ਹੁਣ ਸੁਆਲ ਪੈਦਾ ਹੁੰਦਾ ਹੈ ਕਿ ਉਨ੍ਹਾਂ ਪੈਦਾਵਾਰੀ ਰਿਸ਼ਤਿਆਂ ਅੰਦਰ ਜਕੜਿਆ ਪੰਜਾਬ ਦਾ ਪੇਂਡੂ ਅਰਥਚਾਰਾ ਕੀ ਸਾਰਿਆਂ ਨੂੰ ਹੀ ਵਿਕਾਸ ਦੇ ਬਰਾਬਰ ਮੌਕੇ ਦਿੰਦਾ ਸੀ ਜਾਂ ਕਿ ਸੱਚੀਓਂ ਹੀ ਜੱਟ ਤੇ ਸੀਰੀ ਦਾ ਰਿਸ਼ਤਾ ਅਤੇ ਕਿਸਾਨਾਂ ਦੇ ਦੂਜੇ ਤਬਕਿਆਂ ਨਾਲ ਸਬੰਧ ਬਰਾਬਰਤਾ ਤੇ ਅਧਾਰਿਤ ਸਨ? ਕਿਤੇ ਇਹ ਅਤੀਤ ਦੇ ਹੇਰਵੇ ’ਚੋਂ ਪੈਦਾ ਹੋਇਆ ਪੁਨਰ ਉਥਾਨਵਾਦ ਜਾਂ ਮੁੜ ਸੁਰਜੀਤੀਵਾਦ ਤਾਂ ਨਹੀਂ? ਕਿਉਂਕਿ ਸਪਸ਼ਟ ਹੈ ਕਿ ਉਸ ਸਵੈ ਨਿਰਭਰ ਪੇਂਡੂ ਅਰਥਚਾਰੇ ਅੰਦਰ ਸਾਰੇ ਤਬਕੇ ਭਾਵ ਜਾਤਾਂ (ਕਿਉਂਕਿ ਉਦੋਂ ਕੰਮ ਵੰਡ ਵੀ ਜਾਤ ਅਧਾਰਿਤ ਸੀ) ਦੇ ਆਪਸੀ ਸਬੰਧ ਬਰਾਬਰੀ ਵਾਲੇ ਨਾ ਹੋ ਕੇ ਸੋਸ਼ਣ ’ਤੇ ਅਧਾਰਿਤ ਸਨ। ਖਾਸ ਕਰਕੇ ਜੱਟ ਤੇ ਸੀਰੀ ਦਾ ਪੈਦਾਵਾਰੀ ਸਬੰਧ। ਜਾਤ ਪੱਖੋਂ ਕਿਸਾਨੀ (ਭਾਵੇਂ ਕਿ ਉਸ ਕੋਲ ਜ਼ਮੀਨ ਬਹੁਤੀ ਨਾ ਵੀ ਹੋਵੇ) ਇਸ ਦਰਜੇਬੰਦੀ ਵਿੱਚ ਮੋਟੇ ਤੌਰ ’ਤੇ ਸਭ ਤੋਂ ਉੱਪਰ ਸੀ। ਇਸ ਤਰ੍ਹਾਂ ਬਾਕੀ ਤਬਕੇ ਜਾਤਾਂ ਕਿਸਾਨ ਪਰਿਵਾਰਾਂ ਦੇ ਹੀ ਅਧੀਨ ਸਨ। ਜੱਟ ਤੇ ਸੀਰੀ ਦਾ ਰਿਸ਼ਤਾ ਤਾਂ ਬਹੁਤ ਹੀ ਅਨਿਆ ਅਤੇ ਗੈਰਬਰਾਬਰੀ ਭਰਿਆ ਸੀ। ਕਿਉਂਕਿ ਇਥੇ ਆਰਥਿਕ ਦਾਬੇ ਦੇ ਨਾਲਨਾਲ ਜਾਤ ਪਾਤੀ ਦਾਬਾ ਵੀ ਆਪਣਾ ਕਹਿਰ ਬਰਪਾਉਂਦਾ ਸੀ। ਲੇਖਕ ਨੇ ਅਜਿਹਾ ਕਹਿਰ ਸਿਰਫ਼ ਸੀਰੀ ਉਪਰ ਹੀ ਨਹੀਂ ਸਗੋਂ ਉਸਦੇ ਬਾਕੀ ਪਰਿਵਾਰ ਉਪਰ ਵੀ ਟੁੱਟਦਾ ਕਈ ਵਾਰ ਆਪਣੇ ਅੱਖੀਂ ਤੱਕਿਆ ਹੈ। ਸੀਰੀ ਕਹਿਣ ਨੂੰ ਹੀ ਜੀਮੀਂਦਾਰ ਦਾ ਸਾਂਝੀ ਹੁੰਦਾ ਸੀ ਪਰ ਉਂਝ ਉਨਾਂ ਦਾ ਆਪਸ ਵਿੱਚ ਕੁੱਝ ਵੀ ਸਾਂਝਾ ਨਹੀਂ ਸੀ ਹੁੰਦਾ। ਉਨ੍ਹਾਂ ਦੀ ਸਮਾਜਿਕ ਆਰਥਿਕ ਤੇ ਮਾਨਸਿਕ ਪੀੜਾ ਦੇ ਕਾਰਨ ਵੀ ਵੱਖੋਵੱਖਰੇ ਹੀ ਸਨ। ਸਗੋਂ ਬਹੁਤੇ ਮਾਮਲਿਆਂ ਵਿਚ ਤਾਂ ਸੀਰੀ ਦੀ ਇਸ ਪੀੜਾ ਦਾ ਕਾਰਨ ਵੀ ਉਸਦਾ ਮਾਲਕ ਹੀ ਹੁੰਦਾ ਸੀ। ਸੀਰੀ ਦੀ ਕਿਰਤ ‘ਚੋਂ ਜਿਆਦਾ ਵਾਫਰ ਨਿਚੋੜਣ ਲਈ ਕਈਂ ਵਾਰ ਤਾਂ ਉਸਦੇ ਸਰੀਰ ਨੂੰ ਨਸ਼ੇ ਦੀ ਲਤ ਲਾਉਣਾ ਉਸਦੇ ਮਾਲਕ ਦਾ ਸੁਚੇਤਨ ਫੈਸਲਾ ਹੁੰਦਾ ਸੀ ਤਾਂ ਕਿ ਉਹ ਜ਼ਿਆਦਾ ਸਮਾਂ ਅਤੇ ਜ਼ਿਆਦਾ ਤੀਬਰਤਾ ਨਾਲ ਖੇਤੀ ਦਾ ਕੰਮ ਕਰ ਸਕੇ। ਇੱਕ ਤਰ੍ਹਾਂ ਨਾਲ ਉਸਨੂੰ ਚੌਵੀ ਘੰਟੇ ਤੇ ਸੱਤੇ ਦਿਨ ਆਪਣੇ ਮਾਲਕ ਲਈ ਤਿਆਰ ਬਰ ਤਿਆਰ ਰਹਿਣਾ ਪੈਂਦਾ ਸੀ। ਉਹ ਪੂਰੇ ਸਾਲ ਵਿੱਚ ਕੁੱਝ ਗਿਣਵੀਆਂ ਰਾਤਾਂ ਹੀ ਆਪਣੇ ਘਰ ਆ ਕੇ ਸੌਂਦਾ ਸੀ। ਬਿਮਾਰ ਹੋਣ ਦੀ ਸੂਰਤ ਵਿੱਚ ਜੇ ਪੰਜ ਸੱਤ ਦਿਨ ਉਸਨੂੰ ਮੰਜੇ ’ਤੇ ਪੈਣਾ ਵੀ ਪੈ ਜਾਂਦਾ ਤਾਂ ਜਾਂ ਤਾਂ ਉਸਦੀਆਂ ਦਿਹਾੜੀਆਂ ਕੱਟੀਆਂ ਜਾਂਦੀਆਂ ਸਨ, ਜਾਂ ਉਸਦੇ ਪਰਿਵਾਰ ਦੇ ਕਿਸੇ ਹੋਰ ਬਾਲਗ ਨਾਬਾਲਗ ਵਿਅਕਤੀ ਨੂੰ ਉਸਦੇ ਕੰਮ ਦੀ ਪੂਰਤੀ ਲਈ ਮਾਲਕ ਦੇ ਖੇਤੀਂ ਕੰਮ ਕਰਨਾ ਪੈਂਦਾ ਸੀ। ਅਜਿਹਾ ਨਾ ਕਰ ਸਕਣ ਵਾਲੇ ਸੀਰੀ ਦੇ ਪਰਿਵਾਰ ਨੂੰ ਕਈ ਵਾਰ ਆਪਣਾ ਕੋਈ ਕੀਮਤੀ ਪਸ਼ੂ ਦੇ ਕੇ ਸੀਰੀ ਵੱਲੋਂ ਲਏ ਕਰਜੇ ਦੀ ਭਰਪਾਈ ਕਰਨੀ ਪੈਂਦੀ ਸੀ। ਉਸਦਾ ਮਾਲਕ ਭਾਵੇਂ ਅਕਸਰ ਉਸਦੇ ਨਾਲ ਹੀ ਕੰਮ ਕਰਦਾ ਸੀ ਪਰ ਵੱਧ ਔਖਾ ਅਤੇ ਵੱਧ ਜ਼ੋਖ਼ਮ ਭਰਿਆ ਕੰਮ ਸੀਰੀ ਤੋਂ ਹੀ ਕਰਵਾਇਆ ਜਾਂਦਾ ਸੀ। ਸੀਰੀ ਦੇ ਬੱਚਿਆਂ ਖਾਸ ਕਰ ਉਸਦੀ ਪਤਨੀ ਦੀ ਸਸਤੀ ਤੇ ਅਣਭੁਗਤਾਈ ਕਿਰਤ ਦਾ ਵੀ ਜੀਂਮੀਦਾਰ ਅਤੇ ਉਸਦਾ ਪਰਿਵਾਰ ਰੱਜ ਕੇ ਲਾਹਾ ਲੈਂਦਾ ਸੀ।
ਸ਼ਹਿਰ ਜਾਂ ਕਸਬੇ ਦੇ ਕਿਸੇ ਲੇਬਰ ਚੌਂਕ ਵਿੱਚ ਉਹ ਉਜ਼ਰਤੀ ਗੁਲਾਮ ਵਜੋਂ ਨਿਲਾਮ ਹੋਣ ਲਈ ਹੀ ਜਾਂਦੇ ਸਹੀ, ਪ੍ਰੰਤੂ ਜਾਤਪਾਤੀ ਜਾਂ ਸਮਾਜਿਕ ਦਾਬਾ ਇੱਥੇ ਓਨਾਂ ਪੀਸਵਾਂ ਨਹੀਂ ਹੁੰਦਾ ਜਿੰਨਾ ਕਿ ਉਹ ਆਪਣੇ ਪਿੰਡ ਵਿੱਚ ਇਕ ਖੇਤ ਮਜਦੂਰ ਜਾਂ ਸੀਰੀ ਵਜੋਂ ਸਹਿੰਦੇ ਸਨ। ਸਮਾਜਿਕ ਆਰਥਿਕ ਵਿਕਾਸ ਦੀ ਇਤਿਹਾਸਿਕ ਦ੍ਰਿਸ਼ਟੀ ਤੋਂ ਦੇਖਿਆਂ ਇਹ ਬਦਲ ਰਹੇ ਪੈਦਾਵਾਰੀ ਸਬੰਧ ਸਮੁੱਚੇ ਰੂਪ ‘ਚ ਪੁਰਾਣੇ ਪੈਦਾਵਾਰੀ ਸਬੰਧਾਂ ਤੋਂ ਵੱਧ ਪ੍ਰਗਤੀਸ਼ੀਲ ਪ੍ਰਤੀਤ ਹੁੰਦੇ ਹਨ। ਨਵਾਂ ਕੰਮ, ਨਵੀਂ ਤਕਨੀਕ, ਨਵਾਂ ਮਹੌਲ, ਨਕਦ ਨਾਮਾ ਅਤੇ ਕੰਮ ਦੇ ਬੱਝਵੇਂ ਘੰਟੇ ਪਹਿਲਾਂ ਦੇ ਮੁਕਾਬਲੇ ਉਸਨੂੰ ਕੁਝ ਕੂ ਰਾਹਤ ਤਾਂ ਜਰੂਰ ਦਿੰਦੇ ਹੋਣਗੇ। ਮਜਦੂਰਾਂ ਦੇ ਇਸ ਮਹਾਂਸਾਗਰ ਵਿਚ ਰਲ ਕੇ ਉਹਨਾਂ ਦੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦਾ ਬਾਹਰਮੁਖੀ ਅਧਾਰ ਵੀ ਪਹਿਲਾਂ ਦੇ ਮੁਕਾਬਲੇ ਕਿਤੇ ਜਿਆਦਾ ਸਾਜਗਾਰ ਹੋ ਜਾਂਦਾ ਹੈ। ਅਰਥ ਸਾਸ਼ਤਰ ਦੀ ਦ੍ਰਿਸ਼ਟੀ ਤੋਂ ਦੇਖਿਆਂ ਵੀਂ ਮਜਦੂਰ ਲਈ ਸਥਾਨਕ ਜਾਂ ਛੋਟਾ ਮਾਲਕ ਵੱਡੇ ਮਾਲਕਾਂ ਦੇ ਮੁਕਾਬਲੇ ਕੋਈ ਬਹੁਤਾ ਫਾਇਦੇਮੰਦ ਨਹੀਂ ਹੁੰਦਾ। ਇਸ ਲਈ ਕੁੱਲ ਮਿਲਾ ਕੇ ਪੇਂਡੂ ਅਰਥ ਚਾਰੇ ਦੇ ਪੁਰਾਣੇ ਪੈਦਾਵਾਰੀ ਸੰਬੰਧਾਂ ਦਾ ਸਮੇਂ ਦੀ ਚਾਲ ਨਾਲ ਟੁੱਟਣਾ ਘੱਟੋ ਘੱਟ ਕਿਰਤੀ ਲੋਕਾਂ ਲਈ ਕੋਈ ਮੰਦਭਾਗਾ ਵਰਤਾਰਾ ਨਹੀਂ। ਉੰਝ ਭਾਵੇਂ ਬਦਲੀਆਂ ਹੋਈਆਂ ਹਾਲਤਾਂ ਵਿੱਚ ਇਹ ਤਬਕੇ ਖਾਣੇ ਦੀ ਵਿਵਿਧਤਾ, ਇਸਦੀ ਪੌਸ਼ਟਿਕਤਾ ਅਤੇ ਆਪਣੇ ਲਵੇਰਿਆਂ ਆਦਿ ਤੋਂ ਮੁਕਾਬਲਤਨ ਵਿਰਵੇ ਹੋ ਗਏ ਹਨ।
ਇਸ ਤਰ੍ਹਾਂ ਪੰਜਾਬ ਦੇ ਪਿੰਡਾਂ ਵਿੱਚੋਂ ਭਾਈਚਾਰਕ ਸਾਂਝ ਦੇ ਲਗਾਤਾਰ ਖੀਣ ਹੋਣ ਦੇ ਕਾਰਨਾਂ ਨੂੰ ਤਲਾਸ਼ਣ ਵੇਲੇ ਸਾਡੇ ਬੁੱਧੀਜੀਵੀਆਂ ਦਾ ਕਿਸਾਨੀ ਪਿਛੋਕੜ ਉਨ੍ਹਾਂ ਦੇ ਨਜ਼ਰੀਏ ਨੂੰ ਗਹਿਰੀ ਤਰ੍ਹਾਂ ਪ੍ਰਭਾਵਿਤ ਕਰਦਾ ਨਜ਼ਰੀਂ ਆਉਂਦਾ ਹੈ। ਆਉਣ ਵਾਲੇ ਨੇੜ ਭਵਿੱਖ ਵਿੱਚ ਅਜਿਹੇ ਜਗੀਰੂ ਜਾਂ ਪਛੜੇ ਹੋਏ ਪੈਦਾਵਾਰੀ ਸਬੰਧਾਂ ਦਾ ਟੁੱਟਣਾ ਅਟੱਲ ਹੈ। ਇਤਿਹਾਸ ਦੇ ਰੰਗਮੰਚ ’ਤੇ ਨਵੇਂ ਨਵੇਲੇ ਦ੍ਰਿਸ਼ ਦੇਖਣ ਲਈ ਸਾਨੂੰ ਮਾਨਸਿਕ ਤੌਰ ’ਤੇ ਤਿਆਰ ਹੋਣ ਪਏਗਾ। ਆਖਿਰ ਦੁਨੀਆਂ ਇਸਤੋਂ ਵੀ ਹੋਰ ਹਸੀਂ ਬਣੇਗੀ।

