By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗੁਲਾਬ ਦੀਆਂ ਕਲਮਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਹਾਣੀ > ਗੁਲਾਬ ਦੀਆਂ ਕਲਮਾਂ
ਕਹਾਣੀ

ਗੁਲਾਬ ਦੀਆਂ ਕਲਮਾਂ

ckitadmin
Last updated: October 20, 2025 6:09 am
ckitadmin
Published: August 20, 2015
Share
SHARE
ਲਿਖਤ ਨੂੰ ਇੱਥੇ ਸੁਣੋ

-ਗੁਰਦੀਪ ਸਿੰਘ

ਨਿਵੇਕਲਾ ਜਿਹਾ ਪਿੰਡ ਸੀ ਇਹ, ਸ਼ਹਿਰੋਂ ਦੂਰ, ਕਾਫੀ ਦੂਰ, ਦਰਿਆ ਦੇ ਕੰਢੇ ਉਪਰ ਬਣੇ ਕੱਚੇ – ਪੱਕੇ ਕੋਈ ਦੋ ਕੁ ਸੌ ਘਰਾਂ ਉਪਰ ਅਧਾਰਤ, ਜਿਸ ਦੀ ਬਹੁਤੀ ਅਬਾਦੀ ਦਰਿਆ ਦੇ ਸੱਜੇ ਕੰਢੇ ਉਪਰ ਦਰਿਆ ਦੀ ਮਾਰ ਤੋਂ ਬਚੀ ਜ਼ਮੀਨ ਉਪਰ ਖੇਤੀ-ਬਾੜੀ ਨਾਲ ਗੁਜ਼ਾਰਾ ਕਰਦੀ ਸੀ। ਜ਼ਮੀਨ ਉਪਜਾਊ ਸੀ ਸੋ ਫਸਲਾਂ ਚੰਗੀਆਂ ਸਨ ਤੇ ਇਸ ਦੇ ਨਾਲ ਹੀ ਘਰਾਂ ਵਿੱਚ ਖੁਸ਼ਹਾਲੀ ਵੀ ਵਾਹਵਾ ਸੀ।

ਪਿੰਡ ਵਿੱਚ ਸਾਰਾ ਕੁਝ ਤੇ ਮਿਲ ਜਾਂਦਾ ਸੀ। ਸਾਰਾ ਕੁਝ, ਜਿੰਨੇ ਕੁਝ ਦੀ ਲੋੜ ਪੈਂਦੀ ਹੈ ਉਹ ਪਿੰਡ ਵਿੱਚ ਬਣੀਆਂ ਚਾਰ ਛੇ ਦੁਕਾਨਾਂ ਤੋਂ ਮਿਲ ਜਾਂਦਾ ਸੀ। ਚਾਰ ਛੇ ਦੁਕਾਨਾਂ ਦਾ ਇਕ ਛੋਟਾ ਜਿਹਾ ਬਾਜ਼ਾਰ ਸੀ ਜਿਸ ਵਿੱਚ ਇਕ ਕੱਪੜੇ ਦੀ, ਇੱਕ ਕਰਿਆਨੇ ਦੀ ਤੇ ਇੱਕ ਮੁਨਿਆਰੀ ਦੀ ਦੁਕਾਨ ਸੀ। ਇੱਕ ਦਰਖਤ ਹੇਠਾਂ ਇਕ ਹਲਵਾਈ ਆਪਣੀ ਦੁਕਾਨ ਵਿੱਚ ਕੁਝ ਮਠਿਆਈਆਂ ਸਜਾ ਕੇ ਬੈਠਾ ਸੀ। ਉਹ ਆਉਂਦੇ ਜਾਂਦੇ ਗਾਹਕਾਂ ਲਈ ਚਾਹ ਦਾ ਪਤੀਲਾ ਚੜ੍ਹਾਈ ਹੀ ਰੱਖਦਾ ਤੇ ਉਸ ਦੀ ਗਾਹਕੀ ਬਹੁਤੀ ਇਸ ਟੈਂਪੂਆਂ ਦੇ ਛੋਟੇ ਜਿਹੇ ਅੱਡੇ ਕਾਰਨ ਸੀ ਜਿਥੇ ਸਵਾਰੀਆਂ ਉਤਰਦੀਆਂ ਤੇ ਲਹਿੰਦੀਆਂ ਸਨ। ਇਸੇ ਨਾਲ ਹੀ ਉਸ ਦੀ ਕੜ੍ਹਾਹੀ ਚੜ੍ਹੀ ਰਹਿੰਦੀ ਤੇ ਉਹ ਆਪਣੇ ਕੰਮ ਵਿੱਚ ਲੱਗਾ ਰਹਿੰਦਾ।

 

 

ਸਾਹਮਣੇ ਇੱਕ ਪਿੱਪਲ ਹੇਠਾਂ ਇਕ ਮੋਚੀ ਬੈਠਾ ਅਖਬਾਰ ਦੇ ਕਿਸੇ ਟੁਕੜੇ ਚੋਂ ਕੁਝ ਲੱਭ ਰਿਹਾ ਦੇਖਿਆ ਜਾ ਸਕਦਾ ਸੀ। ਪਹਿਲਾਂ ਉਸ ਦੀ ਇਸ ਆਦਤ ਨੂੰ ਦੇਖ ਕੇ ਹੈਰਾਨੀ ਹੋਈ ਫਿਰ ਪਤਾ ਲੱਗਿਆ ਕਿ ਉਹ ਅੱਠਵੀਂ ਪਾਸ ਸੀ। ਇੱਕ ਲੱਤ ਖਰਾਬ ਸੀ, ਸੋ ਪਿਤਾ ਪੁਰਖੀ ਕੰਮ ਉਪਰ ਆ ਕੇ ਬੈਠ ਗਿਆ। ਉਹ ਜੁੱਤੀਆਂ ਗੰਢਦਾ ਸੀ ਪਰ ਗੱਲ ਬਹੁਤ ਸਿਆਣੀਆਂ ਕਰਦਾ ਸੀ। ਇਸ ਲਈ ਬਾਦ ਵਿੱਚ ਕਦੇ ਕਦੇ ਉਹ ਵੀ ਮੇਰੀ ਸੰਗਤ ਦਾ ਹਿੱਸਾ ਬਣ ਗਿਆ ਸੀ।

