By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੱਤ ਕੁਮਲਾ ਗਏ (ਕਾਂਡ-4) -ਅਵਤਾਰ ਸਿੰਘ ਬਿਲਿੰਗ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਮੀਡੀਆ-ਸਾਰ > ਪੱਤ ਕੁਮਲਾ ਗਏ (ਕਾਂਡ-4) -ਅਵਤਾਰ ਸਿੰਘ ਬਿਲਿੰਗ
ਮੀਡੀਆ-ਸਾਰ

ਪੱਤ ਕੁਮਲਾ ਗਏ (ਕਾਂਡ-4) -ਅਵਤਾਰ ਸਿੰਘ ਬਿਲਿੰਗ

ckitadmin
Last updated: June 15, 2025 7:28 am
ckitadmin
Published: May 24, 2013
Share
SHARE
ਲਿਖਤ ਨੂੰ ਇੱਥੇ ਸੁਣੋ

-4-


ਉਡੀਕ ਉਡੀਕ ਕੇ ਗੁਰਮੇਲੋ ਨੇ ਵਿਹੜੇ ਦਾ ਫਾਟਕ ਬੰਦ ਕਰ ਦਿੱਤਾ। ਉਸ ਦੀ ਛੋਟੀ ਨੂੰਹ ਰਛਪਾਲ ਸਵਾ ਮਹੀਨੇ ਦੇ ਜਵਾਕ ਨੂੰ ਦੁੱਧ ਚੁੰਘਾਉਂਦੀ ਡੁਸਕਣ ਲੱਗੀ। ਅੱਜ ਸਾਰਾ ਦਿਨ ਨੂੰਹ ਰਾਣੀ ਹੱਸਦੀ, ਖੇਡਦੀ, ਗੁਟਕਦੀ ਰਹੀ ਸੀ। ਉਸ ਲਈ ਅਜੈਬ ਸਿੰਘ ਨੇ ਉਲ-ਫਰੂਟ, ਸੁੱਕੇ ਮੇਵੇ ਅਤੇ ਹੋਰ ਕਾਫ਼ੀ ਕੁਝ ਉਚੇਚ ਨਾਲ ਮੰਗਵਾਇਆ ਸੀ। ਪਹਿਲੇ ਛੇ ਮਹੀਨੇ ਭੁੱਖਾ-ਤਿਹਾਇਆ ਰਿਹਾ ਜਵਾਕ ਜ਼ਿੰਦਗੀ ਭਰ ਦਸੌਂਟੇ ਕੱਟਦਾ ਹੈ਼ਇਹ ਧਾਰਨਾ ਜੈਬੇ ਦੇ ਮਨ ਵਿੱਚ ਬਚਪਨ ਤੋਂ ਵਸੀ ਹੋਈ ਸੀ। ਰਾਮ ਤੇ ਲਛਮਣ ਛਟੀ ਦੇ ਭੁੱਖੇ ਸਨ ਤਾਂ ਹੀ ਉਹਨਾਂ ਨੂੰ ਕਸ਼ਟ ਸਹਿਣੇ ਪਏ। ਉਹ ਅਕਸਰ ਇਹ ਕਥਾ ਸੁਣਾਉਂਦਾ।

 


ਛਿਲੇ ਵਿੱਚ ਪਈ ਰਛਪਾਲ ਨੂੰ ਵੀ ਉਹ ਆਪਣੀ ਪਤਨੀ ਰਾਹੀਂ ਤਾੜਦਾ ਰਿਹਾ ਸੀ।ਉਸਨੂੰ ਆਪਣੇ ਇਸ ਪੋਤਰੇ ਤੋਂ ਉੱਚੀਆਂ ਉਮੀਦਾਂ ਸਨ, ਜਿਸ ਦੀ ਪਰਵਰਿਸ਼ ਵਿੱਚ ਉਹ ਕੋਈ ਕਸਰ ਨਹੀਂ ਛੱਡੇਗਾ। ਬੱਚੇ ਨੂੰ ਗੁੜ੍ਹਤੀ ਦੇਣ ਵੇਲੇ ਦਾਦਾ-ਦਾਦੀ ਦੋਵੇਂ ਆਪਸ ਵਿੱਚ ਭਿੜ ਪਏ ਸਨ। ਨੰਨ੍ਹੇ-ਮੁੰਨ੍ਹੇ ਨੂੰ ਗੁੜ੍ਹਸੁੱਤੀ ਅਜੈਬ ਸਿਹੁੰ ਦੇਵੇ ਤਾਂ ਕਿ ਵੱਡਾ ਹੋ ਕੇ ਉਹ ਦਾਦੇ ਜਿਹਾ ਮਿਹਨਤੀ ਅਤੇ ਵਿਹਾਰੀ ਬੰਦਾ ਬਣੇ, ਮੇਲੋ ਜ਼ੋਰ ਦਿੰਦੀ। ਪਰ ਜੈਬੇ ਦੀ ਇੱਛਾ ਮੇਲੋ ਕੋਲੋਂ ਗੁੜ੍ਹਤੀ ਦਿਵਾਉਣ ਦੀ ਸੀ। ਤਾਂਹੀ ਮੁੰਡਾ ਆਪਣੀ ਦਾਦੀ ਵਰਗਾ ਸਿਰੜੀ ਅਤੇ ਸਬਰ ਵਾਲਾ ਹੋਵੇਗਾ। ਚੰਗੀਆਂ ਨੀਤਾਂ ਨੂੰ ਮੁਰਾਦਾਂ ਆਪੇ ਲੱਗ ਜਾਣਗੀਆਂ। ਇਸ ਹੋਣਹਾਰ ਬਾਲਕ ਨੂੰ ਉਹ ਆਹਲਾ ਤੋਂ ਆਹਲਾ ਸਕੂਲ ਵਿੱਚ ਪੜ੍ਹਾਵੇਗਾ। ਛੱਡਣ-ਲਿਆਉਣ ਦੀ ਖੇਚਲ ਆਪ ਝੱਲੇਗਾ। ਉਦੋਂ ਤੱਕ ਉਸ ਨੇ ਸਕੂਟਰੀ ਖਰੀਦ ਲੈਣੀ ਹੈ। ਭਾਈ ਜੀ ਹਰੀ ਸਿਹੁੰ ਵਰਗੀ ਭੂੰਡੀ ਜਿਹੀ ਜਿਹੜੀ ‘ਸ਼ੂੰਅ…ਅ’ ਦੇ ਕੇ ਦਾਦੇ-ਪੋਤੇ ਨੂੰ ਖੰਨੇ ਅਪੜਦੇ ਕਰ ਦੇਵੇ। ਉਦੋਂ ਤੱਕ ਉਹ ਖੇਤੀ ਦਾ ਰੱਸਾ ਵੀ ਲਪੇਟ ਦੇਵੇਗਾ। ਆਪਣੀਆਂ ਸਕੀਮਾਂ ਉਸਨੇ ਪਰਿਵਾਰ ਨੂੰ ਵੀ ਹੁੱਬ ਕੇ ਦੱਸੀਆਂ ਸਨ।

‘‘ਹੋਰ ਕਿਸੇ ਬੱਚੇ ਦਾ ਏਨਾ ਚਾਓ-ਲਾਡ ਨਹੀਂ ਕੀਤਾ, ਚਾਚਾ ਜੀ ਨੇ!”
ਬਖ਼ਤੌਰੇ ਮੀਸਣੇ ਦੀ ਨੂੰਹ ਮਨਜੋਤ ਨੇ ਵੀ ਅੱਜ ਦਿਨ ਵਿੱਚ ਆਪਣੇ ਪਤਿਓ੍ਹਰੇ ਦੀ ਸਿਫ਼ਤ ਕੀਤੀ ਸੀ। ਬਾਹਰੋਂ ਆਈ ਜੋਤੀ, ਅਜੈਬ ਵੱਲੋਂ ਕੀਤੇ ਬੱਚੇ ਦੇ ਰੱਖ-ਰਖਾਓ ਤੋਂ ਬੇਹੱਦ ਪ੍ਰਭਾਵਿਤ ਸੀ।

‘‘ਬਚਪਨ ‘ਚ ਇਹ ਬਾਹਮਣਾਂ ਕੋਲ਼ ਬੈਠਦਾ ਰਿਹੈ, ਜੋਤੀ।” ਗੁਰਮੇਲੋ ਦੀ ਜੇਠਾਣੀ ਕੇਹਰ ਕੌਰ ਹੁੱਬ-ਹੁੱਬ ਜੈਬੇ ਦੀਆਂ ਸਿਫ਼ਤਾਂ ਕਰਦੀ ਰਛਪਾਲ ਨੇ ਆਪ ਸੁਣੀ ਸੀ।…

ਅੰਦਰ ਪਈ ਰਛਪਾਲ ਨੇ ਦੱਬਵਾਂ ਹਉਂਕਾ ਲਿਆ। ਪਰ ਸਾਹਮਣੇ ਪਲਾਸਟਿਕ ਦੀ ਪੀੜੀ ਉਪਰ ਬੈਠੀ ਉਹਦੀ ਆਪਣੀ ਸੱਸ ਨੂੰ ਜਿਵੇਂ ਕੋਈ ਫ਼ਿਕਰ ਨਹੀਂ ਸੀ। ਗੁਰਮੇਲੋ ਆਪਣੀ ਨੂੰਹ ਵੱਲ ਏਨੀ ਬੇਰੁਖੀ ਕਿਉਂ ਦਿਖਾਉਂਦੀ ਸੀ। ਰਛਪਾਲ ਨੂੰ ਆਪਣੇ ਕਸੂਰ ਦੀ ਸਮਝ ਨਹੀਂ ਸੀ ਲੱਗ ਰਹੀ। ਚੁੱਪ ਰਹਿ ਕੇ ਰੋਣਾ, ਉਹਦੀ ਆਦਤ ਬਣ ਗਈ ਸੀ। ਜੇ ਉਹ ਕਦੀ ਉੱਚੀ ਹਉਂਕਾ ਵੀ ਲੈਂਦੀ ਤਾਂ ਸੱਸ ਨਾਲ ਝਗੜਾ ਛਿੜ ਪੈਂਦਾ। ਗੁਰਮੇਲ ਕੌਰ ਭਾਵੇਂ ਸਫ਼ਲ ਗ੍ਰਹਿਣੀ ਸੀ, ਸੁਭਾਅ ਦੀ ਨੇਕ ਅਤੇ ਸਾਊ ਸੀ, ਪਰ ਬਲਰਾਜ ਦੇ ਸਾਰੇ ਐਬਾਂ ਲਈ ਰਛਪਾਲ ਨੂੰ ਹੀ ਕਸੂਰਵਾਰ ਠਹਿਰਾਉਂਦੀ।

 

 

 

‘‘ਸਕੂਲ ਪੜ੍ਹਦਾ ਇਹ ਗਊ ਸਮਾਨ ਤਾ! ਕਾਲਜ ਦੇ ਦਿਨਾਂ ‘ਚ ਵੀ ਏਹ ਨਸ਼ੇ ਕੰਨੀਂ ਝਾਕਦਾ ਨਹੀਂ ਤਾ! ਜਿੱਦਣ ਦੀ ਤੂੰ ਆਈਂ ਹੈਂ, ਇਹ ਪਾਣੀ ਦੀ ਜਗ੍ਹਾ ਵੀ ਵਿਹੁ ਸੁੜ੍ਹਾਕਦੈ।” ਸ਼ਿਕਾਇਤਾਂ ਕਰਦੀ ਗੁਰਮੇਲੋ ਮਿਹਣੇ ਦੇਣ ਲੱਗਦੀ ਅਤੇ ਲੜਾਈ ਛਿੜ ਪੈਂਦੀ।

‘‘ਕਿਉਂ ਕੁਫ਼ਰ ਤੋਲਦੇ ਓ, ਬੀ ਜੀ? ਅਣਤੋਲੀ ਧਰਤੀ ‘ਤੇ ਬੈਠੇ ਓਂ।” ਰਛਪਾਲ ਰੋਣਹਾਕੀ ਹੋ ਜਾਂਦੀ, ‘‘ਇੱਕਲਖ਼ਤ ਕੋਈ ਕਿਵੇਂ ਲੱਗ ਜੂ? ਇਹ ਕਿਉਂ ਨ੍ਹੀਂ ਕਹਿੰਦੇ ਬਈ ਪਹਿਲਾਂ ਤੋਂ ਪੀਂਦੇ ਦਾ ਤੁਸੀਂ ਲੁਕੋਅ ਰੱਖਿਆ?”

