
ਭਾਰਤੀ ਪ੍ਰਿੰਟ ਮੀਡੀਆ ਦੀ ਗੱਲ ਕਰਦਿਆਂ ਜੇਕਰ ਇੱਥੋਂ ਦੀ ਪੱਤਰਕਾਰੀ ਦੇ ਇਤਿਹਾਸਕ ਪੰਨਿਆਂ ਨੂੰ ਫਰੋਲਿਆ ਜਾਵੇ ਤਾਂ ਇਹ ਗੱਲ ਸਪੱਸ਼ਟ ਰੂਪ ਨਾਲ ਉ¥ਭਰ ਕੇ ਸਾਹਮਣੇ ਆਉਂਦੀ ਹੈ ਕਿ ਇੱਥੇ ਮੀਡੀਆ ਦੁਆਰਾ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਦੇਣਾ ਕੋਈ ਨਵਾਂ ਕਾਰਜ ਨਹੀਂ ਹੈ, ਸਗੋ ਇਹ ਕਾਰਜ ਤਾਂ ਅੱਜ ਤੋਂ ਕਰੀਬ ਦੋ ਸੌ ਬੱਤੀ ਵਰ੍ਹੇ ਪਹਿਲਾਂ 1780 ਵਿੱਚ ਜੇਮਜ਼ ਆਗਸਟਸ ਹਿੱਕੀ ਰਾਹੀਂ ਛਾਪੇ ਗਏ ਭਾਰਤ ਦੇ ਪਹਿਲੇ ਅਖ਼ਬਾਰ ‘ਬੰਗਾਲ ਗਜ਼ਟ’ ਦੀ ਆਮਦ ਨਾਲ਼ ਹੀ ਸ਼ੁਰੂ ਹੋ ਗਿਆ ਸੀ।ਹਿੱਕੀ ਨੇ ਇਸ ਅਖ਼ਬਾਰ ਰਾਹੀਂ ਸਮਕਾਲੀ ਗਵਰਨਰ ਜਨਰਲ ਵਾਰਨ ਹੇਸਟਿੰਗਜ਼ ਤੋਂ ਇਲਾਵਾ ਕੁਝ ਹੋਰ ਅੰਗਰੇਜ਼ੀ ਅਫ਼ਸਰਾਂ ਦੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਆਪਣੇ ਅਖ਼ਬਾਰ ਜ਼ਰੀਏ ਜੱਗ-ਜ਼ਾਹਰ ਕੀਤੀਆਂ ਜਿਸ ਕਰਕੇ ਉਸ ਨੂੰ ਜਿੱਥੇ ਜੇਲ੍ਹ ਦੀਆਂ ਸੀਖ਼ਾਂ ਪਿੱਛੇ ਧੱਕ ਦਿੱਤਾ ਗਿਆ, ਉ¥ਥੇ ਅਖ਼ਬਾਰ ਨੂੰ ਦੇਸ਼ ਦੇ ਅਮਨ ਲਈ ਖ਼ਤਰਨਾਕ ਕਰਾਰ ਦਿੰਦਿਆਂ ਕੰਪਨੀ ਨੇ ਡਾਕਖ਼ਾਨਿਆਂ ਰਾਹੀਂ ਇਸ ਦੇ ਵਿਤਰਣ ‘ਤੇ ਵੀ ਰੋਕ ਲਗਾ ਦਿੱਤੀ।ਅਖ਼ੀਰ ਨੂੰ ਭਾਰਤ ਦਾ ਇਹ ਪਹਿਲਾ ਅਖ਼ਬਾਰ ਮਾਣਹਾਨੀ ਦੇ ਮੁਕੱਦਮਿਆਂ ਅਤੇ ਜ਼ੁਰਮਾਨਿਆਂ ਦੇ ਚੱਕਰਾਂ ਵਿੱਚ ਹੀ ਦਮ ਤੋੜ ਗਿਆ।ਭਵਿੱਖ ਵਿੱਚ ਜਿੱਥੇ ਇਸ ਅਖ਼ਬਾਰ ਨੇ ਭਾਰਤ ਦੀ ਖੇਤਰੀ ਪੱਤਰਕਾਰੀ ਦਾ ਰਾਹ ਪੱਧਰਾ ਕੀਤਾ, ਉ¥ਥੇ ਲੋਕਾਂ ਵਿੱਚ ਛੇਤੀ ਤੋਂ ਛੇਤੀ ਹਰਮਨ-ਪਿਆਰਾ ਹੋਣ ਦਾ ‘ਨੁਕਤਾ’ ਵੀ ਇਸ ਨੇ ਮੀਡੀਆ ਨੂੰ ਵਿਰਾਸਤ ਵਿੱਚ ਦਿੱਤਾ, ਜਿਸ ਦਾ ਇਸਤੇਮਾਲ ਅੱਜ ਮੀਡੀਆ ਵੱਲੋਂ ਰੱਜ ਕੇ ਕੀਤਾ ਜਾ ਰਿਹਾ ਹੈ।