ਪਿੰਡ ਪੁਰਾਣਾ ਸੀ, ਪਰ ਬੜਾ ਬੇਅਬਾਦ ਜਿਹਾ, ਕਿਸੇ ਤੋਂ ਸਕੂਲ ਦਾ ਪਤਾ ਪੁਛਿਆ ਤਾਂ ਉਸ ਨੇ ਪਿੰਡ ਸੇ ਸਰਪੰਚ ਦਾ ਘਰ ਦਿਖਾ ਦਿਤਾ। ਸਰਪੰਚ ਨੇ ਰਾਤ ਰਖਿਆ ਤੇ ਅਗਲੇ ਦਿਨ ਵਾਪਸ ਚਲੇ ਜਾਣ ਲਈ ਕਹਿ ਦਿਤਾ। “ਸਾਡੇ ਪਿੰਡ ਵਿੱਚ ਪੜ੍ਹਨ ਲਿਖਣ ਦਾ ਰਿਵਾਜ ਨਹੀਂ। ਜਾਤਕ ਤਾਂ ਸਾਰਾ ਦਿਨ ਡੰਗਰ ਵੱਛੇ ਪਿਛੇ ਹੀ ਖੁਰ ਨੱਪਦੇ ਰਹਿੰਦੇ ਹਨ। ਆਦਤ ਨਹੀਂ ਸਕੂਲ ਜਾਣ ਦੀ।”

ਉਸ ਦੀ ਗੱਲ ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ। ਮੈਂ ਇਥੇ ਪੜ੍ਹਾਉਣ ਆਇਆ ਸੀ। ਨੌਕਰੀ ਦੀ ਮੈਨੂੰ ਵੀ ਬਹੁਤ ਲੋੜ ਸੀ। ਪਰ ਸਰਪੰਚ ਮੈਨੂੰ ਵਾਪਸ ਚਲੇ ਜਾਣ ਦੀ ਸਲਾਹ ਦੇ ਰਿਹਾ ਸੀ। ਪਰ ਮੈਂ ਤਾਂ ਮਨ ਬਣਾ ਕੇ ਆਇਆ ਸੀ। ਘਰ ਜਾਣ ਦਾ ਕੋਈ ਇਰਾਦਾ ਨਹੀਂ ਸੀ। ਬਾਵਜੂਦ ਸਾਰਿਆਂ ਦੀ ਸਲਾਹ ਦੇ ਮੈਂ ਇੱਥੇ ਟਿਕ ਕੇ ਕੰਮ ਕਰਨ ਦਾ ਫੈਸਲਾ ਕਰ ਲਿਆ ਸੀ।

ਸਕੂਲ ਨਾਂ ਦੀ ਪਿੰਡ ਵਿੱਚ ਕੋਈ ਚੀਜ਼ ਨਹੀਂ ਸੀ। ਸੋ ਪਹਿਲਾ ਸਕੂਲ ਮੈਨੂੰ ਹੀ ਚਲਾਉਣਾ ਪਿਆ। ਪਹਿਲੇ ਵਿਦਿਆਰਥੀ ਮੈਂ ਹੀ ਲੱਭੇ ਤੇ ਲੱਭ ਕੇ ਉਨ੍ਹਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਪਿੰਡ ਵਿੱਚ ਛੱਪੜ ਦੇ ਨੇੜੇ ਇੱਕ ਕੱਚੇ ਢਾਰੇ ਵਿੱਚ ਮੈਨੂੰ ਥਾਂ ਮਿਲੀ। ਛੱਪੜ ਦੀ ਬਦਬੋ ਵਿੱਚ ਮੈਨੂ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਸੀ ਇਸ ਲਈ ਮੈਂ ਸੋਚਿਆ ਕਿ ਇੱਕ ਛੋਟੀ ਜਿਹੀ ਕਿਆਰੀ ਵਿੱਚ ਮੈਂ ਗੁਲਾਬ ਦੀਆਂ ਕਲਮਾਂ ਲਗਾ ਦਿਆਂ। ਮੈਂ ਆਪਣੇ ਸਕੂਲ ਦੇ ਸੈਂਟਰ ਹੈਡ ਦੇ ਦਫਤਰ ਵਿੱਚ ਗਿਆ ਤੇ ਉਥੋਂ ਆਉਂਦਾ ਹੋਇਆ ਗੁਲਾਬ ਦੀਆਂ ਕਲਮਾਂ ਇੱਕ ਗਿੱਲੇ ਪਰਨੇ ਵਿੱਚ ਬੰਨ੍ਹ ਕੇ ਲੈ ਆਇਆ ਤੇ ਸ਼ਾਮੀਂ ਮੈਂ ਇਨ੍ਹਾਂ ਨੂੰ ਦੋ ਤਿੰਨ ਥਾਂਵਾਂ ਉਪਰ ਦੱਬ ਦਿਤਾ।

