕੀ ਸਿੰਘ ਸਾਹਿਬਾਨ ਨੇ ਉਸ ਸੁਰਿੰਦਰ ਕੌਰ ਦੀ ਆਵਾਜ਼ ਵੀ ਸੁਣੀ ਹੈ, ਜਿਸਦਾ ਪਤੀ ਸਵਰਨ ਸਿੰਘ ਉਨ੍ਹਾਂ 16 ਹੋਰ ਲੋਕਾਂ ਵਿੱਚੋਂ ਸੀ ਜੋ ਮੁਖ ਮੰਤਰੀ ਉੱਤੇ ਹੋਏ ਇਸ ਕਾਤਲਾਨਾ ਹਮਲੇ ਦੌਰਾਨ ਨਾਲ ਹੀ ਮਾਰੇ ਗਏ ਸਨ? ਸੁਰਿੰਦਰ ਕੌਰ ਦਾ ਸਿੱਧਾ ਸਵਾਲ ਹੈ: ‘ਅਸੀ ਸਾਰੇ ਇੱਕੋ ਵਾਹਿਗੁਰੂ ਦੇ ਬਾਲ ਹਾਂ। ਮੈਨੂੰ ਨਹੀਂ ਪਤਾ ਕਿ ਸਾਡੇ ਕਿਸੇ ਵੀ ਗੁਰੂ ਨੇ ਕਿਹਾ ਹੋਵੇ ਕਿ ਬੇਦੋਸ਼ਿਆਂ ਨੂੰ ਮਾਰ ਕੇ ਤੁਸੀ ਸ਼ਹੀਦ ਅਖਵਾ ਸਕਦੇ ਹੋ। ਮੈਨੂੰ ਯਕੀਨ ਨਹੀਂ ਹੁੰਦਾ ਕਿ ਅਕਾਲ ਤਖਤ ਇੱਕ ਕਾਤਲ ਨੂੰ ਸ਼ਹੀਦ ਦਾ ਰੁਤਬਾ ਦੇ ਸਕਦਾ ਹੈ’। ਸੁਰਿੰਦਰ ਕੌਰ ਹਲਾਕ ਹੋਏ ਸਿਪਾਹੀ ਸਵਰਨ ਸਿੰਘ ਦੀ ਨਿਮਾਣੀ ਜਿਹੀ ਵਿਧਵਾ ਹੈ, ਉਸਦੀ ਆਵਾਜ਼ ਦੀ ਸਿੰਘਾਂ ਲਈ ਸ਼ਾਇਦ ਕੋਈ ਵੁੱਕਤ ਹੀ ਨਾ ਹੋਵੇ, ਪਰ ਕੀ ਪੰਜਾਬ ਦੇ ਹੁਣ ਦੇ ਮੁੱਖ-ਮੰਤਰੀ, ਜਿਨ੍ਹਾਂ ਦੇ ਇਸ਼ਾਰਿਆਂ ਉੱਤੇ ਐਸ.ਜੀ.ਪੀ.ਸੀ. ਦੀਆਂ ਚੋਣਾਂ ਹੁੰਦੀਆਂ ਹਨ ਅਤੇ ਇਸਦੇ ਪਰਧਾਨ ਚੁਣੇ ਜਾਂ ਲਾਂਭੇ ਕੀਤੇ ਜਾਂਦੇ ਹਨ, ਖੁੱਲ੍ਹ ਕੇ ਇਹ ਗੱਲ ਕਹਿਣ ਲਈ ਤਿਆਰ ਹਨ ਕਿ ਰਾਜੋਆਣਾ ਕੌਮ ਦਾ ਜ਼ਿੰਦਾ ਸ਼ਹੀਦ ਹੈ, ਅਤੇ ਉਨ੍ਹਾਂ ਵਾਲੇ ਹੀ ਰੁਤਬੇ ਉੱਤੇ ਰਹਿ ਚੁੱਕੇ ਬੇਅੰਤ ਸਿੰਘ ਦਾ ਕਾਤਲ ਅਤੇ ਦਹਿਸ਼ਤਤਗਰਦ ਨਹੀਂ?

