By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੰਜਾ ਸਾਹਿਬ ਦਾ ਮਹਾਨ ਸਾਕਾ – ਰੂਪਇੰਦਰ ਸਿੰਘ (ਫ਼ੀਲਖਾਨਾ)
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਪੰਜਾ ਸਾਹਿਬ ਦਾ ਮਹਾਨ ਸਾਕਾ – ਰੂਪਇੰਦਰ ਸਿੰਘ (ਫ਼ੀਲਖਾਨਾ)
ਨਿਬੰਧ essay

ਪੰਜਾ ਸਾਹਿਬ ਦਾ ਮਹਾਨ ਸਾਕਾ – ਰੂਪਇੰਦਰ ਸਿੰਘ (ਫ਼ੀਲਖਾਨਾ)

ckitadmin
Last updated: October 23, 2025 4:54 am
ckitadmin
Published: October 23, 2022
Share
SHARE
ਲਿਖਤ ਨੂੰ ਇੱਥੇ ਸੁਣੋ

ਜਿਉਂ ਜਿਉਂ ਸਿੱਖ ਇਤਿਹਾਸ ਦਾ ਪ੍ਰਕਾਸ਼ ਫੈਲਦਾ ਗਿਆ, ਸਿੱਖ ਦੋਖੀਆਂ ਭਾਵੇਂ ਉਹ ਕੋਈ ਵੀ ਹੋਣ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਗਿਆ ਕਿ ਸਿੱਖਾਂ ਨੂੰ ਸਾਰੀ ਸ਼ਕਤੀ ਸਿੱਖੀ ਦੇ ਧੁਰੇ ਗੁਰਦੁਆਰਾ ਸਾਹਿਬਾਨ ਤੋਂ ਹੀ ਮਿਲਦੀ ਹੈ। ਉਹਨਾਂ ਨੂੰ ਇਸ ਤਾਕਤ ਤੋਂ ਵਾਂਝਿਆਂ ਰੱਖਣ ਲਈ ਗੁਰਦੁਆਰੇ ਢਾਹੇ ਜਾਂਦੇ ਰਹੇ, ਸਰੋਵਰ ਪੂਰੇ ਜਾਂਦੇ ਰਹੇ ਅਤੇ ਗੁਰੂ ਘਰਾਂ ਦੀਆਂ ਮਰਿਆਦਾਵਾਂ ਭੰਗ ਕੀਤੀਆਂ ਜਾਂਦੀਆਂ ਰਹੀਆਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਸਿੱਖਾਂ ਦੀ ਡਗਮਗਾਈ ਹਾਲਤ ਅਤੇ ਅੰਗਰੇਜ਼ਾਂ ਦੀਆਂ ਕੋਝੀਆਂ ਚਾਲਾਂ ਕਾਰਨ ਅੰਗਰੇਜ਼ਾਂ ਦਾ 1849 ਵਿੱਚ ਪੰਜਾਬ ਉੱਤੇ ਪੂਰਨ ਕਬਜ਼ਾ ਹੋ ਗਿਆ। ਸਿੱਖਾਂ ਜੈਸੀ ਅਣਖੀਲੀ, ਨਿਡਰ, ਬਹਾਦਰ ਤੇ ਸਦਾਚਾਰੀ ਕੌਮ ਨੂੰ ਦਬਾ ਕੇ ਰੱਖਣ ਲਈ ਉਹਨਾਂ ਨੇ ਗੁਰਦੁਆਰਿਆਂ ਦਾ ਕੰਟਰੋਲ ਆਪਣੇ ਹੱਥ-ਠੋਕੇ ਪੁਜਾਰੀਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ। ਅੰਗਰੇਜ਼ਾਂ ਦੀ ਸ਼ਹਿ ਉੱਤੇ ਇਹਨਾਂ ਕੁਕਰਮੀਆਂ ਨੇ ਨਾਮ-ਰਸ ਅਤੇ ਸੁੱਖ ਸ਼ਾਂਤੀ ਦੇ ਸੋਮੇ ਗੁਰੂਘਰਾਂ ਨੂੰ ਗੁੰਡਪੁਣੇ ਅਤੇ ਅੱਯਾਸ਼ੀ ਦੇ ਅੱਡੇ ਬਣਾ ਕੇ ਰੱਖ ਦਿੱਤਾ।

ਮਹੰਤਾਂ ਦੇ ਪਾਲੇ ਹੋਏ ਗੁੰਡੇ ਗੁਰਦੁਆਰੇ ਆਈਆਂ ਸੰਗਤਾਂ ਨਾਲ ਬਦਤਮੀਜ਼ੀਆਂ ਕਰਦੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਆਈਆਂ ਧੀਆਂ-ਭੈਣਾਂ ਦੀ ਇੱਜ਼ਤ ਸੁਰੱਖਿਅਤ ਨਹੀਂ ਸੀ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਸੀ ਅਤੇ ਕਰਮ-ਕਾਂਡ ਦਾ ਬੋਲਬਾਲਾ ਸੀ। ਗੁਰੂ-ਘਰਾਂ ਨੂੰ ਵਿਲਾਸੀ ਮਹੰਤਾਂ ਦੇ ਟੋਲਿਆਂ ਤੋਂ ਆਜ਼ਾਦ ਕਰਵਾਉਣ ਲਈ  ਸਿੰਘਾਂ ਵੱਲੋਂ 1920 ਤੋਂ 1925 ਤੱਕ ਗੁਰਦੁਆਰਾ ਸੁਧਾਰ ਲਹਿਰ ਚਲਾਈ ਗਈ। ਇਸ ਅਰਸੇ ਦੌਰਾਨ ਕਈ ਮੋਰਚੇ ਲਗਾਏ ਗਏ। ਗੁਰੂ ਕੇ ਬਾਗ ਦਾ ਮੋਰਚਾ ਵੀ ਇਸ ਪੱਖੋਂ ਬਹੁਤ ਮਹੱਤਤਾ ਰੱਖਦਾ ਹੈ। ਇਸ ਮੋਰਚੇ ਦੌਰਾਨ ਹੀ ਪੰਜਾ ਸਾਹਿਬ ਵਿਖੇ ਗੱਡੀ ਰੋਕਣ ਵਾਲਾ ਸਾਕਾ ਵਾਪਰਿਆ।