‘‘ਨਾ ਨਾ! ਇਹ ਸਊ ਥੋਡੀ ਮਿਹਰਬਾਨੀ ਐ, ਬੀਬਾ! ਤੇਰੇ ਭਰਾ ਹੀ ਏਹਨੂੰ ਮੁਕੰਦਪੁਰ ਗਏ ਨੂੰ ਭਾਂਤ-ਸੁਭਾਂਤੀਆਂ ਸ਼ੀਸ਼ੀਆਂ ਲਿਆਕੇ ਪਿਆਉਂਦੇ ਰਹੇ ਨੇ। ਤੇਰਾ ਬਾਪੂ ਜੀ ਤਾਂ ਜੁਆਈ ਦੇ ਬਰੋਬਰ ਦਾੜ੍ਹੀ ਕੱਢ ਕੇ ਹੁਣ ਵੀ ਪੀਣ ਬਹਿ ਜਾਂਦੈ।” ਗੁਰਮੇਲ ਕੌਰ ਧੀਮੀ ਆਲਾਜ਼ ‘ਚ ਬੋਲਦੀ।
‘‘ਜੇ ਥੋਡੀ ਬੇਬੇ ਨੇ ਪਹਿਲੇ ਦਿਨੋਂ ਏਹਦੇ ਹਲ਼ਕ ‘ਚ ਡੰਡਾ ਦਿੱਤਾ ਹੁੰਦਾ ਤਾਂ ਨੌਬਤ ਏਥੇ ਤੱਕ ਨਾ ਆਉਂਦੀ।”

ਰਛਪਾਲ ਚਾਹੁੰਦੀ ੋਈ ਵੀ ਆਪਣੀ ਸੱਸ ਦਾ ਮੁਕਾਬਲਾ ਨਾ ਕਰ ਸਕਦੀ। ਆਖਣ ਨੂੰ ਤਾਂ ਗੁਰਮੇਲੋ ਦੇ ਵੀ ਦੋ ਦੁਆਈ ਸਨ। ਸਹੁਰੀਂ ਆਇਆਂ ਦਾ ਰੌਣਕ ਮੇਲਾ ਕਰਾਉਣ ਵਾਸਤੇ ਅਜੈਬ ਸਿਹੁੰ ਦਾ ਪੱਬ ਕਿਹੜਾ ਧਰਤੀ ਉੱਤੇ ਲੱਗਦਾ ਸੀ। ਮਾਨੂੰਪੁਰ ਮਿਲਣ ਆਈਆਂ ਰਛਪਾਲ ਦੀਆਂ ਦੋਵੇਂ ਨਣਦਾਂ ਵੀ ਬਾਲੇ ਬਾਰੇ ਮਾਂ ਦੀ ਹਾਂ ਵਿੱਚ ਹਾਂ ਮਿਲਾਉਂਦੀਆਂ।
‘‘ਨਾ ਭਾਬੀ ਨਾ! ਬਾਲਾ ਵੀਰਾ ਤਾਂ ਵਿਆਹ ਤੋਂ ਪਹਿਲਾਂ ਦਾਰੂ ਕੰਨੀਂ ਝਾਕਦਾ ਵੀ ਨਹੀਂ ਤਾ।”

ਏਨੀ ਉਕਸਾਹਟ ਦੇ ਬਾਵਜੂਦ ਰਛਪਾਲ ਨੇ ਕਦੇ ਤਲਖ਼ੀ ਅਖ਼ਤਿਆਰ ਨਹੀਂ ਕੀਤੀ। ਸ਼ਰਾਬੀ ਹੋ ਕੇ ਘਰ ਮੁੜੇ ਬਲਰਾਜ ਦੇ ਉਹ ਗਲ਼ ਨਹੀਂ ਸੀ ਪੈਂਦੀ। ਸਗੋਂ ਭਿੱਜੀ ਬਿੱਲੀ ਬਣ ਜਾਂਦੀ। ਉਸ ਖ਼ਾਤਰ ਤਾਜ਼ੀ ਰੋਟੀ ਲਾਹੁੰਦੀ। ਸਬਜ਼ੀ-ਭਾਜ਼ੀ ਤੱਤੀ ਕਰਦੀ। ਉਹਦੇ ਮੂੰਹ ਵਿੱਚ ਚਾਮ੍ਹਲ-ਚਾਮ੍ਹਲ ਬੁਰਕੀਆਂ ਪਾਉਂਦੀ।
ਬੇਬੀ ਤੇ ਰੂਪਾਂ ਆਪਣੀ ਮਾਂ ਸਾਹਮਣੇ ਇਹ ਚਿਤਾਰਦੀਆਂ ਤਾਂ ਰਛਪਾਲ ਸੰਖੇਪ ਜਿਹਾ ਉੱਤਰ ਦਿੰਦੀ, ‘‘ਸ਼ਰਾਬੀਆਂ ਦੇ ਵਹਿਣ ਹੁੰਦੇ ਨੇ, ਬੀ ਜੀ। ਜੇ ਟੋਕੂੰ-ਵਰਜੂੰਗੀ ਤਾਂ ਸਗੋਂ ਹੋਰ ਦਾਰੂ ਖਿੰਡਾਊਗਾ ਇਹ!”

ਕੁੜੀਆਂ ਮੁੜ ਜਾਂਦੀਆਂ ਤਾਂ ਗੁਰਮੇਲੋ ਆਥਣ ਸਵੇਰ ਘਰ ਆਏ ਜੈਬੇ ਦੇ ਦੁਆਲੇ ਹੋ ਜਾਂਦੀ, ‘‘ਮੈਂ ਬਾਲੇ ਦੀ ਬਥੇਰੀ ਘੂਰ ਘੱਪ ਕਰਦੀ ਆਂ। ਤੁਸੀਂ ਵੀ ਕੁਪੱਤ ਕਰਨ ਲੱਗੇ ਬੁਰੇ ਦੇ ਘਰ ਤੱਕ ਚਲੇ ਜਾਨੇ ਓਂ। ਭਲਾ ਥੋਡੀ ਨੂੰਹ ਦਾ ਕੋਈ ਫ਼ਰਜ਼ ਨ੍ਹੀਂ ਬਣਦਾ? ਉਹ ਕਿਉਂ ਨਹੀਂ ਮੂਹਰਿਓਂ ਵਿਰਕਦੀ? ਸਗੋਂ ਉਹ ਨੱਚ-ਨੱਚ ਉਹਦੀ ਪ੍ਰਕਰਮਾ ਕਰਦੀ ਐ।”

ਦੁਖੀ ਹੋਈ ਗੁਰਮੇਲੋ ਨਿਹੋਰੇ ਝਾੜਦੀ ਤਾਂ ਜੈਬਾ ਮੁਸਕੜੀਆਂ ਹੱਸਦਾ, ਕਦੇ ਕਦਾਈਂ ਠਹਾਕਾ ਮਾਰਦਾ, ‘‘ਇਹਦਾ ਤਾਂ ਤੈਨੂੰ ਬਾਹਲ਼ਾ ਪਤਾ ਹੋਊ ਬਈ! ਤੂੰ ਹੀ ਸੋਚ ਵਿਚਾਰ ਕੇ ਦੇਖ ਬਈ ਨੂੰਹ ਕਿਉਂ ਨਹੀਂ ਰੋਕਦੀ-ਟੋਕਦੀ? ਉਹਨੂੰ ਸ਼ਰਾਬੀ ਹੋ ਕੇ ਆਇਆ ਬਾਲਾ ਬਹੁਤਾ ਸੋਹਣਾ ਲੱਗਦਾ ਹੋਊ!”
ਜੇ ਉਸ ਵੇਲੇ ਤੀਵੀਂ-ਮਾਲਕ ਘਰ ਵਿੱਚ ਜ਼ਰਾ ਓਹਲੇ ਜਾਂ ਇਕੱਲੇ ਹੁੰਦੇ ਤਾਂ ਜੈਬਾ ਆਪਣੀ ਤਪੀ ਹੋਈ ਪਤਨੀ ਨੂੰ ਕਾਫ਼ੀ ਦੇਰ ਤੱਕ ਖਿਝਾਉਂਦਾ।
‘‘ਮਖਿਆ!

