ਯੋਗ ਦੇ ਅਭਿਆਸ ਲਈ ਕਈ ਪ੍ਰਕਾਰ ਦੀਆਂ ਕਿਰਿਆਵਾਂ ਅਤੇ ਆਸਣਾਂ ਦਾ ਵਰਣਨ ਕਿਤਾਬਾਂ ’ਚ ਮਿਲਦਾ ਹੈ। ਜੇ ਤੁਸੀਂ ਪਹਿਲਾਂ ਤੋਂ ਇਨ੍ਹਾਂ ਦਾ ਅਭਿਆਸ ਨਹੀਂ ਕਰਦੇ ਰਹੇ ਅਤੇ ਯੋਗ ਕਿਰਿਆਵਾਂ ਤੋਂ ਬਿਲਕੁਲ ਅਣਜਾਨ ਹੋ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਇਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਵੇ। ਜੇ ਇਵੇਂ ਹੈ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਕੇਵਲ ਕਿਤਾਬੀ ਗਿਆਨ ਦੇ ਆਧਾਰ ’ਤੇ ਯੋਗ ਅਭਿਆਸ ਸ਼ੁਰੂ ਕਰਨ ਦੀ ਬਜਾਏ ਕਿਸੇ ਯੋਗ ਮਾਹਰ ਦੇ ਨਿਰਦੇਸ਼ਨ ’ਚ ਅਭਿਆਸ ਸ਼ੁਰੂ ਕਰੋ।

ਸਮਾਜ ’ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਹੜੇ ਆਪਣੀ ਫਿਟਨੈੱਸ ਨੂੰ ਲੈ ਕੇ ਨਿਰਾਸ਼ ਹੋ ਜਾਂਦੇ ਹਨ ਅਤੇ ਹੌਸਲਾ ਛੱਡ ਦਿੰਦੇ ਹਨ ਪਰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਬੱਸ ਪਹਿਲਾ ਕਦਮ ਪੁੱਟਣ ਦੀ ਲੋੜ ਹੈ। ਉਸ ਤੋਂ ਬਾਅਦ ਇਹ ਖੁਦ ਬਾ ਖੁਦ ਤੁਹਾਨੂੰ ਪੇ੍ਰਰਨਾ ਤੇ ਉਤਸ਼ਾਹ ਦਿੰਦਾ ਰਹੇਗਾ। ਅੱਜ ਪੂਰੇ ਦੇਸ਼ ’ਚ ਯੋਗ ਕਲਾਸਾਂ ਚੱਲਦੀਆਂ ਹਨ ਅਤੇ ਯੋਗ ਮਾਹਰ ਵੀ ਮਿਲ ਜਾਂਦੇ ਹਨ, ਇਸ ਲਈ ਨਿਰਾਸ਼ ਹੋਣ ਦੀ ਲੋੜ ਨਹੀਂ, ਬਸ ਥੋੜੀ ਜਿਹੀ ਹਿੰਮਤ ਕਰਨ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਸਿਹਤ ਨਾਲ ਜੁੜੀਆਂ ਤੁਹਾਡੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹੱਲ ਹੋ ਜਾਣਗੀਆਂ। ਫਿਟ ਰਹਿਣ ਲਈ ਯੋਗ ਤੋਂ ਉੱਤਮ ਕੁਝ ਨਹੀਂ ਹੈ, ਬਸ ਇਸ ਦੀ ਲਗਾਤਾਰਤਾ ਹੋਣੀ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਤੁਹਾਨੂੰ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਪਵੇਗੀ, ਲੋਕ ਖੁਦ-ਬ-ਖੁਦ ਤੁਹਾਡੀ ਤਾਰੀਫ ਕਰਨਗੇ।
ਇਸ ਤੋਂ ਇਲਾਵਾ ਤੁਸੀਂ ਆਪਣੇ ਕਿਸੇ ਹੋਰ ਤਰੀਕੇ ਦੀ ਚੋਣ ਕਰਨੀ ਚਾਹੁੰਦੇ ਹੋ ਤਾਂ ਬਿਹਤਰ ਹੋਵੇਗਾ ਕਿ ਸ਼ੁਰੂਆਤੀ ਦੌਰ ’ਚ ਦੋ ਜਾਂ ਤਿੰਨ ਪ੍ਰਕਾਰ ਦੇ ਹੀ ਆਸਣ ਕਰੋ। ਇਸ ਦੌਰਾਨ ਤੁਹਾਨੂੰ ਜਿਹੜਾ ਵੀ ਤਰੀਕਾ ਸਭ ਤੋਂ ਸਹੂਲਤ ਵਾਲਾ ਲੱਗੇ ਉਸ ਨੂੰ ਅਪਣਾ ਲਵੋ। ਹਾਂ, ਕਿਸੇ ਆਸਣ ਸਮੂਹ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਯੋਗ ਮਾਹਰ ਦੀ ਰਾਏ ਜ਼ਰੂਰ ਲਵੋ। ਯੋਗ ਹਰ ਵਿਅਕਤੀ ਲਈ ਲਾਹੇਵੰਦ ਹੈ, ਇਹ ਨਾ ਕੇਵਲ ਸਰੀਰਕ ਕਿਰਿਆਵਾਂ ਨੂੰ ਸਹੀ ਕਰਦਾ ਹੈ ਬਲਕਿ ਤੁਹਾਡੇ ਅਧਿਆਤਮਕ ਵਿਕਾਸ ’ਚ ਵੀ ਸਹਾਇਕ ਹੁੰਦਾ ਹੈ। ਇਸ ਨਾਲ ਤੁਸੀਂ ਕਿਸੇ ਵੀ ਗੱਲ ਜਾਂ ਚੀਜ਼ ’ਤੇ ਆਸਾਨੀ ਨਾਲ ਆਪਣਾ ਧਿਆਨ ਕੇਂਦਰਿਤ ਕਰਨਾ ਸਿਖ ਜਾਂਦੇ ਹੋ। ਇਸ ਨਾਲ ਸਾਹ ਲੈਣ ਦੀ ਪ੍ਰਕਿਰਿਆ ਵੀ ਸਹੀ ਹੋ ਜਾਂਦੀ ਹੈ, ਜੋ ਜੀਵਨ ’ਚ ਸਥਿਰਤਾ ਲਿਆਉਦੀ ਹੈ। ਨਾਲ ਹੀ ਯੋਗ ਨਾਲ ਤੁਹਾਡਾ ਸਰੀਰ ਜ਼ਿਆਦਾ ਸੁਡੌਲ ਵੀ ਬਣਦਾ ਹੈ। ਇਸ ਤਰ੍ਹਾਂ ਤੁਸੀਂ ਇਕ ਸਿਹਤਮੰਦ ਤੇ ਖੁਸ਼ਹਾਲ ਜੀਵਨ ਜੀਅ ਸਕਦੇ ਹੋ।

