By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੱਤ ਕੁਮਲਾ ਗਏ (ਕਾਂਡ-7) -ਅਵਤਾਰ ਸਿੰਘ ਬਿਲਿੰਗ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਮੀਡੀਆ-ਸਾਰ > ਪੱਤ ਕੁਮਲਾ ਗਏ (ਕਾਂਡ-7) -ਅਵਤਾਰ ਸਿੰਘ ਬਿਲਿੰਗ
ਮੀਡੀਆ-ਸਾਰ

ਪੱਤ ਕੁਮਲਾ ਗਏ (ਕਾਂਡ-7) -ਅਵਤਾਰ ਸਿੰਘ ਬਿਲਿੰਗ

ckitadmin
Last updated: June 15, 2025 7:23 am
ckitadmin
Published: August 19, 2013
Share
SHARE
ਲਿਖਤ ਨੂੰ ਇੱਥੇ ਸੁਣੋ

ਜਦੋਂ ਗੁਰਮੇਲ ਕੌਰ ਦੀ ਅੱਖ ਖੁੱਲ੍ਹੀ ਤਾਂ ਅਜੈਬ ਮੋਟਰ ਵੱਲ ਜਾ ਚੁੱਕਾ ਸੀ। ਧਾਰਾਂ ਚੋਅ ਕੇ ਦੁੱਧ ਸੰਭਾਲ ਲਿਆ ਗਿਆ ਸੀ। ਘਰ ਜੋਗਾ ਰੱਖ ਕੇ ਬਾਕੀ ਦਾ ਡੇਅਰੀ ਵਿੱਚ ਪਹੁੰਚਦਾ ਕਰ ਦਿੱਤਾ ਸੀ। ਕੀ ਜੈਬੇ ਨੇ ਉੱਠ ਕੇ ਏਨੀ ਫੁਰਤੀ ਦਿਖਾਈ ਸੀ? ਮੇਹਰੂ ਨੇ ਖੂਹ ਤੋਂ ਆ ਕੇ ਏਨਾ ਕੰਮ ਕਰ ਦਿੱਤਾ ਸੀ? ਜਾਂ ਬਾਲੇ ਵੱਲੋਂ ਸੱਦੀ ਕਿਸੇ ਗੁਆਂਢਣ ਨੇ ਸਭ ਕੁਝ ਕਰ ਦਿਖਾਇਆ ਸੀ? ਰਛਪਾਲ ਨੇ ਏਨਾ ਵੱਡਾ ਚਮਤਕਾਰ ਤਾਂ ਉਸ ਵਕਤ ਵੀ ਨਹੀਂ ਸੀ ਕੀਤਾ, ਜਦੋਂ ਉਹ ਪੂਰੀ ਤੰਦਰੁਸਤ ਹੁੰਦੀ। ਹੁਣ ਤਾਂ ਭਲਾ ਉਸ ਨੂੰ ਛਿਲੇ ਵਿੱਚੋਂ ਉੱਠੀ ਨੂੰ ਗਿਣਵੇਂ ਦਿਨ ਹੋਏ ਸਨ।

ਗੁਰਮੇਲੋ ਨੂੰ ਅੰਦਰੋ-ਅੰਦਰ ਸ਼ਰਮਿੰਦਗੀ ਮਹਿਸੂਸ ਹੋਈ। ਉਹ ਘੋੜੇ ਵੇਚ ਕੇ ਸੁੱਤੀ ਕਿਉਂ ਸੀ? ਜਿਸ ਦਿਨ ਦੀ ਉਹ ਮਾਨੂੰਪੁਰ ਵਿਆਹੀ ਆਈ ਸੀ, ਉਸਨੂੰ ਹਰੇਕ ਨੇ ਹਮੇਸ਼ਾ ਜਾਗਦੀ ਦੇਖਿਆ ਸੀ। ਸਭ ਤੋਂ ਮਗਰੋਂ ਸੌਣਾ ਤੇ ਸਭ ਤੋਂ ਪਹਿਲਾਂ ਜਾਗਣਾ—ਉਸਦਾ ਨਿਤਨੇਮ ਸੀ। ਜਿੰਨੇ ਵਰ੍ਹੇ ਉਹ ਸਾਂਝੇ ਪਰਿਵਾਰ ਵਿੱਚ ਰਹੀ, ਸੱਸ ਜਾਂ ਜੇਠਾਣੀ ਨੂੰ ਕਦੇ ਹਾਕ ਨਹੀਂ ਸੀ ਮਾਰਨੀ ਪਈ।

ਬਲਰਾਜ ਅਜੇ ਵੀ ਨੀਵੀਂ ਪਾਈ ਮਾਂ ਦੀਆਂ ਨਜ਼ਰਾਂ ਤੋਂ ਬਚਦਾ ਨਿੱਕੇ ਕਾਕੇ ਨਾਲ ਪਰਚਿਆ ਹੋਇਆ ਸੀ। ਜਵਾਕ ਉੱਤੇ ਕੋਡਾ ਹੋਇਆ ਆਪਣੇ ਤਿੱਖੇ ਨੱਕ ਨਾਲ ਰੌਣਕੀ ਦੇ ਕੁਤਕੁਤੀਆਂ ਕੱਢਣ ਦਾ ਦਿਖਾਵਾ ਕਰ ਰਿਹਾ ਸੀ। ਸੂਹਣ ਫੜੀ ਵਿਹੜਾ ਸੁੰਭਰਦੀ ਗੁਰਮੇਲ ਕੌਰ ਨੇ ਖੜ੍ਹ ਕੇ ਨਿਹਾਰਿਆ। ਉਸਦਾ ਪੋਤਰਾ ਜਿਵੇਂ ਮਣਕਿਆਂ ਵਰਗੀਆਂ ਸ਼ਾਹ ਕਾਲੀਆਂ ਅੱਖਾਂ ਨਾਲ ਆਪਣੇ ਪਿਓ ਨੂੰ ਪਛਾਣ ਰਿਹਾ ਸੀ। ਬੈੱਡ ਉੱਪਰ ਪਏ ਜਵਾਕ ਨੇ ਅਚਾਨਕ ਪਿਸ਼ਾਬ ਦੀ ਤੂਤਰੀ ਬਾਲੇ ਦੇ ਬੁੱਲ੍ਹਾਂ ਉੱਤੇ ਮਾਰੀ। ਉਸਦੀਆਂ ਮੁੱਛਾਂ ਭਿੱਜ ਗਈਆਂ। ਥੋੜੀ ਦੂਰ ਬੈਠੀਆਂ ਕਿਰਨ ਤੇ ਰਿੰਪੀ ਖਿੜ ਖਿੜਾ ਕੇ ਹੱਸੀਆਂ। ਗੁਰਮੇਲ ਕੌਰ ਨੇ ਵੀ ਇਹ ਨਜ਼ਾਰਾ ਦੇਖਿਆ। ਮਿੰਨੀ ਜਿਹੀ ਮੁਸਕਰਾਉਂਦੀ ਉਹ ਬੋਲੀ ਨਹੀਂ। ਰਾਤ ਵਾਲਾ ਬਦਲਾ ਰੌਣਕੀ ਨੇ ਆਪਣੇ ਡੈਡੀ ਤੋਂ ਲੈ ਲਿਆ ਸੀ। ਨਿੱਕੜਾ ਆਪਣੇ ਦਾਦੇ-ਦਾਦੀ ਦਾ ਕਿੰਨਾ ਵੱਡਾ ਹਮਾਇਤੀ ਸੀ। ਮਨ ਹੀ ਮਨ ਨਿਹਾਲ ਹੁੰਦੀ ਉਹ ਸੁੰਭਰਦੀ ਰਹੀ। ਛੋਟਾ ਵਿਹੜਾ! ਪੱਕਾ ਰਸਤਾ! ਰਾਹ ਸੁੰਭਰ ਕੇ ਉਹ ਪਾਰਲੇ ਵਾਗਲੇ ਵਿੱਚ ਰੜਕਾ ਮਾਰਨ ਚਲੀ ਗਈ।

ਅਜੀਬ ਜਿਹੇ ਖ਼ਿਆਲਾਂ ਨੇ ਹਾਲੇ ਵੀ ਉਸਨੂੰ ਘੇਰਿਆ ਹੋਇਆ ਸੀ। ਛੜਾ ਮਾਧੋ ਕਈ ਸਾਲ ਪਹਿਲਾਂ ਮਰ-ਮੁੱਕ ਗਿਆ ਸੀ। ਟਰਾਲੀ ਦੇ ਜੂਲ੍ਹੇ ਹੇਠ ਆ ਕੇ ਪਿਚਕੀ ਲੱਤ ਦੀ ਪਲਮ ਦੌੜ ਗਈ ਸੀ। ਜਿਊਂਦੇ ਜੀਅ ਛੜੇ ਨੇ ਗੁਰਮੇਲ ਤੋਂ ਗਿਣ ਗਿਣ ਬਦਲੇ ਲਏ ਸਨ। ਕੁੱਲ ਪੰਦਰਾਂ ਕਿੱਲਿਆਂ ਵਿੱਚੋਂ ਮੋਹਤਬਰ ਨੇ ਹਿੱਸੇ ਬੈਛਦੇ ਤਿੰਨ ਏਕੜ ਦੇ ਕੇ ਅਜੈਬ ਨੂੰ ਅੱਡ ਕਰ ਦਿੱਤਾ ਸੀ। ਦੋ ਹਿੱਸੇ ਆਪਣੇ ਅਤੇ ਈਸ਼ਰ ਕੌਰ ਦੇ ਵੀ ਰੱਖੇ ਸਨ। ਪੰਦਰਾਂ ਵਿੱਘੇ ਜ਼ਮੀਨ ਉੱਤੇ ਜੈਬਾ ਨਾ ਤਾਂ ਕੋਈ ਸਾਂਝੀ ਰੱਖ ਸਕਦਾ ਸੀ, ਨਾ ਹੀ ਬੀਤੀਆ। ਪਰ ਗੁਰਮੇਲੋ ਦੀ ਹੱਲਾਸ਼ੇਰੀ ਸਦਕਾ ਉਹ ਦੱਭ ਦੀ ਬੇੜ ਪਾ ਕੇ ਖੂਹ ਵਿੱਚ ਲਟਕ ਗਿਆ ਸੀ।