ਮੇਰੇ ਪਹਿਲੇ ਦਿਨ ਬਹੁਤ ਔਖਿਆਈ ਦੇ ਦਿਨ ਸਨ। ਵਿਦਿਆਰਥੀ ਸਕੂਲ ਤੋਂ ਬਾਹਰ ਰਹਿਣਾ ਚਾਹੁੰਦੇ ਸਨ ਤੇ ਮੈਂ ਉਨ੍ਹਾਂ ਨੂੰ ਸਕੂਲ ਨਾਲ ਜੋੜਨਾ ਚਾਹੁੰਦਾ ਸੀ। ਮੈਂ ਇਸ ਪਿੰਡ ਵਿੱਚ ਛੇ ਸਾਲ ਰਿਹਾ। ਮੇਰੇ ਪਹਿਲੇ ਵਿਦਿਆਰਥੀ ਅੱਠਵੀਂ ਪਾਸ ਕਰ ਗਏ। ਮੇਰੇ ਤੋਂ ਸਿਵਾ ਕੋਈ ਹੋਰ ਅਧਿਆਪਕ ਇਥੇ ਆਉਣ ਲਈ ਤਿਆਰ ਨਹੀਂ ਸੀ। ਇਥੇ ਪਹੁੰਚਣ ਲਈ ਦੋ ਵਾਰ ਬਸ ਬਦਲਣੀ ਪੈਂਦੀ ਸੀ। ਇਕ ਟੈਂਪੂ ਲੈਣਾ ਪੈਂਦਾ ਸੀ ਤੇ ਕੋਈ ਪੌਣਾ ਮੀਲ ਪੈਦਲ ਚਲਣਾ ਪੈਂਦਾ ਸੀ।  ਜਿੰਨੀ ਦੇਰ ਰਿਹਾ ਪੰਜਾਹ ਤੋਂ ਵੱਧ ਗਿਣਤੀ ਨਹੀਂ ਸੀ ਵਧੀ। ਪਰ ਮੈਂ ਫਿਰ ਵੀ ਦੀਵਿਆਂ ਵਿਚ ਤੇਲ ਪਾਉਂਦਾ ਰਿਹਾ। ਹਨੇਰਿਆਂ ਨਾਲ ਲੜਨ ਲਈ ਦੀਵੇ ਜਗਦੇ ਰੱਖਣੇ ਪੈਂਦੇ ਹਨ। ਮੈਂ ਬਦਸਤੂਰ ਕੋਸ਼ਿਸ਼ਾਂ ਕਰਦਾ ਰਿਹਾ। ਆਖਰ ਅੱਠ ਸਾਲ ਬਾਦ ਮੈਨੂੰ ਇਸ ਪਿੰਡ ਤੋਂ ਬਦਲ ਦਿਤਾ ਗਿਆ। ਮੈਂ ਤਰੱਕੀ ਲੈ ਕੇ ਜਾ ਰਿਹਾ ਸਾਂ। ਮੈਨੂੰ ਸਕੂਲ ਛੱਡਣ ਦਾ ਬਹੁਤ ਦੁਖ ਸੀ। ਕਿਵੇਂ ਵਿਦਾ ਹੋਇਆ ਸਾਂ, ਇਹ ਮੈਂ ਹੀ ਜਾਣਦਾ ਸਾਂ।

ਅੱਜ ਤੀਹ ਸਾਲ ਬਾਦ ਇਸ ਪਿੰਡ ਵਿੱਚ ਵਾਪਸ ਆਇਆ ਹਾਂ। ਸੋਚਿਆ ਕਿ ਪੁਰਾਣੀਆਂ ਯਾਦਾਂ ਤਾਜ਼ਾ ਕਰ ਲਵਾਂਗਾ ਪਰ ਇਥੇ ਤਾਂ ਇਕ ਨਵੀਂ ਦੁਨੀਆ ਮੇਰੇ ਲਈ ਅਚੰਭਾ ਬਣੀ ਹੋਈ ਸੀ। ਬੰਤ ਸਿੰਘ ਲੱਭਿਆ ਤਾਂ ਉਸ ਨੇ ਮੈਨੂੰ ਪਛਾਣਿਆ। ਜਿਨ੍ਹਾਂ ਨੂੰ ਮੈਂ ਪੜ੍ਹਾਇਆ ਉਨ੍ਹਾਂ ਵਿੱਚ ਇਕ ਬੰਤ ਸਿੰਘ ਦਾ ਛੋਟਾ ਭਰਾ ਵੀ। ਬੰਤ ਸਿੰਘ ਉਸ ਦੀ ਰੋਟੀ ਫੜਾਉਣ ਕਦੇ ਕਦੇ ਸਕੂਲ ਆਇਆ ਕਰਦਾ ਸੀ। ਉਸ ਦੇ ਨਾਲ ਮੱਝਾਂ ਦਾ ਇੱਕ ਵੱਗ ਹੁੰਦਾ ਤੇ ਉਹ ਸਾਡੇ ਸਕੂਲ ਦੇ ਆਸੇ ਪਾਸੇ ਖੋਭਾ ਕਰ ਦਿੰਦੇ। ਦਰਿਆਈ ਮਿੱਟੀ ਤਾਂ ਪਹਿਲਾਂ ਹੀ ਸਲ੍ਹਾਬੀ ਹੁੰਦੀ ਹੈ। ਪਰ ਅੱਜ ਸੱਭ ਕੁਝ ਬਦਲ ਗਿਆ ਸੀ।

ਮਾਸਟਰ ਜੀ, ਤੁਹਾਡੇ ਪੜ੍ਹਾਏ ਵਿਦਿਆਰਥੀ ਵਾਪਸ ਆ ਗਏ। ਉਹ ਪੜ੍ਹ ਲਿਖ ਕੇ ਬਾਹਰਲੇ ਦੇਸ਼ਾਂ ਵਿੱਚ ਗਏ, ਉਥੇ ਉਨ੍ਹਾਂ ਹੋਰਾਂ ਨਾਲ ਮਿਲ ਕੇ ਡਾਲਰ ਪੌਂਡ ਕਮਾਏ ਪਰ ਫਿਰ ਇੱਕ ਦਿਨ ਉਹ ਸਾਰੇ ਵਾਪਸ ਆ ਗਏ।
ਬੰਤ ਸਿੰਘ ਆਪਣੇ ਹੱਥ ਵਿੱਚ ਫੜੀ ਸੋਟੀ ਨਾਲ ਪੱਥਰ ਦੀ ਟਾਇਲ ਨੂੰ ਠਕੋਰਦਾ ਬੋਲਿਆ।
“ਫਿਰ ਕੀ ਹੋਇਆ?” ਮੈਂ ਪੁਛਿਆ।
“ਪਿੰਡ ਆ ਕੇ ਪਹਿਲਾਂ ਤਾਂ ਉਨ੍ਹਾਂ ਨੂੰ ਸਾਰਿਆਂ ਨੇ ਕੋਸਿਆ। ਮਾੜਾ ਚੰਗਾ ਕਿਹਾ। ਕੋਈ ਵੀ ਉਨ੍ਹਾਂ ਦੇ ਵਾਪਸ ਆਉਣ ਉਪਰ ਖੁਸ਼ ਨਹੀਂ ਸੀ। ਉਨ੍ਹਾਂ ਦੇ ਆਪਣੇ ਮਾਂ ਬਾਪ ਹੀ ਉਨ੍ਹਾਂ ਨੂੰ ਨਿਕੰਮਾ ਆਖ ਰਹੇ ਸਨ। ਕਿਸੇ ਨੇ ਕਿਹਾ ਕਿ ਉਨ੍ਹਾਂ ਆਪਣੇ ਮਾਂਪਿਆਂ ਦੇ ਸਾਰੇ ਸੁਪਨੇ ਮਿੱਟੀ ਕਰ ਦਿੱਤੇ ਸਨ। ਪਰ ਤੁਹਾਡੇ ਵਿਦਿਆਰਥੀ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਸਨ। ਉਨ੍ਹਾਂ ਉਪਰ ਇਸ ਸਾਰੇ ਕੁਝ ਦਾ ਕੋਈ ਅਸਰ ਨਾ ਹੋਇਆ।”

