
ਇਹ ਹੈ ਪੰਜਾਬ ਅਤੇ ਪੂਰੇ ਦੇਸ਼ ‘ਚ ਲਗਾਤਾਰ ਟੁੱਟ ਰਹੇ ਸਾਂਝੇ ਪਰਿਵਾਰਾਂ ਦੀ ਇੱਕ ਤਸਵੀਰ। ਸਾਡੇ ਇੱਥੇ ਅਜਿਹੇ ਲੋਕਾਂ ਦੀ ਕਮੀ ਨਹੀਂ ਹੈ ਜੋ ਇਸ ਪ੍ਰਕਿਰਿਆ ਦੀ ਤਹਿ ਹੇਠ ਕੰਮ ਕਰਦੇ ਕਾਰਨਾਂ ਅਤੇ ਸਾਂਝੇ ਪਰਿਵਾਰਾਂ ਦੇ ਟੁੱਟਣ ਦੀ ਪ੍ਰਕਿਰਿਆ ਦੇ ਸਮੁੱਚਤਾ ‘ਚ ਸਮਾਜ ਉੱਪਰ ਪੈਣ ਵਾਲ਼ੇ ਪ੍ਰਭਾਵਾਂ ਨੂੰ ਜਾਣੇ-ਸਮਝੇ ਬਗੈਰ ਹੀ ਸਾਂਝੇ ਪਰਿਵਾਰਾਂ ਦੇ ਟੁੱਟਣ ‘ਤੇ ਸਿਆਪਾ ਕਰ ਰਹੇ ਹਨ। ਕਿਸੇ ਕਵੀ ਨੇ ਲਿਖਿਆ ਹੈ :
ਮਾਂ ਦਾ ਪਿਆਰ ਹਵਾ ਦਾ ਬੁੱਲ੍ਹਾ,
ਬੁਝਦਾ ਬੁਝਦਾ ਤੇ ਖੁਰਦਾ ਖੁਰਦਾ ਖੁਰ ਗਿਆ
ਸਭ ਦਾ ਪਿਆਰਾ ਸਾਂਝਾ ਚੁੱਲ੍ਹਾ।
1947 ਤੋਂ ਪਹਿਲਾਂ ਬਸਤੀਵਾਦੀ-ਜਗੀਰੂ ਯੁੱਗ ਵਿੱਚ ਪੈਦਾਵਾਰ ਦਾ ਮੁੱਖ ਜ਼ਰੀਆ ਖੇਤੀ ਸੀ। ਵਸੋਂ ਦੀ ਵੱਡੀ ਬਹੁਗਿਣਤੀ ਖੇਤੀ ਉੱਪਰ ਨਿਰਭਰ ਸੀ। ਖੇਤੀ ਵਿੱਚ ਤਕਨੀਕ ਅੱਤ ਪੱਛੜੀ ਹੋਈ ਸੀ ਅਤੇ ਇਹ ਲਗਭਗ ਪੂਰੀ ਤਰ੍ਹਾਂ ਮਨੁੱਖੀ ਕਿਰਤ ‘ਤੇ ਨਿਰਭਰ ਸੀ। ਇਸ ਲਈ ਜਿਸ ਪਰਿਵਾਰ ਕੋਲ਼ ਕੰਮ ਕਰਨ ਵਾਲ਼ੇ ਹੱਥ ਵਧੇਰੇ ਹੁੰਦੇ ਸਨ ਉਸ ਦੀ ਖੇਤੀ ਵੀ ਵਧੀਆ ਹੁੰਦੀ ਸੀ।
1947 ਤੋਂ ਬਾਅਦ ਸਾਡੇ ਦੇਸ਼ ਵਿੱਚ ਹੋਏ ਸਰਮਾਏਦਾਰਾ ਵਿਕਾਸ ਕਾਰਨ, ਖੇਤੀ ਦਾ ਵੱਡੀ ਪੱਧਰ ‘ਤੇ ਮਸ਼ੀਨੀਕਰਨ ਹੋਇਆ ਹੈ। ਸਿੱਖਿਆ, ਸਿਹਤ, ਆਵਾਜਾਈ, ਢੋਆ-ਢੁਆਈ ਆਦਿ ਦੇ ਸਾਧਨਾਂ ਦੇ ਵੱਡੀ ਪੱਧਰ ‘ਤੇ ਵਿਕਾਸ ਦੇ ਨਾਲ਼ ਨਾਲ਼ ਵੱਡੀ ਪੱਧਰ ‘ਤੇ ਸਨਅਤੀ ਵਿਕਾਸ ਹੋਇਆ ਹੈ। ਖੇਤੀ ਦੇ ਮਸ਼ੀਨੀਕਰਨ ਨੇ ਖੇਤੀ ਵਿੱਚ ਮਨੁੱਖੀ ਕਿਰਤ ਦੀ ਜ਼ਰੂਰਤ ਨੂੰ ਕਾਫ਼ੀ ਹੱਤ ਤੱਕ ਘੱਟ ਕਰ ਦਿੱਤਾ ਹੈ। ਖੇਤੀ ਖੇਤਰ ‘ਚੋਂ ਕਰੋੜਾਂ ਲੋਕ ਸਨਅਤੀ ਅਤੇ ਸੇਵਾ ਖੇਤਰ ਵੱਲ ਚਲੇ ਗਏ ਹਨ। ਖੇਤੀ ‘ਚ ਹੋਏ ਸਰਮਾਏਦਾਰਾ ਵਿਕਾਸ ਕਾਰਨ ਹੁਣ ਜਗੀਰੂ ਪੈਦਾਵਾਰੀ ਸਬੰਧਾਂ ਦੇ ਅਨੁਸਾਰੀ ਸਮਾਜਿਕ ਸੰਸਥਾ (ਸਾਂਝਾ ਪਰਿਵਾਰ) ਗੈਰ ਜ਼ਰੂਰੀ ਹੋ ਗਈ ਹੈ। ਇਸੇ ਕਾਰਨ ਤੇਜ਼ੀ ਨਾਲ਼ ਇਹ ਸੰਸਥਾ ਖੁਰ ਖਿੰਡ ਰਹੀ ਹੈ। ਪੈਦਾਵਾਰੀ ਸਬੰਧਾਂ, ਜਿਸ ਨੂੰ ਸਮਾਜ ਵਿਗਿਆਨ ਸਮਾਜ ਦਾ ਅਧਾਰ ਕਹਿੰਦਾ ਹੈ, ਦੇ ਬਦਲਣ ਨਾਲ਼ ਉਸਾਰ ਢਾਂਚਾ (ਸਿਆਸਤ, ਰਾਜ ਸੱਤ੍ਹਾ, ਵਿਚਾਰਧਾਰਾ, ਸੱਭਿਆਚਾਰ, ਸਮਾਜਿਕ ਸੰਸਥਾਵਾਂ) ਵੀ ਅਟੱਲ ਤੌਰ ‘ਤੇ ਬਦਲ ਜਾਂਦਾ ਹੈ। ਇਹ ਸਮਾਜਿਕ ਵਿਗਿਆਨ ਦਾ ਇੱਕ ਨਿਯਮ ਹੈ ਅਤੇ ਬੀਤੇ ਦੀਆਂ ਨਿਸ਼ਾਨੀਆਂ ਦੇ ਖਾਤਮੇ ‘ਤੇ ਕਿਸੇ ਦੇ ਹੰਝੂ ਕੇਰਨ ਨਾਲ਼ ਇਹ ਨਿਯਮ ਨਹੀਂ ਬਦਲ ਸਕਦਾ। ਅਜਿਹੀ ਅਟੱਲ ਸਮਾਜਿਕ ਪ੍ਰਕਿਰਿਆ ਉੱਪਰ ਹੰਝੂ ਕੇਰਨਾ ਘੋਰ ਅਗਿਆਨ ‘ਚੋਂ ਉਪਜੀ ਮੂਰਖਤਾ ਹੈ। ਜਗੀਰੂ ਯੁੱਗ ‘ਚ ਆਵਾਜਾਈ ਅਤੇ ਸੰਚਾਰ ਦੇ ਸਾਧਨ ਬੇਹੱਦ ਅਵਿਕਸਿਤ ਹੁੰਦੇ ਸਨ। ਲੋਕ ਆਪਣੇ ਭਾਈਚਾਰਿਆਂ ਟੱਬਰਾਂ, ਪਿੰਡਾਂ ਤੱਕ ਸੀਮਤ ਰਹਿੰਦੇ ਸਨ। ਗਤੀਸ਼ੀਲਤਾ ਦੀ ਬੇਹੱਦ ਕਮੀ ਕਾਰਨ ਲੋਕਾਂ ਦਾ ਇੱਕ ਤੋਂ ਦੂਜੀ ਥਾਵਾਂ ਵੱਲ ਆਣ ਜਾਣ ਬੇਹੱਦ ਘੱਟ ਹੁੰਦਾ ਸੀ। ਭਾਈਚਾਰੇ, ਪਿੰਡ, ਟੱਬਰ ਹੋਰਾਂ ਭਾਈਚਾਰਿਆਂ, ਟੱਬਰਾਂ ਪਿੰਡਾਂ ਤੋਂ ਨਿੱਖੜੇ ਰਹਿੰਦੇ ਸਨ। ਨਿੱਜੀ ਜਾਇਦਾਦ ਦੀ ਮਾਲਕੀ ਵੀ ਲੋਕਾਂ ਨੂੰ ਇੱਕ ਦੂਜੇ ਤੋਂ ਨਿਖੇੜਦੀ ਸੀ। ਇਹ ਜਗੀਰੂ ਨਿਖੇੜ ਅਗਿਆਨ ਅਤੇ ਖੂਹ ਦੇ ਡੱਡੂਪੁਣੇ ਨੂੰ ਜਨਮ ਦਿੰਦਾ ਸੀ।