ਸਵਾਲ ਇਹ ਨਹੀਂ ਕਿ ਕੁਝ ਕੁ ਲੋਕਾਂ ਨੂੰ ਸੂਰਮਾ ਜਾਪਣ ਵਾਲਾ ਰਾਜੋਆਣਾ ਬਹੁਤ ਸਾਰੇ ਹੋਰਨਾਂ ਲਈ ( ਅਤੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਵੀ ) ਦਹਿਸ਼ਤਗਰਦ ਹੈ ਜਾਂ ਨਹੀਂ? ਸਵਾਲ ਇਹ ਹੈ ਕਿ ਜੇ ਹਰ ‘ਕੌਮ’ ਦੇ ਠੇਕੇਦਾਰ ਆਪੋ ਆਪਣੇ ਦਹਿਸ਼ਤਗਰਦਾਂ ਨੂੰ ਜ਼ਿੰਦਾ ਸ਼ਹੀਦ ਕਰਾਰ ਦੇ ਕੇ ਸੂਬੇ ਜਾਂ ਦੇਸ ਵਿੱਚ ਬੰਦ ਲਾਗੂ ਕਰਾਉਣ ਲੱਗ ਪੈਣ ਤਾਂ ਹਾਲਤ ਕੀ ਹੋ ਜਾਵੇਗੀ।

ਬਜਰੰਗ ਦਲੀਆ ਦਾਰਾ ਸਿੰਘ ਬਹੁਤ ਸਾਰੇ ਸੋਇਮ ਸੇਵਕਾਂ ਲਈ ਮਿਸਾਲੀ ਸ਼ਖ਼ਸੀਅਤ ਹੈ। ਇਹ ਉਹੋ ਦਾਰਾ ਸਿੰਘ ਹੈ ਜਿਸਨੇ ਆਪਣੀ ਸਟੇਸ਼ਨ ਵੈਗਨ ਵਿੱਚ ਸੁੱਤੇ ਹੋਏ ਪਾਦਰੀ ਗ੍ਰਾਹਮ ਸਟੇਨਜ਼ ਨੂੰ ਉਸਦੇ ਦੋ ਨਿੱਕੇ ਨਿੱਕੇ ਪੁੱਤਰਾਂ ਸਮੇਤ ਜ਼ਿੰਦਾ ਜਲਾ ਦਿਤਾ ਸੀ। ਕੁਝ ਹਿੰਦੂਤਵ ਵਾਦੀਆਂ ਲਈ ਦਾਰਾ ਸਿੰਘ ਹਿੰਦੂ ਧਰਮ ਦਾ ‘ਸਭ ਤੋਂ ਵੱਡਾ ਸੰਰਕਸ਼ਕ’ ਹੈ ਜੋ ਪਾਦਰੀਆਂ ਰਾਹੀਂ ਲੋਕਾਂ ਨੂੰ ਈਸਾਈ ਬਣਾਉਣ ਦੇ ਕੁਕਰਮਾਂ ਦਾ ਬਦਲਾ ਲੈ ਕੇ ਆਪਣੇ ਧਰਮ ਦੀ ਰੱਖਿਆ ਕਰਦਾ ਰਿਹਾ ਸੀ। ਦਾਰਾ ਸਿੰਘ ਨੂੰ ਵੀ ਫਾਂਸੀ ਦੀ ਸਜ਼ਾ ਹੋਈ ਸੀ,  ਜੋ ਉਸਦੇ ਅਪੀਲ ਕਰਨ ਉੱਤੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ। ਹੁਣ ਜੇ ਕੋਈ ਸ਼ੰਕਰਾਚਾਰੀਆ ਦਾਰਾ ਸਿੰਘ ਨੂੰ ਹਿੰਦੂ ਧਰਮ ਦਾ ਸੰਰੱਖਿਅਕ ਗਰਦਾਨ ਕੇ ਭਾਰਤ ਬੰਦ ਦਾ ਹੋਕਾ ਦੇਵੇ ਅਤੇ ਸਾਰੇ ਸੋਇਮ ਸੇਵਕਾਂ ਦੀਆਂ ਹੇੜਾਂ ਹੱਥਾਂ ਵਿਚ ਤ੍ਰਿਸ਼ੂਲ ਫੜੀ ਹਰ ਦਫ਼ਤਰ ਦੁਕਾਨ ਨੂੰ ਜਬਰੀ ਬੰਦ ਕਰਾਉਣ ਤੁਰ ਪੈਣ ਤਾਂ ਕੀ ਬਣੇਗਾ ?