ਸੁਬ੍ਹਾ ਹਾਜ਼ਰੀ ਦੁਪਹਿਰਾ ਇਕੱਠਾ ਪਕਾ ਕੇ ਗੁਰਮੇਲੋ ਵੀ ਖੇਤ ਪਹੁੰਚ ਜਾਂਦੀ। ਜੈਬਾ ਹੱਲ੍ਹ ਵਾਹੁੰਦਾ ਤਾਂ ਉਹ ਛੰਡ ਚੁਗ਼ਦੀ। ਫੇਰ ਚਰ੍ਹੀ ਵੱਢਦੀ ਜਾਂ ਖੂੰਜੇ ਪੁੱਟਦੀ। ਹਰੇਕ ਰੁੱਤ ਅਨੁਸਾਰ ਕੋਈ ਵੀ ਕੰਮ ਕਰਦੀ, ਜੈਬੇ ਦਾ ਸਾਥ ਦਿੰਦੀ। ਗੋਦੀ ਦੇ ਜਵਾਕ ਨੂੰ ਵੀ ਖਿਡਾਉਂਦੀ।

 

ਢਾਕ ਉੱਤੇ ਨਿਆਣੇ ਨੂੰ ਸੰਭਾਲੀ, ਸਿਰ ਉੱਪਰ ਲੱਸੀ ਵਾਲਾ ਝੱਕਰਾ ਅਤੇ ਰੋਟੀਆਂ ਲਈ, ਇੱਕ ਹੱਥ ਵਿੱਚ ਤੀਜੇ ਪਹਿਰ ਵਾਲੀ ਚਾਹ ਖ਼ਾਤਰ ਦੁੱਧ ਦਾ ਡੋਲੂ ਫੜੀ, ਇੱਕ ਸੁਬ੍ਹਾ ਉਹ ਖੁੱਲਰਾਂ ਦੀ ਸਤੀ ਕੋਲੋਂ ਲੰਘ ਰਹੀ ਸੀ ਤਾਂ ਤਾਂ ਸਰਕੜੇ ਦੇ ਬੂਝਿਆਂ ਉਹਲਿਓਂ ਮਾਧੋ ਦੀ ਆਵਾਜ਼ ਆਈ:

ਤੂੰ ਵੀ ਸਾਡੇ ਵਿਹੜੇ,
ਕਦੇ ਅੱਗ ਲੈਣ ਆਏਂਗੀ।
ਅਸੀਂ ਹੱਸਾਂਗੇ ਕਲ਼ੇਜਾ ਠਾਰਾਂਗੇ,
ਤੇਰੀ ਚੱਪਣੀ ਵਗਾਹ ਕੇ ਮਾਰਾਂਗੇ।
‘‘ਤੇਰੀ ਦੇਹਲ਼ੀ ਕਦੇ ਵੀ ਪੈਰ ਨ੍ਹੀਂ ਪਾਊਗੀ, ਔਤ ਪ੍ਰੇਤਾ। ਕਿਸੇ ਗ਼ਰੀਬ ਦੇ ਦਰਾਂ ਮੂਹਰੇ ਸਵਾਲੀ ਬੇਸ਼ੱਕ ਬਣ ਜਾਵਾਂ।’’

ਕੰਨਾਂ ਵਿੱਚ ਕੌੜਾ ਤੇਲ ਪਾਈ ਤੁਰੀ ਜਾਂਦੀ ਗੁਰਮੇਲੋ ਨੇ ਕੇਵਲ ਮਨੀ ਰਾਮ ਨਾਲ ਗੱਲ ਕੀਤੀ ਸੀ। ਉਸ ਨੇ ਅੰਤਾਂ ਦੀਆਂ ਮੁਸੀਬਤਾਂ ਆਪਣੇ ਸਿਰ ਉੱਪਰ ਝੱਲੀਆਂ ਸਨ। ਪੇਕਿਆਂ ਤੋਂ ਇਮਦਾਦ ਨਹੀਂ ਸੀ ਮੰਗੀ। ਉਹਦਾ ਵੀਰ ਭਾਗ ਸਿੰਘ ਆਪਣੀ ਮਰਜ਼ੀ ਨਾਲ ਟਰੈਕਟਰ ਲਿਆ ਕੇ ਹਾੜ੍ਹੀ ਸਾਉਣੀ ਵਿੱਚ ਜ਼ਮੀਨ ਵਾਹ ਬੀਜ ਜਾਂਦਾ।