ਥੋਡੇ ਭਾਅ ਦਾ ਤਮਾਸ਼ਾ ਹੈਗਾ ਏਹ! ਲੁਤਫ਼ ਲਿੰਦੇ ਹੋ ਤੁਸੀਂ ਵੀ। ਪਰ ਉਹ ਗੁੰਨਰ ਤੀਮੀਂ ਕਿਸੇ ਦਿਨ ਨੂੰ ਪਛਤਾਊਗੀ। ਸਮਝਦਾਰ ਜ਼ਨਾਨੀ ਨਸ਼ਾ ਪੀ ਕੇ ਆਏ ਆਦਮੀ ਦੇ ਕਦੇ ਵੀ ਕੋਲ ਨਹੀਂ ਸੌਂਦੀ।” ਗੁਰਮੇਲ ਕੌਰ ਕ੍ਰੋਧ ਦਿਖਾਉਂਦੀ।

‘‘ਭਲੀਏ ਲੋਕੇ! ਦਾਰੂ ਭਲਾ ਪੀਂਦਾ ਹੀ ਕਿਉਂ ਹੈ ਬੰਦਾ? ਤੀਮੀਂ ਕੋਲ ਜਾਣ ਵਾਸਤੇ ਜਾਂ ਫੇਰ ਉਹਤੋਂ ਬਚਣ ਖ਼ਾਤਰ! ਅੱਛਿਆ? ਦਾਰੂ ਡੱਫਣ ਦਾ ਹੋਰ ਤਾਂ ਮਤਲਬ ਹੀ ਕੋਈ ਨਹੀਂ!” ਅਜੈਬ ਹੱਸਦਾ।

ਤੇ ਅੱਜ ਸੱਸ ਸਹੁਰੇ ਦੀਆਂ ਆਖੀਆਂ ਗੱਲਾਂ ਸੱਚੀਆਂ ਸਾਬਤ ਹੋ ਰਹੀਆਂ ਸਨ। ਅੰਦਰ ਸੁਬਾਤ ਵਿੱਚ ਪਈ ਰਛਪਾਲ ਅੱਖਾਂ ਵਿੱਚ ਘਸੁੰਨ ਦੇਈਂ ਗੂੰਗੇ ਅੱਥਰੂ ਡੋਹਲ ਰਹੀ ਸੀ। ਇੱਕ ਅੱਧ ਵਾਰ ਉਹਦਾ ਉੱਚੀ ਹਉਂਕਾ ਵੀ ਨਿਕਲਿਆ, ਪਰ ਗੁਰਮੇਲ ਕੌਰ ਦਾ ਸਾਰਾ ਧਿਆਨ ਦਰਵਾਜ਼ੇ ਵੱਲ ਸੇਧਿਆ ਹੋਇਆ ਸੀ।

ਉਹ ਸੱਸਾਂ ਵਰਗੀ ਸੱਸ ਨਹੀਂ ਸੀ। ਉਸ ਨੇ ਰਛਪਾਲ ਨੂੰ ਕਦੇ ਵੀ ਦੇਣ-ਲੈਣ ਦਾ ਮਿਹਣਾ ਨਹੀਂ ਸੀ ਮਾਰਿਆ। ਕਦੇ ਉਸ ਦਾ ਰੰਗ-ਵੰਨ ਨਹੀਂ ਸੀ ਪਰਖਿਆ। ਕੱਦ-ਕਾਠ ਵਿੱਚ ਨੁਕਸ ਨਹੀਂ ਸੀ ਛਾਂਟਿਆ। ਆਪਣੇ ਕੁੜਮਾਂ ਨੂੰ ਵਰਤ-ਵਰਤਾਵੇ ਦਾ ਉਲਾਂਭਾ ਨਹੀਂ ਸੀ ਦਿੱਤਾ। ਉਹ ਕੇਵਲ ਆਪਣੇ ਬਲਰਾਜ ਦੇ ਭੈੜਾਂ ਕਾਰਨ ਕਲਪਦੀ। ਉਸਦਾ ਪੜ੍ਹਿਆ ਲਿਖਿਆ ਸੂਝਵਾਨ ਬਾਲਾ ਨਿੱਤ ਦੇ ਨਸ਼ੇ ਨੇ ਝੱਲ-ਵਲੱਲਾ ਬਣਾ ਕੇ ਰੱਖ ਦਿੱਤਾ ਸੀ।
‘‘ਤੂੰ ਵੀ ਕੋਈ ਮਾੜੀ-ਮੋਟੀ ਨੌਕਰੀ ਅੜਕ੍ਹਾਅ ਲੈ। ਪਿਓ ਤੋਂ ਕੁਸ਼ ਸਮਾਂ ਪਰੇ ਰਹਿ ਕੇ ਉਹਦੀਆਂ ਗਾਲ੍ਹਾਂ ਤੋਂ ਬਚਿਆ ਰਹੇਂਗਾ।” ਉਹ ਸੋਫ਼ੀ ਬੈਠੇ ਪੁੱਤਰ ਦੀ ਕੰਡ ਪਲੋਸਦੀ, ਤਰਲਾ ਲੈਂਦੀ।

‘‘ਕੱਚੀ ਪੱਕੀ ਕੋਈ ਸਰਵਿਸ ਮਿਲੇ ਤਾਂ ਸਹੀ, ਬੀਬੀ?” ਬਾਲਾ ਖ਼ਫ਼ਾ ਹੁੰਦਾ। ਚੰਗੀ ਖੇਤੀ ਰਨ ਨੂੰ ਵੀ ਉਹਦਾ ਦਿਲ ਕਰਦਾ। ਪਰ ਏਨੀ ਜ਼ਮੀਨ ਕਿੱਥੇ ਸੀ!
‘‘ਮਿਲੂਗੀ ਕਿਉਂ ਨ੍ਹੀਂ ਪੁੱਤਰਾ! ਐਨੇ ਤਾਂ ਲੰਬਰ ਲਏ ਨੇ, ਤੈਂ? ਕਹਿੰਦਾ ਹੁੰਨੈਂ, ਸੈਕੰਡ ਕਲਾਸ ਐ ਮੇਰੀ” ਗੁਰਮੇਲ ਕੌਰ ਹਉਂਕਾ ਲੈਂਦੀ। ਉਸ ਨੂੰ ਭਾਈ ਜੀ ਹਰੀ ਸਿਹੁੰ ਦਾ ਮਾਸਟਰ ਲੱਗਿਆ ਮੁੰਡਾ ਦਿਸਦਾ। ਮਨ ਵਿੱਚ ਰਸ਼ਕ ਜਾਗਦਾ।

‘‘ਨੰਬਰਾਂ ਨੂੰ ਕੌਣ ਪੁੱਛਦਾ, ਮਾਤਾ?” ਬਲਰਾਜ ਸ਼ਿਕਾਇਤ ਕਰਦਾ, ‘‘ਸਿਆਸੀ ਲੋਕਾਂ ਦੀਆਂ ਸਿਫ਼ਾਰਸ਼ਾਂ ਲੁਆ ਕੇ ਅਗਲੇ ਕੰਮ ਕੱਢ ਲੈਂਦੇ ਨੇ! %ਪਰ ਸਾਡੇ ਭਾਪੇ ਨੂੰ ਕੌਣ ਜਾਣਦੈ? ਕੀਹਦੀ ਤੂਣ ਲਵਾ ਸਕਦੇ ਆਂ, ਆਪਾਂ?” ਉਹ ਸਮਝਾਉਣ ਦੀ ਕੋਸ਼ਿਸ਼ ਕਰਦਾ।

‘‘ਭਾਈ ਜੀ ਦਾ ਬੰਸੂ ਤਾਂ ਠੂਹ ਦੇ ਕੇ ਪੱਕਾ ਮਾਸਟਰ ਲੱਗ ਗਿਐ! ਦੇਖ ਲੈ ਫੋਰਾ ਨ੍ਹੀਂ ਪਿਆ।” ਇੱਕ ਵਾਰੀ ਮਾਂ ਗੁਰਮੇਲੋ ਨੇ ਸਵਾਲ ਕੀਤਾ । ਉਸ ਨੂੰ ਝੋਰਾ ਸੀ ਕਿ ਸਾਰੇ ਉਪਾਅ ਕਰਨ ਦੇ ਬਾਵਜੂਦ ਕੰਮ ਨਹੀਂ ਸੀ ਬਣਿਆ। ਬਾਲੇ ਉੱਪਰੋਂ ਛੁਹਾ ਕੇ ਸਵਾ ਮਣ ਸਤਨਾਜਾ ਵੀ ਬਾਹਮਣ ਨੂੰ ਦਾਨ ਦਿੱਤਾ ਸੀ। ਸ਼ਨਿੱਚਰ ਦੀ ਕ੍ਰੋਪੀ ਨੂੰ ਟਾਲਣ ਖ਼ਾਤਰ ਪੂਰਾ ਸਵਾ ਮਹੀਨਾ ਕੀੜਿਆਂ ਨੂੰ ਤਿਲ-ਚੌਲੀ ਪਾਉਂਦੀ ਰਹੀ ਸੀ।

‘‘ਉਹਨੇ ਸਾਇੰਸ ਪੜ੍ਹੀ ਐ, ਬੀਬੀ। ਸਾਇੰਸ ਪੜ੍ਹਿਆਂ ਦੀ ਅਜੇ ਵੀ ਘਾਟ ਐ।”

‘‘ਵੇ ਹਰੀ ਸਿਹੁੰ ਮਾਊਂ ਜਿਹੇ ਨੇ ਕਿਸੇ ਤੋਂ ਕਹਾਇਆ ਵੀ ਜ਼ਰੂਰ ਹੋਊ। ਹੱਥ ਜਿਹੇ ਜੋੜਦਾ ਦਾਸ ਬਣ ਕੇ ਅਗਲੇ ਦੇ ਪੈਰੀਂ ਪੈ ਗਿਆ ਹੋਊ, ਮਿੰਨਾ ਭਾਈ ਜੀ। ਵੇ ਇਉਂ ਦੱਸ, ਰੁਲਦੂ ਰਾਮਦਾਸੀਏ ਦੇ ਤੇਹਾਂ ਮੁੰਡਿਆਂ ਨੇ ਵੀ ਸੈਨਸ ਪੜ੍ਹੀ ਤੀ? ਕਿੱਦਣ ਦੇ ਕਿੱਤੇ ਲੱਗੇ ਹੋਏ ਨੇ ਤਿੰਨੇ! ਮਾਰ ਕੇ ਨਖ਼ਰਾ ਨਾ ਝੱਲਿਆ ਜਾਂਦਾ, ਰਾਮੇ-ਰਾਜੇ ਉਹਨਾਂ ਦਾ! ਬੁੜ੍ਹਾ ਵੀ ਫਰੌਟੀਆਂ ਮਾਰਦਾ ਨੀਂ ਥੱਕਦਾ।”

ਗੁਰਮੇਲੋ ਨੂੰ ਰਸ਼ਕ ਸੀ ਕਿ ਉਸਦੇ ਹੱਥਾਂ ਵਿੱਚ ਪਲ਼ੇ ਰਾਮਾ, ਰਾਜਾ ਅਤੇ ਗੋਲੂ ਨੌਕਰੀਆਂ ਉੱਤੇ ਲੱਗੇ ਹੋਏ ਸਨ। ਉਹਨਾਂ ਤਿੰਨਾਂ ਨੇ ਬੇਰੁਜ਼ਗਾਰੀ ਦੇਖੀ ਨਹੀਂ ਸੀ। ਉਹਨਾਂ ਦੇ ਨੰਬਰ ਵੀ ਬਹੁਤ ਚੰਗੇ ਨਹੀਂ ਸਨ। ਰਾਮੇ ਨੇ ਤਾਂ ਬੀ.ਏ. ਦੀ ਰੀਣ ਕਰ ਦਿੱਤੀ ਸੀ। ਸੱਤਾਂ ਸਾਲਾਂ ਵਿੱਚ ਚੌਧਵੀਂ ਕੀਤੀ ਸੀ। ਪਰ ਏਧਰ ਬਲਰਾਜ ਸੀ, ਜਿਹੜਾ ਡਲ਼ੇ ਵਾਂਗ ਰੁੜ੍ਹਦਾ, ਜਮਾਤਾਂ ਪਾਸ ਕਰਦਾ ਗਿਆ ਸੀ। ਦਸਵੀਂ ਵਿੱਚੋਂ ਫ਼ਸਟ ਕਲਾਸ ਫ਼ਸਟ। ਹਰੇਕ ਜਮਾਤ ਵਿੱਚੋਂ ਮੋਹਰੀ। ਪਰ ਹੁਣ ਤੱਕ ਨੌਕਰੀ ਨੂੰ ਕਿਉਂ ਤਰਸ ਰਿਹਾ ਸੀ? ਗੁਰਮੇਲੋ ਬੇਅਰਥ ਸੋਚਦੀ। ਕਲਪਦੀ! ਪਛਤਾਉਂਦੀ!

