ਪੱਥਰ ਨੂੰ ਕੀ ਪਤਾ
ਕਿ ਕਿਸ ਦੇ ਵੱਜਿਆ ਹੈ ਉਹ
ਖ਼ਤਾਵਾਰ ਹੈ ਜਾਂ ਬੇਖ਼ਤਾ
ਉਹ ਤਾਂ ਵਰਤਿਆ ਗਿਆ ਹੈ
ਬੇਸ਼ਕ ਉਸ ਨਾਲ
ਕਿਸੇ ਔਰਤ ਨੂੰ
ਜਾਂ ਅਨਲਹੱਕ ਕਹਿਣ ਵਾਲੇ
ਕਿਸੇ ਸਮਸਤਬਰੇਜ਼ ਨੂੰ ਮਾਰ
ਕਰ ਦਿਓ ਲਹੂ ਲੁਹਾਨ
ਕੋਸ ਨਾ ਉਸ ਪੱਥਰ ਨੂੰ
ਕੋਸ ਉਸ ਨੂੰ ਜਿਸ ਨੇ ਰੱਖਿਆ
ਰਸਤੇ ਵਿੱਚ ਇਹ ਪੱਥਰ

ਪੱਥਰ ਤਾਂ ਨਾਬੀਨਾ ਹੈ
ਉਸ ਨੂੰ ਕੁਝ ਸੁਣਾਈ ਨਹੀਂ ਦਿੰਦਾ
ਚੀਕ ਸ਼ੋਰ ਜਾਂ ਹਾਉਕਾ
ਸਵਾਲ ਤਾਂ ਹੱਥਾਂ ਦਾ ਹੈ
ਜਾਂ ਤੇਰੀ ਸੋਚ ਦਾ
ਪੱਥਰ ਤੋਂ ਸ਼ਿਵ ਦੀ ਮੂਰਤ ਬਣਾ
ਜਾਂ ਤਰਾਸ਼ ਅਜੰਤਾ ਦੀ ਸੂਰਤ
ਜਾਂ ਮੁਮਤਾਜ ਲਈ ਤਾਜ ਮਹਲ
ਪੱਥਰ ਸ਼ੈਤਾਨ ਵੀ ਬਣੇ
ਧੰਨੇ ਭਗਤ ਦਾ ਭਗਵਾਨ ਵੀ
ਜੇ ਅਕਲ ’ਤੇ ਨਾ ਪੈਣ ਪੱਥਰ
ਤਾਂ ਪੱਥਰ ਵੀ ਰੋਕ ਸਕਦਾ ਹੈ
ਸ਼ੈਤਾਨ ਦਾ ਸਫ਼ਰ
ਸੰਪਰਕ: +91 93565 83521