ਜਵਾਬਦੇਹੀ ਹੋਣ ਕਾਰਨ ਛਪੇ ਹੋਏ ਸ਼ਬਦਾਂ ਦੀ ਭਰੋਸਗੀ ਅੱਜ ਵੀ ਜ਼ਿੰਦਾ ਹੈ, ਪਰ ਛਪੇ ਹੋਏ ਸ਼ਬਦਾਂ ਦੀ ਵੀ ਆਪਣੀ ਇੱਕ ਹੱਦਬੰਦੀ ਹੁੰਦੀ ਹੈ, ਜਿਸ ਨੂੰ ਟੱਪ ਕੇ ਜਦ ਵੀ ਉਹ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦਾ ਸਿੱਟਾ ਹਮੇਸ਼ਾ ਹੀ ਨੁਕਸਾਨਦਾਇਕ ਨਿਕਲਦਾ ਹੈ।ਪਿਛਲਾ ਵਰ੍ਹਾ ਵਿਸ਼ਵ ਪ੍ਰਿੰਟ ਮੀਡੀਏ ਦੇ ਇਤਿਹਾਸ ਵਿੱਚ ਸਭ ਤੋਂ ਭਾਰੀ ਰਿਹਾ, ਕਿਉਂਕਿ ਇਸ ਵਰ੍ਹੇ 10 ਜੁਲਾਈ, 2011 ਨੂੰ 168 ਵਰ੍ਹੇ ਪੁਰਾਣਾ ਹਫ਼ਤਾਵਰੀ ਅਖ਼ਬਾਰ ਆਪਣੇ ਅਖੀਰਲੇ ਐਡੀਸ਼ਨ ਨਾਲ ਪੂਰੀ ਦੁਨੀਆਂ ਵਿੱਚ ਫੈਲੇ ਤਕਰੀਬਨ 75 ਲੱਖ ਪਾਠਕਾਂ ਨੂੰ ਸਦਾ ਲਈ ‘ ਥੈਂਕ ਯੂ ਐਂਡ ਗੁੱਡ ਬਾਏ’ ਆਖ ਗਿਆ।ਸੰਸਾਰ ਭਰ ਵਿੱਚ ‘ਮੀਡੀਆ ਮੁਗ਼ਲ’ ਦੇ ਨਾਂਅ ਨਾਲ਼ ਜਾਣੇ ਜਾਂਦੇ ਰੂਪਰਟ ਮਰਡੋਕ ਦੇ ਇਸ ਅਖ਼ਬਾਰ ‘ਤੇ ਅਨੈਤਿਕ ਢੰਗਾਂ ਨਾਲ ਵੱਡੇ ਲੋਕਾਂ ਦੀਆਂ ਨਿੱਜੀ ਜ਼ਿੰਦਗੀਆਂ ਵਿੱਚ ਝਾਕਣ ਤੋਂ ਬਿਨਾਂ ਵਿਗਿਆਨੀਆਂ ਅਤੇ ਮਰੇ ਹੋਏ ਵਿਅਕਤੀਆਂ ਦੇ ਫ਼ੋਨ ਹੈਕ ਕਰਨ ਦੇ ਦੋਸ਼ ਸਾਬਤ ਹੋਏ ਸਨ।ਇਤਿਹਾਸ ਦਾ ਸਫ਼ਾ ਬਣ ਚੁੱਕਿਆ ਇਹ ਅਖ਼ਬਾਰ ਜਾਂਦੇ-ਜਾਂਦੇ ਭਵਿੱਖ ਦੀ ਪੱਤਰਕਾਰੀ ਲਈ ਇੱਕ ਸਬਕ ਛੱਡ ਗਿਆ ਕਿ ਸਨਸਨੀ ਨਾਲ਼ ਅਖ਼ਬਾਰ ਤਾਂ ਜ਼ਰੂਰ ਵਿਕ ਸਕਦੇ ਹਨ, ਪਰ ਬਹੁਤੀ ਦੇਰ ਚੱਲ ਨਹੀਂ ਸਕਦੇ।