ਗੁਰਦੁਆਰਾ ਗੁਰੂ ਕਾ ਬਾਗ ਅੰਮ੍ਰਿਤਸਰ ਤੋਂ ਲਗਭਗ  25 ਕਿਲੋਮੀਟਰ ਦੀ ਦੂਰੀ ਉੱਤੇ ਘੁੱਕੇ ਵਾਲੀ ਅਤੇ ਸੈਂਸਰਾ ਪਿੰਡ ਦੇ ਵਿਚਕਾਰ ਪੈਂਦਾ ਹੈ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਸਦਕਾ ਇੱਥੇ ਇੱਕ ਦੂਜੇ ਤੋਂ ਬਹੁਤ  ਨੇੜੇ ਗੁਰਦੁਆਰਾ ਗੁਰੂ ਕਾ ਬਾਗ ਅਤੇ ਗੁਰਦੁਆਰਾ ਬਾਉਲੀ ਸਾਹਿਬ ਵੀ ਸੁਭਾਇਮਾਨ ਹਨ। ਇਨ੍ਹਾਂ ਗੁਰੂ ਘਰਾਂ ਦੇ ਨੇੜੇ ਇਹਨਾਂ ਦੀ ਮਲਕੀਅਤ ਕੁਝ ਜ਼ਮੀਨ ਵੀ ਹੈ ਜੋ ਮੋਰਚੇ ਦੇ ਦਿਨਾਂ ਵਿੱਚ ਵੱਸੋਂ-ਰਹਿਤ ਸੀ, ਇਹ ਬੰਜਰ ਸੀ ਅਤੇ ਟਾਵੇਂ ਟਾਵੇਂ ਕਿੱਕਰ ਖੜ੍ਹੇ ਸਨ। ਇਸ ਗੁਰਦੁਆਰੇ ਦਾ ਮਹੰਤ ਸੁੰਦਰ ਦਾਸ ਆਪਣੇ ਕਰੂਪ ਕਿਰਦਾਰ ਕਾਰਨ ਚਾਰੋਂ ਪਾਸੇ ਬਦਨਾਮ ਸੀ। ਸ਼ਹਿਰ ਦੇ ਪਤਵੰਤਿਆਂ ਦੇ ਕਈ ਵਾਰ ਸਮਝਾਉਣ ਦੇ ਬਾਵਜੂਦ ਵੀ ਉਸ ਦੀ ਹਾਲਤ ਕੁੱਤੇ ਦੀ ਪੂੰਛ ਵਾਲੀ ਹੀ ਸੀ।

8 ਅਗਸਤ 1922 ਨੂੰ ਗੁਰਦੁਆਰੇ ਦੇ ਲੰਗਰ ਵਾਸਤੇ ਬਾਲਣ ਲਿਆਉਣ ਲਈ ਪੰਜ ਸੇਵਾਦਾਰ ਗੁਰਦੁਆਰਾ ਸਾਹਿਬ ਦੀ ਜੂਹ ਵਿੱਚੋਂ ਇਕ ਕਿੱਕਰ ਦੀ ਲੱਕੜ ਕੱਟਣ ਗਏ ਤਾਂ ਅੰਗਰੇਜ਼ੀ ਪਿੱਠੂ ਸੁੰਦਰ ਦਾਸ ਨੇ ਉਹਨਾਂ ਉੱਤੇ ਲੱਕੜ ਚੋਰੀ ਦਾ ਕੇਸ ਦਰਜ ਕਰਵਾ ਦਿੱਤਾ। ਇਹਨਾਂ ਸਿੰਘਾਂ ਨੂੰ 50-50 ਰੁਪਏ ਜੁਰਮਾਨਾ ਅਤੇ ਛੇ-ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਸਿੰਘਾਂ ਨੇ ਨਿਡਰ ਰਹਿੰਦੇ ਹੋਏ ਲੱਕੜ ਕੱਟਣ ਦਾ ਸਿਲਸਿਲਾ ਜਾਰੀ ਰੱਖਿਆ। ਕਈ ਦਿਨ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਪ੍ਰੰਤੂ 23 ਅਗਸਤ ਨੂੰ ਲੱਕੜੀ ਕੱਟਣ ਵਾਲੇ ਸਿੰਘਾਂ ਤੋਂ ਬਿਨਾਂ 66 ਹੋਰ ਸੇਵਾਦਾਰ ਵੀ ਗ੍ਰਿਫ਼ਤਾਰ ਕਰ ਲਏ ਗਏ।  25 ਅਗਸਤ ਨੂੰ ਮੱਸਿਆ ਵਾਲੇ ਦਿਨ ਬਾਹਰ ਖੁੱਲ੍ਹੀ ਥਾਂ ਲੱਗੇ ਦੀਵਾਨ ਵਿੱਚ ਗੁਰਬਾਣੀ ਦਾ ਆਨੰਦ ਮਾਣ ਰਹੇ ਸ਼ਾਂਤ ਸਿੰਘਾਂ ਉੱਤੇ ਐਡੀਸ਼ਨਲ ਪੁਲਸ ਕਪਤਾਨ ਮਿਸਟਰ ਬੀ.ਟੀ. ਨੇ ਲਾਠੀ ਚਲਾਉਣ ਦਾ ਹੁਕਮ ਦੇ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਤਾਅਬੇ ਬੈਠੇ ਸਿੰਘ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਤੇ ਸੋਟੀਆਂ ਵੀ ਮਾਰੀਆਂ ਗਈਆਂ। ਅਗਲੇ ਦਿਨ ਡਿਪਟੀ ਕਮਿਸ਼ਨਰ ਮਿਸਟਰ ਡੰਟ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ, ਕਾਰਜ ਕਾਰਨੀ ਦੇ ਸੱਤ ਮੈਂਬਰਾਂ ਤੇ ਮਾਸਟਰ ਤਾਰਾ ਸਿੰਘ ਸਮੇਤ ਕਈ ਮਹੱਤਵਪੂਰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹਨਾਂ ਗ੍ਰਿਫ਼ਤਾਰੀਆਂ ਤੋਂ ਬਾਅਦ  ਮੋਰਚੇ ਦੀ ਵਾਗਡੋਰ ਸ. ਤੇਜਾ ਸਿੰਘ ਸਮੁੰਦਰੀ ਨੇ ਸੰਭਾਲ ਲਈ। ਹੱਕ-ਸੱਚ ਤੇ ਪਹਿਰਾ ਦੇਣ ਵਾਲੀ ਸਿੱਖ ਕੌਮ ਭਾਵੇਂ ਮਰਨ-ਮਾਰਨ ਅਤੇ ਸਹਿਣ-ਜਰਨ ਦੋਵੇਂ ਢੰਗਾਂ ਵਿਚ ਪ੍ਰਬੀਨ ਮੰਨੀ ਜਾਂਦੀ ਹੈ ਪ੍ਰੰਤੂ ਮੌਕੇ ਅਨੁਸਾਰ ਸਥਿਤੀ ਨੂੰ ਪੂਰੀ ਤਰ੍ਹਾਂ ਭਾਂਪਦਿਆਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅਤੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਅਦਮ-ਤਸ਼ੱਦਦ (ਹੱਥ ਨਾ ਚੁੱਕਦੇ ਹੋਏ ਵਿਰੋਧੀ ਦੇ ਵਾਰਾਂ ਨੂੰ ਸਹਿਣਾ )ਦਾ ਰਾਹ ਅਪਣਾਇਆ ਗਿਆ। ਅੰਮ੍ਰਿਤਸਰ ਤੋਂ ਅਕਾਲ ਤਖ਼ਤ ਵਿਖੇ ਗੁਰੂ ਗ੍ਰੰਥ ਸਾਹਿਬ ਸਨਮੁਖ ਹਰ ਹਾਲਤ ਵਿਚ ਸ਼ਾਂਤਮਈ ਰਹਿਣ ਦਾ ਪ੍ਰਾਣ ਕਰਕੇ ਕਾਲੀਆਂ ਦਸਤਾਰਾਂ ਵਾਲੇ ਸਿੰਘਾਂ ਦੇ ਜਥੇ ਕੁਝ ਦਿਨ 50-50 ਤੇ ਫਿਰ 100-100 ਦੀ ਗਿਣਤੀ ਵਿੱਚ ਗੁਰਦੁਆਰਾ ਗੁਰੂ ਕਾ ਬਾਗ ਵੱਲ ਚੱਲਣੇ ਆਰੰਭ ਹੋ ਗਏ।

ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਤੇ ਗੁਰਬਾਣੀ ਸ਼ਬਦ ਪੜ੍ਹਦਿਆਂ ਸ਼ਾਂਤਮਈ ਢੰਗ ਨਾਲ ਅੱਗੇ ਵੱਧ ਰਹੇ ਸਿੰਘਾਂ ਉੱਤੇ ਅੰਗਰੇਜ਼ ਸਿਪਾਹੀਆਂ ਵੱਲੋਂ ਅੰਨ੍ਹੇਵਾਹ ਡਾਂਗਾਂ ਵਰ੍ਹਾਈਆਂ ਜਾਂਦੀਆਂ। ਬੇਹੋਸ਼ ਹੋਏ ਸਿੰਘਾਂ ਨੂੰ ਘੜੀਸ ਘੜੀਸ ਕੇ ਰਸਤੇ ਦੇ ਨਾਲ ਲੱਗਦੇ ਖਤਾਨਾਂ ਜਾਂ ਨੇੜਲੇ ਛੱਪੜਾਂ ਵਿੱਚ ਸੁੱਟ ਦਿੱਤਾ ਜਾਂਦਾ। ਰਾਹ ਵਿੱਚ ਡਿੱਗੇ ਸਿੰਘਾਂ ਨੂੰ ਭਾਰੇ ਬੂਟਾਂ ਨਾਲ ਮਿੱਧਿਆ ਜਾਂਦਾ, ਉਹਨਾਂ ਉੱਤੋਂ ਦੀ ਤੇਜ਼ ਘੋੜੇ ਦੌੜਾ ਕੇ ਦਰੜਿਆ ਜਾਂਦਾ। ਗੁਰੂ ਸਾਹਿਬਾਨ ਨੂੰ ਗਾਲ੍ਹਾਂ ਕੱਢ ਕੇ ਸਿੱਖਾਂ ਨੂੰ ਹੱਥ ਚੁੱਕਣ ਲਈ ਉਕਸਾਇਆ ਜਾਂਦਾ ਪ੍ਰੰਤੂ ਸਿੰਘ ਆਪਣੇ ਸ਼ਾਂਤ ਰਹਿਣ ਦੇ ਪ੍ਰਣ ਦੀ ਹਰ ਹਾਲਤ ਵਿੱਚ ਰਾਖੀ ਕਰਦੇ ਅਤੇ ਹੋਸ਼ ਆਉਣ ਉੱਤੇ ਫੇਰ ਅੱਗੇ ਵੱਧਣ ਲਗਦੇ ਸਨ। ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਦੀਆਂ ਗੱਡੀਆਂ ਅਤੇ ਟਰੱਕਾਂ ਰਾਹੀਂ ਅੰਮ੍ਰਿਤਸਰ ਦੀਆਂ ਜੇਲ੍ਹਾਂ ਅਤੇ ਹਸਪਤਾਲਾਂ ਵਿੱਚ ਭੇਜ ਦਿੱਤਾ ਜਾਂਦਾ ਸੀ।

ਬੇਕਸੂਰ ਸਿੰਘਾਂ ਦੀ ਦਰਦਨਾਕ ਦਸ਼ਾ ਬਾਰੇ ਸਾਕੇ ਦੇ ਪ੍ਰਮੁੱਖ ਸ਼ਹੀਦ ਭਾਈ ਕਰਮ ਸਿੰਘ ਜੀ ਦੇ ਸਕੇ ਭਤੀਜੇ ਅਤੇ ਲੇਖਕ ਦੇ ਦਾਦਾ ਜੀ ਰਾਜ ਕਵੀ ਸ. ਬਲਵੰਤ ਸਿੰਘ ਗਜਰਾਜ ਵੱਲੋਂ ਬ੍ਰਿਜ-ਭਾਸ਼ਾ ਵਿੱਚ ਲਿਖੀ ਇੱਕ ਕਵਿਤਾ ਦੇ ਕੁਝ ਬੋਲ ਇਸ ਪ੍ਰਕਾਰ ਹਨ:

“ਆਜ ਘਨਘੋਰ ਘੂਮ ਘਾਮ ਰਹੀ ਦੁਖ ਰੂਪ; ਆਫ਼ਤ ਕੀ ਸਿੰਘਨ ਕੇ, ਸੀਸ ਪੇ ਝੜਾ ਝੜੀ।
ਦਸੋ ਦਿਸ਼ ਦੇਸ ਹੂ ਮੇਂ ਐ ਜੂ ਦਸਮੇਸ਼ ਪਿਤਾ; ਆਫ਼ਤ ਅੰਧੇਰੀਓਂ ਕੀ ਖ਼ੂਬ ਹੈ ਚੜ੍ਹਾ ਚੜ੍ਹੀ।
ਕਹੇ ‘ਗਜਰਾਜ’ ਆਜ ਅਜਬ ਅਜੀਬ ਰੰਗ; ਦੇਖ ਬਿਕਰਾਲ ਹਾਲ, ਜਾਨ ਸੋਚ ਮੇਂ ਪੜੀ।
ਅੜਾ ਅੜੀ ਜੇਲ੍ਹਨ ਮੇਂ, ਕੜਾ ਕੜੀ ਹਾਥਨ ਮੇਂ; ਲੜਾ ਲੜੀ ਬਿਨਾਂ ਹੀ ਹੈ, ਪੰਥ ਕੀ ਫੜਾ ਫੜੀ।”

ਉਸ ਵੇਲੇ ਦੇ ਮੰਨੇ ਪ੍ਰਮੰਨੇ ਸਮਾਚਾਰ ਪੱਤਰਾਂ, ਉੱਚ ਕੋਟੀ ਦੀਆਂ ਰਾਜਨੀਤਕ ਤੇ ਧਾਰਮਿਕ ਹਸਤੀਆਂ ਅਤੇ ਉੱਘੇ ਲੇਖਕਾਂ ਦੀਆਂ ਲਿਖਤਾਂ ਪੜ੍ਹਕੇ ਜਿੱਥੇ ਕੁੱਲ ਜਹਾਨ ਨੇ ਬਹਾਦਰ ਸਿੱਖਾਂ ਦੇ ਸਬਰ ਤੇ ਸਿਦਕ ਅੱਗੇ ਸੀਸ ਨਿਵਾਇਆ ਉੱਥੇ ਅੰਗਰੇਜ਼ ਰਾਜ ਵੱਲੋਂ ਕੀਤੇ ਜਾ ਰਹੇ ਜ਼ੁਲਮ ਅਤੇ ਜਬਰ ਉੱਤੇ ਲੱਖ ਲੱਖ ਲਾਹਨਤਾਂ ਵੀ ਪਾਈਆਂ। ਅਮਰੀਕਾ ਦੇ ਫ਼ਿਲਮਸਾਜ਼ ਵਰਗੀਜ਼ ਨੇ ਇਹਨਾਂ ਘਿਰਣਾਮਈ ਦ੍ਰਿਸ਼ਾਂ ਦੀ ਡਾਕੂਮੈਂਟਰੀ ਬਣਾ ਕੇ ਪੱਛਮੀ ਦੇਸ਼ਾਂ ਵਿੱਚ ਰਿਲੀਜ਼ ਕਰ ਦਿੱਤੀ। ਅੰਗਰੇਜ਼ ਪਾਦਰੀ ਸੀ.ਐਫ਼.ਐਂਡਰਿਊਜ਼ ਨੇ ਜਦੋਂ ਇਸ ਜ਼ੁਲਮ ਦਾ ਬਿਰਤਾਂਤ ਅਖਬਾਰਾਂ ਵਿੱਚ ਛਪਵਾਇਆ ਅਤੇ ਗਵਰਨਰ ਮੈਕਲੇਗਨ ਨੂੰ ਨਾਲ ਲਿਜਾ ਕੇ ਦਿਖਾਇਆ ਤਾਂ ਅੰਗਰੇਜ਼ ਸਿਪਾਹੀਆਂ ਦੀ ਕਰਤੂਤ ਦੇਖ ਕੇ ਉਹ ਸੁੰਨ ਹੋ ਕੇ ਰਹਿ ਗਿਆ। ਉਸ ਦੀ  ਰੂਹ ਕੰਬ ਉੱਠੀ ਅਤੇ ਉਸ ਨੇ ਤੁਰੰਤ ਮਾਰ ਕੁਟਾਈ ਬੰਦ ਕਰਨ ਦਾ ਹੁਕਮ ਦੇ ਦਿੱਤਾ ਪ੍ਰੰਤੂ ਇਸਦੇ ਬਾਵਜੂਦ ਵੀ ਮੋਰਚਾ ਲੱਗਾ ਰਿਹਾ ਅਤੇ ਸੌ-ਸੌ ਸਿੰਘਾਂ ਦੀ ਰੋਜ਼ਾਨਾ ਗ੍ਰਿਫਤਾਰੀ ਵੀ ਜਾਰੀ ਰਹੀ।

ਸਿੰਘਾਂ ਦੀ ਗਿਣਤੀ ਵਧਣ ਕਰਕੇ ਅੰਮ੍ਰਿਤਸਰ ਅਤੇ ਨੇੜੇ-ਤੇੜੇ ਦੀਆਂ ਜੇਲ੍ਹਾਂ ਪੂਰੀ ਤਰ੍ਹਾਂ ਨਾਲ ਭਰ ਚੁੱਕੀਆਂ ਸਨ, ਇਸ ਲਈ ਸਿੰਘਾਂ ਨੂੰ ਰਾਵਲਪਿੰਡੀ, ਅਟਕ ਅਤੇ ਹੋਰ ਦੂਰ ਦੁਰਾਡੀਆਂ ਜੇਲ੍ਹਾਂ ਵਿੱਚ ਬੰਦ ਕਰਨ ਲਈ ਰੇਲ ਗੱਡੀਆਂ ਰਾਹੀਂ ਭੇਜਣਾ ਸ਼ੁਰੂ ਕਰ ਦਿੱਤਾ ਗਿਆ। ਇਸ ਸਮੇਂ ਦੌਰਾਨ ਹੀ ਗੁਰਦੁਆਰਾ ਪੰਜਾ ਸਾਹਿਬ ਦਾ ਮਹਾਨ ਸਾਕਾ ਵਾਪਰਿਆ।

ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਇਕ ਸਾਬਕਾ ਫ਼ੌਜੀਆਂ (ਪੈਨਸ਼ਨਰਾਂ) ਦਾ ਜਥਾ ਅਕਾਲ ਤਖ਼ਤ ਸਾਹਿਬ ‘ਤੇ ਇਕੱਤਰ ਹੋਇਆ ਅਤੇ ਅਰਦਾਸ ਉਪਰੰਤ ਇਹ ਜਥਾ ਰਿਆਸਤ ਕਪੂਰਥਲਾ ਦੇ ਇਕ ਸਾਬਕਾ ਫੌਜੀ ਸੂਬੇਦਾਰ ਅਮਰ ਸਿੰਘ ਜੀ ਪਿੰਡ ਧਾਲੀਵਾਲ ਦੀ ਅਗਵਾਈ ਵਿਚ ਰੋਸ ਪ੍ਰਗਟ ਕਰਦਾ ਹੋਇਆ ਗ੍ਰਿਫਤਾਰ ਹੋ ਗਿਆ। ਜਥੇ ਦੇ  ਮੀਤ ਜਥੇਦਾਰ ਮਾਸਟਰ ਚਤਰ ਸਿੰਘ ਹਵਲਦਾਰ ਪਲਟਨ ਨੰਬਰ-19 ਸਨ। ਇਸ ਜਥੇ ਨੂੰ ਨਵਾਬ ਅਸਲਮ ਹਯਾਤ ਖਾਂ ਮੈਜਿਸਟ੍ਰੇਟ ਅੰਮ੍ਰਿਤਸਰ ਵੱਲੋਂ ਢਾਈ-ਢਾਈ ਸਾਲ ਦੀ ਸਖ਼ਤ ਕੈਦ ਅਤੇ ਸੌ-ਸੌ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ। ਅੰਗਰੇਜ਼ ਸਰਕਾਰ ਵੱਲੋਂ ਇਸ ਜਥੇ ਦੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਇਕ ਸਪੈਸ਼ਲ ਗੱਡੀ ਰਾਹੀਂ ਦੂਰ ਦੁਰਾਡੇ ਦੀਆਂ ਜੇਲ੍ਹਾਂ ਵਿੱਚ ਲਿਜਾਇਆ ਜਾਣਾ ਸੀ।

29 ਅਕਤੂਬਰ 1922 ਦੀ ਰਾਤ ਨੂੰ ਗੱਡੀ ਅੰਮ੍ਰਿਤਸਰ ਤੋਂ ਅਟਕ ਵੱਲ ਰਵਾਨਾ ਹੋਈ। 30 ਅਕਤੂਬਰ ਨੂੰ ਇੰਜਣ ਵਿਚ ਕੋਲਾ ਅਤੇ ਪਾਣੀ ਆਦਿ ਪੁਵਾਉਣ ਲਈ ਗੱਡੀ ਨੂੰ ਕੁਝ ਦੇਰ ਲਈ ਰਾਵਲਪਿੰਡੀ ਰੋਕਿਆ ਗਿਆ ਪ੍ਰੰਤੂ ਕੈਦੀ ਸਿੰਘਾਂ ਨੂੰ ਖਾਣ ਲਈ ਅੰਨ ਦਾ ਇੱਕ ਵੀ ਦਾਣਾ ਜਾਂ ਪਾਣੀ ਦੀ ਇੱਕ ਵੀ ਘੁੱਟ ਨਸੀਬ ਨਾ ਹੋਈ। ਇਸ ਗੱਡੀ ਨੇ ਪੰਜਾ ਸਾਹਿਬ ਵਿੱਚੋਂ ਲੰਘ ਕੇ ਅੱਗੇ ਜਾਣਾ ਸੀ। ਇਹ ਸੂਚਨਾ ਮਿਲਦਿਆਂ ਹੀ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ/ਕੀਰਤਨੀਏ ਭਾਈ ਕਰਮ ਸਿੰਘ ਅਤੇ ਖ਼ਜ਼ਾਨਚੀ/ਪ੍ਰਬੰਧਕ ਭਾਈ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਸੰਗਤਾਂ ਨੇ ਫ਼ੈਸਲਾ ਕਰ ਲਿਆ ਕਿ ਬੰਦੀ ਫ਼ੌਜੀ ਸਿੰਘਾਂ ਨੂੰ ਪੰਜਾ ਸਾਹਿਬ ਦੇ ਸਟੇਸ਼ਨ ‘ਤੇ ਲੰਗਰ ਪਾਣੀ ਛਕਾਇਆ ਜਾਵੇ। ਜਦੋਂ ਸਰਕਾਰ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਸ ਨੇ ਡਰਾਈਵਰ ਲਈ ਹੁਕਮ ਜਾਰੀ ਕਰ ਦਿੱਤਾ ਕਿ ਗੱਡੀ ਨੂੰ ਅਟਕ ਤੋਂ ਉਰੇ ਕਿਤੇ ਵੀ ਨਾ ਅਟਕਾਇਆ ਜਾਵੇ।

ਸਟੇਸ਼ਨ ਮਾਸਟਰ ਨੇ ਸਪੱਸ਼ਟ ਤੌਰ ‘ਤੇ ਸਿੰਘਾਂ ਨੂੰ ਆਖ ਦਿੱਤਾ ਕਿ ਸਰਕਾਰ ਦਾ ਹੁਕਮ ਹੈ ਕਿ ਇੱਥੇ ਗੱਡੀ ਨਹੀਂ ਰੋਕੀ ਜਾਵੇਗੀ। ਜਥੇਦਾਰ ਭਾਈ ਕਰਮ ਸਿੰਘ-ਭਾਈ ਪ੍ਰਤਾਪ ਸਿੰਘ ਨੇ ਪੂਰੇ ਜੋਸ਼ ਵਿੱਚ ਸਟੇਸ਼ਨ ਮਾਸਟਰ ਨੂੰ ਮੋੜਵਾਂ ਜਵਾਬ ਦਿੱਤਾ, “ਜੇ ਤੇਰੀ ਝੂਠੀ ਅੰਗਰੇਜ਼ ਸਰਕਾਰ ਦਾ ਹੁਕਮ ਗੱਡੀ ਨਾ ਰੋਕਣ ਦਾ ਹੈ ਤਾਂ ਸਾਡੀ ਸੱਚੀ ਸਰਕਾਰ ਅਕਾਲਪੁਰਖ ਵਾਹਿਗੁਰੂ ਜੀ ਦਾ ਹੁਕਮ ਗੱਡੀ ਨੂੰ ਹਰ ਹਾਲਤ ਵਿੱਚ ਰੋਕਣ ਦਾ ਹੈ।” ਸਿੰਘਾਂ ਨੇ ਇੱਕ ਦੂਜੇ ਸਨਮੁੱਖ ਪ੍ਰੇਰਨਾਮਈ ਦਲੀਲ ਦਿੰਦਿਆਂ ਕਿਹਾ, “ਜੇ ਸਾਡੇ ਬਾਬਾ ਨਾਨਕ ਪੰਜਾ ਸਾਹਿਬ ਵਿਖੇ ਐਨੇ ਵੱਡੇ ਪਹਾੜ ਨੂੰ ਆਪਣੇ ਪੰਜੇ ਨਾਲ ਰੋਕ ਕੇ ਵਲੀ ਕੰਧਾਰੀ ਦਾ ਹੰਕਾਰ ਤੋੜ ਸਕਦੇ ਹਨ, ਤਾਂ ਕੀ ਉਸ ਦੇ ਸਿੱਖ ਇੱਕ ਗੱਡੀ ਨੂੰ ਰੋਕ ਕੇ ਅੰਗਰੇਜ਼ ਸਰਕਾਰ ਦੀ ਹੈਂਕੜ ਨਹੀਂ ਭੰਨ ਸਕਦੇ?”