‘‘ਉਹਨਾਂ ਤਿੰਨਾਂ ਦੀ ਹੋਰ ਗੱਲ ਐ। ਉਹਨਾਂ ਨੂੰ ਗ਼ਰੀਬ ਜਾਤੀ ਕਰਕੇ ਨੌਕਰੀ ਮਿਲੀ ਐ।” ਬਲਰਾਜ ਨੇ ਬਹੁਤ ਸੋਚ-ਵਿਚਾਰ ਕੇ ਜਵਾਬ ਦਿੱਤਾ।
‘‘ਵੇ ਆਪਣੇ ਕਿਹੜੇ ਝੰਡੇ ਝੂਲਦੇ ਨੇ? ਇੱਕ ਕੀਲਾ ਆਉਂਦਾ, ਤੇਰੇ ਹਿੱਸੇ। ਆਪਾਂ ਕਿਹੜੇ ਅਮੀਰ ਐਂ? ਮਿੱਟੀ ‘ਚ ਮਿੱਟੀ ਹੁੰਨੇਂ ਐਂ। ਅੱਛਿਆ, ਫੇਰ ਰੁਲਦੇ ਦੇ ਭਤੀਜੇ ਭਿੰਦੇ ਨੂੰ ਨੌਕਰੀ ਕਿਉਂ ਨਹੀਂ ਮਿਲ਼ੀ? ਹੈਗ੍ਹਾ ਤਾਂ ਉਹ ਵੀ ਓਸੇ ਜਾਤ ‘ਚੋਂ ਐਂ?”

ਗੁਰਮੇਲ ਕੌਰ ਨੇ ਭਿੰਦੇ ਦੇ ਪੜ੍ਹੇ ਲਿਖੇ ਮੁੰਡੇ ਜੱਗੇ ਨੂੰ ਗਲੀਆਂ ਵਿੱਚ ਫਜ਼ੂਲ ਘੁੰਮਦਾ ਦੇਖਿਆ ਸੀ, ਪਰ ਹੁਣ ਜੱਗੇ ਦਾ ਨਾਂ ਲੈਣੋਂ ਉੱਕ ਗਈ ਸੀ।
‘‘ਭਿੰਦੇ ਨੂੰ ਨਹੀਂ, ਭਿੰਦੇ ਦੇ ਪੁੱਤਰ ਜੱਗੇ ਨੂੰ ਕਹਿ, ਬੀਬੀ। ਭਿੰਦਰ ਤਾਂ ਇੱਲ੍ਹ ਤੇ ਕੋਕੋ ਵੀ ਨਹੀਂ ਜਾਣਦਾ।” ਬਲਰਾਜ ਖ਼ਫ਼ਾ ਹੋਇਆ।
‘‘ਵੇ ਆਹੋ ਸੱਚ! ਜੱਗਾ ਵੀ ਕਹਿੰਦੇ, ਸੋਲਾਂ ਕਰ ਗਿਐ।” ਮਾਂ ਨੇ ਦੋਹਰ ਕੀਤੀ।

ਖਿਝਿਆ ਹੋਇਆ ਬਾਲਾ ਅਜੇ ਚੁੱਪ ਬੈਠਾ ਸੀ। ਉਸ ਨੂੰ ਮਾਂ ਦੀ ਅਕਲ ਉੱਤੇ ਹਾਸਾ ਆਉਂਦਾ ਸੀ।

‘‘ਸਰੂਪੇ ਸੁਨਿਆਰ ਦਾ ਓਮਾ ਕਿਹੜਾ ਘੱਟ ਪੜ੍ਹਿਆ? ਗੱਟੂ ਬਾਹਮਣ ਦਾ ਹਰੀਆ ਥੋਤੋਂ ਸਾਰਿਆਂ ਤੋਂ ਚਾਰ ਚੰਦੇ ਉਪਰ ਐ! ਉਹ ਵੀ ਤਾਂ ਨਿੱਕੀਆਂ ਜਾਤਾਂ ‘ਚੋਂ ਹੀ ਨੇ, ਪੁੱਤ?” ਗੁਰਮੇਲੋ ਨੇ ਸਵਾਲਾਂ ਦੀ ਝੜੀ ਲਾ ਦਿੱਤੀ, ‘‘ਵੇ ਸੁਨਿਆਰਾਂ-ਬਾਹਮਣਾਂ ਨੂੰ ਆਪਾਂ ਤਾਂ ਨਿੱਕੀਆਂ ਜਾਤਾਂ ਹੀ ਸਮਝਦੇ ਹਾਂ?” ਗੁਰਮੇਲ ਕੌਰ ਬੋਲੀ ਜਾਂਦੀ ਸੀ।

‘‘ਬੀਬੀ! ਕਿਵੇਂ ਸਮਝਾਵਾਂ ਤੈਨੂੰ? ਤੂੰ ਤਾਂ ਬਹੁਤੀਓ ਸਿਰ-ਖਪਾਈ ਕਰਾਉਨੀ ਐਂ।” ਬਾਲਾ ਖ਼ਫ਼ਾ ਹੋਇਆ।

ਇੰਝ ਹੀ ਇੱਕ ਵਾਰੀ ਮਾਂ ਪੁੱਤਰ ਦੀ ਗੁਫ਼ਤਗੂ ਜਾਰੀ ਸੀ, ਜਦੋਂ ਅਜੈਬ ਸਿੰਘ ਘਰ ਆ ਗਿਆ। ਕੁਝ ਦੇਰ ਤ ਉਹ ਚੁੱਪ ਕੀਤਾ ਸੁਣਦਾ ਰਿਹਾ। ਫੇਰ ਹੱਥ ਮਲਦਾ ਛਿੜ ਪਿਆ, ‘‘ਕੋਈ ਕਰਤ-ਵਿੱਦਿਆ ਸਿੱਖੀ ਹੁੰਦੀ, ਕੋਈ ਹੁਨਰ ਹੱਥ ‘ਚ ਲਿਆ ਹੁੰਦਾ ਤਾਂ ਜਿੱਥੇ ਮਰਜ਼ੀ ਪਾਨੇ-ਚਾਬੀਆਂ ਲੈ ਕੇ ਬੈਠ ਜਾਂਦਾ।”
ਪਿਤਾ ਨੇ ਉੱਚੀ ‘ਹੁੰਅ’ ਆਖਿਆ, ਜਿਵੇਂ ਬਲਰਾਜ ਨੂੰ ਦੁਰਕਾਰ ਰਿਹਾ ਹੋਵੇ। ਸਿਰਫ਼ ਥੁੱਕਿਆ ਨਹੀਂ ਸੀ।

‘‘ਤੈਂ ਵੀ ਚਾਰ ਪੰਜ ਸਾਲ ਪੂਰੀ ਸਿੰਗ ਮਿੱਟੀ ਚੱਕ ਰੱਖੀ ਐ! ਅਖੇ, ਪਹਿਲਾਂ ਮੈਂ ਬੀ.ਏ. ਕਰੂੰਗਾ। ਨਿਕਲਦੇ ਸਾਰ ਡੀ.ਸੀ. ਲੱਗ ਜਾਊਂਗਾ। ਤਸੀਲਦਾਰੀ ਦਾ ਪਰਚਾ ਤਾਂ ਜ਼ਰੂਰ ਪਾਸ ਕਰ ਲਊਂਗਾ। ਕੋਹੜੀਆ ਓਏ ਕੋਹੜੀਆ! ਤੈਨੂੰ ਪਟਵਾਰੀ ਨਹੀਂ ਰੱਖਦਾ ਕੋਈ।” ਖੇਤ ਗਏ ਬਾਲੇ ਨੂੰ ਜੈਬਾ ਗੰਦੀਆਂ ਗਾਲ੍ਹਾਂ ਕੱਢਦਾ। ਰੋਣਹਾਕਾ ਹੋਇਆ ਬਲਰਾਜ ਪਿਉ ਉੱਤੇ ਹੱਥ ਚੁੱਕਣ ਤੋਂ ਬਚਦਾ, ਉੱਠ ਕੇ ਘਰ ਨੂੰ ਆ ਜਾਂਦਾ। ਮਾਂ ਕੋਲ ਆ ਕੇ ਦਿਲ ਭਰ ਕੇ ਰੋ ਲੈਂਦਾ। ਉਸ ਨੂੰ ਜੱਟਾਂ ਦੇ ਘਰ ਜੰਮਣਾ ਨਹੀਂ ਸੀ ਚਾਹੀਦਾ। ਉਹ ਪਛਤਾਵਾ ਕਰਦਾ।

‘‘ਨਾ ਪੁੱਤ, ਐਕਣ ਨਾ ਕਿਹਾ ਕਰ। ਐਕਣ ਨਾ ਕਿਹਾ ਕਰ। ਐਕਣ ਾਂ ਦੀ ਕੁਖ ਨੂੰ ਗਾਲ੍ਹ ਲੱਗਦੀ ਐ। ਆਪਾਂ ਨੇ ਵੀ ਰੱਬ ਦੇ ਮਾਂਹ ਕੋਈ ਨ੍ਹੀਂ ਮਾਰੇ! ਕੇਰਾਂ ਤਾਂ ਉਹ ਹਰੇਕ ‘ਤੇ ਦਿਆਲ ਹੁੰਦੈ। ਤੂੰ ਵੀ ਕੋਰਸ ਕਰ ਲੈ। ਮਾਸਟਰੀ ਕਿਹੜੀ ਮਾੜੀ ਐ।” ਮਾਂ ਗੁਰਮੇਲੋ ਉਸ ਨੂੰ ਬੇਸੋਝ ਜਵਾਕਾਂ ਵਾਂਗ ਵਿਰਾਉਂਦੀ।
ਬਲਰਾਜ ਨੇ ਓਮੇ ਅਤੇ ਹਰੀਏ ਨਾਲ ਮਿਲ ਕੇ ਬੀ.ਐੱਡ. ਲਈ ਦਾਖ਼ਲਾ ਟੈਸਟ ਵੀ ਦੇ ਕੇ ਦੇਖਿਆ। ਨੰਬਰ ਬਹੁਤ ਦੂਰ ਰਹਿ ਗਿਆ। ਨੇੜੇ ਨੰਬਰ ਵਾਲੇ ਸਾਥੀਆਂ ਨੂੰ ਵੀ ਦਾਖ਼ਲਾ ਨਹੀਂ ਮਿਲਿਆ।

