ਮਾਂ ਹੋਣ ਦੀ ਨੌ ਮਹੀਨਿਆਂ ਦੀ ਇਸ ਔਖੀ, ਕਦੇ ਆਤਮਿਕ ਤੇ ਖੇਡ-ਭਰਪੂਰ, ਕਦੇ ਥੱਕਾਊ ਤੇ ਅਸਹਿਜ ਅਤੇ ਉਨੀਂਦਰੀ ਯਾਤਰਾ ਵਿਚ ਮੈਂ ਆਪਣੀ ਮਾਂ ਦੀ ਪਹਿਲਾਂ ਨਾਲੋਂ ਕਿਤੇ ਵੱਧ ਸ਼ੁਕਗੁਜਾਰ ਹਾਂ! ਉਹ ਜੰਮਣ-ਪੀੜਾਂ, ਉਹ ਸੀਜੇਰੀਅਨ ਅਪਰੇਸ਼ਨ, ਬੱਚੇ ਨੂੰ ਦੁੱਧ ਚੁੰਘਾਉਂਦੇ ਵਕਤ ਉਹ ਅੰਦਰ ਦਾ ਸੁੰਗੜਾਅ -ਹੁਣ ਲਗਦੈ ਕਦੇ ਵਾਪਰਿਆ ਹੀ ਨਹੀਂ ਸੀ। ਉਂਝ ਮੇਰਾ ਤੇਰੇ ਤੇ ਕੋਈ ਅਹਿਸਾਨ ਤਾਂ ਨਹੀਂ ਸੀ ਇਹ ! ਇਹ ਤਾਂ ਇਕ ਮਜਬੂਤ ਅਤੇ ਕੁਦਰਤੀ ਬੰਧਨ ਹੈ ਕਿ ਮੈਂ ਜੋ ਵੀ ਤੇਰੇ ਲਈ ਕਰਦੀ ਹਾਂ ਤੇਰੇ ਮੋਹ ਵਿਚ ਸਰਸ਼ਾਰ ਹੁੰਦੀ ਰਹਿੰਦੀ ਹਾਂ!
ਅਸੀਂ ਤਿੰਨ ਭੈਣ ਭਰਾ ਹਾਂ ਅਤੇ ਮੈਂ ਵਿਚਕਾਰਲੀ ਹਾਂ। ਇਸ ਸਾਲ ਕਈ ਵਾਰੀ ਮੈਂ ਆਪਣੀ ਮਾਂ ਨੂੰ ਆਖ ਚੁੱਕੀ ਹਾਂ, “ਮਾਂ ਤੈਨੂੰ ਮੈਨੂੰ ਜਨਮ ਦੇ ਕੇ ਇੰਨੀਆਂ ਮੁਸ਼ਕਲਾਂ ਵਿਚੋਂ ਲੰਘਣ ਦੀ ਕੋਈ ਲੋੜ ਨਹੀਂ ਸੀ। ਤੈਨੂੰ ਇੰਨਾ ਕਸ਼ਟ ਦੇਣ ਤੋਂ ਚੰਗਾ ਤਾਂ ਹਾਇ ! ਮੈਂ ਜੰਮਦੀ ਹੀ ਨਾ।“
ਕਿੰਨੀ ਬਚਕਾਨਾ ਗੱਲ ਹੈ, ਇਸੇ ਵਿਚ ਤਾਂ ਜਿੰਦਗੀ ਦੀ ਖੂਬਸੂਰਤੀ ਲੁਕੀ ਹੋਈ ਹੈ ! ਹੈ ਨਾ ?