ਮੁੰਬਈ ਬੰਬ ਹਮਲਿਆਂ ਦੇ ਇੱਕ ਮਾਤਰ ਜ਼ਿੰਦਾ ਮੁਜਰਮ ਅਜਮਲ ਕਸਾਬ ਨੂੰ ਸਜ਼ਾਏ-ਮੌਤ ਮਿਲ ਚੁੱਕੀ ਹੈ, ਬੰਬਈ ਹਾਈ ਕੋਰਟ ਵਿੱਚ ਇਸ ਸਜ਼ਾ ਦੇ ਖਿਲਾਫ਼ ਉਸ ਵੱਲੋਂ ਕੀਤੀ ਗਈ ਅਪੀਲ ਵੀ ਖਾਰਜ ਹੋ ਚੁੱਕੀ ਹੈ ਅਤੇ ਕਸਾਬ ਨੇ ਹੁਣ ਸੁਪਰੀਮ ਕੋਰਟ ਕੋਲ ਅਪੀਲ ਪਾਈ ਹੈ। ਅਜੇ ਤੀਹਾਂ ਤੋਂ ਵੀ ਘੱਟ ਸਾਲਾਂ ਦਾ ਇਹ ਨੌਜਵਾਨ ਜਿਸਦੇ ਕਾਰਿਆਂ ਨੇ 166 ਬੇਦੋਸ਼ੇ ਮੌਤ ਦੇ ਘਾਟ ਧੱਕ ਦਿੱਤੇ, ਇਸੇ ਧਾਰਨਾ ਦਾ ਡੰਗਿਆ ਭਾਰਤ ਆਇਆ ਸੀ ਕਿ ਉਸਨੇ ਭਾਰਤੀ ਮੁਸਲਮਾਨਾਂ ਨਾਲ ਹੁੰਦੀਆਂ ਵਧੀਕੀਆਂ ਅਤੇ ਗੁਜਰਾਤ ਵਿੱਚ ਮੋਦੀ ਸਰਕਾਰ ਦੇ ਕਾਰਿਆਂ ਦਾ ਬਦਲਾ ਲੈਣਾ ਹੈ। ਅਜਮਲ ਵੀ ਬਹੁਤ ਸਾਰੇ ਪੀੜਤ, ਜਾਂ ਰੋਹ-ਗ੍ਰੱਸੇ  ਮੁਸਲਮਾਨਾਂ ਲਈ ਜ਼ਿੰਦਾ ਸ਼ਹੀਦ ਹੋ ਸਕਦਾ ਹੈ। ਹੁਣ ਜੇ ਜਾਮਾ ਮਸਜਿਦ ਤੋਂ ਇਮਾਮ ਸਾਹਬ ਉਸ ਨੂੰ ‘ਫ਼ਖਰੇ ਕੌਮ’ ਗਰਦਾਨ ਕੇ ਸਾਰੇ ਜਾਂਬਾਜ਼ ਮੁਸਲਮਾਨਾਂ ਨੂੰ ਆਮ ਹੜਤਾਲ ਕਰਾਉਣ ਦਾ ਹੋਕਾ ਦੇਣ ਅਤੇ ਹਰੇ ਪਟਕੇ ਬੰਨ੍ਹੀ ਇਹ ਨੌਜਵਾਨ ਹੱਥਾਂ ਵਿੱਚ ਛਵ੍ਹੀਆਂ ਫੜੀ ਹਰ ਦੁਕਾਨ-ਮਕਾਨ ਨੂੰ ਤਾਲੇ ਲੁਆਉਣ ਤੁਰ ਪੈਣ ਤਾਂ ਕੀ ਹੋਵੇਗਾ ?