‘‘ਤੂੰ ਮੁੰਡੇ ਨੂੰ ਕੋਈ ਲੋਨ ਕਿਉਂ ਨੀ ਲੈ ਦਿੰਦਾ ਯਾਰ? ੌਜ ਨਾਲ ਬਿੱਜ਼ਨਸ ‘ਚ ਪੈਣ ਦੇ, ਉਹਨੂੰ!” ਰੁਲਦੇ ਦੇ ਸਲਾਹਕਾਰ ਮਾਸਟਰ ਅੱਛਰ ਸਿੰਘ ਨੇ ਵੀ ਸਲਾਹ ਦਿੱਤੀ। ਉਸਦੀ ਮਦਦ ਨਾਲ ਬਲਰਾਜ ਲਈ ਜੈਬੇ ਨੇ ਇੱਕ ਲੱਖ ਰੁਪਏ ਦਾ ਕਰਜ਼ਾ ਲੈ ਦਿੱਤਾ। ਆਪਣੇ ਖੇਤ ਵਿੱਚ ਪੋਲਟਰੀ ਫ਼ਾਰਮ ਛੱਤ ਕੇ ਸਾਲ ਵਿੱਚ ਤਿੰਨ ਵਾਰੀ ਚੂਚੇ ਪਾਏ, ਪਰ ਤਿੰਨੇ ਵਾਰੀ ਘਾਟਾ ਪਿਆ। ਬਾਲੇ ਦੀ ਪੀਣ ਖਾਣ ਦੀ ਬਹਿਵਤ ਨੇ ਵਾਢਾ ਧਰ ਲਿਆ। ਉਸ ਦੇ ਯਾਰ ਬੇਲੀ ਬਾਹਰੋ ਬਾਹਰ ਖੂਹ ਉੱਤੇ ਆਉਂਦੇ। ਚਾਰ ਚੂਚੇ ਮਰੋੜ ਕੇ, ਖੇਤ ਵਿੱਚ ਖੰਭ, ਸੰਖੀਆਂ ਅਤੇ ਖ਼ਾਲੀ ਬੋਤਲਾਂ ਖ਼ਿਲਾਰ ਕੇ ਤੁਰਦੇ ਲੱਗਦੇ। ਤੀਜੀ ਵਾਰ ਅਜੈਬ ਨੇ ਖ਼ੁਦ ਕਮਾਨ ਸੰਭਾਲੀ। ਲੱਖ ਚੌਕਸੀ ਵਰਤੀ ਪਰ ਪੋਲਟਰੀ ਡਾਕਟਰ ਰਾਹੀਂ ਖਰੀਦੀ ਬਰੀਡ ਮਾੜੀ ਨਿਕਲ ਗਈ। ਕਿਸੇ ਕੰਪਨੀ ਤੋਂ ਖਰੀਦੀ ਘਟੀਆ ਦਵਾਈ ਨੇ ਕੋਈ ਅਸਰ ਨਾ ਕੀਤਾ। ਢੇਰਾਂ ਦੇ ਢੇਰ ਚੂਚੇ ਰੋਜ਼ ਮਰਨ ਲੱਗੇ ਅਤੇ ਦਿਨਾਂ ਵਿੱਚ ਹੀ ਖੁੱਡਾ ਖ਼ਾਲੀ ਹੋ ਗਿਆ। ਅੱਕੇ ਹੋਏ ਪਿਓ ਨੇ ਫ਼ਾਰਮ ਠੇਕੇ ਉੱਤੇ ਦੇ ਦਿੱਤਾ, ਪਰ ਉਹ ਪਾਰਟੀ ਵੀ ਸਾਲ ਬਾਅਦ ਕਿਰਾਇਆ ਦਿੱਤੇ ਬਗ਼ੈਰ ਆਪਣੀ ਤੜੀ-ਤੱਪੜੀ ਲਪੇਟ ਕੇ ਚਲਦੀ ਬਣੀ।

ਉਸ ਦਿਨ ਤੋਂ ਅਜੈਬ ਵੱਲੋਂ ਛੱਡੇ ਜਾਂਦੇ ਤਾਹਨਿਆਂ ਦੇ ਤੀਰ ਹੋਰ ਤਿੱਖੇ ਹੋ ਗਏ, ਜਿਹਨਾਂ ਨੂੰ ਸੋਫ਼ੀ ਹਾਲਤ ਵਿੱਚ ਤਾਂ ਬਾਲਾ ਬਰਦਾਸ਼ਤ ਨਹੀਂ ਸੀ ਕਰ ਸਕਦਾ। ਉਸ ਨੂੰ ਦਾਰੂ ਦਾ ਆਸਰਾ ਲੈਣਾ ਪੈਂਦਾ।

ਪਲਾਸਟਿਕ ਦੀ ਪੀੜ੍ਹੀ ਉਪਰ ਬੈਠੀ ਗੁਰਮੇਲ ਕੌਰ ਦਾ ਇੱਕ ਪੈਰ ਸੌਂ ਗਿਆ। ਉਸ ਨੇ ਉੱਠ ਕੇ, ਲੰਗੜਾਉਂਦੀ ਹੋਈ ਨੇ, ਨਲਕੇ ਤੋਂ ਪਾਣੀ ਪੀਤਾ। ਕੁਲਵੰਤ ਹਲਵਾਈ ਦੇ ਚੁਰਚੁਰੇ ਪਕੌੜਿਆਂ ਨੇ ਉਸ ਅੰਦਰ ਖੋਹ ਪਾ ਦਿੱਤੀ ਸੀ। ਉਹ ਰਸੋਈ ਵਿੱਚ ਖਿਲਰਿਆ ਭਾਂਡਾ-ਟੀਂਡਾ ਸਮੇਟਣ ਲੱਗੀ। ਦੋ ਤਿੰਨ ਕੌਲੀਆਂ-ਗਲਾਸਾਂ ਨੂੰ ਥਾਂ ਸਿਰ ਟਿਕਾ ਕੇ ਉਹ ਮੁੜ ਬੈਠ ਗਈ।

ਅਚਾਨਕ ਉਹਦੀਆਂ ਅੱਖਾਂ ਅੱਗੇ ਸਰੂਪਾ ਸੁਨਿਆਰ ਪ੍ਰਗਟ ਹੋਇਆ। ਖ਼ਤ ਕਢਾਈਆਂ ਗੋਲ ਗੱਲਾਂ ਫੁਲਾ ਕੇ ‘ਪੂੰਅ’ ਵਜਾਉਣ ਵਾਲਾ ਪ੍ਰਮਾਤਮਾ ਸਰੂਪ, ਰੋਟੀ ਲਈ ਖੂਹ ਵੱਲ ਜਾਂਦੀ ਗੁਰਮੇਲ ਕੌਰ ਤੋਂ ਥੋੜਾ ਅੱਗੇ ਜਾ ਕੇ ਰੁਕ ਗਿਆ। ਆਪਣੇ ਸਾਈਕਲ ਨੂੰ ਖੱਸੀ ਕਿੱਕਰ ਨਾਲ ਖੜ੍ਹਾ ਕੇ ਟੂਟੀ ਕੱਸਣ ਲੱਗਿਆ।
‘‘ਵੇ ਸਰੂਪ! ਕੀ ਕਾਰੋਬਾਰ ਕਰਦੈਂ, ਵੀਰ?” ਕੋਲੋਂ ਲੰਘਦੀ ਗੁਰਮੇਲ ਕੌਰ ਨੇ ਸੁਭਾਵਿਕ ਪੁੱਛਿਆ।

ਟੂਟੀ ਛੱਡ ਕੇ ਸਰੂਪਾ ਇੱਕਲਖ਼ਤ ਸਾਵਧਾਨ ਹੋ ਗਿਆ, ਜਿਵੇਂ ਉਸ ਨੇ ਪਹਿਲਾਂ ਗੁਰਮੇਲ ਕੌਰ ਨੂੰ ਦੇਖਿਆ ਨਾ ਹੋਵੇ। ਗੱਲ੍ਹਾਂ ਦੀਆਂ ਬੁੱਘੀਆਂ ਬਣਾਈਆਂ ਅਤੇ ‘ਪੂੰਅ’ ਦੀ ਆਵਾਜ਼ ਕੱਢੀ, ‘‘ਕਾਰੋਬਾਰ ਬਾਰੇ ਨਾ ਪੁੱਛੋ, ਭਾਬੀ ਸਾਹਿਬ! ੍ਰੇਜੈਂਅ ਬੜਾ ਜੁਗਾੜ ਬਣਾਇਐ, ਆਪਾਂ! ਮਿਲ ਲਾ ਰਹੇ ਹਾਂ, ਏਹਨੀਂ ਦਿਨੀਂ। ਕਈ ਸਾਲ ਹੋਗੇ ਏਧਰ ਲੱਗਿਆਂ ਨੂੰ।” ਸਰੂਪਾ ਟਹਿਕਿਆ ਅਤੇ ਉਧੜਦਾ ਗਿਆ।

ਦੋ ਕੁ ਵਰ੍ਹਿਆਂ ਤੱਕ ਹੋਰ ਉਡੀਕਣਾ ਪਵੇਗਾ। ਫੇਰ ਤਾਂ ਲਹਿਰਾਂ ਲੱਗ ਜਾਣਗੀਆਂ। ਉਹ ਪੁਰਾਣੇ ਸਾਈਕਲ ਨੂੰ ਪਰੇ ਸੁੱਟ ਦੇਵੇਗਾ ਅਤੇ ਕੋਈ ਫਿਟਫਿਟੀਆ ਜਾਂ ਧਰਤੀ-ਪੁੱਟਣਾ ਖ਼ਰੀਦੇਗਾ। ਹੋ ਸਕਦਾ ਹੈ ਕੋਈ ਜੀਪਾ ਵੀ ਅੜਕਾ ਲਵੇ।

‘‘ਅਵੱਲ ਮੇਂ ਤਾਂ ਫੇਰ ਡੰਗਰ ਰੱਖਣ ਵਾਲਾ ਇਹ ਕੁੱਤਾ ਕੰਮ ਕਰਨਾ ਕੀਹਨੇ ਐ!? ਮੈਂ ਤਾਂ ਟੂੰਬ-ਤਗਾਦੇ ਘੜਨ ਵਾਲਾ ਜੱਦੀ ਪੁਸ਼ਤੀ ਕਿਤਾ ਹੀ ਮੁੜ ਅਪਣਾਊਂਗਾ। ਚਲੋ, ਜੇ ਓਮ ਪ੍ਰਕਾਸ਼ ਦੀ ਮਾਂ ਨੇ ਬੀਹਲੀਓ ਜ਼ਿੱਦ ਕੀਤੀ ਤਾਂ ਆਥਣ ਵੇਲੇ ਪਹਾਰੇ ਤੋਂ ਉੱਠ ਕੇ ਅੱਜ ਵਾਂਗ ੱਕ ਭਰੀ ਹਰੇ ਦੀ ਕਿਧਰੋਂ ਤੁਮਾਤੜਾਂ ਦਿਓਂ ਲੈ ਜਿਆ ਕਰੂੰ।”