ਚੱਲ ਤੂੰ ਤੇ ਮੈਂ ਇਕ ਦਿਨ ਇਕੱਲਿਆਂ ਬਿਤਾਈਏ। ਮਾਂ-ਦਿਵਸ ਤੇ ਮੈਂ ਨਹੀਂ ਚਾਹੁੰਦੀ ਕਿ ਤੂੰ ਮੈਨੂੰ ਤੋਹਫੇ ਵਜੋਂ ਕੋਈ ਚੀਜ਼ ਦੇਵੇਂ। ਨਾ ਮੈਂ ਚਾਹੁੰਦੀ ਹਾਂ ਕਿ ਤੂੰ ਮੈਨੂੰ ਡਿਨਰ ਤੇ ਲਿਜਾਵੇਂ, ਮੈਨੂੰ ਫੁੱਲ ਭੇਂਟ ਕਰੇਂ ਜਾਂ ਫੇਸ ਬੁਕ ਤੇ ਪੋਸਟ ਪਾਕੇ ਕਹੇਂ ਕਿ ‘ਮਾਂ ਮੈਂ ਤੇਰਾ ਬੜਾ ਸ਼ੁਕਰ ਗੁਜਾਰ ਹਾਂ, ਤੂੰ ਕੋਈ ਅਵਤਾਰ ਏਂ, ਮਹਾਨ ਏਂ, ਤਿਆਗ ਦੀ ਦੇਵੀ ਏਂ, ਆਦਿ ਆਦਿ। ਮੈਂ ਤਾਂ ਇਕ ਇਨਸਾਨ ਹਾਂ ਜਿਸਦੀਆਂ ਜਰੂਰਤਾਂ ਨੇ, ਖਾਹਿਸ਼ਾਂ ਨੇ, ਉਮੀਦਾਂ ਨੇ, ਪਿਆਰ ਭਰਿਆ ਦਿਲ ਹੈ ਜੋ ਮੁਹੱਬਤ ਮੰਗਦਾ ਹੈ ਅਤੇ ਇਕ ਤਨ ਹੈ ਜੋ ਥੱਕਦਾ ਹੈ।
ਹਰ ਮਦਰਜ਼ ਡੇਅ ਤੇ ਮੈਂ ਇਹ ਗੱਲਾਂ ਚਾਹਾਂਗੀ। ਪਰਸ, ਸੂਟ, ਸ਼ਾਵਰ ਜੈੱਲਾਂ ਤੇ ਹੋਰ ਜੋ ਵੀ ਕੋਈ ਬੰਦਾ ਤੋਹਫੇ ਵਿਚ ਕਿਸੇ ਨੂੰ ਦੇ ਸਕਦਾ ਹੈ, ਬਥੇਰਾ ਕੁਛ ਹੈ ਮੇਰੇ ਕੋਲ! ਇਸ ਦਿਨ ਮੈਂ ਬਾਹਰ ਡਿਨਰ ਕਰਣ ਨਹੀਂ ਜਾਣਾ ਚਾਹਾਂਗੀ । ਉਂਝ ਵੀ ਕਿੰਨੀ ਭੀੜ ਹੁੰਦੀ ਹੈ ਇਸ ਦਿਨ। ਇਸ ਦੀ ਬਜਾਇ ਮੈਂ ਚਾਹਾਂਗੀ ਕਿ ਤੂੰ ਇਸ ਦਿਨ ਮੇਰੇ ਲਈ ਕੁਛ ਪਕਾ ਕੇ ਖੁਆਵੇਂ, ਹਾਂ! ਹਾਂ! ਮੈਂ ਚਾਹੁੰਦੀ ਹਾਂ ਤੈਨੂੰ ਪਕਾਉਣਾ ਆਉਣਾ ਚਾਹੀਦਾ ਹੈ, ਜਰੂਰੀ ਤਾਂ ਨਹੀਂ ਕਿ ਹਮੇਸ਼ਾ ਔਰਤ ਹੀ ਰਸੋਈ ਵਿਚ ਆਪਣੇ ਹੱਥ ਸਾੜੇ। ਹੋ ਸਕਦੈ ਅਸੀਂ ਥੋੜਾ ਜਿਹਾ ਸਾਮਾਨ ਲੈ ਕੇ ਇਕੱਠੇ ਸੈਰ ਤੇ ਨਿਕਲ ਜਾਈਏ ਜਾਂ ਕਿਤੇ ਇਕੱਠੇ ਪਿਕਨਿਕ ਕਰੀਏ। ਆਪਣੇ ਸਕੇਟਸ ਲੈ ਕੇ ਕਿਸੇ ਜਗਾ ਕੈਂਪ ਤੇ ਜਾਈਏ । ਤੇਰੇ ਨਾਲ ਬਾਹਰ ਕਿਸੇ ਲੇਕ ਤੇ ਜਾ ਕੇ ਤੈਰਨਾ ਮੈਨੂੰ ਬਹੁਤ ਚੰਗਾ ਲੱਗੇਗਾ। ਕਿਸੇ ਉੱਚਾਈ ਤੋਂ ਕਿਸੇ ਲੇਕ ਵਿਚ ਛਾਲਾਂ ਮਾਰਨ ‘ਚ ਕਿੰਨਾ ਮਜਾ ਆਵੇਗਾ। ਅਸੀਂ ਮੀਲਾਂ ਤੱਕ ਇਕੱਠੇ ਸਾਈਕਲ ਚਲਾਈਏ । ਤੂੰ ਆਪਣੇ ਵਧੀਆ ਤੋਂ ਵਧੀਆ ਵਿਚਾਰ ਅਤੇ ਕਲਪਨਾਵਾਂ ਮੇਰੇ ਨਾਲ ਸਾਝੀਆਂ ਕਰ ਸਕਦਾ ਏਂ। ਤੂੰ ਕਿਸੇ ਵਧੀਆ ਕਿਤਾਬ ਬਾਰੇ ਮੇਰੇ ਨਾਲ ਗੱਲਾਂ ਕਰ ਸਕਦਾ ਏਂ ਤਾਂ ਕਿ ਮੈਂ ਤੇਰੇ ਨਜ਼ਰੀਏ ਤੋਂ ਇਸ ਦੁਨੀਆਂ ਨੂੰ ਵੇਖ ਸਕਾਂ। ਮਦਰਜ਼ ਡੇਅ ਤੇ ਤੂੰ ਮੈਨੂੰ ਨਵੇਂ ਚਿੰਤਨ-ਬੋਧ ਅਤੇ ਆਪਣੇ ਸਮੇਂ ਦੀ ਨਵੀਂ ਤਕਨਾਲੋਜੀ ਤੋਂ ਅਵਗਤ ਕਰਾਉਣਾ ਹੈ।
ਅਜਾਦ, ਮੇਰੇ ਬੱਚੇ ਤੂੰ ਆਪਣੇ ਜੀਵਨ ਦੀ ਪਸੰਦ ਅਤੇ ਨਾਪਸੰਦ, ਆਪਣੇ ਸਾਰੇ ਕਾਰਨਾਮੇ ਮੇਰੇ ਨਾਲ ਸਾਂਝੇ ਕਰਨੇ ਹਨ, ਮੈਂ ਆਪਣੇ ਆਪ ਨੂੰ ਤੇਰੀਆਂ ਗੱਲਾਂ ਸਮਝਣ ਦੇ ਕਾਬਿਲ ਬਣਾ ਲਵਾਂਗੀ। ਹਰ ਵਰ੍ਹਾ ਬੀਤਣ ਨਾਲ ਸਾਡੀ ਦੋਸਤੀ ਦੀ ਉਮਰ ਵੀ ਵਧਦੀ ਰਹੇਗੀ। ਉਹ ਕਹਾਵਤ, ‘ਮਾਂ ਦਾ ਛਿੰਦਾ’, ਜਿਸ ਦਾ ਲੋਕ ਮਜ਼ਾਕ ਉਡਾਉਂਦੇ ਹਨ – ਮੈਨੂੰ ਵਿਸ਼ਵਾਸ ਹੈ ਕਿ ਤੂੰ ਇਸਤੇ ਹਮੇਸ਼ਾ ਮਾਣ ਕਰੇਂਗਾ। ਕਰਾਂ ਵੀ ਕਿਉਂ ਨਾ?
ਆਜਾਦ! ਸਾਡੇ ਲਈ ਮਦਰਜ਼ ਡੇਅ ਦੋਸਤੀ ਦਾ ਦਿਨ ਹੋਇਆ ਕਰੇਗਾ। ਜਿਵੇਂ ਜਿਵੇਂ ਸਮਾਂ ਗੁਜ਼ਰੇਗਾ ਸਾਡੀ ਦੋਸਤੀ ਹੋਰ ਗੂੜ੍ਹੀ ਹੁੰਦੀ ਰਹੇਗੀ।
ਕਹਿਣ ਦੀ ਜਰੂਰਤ ਨਹੀਂ ਪਰ ਕਹਿਣਾ ਹੈ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ, ਮੈਂ ਆਪਣੇ ਆਪ ਨੂੰ ਪਿਆਰ ਕਰਦੀ ਹਾਂ। ਤੂੰ ਮੇਰਾ ਅੰਸ਼ ਹੈਂ, ਮੇਰੇ ਵਿਚੋਂ ਬਣਿਆ ਹੈਂ।
ਸਾਨੂੰ ਪਹਿਲਾ ਦੋਸਤੀ-ਦਿਵਸ ਮੁਬਾਰਕ ਭਾਵ ਕਿ ਮਾਂ-ਦਿਵਸ ਮੁਬਾਰਕ!
ਤੈਨੂੰ ਘੁੱਟ ਕੇ ਜੱਫੀਆਂ, ਪੱਪੀਆਂ, ਇੰਦਰਧਨੁੱਸ਼ ਦੇ ਸੱਤੇ ਰੰਗ ਤੇਰੇ, ਗਲਿਹਰੀਆਂ, ਫੁੱਲ, ਤਿਤਲੀਆਂ ਤੇ ਆਪਣਾ ਸੇਬਾਂ ਦਾ ਬੂਟਾ ਵੀ!
ਲਵੀਨ।