ਰੱਬ ਨੇ ਸੱਚਮੁੱਚ ਗੁਰਮੇਲੋ ਦੀ ਇੱਜ਼ਤ ਰੱਖੀ ਸੀ। ਉਸ ਨੇ ਅਣਖ ਮਟਕ ਨਾਲ ਜ਼ਿੰਦਗੀ ਕੱਟੀ ਸੀ। ਬਖ਼ਤੌਰੇ ਜਾਂ ਮਾਧੋ ਦੇ ਪਰਨੇ ਪੈਣਾ ਨਹੀਂ ਸੀ ਮੰਨਿਆ। ਨਾ ਹੀ ਆਪਣੇ ਸਹੁਰੇ ਮਹਿੰਦਰ ਸਿੰਘ ਜਾਂ ਉੱਚੇ ਨਕੌੜੇ ਵਾਲੀ ਈਸ਼ਰ ਕੌਰ ਅੱਗੇ ਹੱਥ ਅੱਡਿਆ।

ਜ਼ਬਤੀ ਜਾਂ ਵਟਾਈ ਉੱਤੇ ਹੋਰਾਂ ਦੀ ਜ਼ਮੀਨ ਵਾਹੁੰਦਾ ਜੈਬਾ ਕਦੇ ਕਦਾਈਂ ਡੋਲਦਾ ਦਿਸਦਾ ਤਾਂ ਗੁਰਮੇਲੋ ਧੀਰਜ ਬੰਨ੍ਹਾਉਂਦੀ- ‘‘ਸਫ਼ ਬੇਸ਼ੱਕ ਲੰਬਾ ਅਰ ਬੇਜੈਂਅ ਔਖਾ ਕੱਟਣਾ ਪੈ ਗਿਆ, ਜੈਬ ਸਿਆਂ, ਪਰ ਆਪਾਂ ਜ਼ਰੂਰ ਕਿਤੇ ਨਾ ਕਿਤੇ ਉਪੜਾਂਗੇ।’’

ਸੇਰੀ ਢਾਹੀ ਬੈਠਾ ਅਜੈਬ ਜਦੋਂ ਗੁਰਮੇਲੋ ਦੀ ਦਗੂੰ ਦਗੂੰ ਕਰਦੀ ਨੁਹਾਰ ਅਤੇ ਨੱਚਦੇ ਨੈਣਾਂ ਵੱਲ ਦੇਖਦਾ ਤਾਂ ਇੱਕਲਖ਼ਤ ਕੰਡੇ ਉੱਤੇ ਹੋ ਜਾਂਦਾ।

ਘਰ ਵਿੱਚ ਬੈਠੀ ਰਜ਼ਾਈਆਂ ਨਗੰਦ ਰਹੀ, ਸੂਤ ਅਟੇਰਦੀ ਜਾਂ ਗੁਆਂਢਣ ਜਰਨੈਲ ਕੌਰ ਨਾਲ ਸਾਂਝੀ ਦਰੀ ਚੜ੍ਹਾਈਂ ਪੰਜਾ ਚਲਾਉਂਦੀ ਉਹ ਅਚਾਨਕ ਚੁੱਪ ਵੱਟ ਲੈਂਦੀ ਤਾਂ ਭਾਈ ਜੀ ਦੀ ਘਰਵਾਲੀ ਜੈਲੋ ਉਸ ਨੂੰ ਹੱਲਾਸ਼ੇਰੀ ਦਿੰਦੀ, ‘‘ਦੇਖੀਂ ਤਾਂ ਸਹੀ ਗੁਰਮੇਲ ਕੁਰੇ! ਜਿੱਦਣ ਤੇਰੇ ਮੁੰਡੇ ਉੱਠ ਖੜ੍ਹੇ, ਰੰਗ ਲੱਗ ਜਾਣਗੇ। ਸਿਰੜੀ ਬੰਦਾ ਕੱਖ ਤੋਂ ਲੱਖ ਬਣਾ ਲਿੰਦੈ! ਇਹ ਜ਼ਮੀਨਾਂ-ਜ਼ਮੂਨਾਂ ’ਕੱਲੀਆਂ ਕੁਸ਼ ਨ੍ਹੀਂ ਕਰਦੀਆਂ ਹੁੰਦੀਆਂ।’’