ਸਰੂਪਾ ਸਕੀਮਾਂ ਗਿਣਾਉਣ ਲੱਗਿਆ ਸਾਹ ਨਹੀਂ ਸੀ ਲੈ ਰਿਹਾ।

‘‘ਸ਼ਾਇਦ ਮੈਂ ਖੰਨੇ ਸ਼ਹਿਰ ‘ਚ ਕੱਪੜੇ ਦੀ ਦੁਕਾਨ ਹੀ ਪਾ ਲਵਾਂ?” ਜਿਵੇਂ ਉਹ ਦੁਚਿੱਤੀ ਵਿੱਚੋਂ ਬੋਲਿਆ।
‘‘ਵੇ ਵੀਰ! ਤੇਰਾ ਤਗਾਦਿਆਂ ਦਾ ਕਾਰੋਬਾਰ ਜ਼ਿਆਦਾ ਰੁੜੂਗਾ! ਖ਼ਾਨਦਾਨੀ ਕਿੱਤਾ ਵੱਧ ਵਫ਼ਾ ਕਰਦਾ ਹੁੰਦੈ।” ਗੁਰਮੇਲ ਕੌਰ ਨੇ ਹੱਸਦੀ ਨੇ ਸਲਾਹ ਦਿੱਤੀ।

‘‘ਤੇਰੇ ਮੂੰਹ ‘ਚ ਘਿਓ-ਸ਼ੱਕਰਭਾਬੀ! ਕਾਰੋਬਾਰ ਤਾਂ ਮੈਨੂੰ ਇਹ ਕਿਹੜਾ ਭੁੱਲ ਗਿਐ। ਪਰ ਦੁਨੀਆਂ ਸਾਡੇ ਉੱਤੇ ਸ਼ਕ ਬਾਹਲ਼ਾ ਕਰਦੀ ਐ। ਸਾਨੂੰ ਸੁਨਿਆਰਿਆਂ ਨੂੰ ਹਰ ਵਖ਼ਤ ਕਾਵਾਂ ਕੁੱਤਿਆਂ ਨਾਲ ਮਿਲਾਉਂਦੀ ਐ।”
ਗੁਰਮੇਲ ਕੌਰ ਅੱਗੇ ਤੁਰਨ ਲੱਗੀ ਤਾਂ ਸਿਗਰਟ ਸੁਲਘਾਉਂਦਾ ਸਰੂਪਾ ਵੀ ਸਾਈਕਲ ਚੁੱਕ ਕੇ ਨਾਲ ਤੁਰ ਪਿਆ। ਬਹੁਤ ਲੰਬੀਆਂ ਚੌੜੀਆਂ ਸਕੀਮਾਂ ਸਨ। ਬੇਹੱਦ ਉੱਚੇ ਦਾਈਏ ਸਨ।

‘‘ਵੇ ਵੀਰ! ਮਿੱਲ ਦੱਸ ਤੂੰ ਕਾਹਦਾ ਲਾ ਰਿਹੈਂ?” ਬਰੋਟੀਅ ਬਰਾਬਰ ਪਹੁੰਚੀ ਗੁਰਮੇਲੋ ਨੇ ਦੁਬਾਰਾ ਪੁੱਛਿਆ।

‘‘ਮਿੱਲ? ਆਪਣੇ ਓਮੇ ਨੇ ਚੌਦਾਂ ਕਰ ਲੈਣੀਅਐਂ, ਭਾਬੀ! ਗਿਆਰਾਂ ਮਹੀਨੇ ਰਹਿ ਗਏ ਸਾਰੇ। ਮੇਰਾ ਮਤਲਬ ਐ, ਕਾਲਜੋਂ ਮਗਰੋਂ ਕਿਲੂ, ਪਹਿਲਾਂ ਨੌਕਰੀ ਮਿਲ ਜਾਣੀ ਹੈ, ਉਹਨੂੰ। ਰੁਪਈਆਂ ਦੀ ਟਕਸਾਲ ਲੱਗ ਜਾਣੀ ਐਂ। ਹਰ ਮਹੀਨੇ ਟਣਾ ਟਣ ਰੁਪਈਏ ਡਿੱਗਿਆ ਕਰਨਗੇ। ਮਿੱਲ ਮਾਲਕ ਨੂੰ ਤਾਂ ਸਾਲ਼ੇ ਵਹਿੜਿਆਂ ਦੇ ਨੂੰ ਸੌ ਫ਼ਿਕਰ ਹੋਊ। ਸੈਂਕੜੇ ਵਾਧੇ-ਘਾਟਿਆਂ ਦਾ ਡਰ ਖਾਊ। ਪਰ ਆਪਣੇ ਓਮੇ ਦਾ ਮਹੀਨਾ ਤਾਂ ਠੂਹ ਦੇ ਕੇ ਆ ਜਿਆ ਕਰਨੈਂ।”

ਗੁਰਮੇਲ ਕੌਰ ਨੂੰ ਲੋਹੜੇ ਦਾ ਹਾਸਾ ਆਇਆ। ਪਰ ਉਸ ਨੇ ਸੋਫ਼ੀ ਵੱਟ ਕੇ ਪੂਰੀ ਗੱਲ ਸੁਣਨ ਨੂੰ ਤਰਜੀਹ ਦਿੱਤੀ। ਫੇਰ ਦੱਬਵੀਂ ਹਾਸੀ ਹੱਸਦੀ ਬੋਲੀ, ‘‘ਪਰਮਾਤਮਾ ਸਰੂਪ! ਸਾਡਾ ਬਲਰਾਜ ਵੀ ਤਾਂ ਤੇਰੇ ਓਮ ਪ੍ਰਕਾਸ਼ ਨਾਲ਼ੇ ਕਾਲਜ ਜਾਂਦੈ।”

‘‘ਕਹਿ ਤੂੰ ਭਾਬੀ! ਥੋਨੂੰ ਕਿਤੇ ਕੋਈ ਘਾਟਾ ਰਹਿਣੈਂ? ਉਹ ਵੀ ਨਿਕਲਦੇਸਾਰ ਤਸੀਲਦਾਰ ਲੱਗੂਗਾ!” ਮਨ ਹੀ ਮਨ ਆਪਣੇ ਤਹਿਸੀਲਦਾਰ ਪੁੱਤਰ ਦੀ ਜੀਪ ਵਿੱਚ ਝਾਂਟੀ ਲੈਂਦੀ ਗੁਰਮੇਲ ਕੌਰ ਅੱਗੇ ਤੁਰਦੀ ਗਈ। ਸਰੂਪੇ ਵੱਲੋਂ ਕੀਤੀ ਭਵਿੱਖਬਾਣੀ ਨੇ ਉਸ ਨੂੰ ਕੋਈ ਅਜੀਬ ਨਸ਼ਾ ਚੜ੍ਹਾ ਦਿੱਤਾ ਸੀ।
ਸਰੂਪਾ ਵੀ ਉਹਦੇ ਬਰਾਬਰ ਤੁਰਦਾ ਟਿੱਬੀ ਪਹੁੰਚ ਗਿਆ ਅਤੇ ਉਹਨਾਂ ਦੀ ਮੋਟਰ ਤੋਂ ਾਜਰਾ ਵੱਢ ਕੇ, ਆਪਣੇ ਸਾਈਕਲ ਪਿੱਛੇ ਲੱਦਣ ਤੱਕ ਮਨ-ਆਈਆਂ ਛੱਡਦਾ ਰਿਹਾ। ਉਸ ਨੇ ਮਾਰਕੰਡੇ ਰਿਸ਼ੀ ਦੀ ਕਥਾ ਵੀ ਸੁਣਾਈ, ਜਿਹੜਾ ਕਖ-ਕਾਨਿਆਂ ਦੀ ਝੁੱਗੀ ਵਿੱਚ ਹੀ ਹਜ਼ਾਰਾਂ ਸਾਲ ਦੀ ਆਰਜਾ ਬਿਤਾ ਗਿਆ ਸੀ।

…ਤੇ ਅੱਜ ਤੀਜੇ ਪਹਿਰ ਜਦੋਂ ਉਹ ਟੋਭੇ ਲਾਗਲੇ ਵਾਗਲੇ ਵਿੱਚੋਂ ਜਲੇਬੀਆਂ ਦੀ ਪਰਾਤ ਲੈਣ ਗਆ ਤਾਂ ਹਲਕੇ ਰੌਂਅ ਵਿੱਚ ਪੁੱਛ ਬੈਠੀ, ‘‘ਕਈ ਸਾਲ ਪਹਿਲਾਂ ਤੇਰੀ ਲੱਗਦੀ ਓਸ ਮਿਲ ਦਾ ਕੀ ਬਣਿਆ, ਭਾਈ ਪਰਮਾਤਮਾ ਸਰੂਪ?”

ਉਸ ਨੂੰ ਮਗਰੋਂ ਪਛਤਾਵਾ ਵੀ ਹੋਇਆ, ਜਦੋਂ ਸਰੂਪਾ ਨਿਰਾਸ਼ ਜਿਹੇ ਚਿਹਰੇ ਨਾਲ ਬੋਲ ਪਿਆ ਸੀ, ‘‘ਪੁੱਛੋ ਨਾ ਭਾਬੀ ਸਾਹਿਬਾ! ਓਸੇ ਸਾਲ ਬਿਜਲੀ ਡਿੱਗ ਪਈ ਤੀ, ਸਾਰੀ ਬਣੀ ਬਣਾਈ ਇਮਾਰਤ ੱਤੇ। ਸਭ ਕੁਸ਼ ਮਲੀਆਮੇਟ ਹੋ ਗਿਆ ਥਾ ਉਸੇ ਵਖ਼ਤ! %ਰ ਜੇ ਆਪਾਂ ਓਸ ਫੈਕਟਰੀ ਦਾ ਲੇਖਾ ਜੋਖਾ ਕਰਨ ਬੈਠਗੇ ਤਾਂ ਐਹਨਾਂ ਜਲੇਬੀਆਂ ਨੇ ਕਿਸੇ ਕੰਮ ਦੀਆਂ ਨਹੀਂ ਰਹਿਣਾ।” ਸਰੂਪੇ ਨੇ ਜਿਵੇਂ ਉਸ ਤੋਂ ਮਸਾਂ ਹੀ ਪਿੱਛਾ ਛੁਡਾਇਆ ਸੀ।