ਬੰਤ ਸਿੰਘ ਬੋਲਦਾ ਜਾ ਰਿਹਾ ਸੀ।
“ਇੱਕ ਦਿਨ ਉਨ੍ਹਾਂ ਨੇ ਓਸ ਬੋਹੜ ਦੇ ਹੇਠਾਂ ਸਾਰੇ ਪਿੰਡ ਨੂੰ ਇਕੱਠਾ ਕੀਤਾ। ਫਿਰ ਉਨ੍ਹਾਂ ਸਾਰਿਆਂ ਨੂੰ ਆਪੋ ਆਪਣੀ ਜ਼ਮੀਨ ਦਾ ਵੇਰਵਾ ਦੇਣ ਲਈ ਕਿਹਾ। ਆਪਣੇ ਹੀ ਮੁੰਡੇ ਸਨ, ਇਸ ਲਈ ਵੇਰਵਾ ਦੇਣ ਵਿੱਚ ਕਿਸੇ ਨੇ ਕੋਈ ਗੁਰੇਜ਼ ਜਾਂ ਇਤਰਾਜ਼ ਨਾ ਕੀਤਾ। ਵੈਸੇ ਵੀ ਸਾਰੇ ਜਾਣਦੇ ਸਨ ਕਿ ਹਰ ਇਕ ਕੋਲ ਕਿੰਨੀ ਜ਼ਮੀਨ ਹੈ। ਫਿਰ ਉਨ੍ਹਾਂ ਨੇ ਪਿੰਡ ਦੇ ਲੋਕਾਂ ਤੋਂ ਉਨ੍ਹਾਂ ਦੀਆਂ ਸਮਸਿਆਵਾਂ ਸੁਣੀਆਂ। ਪੂਰੇ ਤਿੰਨ ਦਿਨ ਉਹ ਮੀਟਿੰਗ ਚੱਲੀ। ਉਨ੍ਹਾਂ ਕੋਲ ਆਪਣੇ ਕੰਪਿਊਟਰ ਸਨ ਜਿਨ੍ਹਾਂ ਨੂੰ ਉਹ ਹਮੇਸ਼ਾਂ ਆਪਣੇ ਨਾਲ ਰੱਖਦੇ ਸਨ। ਇਸ ਵਿੱਚ ਉਹ ਸਾਰਾ ਲੇਖਾ ਜੋਖਾ ਰੱਖ ਰਹੇ ਸਨ। ਤੀਜੇ ਦਿਨ ਜਾ ਕੇ ਗੱਲ ਸਿਰੇ ਲੱਗੀ, ਉਨ੍ਹਾਂ ਚੋਂ ਇੱਕ ਬੋਲਿਆ-
“ਭਰਾਵੋ, ਜੇ ਪਿੰਡ ਦਾ ਵਿਕਾਸ ਨਾ ਹੋਇਆ ਤਾਂ ਸਾਡੇ ਕਨੇਡਾ ਅਮਰੀਕਾ ਰਹਿਣ ਦਾ ਕੀ ਲਾਭ; ਉਥੇ ਵੀ ਅਸੀਂ ਆਪਣੀ ਮਿਹਨਤ ਕਰਦੇ ਸਾਂ ਤੇ ਇਥੇ ਵੀ ਆਪਣੀ ਮਿਹਨਤ ਹੀ ਕਰਨੀ ਹੈ। ਸਾਡੇ ਵਿਦੇਸ਼ਾਂ ਵਿੱਚ ਜਾਣ ਨਾਲ ਸਾਨੂੰ ਇਹ ਸਮਝ ਆ ਗਈ ਕਿ ਦੁਨੀਆ ਵਿੱਚ ਕੰਮ ਕਿਵੇਂ ਹੁੰਦਾ ਹੈ। ਹੁਣ ਅਸੀਂ ਆਪਣੇ ਪਿੰਡ ਨੂੰ ਕਨੇਡਾ ਦੇ ਪਿੰਡ ਵਰਗਾ ਬਣਾਉਣਾ ਹੈ। ਜੇ ਸਹਿਮਤ ਹੋ ਤਾਂ ਹੱਥ ਖੜੇ ਕਰ ਦਿਓ।”

ਪਿੰਡ ਵਾਲਿਆਂ ਨੇ ਹੱਥ ਖੜੇ ਕਰਕੇ ਉਨ੍ਹਾਂ ਦੀ ਗੱਲ ਵਿੱਚ ਹੁੰਗਾਰਾ ਭਰਿਆ। ਫਿਰ ਉਨ੍ਹਾਂ ਨੇ ਭਰੋਸੇ ਦਾ ਵੋਟ ਮੰਗਿਆ। ਉਹ ਵੀ ਦਿੱਤਾ। ਫਿਰ ਉਨ੍ਹਾਂ ਸਹਿਯੋਗ ਕਰਨ ਦੀ ਸਹੁੰ ਚੁਕਾਈ। ਉਹ ਵੀ ਪਿੰਡ ਵਾਲਿਆਂ ਨੂੰ ਮਨਜ਼ੁਰ ਸੀ। ਸਾਰੇ ਰਾਜੀ ਖੁਸ਼ੀ ਦੇਰ ਰਾਤ ਗਈ ਘਰ ਪਰਤੇ। ਦੋ ਦਿਨ ਉਨ੍ਹਾਂ ਬੈਠ ਕੇ ਸਾਰੀ ਵਿਉਂਤ ਬਣਾਈ ਤੇ ਹੁਣ ਦੇਖ ਲਵੋ ਸਾਰਾ ਕੁਝ ਤੁਹਾਡੇ ਸਾਹਮਣੇ ਹੈ।