ਜਰਨੈਲ ਕੌਰ ਨੇ ਹਰ ਔਖ-ਸੌਖ ਵੇਲੇ ਉਸ ਦਾ ਸਾਥ ਦਿੱਤਾ। ਅੜਦੇ-ਥੁੜਦੇ ਘਰੇਲੂ ਚੀਜ਼ਾਂ ਲੈਣ-ਦੇਣ ਦੀ ਵੀ ਸਾਂਝ ਸੀ। ਭਾਈ ਜੀ ਭਾਵੇਂ ਹੌਲਦਿਲਾ ਸੀ, ਪਰ ਰੁਪਏ-ਧੇਲੇ ਦੀ ਛੋਟੀ ਮੋਟੀ ਗ਼ਰਜ਼ ਜੈਲੋ ਜ਼ਰੂਰ ਸਾਰ ਦਿੰਦੀ। ਵੱਡੀ ਰਕਮ ਖ਼ਾਤਰ ਫ਼ਰੌਟੀਏ ਦਾ ਬੂਹਾ ਖੜਕਾਉਣਾ ਪੈਂਦਾ। ਖੇਤੀ ਦੇ ਕਿਸੇ ਸੰਦ ਦੀ ਜ਼ਰੂਰਤ ਪੈਂਦੀ ਤਾਂ ਅਮਰੇ ਭੇੜੂ ਅਤੇ ਸਰਵਣ ਪਾਤਸ਼ਾਹ ਵਰਗੇ ਵੀ ਕਦੇ ਜਵਾਬ ਨਾ ਦਿੰਦੇ। ਫੇਰ ਉਹਨਾਂ ਨੇ ਬਾਹਰ ਫਿਰਨੀ ਉੱਪਰ ਹਰੀ ਸਿਹੁੰ ਦੇ ਨਾਲ ਹੀ ਖੱਤਰੀਆਂ ਵਾਲਾ ਥਾਂ ਖ਼ਰੀਦ ਲਿਆ ਸੀ।

‘‘ਅੱਜ ਕਿੱਥੇ ਹੈਂ ਤੂੰ ਮਿੰਦਰ ਸਿਆਂ? ਅਰ ਕਿਥੇ ਗਿਆ ਤੇਰਾ ਲਾਡਲਾ ਮਾਧੋ?’’ ਬਾਹਰਲਾ ਵਾਗਲਾ ਸੁੰਭਰਦੀ ਗੁਰਮੇਲੋ ਅਚਾਨਕ ਏਨੀ ਉੱਚੀ ਬੋਲੀ ਕਿ ਪਹਾੜੀ ਅੱਕਾਂ ਵਿੱਚ ਕੀੜੇ ਪਤੰਗੇ ਚੁਗਦੀਆਂ ਮੁਰਗਾਬੀਆਂ ਟੋਭੇ ਤੋਂ ਪਾਰ ਉਡਾਰੀ ਮਾਰ ਗਈਆਂ।

‘‘ਜੇ ਕਿਤੇ ਸਾਡੀ ਔਲਾਦ ਥੋੜੀ ਜਿਹੀ ਵੀ ਸਿਦਕਵਾਨ ਨਿਕਲੀ ਹੁੰਦੀ, ਅਸੀਂ ਤਾਂ ਸਿਓਨੇ ਦੇ ਕੋਟ ਉਸਾਰ ਦਿੰਦੇ।’’ ਆਪਣੇ ਆਪ ਵਿੱਚ ਗੁਆਚੀ ਗੁਰਮੇਲ ਕੌਰ ਨੇ ਲੱਕ ਸਿੱਧਾ ਕੀਤਾ ਤੇ ਡੂੰਘਾ ਸਾਹ ਲਿਆ। ਰਿੰਪੀ ਦੀ ਹਾਕ ਵੀ ਉਹਨੂੰ ਸੁਣਾਈ ਨਹੀਂ ਦਿੱਤੀ।

‘‘ਮਖਿਆ, ਤੁਸੀਂ ਚਾਹ ਨਹੀਂ ਪੀਣੀ ਅੱਜ, ਬੀ ਜੀ?’’ ਪੋਤੀ ਨੇ ਫੇਰ ਪੁੱਛਿਆ। ਚਾਹ ਦਾ ਗਲਾਸ ਅਤੇ ਲੱਪ ਕੁ ਬਦਾਣਾ-ਪਕੌੜੀਆਂ ਦੀ ਕੌਲੀ ਵਿੱਚ ਪਾਈ, ਉਹ ਦਾਦੀ ਕੋਲ਼ ਆ ਪਹੁੰਚੀ।

ਰੜਕਾ ਭੁੰਜੇ ਰੱਖ ਕੇ ਉਸ ਨੇ ਰਿੰਪੀ ਦਾ ਮੂੰਹ ਚੁੰਮਿਆ। ਅੱਕਾਂ ਕੋਲ ਪਏ ਮੁਰਗੇ ਦੇ ਖੰਭ ਹੂੰਝ ਕੇ ਟੋਭੇ ਵੱਲ ਨੂੰ ਕਰ ਦਿੱਤੇ। ਜਵਾਨੀ ਦੇ ਦਿਨਾਂ ਨਾਲ ਜੂਝਦੀ ਜਿਵੇਂ ਉਹ ਦੁਬਾਰਾ ਆਪਣੇ ਵਾਗਲੇ ਵਿੱਚ ਆ ਉੱਤਰੀ, ‘‘ਚੱਲ ਨੀ ਮੁੰਨੜੀਏ। ਹੱਥ ਮੂੰਹ ਧੋ ਕੇ ਤੇਰੀ ਮੰਮੀਂ-ਨਿਕੰਮੀਂ ਕੋਲ ਬਹਿ ਕੇ ਹੀ ਚਾਹ ਝੁਲਸੂੰਗ3।’’ ਉਸ ਨੇ ਰਿੰਪੀ ਨੂੰ ਤੁਰਨ ਲਈ ਇਸ਼ਾਰਾ ਕੀਤਾ।

‘‘ਮੇਰੀ ਮੰਮੀਂ ਭਲਾ ਨਿਕੰਮੀਂ ਕਿਵੇਂ ਹੋਗੀ, ਬੀ ਜੀ?’’