ਬੁੱਧਵਾਰ, ਦਿਨ 28 ਮਾਰਚ ਨੂੰ ਪੰਜਾਬ ਦੇ ਸ਼ਹਿਰਾਂ ਵਿੱਚ ਕੁਝ ਅਜਿਹਾ ਹੀ ਵਾਪਰਿਆ। ਪੰਜਾਬ ‘ਬੰਦ’ ਦਾ ਨਿਰਦੇਸ਼ ਸੀ ਜਾਂ ਕੰਮ ਤੋਂ ‘ਸੰਕੋਚ’ ਕਰਨ ਦਾ ਉਪਦੇਸ਼, ਸਵੇਰ ਤਾਂ ਆਮ ਵਰਗੀ ਹੀ ਚੜ੍ਹੀ ਪਰ ਸੂਰਜ ਦੀ ਟਿੱਕੀ ਦੇ ਤਿਖੇਰੀ ਹੋਣ ਦੇ ਨਾਲ ਨਾਲ ਕੇਸਰੀ ਪਟਕੇ ਵੀ ਬੱਝਣੇ ਸ਼ੁਰੂ ਹੋ ਗਏ। 11-12 ਵਜੇ ਸ਼ਹਿਰ ਦੇ ਵੱਖੋ ਵੱਖ ਹਿੱਸਿਆਂ ਬਾਜ਼ਾਰਾਂ ਵਿੱਚੋਂ ਮੋਟਰਸਾਈਕਲਾਂ ਅਤੇ ਕਾਰਾਂ ਉੱਤੇ ਸਵਾਰ ਇਨ੍ਹਾਂ ਪਟਕਾਧਾਰੀ ਨੌਜਵਾਨਾਂ ਦੀ ਜੈਕਾਰੇ ਛੱਡਦੀਆਂ ਅਤੇ ਹਾਰਨ ਮਾਰਦੀਆਂ ਹੇੜਾਂ ਲੰਘੀਆਂ। ਪਟਕੇ ਸਿਰਾਂ ’ਤੇ ਹੀ ਨਹੀਂ ਸਨ ਬੱਝੇ ਹੋਏ, ਬਹੁਤਿਆਂ ਨੇ ਆਪਣੀ ਪਛਾਣ ਲੁਕੋਣ ਲਈ ਮੂੰਹਾਂ ’ਤੇ ਵੀ ਕੇਸਰੀ ਨਕਾਬ ਪਾਏ ਹੋਏ ਸਨ । ਕੁਝਨਾਂ ਦੇ ਹੱਥ ਵਿੱਚ ਨੰਗੀਆਂ, ਭਾਂਵੇਂ ਜ਼ੰਗ ਖਾਧੀਆਂ ਹੀ ਸਹੀ, ਤਲਵਾਰਾਂ ਵੀ ਸਨ। ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਜਬਰੀ ਬੰਦ ਕਰਾਈਆਂ ਗਈਆਂ। ਇਨ੍ਹਾਂ ਮੋਟਰਸਾਈਕਲ ਸਵਾਰ ‘ਮਰਜੀਵੜਿਆਂ’ ਦੇ ਪਿੱਛੇ ਪਿੱਛੇ ਪੰਜਾਬ ਪੁਲਿਸ ਦੀਆਂ ਗੱਡੀਆਂ ਵੀ ਸਨ, ਕਿਸੇ ਐਸਕੌਰਟ ਕਾਫ਼ਲੇ ਵਾਂਗ। ਹਰਲ ਹਰਲ ਕਰਦੇ ਕਾਫ਼ਲੇ ਐਹ ਗਏ-ਔਹ ਗਏ। ਬਾਜ਼ਾਰ ਬੰਦ ਕਰਾ ਲਏ ਗਏ ਸਨ, ਹੁਣ ਘਰੋ-ਘਰੀ ਜਾ ਕੇ ਫ਼ਤਿਹ ਦਾ ਜਸ਼ਨ ਮਨਾਇਆ ਜਾ ਸਕਦਾ ਸੀ। ਪੰਜਾਬ ਸਰਕਾਰ ਅਤੇ ਉਸਦੇ ਹੁਕਮਾਂ ਹੇਠ ਪੰਜਾਬ ਪੁਲਿਸ ਨੇ ਇਨ੍ਹਾਂ ਮਿਡਲ ਕਲਾਸ ਮੁਸ਼ਟੰਡਿਆਂ ਨੂੰ ਕਿਤੇ ਵੀ ਨਾ ਰੋਕਿਆ, ਵਰਨਾ ਮੂੰਹ ਲੁਕਾ ਕੇ ਜੈਕਾਰੇ ਛੱਡਦੇ ਇਹ ਮਸਫ਼ੁਟੀਏ ਹੋਲੀ ਦੇ ਦਿਨ ਹੁੜਦੰਗ ਮਚਾਉਣ ਵਾਲਿਆਂ ਤੋਂ ਵੱਖਰੇ ਨਹੀਂ ਸਨ ਜਾਪਦੇ ਜੋ ਪੁਲਿਸ ਦੇ ਦੋ ਡੰਡਿਆਂ ਨਾਲ ਹੀ ਸੂਤ ਹੋ ਜਾਂਦੇ ਹਨ। ਉਨ੍ਹਾਂ ਦੀ ਫੋਕੀ ਦਹਿਸ਼ਤ ਦੇ ਅੱਗੇ ਗੋਡੇ ਟੇਕ ਕੇ ਪੰਜਾਬ ਸਰਕਾਰ ਨੇ ਅਮਨ-ਅਮਾਨ ਕਾਇਮ ਰੱਖ ਲਿਆ ਸੀ। ਵੈਸੇ ਇਹ ਭਰਮ ਵੀ ਇੱਕ ਦਿਨ ਹੀ ਬਣਿਆ ਰਹਿ ਸਕਿਆ, ਅਗਲੇ ਹੀ ਦਿਨ ਗੁਰਦਾਸਪੁਰ ਵਿੱਚ ਸ਼ਿਵ ਸੇਨਾ ਅਤੇ ਗਰਮਦਲੀਏ ਸਿੱਖ ਨੌਜਵਾਨਾਂ ਵਿੱਚ ਹੋਈ ਹਿੰਸਾ ਨੇ ਇਹ ਪਾਜ ਵੀ ਉਘੇੜ ਦਿੱਤਾ ।

ਬਲਵੰਤ ਸਿੰਘ ਰਾਜੋਆਣਾ, ਦਾਰਾ ਸਿੰਘ ਅਤੇ ਅਜਮਲ ਕਸਾਬ ਵਰਗੇ ਸਿੱਧੜ-ਸੂਝੇ ਕਿਸੇ ਵੀ ਧਰਮ ਵਿੱਚ ਹੋ ਸਕਦੇ ਹਨ । ਉਨ੍ਹਾਂ ਨੂੰ ਜਾਪਦਾ ਹੈ ਕਿ ਕਿਸੇ ਮੁੱਖ ਮੰਤਰੀ ਨੂੰ ਮਾਰ ਕੇ, ਜਾਂ ਕਿਸੇ ਸੁੱਤੇ ਪਏ ਪਾਦਰੀ ਨੂੰ ਜ਼ਿੰਦਾ ਸਾੜ ਕੇ ਜਾਂ ਸੈਂਕੜੇ ਰਾਹ-ਜਾਂਦਿਆਂ ਉੱਤੇ ਗੋਲੀਆਂ ਵਰ੍ਹਾ ਕੇ ਉਹ ਆਪੋ-ਆਪਣੇ ਧਰਮ ਦੀ ਰੱਖਿਆ ਕਰ ਰਹੇ ਹਨ, ਉਸਦੇ ਵੱਕਾਰ ਨੂੰ ਵਧਾ ਰਹੇ ਹਨ।  ਆਪ ਉਹ ਹੀ ਨਹੀਂ, ਕਈ ਹੋਰ ਵਰਗਲਾਏ ਹੋਏ ਸਿੱਧੜ ਲੋਕ ਵੀ ਉਨ੍ਹਾਂ ਨੂੰ ਸੂਰਮਾ ਸਮਝਣ ਲੱਗ ਪੈਂਦੇ ਹਨ।