ਮੈਂ ਤੇ ਬੰਤ ਸਿੰਘ ਤੁਰ ਕੇ ਪਿੰਡ ਦੇ ਨਕਸ਼ੇ ਉਪਰ ਆ ਗਏ ਜੋ ਇਕ ਵੱਡੇ ਬੋਰਡ ਉਪਰ ਬਣਿਆ ਵਿਕਾਸ ਦੀ ਗਾਥਾ ਸੁਣਾ ਰਿਹਾ ਸੀ। ਬੰਤ ਸਿੰਘ ਨੇ ਸੋਟੀ ਚੁੱਕੀ ਤੇ ਇਕ ਇਮਾਰਤ ਦੀ ਤਸਵੀਰ ਵੱਲ ਇਸ਼ਾਰਾ ਕੀਤਾ। ਇਹ ਹੈ ਪਿੰਡ ਦਾ ਆਪਣਾ ਪਹਿਲਾ ਕਾਰਖਾਨਾ, ਇਥੇ ਸਬਜੀਆਂ ਤੇ ਫਲਾਂ ਨੂੰ ਕੱਟ ਛਿੱਲ ਕੇ ਡੱਬਾ ਬੰਦ ਕੀਤਾ ਜਾਂਦਾ ਹੈ। ਪਿੰਡ ਵਿੱਚ ਹੁਣ ਆਪਣੇ ਬਾਗ਼ – ਬਗੀਚੇ ਹਨ ਜਿਥੋਂ ਫਲ ਤੇ ਸਬਜੀਆਂ ਇਥੇ ਪਹੁੰਚਦੀਆਂ ਹਨ ਤੇ ਫਿਰ ਇਨ੍ਹਾਂ ਦੀ ਸਾਰੀ ਕਟਾਈ ਤੇ ਸਾਫ ਸਫਾਈ ਹੁੰਦੀ ਹੈ।
“ਇਹ ਸਾਰਾ ਕੰਮ ਕੌਣ ਕਰਦਾ ਹੈ? ਮਜ਼ਦੂਰ ਕਿਥੋਂ ਆਉਂਦੇ ਹਨ?” ਮੈਂ ਪੁਛਿਆ।
“ਕਿਤਿਉਂ ਨਹੀਂ, ਇਹ ਕਾਰਖਾਨਾ ਸਾਰੇ ਦਾ ਸਾਰਾ ਕੁੜੀਆਂ ਚਲਾਉਂਦੀਆਂ ਹਨ। ਸਾਰੇ ਪਿੰਡ ਚੋਂ ਕੁੜੀਆਂ ਮੁਟਿਆਰਾ ਤੇ ਵਹੁਟੀਆਂ ਇਥੇ ਕੰਮ ਕਰਦੀਆਂ ਹਨ। ਕੰਮ ਵੀ ਉਹ ਹੱਥੀ ਨਹੀਂ ਕਰਦੀਆਂ ਸਗੋਂ ਸਾਰਾ ਕੰਮ ਮਸ਼ੀਨਾਂ ਕਰਦੀਆਂ ਹਨ ਉਹ ਸਿਰਫ ਮਸ਼ੀਨਾਂ ਦੀ ਨਿਗਰਾਨੀ ਕਰਦੀਆਂ ਹਨ।”
“ਕਮਾਲ ਹੈ!” ਮੇਰੇ ਵਾਸਤੇ ਇਹ ਅਚੰਭਾ ਸੀ।
“ਨਹੀਂ ਮਾਸਟਰ ਜੀ ਹੈਰਾਨ ਤਾਂ ਤੁਸੀਂ ਉਦੋਂ ਹੋਵੋਗੇ ਜਦੋਂ ਤੁਹਾਨੂੰ ਇਹ ਪਤਾ ਲਗਿਆ ਕਿ ਸਾਰੀ ਖੇਤੀ ਸਾਂਝੀ ਹੁੰਦੀ ਹੈ ਤੇ ਉਸ ਦੀ ਨਿਗਰਾਨੀ ਤੁਹਾਡੇ ਵਿਦਿਆਰਥੀ ਕਰਦੇ ਹਨ। ਉਹੀ ਕੁਝ ਪੈਦਾ ਕੀਤਾ ਜਾਂਦਾ ਹੈ ਜਿਸ ਦੀ ਲੋੜ ਹੋਵੇ, ਤੇ ਇਹ ਸਾਰਾ ਕੁਝ ਬਾਹਰ ਨਹੀਂ ਵੇਚਿਆ ਜਾਂਦਾ, ਇਹ ਅਸੀਂ ਆਪਣੇ ਕਾਰਖਾਨਿਆਂ ਲਈ ਹੀ ਪੈਦਾ ਕਰਦੇ ਹਾਂ।”
“ਅਹੁ ਦੇਖੋ, ਇਹ ਹੈ ਸਾਡੀ ਡੇਅਰੀ ਤੇ ਆਹ ਹੈ ਮੀਟ ਸਟੇਸ਼ਨ, ਅਸੀਂ ਆਪਣੀਆਂ ਮੱਝਾਂ ਗਾਵਾਂ ਦਾ ਦੁੱਧ ਨਹੀਂ ਵੇਚਦੇ ਸਗੋਂ ਉਸ ਨੂੰ ਡਿਬਿਆਂ ਵਿੱਚ ਬੰਦ ਕਰਕੇ ਬਾਹਰ ਵੇਚਦੇ ਹਾਂ। ਦਰਿਆ ਦੀ ਜ਼ਮੀਨ ਤੋਂ ਅਸੀਂ ਬਹੁਤ ਲਾਭ ਲਿਆ। ਹਰੇ ਚਾਰੇ ਦੀ ਕੋਈ ਘਾਟ ਨਹੀਂ, ਸਾਡਾ ਦੁੱਧ ਹੁਣ ਦਹੀਂ ਪਨੀਰ ਬਣ ਕੇ ਬਾਹਰ ਜਾਂਦਾ ਹੈ। ਡੇਅਰੀ ਵਿੱਚ ਵੀ ਮਸ਼ੀਨਾਂ ਹੀ ਕੰਮ ਕਰਦੀਆਂ ਹਨ, ਕੋਈ ਹੱਥ ਤੱਕ ਨਹੀਂ ਲਾਉਂਦਾ। ਇਹ ਸਾਰੀ ਜਾਣਕਾਰੀ ਇਟਲੀ ਤੋਂ ਲਿਆਂਦੀ ਹੈ ਤੇ ਹੁਣ ਸਾਡਾ ਸਾਰਾ ਮਾਲ ਇਟਲੀ ਤੇ ਯੂਰੋਪ ਵਿੱਚ ਜਾਂਦਾ ਹੈ।”
“ਇਹ ਤਾਂ ਵਾਕਈ ਕਮਾਲ ਹੋ ਗਈ!” ਮੈਂ ਕਿਹਾ।
“ਹਾਂ ਮਾਸਟਰ ਜੀ, ਕਮਾਲ ਤਾਂ ਹੋ ਹੀ ਗਈ। ਹੁਣ ਤੁਸੀਂ ਪੁਛੋਗੇ ਕਿ ਸਾਰੇ ਕਾਰਖਾਨਿਆਂ ਲਈ ਬਿਜਲੀ ਕਿਥੋਂ ਆਉਂਦੀ ਹੈ। ਅਸੀਂ ਇਕ ਵੀ ਯੂਨਿਟ ਬਾਹਰੋਂ ਨਹੀਂ ਲੈਂਦੇ। ਪਿੰਡ ਦਾ ਆਪਣਾ ਬਿਜਲੀ ਘਰ ਹੈ ਤੇ ਇਹ ਬਿਜਲੀ ਘਰ ਗੋਹੇ ਤੇ ਹੋਰ ਰਹਿੰਦ ਖੂਹੰਦ ਤੋਂ ਚਲਦਾ ਹੈ। ਇਸ ਨੂੰ ਵੀ ਪਿੰਡ ਵਾਲੇ ਹੀ ਚਲਾਉਂਦੇ ਹਨ। ਹੁਣ ਇਥੇ ਬਿਜਲੀ ਦੀ ਕੋਈ ਕਮੀ ਨਹੀਂ। ਸਾਰਾ ਪਿੰਡ ਸਵਰਗ ਬਣ ਗਿਆ ਹੈ।”
“ਤੇ ਇਸ ਸਾਰੇ ਪ੍ਰਜੈਕਟ ਉਪਰ ਖਰਚ ਕੌਣ ਕਰਦਾ ਹੈ? ਕੀ ਸਰਕਾਰ ਨੇ ਕੋਈ ਮਦਦ ਕੀਤੀ ਹੈ?”
“ਨਹੀਂ, ਇਹ ਸਾਰੇ ਪ੍ਰਾਜੈਕਟ ਸਾਡੇ ਆਪਣੇ ਆਪਣੇ ਹਨ। ਇਨ੍ਹਾਂ ਉਪਰ ਅਸੀਂ ਆਪਣਾ ਪੈਸਾ ਲਾਇਆ ਹੈ। ਸਰਕਾਰ ਤੋਂ ਇਕ ਪੈਸਾ ਨਹੀਂ ਲਿਆ ਕਦੇ।” ਬੰਤ ਸਿੰਘ ਨੇ ਮੁਸਕਰਾ ਕੇ ਕਿਹਾ।
“ਅੱਛਾ, ਫਿਰ ਪਿੰਡ ਵਿੱਚ ਪੈਸਾ ਕਿਥੋਂ ਆਇਆ।” ਮੈਂ ਜਾਨਣਾ ਚਾਹਿਆ।
“ਮਾਸਟਰ ਜੀ, ਪਿੰਡ ਦੀ ਆਮਦਨ ਹੁਣ ਰੁਪਈਆਂ ਵਿੱਚ ਨਹੀਂ ਹੁੰਦੀ। ਪਿੰਡ ਹੁਣ ਡਾਲਰ ਤੇ ਪੌਂਡ ਕਮਾਉਂਦਾ ਹੈ। ਅਸੀਂ ਜੋ ਕੁਝ ਪੈਦਾ ਕਰਦੇ ਹਾਂ ਉਹ ਸਾਰਾ ਮਾਲ ਅੰਤਰ ਰਾਸ਼ਟਰੀ ਪੱਧਰ ਦਾ ਹੁੰਦਾ ਹੈ ਤੇ ਸਾਰਾ ਕੁਝ ਬਾਹਰ ਜਾਂਦਾ ਹੈ। ਉਥੇ ਸਾਡੇ ਭਾਰਤੀਆਂ ਨੇ ਕੰਪਨੀਆਂ ਬਣਾ ਲਈਆਂ ਹਨ ਤੇ ਉਹ ਸਾਡੇ ਤੋਂ ਮਾਲ ਮੰਗਵਾ ਕੇ ਬਾਹਰ ਵੇਚਦੇ ਹਨ। ਉਹ ਕੰਪਨੀਆਂ ਵੀ ਇਸ ਸ਼ਰਤ ਉਪਰ ਬਣਾਈਆਂ ਗਈਆਂ ਹਨ ਕਿ ਉਹ ਲੋਕ ਆਪੋ ਆਪਣੇ ਪਿੰਡਾਂ ਦਾ ਵਿਕਾਸ ਕਰਨਗੇ।”
“ਬਈ ਬੰਤ ਸਿੰਘਾਂ ਤੁੰ ਤਾਂ ਮੈਨੂੰ ਹੈਰਾਨ ਹੀ ਕਰੀ ਜਾਂਦਾ ਹੈਂ। ਕਿਤੇ ਮੈਂ ਸੁਪਨਾ ਤਾਂ ਨਹੀਂ ਦੇਖ ਰਿਹਾ?”
“ਨਹੀਂ ਮਾਸਟਰ ਹੀ ਇਹ ਹੁਣ ਸੁਪਨਾ ਨਹੀਂ ਹਕੀਕਤ ਹੈ। ਆਓ ਆਪਾਂ ਪਿੰਡ ਦੇਖਣ ਚੱਲੀਏ।”
ਅਸੀਂ ਦੋਵੇਂ ਪਿੰਡ ਦਾ ਚੱਕਰ ਲਾਉਣ ਲਈ ਬਾਹਰ ਨਿਕਲੇ। ਅੱਗੇ ਇਕ ਆਟੋ ਰਿਕਸ਼ਾ ਖੜਾ ਸੀ।  ਇਹ ਬੈਟਰੀ ਨਾਲ ਚਲੱਣ ਵਾਲਾ ਰਿਕਸ਼ਾ ਸੀ। ਬੰਤ ਸਿੰਘ ਨੇ ਬੈਠਦਿਆਂ ਹੀ ਕਿਹਾ-  “ਚੱਲ ਗਈ ਰਾਜੂ, ਦਿਖਾ ਦੇ ਇਕ ਵਾਰ ਪਿੰਡ, ਲਾ ਇੱਕ ਵੱਡੀ ਜਿਹੀ ਗੇੜੀ।”
ਰਸਤੇ ਵਿੱਚ ਮੈਨੂੰ ਦਸਿਆ ਗਿਆ, ਕਿ ਇਹ ਰਿਕਸ਼ਾ ਤੇ ਇਹੋ ਜਿਹੇ ਹੋਰ ਰਿਕਸ਼ੇ ਆਉਣ ਜਾਣ ਤੇ ਢੋਆ ਢੁਆਈ ਦਾ ਕੰਮ ਮੁਫਤ ਕਰਦੇ ਹਨ, ਇਸ ਵਾਸਤੇ ਇਹ ਕੋਈ ਪੈਸਾ ਨਹੀਂ ਲੈਂਦੇ।  ਇਨ੍ਹਾਂ ਨੂੰ ਤਨਖਾਹ ਤੇ ਹੋਰ ਸਹੂਲਤਾਂ ਪਿੰਡ ਦੀ ਜਿੰਮੇਵਾਰੀ ਹੈ। ਇਸ ਤਰ੍ਹਾਂ ਦੇ ਕੋਈ ਇਕ ਸੌ ਰਿਕਸ਼ੇ ਮੁਫਤ ਕੰਮ ਕਰਦੇ ਹਨ।