ਤੁਰੀ ਜਾਂਦੀ ਕੁੜੀ ਆਪਣੀ ਦਾਦੀ ਨਾਲ ਚਹੇਡਾਂ ਕਰਨ ਲੱਗੀ।

‘‘ਨੀ ਉਹ ਕਿਹੜਾ ਡੱਕਾ ਤੋੜਦੀ ਐ, ਥੋਡੀ ਪਾਲੋ? ਸਾਰੀ ਦਿਹੜੀ ਤਾਂ ਮੰਜਾ ਨਹੀਂ ਛੱਡਦੀ।’’ ਗੁਰਮੇਲ ਕੌਰ ਨੇ ਆਪਣੇ ਬੋਲਾਂ ਵਿੱਚੋਂ ਬਨਾਵਟ ਨਹੀਂ ਝਲਕਣ ਦਿੱਤੀ।

‘‘ਕਿਉਂ? ਕਾਕੇ ਨੂੰ ਨਹੀਂ ਸੰਭਾਲਦੀ? ਹੋਰ ਕੀ ਕੀ ਕਰੀ ਜਾਵੇ?’’

ਤੋਤੇ ਵਾਂਗ ਟੀਕੂ-ਟੀਕੂ ਕਰਦੀ ਰਿੰਪੀ ਵਿਹੜੇ ਵੜਦੀ ਸਾਰ ਆਪਣੀ ਮੰਮੀ ਵੱਲ ਨੱਠੀ।

ਨਲਕੇ ਮੂਹਰੇ ਜਾ ਬੈਠੀ, ਹੱਥ-ਮੂੰਹ ਧੋਂਦੀ ਗੁਰਮੇਲ ਕੌਰ ਉੱਪਰ ਮੁੜ ਪੁਰਾਣੀਆਂ ਸੋਚਾਂ ਭਾਰੂ ਹੋ ਗਈਆਂ।…

ਬਾਲਾ ਭਾਵੇਂ ਸ਼ਰਾਬੀ ਸੀ, ਲੱਖ ਮਾੜਾ ਸੀ, ਪਰ ਉਸਦੀ ਘਰਵਾਲੀ ਵਿੱਚ ਤਾਂ ਕੋਈ ਭੜ ਨਹੀਂ ਸੀ। ਕੰਮ ਕਾਰ ਕਰਨ ਨੂੰ ਜਿੱਲ੍ਹੀ ਜ਼ਰੂਰ ਸੀ, ਪਰ ਆਪਣੀ ਸੱਸ ਦਾ ਕਿੰਨਾਂ ਫ਼ਿਕਰ ਰੱਖਦੀ। ਰਛਪਾਲ ਨੇ ਹੀ ਉਚੇਚ ਨਾਲ ਉੱਠ ਕੇ ਆਪ ਚਾਹ ਬਣਾਈ ਸੀ। ਧਾਰਾਂ ਵੀ ਆਪ ਚੋਈਆਂ ਸਨ। ਵਿਹੜਾ ਸੁੰਭਰਦੀ ਗੁਰਮੇਲ ਕੌਰ ਨੂੰ ਜੈਲੋ ਸਭ ਕੁਝ ਦੱਸ ਗਈ ਸੀ। ਛੋਟੀ ਨੂੰਹ ਜਿੰਨੀਂ ਨਿਮਰਤਾ ਹੋਰ ਕਿਸ ਵਿੱਚ ਹੋਜੂ? ਰਾਤ ਨੂੰ ਗਾਲ੍ਹਾਂ ਖਾ ਕੇ ਸੁੱਤੀ ਸਵੇਰੇ ਸਭ ਕੁਝ ਭੁੱਲ ਗਈ ਸੀ। ਸੋਹਣੇ ਦੀ ਹਰਮੀਤੋ ਹੁੰਦੀ ਤਾਂ ਦੁਪਹਿਰ ਤੱਕ ਮੂੰਹ ਸੁਜਾਈ ਪਈ ਰਹਿੰਦੀ। ਪੋਤੀਆਂ ਕਰਨ ਅਤੇ ਰਿੰਪੀ ਵੀ ਕਿੰਨਾਂ ਪਿਆਰ ਲੈਂਦੀਆਂ।…ਰਸੋਈ ਅੰਦਰ ਬੈਠੀ, ਰੁਕ ਰੁਕ ਚਾਹ ਦੀਆਂ ਘੁੱਟਾਂ ਭਰਦੀ ਗੁਰਮੇਲ ਕੌਰ ਮੁੜ ਭਾਵੁਕ ਹੋ ਗਈ। ਉਹਦਾ ਬਲਰਾਜ ਵੀ ਏਨਾ ਮਾੜਾ ਤਾਂ ਨਹੀਂ ਸੀ। ਉਹਦੀ ਸ਼ਰਾਬ ਜ਼ਰੂਰ ਮਾੜੀ ਸੀ। ਮੁੰਡੇ ਦੇ ਦਿਲ ਵਿੱਚ ਆਪਣੇ ਮਾਪਿਆਂ ਲਈ ਬਥੇਰਾ ਉੱਗਰ-ਆਦਰ ਸੀ।

