ਚੁੱਪ ਮੋਮ ਹੁੰਦੀ ਹੈ…!
ਚੁੱਪ ਹੁੰਦੀ ਹੈ ਮੋਮ
ਜੋ ਬਦਲ ਲੈਂਦੀ ਹੈ ਰੂਪ
ਸਾਹਾ ਵਿਚਲੀ ਗਰਮਾਹਟ ਨਾਲ
ਇਹ ਬਦਲੇ ਰੂਪ
ਬਣਨ ਅਕਸਰ
ਕਵਿਤਾਵਾਂ… …
ਕਈ ਵਾਰ ਚੁੱਪ
ਠੰਡੇ ਖੂਨ ਦੀ ਸੰਗਤ ‘ਚ
ਪਥਰਾ ਜਾਂਦੀ ਹੈ
ਫੇਰ ਕਤਲ ਹੁੰਦਾ
ਰੰਗਾਂ ਦਾ… ..
***
ਮੈਨੂੰ ਮਿਲਣੈ.. ..
ਮੈਨੂੰ ਮਿਲਣੈ
ਤਾਂ ਮੇਰੇ ਬੋਲਾਂ ਪਿਛੇ
ਲੁਕੋ ਬੋਲਾਂ ਦੇ ਅਰਥਾਂ ਨੂੰ ਲੱਭੀ
ਮੈਂ ਬੈਠੀ ਹੋਵਾਗੀ ਉਥੇ ਹੀ
ਇਕ ਹੱਥ ਸਟਾਲਿਨ
ਦੀ ਜਿੰਦਗੀ ਦਾ ਫ਼ਲਸਫਾ ਲਈ
ਤੇ ਦੂਜੇ ਹੱਥ
ਗਾਂਧੀ ਦੀ ਸੋਟੀ ਫੜੀ
ਮਹਿਸੂਸ ਕਰੀ ਮੇਰੀ ਤੜਪ
ਬੁੱਧ ਨੂੰ ਮਿਲਣੇ ਦੀ
ਕਵੀ ਵਾਰ ਮਿਲਿਐ ਮੈਨੂੰ
ਪਰ ਉਹ
ਪਰਤ ਗਿਆ
ਮੇਰੇ ਹੱਥ
ਇਹ ਕਿਤਾਬ ਅਤੇ ਸੋਟੀ ਦੇਖ
ਹੁਣ ਮੈਂ ਕੈਦ ਹੋ ਕੇ ਰਹਿ ਗਈ ਹਾਂ
ਤੂੰ ਮਿਲਣ ਆਵੀ
ਤੇ ਦਵੀ ਨਵੇਂ ਅਰਥ
ਮੇਰੇ ਅਰਥਾਂ ਨੂੰ
ਫਿਰ ਇੱਕਠੇ ਜਾਵਾਗੇ ਮਿਲਣ
ਬੁੱਧ ਨੂੰ
ਉਸੇ ਪਿਪਲ ਹੇਠ
ਜੋ ਹਰ ਰਾਤ ਆਉਂਦਾ ਏ
ਮੇਰੇ ਸੁਪਨੇ ਚ
***
3
ਬਲੈਕ ਐਂਡ ਵਾਈਟ ਬਨਾਮ ਰੰਗ
ਮੇਰੀ ਜ਼ਿੰਦਗੀ
ਕਿਸੇ ਬਲੈਕ ਐਂਡ ਵਾਈਟ ਫਿਲਮ ਜਿਹੀ
ਜਿਥੈ
ਸੂਰਜ ਦੀ ਰੋਸ਼ਨੀ ਵੀ
ਰੰਗ ਨਹੀਂ ਭਰ ਸਕਦੀ
ਤੂੰ ਇੰਦਰ ਧਨੁਸ਼ ਜਿਹਾ
ਜੋ ਚਾਨਣ ਚੋ ਜਨਮਦਾ ਹੈ
ਰੰਗ
ਆ
ਮੇਰੇ ਮੱਥੇ ਨੂੰ ਛੋਹ
ਆਪਣੇ ਹੋਠਾਂ ਨਾਲ
ਫੇਰ ਮੇਰੇ ਮਸਤਕ ਚੋਂ ਨਿਕਲਣਗੇ
ਚਾਨਣ
ਜੋ ਵਿਖੇਰੇਗਾ ਰੰਗ
ਹਰ ਤਰਫ
ਇਹ ਰੰਗ ਰੰਗੀਨ ਕਰਨਗੇ
ਸੁਪਨਿਆਂ ਨੂੰ
ਫੇਰ ਮੇਰੀਆਂ ਅੱਖਾਂ
ਦੇਖਣਗੀਆਂ
ਤੇਰੇ ਰੰਗੀਂ ਸੁਪਨੇ
ਤੂੰ ਮਿਲਣ ਆਵੀ ਮੈਨੂੰ
ਪਰਛਾਵਿਆਂ ਦਾ ਜਾਲ
ਪਰਾਂ ਸੁੱਟ
ਵੇਖੀ!
ਦੇਰ ਨਾ ਲਗਾਵੀ
ਨਹੀਂ ਤਾਂ ਮੇਰੇ ਮਸਤਕ ਦੀ ਰੋਸ਼ਨੀ
ਤਬਦੀਲ ਹੋ ਜਾਵੇਗੀ ਅਗਨ ਚ
ਤੇ ਮੈ
ਖਾਕ ਹੋ ਜਾਵਾਗੀ ਤੇਰੇ ਆਉਣ ਤੋਂ ਪਹਿਲਾ…..
***
4
ਮੈਂ ਤੇ ਮੇਰੀ ਕਵਿਤਾ
ਹੁਣ ਮੈਂ ਕਵਿਤਾ
ਕਾਲੀ ਸਿਆਹੀ ਨਾਲ
ਸਫ਼ਿਆਂ ਤੇ ਨਹੀ
ਖੂਨ ਨਾਲ
ਹਵਾ ਤੇ ਲਿਖਦੀ ਹਾਂ …..
***
5
ਘਰ ਬਨਾਮ ਮਕਾਨ
ਘਰ ਕਦੋਂ ਮਕਾਨ ਬਣ ਗਿਆ
ਕੁਝ ਪਤਾ ਹੀ ਨਹੀਂ ਲੱਗਿਆ
ਇਕ ਰਾਤ ਸੁਪਨਾ ਆਇਆ
ਮੇਰੇ ਖੁਨ ਨੂੰ
ਉਹ ਸਰਾਬ ਸਮਝ ਪੀ ਰਹੇ ਸੀ
ਤੇ ਮੇਰੀਆਂ ਬੋਟੀਆਂ ਉਹਨਾਂ ਲਈ
ਮਹਿਜ਼ ਮਾਸ ਦਾ ਟੁਕੜਾ ਸਨ …..
ਮਤਲਬ ਨੇ
ਮਕਸਦ ਦੀ ਥਾਂ ਲੈ ਲਈ
ਤੇ ਸਫ਼ਰ
ਦਹਿਲੀਜ਼ ਚ ਕੈਦ ਹੋ ਗਿਆ …..

