ਸਤਿਕਾਰਯੋਗ ਵਾਈਸ ਚਾਂਸਲਰ ਸਾਹਿਬ,
ਜਿਵੇਂ ਕਿ ਆਪ ਜੀ ਜਾਣਦੇ ਹੀ ਹੋ ਕਿ ਯੂਨੀਵਰਸਿਟੀ ਦੇ ਇੰਜਨੀਅਰਿੰਗ ਕਾਲਜ ਵੱਲੋਂ ਤਿੰਨ ਰੋਜ਼ਾ ਫ਼ੈਸਟੀਵਲ ਕਰਵਾਇਆ ਗਿਆ ਹੈ। ਮੈਂ ਇਸ ਤਿੰਨ ਰੋਜ਼ਾ ਫ਼ੈਸਟੀਵਲ ਨੂੰ ਨੇੜਿਓਂ ਤੱਕਿਆ ਹੈ। ਤਿੰਨ ਸੰਗੀਤਮਈ ਸ਼ਾਮਾਂ ਵਿੱਚ ਤਾਂ ਤੁਸਾਂ ਖੁਦ ਵੀ ਸ਼ਿਰਕਤ ਕੀਤੀ ਹੈ। ਮੈਨੂੰ ਇਸ ਯੂਨੀਵਰਸਿਟੀ ਵਿੱਚ ਬਤੌਰ ਵਿਦਿਆਰਥੀ ਅਤੇ ਬਤੌਰ ਅਧਿਆਪਕ ਵਿਚਰਦਿਆਂ ਤਕਰੀਬਨ ਪੰਦਰਾਂ ਸਾਲ ਹੋ ਗਏ ਹਨ।
ਮੈਨੂੰ ਇਹ ਕਹਿਣ ਵਿੱਚ ਜ਼ਰਾ ਵੀ ਝਿਜਕ ਨਹੀਂ ਕਿ ਜਿਸ ਤਰ੍ਹਾਂ ਸਾਊ ਸੁਚੱਜੀਆਂ ਕਦਰਾਂ ਦਾ ਘਾਣ ਇਸ ਫ਼ੈਸਟੀਵਲ ਦੌਰਾਨ ਹੋਇਆ, ਇਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ। ਹੁਣ ਇਸ ਫ਼ੰਕਸ਼ਨ ਨੂੰ ਸੋਚਦਿਆਂ ਇਹ ਮਹਿਸੂਸ ਹੋ ਰਿਹਾ ਕਿ ਜੇ ਯੂਨੀਵਰਸਿਟੀ ਵਿੱਚ ਕੁੜੀਆਂ ਨਾਲ ਇਸ ਤਰ੍ਹਾਂ ਦਾ ਵਰਤਾ ਹੋ ਸਕਦਾ ਤਾਂ ਮੇਰੀ ਧੀ, ਜਿਸ ਨੇ ਥੋੜੇ ਹੀ ਸਾਲਾਂ ਵਿੱਚ ਜੁਆਨ ਹੋ ਜਾਣਾ, ਕਿੱਥੇ ਸੁਰੱਖਿਅਤ ਹੋਵੇਗੀ। ਜਿਸ ਤਰ੍ਹਾਂ ਦੀ ਗਾਇਕੀ (ਗੁਰਦਾਸ ਮਾਨ ਦੀ ਨਹੀਂ) ਸਥਾਪਿਤ ਅਤੇ ਸਿਖਾਂਦਰੂ ਗਾਇਕਾਂ ਵੱਲੋਂ ਸਟੇਜ ਤੋਂ ਗਾਈ ਗਈ ਹੈ, ਉਹ ਇਸ ਕਦਰ ਔਰਤ ਵਿਰੋਧੀ ਸੀ ਕਿ ਸੁਣ ਸੁਣ ਕੇ ਸ਼ਰਮ ਆ ਰਹੀ ਸੀ।
ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਇਹ ਸਭ ਉਸ ਯੂਨੀਵਰਸਿਟੀ ਵਿੱਚ ਵਾਪਰਿਆ ਹੈ, ਜਿਹੜੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀਆਂ ਨਰੋਈਆਂ ਕਦਰਾਂ ਨੂੰ ਸਾਂਭਣ ਲਈ ਸਮਰਪਤ ਹੈ। ਤੁਸੀਂ ਇਸ ਅਹਿਸਾਸ ਨੂੰ ਖੁਦ ਵੀ ਉਦੋਂ ਜ਼ਰੂਰ ਹੰਢਾਇਆ ਹੋਵੇਗਾ, ਜਦੋਂ ਜਲ ਬੈਂਡ ਲੇਟ ਸੀ ਤੇ ਕੁਝ ਲੜਕੇ ਸਟੇਜ ’ਤੇ ਤੁਹਾਡੀ ਹਾਜ਼ਰੀ ਵਿੱਚ ਨੀਵੇਂ ਦਰਜੇ ਦਾ ਗਾਇਨ/ਗੱਲਾਂ ਪੰਜਾਬੀ ਯੂਨੀਵਰਸਿਟੀ ਦੇ ਯੂਥ ਨੂੰ ਪਰੋਸ ਰਹੇ ਸਨ। ਪੰਜਾਬੀ ਗਾਇਕੀ ਵਿੱਚ ਜੋ ਵਾਪਰ ਰਿਹਾ ਹੈ, ਉਸ ਨੂੰ ਰੋਕਣਾ ਸ਼ਾਇਦ ਸਾਡੇ ਵੱਸ ਵਿੱਚ ਨਹੀਂ, ਪਰ ਇਹ ਯੂਨੀਵਰਸਿਟੀ ਵਿੱਚ ਨਾ ਵਾਪਰੇ, ਇਹ ਸਾਡੇ ਵੱਸ ਵਿੱਚ ਜ਼ਰੂਰ ਹੈ। ਕੀ ਯੂਨੀਵਰਸਿਟੀ ਆਪਣੇ ਵਿਹੜੇ ਵਿੱਚ ਪੈਣ ਵਾਲੇ ਬੋਲਾਂ ਲਈ ਏਨੀ ਹੀ ਗੈਰ-ਸੰਜੀਦਾ ਹੈ, ਇਸ ਤਰ੍ਹਾਂ ਜਾਪਦਾ ਤਾਂ ਨਹੀਂ। ਫ਼ਿਰ ਇਸ ਤਰ੍ਹਾਂ ਕਿਉਂ ਵਾਪਰਿਆ, ਇਸ ਦੀ ਤਲਾਸ਼ ਕਰਨੀ ਹੀ ਬਣਦੀ ਹੈ।
ਇਹ ਤਾਂ ਹੋਈ ਸਟੇਜ ਤੋਂ ਗਾਇਨ/ਬੋਲ ਦੀ ਗੱਲ ਹੈ। ਸਟੇਜ ਤੋਂ ਬਾਹਰ ਰਸਤਿਆਂ ਵਿੱਚ ਲੜਕੀਆਂ ਨਾਲ ਜੋ ਵਾਪਰਿਆ, ਖਾਸ ਤੌਰ ’ਤੇ ਸ਼ਾਮ ਦੇ ਫ਼ੰਕਸ਼ਨਾਂ ਵੇਲੇ, ਉਹ ਤਾਂ ਹੋਰ ਵੀ ਪਰੇਸ਼ਾਨ ਕਰਨ ਵਾਲਾ ਹੈ। ਕੁੜੀਆਂ ਗੁਰਦਾਸ ਮਾਨ ਦੇ ਪ੍ਰੋਗਰਾਮ ਤੋਂ ਬਾਅਦ ਬੱਸਾਂ ਵਿੱਚ ਹੋਸਟਲਾਂ ਲਈ ਰਵਾਨਾ ਹੋਈਆਂ ਤਾਂ ਮੁੰਡੀਰ ਦੀਆਂ ਸੰਘ ਪਾੜਨ ਵਾਲੀਆਂ ਆਵਾਜ਼ਾਂ ਬੁਲਟ ਮੋਟਰ ਸਾਈਕਲਾਂ ਦੀਆਂ ਕੰਨ ਪਾੜਵੀਂ ਆਵਾਜ਼ਾਂ ਸਹਿਤ ਉਨ੍ਹਾਂ ਦੇ ਨਾਲ ਨਾਲ ਸਨ।
ਤੁਸੀਂ ਭੀੜ ਵਿੱਚ ਨਹੀਂ ਵਿਚਰਦੇ, ਯੂਨੀਵਰਸਿਟੀ ਸਕਿਊਰਿਟੀ ਤੁਹਾਡੇ ਆਉਣ ਤੇ ਜਾਣ ਲਈ ਰਸਤਾ ਸਾਫ਼ ਕਰਵਾ ਦਿੰਦੀ ਹੈ। ਇਸ ਕਾਰਨ ਬਹੁਤ ਸਾਰੇ ਵਰਤਾਰੇ ਤੁਹਾਡੀਆਂ ਨਜ਼ਰਾਂ ਵਿੱਚ ਨਹੀਂ ਆ ਪਾਉਂਦੇ। ਇਸ ਫ਼ੰਕਸ਼ਨ ਦੌਰਾਨ ਬੋਲ/ਗਾਇਨ ਅਤੇ ਵਿਹਾਰ ਰਾਹੀਂ ਜਿਸ ਤਰ੍ਹਾਂ ਸਾਡੀਆਂ ਵਿਦਿਆਰਥਣਾਂ ਨਾਲ ਵਰਤਿਆ ਗਿਆ ਹੈ, ਉਹ ਬਰਦਾਸ਼ਤ ਕਰਨ ਯੋਗ ਨਹੀਂ ਸੀ, ਸਰ। ਫ਼ੰਕਸ਼ਨ ਕਰਵਾਉਣੇ ਮਾੜੀ ਗੱਲ ਨਹੀਂ, ਪਰ ਉਨ੍ਹਾਂ ਦਾ ਮਿਆਰ ਤੇ ਉਨ੍ਹਾਂ ਦਾ ਪ੍ਰਬੰਧ ਤਾਂ ਬਦਲਿਆ ਤੇ ਸੋਧਿਆ ਤਾਂ ਜਾ ਸਕਦਾ ਹੈ। ਇਸ ਤਰ੍ਹਾਂ ਦੀ ਉਮੀਦ ਨਾਲ ਹੀ ਇਹ ਪੱਤਰ ਮੈਂ ਆਪ ਜੀ ਨੂੰ ਲਿਖ ਰਿਹਾ ਹਾਂ।