ਮੂੰਹ ਢਕੀ ਪਏ ਪੁੱਤਰ ਉਪਰ ਉਸ ਨੂੰ ਤਰਸ ਆਇਆ। ਉਸ ਨੇ ਦੁੱਧ ਦਾ ਗਲਾਸ ਆਪ ਗਰਮ ਕੀਤਾ ਅਤੇ ਬਾਲੇ ਨੂੰ ਹਲੂਣਿਆ, ‘‘ਉੱਠ ਪੁੱਤ! ਦੁੱਧ ਦਾ ਘੁੱਟ ਪੀ ਕੇ ਕਿਸੇ ਆਹਰ ਲੱਗ।’’ ਉਸ ਨੇ ਬਾਲੇ ਦਾ ਮੂੰਹ ਨੰਗਾ ਕੀਤਾ। ਚੰਗੇ ਰੌਂਅ ਵਿੱਚ ਹੁੰਦੀ ਤਾਂ ਹਰ ਸੁਬ੍ਹਾ ਏਹੀ ਆਖਦੀ।

‘‘ਕਿਹੜੇ ਕੰਮ ਲੱਗਾਂ? ਦਿਹਾੜੀ ਜੋਤਾ ਤਾਂ ਹੁਣ ਮੈਥੋਂ ਕਰ ਨ੍ਹੀਂ ਹੋਣਾ।’’ ਮੁੰਡੇ ਨੇ ਨਿਹੋਰਾ ਝਾੜਿਆ।

‘‘ਦਿਹਾੜੀ ਕਰਨ ਨੂੰ ਤੈਨੂੰ ਕੌਣ ਕਹਿੰਦਾ?’’ ਮਾਂ ਨੇ ਪੁੱਤਰ ਦੀਆਂ ਅੱਖਾਂ ਵਿੱਚ ਦੇਖਿਆ, ਜਿਥੇ ਚਬਰੀਕੀ ਨਾਲੋਂ ਲਾਚਾਰੀ ਝਲਕਦੀ ਸੀ।
‘‘ਤੁਸੀਂ ਤਾਂ ਏਹੀ ਚਾਹੁੰਨੇ ਓ, ਬੀਬੀ ਬਈ ਬੀ.ਏ. ਕਰੀ ਬੈਠਾ ਮੈਂ ਕਿਸੇ ਮਿੱਲ ’ਚ ਜਾ ਲੱਗਾਂ?’’ ਮੁੰਡਾ ਰੋਣਹਾਕਾ ਹੋ ਗਿਆ ਸੀ।

ਬਲਰਾਜ ਨੂੰ ਸਵੇਰੇ ਚੁਸਤ-ਦਰੁਸਤ ਦੇਖ ਕੇ ਸ਼ਰਾਬੀ ਕੋਈ ਨਹੀਂ ਸੀ ਕਹਿ ਸਕਦਾ। ਸ਼ਰਾਬੀ ਤਾਂ ਉਹ ਤੀਜੇ ਪਹਿਰ ਤੋਂ ਪਿੱਛੋਂ ਬਣਦਾ, ਜਦੋਂ ਬੇਵੱਸ ਹੋਇਆ ਠੇਕੇ ਵੱਲ ਭੱਜ ਲੈਂਦਾ।
‘‘ਤੂੰ ਕੁਸ਼ ਵੀ ਨਾ ਕਰ, ਕਾਕਾ। ਊ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ। ਭਾਪਿਆਂ ਕੰਨੀਂ ਦੇਖ ਲੈ। ਓਧਰੋਂ ਹੱਲਿਆਂ ਵੇਲੇ ਉਜੜ ਕੇ ਏਧਰ ਖ਼ਾਲੀ ਹੱਥ ਆਏ। ਮਿੰਨ੍ਹਤ ਦੇ ਸਿਰ ਉੱਤੇ ਅੱਜ ਫੇਰ ਲੱਖਾਂ ਕਰੋੜਾਂਪਤੀ ਬਣੇ ਫਿਰਦੇ ਨੇ।…ਦੇਖ, ਤੂੰ ਲੋਕਾਂ ਤੋਂ ਉਧਾਰ ਪੈਸੇ ਮੰਗ ਕੇ ਦਾਰੂ ਨਾ ਪੀਆ ਕਰ। ਏਹਦੇ ’ਚ ਸਾਡੀ ਇੱਜ਼ਤ ਨਹੀਂ ਰਹਿੰਦੀ।’’