ਪ੍ਰਿੰਟ ਮੀਡੀਆ ਸ਼ਾਇਦ ਹਾਲੇ ਵੀ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕਿਆ। ਵਿਸ਼ਵ ਪੱਧਰ ਦੀ ਪੱਤਰਕਾਰੀ ਤੋਂ ਜੇਕਰ ਸਿੱਧਾ ਖੇਤਰੀ ਪੱਧਰ ਦੀ ਪੱਤਰਕਾਰੀ ‘ਤੇ ਨਜ਼ਰ ਘੁੰਮਾਈਏ ਤਾਂ ਅਜਿਹੀਆਂ ਕਈ ਮਿਸਾਲਾਂ ਮਿਲ ਜਾਣਗੀਆਂ ਜਿਨ੍ਹਾਂ ਵਿੱਚ ਨਿੱਜਤਾ ਨੂੰ ਅੱਖੋਂ ਪਰੋਖੇ ਕਰ ਕੇ ਬਲਾਤਕਾਰ ਆਦਿ ਕੇਸਾਂ ਵਿੱਚ ਪੀੜਤ ਵਿਅਕਤੀ ਦੇ ਸਹੀ ਨਾਂਅ ਸਮੇਤ ਉਸ ਦੇ ਪਿਤਾ ਦਾ ਨਾਂਅ, ਗਲੀ-ਮੁਹੱਲਾ, ਮਕਾਨ ਨੰਬਰ ਅਤੇ ਸ਼ਹਿਰ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਹੁੰਦਾ ਹੈ ਕਿ ਜਿਵੇਂ ਪਾਠਕ ਨੇ ਪੀੜਤ ਨੂੰ ਕੋਈ ਖ਼ਤ ਪਾਉਣਾ ਹੋਵੇ।
ਜਸਟਿਸ ਮਾਰਕੰਡੇ ਕਾਟਜੂ ਨੇ ਪਿਛਲੇ ਵਰ੍ਹੇ ਅਕਤੂਬਰ ‘ਚ ਭਾਰਤੀ ਪ੍ਰੈ¥ਸ ਕੌਂਸਲ ਦੇ ਮੁਖੀ ਵਜੋਂ ਕੁਰਸੀ ਸੰਭਾਲਦਿਆਂ ਹੀ ਬਿਜਲਈ ਮੀਡੀਆ ਨੂੰ ਵੀ ਕੌਂਸਲ ਦੇ ਘੇਰੇ ਵਿੱਚ ਲਿਆਉਣ ਦੀ ਗੱਲ ਕਰਦਿਆਂ ਕਿਹਾ ਸੀ ਕਿ ਖ਼ਬਰਾਂ ਵਾਲ਼ਾ ਟੀ.ਵੀ. ਚੈਨਲ ਸਿਰਫ਼ 10 ਪ੍ਰਤੀਸ਼ਤ ਹੀ ਅਜਿਹੇ ਪ੍ਰੋਗਰਾਮ ਦਿਖਾ ਰਿਹਾ ਹੈ, ਜਿਨ੍ਹਾਂ ਦਾ ਤਾਅਲੁਕ ਅਸਲ ਮੁੱਦਿਆਂ ਨਾਲ਼ ਹੈ, ਜਦੋਂ ਕਿ ਇਸ ਦੇ ਪਰਦੇ ਦਾ 90 ਪ੍ਰਤੀਸ਼ਤ ਹਿੱਸਾ ਅਜਿਹੇ ਮਨੋਰੰਜਨ ਨੇ ਮੱਲਿਆ ਹੋਇਆ ਹੈ, ਜੋ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾਉਣ ਵਾਲਾ ਹੈ।ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਿਜਲਈ ਮੀਡੀਏ ਦੀ ਦਸਤਕ ਪਿੱਛੋਂ ਕਈ ਵੱਡੇ-ਵੱਡੇ ਘੋਟਾਲੇ ਸਾਹਮਣੇ ਆਏ ਜਿਨ੍ਹਾਂ ਲੋਕ-ਹਿੱਤਾਂ ਵਿੱਚ ਅਹਿਮ ਭੂਮਿਕਾ ਨਿਭਾਈ।ਪੀ. ਸਾਈਨਾਥ ਵਰਗਾ ਪੱਤਰਕਾਰ ਜੇਕਰ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਦਾ ਰਹੱਸ ਨਾ ਖੋਲ੍ਹਦਾ ਤਾਂ ਇਹ ਸ਼ਾਇਦ ਇੱਕ ਰਹੱਸ ਹੀ ਬਣ ਕੇ ਰਹਿ ਜਾਣਾ ਸੀ।ਰਾਜਸਥਾਨ ਤੋਂ ਪੱਤਰਕਾਰ ਸ਼੍ਰੀਪਾਲ ਸ਼ਕਤਾਵਤ ਅਤੇ ਮੀਨਾ ਸ਼ਰਮਾ ਜੇਕਰ ਕੁੱਖ ਵਿੱਚ ਹੀ ਧੀਆਂ ਨੂੰ ਮਾਰਨ ਵਾਲੇ ਡਾਕਟਰਾਂ ਦਾ ਅਸਲੀ ਚਿਹਰਾ ਦੇਸ਼ ਨੂੰ ਨਾ ਦਿਖਾਉਂਦੇ ਤਾਂ ਖੌਰੇ ਕਿੰਨੀਆਂ ਹੋਰ ਮਾਸੂਮ ਜਾਨਾਂ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਚਲੀਆਂ ਜਾਣੀਆਂ ਸਨ।ਅੱਜ ਅਜਿਹੇ ਪੱਤਰਕਾਰਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ।ਬਹੁਤਾ ਬਿਜਲਈ ਮੀਡੀਆ ਨਿੱਜੀ ਜ਼ਿੰਦਗੀ ਦੀ ਫਰੋਲਾ-ਫਰੋਲੀ ਕਰ ਕੇ ਅਜਿਹੇ ਵਿਵਾਦ ਪੈਦਾ ਕਰਨ ਵਿੱਚ ਰੁੱਝਿਆ ਹੋਇਆ ਹੈ, ਜੋ ਲੋਕਾਂ ਦੀਆਂ ਆਦਤਾਂ ਵਿਗਾੜਨ ਦੇ ਨਾਲ਼-ਨਾਲ਼ ਦੇਸ਼ ਦੀ ਸ਼ਾਂਤੀ ਵੀ ਭੰਗ ਕਰ ਰਹੇ ਹਨ।
ਸਾਲ 2010 ਵਿੱਚ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੀ ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਸ਼ੋਇਬ ਮਲਿਕ ਨਾਲ ਮੰਗਨੀ ਦੀ ਗੱਲ ਚਲਦਿਆਂ ਹੀ ਖ਼ਬਰਾਂ ਵਾਲ਼ੇ ਚੈਨਲਾਂ ਵਿੱਚ ਸਾਨੀਆ ਅਤੇ ਸ਼ੋਇਬ ਦੀ ਨਿੱਜੀ ਜ਼ਿੰਦਗੀ ਨੂੰ ਫਰੋਲਨ ਅਤੇ ਭਾਰਤ-ਪਾਕਿ ਸੰਬੰਧਾਂ ਬਾਰੇ ਚਰਚਾ ਕਰਨ ਦੀ ਅਫਰਾ-ਤਫਰੀ ਜਿਹੀ ਮੱਚ ਗਈ।ਨਤੀਜੇ ਵਜੋਂ ਰਾਜਨੀਤਕ ਖੇਤਰ ਵਿੱਚ ਇਸ ਬਾਬਤ ਬਿਆਨਬਾਜ਼ੀ ਸ਼ੁਰੂ ਹੋ ਗਈ।ਸਮਾਜਵਾਦੀ ਪਾਰਟੀ ਦੇ ਇੱਕ ਨੇਤਾ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਉਸ ਨੂੰ ਇਹ ਪਸੰਦ ਨਹੀਂ ਕਿ ਸਾਨੀਆ ਪਾਕਿਸਤਾਨ ਵਿੱਚ ਵਿਆਹ ਕਰੇ, ਦੁਬੱਈ ‘ਚ ਰਹੇ ਅਤੇ ਭਾਰਤ ਲਈ ਖੇਡੇ।ਮੀਡੀਆ ਦੀਆਂ ਸੁਰਖ਼ੀਆਂ ਦੇਖ ਕੇ ਸ਼ਿਵ ਸੈਨਾ ਨੇ ਕਿਹਾ ਕਿ ਜੇਕਰ ਸਾਨੀਆ ਸ਼ੋਇਬ ਨਾਲ ਵਿਆਹ ਕਰਦੀ ਹੈ ਤਾਂ ਸਾਨੀਆਂ ਦੇ ਨਾਲ਼-ਨਾਲ਼ ਪੂਰੇ ਦੇਸ਼ ਨੂੰ ਖ਼ਤਰਾ ਹੈ।