ਮੈਂ ਦੇਖਿਆ, ਪਿੰਡ ਹੁਣ ਬਿਲਕੁਲ ਹੀ ਬਦਲ ਗਿਆ ਸੀ। ਨਾ ਪੁਰਾਣੇ ਕੱਚੇ ਘਰ ਸਨ ਤੇ ਨਾ ਹੀ ਕੱਚੀਆਂ ਗਲੀਆਂ। ਮੈਨੂੰ ਦੱਸਿਆ ਗਿਆ ਕਿ ਸਾਰਾ ਪਿੰਡ ਢਾਹ ਕੇ ਉੱਚੀ ਥਾਂ ਉਪਰ ਨਵੀਂ ਅਬਾਦੀ ਉਸਾਰੀ ਗਈ ਹੈ। ਹਰ ਇੱਕ ਨੂੰ ਉਸ ਦੀ ਲੋੜ ਅਨੁਸਾਰ ਘਰ ਬਣਾ ਕੇ ਦਿੱਤੇ ਗਏ ਹਨ ਤੇ ਉਹ ਵੀ ਆਧੁਨਿਕ ਸਹੂਲਤਾਂ ਨਾਲ ਲੈਸ, ਹਰ ਘਰ ਵਿੱਚ ਟੈਲੀਫੋਨ, ਇੰਟਰਨੈਟ, ਗੈਸ ਤੇ ਬਿਜਲੀ ਦੇ ਮੁਫਤ ਕੁਨੈਕਸ਼ਨ ਹਨ। ਹਰ ਸਹੂਲਤ ਲਈ ਪਿੰਡ ਦੇ ਸਾਂਝੇ ਫੰਡ ਚੋਂ ਪੈਸਾ ਦਿਤਾ ਜਾਂਦਾ ਹੈ। ਅਧੁਨਿਕ ਸਹੂਲਤਾਂ ਵਾਲਾ ਆਪਣਾ ਹਸਪਤਾਲ ਹੈ। ਪਿੰਡ ਦੀਆਂ ਖੁਲ੍ਹੀਆਂ ਸੜਕਾਂ ਤੇ ਸੜਕਾਂ ਦੇ ਕਿਨਾਰੇ ਕੀਤੀ ਗਈ ਸਾਜ ਸੱਜਾ ਵਿਦੇਸ਼ ਦਾ ਭੁਲੇਖਾ ਪਾਉਂਦੀ ਸੀ। ਇਕ ਛੋਟਾ ਜਿਹਾ ਬਾਜ਼ਾਰ ਹੈ ਜਿਥੋਂ ਜ਼ਰੂਰਤ ਦਾ ਹਰ ਸਾਮਾਨ ਮਿਲ ਜਾਂਦਾ ਹੈ।