ਉਹ ਬਾਲੇ ਨੂੰ ਸਮਝਾਉਂਦੀ ਰਹੀ। ਉਹ ਸ਼ਰਾਬ ਪੀਣੀ ਛੱਡ ਦੇਵੇ। ਸੋਫ਼ੀ ਰਹਿਣਾ ਸਿੱਖੇਗਾ ਤਾਂ ਕੰਮ ਧੰਦੇ ਲੱਗਣ ਨੂੰ ਵੀ ਉਸਦਾ ਜੀਅ ਕਰੇਗਾ। ਕਿਰਤ ਕਰਨ ਵਾਲਿਆਂ ਨੂੰ ਰੁਜ਼ਗਾਰ ਦੀ ਘਾਟ ਨਹੀਂ ਹੁੰਦੀ। ਆਖ਼ਰ ਬੇਜ਼ਮੀਨੇ ਲੋਕ ਵੀ ਤਾਂ ਦਸਾਂ ਨਹੁੰਆਂ ਦੀ ਕਮਾਈ ਸਹਾਰੇ ਜੀਵਨ ਬਸਰ ਕਰਦੇ ਹੀ ਸਨ।

ਆਪਣੇ ਸੁਭਾਅ ਉਹ ਬੋਲਦੀ ਹੀ ਰਹੀ। ਦੁੱਧ ਪੀਂਦਾ ਬਲਰਾਜ ਮੁੜ ਕੇ ਨਹੀਂ ਕੁਸਕਿਆ। ਚੁੱਪ ਬੈਠਾ, ਜਿਵੇਂ ਰਾਤ ਦੇ ਕਾਰੇ ਉੱਪਰ ਪਛਤਾਅ ਰਿਹਾ ਹੋਵੇ।

‘‘ਕੀ ਏਹਨੂੰ ਰਾਤ ਵਾਲਾ ਝੱਜੂ ਯਾਦ ਨਹੀਂ?’’ ਗੁਰਮੇਲੋ ਨੇ ਆਪਣੇ ਮਨ ਤੋਂ ਪੁੱਛਿਆ।

‘‘ਏਹ ਸ਼ਰਾਬੀ, ਨਸ਼ਈ ਬੜੇ ਕੌਤਕੀ ਹੁੰਦੇ ਨੇ, ਮੇਲੋ। ਸਾਰੀ ਸੁਰਤ ਹੁੰਦੀ ਐ, ਇਹਨਾਂ ਨੂੰ! ਜਾਣ ਬੁੱਝ ਕੇ ਮਚਲੇ ਹੋ ਜਾਂਦੇ ਨੇ।’’ ਗੁਰਮੇਲ ਕੌਰ ਦੇ ਅੰਦਰੋਂ ਹੀ ਆਵਾਜ਼ ਆਈ।

ਪੱਤ ਕੁਮਲਾ ਗਏ (ਕਾਂਡ-4) -ਅਵਤਾਰ ਸਿੰਘ ਬਿਲਿੰਗ
ਪੱਤ ਕੁਮਲਾ ਗਏ (ਕਾਂਡ-6) -ਅਵਤਾਰ ਸਿੰਘ ਬਿਲਿੰਗ
ਖ਼ਤਰੇ ਵਿੱਚ ਲੋਕਤੰਤਰ ਦਾ ਚੌਥਾ ਥੰਮ੍ਹ -ਸ਼ਿਵ ਇੰਦਰ ਸਿੰਘ
ਪੱਤ ਕੁਮਲਾ ਗਏ (ਕਾਂਡ-3) -ਅਵਤਾਰ ਸਿੰਘ ਬਿਲਿੰਗ
ਮੰਗੋ ਮਾਈ -ਮੁਖਤਿਆਰ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਚੀਸ – ਭੁਪਿੰਦਰ ਸਿੰਘ ਬੋਪਾਰਾਏ

ckitadmin
ckitadmin
October 23, 2016
ਮੈਂ ਕਿਉਂ ਲਿਖਦਾ ਹਾਂ -ਅਵਤਾਰ ਸਿੰਘ ਬਿਲਿੰਗ
ਆਜ਼ਾਦ ਭਾਰਤ ਤੇ ਅਸੰਵੇਦਨਸ਼ੀਲ ਸਰਕਾਰਾਂ – ਗੋਬਿੰਦਰ ਸਿੰਘ ਢੀਂਡਸਾ
ਵਿੱਦਿਆ ਦੇ ਨਾਂ ’ਤੇ ਲੁੱਟੇ ਜਾਂਦੇ ਗ਼ਰੀਬ ਲੋਕ – ਗੁਰਚਰਨ ਪੱਖੋਕਲਾਂ
ਝੂਠੇ ਪੁਲਿਸ ਮੁਕਾਬਲਿਆਂ ਨੂੰ ਰੋਕਿਆ ਜਾਵੇ – ਗੁਰਤੇਜ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?