ਮੀਡੀਆ ਨੇ ਇੱਥੋਂ ਤੱਕ ਵਿਦੇਸ਼ ਵਿੱਚ ਪੜ੍ਹਾਈ ਕਰ ਰਹੇ ਸਾਨੀਆਂ ਦੇ ਪਹਿਲੇ ਮੰਗੇਤਰ ਸੋਹਰਾਬ ਨੂੰ ਭਾਲ ਕੇ ਉਹਦੇ ਬਿਆਨ ਲੈਣੋਂ ਵੀ ਗ਼ੁਰੇਜ਼ ਨਾ ਕੀਤਾ।ਜੁਲਾਈ, 2010 ਵਿੱਚ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਜਦੋਂ ਦੇਹਰਾਦੂਨ ਤੋਂ ਦੂਰ ਜੰਗਲਾਂ ਵਿੱਚ ਮੀਡੀਆ ਨੂੰ ਲਾਂਭੇ ਕਰ ਕੇ ਵਿਆਹ ਕੀਤਾ ਤਾਂ ਹਫ਼ਤਾ ਭਰ ਖ਼ਬਰਾਂ ਵਾਲ਼ੇ ਚੈਨਲ ਵਿਆਹ ਵਿੱਚ ਆਪਣੀ ਐਂਟਰੀ ਨਾ ਹੋਣ ਦਾ ਰੋਸ ਕਰਦੇ ਰਹੇ।
ਜੁਲਾਈ, 2010 ਵਿੱਚ ਹੀ ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖ਼ਾਰ ਜਦੋਂ ਪਹਿਲੀ ਵਾਰ ਭਾਰਤ ਆਈ ਤਾਂ ਖ਼ਬਰਾਂ ਵਾਲ਼ੇ ਚੈਨਲਾਂ ਨੇ ਇਸ ਦੀ ਕਵਰੇਜ਼ ਇਸ ਤਰ੍ਹਾਂ ਕੀਤੀ, ਜਿਵੇਂ ਕੋਈ ਪਾਕਿਸਤਾਨ ਤੋਂ ਵਿਦੇਸ਼ ਮੰਤਰੀ ਨਹੀਂ, ਸਗੋਂ ਕੋਈ ਅਦਾਕਾਰਾ ਆਈ ਹੋਵੇ।ਕੁਝ ਕੁ ਚੈਨਲਾਂ ਨੂੰ ਛੱਡ ਕੇ ਬਾਕੀ ਸਭ ਨੇ ਇਸ ਫੇਰੀ ਦੇ ਭਾਰਤ-ਪਾਕਿ ਸੰਬੰਧਾਂ ‘ਤੇ ਪੈਣ ਵਾਲੇ ਪ੍ਰਭਾਵਾਂ ਦੀ ਗੱਲ਼ ਨੂੰ ਖ਼ਾਰਜ ਕਰਕੇ ਹਿਨਾ ਦੀ ਨਿੱਜੀ ਜ਼ਿੰਦਗੀ ਵੱਲ ਕੈਮਰਾ ਘੁੰਮਾ ਦਿੱਤਾ, ਜਿਸ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ, ਉਸ ਦੇ ਕੱਪੜਿਆਂ, ਐਨਕਾਂ, ਪਰਸ, ਮੁਸਕੁਰਾਹਟ ਆਦਿ ਦੀਆਂ ਗੱਲਾਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ।ਅਸਲ ਵਿੱਚ ਖ਼ਬਰਾਂ ਵਾਲ਼ੇ ਚੈਨਲਾਂ ਦੀ ਹਾਲਤ ਅੱਜ ਉਸ ਖਸਤਾ ਗੱਡੀ ਵਰਗੀ ਹੋ ਗਈ ਹੈ, ਜਿਸ ਵਿੱਚ ਹੌਰਨ ਤੋਂ ਬਿਨਾਂ ਸਭ ਕੁਝ ਵੱਜ ਰਿਹਾ ਹੈ।ਖ਼ਬਰ, ਖ਼ਬਰਾਂ ਵਾਲ਼ੇ ਚੈਨਲਾਂ ਦੀ ਆਤਮਾ ਹੈ ਅਤੇ ਆਤਮਾ ਹੀ ਮਰ ਰਹੀ ਹੈ।