ਅਸੀਂ ਇੱਕ ਵੱਡੀ ਸਾਰੀ ਫੈਕਟਰੀ ਦੇ ਗੇਟ ਦੇ ਮੂਹਰੇ ਰੁਕੇ ਤੇ ਫਿਰ ਬੰਤ ਸਿੰਘ ਨੇ ਆਪਣਾ ਕਾਰਡ ਦਿਖਾਇਆ ਤੇ ਅਸੀਂ ਅੰਦਰ ਚਲੇ ਗਏ। ਇਹ ਇਕ ਪੈਂਟਾਂ ਤੇ ਜੀਨਾਂ ਬਣਾਉਣ ਵਾਲੀ ਫੈਕਟਰੀ ਸੀ। ਜਿਸ ਵਿੱਚ ਸਾਰਾ ਕੰਮ ਆਧੁਨਿਕ ਮਸ਼ੀਨਾਂ ਨਾਲ ਹੋ ਰਿਹਾ ਸੀ। ਮੈਨੂੰ ਦੱਸਿਆ ਗਿਆ ਕਿ ਇਹ ਪਿੰਡ ਦੀ ਪੰਜਵੀਂ ਵੱਡੀ ਫੈਕਟਰੀ ਹੈ ਜਿਥੋਂ ਸਾਰਾ ਸਮਾਨ ਬਾਹਰ ਵਿਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ। ਇਸ ਫੈਕਟਰੀ ਦੇ ਸੰਚਾਲਕ ਤੇ ਮਾਲਕ ਇੰਗਲੈਂਡ ਤੋਂ ਆਏ ਹਨ ਤੇ ਉਨ੍ਹਾਂ ਇਹ ਫੈਕਟਰੀ ਲਗਾਈ ਹੈ।