ਆਖਰੀ ਗੱਲ ਮੈਂ ਫ਼ੰਕਸ਼ਨ ਦੌਰਾਨ ਟੀਚਰਾਂ ਨੂੰ ਪ੍ਰਾਪਤ ਥਾਂ ਬਾਬਤ ਕਰਨੀ ਹੈ। ਗੱਲ ਗੁਰਦਾਸ ਮਾਨ ਵਾਲੀ ਸ਼ਾਮ ਦੀ ਹੈ। ਤਮਾਮ ਕੁਰਸੀਆਂ ਪੁਲਿਸ ਨੇ ‘ਆਪਣਿਆਂ’ ਲਈ ਕਬਜ਼ੇ ਵਿੱਚ ਕਰ ਲਈਆਂ ਸਨ। ਬੇਸ਼ੱਕ ਉਹ ਸਕਿਊਰਿਟੀ ਕਾਰਨ ਨਹੀਂ ਸਨ। ਅਸੀਂ ਪੁਲਿਸ ਦੇ ਦਾਬੇ ਵਿੱਚ ਆਪਣੇ ਹੀ ਘਰ ਪਰਾਏ ਹੋ ਗਏ। ਕੁਝ ਪਲਾਂ ਲਈ ਸੱਤਾ ਨੇ ਸਾਥੋਂ ਸਾਡਾ ਘਰ ਹੀ ਖੋਹ ਲਿਆ ਹੈ। ਆਪਣੀ ਹੀ ਯੂਨੀਵਰਸਿਟੀ ਵਿੱਚ ਸਾਨੂੰ ਸੀਟ ਨਹੀਂ ਸੀ ਮਿਲ ਰਹੀ। ਪਰ ਪੁਲਿਸ ਵਾਲਿਆਂ ਦੇ ਦੂਰ ਨੇੜਿਓਂ ਦੇ ਰਿਸ਼ਤੇਦਾਰਾਂ ਨੂੰ ਲੇਟ ਆਉਣ ਦੇ ਬਾਵਜੂਦ ਪੁਲਿਸ ਵਾਲਿਆਂ ਦੁਆਰਾ ਸਲੀਕੇ ਨਾਲ ਬਿਠਾਇਆ ਹੀ ਨਹੀਂ ਸੀ ਜਾ ਰਿਹਾ ਸਗੋਂ ਸਨੈਕਸ ਵੀ ਵਰਤਾਏ ਜਾ ਰਹੇ ਹਨ। ਕੀ ਯੂਨੀਵਰਸਿਟੀ ਦਾ ਅਧਿਆਪਕ ਆਪਣੇ ਹੀ ਵਿਹੜੇ ਵਿਚ ਸਤਿਕਾਰਯੋਗ ਸਥਾਨ ਦਾ ਹੱਕਦਾਰ ਨਹੀਂ।
ਅਗਲੇਰੇ ਫ਼ੰਕਸ਼ਨਾਂ ਹਿੱਤ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਯੂਨੀਵਰਸਿਟੀ ਪ੍ਰਸ਼ਾਸਨ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ:
– ਭੀੜ ਵਾਲੇ ਮਾਹੌਲ ਵਿਚ ਵਿਦਿਆਰਥਣਾਂ ਦੀ ਸੁਰੱਖਿਆ ਹਰ ਹਾਲ ਯਕੀਨੀ ਬਣਾਉਣਾ।
– ਬਾਹਰਲੇ ਯੂਥ ਨੂੰ ਯੂਨੀਵਰਸਿਟੀ ਦੇ ਅੰਦਰੂਨੀ ਫ਼ੰਕਸ਼ਨਾਂ ਵਿੱਚ ਬੁਲਾਉਣ ਤੋਂ ਵਰਜਿਤ ਕਰਨਾ।
– ਫ਼ੰਕਸ਼ਨਾਂ ਦੌਰਾਨ ਅਧਿਆਪਕਾਂ ਨੂੰ ਬਣਦੀ ਸਪੇਸ ਰਾਖਵੀਂ ਕਰਨ ਦਾ ਪ੍ਰਬੰਧ ਕਰਨਾ।
– ਇਹ ਯਕੀਨੀ ਬਣਾਉਣਾ ਕਿ ਪੁਲਿਸ ਹਰ ਹਾਲ ਯੂਨੀਵਰਸਿਟੀ ਪ੍ਰਬੰਧ ਦੀਆਂ ਪਰੰਪਰਾਵਾਂ ਦਾ ਆਦਰ ਕਰੇ।
ਆਦਰ ਸਹਿਤ
(ਡਾ. ਗੁਰਮੁਖ ਸਿੰਘ)
ਅਸਿਸਟੈਂਟ ਪ੍ਰੋਫ਼ੈਸਰ,
ਪੰਜਾਬੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।