ਉਪਰੋਕਤ ਦੋਹਾਂ ਮਾਧਿਅਮਾਂ ਨੂੰ ਤਾਂ ਸ਼ਾਇਦ ਕਿਸੇ ਢੰਗ ਨਾਲ ਕਾਬੂ ਕੀਤਾ ਜਾ ਸਕਦਾ ਹੈ, ਪਰ ਨਿਊ -ਮੀਡੀਆ ਤਹਿਤ ਕੰਪਿਊਟਰ ਇੰਟਰਨੈੱਟ, ਮੋਬਾਈਲ ਫ਼ੋਨ ਆਦਿ ਦੀ ਆਮਦ ਸਦਕਾ ਨਿੱਜੀ ਜ਼ਿੰਦਗੀ ਨੂੰ ਪਲਾਂ ‘ਚ ਹੀ ਜਨਤਕ ਕਰਨਾ ਹਰ ਆਮ/ਖ਼ਾਸ ਵਿਅਕਤੀ ਲਈ ਆਸਾਨ ਹੋ ਗਿਆ ਹੈ।ਭਾਰਤ ਦੇ ਕੇਂਦਰੀ ਦੂਰ-ਸੰਚਾਰ ਮੰਤਰੀ ਕਪਿਲ ਸਿੱਬਲ ਵੱਲੋਂ ਜਦੋਂ ਸੋਸ਼ਲ ਨੈੱਟਵਰਕਿੰਗ ਵੈ¥ਬਸਾਈਟਸ ਨੂੰ ਨੱਥ ਪਾਉਣ ਦੀ ਗੱਲ ਕੀਤੀ ਗਈ ਤਾਂ ਮੀਡੀਆ ਨੇ ਇਸਦਾ ਵਿਰੋਧ ਕਰਦਿਆਂ ਇਸ ਨੂੰ ਬੋਲਣ ਦੀ ਆਜ਼ਾਦੀ ‘ਤੇ ਵਾਰ ਕਰਨਾ ਕਰਾਰ ਦਿੱਤਾ।ਬੇਸ਼ੱਕ ਸੋਸ਼ਲ ਨੈੱਟਵਰਕਿੰਗ ਵੈੱਬਸਾਈਟਸ ਨੇ ਰਾਸ਼ਟਰੀ ਅਤੇ ਸਮਾਜਕ ਕ੍ਰਾਂਤੀ ਵਿੱਚ ਬਹੁਤ ਅਹਿਮ ਰੋਲ ਨਿਭਾਇਆ ਹੈ, ਪਰ ਦੂਜੇ ਪਾਸੇ ਕਿਸੇ ਨੂੰ ਬਦਨਾਮ ਕਰਨ ਦੀ ਭਾਵਨਾ ਨਾਲ ਨਿੱਜੀ ਜ਼ਿੰਦਗੀ ਦੇ ਭੇਤ ਖੋਲ੍ਹਦੀਆਂ ਤਸਵੀਰਾਂ, ਕਾਰਟੂਨ ਅਤੇ ਵੀਡੀਓ ਇਨ੍ਹਾਂ ‘ਤੇ ਪਾਉਣਾ ਇੱਕ ਆਮ ਰਿਵਾਜ਼ ਹੋ ਗਿਆ ਹੈ।ਕੁਝ ਸਮਾਂ ਪਹਿਲਾਂ ਹੀ ਭਾਰਤ ਦੇ ਇੱਕ ਕਾਂਗਰਸੀ ਆਗੂ ਦੀ ਨਿੱਜੀ ਜ਼ਿੰਦਗੀ ਨੂੰ ਸੁਰਖ਼ੀਆਂ ਵਿੱਚ ਲਿਆਉਣ ਦੀ ਵੱਡੀ ਮਿਸਾਲ ਸਾਹਮਣੇ ਆਈ ਸੀ।ਇਸ ਆਗੂ ਦੀ ਇੱਕ ਔਰਤ ਨਾਲ ਇਤਰਾਜ਼ ਯੋਗ ਸਥਿਤੀ ਨੂੰ ਦਿਖਾਉਂਦੀ ਹੋਈ ਸੀ.ਡੀ. ਸਾਹਮਣੇ ਆਉਣ ਪਿੱਛੋਂ ਦਿੱਲੀ ਦੀ ਇੱਕ ਕੋਰਟ ਨੇ ਖ਼ਬਰਾਂ ਵਾਲ਼ੇ ਚੈਨਲਾਂ ਨੂੰ ਹਦਾਇਤ ਕੀਤੀ ਕਿ ਇਸ ਨੂੰ ਪ੍ਰਸਾਰਤ ਨਾ ਕੀਤਾ ਜਾਵੇ, ਪਰ ਇੰਟਰਨੈੱਟ ‘ਤੇ ਇਹ ਵੀਡੀਓ ਅੱਗ ਵਾਂਗੂੰ ਫੈਲ ਗਈ।