ਗਿਲਾ ਇਨ੍ਹਾਂ ਸਿੱਧੜ-ਸੂਝਿਆਂ ਨਾਲ ਨਹੀਂ, ਗਿਲਾ ਉਨ੍ਹਾਂ ਸੂਝਵਾਨ ਹੋਣ ਦਾ ਦਾਅਵਾ ਕਰਨ ਵਾਲਿਆਂ ਨਾਲ ਹੈ ਜੋ ਇਨ੍ਹਾਂ ਨੂੰ ਕੁਰਾਹੇ ਪਾਉਣ, ਇਨ੍ਹਾਂ ਦੀਆਂ ਆਪਣੀਆਂ  ਅਤੇ ਇਨ੍ਹਾਂ ਰਾਹੀਂ ਫੁੰਡੇ ਜਾਣ ਵਾਲਿਆਂ ਦੀਆਂ- ਜ਼ਿੰਦਗੀਆਂ ਬਰਬਾਦ ਕਰਨ ਦੇ ਅਸਲੀ ਦੋਸ਼ੀ ਹਨ। ਦੋਸ਼ੀ ਉਹ ਹਨ ਜੋ ਅਜਿਹੇ ਜਾਇਜ਼ ਨਾਜਾਇਜ਼ ਰੋਸਿਆਂ ਨੂੰ ਸਿਆਸੀ ਜਾਂ ਆਰਥਕ ਲਾਭ ਲਈ ਹਿੰਸਾ ਦੀ ਹਵਾ ਦੇਂਦੇ ਹਨ, ਅਤੇ ਫੇਰ ਪੰਜਾਬ ਨੂੰ ਸੜਦਾ ਦੇਖ ਮਗਰਮੱਛੀ ਹੰਝੂ ਵਹਾਉਂਦੇ ਹਨ। ਗਿਲਾ ਪੰਜਾਬੀ ਮੀਡੀਏ ਨਾਲ ਵੀ ਹੈ, ਜੋ ਇਨ੍ਹਾਂ ਦਿਨਾਂ ਵਿੱਚ ਆਪਣੀ ਪੁਰਾਣੀ ਫ਼ਿਰਕੂ ਰੰਗਤ ਲੈ ਕੇ (ਜਾਂ ਨਿਰੋਲ ਚੁੱਪੀ ਸਾਧ ਕੇ) ਅੱਜ ਮੁਜਰਮਾਨਾ ਕਟਹਿਰੇ ਵਿੱਚ ਖੜਾ ਦਿਸਦਾ ਹੈ।‘ਪੰਜਾਬ ਦੀ ਆਵਾਜ਼’ ਹੋਣ ਦਾ ਦਾਅਵਾ ਕਰਨ ਵਾਲੇ ਅਖਬਾਰ ਨੇ ਵੀ ਇਨ੍ਹਾਂ ਦਿਨਾਂ ਵਿੱਚ ਫ਼ਿਰਕੂ ‘ਸਪੋਕਸਮੈਨ’ ਦਾ ਰੋਲ ਹੀ ਨਿਭਾਇਆ। ਸ਼ਾਇਦ ਇਨ੍ਹਾਂ ਚੋਣਾਂ ਤੋਂ ਬਾਅਦ ਇੱਕ ਵਾਰ ਫੇਰ  ਉਸਦੇ ‘ਅੱਜ’ ਦੀ ਇਹੋ ਆਵਾਜ਼ ਬਣ ਗਈ ਹੈ। ਮੁੱਖ ਧਾਰਾ ਨਾਲ ਜੁੜਿਆ ਹੋਣ ਦਾ ਦਾਅਵਾ ਕਰਦਾ ਇਹ ਅਖਬਾਰ ਵੀ ਪੰਜਾਬ ਦੇ ਸਾਬਕ ਮੁੱਖ ਮੰਤਰੀ ਦੇ ਕਤਲ ਦੇ ਸਾਬਤ ਹੋ ਚੁੱਕੇ ਦੋਸ਼ੀ ਬਲਵੰਤ ਸਿੰਘ ਨੂੰ ‘ਭਾਈ ਰਾਜੋਆਣਾ’ ਕਹਿ ਰਿਹਾ ਸੀ।