ਸਟੇਸ਼ਨ ਤੇ ਹਾਜ਼ਰ ਤਿੰਨ ਸੌ ਦੇ ਲਗਭਗ ਸਿੰਘ-ਸਿੰਘਣੀਆਂ ਸਾਰੇ ਹੀ ਜੈਕਾਰੇ ਛੱਡਦੇ ਤੇ ਪਾਠ ਕਰਦੇ ਰੇਲ ਗੱਡੀ ਦੀ ਲਾਈਨ ਉੱਤੇ ਬੈਠ ਗਏ। ਸਵੇਰੇ ਦਸ ਕੁ ਵਜੇ ਦੇ ਨੇੜੇ-ਤੇੜੇ ਧੂੰਆਂ ਛੱਡਦੀ ਤੇ ਕੂਕਾਂ ਮਾਰਦੀ ਰੇਲ ਗੱਡੀ ਮਹਿਖਾਸੁਰ ਦੈਂਤ ਵਾਂਗ ਮੰਦੇ ਇਰਾਦਿਆਂ ਨਾਲ ਚਿੰਘਾੜਦੀ ਆਉਂਦੀ ਦਿਸੀ। ਦੋਵੇਂ ਜਥੇਦਾਰਾਂ ਨੇ ਪੂਰੇ ਜ਼ੋਰ ਨਾਲ ਗੱਜ ਕੇ ਸਾਰੇ ਸਿੰਘਾਂ ਨੂੰ ਕਿਹਾ, “ਸਾਡੇ ਜੀਵਨ ਦਾ ਗੁਰੂ ਲੇਖੇ ਲੱਗਣ ਦਾ ਸਮਾਂ ਆ ਗਿਆ ਹੈ, ਸਾਡੇ ਪਿੱਛੋਂ ਭੁੱਖਣ ਭਾਣੇ ਫ਼ੌਜੀ ਵੀਰਾਂ ਨੂੰ ਲੰਗਰ ਪਾਣੀ ਛਕਾ ਕੇ ਤੁਸੀਂ ਵੀ ਆਪਣਾ ਜੀਵਨ ਸਫਲਾ ਕਰ ਲੈਣਾ।”

ਇਕ ਕਰਾਮਾਤ ਵਾਪਰ ਚੁੱਕੀ ਸੀ। ਇੰਜਣ ਦੇ ਪਹੀਏ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਨੂੰ ਦਰੜਦੇ, ਚਿੱਥਦੇ ਅਤੇ ਮਿੱਧਦੇ ਹੋਏ ਰੁਕ ਗਏ। ਇਸ ਸਮੇਂ ਇੰਜਣ ਦੇ ਛੱਜੇ ਨੇ ਕੁਝ ਬੰਦੇ ਚੁੱਕ ਕੇ ਪਰੇ ਵਗਾਹ ਮਾਰੇ, ਕੁਝ ਗੰਭੀਰ ਜ਼ਖ਼ਮੀ ਹੋ ਗਏ ਅਤੇ ਕੁਝ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ। ਕੁਝ ਲੋਕ ਭੱਜ ਕੇ ਜਦੋਂ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਨੂੰ ਗੱਡੀ ਦੇ ਪਹੀਆਂ ਥੱਲੋਂ ਕੱਢਣ ਲੱਗੇ ਤਾਂ ਉਨ੍ਹਾਂ ਕਿਹਾ, “ਪਹਿਲਾਂ ਬੰਦੀ ਫ਼ੌਜੀ ਸਿੰਘਾਂ ਨੂੰ ਲੰਗਰ ਪਾਣੀ ਛਕਾਓ, ਸਾਨੂੰ ਬਾਅਦ ‘ਚ ਕੱਢਿਓ।”

ਢਾਡੀ ਸਮਰਾਟ ਸ. ਸੋਹਣ ਸਿੰਘ ਸੀਤਲ ਨੇ ਇਸ ਅਦਭੁਤ ਨਜ਼ਾਰੇ ਦਾ ਵਰਣਨ ਕੁਝ ਇਸ ਪ੍ਰਕਾਰ ਕੀਤਾ ਹੈ:

“ਅੜਗੀ, ਅੜਗੀ, ਅੜਗੀ, ਸਿੰਘਾਂ ਦੀ ਰੱਤ ਵੇਖ ਕੇ ਗੱਡੀ ਖੜ੍ਹਗੀ।
ਵੇਲਾ ਹੋ ਗਿਆ, ਵੇਲਾ ਹੋ ਗਿਆ; ਬਦਲ ਗਏ ਕਾਂਟੇ, ਗੱਡੀ ਆਈ ‘ਸ਼ਾਂ’ ਕਰਦੀ।
ਗੱਡੀ ਸਾਹਮਣੇ, ਗੱਡੀ ਸਾਹਮਣੇ ਛਾਤੀਆਂ ਡਾਹੀਆਂ; ਗੁਰੂ ਕੇ ਦੁਲਾਰਿਆਂ ਨੇ।
ਪਹੀਏ ਲੰਘ ਗਏ, ਪਹੀਏ ਲੰਘ ਗਏ ਇੰਜਣ ਦੇ ਸਾਰੇ; ਸੂਰਿਆਂ ਦੀ ਦੇਹ ਪੀੜ ਕੇ।
ਲੱਗ ਗਈਆਂ ਨੇ, ਲੱਗ ਗਈਆਂ ਨੇ ਬਰੇਕਾਂ ਆਪੇ, ਗਾੜ੍ਹੀ ਰੱਤ ਖ਼ਾਲਸੇ ਦੀ।
ਲਹੂ ਮਿੱਝ ਦੇ, ਲਹੂ ਮਿੱਝ ਦੇ ਖੁੱਭਨ ਵਿੱਚ ਖੁੱਭ ਕੇ, ਗੱਡੀ ਰੁਕੀ ਟੇਸ਼ਨ ਤੇ।”

ਡਾਕਟਰੀ ਸਹਾਇਤਾ ਲੈਣ ਤੋਂ ਪਹਿਲਾਂ ਸ਼ਹੀਦ ਭਾਈ ਕਰਮ ਸਿੰਘ ਨੇ ਬੇਨਤੀ ਕੀਤੀ, “ਪਹਿਲਾਂ ਮੈਨੂੰ ਬੰਦੀ ਫ਼ੌਜੀ ਸਿੰਘਾਂ ਦੇ ਦਰਸ਼ਨ ਕਰਾਓ।”

ਸੀਤਲ ਸਾਹਿਬ ਦੇ ਬੋਲ ਹਨ:

“ਏਨੇ ਚਿਰ ਨੂੰ, ਏਨੇ ਚਿਰ ਨੂੰ ਕਰਮ ਸਿੰਘ ਤਾਈਂ ਚੁੱਕ ਕੇ ਲਿਆਈਆਂ ਸੰਗਤਾਂ,
ਸਿੰਘ ਆਣਕੇ, ਸਿੰਘ ਆਣਕੇ ਦੀਦਾਰੇ ਕੀਤੇ, ਜੇਲ੍ਹ ਜਾਣ ਵਾਲਿਆਂ ਦੇ।
ਫ਼ਤਹਿ ਆਖਰੀ ਫ਼ਤਹਿ ਆਖਰੀ ਕਰਮ ਸਿੰਘ ਬੋਲੀ, ਉਧਰੋਂ ਸੁਆਸ ਮੁੱਕ ਗਏ।”

ਗੱਡੀ ਪੌਣੇ ਦੋ ਘੰਟੇ ਰੁਕੀ ਰਹੀ। ਖੂਨ ਹੀ ਖੂਨ ਵੇਖ ਕੇ ਫ਼ੌਜੀ ਸਿੰਘਾਂ ਨੂੰ ਵੀ ਪਤਾ ਲੱਗ ਗਿਆ ਕਿ ਗੱਡੀ ਕਿਵੇਂ ਰੁਕਵਾਈ ਗਈ ਹੈ। ਉਹਨਾਂ ਦੇ ਹਿਰਦੇ  ਕੁਰਲਾ ਉੱਠੇ, ਉਹਨਾਂ ਨੇ ਲੰਗਰ ਛਕਣ ਤੋਂ ਨਾਂਹ ਕਰ ਦਿੱਤੀ। ਸੰਗਤਾਂ ਵੱਲੋਂ ਹੱਥ ਜੋੜ-ਜੋੜ ਕੇ ਬੜਾ ਜ਼ੋਰ ਪਾਉਣ ਉੱਤੇ ਉਨ੍ਹਾਂ ਨੇ ਬੜੀ ਔਖਿਆਈ ਨਾਲ ਮਾੜਾ ਮੋਟਾ ਲੰਗਰ ਛਕਿਆ। ਭਾਈ ਕਰਮ ਸਿੰਘ ਦੋ ਘੰਟੇ ਪਿੱਛੋਂ ਸ਼ਹੀਦੀ ਪਾ ਗਏ ਅਤੇ ਭਾਈ ਪ੍ਰਤਾਪ ਸਿੰਘ ਨੇ ਅਗਲੇ ਦਿਨ ਅੰਮ੍ਰਿਤ ਵੇਲੇ ਪ੍ਰਾਣ ਤਿਆਗੇ। ਇਨ੍ਹਾਂ ਦੋਹਾਂ ਦੀਆਂ ਪਵਿੱਤਰ ਦੇਹਾਂ ਦਾ ਅੰਤਿਮ ਸੰਸਕਾਰ ਰਾਵਲਪਿੰਡੀ ਵਿਖੇ ਕੀਤਾ ਗਿਆ। ਸ਼ਹੀਦ ਸਿੰਘਾਂ ਦੀਆਂ ਦੇਹਾਂ ਦੇ ਸਨਮਾਨ ਵਿਚ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਕੱਢੀ ਗਈ ਅੰਤਿਮ ਯਾਤਰਾ ਦੇ ਜਲੂਸ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ ਤੇ ਸਾਰਾ ਰਸਤਾ ਦੇਹਾਂ ਉੱਤੇ ਫੁੱਲਾਂ ਦੀ ਵਰਖਾ ਕਰਦੇ ਰਹੇ।

ਗੱਡੀ ਦਾ ਡਰਾਈਵਰ ਜ਼ਿਲ੍ਹਾ ਗੁਜਰਾਤ ਦਾ ਇਕ ਅਰਾਈਂ ਮੁਸਲਮਾਨ ਸੀ।  ਸਰਕਾਰ ਨੇ ਗੱਡੀ ਰੋਕਣ ਸਬੰਧੀ ਉਸ ਵਿਰੁੱਧ ਹਾਈ ਕੋਰਟ ਦੇ ਜੱਜ ਤੋਂ ਪੜਤਾਲ ਕਰਵਾਈ। ਉਸ ਨੇ ਜੱਜ ਸਾਹਮਣੇ ਬਿਆਨ ਦਿੱਤਾ “ਮੈਨੂੰ ਸਰਕਾਰ ਵਲੋਂ ਗੱਡੀ ਨਾ ਖੜ੍ਹੀ ਕਰਨ ਦਾ ਹੁਕਮ ਸੀ। ਮੈਂ ਗੱਡੀ ਖੜ੍ਹੀ ਨਹੀਂ ਕੀਤੀ। ਪੂਰੀ ਰਫ਼ਤਾਰ ਨਾਲ ਚੱਲਦੀ ਗੱਡੀ ਜਦੋਂ ਸਿੰਘਾਂ ਵਿੱਚ ਵੱਜੀ ਤਾਂ ਮੈਨੂੰ ਇਉਂ ਲੱਗਾ ਜਿਵੇਂ ਕਿਸੇ ਵੱਡੇ ਪਹਾੜ ਨਾਲ ਟਕਰਾ ਗਈ ਹੋਵੇ। ਝਟਕਾ ਲੱਗਣ ਨਾਲ ਮੇਰਾ ਹੱਥ ਵੈਕਿਊਮ ਲੀਵਰ ਤੋਂ ਛੁਟ ਗਿਆ ਤੇ ਗੱਡੀ ਖੜ੍ਹੀ ਹੋ ਗਈ। ਮੈਨੂੰ ਇਉਂ ਲੱਗਾ ਜਿਵੇਂ ਕਿਸੇ ਅਣਦਿਸਦੀ ਗੁਪਤ ਸ਼ਕਤੀ ਨੇ ਗੱਡੀ ਰੋਕ ਦਿੱਤੀ ਹੋਵੇ।” ਇੰਜਣ ਦੀ ਪੜਤਾਲ ਤੋਂ ਵੀ ਇਹੋ ਪਤਾ ਚੱਲਿਆ ਕਿ ਉਸ ਨੂੰ ਬ੍ਰੇਕ ਨਹੀਂ ਸੀ ਲਾਈ ਗਈ। ਸਰਕਾਰ ਨੇ ਡਰਾਈਵਰ ਨੂੰ ਨੌਕਰੀ ਤੋਂ ਹਟਾ ਦਿੱਤਾ।

