ਪੰਜਾਬ ਦੇ ਸੂਚਨਾ ਕਮਿਸ਼ਨਰ ਨੇ ਸ਼ੋ੍ਰਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਤੋ ਗੋਆ ਚਿੰਤਨ ਸੰਮੇਲਨ ’ਤੇ ਹੋਏ ਖ਼ਰਚਿਆਂ ਬਾਰੇ ਜਵਾਬ ਮੰਗਿਆ ਹੈ। ਇਸ ਬਾਬਤ ਦੋਵਾਂ ਪਾਰਟੀਆਂ ਨੂੰ 23 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਇਹ ਜਾਣਕਾਰੀ ਅੱਜ ਇੱਥੇ ‘ਹੈਲਪ’ ਨਾਂ ਦੀ ਸੰਸਥਾ ਦੇ ਆਗੂ ਪਰਵਿੰਦਰ ਸਿੰਘ ਕਿਤਨਾ ਨੇ ਦਿੱਤੀ। ਪੱਤਰਕਾਰਾਂ ਨੂੰ ਸੰਬੋਧਨ ਹੁੰਦੇ ਸ੍ਰੀ ਕਿਤਨਾ ਨੇ ਦੱਸਿਆ ਉਨ੍ਹਾਂ ਦੀ ਸੰਸਥਾ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਮਾਰਚ ਮਹੀਨੇ ਵਿੱਚ ਗੋਆ ’ਚ ਰੱਖੇ ਚਿੰਤਨ ਸੰਮੇਲਨ ’ਤੇ ਹੋਏ ਖਰਚਿਆਂ ਦੀ ਜਾਣਕਾਰੀ ਮੰਗੀ ਗਈ ਸੀ, ਜਿਸ ਵਿੱਚ ਉਥੇ ਹੋਏ ਟਰਾਂਸਪੋਰਟ ਖ਼ਰਚੇ, ਰਿਹਾਇਸ਼ੀ ਖ਼ਰਚੇ, ਡੋਨੇਸ਼ਨ, ਵੋਟਿੰਗ ਤੇ ਮਨੰਰੋਜਨ ਖ਼ਰਚੇ ’ਤੇ ਦੋਵਾਂ ਪਾਰਟੀਆਂ ਦੇ ਵੱਖਵੱਖ ਖਰਚੇ ਬਾਰੇ ਜਾਣਕਾਰੀ ਮੰਗੀ ਗਈ ਸੀ, ਪਰ ਦੋਹਾਂ ਹੀ ਪਾਰਟੀਆਂ ਨੇ ਜਾਣਕਾਰੀ ਦੇਣ ਤੋਂ ਚੁੱਪੀ ਵੱਟੀ, ਜਿਸ ਕਾਰਨ ਉਨ੍ਹਾਂ ਦੀ ਸੰਸਥਾ ਨੇ ਅਕਤੂਬਰ ਮਹੀਨੇ ਵਿੱਚ ਰਾਜ ਸੂਚਨਾ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ। ਰਾਜ ਸੂਚਨਾ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਇਸ ਬਾਬਤ ਜਵਾਬ ਦੇਣ ਲਈ ਕਿਹਾ। ਅੱਜ ਇੱਥੇ ਰਾਜ ਸੂਚਨਾ ਕਮਿਸ਼ਨ ਦੇ ਦਫ਼ਤਰ ਵਿੱਚ ਅਕਾਲੀ ਦਲ ਦੇ ਦਫ਼ਤਰੀ ਸਕੱਤਰ ਨੇ ਆਪਣਾ ਪੱਖ਼ ਰੱਖਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਕੀਤਾ ਗਿਆ ਵਕੀਲ ਸਮੇਂ ਸਿਰ ਨਹੀਂ ਪਹੰੁਚ ਸਕਿਆ। ਹੁਣ ਰਾਜ ਕਮਿਸ਼ਨ ਨੇ ਅਕਾਲੀਭਾਜਪਾ ਪਾਰਟੀਆਂ ਨੂੰ 23 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ।
ਸ੍ਰੀ ਕਿਤਨਾ ਨੇ ਅੱਗੇ ਕਿਹਾ ਕਿ ਦੋਵੇਂ ਪਾਰਟੀਆਂ ਵੱਲੋਂ ਅੱਗੇ ਵੀ ਵੱਖਵੱਖ ਮੁੱਦਿਆਂ ’ਤੇ ਮੰਗੀ ਜਾਣਕਾਰੀ ਤੋਂ ਚੁੱਪੀਧਾਰੀ ਰੱਖੀ ਹੈ। ਇਸ ਮੌਕੇ ਮੀਟਿੰਗ ਵਿੱਚ ਸ਼ਾਮਲ ਉਘੇ ਸਮਾਜਿਕ ਕਾਰਕੁਨ ਬਲਵੰਤ ਖੇੜਾ ਨੇ ਕਿਹਾ ‘‘ਇਹ ਪੈਸਾ ਜੋ ਚਿੰਤਨ ਸੰਮੇਲਨਾਂ ਦੇ ਬਹਾਨੇ ਵਹਾਇਆ ਜਾ ਰਿਹਾ ਹੈ, ਇਹ ਪੰਜਾਬ ਦੇ ਲੋਕਾਂ ਦਾ ਪੈਸਾ ਹੈ, ਦੋਵੇਂ ਪਾਰਟੀਆਂ ਵੱਲੋਂ ਇਸ ਬਾਬਤ ਜਾਣਕਾਰੀ ਨਾ ਦੇਣਾ ਦੱਸਦਾ ਹੈ ਕਿ ਇਨ੍ਹਾਂ ਦੀ ਨੀਯਤ ਵਿੱਚ ਖੋਟ ਹੈ।’’