ਦੂਜੇ ਪਾਸੇ ਸਰਮਾਏਦਾਰੀ ਨੇ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਦਾ ਪਹਿਲਾਂ ਕਦੇ ਨਾ ਦੇਖਿਆ ਵਿਕਾਸ ਕੀਤਾ ਹੈ। ਸਰਮਾਏਦਾਰੀ ਯੁੱਗ ‘ਚ ਪੈਦਾਵਾਰੀ ਤਾਕਤਾਂ ਦਾ ਅਜਿਹਾ ਵਿਕਾਸ ਹੋਇਆ ਹੈ ਕਿ ਇਸ ਨੇ ਪੂਰੇ ਸੰਸਾਰ ਨੂੰ ਹੀ ਇੱਕ ਪਿੰਡ ‘ਚ ਬਦਲ ਦਿੱਤਾ ਹੈ। ਸਰਮਾਏਦਾਰੀ ਲੋਕਾਂ ਨੂੰ ਨਿੱਜੀ ਜਾਇਦਾਦ ਦੀ ਮਾਲਕੀ ਤੋਂ ਮਹਿਰੂਮ ਕਰਕੇ ਉਚੇਰੇ ਪੱਧਰ ‘ਤੇ ਕਿਰਤ ਦਾ ਸਮਾਜੀਕਰਨ ਕਰਦੀ ਹੈ। ਇਹ ਲੋਕਾਂ ਦੇ ਆਪਸੀ ਨਿਖੇੜ ਨੂੰ ਖ਼ਤਮ ਕਰਕੇ ਉਨ੍ਹਾਂ ‘ਚ ਉਚੇਰੇ ਪੱਧਰ ਦੀ ਏਕਤਾ ਕਾਇਮ ਕਰਦੀ ਹੈ। ਅੱਜ ਦੇ ਯੁੱਗ ਵਿੱਚ ਪੈਦਾਵਾਰ ਦੇ ਸੰਸਾਰੀਕਰਨ ਨੇ ਸੰਸਾਰ ਭਰ ਦੇ ਮਜ਼ਦੂਰਾਂ ਨੂੰ ਇੱਕ ਦੂਜੇ ਨਾਲ਼ ਜੋੜ ਦਿੱਤਾ ਹੈ। ਇਸ ਦੇ ਨਾਲ਼ ਹੀ ਸਰਮਾਏਦਾਰੀ ਬੇਗਾਨਗੀ (1lienation) ਨੂੰ ਵੀ ਜਨਮ ਦਿੰਦੀ ਹੈ। ਸਰਮਾਏਦਾਰੀ ਤਹਿਤ ਇਹ ਬੇਗਾਨਗੀ ਕਈ ਧਰਾਤਲਾਂ ‘ਤੇ ਵਾਪਰਦੀ ਹੈ, ਮਨੁੱਖ ਦਾ ਮਨੁੱਖ ਤੋਂ ਦੂਰ ਹੋਣਾ ਵੀ ਜਿਸ ਦਾ ਇੱਕ ਅੰਗ ਹੈ। ਸਰਮਾਏਦਾਰਾ ਬੇਗਾਨਗੀ ਵੀ ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਇੱਕ ਮਹੱਤਵਪੂਰਨ ਕਾਰਨ ਹੈ। ਪਰ ਇਹ ਸਰਮਾਏਦਾਰਾ ਬੇਗਾਨਗੀ ਜਗੀਰੂ ਨਿਖੇੜ ਨਾਲ਼ੋਂ ਕਿਤੇ ਅਗਾਂਹਵਧੂ ਵਰਤਾਰਾ ਹੈ। ਸਰਮਾਏਦਾਰੀ ਨੇ ਪੈਦਾਵਾਰੀ ਤਾਕਤਾਂ ਅਤੇ ਸੱਭਿਆਚਾਰ ਦੇ ਪਹਿਲਾਂ ਕਦੇ ਨਾ ਦੇਖੇ ਗਏ ਵਿਕਾਸ ਦੇ ਰੂਪ ਵਿੱਚ ਆਪਣੇ ਖਾਤਮੇ ਦਾ ਅਧਾਰ ਤਿਆਰ ਕੀਤਾ ਹੈ। ਸੰਸਾਰ ਭਰ ਦੇ ਮਜ਼ਦੂਰ ਸਰਮਾਏਦਾਰੀ ਦੇ ਖਾਤਮੇ ਦੇ ਨਾਲ਼ ਹੀ ਇਸ ਦੁਆਰਾ ਪੈਦਾ ਕੀਤੀ ਬੇਗਾਨਗੀ ਦਾ ਵੀ ਖਾਤਮਾ ਕਰਨਗੇ।
ਭਾਰਤ ਜਿਹੇ ਪੱਛੜੇ ਸਰਮਾਏਦਾਰਾ ਦੇਸ਼ਾਂ ਵਿੱਚ ਬਜ਼ੁਰਗ ਮਾਤਾ ਪਿਤਾ ਜ਼ਿਆਦਾਤਰ ਆਪਣੇ ਬੱਚਿਆਂ ਉੱਪਰ ਨਿਰਭਰ ਹਨ। ਅਜਿਹੇ ਬਜ਼ੁਰਗਾਂ ਲਈ ਸਾਂਝੇ ਪਰਿਵਾਰਾਂ ਦਾ ਟੁੱਟਣਾ ਜ਼ਰੂਰ ਪੀੜਾਦਾਈ ਹੈ। ਇਸ ਤੋਂ ਇਲਾਵਾ ਜਗੀਰੂ ਯੁੱਗ ਦੀ ਨਿਸ਼ਾਨੀ ਸਾਂਝੇ ਪਰਿਵਾਰਾਂ ਦਾ ਟੁੱਟਣਾ ਇੱਕ ਸਾਰਥਕ ਗੱਲ ਹੈ। ਝੁੰਡਾਂ ਵਿੱਚ ਰਹਿੰਦੇ ਇਨਸਾਨਾਂ ਦੀ ਨਿੱਜਤਾ, ਵਿਅਕਤੀਕਤਾ ਵਾਰ-ਵਾਰ ਉਧਾਲ਼ੀ ਜਾਂਦੀ ਹੈ। ਇਹੋ ਵਜ੍ਹਾ ਹੈ ਕਿ ਸਾਡੇ ਸਮਾਜ ਵਿੱਚ ਅਜੇ ਤੱਕ ਨਿੱਜਤਾ, ਵਿਅਕਤੀਕਤਾ ਜੇਹੇ ਸੰਕਲਪਾਂ ਦੀ ਲਗਭਗ ਅਣਹੋਂਦ ਹੈ। ਝੁੰਡ ਜੀਵਨ ਮਨੁੱਖ ਦੇ ਬੌਧਿਕ ਵਿਕਾਸ, ਉਸ ਦੀਆਂ ਸਿਰਜਣਾਤਮਕ ਸਰਗਰਮੀਆਂ ਲਈ ਵੀ ਘਾਤਕ ਹੈ।
ਸਾਂਝੇ ਪਰਿਵਾਰ ਜਿਹੀਆਂ ਬੀਤੇ ਦੀਆਂ ਨਿਸ਼ਾਨੀਆਂ ਦੇ ਖ਼ਾਤਮੇ ਪ੍ਰਤੀ ਇੱਕ ਵਿਗਿਆਨਕ ਨਜ਼ਰੀਆ ਅਪਨਾਉਣ ਦੀ ਲੋੜ ਹੈ। ਹਰ ਪ੍ਰਕਿਰਿਆ ਵਾਂਗ ਇਸ ਪ੍ਰਕਿਰਿਆ ਦੇ ਵੀ ਦੋਵੇਂ ਪੱਖ ਹਨ — ਹਾਂ ਪੱਖ ਅਤੇ ਨਾ ਪੱਖ। ਪਰ ਇਸ ਪ੍ਰਕਿਰਿਆ ਦਾ ਮੁੱਖ ਪੱਖ ਹਾਂ ਪੱਖ ਹੀ ਹੈ।