ਇਸ ਨੂੰ ਇੰਟਰਨੈੱਟ ਤੋਂ ਹਟਾਉਣ ਦੀ ਅਣਥੱਕ ਕੋਸ਼ਿਸ਼ ਕੀਤੀ ਗਈ, ਪਰ ਸਫ਼ਲਤਾ ਪ੍ਰਾਪਤ ਨਾ ਹੋ ਸਕੀ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੀਡੀਆ, ਜਿਸ ਦਾ ਕੰਮ ਆਪਣੇ ਪਾਠਕਾਂ/ਦਰਸ਼ਕਾਂ ਨੂੰ ਸੱਚ ਦੇ ਕੋਲ ਲੈ ਜਾਣਾ ਹੁੰਦਾ ਹੈ ਅੱਜ ਕਿਉਂ ਖ਼ੁਦ ਸੱਚ ਤੋਂ ਕੋਹਾਂ ਦੂਰ ਜਾ ਰਿਹਾ ਹੈ? ਇਸ ਕਾਰਜ ਪਿੱਛੇ ਸਭ ਤੋਂ ਅਹਿਮ ਕਾਰਨ ਪ੍ਰਿੰਟ ਅਤੇ ਬਿਜਲਈ ਮੀਡੀਆ ਦਾ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਆਪਣੇ ਪਾਠਕਾਂ/ਦਰਸ਼ਕਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਹੈ।ਜਿਸ ਮਾਧਿਅਮ ਨਾਲ ਜਿੰਨੇ ਜ਼ਿਆਦਾ ਦਰਸ਼ਕ/ਪਾਠਕ ਜੁੜੇ ਹੋਣਗੇ ਓਨਾ ਹੀ ਉਸ ਮਾਧਿਅਮ ਨੂੰ ਵਿਗਿਆਪਨ ਮਿਲਣਗੇ, ਜੋ ਇਨ੍ਹਾਂ ਵਾਸਤੇ ਕਮਾਈ ਦਾ ਅਹਿਮ ਜ਼ਰੀਆ ਹਨ।ਦੂਜੇ ਪਾਸੇ ਨਿੱਜਤਾ ਵਿੱਚ ਦਖ਼ਲ ਸਿਰਫ਼ ਮੀਡੀਆ ਹੀ ਆਪਣੀ ਮਰਜ਼ੀ ਨਾਲ ਨਹੀਂ ਦਿੰਦਾ ਸਗੋਂ ਕਈ ਵਾਰ ਵਿਅਕਤੀ ਖ਼ੁਦ ਵੀ ਅਖ਼ਬਾਰਾਂ ਅਤੇ ਟੀ.ਵੀ. ਦੀਆਂ ਸੁਰਖ਼ੀਆਂ ਬਣਨ ਵਾਸਤੇ ਮੀਡੀਆ ਦੀ ਕਲਮ ਅਤੇ ਕੈਮਰੇ ਮੂਹਰੇ ਆਪਣੀ ਨਿੱਜਤਾ ਰੱਖ ਦਿੰਦਾ ਹੈ।ਇਸੇ ਗੱਲ ਦੀ ਮਿਸਾਲ ਪਿਛਲੇ ਸਾਲ ਪਾਕਿਸਤਾਨ ਦੀ ਇੱਕ ਮਕਬੂਲ ਅਦਾਕਾਰਾ ਨੇ ਭਾਰਤ ਦੇ ਇੱਕ ਮੈਗਜ਼ੀਨ ਵਿੱਚ ਆਪਣੀ ਅਸ਼ਲੀਲ ਤਸਵੀਰ ਲਗਵਾ ਕੇ ਦਿੱਤੀ, ਜਿਸ ਕਾਰਨ ਉਹ ਕਾਫ਼ੀ ਸਮਾਂ ਸੁਰਖ਼ੀਆਂ ਵਿੱਚ ਰਹੀ।ਇਸ ਅਦਾਕਾਰਾ ਨੇ ਮੈਗਜ਼ੀਨ ‘ਤੇ ਮੁਕੱਦਮਾ ਦਾਇਰ ਕਰਨ ਦੀ ਧਮਕੀ ਦਿੰਦਿਆਂ ਮੀਡੀਆ ਅੱਗੇ ਇਹ ਬਿਆਨ ਵੀ ਦਿੱਤਾ ਕਿ ਉਸ ਨੂੰ ਇਸ ਵਿਸ਼ੇ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਦੋਂ ਕਿ ਮੈਗਜ਼ੀਨ ਦੇ ਸੰਪਾਦਕ ਦਾ ਕਹਿਣਾ ਸੀ ਕਿ ਉਹਨਾਂ ਕੋਲ ਸਬੂਤ ਵਜੋਂ ਅਦਾਕਾਰਾ ਵੱਲੋਂ ਭੇਜਿਆ ਇੱਕ ਅਜਿਹਾ ਈ-ਮੇਲ ਹੈ ਜਿਸ ਵਿੱਚ ਅਜਿਹੀਆਂ ਵੀਡੀਓ ਅਤੇ ਤਸਵੀਰਾਂ ਹਨ ਜੋ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਇਹ ਤਸਵੀਰ ਅਦਾਕਾਰਾ ਦੀ ਮਰਜ਼ੀ ਨਾਲ ਹੀ ਮੈਗਜ਼ੀਨ ‘ਤੇ ਛਾਪੀ ਗਈ ਹੈ।
ਮੀਡੀਆ ਵੱਲੋਂ ਵਿਅਕਤੀ ਦੀ ਨਿੱਜਤਾ ਦਾ ਸਤਿਕਾਰ ਕਰਨਾ ਉਸ ਦਾ ਨੈਤਿਕ ਫ਼ਰਜ਼ ਹੈ।ਨਿੱਜਤਾ ਦੀ ਸੁਰੱਖਿਆ ਲਈ ਸਿਰਫ਼ ਸਖ਼ਤ ਕਨੂੰਨ ਹੀ ਨਹੀਂ ਸਗੋਂ ਲੋਕਾਂ ਨੂੰ ਵੀ ਇਸ ਪ੍ਰਤੀ ਸੁਚੇਤ ਹੋਣਾ ਲਾਜ਼ਮੀ ਹੈ ਅਤੇ ਕਿਧਰੇ ਮੀਡੀਏ ਨੂੰ ਵੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਵੈ-ਜ਼ਾਬਤੇ ਨੂੰ ਸਮਝਣ ਦੀ ਲੋੜ ਹੈ।ਅਫ਼ਸੋਸ, ਮੀਡੀਆ ਸਵੈ-ਜ਼ਾਬਤੇ ਦੀ ਗੱਲ ਵੀ ਉਸ ਸਮੇਂ ਕਰਦਾ ਹੈ, ਜਦੋਂ ਮੀਡੀਆ ਨੂੰ ਸਰਕਾਰ ਜਾਂ ਕੋਰਟ ਵੱਲੋਂ ਸਿੱਧੇ ਜਾਂ ਅਸਿੱਧੇ ਰੂਪ ‘ਚ ਦਖ਼ਲ ਦੇਣ ਦਾ ਖ਼ਤਰਾ ਨਜ਼ਰ ਆਉਣ ਲੱਗੇ।ਮੀਡੀਆ ਨੂੰ ਅਜਿਹੀ ਸਨਸਨੀ ਫੈਲਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਅਨੈਤਿਕ ਢੰਗਾਂ ਨਾਲ ਪ੍ਰਾਪਤ ਕੀਤੀ ਜਾਣਕਾਰੀ ਲੋਕ-ਹਿੱਤਾਂ ‘ਚ ਹੈ ਜਾਂ ਸਿਰਫ਼ ਲੋਕਾਂ ਦੀਆਂ ਭਾਵਨਾਵਾਂ ਨੂੰ ਉਤੇਜਤ ਕਰਨ ਲਈ? ਜੇਕਰ ਲੋਕ-ਹਿੱਤਾਂ ਨੂੰ ਲੰਘ ਕੇ ਕੋਈ ਮੀਡੀਆ ਅਨੈਤਿਕ ਢੰਗ ਨਾਲ਼ ਆਪਣੇ ਦਰਸ਼ਕਾਂ ਨੂੰ ਸੱਚ ਤੋਂ ਪਾਸੇ ਕਰ ਰਿਹਾ ਹੈ ਤਾਂ ਯਕੀਨਨ ਉਸ ਦਾ ਹਸ਼ਰ ਵੀ ਉਸੇ ਤਰ੍ਹਾਂ ਦਾ ਹੋਵੇਗਾ, ਜਿਸ ਤਰ੍ਹਾਂ ਦਾ 168 ਵਰ੍ਹੇ ਪੁਰਾਣੇ ਹਫ਼ਤਾਵਰ ਅਖ਼ਬਾਰ ਦਾ ਹੋਇਆ ਹੈ।