…ਚੁੱਪ ਬੈਠੀ ਹੁਰਮੇਲ ਕੌਰ ਨੇ ਡੂੰਘਾ ਸਾਹ ਲਿਆ। ਬਾਲਾ ਬੇਸ਼ੱਕ ਜਿੱਡਾ ਮਰਜ਼ੀ ਸ਼ਰਾਬੀ ਸੀ, ਪਰ ਪੁੱਤਰ ਤਾਂ ਉਹ ਗੁਰਮੇਲ ਕੌਰ ਦਾ ਆਪਣਾ ਸੀ। ਢਿੱਡ ਦੀ ਆਂਦਰ ਦੇ ਸ਼ਾਂਤ ਹੋਣ ਬਗ਼ੈਰ ਉਹ ਕਿਵੇਂ ਸੌਂ ਸਕਦੀ ਸੀ। ਅਖ਼ੀਰ ਉਹ ਇਸ ਉਮੀਦ ਨਾਲ ਉੱਠੀ ਕਿ ਮੇਹਰੂ ਨੂੰ ਪੁਲ਼ਾਂ ਵੱਲ ਭੇਜੇ ਤਾਂ ਜੋ ਰਾਹ ਵਿੱਚ ਡਿੱਗਦੇ ਢਹਿੰਦੇ ਹਾਲੇ ਨੂੰ ਫੜ ਕੇ ਘਰ ਲੈ ਆਵੇ।

ਬੈਠਕ ਵਿੱਚ ਬੈਠਾ ਜੈਬਾ ਅਤੇ ਮੇਹਰੂ ਸੰਦ-ਭਾਂਡਾ ਸੰਭਾਲ ਕੇ ਰੋਟੀ ਖਾਣ ਲੱਗੇ ਸਨ। ਜਦੋਂ ਦਾ ਨਿੱਕਾ ਵੀਰ ਜੰਮਿਆ ਸੀ ਕਿਰਨ ਅਤੇ ਮਨਪੀ ਰੋਟੀ-ਟੁੱਕ ਭੁਗਤਾ ਕੇ ਹੀ ਪੜ੍ਹਨ ਲੱਗਦੀਆਂ।

ਗੁਰਮੇਲ ਕੌਰ ਨੂੰ ਅੱਜ ਮੇਹਰੂ ਦੀ ਜ਼ਿਆਦਾ ਮਿੰਨਤ-ਖੁਸ਼ਾਮਦ ਨਹੀਂ ਕਰਨੀ ਪਈ। ਬਖ਼ਤੌਰਾ ਮੀਸਣਾ ਜਿਹੜਾ ਕਿੰਨੀਂ ਦੇਰ ਤੋਂ ਨਸ਼ੇ ਦੀ ਲੋਰ ਵਿੱਚ ਝੂਮ ਰਿਹਾ ਸੀ, ਝਟਪੱਟ ਉੱਠ ਕੇ ਖੜ੍ਹਾ ਹੋ ਗਿਆ, ‘‘ਆ ਬਈ ਭਤੀਜ! ਆਪਾਂ ਹੁਣੇ ਲੱਭ ਲਿਆਉਨੇ ਐਂ!”

ਮੇਹਰੂ ਨੇ ਆਪਣੇ ਤਾਏ ਨੂੰ ਜ਼ਰਾ ਕੁ ਸੁਸਤਾਉਣ ਲਈ ਆਖਿਆ ਤਾਂ ਕਿ ਉਹ ਅੰਦਰੋਂ ਜੁੱਤੀ ਪਾ ਕੇ ਕੋਈ ਸੋਟੀ ਲੱਭ ਲਿਆਵੇ।
ਅਚਾਨਕ ਬਾਹਰਲਾ ਗੇਟ ਖੜਕਿਆ, ਜਿਵੇਂ ਕਿਸੇ ਝੋਟੇ ਨੇ ਟੱਕਰ ਮਾਰੀ ਹੋਵੇ।

ਬਾਹਰ ਨਿਕਲ਼ ਓਏ! ‘ੱਡਿਆ ਹਵੇਲੀ ਆਲ਼ਿਆ!” ਪਲ ਦੀ ਪਲ ਸੁੰਨ ਖੜੀ ਗੁਰਮੇਲ ਕੌਰ ਸੁਣਦੀ ਰਹੀ। ਪਿੰਡ ਵਿੱਚ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਪਰ ਇਹ ਲਲਕਾਰਾ ਕਿਸ ਨੇ ਮਾਰਿਆ ਸੀ।

ਹੱਥ ਵਿਚਲੀ ਬੁਰਕੀ ਨੂੰ ਥਾਲੀ ਵਿੱਚ ਸੁੱਟ ਕੇ ਜੈਬਾ ਖੱਲ-ਖੂੰਜੇ ਹੱਥ ਮਾਰਨ ਲੱਗਿਆ।

‘‘ਮਖਿਆ, ਨਿਕਲ਼ ਬਾਹਰ ਓਏ ਵੱਡਿਆ ਬਰਿਆੜਾ! ਹਵੇਲੀ ਆਲ਼ਾ ਜ਼ਰੂਰ ਹੁੰਦਾ ਹੋਊਗਾ ਤੇਰਾ ਪਿਉ਼ਮਹਿੰਦਰ ਸਿਹੁੰ ਮੋਹਤਬਰ! %ਰ ਤੂੰ ਤਾਂ ਕੱਚੇ ਕੋਠੜੇ ਆਲ਼ਾ ਜੈਬਾ ਰਹਿ ਗਿਐਂ। ਨੰਗ ਮਲੰਗ ਜੈਬਾ!”

ਗੁਰਮੇਲ ਕੌਰ ਨੇ ਕੁੰਡਾ ਖੋਹਲਿਆ। ਬਲਰਾਜ ਦਾ ਹੁਲੀਆ ਵਿੜਿਆ ਹੋਇਆ ਸੀ। ਕਪੜੇ, ਦਾੜ੍ਹੀ ਅਤੇ ਮੂੰਹ ਨਾਲ਼ੀ ਦੀ ਗਾਦ ਵਿੱਚ ਗੜੁੱਚ ਸਨ। ਪਹਿਲਾਂ ਕਦੇ ਉਹ ਏਨਾ ਬੇਪੈਰਾ ਨਹੀਂ ਸੀ ਹੋਇਆ। ਨਾ ਹੀ ਕਦੇ ਇਉਂ ਬੁੜ੍ਹਕਿਆ ਸੀ।

‘‘ਕੀ ਕੀਤੈ, ਇਹਨੇ ਸਾਰੀ ਉਮਰ? ਜੁਆਕ ਬਣਾਉਣ ਤੋਂ ਵਿਹਲ ਨਹੀਂ ਮਿਲਿਆ ਇਹਨੂੰ? ਅੱਧੀ ਦਰਜਨ ਮੂਰਤਾਂ ਘੜ ਕੇ ਰੱਖ ਤੀਆਂ।” ਪੁੱਤਰ ਪਾਸੋਂ ਅਪ-ਸ਼ਬਦ ਸੁਣਦੀ ਗੁਰਮੇਲੋ ਨੂੰ ਇੱਕ ਚੜ੍ਹਦੀ ਇੱਕ ਉਤਰਦੀ ਸੀ। ਬਾਵਰੀਆਂ ਤੋਂ ਫੜ ਕੇ ਬਾਲੇ ਦਾ ਚਪੇੜਾਂ ਨਾਲ ਬੂਥਾ ਰੰਗ ਦੇਵੇ। ਆਖ਼ਰ ਉਹ ਬਕਦਾ ਕਿਵੇਂ ਸੀ। ਉਹਦੀ ਸ਼ਰਮ ਹਯਾ ਕਿਧਰ ਉੱਡ ਗਈ ਸੀ।

‘‘ਬੇਨਿਆਈਂ ਰਾਜਾ ਮਰੇ, ਮਾਤਾ! ਸਾਡੇ ਭਾਈਆਂ ਭਾਈਆਂ ‘ਚ ਵੰਡ ਪਾਏ ਨੇ, ਏਸ ਬੁੜ੍ਹੇ ਨੇ।” ਉਸ ਨੇ ਮਾਂ ਨੂੰ ਮੋਢਿਆਂ ਤੋਂ ਫੜ ਕੇ ਹਲੂਣਿਆ, ਪਰ ਆਪੇ ਡਿੱਗ ਪਿਆ।

‘‘ਕਿਹੜੇ ਵੰਡ ਪਾਏ ਨੇ, ਕੰਜਰਾ?” ਗੁਰਮੇਲ ਕੌਰ ਨੇ ਜੁੱਤੀ ਚੁੱਕ ਕੇ ਬਾਲੇ ਦੇ ਸਿਰ ਵਿੱਚ ਮਾਰੀ।

‘‘ਸੋਹਣੇ ਨੂੰ ਦੋ ਕੀਲੇ ਕਾਹਦੇ ਨਾਉਂ ਦੇ? ਬੁੜ੍ਹੀਏ?” ਨਾਲ ਹੀ ਬਾਲੇ ਦੀ ਲੇਰ ਨਿਕਲ ਗਈ। ਜੁੱਤੀ ਹੇਠਲੀ ਖੁਰੀ ਨੇ ਸ਼ਾਇਦ ਸਿਰ ਵਿੱਚ ਜਖ਼ਮ ਕਰ ਦਿੱਤਾ ਸੀ।
‘‘ਉਹ ਮੇਰਾ ਹਿੱਸਾ ਵਾਹੁੰਦੈ, ਕਪੂਤਾ। ਉਹ ਤੇਰਾ ਬੜਾ ਭਾਈ ਐ।” ਮਾਂ ਨੇ ਉੱਠਣ ਦੀ ਕੋਸ਼ਿਸ਼ ਕਰਦੇ ਸ਼ਰਾਬੀ ਪੁੱਤ ਨੂੰ ਦੱਬਵੀਂ ਸੁਰ ਵਿੱਚ ਆਖਿਆ। ਉਹ ਆਂਢ-ਗੁਆਂਢ ਦੇ ਇਕੱਠਾ ਹੋਣ ਤੋਂ ਡਰਦੀ ਸੀ। ਜੱਗ ਤਮਾਸ਼ਾ ਬਣ ਜਾਣਾ ਸੀ।

‘‘ਆਂਡੇ ਕਿਤੇ ਕੁੜ ਕੁੜ ਕਿਤੇ? ਤੂੰ ਰਹਿੰਦੀ ਤਾਂ ਸਾਡੇ ਘਰੇ ਹੀ ਐਂ! ਸਾਰਾ ਦਿਨ ਸਾਡੀਆਂ ਮੰਨੀਆਂ ਪੀੜਦੀ ਐਂ। ਰਾਤ ਨੂੰ ਸਾਡਾ ਮੰਜਾ ਤੋੜਦੀ ਐਂ, ਅਖੇ, ਮੇਰਾ ਹਿੱਸਾ ਵਾਹੁੰਦੈ ਉਹ। ਤੂੰ ਵੀ ਓਧਰੇ ਦਫ਼ਾ ਕਿਉਂ ਨ੍ਹੀਂ ਹੋ ਜਾਂਦੀ ਫੇਰ?” ਅਕਾਰਨ ਹੀ ਮਾਂ ਦੇ ਗਲ਼ ਪਏ ਬਾਲੇ ਨੇ ਡਕਾਰ ਮਾਰਿਆ।
‘‘ਤੇਰੀਓ ਮਕਾਣ ਦਿੰਨੀਂ ਐਂ, ਚੱਤੋ ਪਹਿਰ।”

ਗੁਰਮੇਲ ਕੌਰ ਨੇ ਹਵਾੜ ਤੋਂ ਬਚਣ ਲਈ ਚੁੰਨੀ ਨਾਲ ਮੂੰਹ ਢੱਕ ਲਿਆ।

‘‘ਤੈਨੂੰ ਦੁੱਧ ਮੱਖਣਾਂ ਨਾਲ ਇਉਂ ਸਾਂਗਾ ਲਵਾਉਣ ਨੂੰ ਹੀ ਪਾਲ਼ਿਆ ਸੀ ਪੁੱਤਰਾ?”
ਕਿੰਨੀ ਦੇਰ ਤੋਂ ਮੁੱਠੀਆਂ ਮੀਚੀ ਖੜ੍ਹੇ ਅਜੈਬ ਨੇ ਦੰਦੀਆਂ ਕਿਰਚੀਆਂ ਪਰ ਬਖ਼ਤੌਰਾ ਤੇ ਮੇਹਰੂ ਉਸ ਨੂੰ ਖਿੱਚ ਕੇ ਪਰੇ ਲੈ ਗਏ। ਅੰਦਰੋਂ ਸੁਬਾਤ ਵਿੱਚ ਪਈ ਰਛਪਾਲ ਦੀ ਭੁੱਬ ਨਿਕਲ ਗਈ।

ਗੁਰਮੇਲੋ ਵਿੱਚ ਕਹਿਰਾਂ ਦਾ ਜੋਸ਼ ਪਤਾ ਨਹੀਂ ਕਿਧਰੋਂ ਆ ਗਿਆ। ਉਸ ਨੇ ਸ਼ਾਹਣੀ ਵਾਂਗ ਧਾ ਕੇ ਗੱਭਰੂ ਪੁੱਤਰ ਨੂੰ ਬਾਹੋਂ ਫੜਿਆ ਅਤੇ ਧੂਹ ਕੇ ਅੰਦਰ ਲੈ ਗਈ, ‘‘ਬੂਕਦੀ ਕਿਉਂ ਹੈਂ ਨੀ? ਲੈ ਸੰਭਾਲ਼ ਪਰਾਂ, ਆਪਣੇ ਖ਼ਸਮ ਨੂੰ।” ਉਹ ਨੂੰਹ ਨੂੰ ਟੁੱਟ ਕੇ ਪੈ ਗਈ।

ਮੇਹਰੂ ਨੇ ਮੋਟਰ ਉੱਤੇ ਸੌਣਾ ਸੀ। ਤਾਇਆ ਬਖਤੌਰਾ ਵੀ ਉਸ ਨਾਲ ਤੁਰ ਗਿਆ ਅਤੇ ਸੋਹਣੇ ਡਰਾਈਵਰ ਦਾ ਲੜਕਾ ਜਸਕਰਨ ਵੀ। ਬਾਲੇ ਨੂੰ ਸੰਭਾਲਦੀ ਰਛਪਾਲ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।

‘‘ਤੂੰ ਰੋਟੀ ਖਾ ਲੈ, ਰੂਪਾਂ ਦੇ ਬਾਪੂ!” ਟਿਕ ਟਿਕਾਅ ਹੋਏ ਤੋਂ ਭੁੰਜੇ ਪਈ ਥਾਲੀ ਚੁੱਕ ਕੇ ਗੁਰਮੇਲ ਕੌਰ ਨੇ ਜੈਬੇ ਮਹਰੇ ਕੀਤੀ।

‘‘ਗੁੱਸਾ ਉਹਦਾ ਕਰੀਏ, ਜਿਹੜਾ ਸੁਰਤ ਸਿਰ ਹੋਵੇ। ਸ਼ਰਾਬੀ ਤਾਂ ਪਾਗਲ ਹੁੰਦੈ।” ਉਸ ਨੇ ਕੁੰਟੇ ਹੋਏ ਪਤੀ ਨੂੰ ਪਲੋਸਣ ਦਾ ਜਤਨ ਕੀਤਾ।
‘‘ਰੋਟੀ ਨੂੰ ਰਹਿਣ ਦੇ, ਗੁਰਮੇਲੋ! ਪਤਾ ਨ੍ਹੀਂ ਕਿਹੜੇ ਜਨਮਾਂ ਦੇ ਬਦਲੇ ਲੈ ਰਿਹਾ, ਇਹ ਹਰਾਮੀ।” ਜੈਬੇ ਦਾ ਗੱਚ ਭਰ ਆਇਆ।
‘‘ਪਤਾ ਨ੍ਹੀਂ ਕਿਹੜੀ ਕਰਨੀ ‘ਚ ਭਿੰਗਣਾ ਪੈ ਗੀ! ਏਸ ਜਰਮ ‘ਚ ਤਾਂ ਆਪਾਂ ਨੇ ਕਿਸੇ ਦਾ ਬੁਰਾ ਨਹੀਂ ਕੀਤਾ।”

ਗੁਰਮੇਲੋ ਨੇ ਆਪਣੀ ਚੁੰਨੀ ਨਾਲ ਪਤੀ ਦੀਆਂ ਗਿੱਲੀਆਂ ਅੱਖਾਂ ਪੂੰਝਦੀ ਨੇ ਆਪ ਸੁੜ੍ਹਕਾ ਮਾਰਿਆ। ਅਮੀਰੀ! ਗ਼ਰੀਬੀ! ਇਕਲਾਪਾ! ਜ਼ਮਿਤ! ਕਿਹੜਾ ਝੱਖੜ ਨਹੀਂ ੀ ਝੁਲਿਆ, ਉਹਨਾਂ ਦੇ ਸਿਰਾਂ ਉੱਪਰੋਂ। ਪਰ ਉਸ ਦਾ ਪਤੀ ਕਦੇ ਵੀ ਏਨਾ ਨਹੀਂ ਸੀ ਡੋਲਿਆ।
ਕਮਰੇ ਦੀ ਛੱਤ ਵੱਲ ਝਾਕਦੀ ਗੁਰਮੇਲ ਕੌਰ ਨੇ ਸੋਚਿਆ। ਟੀ-ਆਇਰਨ ਨੇ ਬਨੇਰਾ ਅੰਦਰੋਂ ਵੀ ਚੁੱਕ ਦਿੱਤਾ ਸੀ। ਟਾਈਲਾਂ ਉੱਪਰ ਬਣਾਈਆਂ ਨੀਲੀਆਂ ਚਿੱਟੀਆਂ ਬੂਟੀਆਂ ਭੱਦੀਆਂ ਪੈ ਗਈਆਂ ਸਨ।
ਦੋਵੇਂ ਕੁੜੀਆਂ ਬੇਬੀ ਅਤੇ ਰੂਪਾਂ ਆਪਣੇ ਵੈਸ਼ਨੂੰ ਪ੍ਰਾਹੁਣਿਆਂ ਨਾਲ ਦਿਨ ਦੇ ਦਿਨ ਆ ਕੇ ਮੁੜ ਗਈਆਂ ਸਨ। ਬਲਰਾਜ ਦੀ ਸਾਲ਼ੀ ਅਤੇ ਸਾਢੂ ਨੇ ਵੀ ਰਾਤ ਠਹਿਰਨਾ ਮੁਨਾਸਿਬ ਨਾ ਸਮਝਿਆ।

‘‘ਏਹਦੇ ਨਾਲੋਂ ਤ ਏਹ ਕੁਚੱਜਾ ਵੀ ਕੁੜੀ ਬਣ ਕੇ ਜੰਮ ਪਿਆ ਹੁੰਦਾ। ਕੀ ਗੱਡਾ ਖੜ੍ਹਾ ਸੀ, ਏਹਦੇ ਬਿਨਾਂ? ਹੱਥ ਪੀਲ਼ੇ ਕਰ ਕੇ ਕਿੱਦਣ ਦੇ ਸੁਰਖੁਰੂ ਹੋਗੇ ਹੁੰਦੇ।”

ਮੰਜੇ ਉੱਪਰ ਟੇਢੀ ਹੋਈ ਗੁਰਮੇਲ ਕੌਰ ਦੇ ਮਨ ਵਿੱਚ ਇੱਕ ਹੋ ਲਹਿਰ ਉਭਰੀ।

ਐਨ.ਡੀ.ਟੀ.ਵੀ ਉੱਪਰ ਸੇਬੀ ਦਾ ਹਮਲਾ -ਨਰਾਇਣ ਦੱਤ
ਪੱਤ ਕੁਮਲਾ ਗਏ (ਕਾਂਡ-7) -ਅਵਤਾਰ ਸਿੰਘ ਬਿਲਿੰਗ
ਪੱਤ ਕੁਮਲਾ ਗਏ (ਕਾਂਡ-2) -ਅਵਤਾਰ ਸਿੰਘ ਬਿਲਿੰਗ
ਮੀਡੀਆ ਦੀ ਆਜ਼ਾਦੀ ਅਤੇ ਸਰਕਾਰੀ ਤੰਤਰ
ਖ਼ਤਰੇ ਵਿੱਚ ਲੋਕਤੰਤਰ ਦਾ ਚੌਥਾ ਥੰਮ੍ਹ -ਸ਼ਿਵ ਇੰਦਰ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਝੂਠੇ ਪੁਲਿਸ ਮੁਕਾਬਲਿਆਂ ਨੂੰ ਰੋਕਿਆ ਜਾਵੇ – ਗੁਰਤੇਜ ਸਿੰਘ

ckitadmin
ckitadmin
June 27, 2016
ਇੱਕ ਰਾਜਨੀਤਿਕ ਕੈਦੀ ਦੀ ਮੌਤ -ਮਾਰਤੰਡ ਕੌਸ਼ਿਕ
ਪਾਕਿਸਤਾਨ ਦੀ ਵੱਖੀ ’ਚ ਵਸਦੇ ਪਿੰਡ ਭਿਆਨਕ ਬਿਮਾਰੀਆਂ ਕਾਰਨ ਨਰਕ ਭੋਗਣ ਲਈ ਮਜਬੂਰ
ਰਾਜੀਵ ਸ਼ਰਮਾ ਦੀ ਆਤੂ ਖੋਜੀ: ਅੰਬਰ ਲੱਭ ਲਏ ਨਵੇਂ ਨਿਸ਼ਾਨਿਆਂ ਨੇ – ਇੰਦਰਜੀਤ ਕਾਲਾ ਸੰਘਿਆਂ
ਰਹਿਮ ਦਿਲ ਰੱਬ ਦੇ ‘ਸੇਲਜ਼ਪਰਸਨ’ ਏਨੇ ਬੇਰਹਿਮ ਕਿਉਂ ਹਨ? -ਸ਼ੌਂਕੀ ਇੰਗਲੈਂਡੀਆ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?