ਸਾਕਾ ਪੰਜਾ ਸਾਹਿਬ ਸਿੱਖ ਪੰਥ ਵੱਲੋਂ ਸੇਵਾ ਲਈ ਕੁਰਬਾਨੀ, ਗੁਰੂ ਸਨਮੁਖ ਕੀਤੇ ਗਏ ਪ੍ਰਣ ਪਾਲਣ ਅਤੇ ਸ਼ਾਂਤਮਈ ਸਬਰ ਨਾਲ ਅਣਮਨੁੱਖੀ ਜਬਰ ਉੱਤੇ ਫ਼ਤਹਿ ਪ੍ਰਾਪਤੀ ਦਾ ਪ੍ਰਤੀਕ ਹੈ। ਅਜਿਹੇ ਸਾਕਿਆਂ ਤੋਂ ਮਿਲੀ ਪ੍ਰੇਰਨਾ ਭਰਪੂਰ ਅਗਵਾਈ ਸਦਕਾ ਹੀ ਕੌਮੀ ਪਰਵਾਨਿਆਂ ਦੇ ਵੱਧਦੇ ਗਏ ਕਦਮ ਅੰਤ ਵਿੱਚ ਜ਼ਾਲਮ ਅੰਗਰੇਜ਼ੀ ਰਾਜ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਮੰਜ਼ਿਲ ਤਕ ਅੱਪੜ ਸਕੇ। ਸ. ਨਿਰਵੈਰ ਸਿੰਘ ਅਰਸ਼ੀ ਦੀ ਇਕ ਲੰਮੀ ਕਵਿਤਾ ਵਿਚਲੀਆਂ ਇਹ ਚੋਣਵੀਆਂ ਸਤਰਾਂ ਇਸ ਸ਼ਹੀਦੀ ਸਾਕੇ ਦੀ ਬੜੀ  ਢੁੱਕਵੀਂ ਤਸਵੀਰ ਪੇਸ਼ ਕਰਦੀਆਂ ਹਨ:

“ਤੀਹ ਅਕਤੂਬਰ ਦੀ ਕਥਾ ਇਸ ਖ਼ਾਲਸਾ ਜੀ, ਗੋਰਾਸ਼ਾਹੀ ਦੀ ਧੌਣ ਨਿਵਾ ਦਿੱਤੀ।
ਬਚਨ ਪਾਲਣੇ ਲਈ ਜਦ ਡਾਹ ਹਿੱਕਾਂ, ਗੱਡੀ ਸ਼ੂਕਦੀ ਸਿੰਘਾਂ ਅਟਕਾ ਦਿੱਤੀ।
ਗਾਉਂਦਾ ਰਹੇਗਾ ਘੋੜੀਆਂ ਜੱਗ ਸਾਰਾ, ਅਣਖੀ ਸਿੰਘਾਂ ਦੀ ‘ਅਰਸ਼ੀ’ ਸ਼ਾਨ ਦੀਆਂ।
ਅਜ਼ਲਾਂ ਤੀਕ ਕਹਾਣੀਆਂ ਹੋਣਗੀਆਂ, ਪੰਜਾ ਸਾਹਿਬ ਦੇ ਸਾਕੇ ਮਹਾਨ ਦੀਆਂ।”

(ਲੇਖਕ ਸ਼ਹੀਦ ਭਾਈ ਕਰਮ ਸਿੰਘ ਜੀ ਦੇ ਪੜਪੋਤਰਾ ਅਤੇ ਸਟੇਟ ਐਵਾਰਡੀ ਅਧਿਆਪਕ (ਰਿਟਾਇਰਡ) ਹਨ)

ਸੰਪਰਕ: 94636-19353

ਭਤੀਜ! ਆਪਣੇ ਪੰਜਾਬ ਦੀ ਵਾਰੀ ਕਦੋਂ ਆਊਗੀ… –ਰਵਿੰਦਰ ਹੀਰਕੇ
ਬਲਰਾਜ ਸਾਹਨੀ ਦੇ ਸਤਿਕਾਰਯੋਗ – ਬਲਵੰਤ ਸਿੰਘ ਗਜਰਾਜ
ਮਾਂ – ਰਵਿੰਦਰ ਸ਼ਰਮਾ
ਇਨਕਲਾਬੀ ਗੁਰੀਲੇ ਦੇ ਘਰ – ਮਨਦੀਪ
ਦੇਸੀ ਸ਼ਬਦ ਦੀ ਸਾਰਥਕਤਾ – ਬੱਗਾ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕਈ ਮਾਨਸਿਕ ਵਿਕਾਰਾਂ ਦਾ ਸੁਮੇਲ ਹੈ : ਐਂਗਜ਼ਾਈਟੀ

ckitadmin
ckitadmin
September 22, 2016
ਸੱਸੀ –ਬਿੰਦਰ ਜਾਨ-ਏ-ਸਾਹਿਤ
ਪੰਜਾਬ ਸਰਕਾਰ ਕੰਢੀ ਖਿੱਤੇ ’ਚ ਵਿਕਾਸ ਲਈ ਖਰਚੇ ਗਏ ਪੈਸੇ ਦਾ ਲੈਣ ਲੱਗੀ ਹਿਸਾਬ
ਖੁਸ਼ੀਆਂ ਲੈ ਕੇ ਆਈਂ ਵੇ ਵਰ੍ਹਿਆ -ਰਾਜਵਿੰਦਰ ਰੌਂਤਾ
ਪੰਜਾਬ ਦੇ ਹਰ ਪਿੰਡ ਦੀ ਖ਼ਬਰ ਦਿੰਦਾ ਹੈ, ਸਤੌਜ ਦਾ ਨਵਾਂ ਨਾਵਲ – ਪ੍ਰੋ. ਐੱਚ ਐੱਸ. ਡਿੰਪਲ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?