ਸੋਚਦਾ ਹਾਂ, ਕੱਲ੍ਹ ਨੂੰ ਕੋਈ ਹੋਰ ਅਖਬਾਰ ਦਾਰਾ ਸਿੰਘ ਨੂੰ ‘ਪੰਡਿਤ’ ਦਾਰਾ ਸਿੰਘ, ਅਤੇ ਅਜਮਲ ਕਸਾਬ ਨੂੰ ‘ਮੌਲਾਨਾ’ ਅਜਮਲ ਕਸਾਬ ਦੇ ਇੱਜ਼ਤਦਾਰ ਲਕਬ ਨਾ ਦੇਣ ਲਗ ਪਵੇ… ਉਹ ਵੀ ਤਾਂ ਕੁਝ ਕੁ ਲੋਕਾਂ ਲਈ ‘ਜ਼ਿੰਦਾ ਸ਼ਹੀਦ’ ਤੋਂ ਘਟ ਨਹੀਂ…

‘ਪੰਜਾਬੀ ਯੂਨੀਵਰਸਿਟੀ ਸਿਕਓਰਟੀ’ ਕਰਦੀ ਹੈ ਵਿਦਿਆਰਥੀਆਂ ਦੇ ਵਿਅਕਤੀਗਤ ਅਧਿਕਾਰਾਂ ਦਾ ਹਣਨ – ਵਰਿੰਦਰ
ਭਾਰਤ ਦੀ ਪ੍ਰਗਤੀ ਦਾ ਲੇਖਾ ਜੋਖਾ -ਪੁਸ਼ਪਿੰਦਰ ਸਿੰਘ
ਪ੍ਰਫੁੱਲਤਾ ਦੀ ਕੁੰਜੀ ਭਾਰਤ ਤੇ ਅਫ਼ਗ਼ਾਨਿਸਤਾਨ ਦੇ ਕੋਲ਼ ਹੈ- ਮੁਹੰਮਦ ਸ਼ੋਇਬ ਆਦਿਲ
ਕਿਉਂ ਆਖਿਆ ਜਾਂਦੈ ਅੰਨਦਾਤਾ ਕਿਸਾਨ ਨੂੰ ? -ਗੁਰਚਰਨ ਪੱਖੋਕਲਾਂ
ਅਧਿਆਪਕ ਯੋਗਤਾ ਪਰੀਖਿਆ ਦੀਆਂ ਖਾਮੀਆਂ ਬਣੀਆਂ ਯੋਗ ਅਧਿਆਪਕਾਂ ਨੂੰ ਅਯੋਗ ਕਰਨ ਦਾ ਸਬੱਬ – ਹਰਜੀਤ ਸਿੰਘ ‘ਜੀਦਾ’
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਆਪਣੇ ਆਪ ਨੂੰ ਮਿਲਦਿਆਂ -ਇਕ਼ਬਾਲ ਰਾਮੂਵਾਲੀਆ

ckitadmin
ckitadmin
July 14, 2012
ਵਿੱਦਿਅਕ ਮੁਕਾਬਲੇ –ਮਲਕੀਅਤ ਸਿੰਘ ਸੰਧੂ
ਜਾਗੇ ਹੋਏ ਸੂਝਵਾਨੋ ਹੁਣ ਸਾਂਝੀ ਸਰਗਰਮੀ ਵੀ ਹੋਵੇ ! -ਕੇਹਰ ਸ਼ਰੀਫ਼
ਧਰਮ ਨਿਰਪੱਖ ਭਾਰਤ ਦੀ ਚਮਕ -ਨੀਲ
ਭਾਰਤ ਨੂੰ ਰੂਸ ਦੇ ਤਜ਼ਰਬੇ ਤੋਂ ਸਿੱਖਣ ਦੀ ਲੋੜ -ਡਾ. ਸਵਰਾਜ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?