ਮੈਨੂੰ ਪਿੰਡ ਦਾ ਪਾਵਰ ਪਲਾਂਟ, ਡੇਅਰੀ, ਮੱਛੀ – ਫੈਕਟਰੀ ਤੇ ਹੋਰ ਕਾਰਖਾਨੇ ਦਿਖਾਏ। ਘੁੰਮਦੇ ਘੁੰਮਦੇ ਅਸੀਂ ਇਕ ਵੱਡੇ ਸਾਰੇ ਸਕੂਲ ਦੀ ਇਮਾਰਤ ਦੇ ਬਾਹਰ ਆ ਕੇ ਰੁਕ ਗਏ। “ਮਾਸਟਰ ਜੀ ਪਛਾਣੋ, ਭਲਾ ਇਹ ਕਿਹੜੀ ਥਾਂ ਹੋਈ?”
“ਨਹੀਂ ਬੰਤ ਸਿੰਹਾਂ, ਮੈਂ ਤੀਹ ਸਾਲ ਬਾਦ ਆਇਆ ਹਾਂ, ਨਾਲੇ ਇਹ ਤਾਂ ਉਹ ਪਿੰਡ ਹੀ ਨਹੀਂ ਰਿਹਾ ਹੈ ਜਿਥੇ ਮੈਂ ਕਦੇ ਰਹਿ ਕੇ ਗਿਆ ਸੀ।”
“ਅੱਛਾ ਇਹ ਗੱਲ ਹੈ ਤਾਂ ਅੰਦਰ ਆਓ।“
ਬੰਤ ਸਿੰਘ ਮੇਰਾ ਹੱਥ ਖਿਚ ਕੇ ਮੈਨੂੰ ਅੰਦਰ ਲੈ ਗਿਆ। ਇਕ ਲਾਅਨ ਵਿੱਚ ਇਕ ਵੱਡੇ ਸਾਰੇ ਗੋਲ ਦਾਇਰੇ ਵਿੱਚ ਗੁਲਾਬ ਮਹਿਕ ਰਿਹਾ ਸੀ। ਕਲਮੀ ਗੁਲਾਬ। ਬੜੀ ਚੰਗੀ ਤਰ੍ਹਾਂ ਸੰਵਾਰਿਆ ਤੇ ਸਾਂਭ ਕੇ ਰਖਿਆ ਹੋਇਆ ਹੈ। ਮੈਂ ਗੁਲਾਬ ਦੇ ਫੁੱਲ ਦੇਖਣ ਲਈ ਉਨ੍ਹਾਂ ਦੇ ਨੇੜੇ ਚਲਾ ਗਿਆ। ਉਸ ਦੀ ਖੁਸ਼ਬੋ ਮੈਨੂੰ ਆਪਣੀ ਆਪਣੀ ਲੱਗੀ। ਸ਼ਾਇਦ ਇਹੀ ਖੁਸ਼ਬੋ ਤਾਂ ਮੈਂ ਲੱਭਦਾ ਫਿਰਦਾ ਸਾਂ।

“ਕੁਝ ਆਇਆ ਜੇ ਯਾਦ ਹੁਣ?” ਮੈਨੂੰ ਬੰਤ ਸਿੰਘ ਨੇ ਪੁਛਿਆ। ਪਰ ਮੈਂ ਨਾਂਹ ਵਿੱਚ ਸਿਰ ਫੇਰ ਦਿਤਾ। ਬੰਤ ਸਿੰਘ ਮੈਨੂੰ ਕਹਿਣ ਲੱਗਾ, ਸਾਰਾ ਪਿੰਡ ਇਕ ਥਾਂ ਤੋਂ ਦੂਜੀ ਥਾਂ ਵਸਾ ਦਿਤਾ ਪਰ ਜੇ ਨਹੀਂ ਬਦਲੀ ਤਾਂ ਇਹ ਥਾਂ ਨਹੀਂ ਬਦਲੀ। ਇਹ ਉਹੋ ਥਾਂ ਹੈ ਜਿਥੇ ਤੁਹਾਡੇ ਵਿਦਿਆਰਥੀ ਤੁਹਾਡੇ ਕੋਲ ਬੈਠ ਕੇ ਪੜ੍ਹੇ ਸਨ। ਇਹ ਗੁਲਾਬ ਵੀ ਉਹੀ ਹੈ। ਉਸੇ ਗੁਲਾਬ ਦੀਆਂ ਕਲਮਾਂ ਤੋਂ ਫੈਲਿਆ ਹੈ ਜੋ ਤੀਹ ਸਾਲ ਪਹਿਲਾਂ ਤੁਸੀਂ ਲਗਾਈਆਂ ਸਨ।

“ਮੈਂ ਭਾਵਕ ਹੋ ਗਿਆ ਸੀ। ਬੰਤ ਸਿੰਘ ਮੈਨੂੰ ਅੰਦਰ ਦਫਤਰ ਵਿੱਚ ਲੈ ਗਿਆ। ਅੱਗੇ ਇਕ ਤਸਵੀਰ ਅਗੇ ਢੇਰ ਸਾਰੇ ਗੁਲਾਬ ਦੇ ਫੁੱਲ ਰੱਖੇ ਹੋਏ ਸਨ ਤੇ ਮੈਂ ਆਪਣੀ ਧੁੰਦਲੀ ਹੋ ਰਹੀ ਨਜ਼ਰ ਨਾਲ ਦੇਖਿਆ, ਇਸ ਤਸਵੀਰ ਵਿੱਚ ਮੈਂ ਹੀ ਸਾਂ, ਝੁਕਿਆ ਹੋਇਆ ਗੁਲਾਬ ਦੀਆਂ ਕਲਮਾਂ ਦੀਆਂ ਗੋਡੀ ਕਰ ਰਿਹਾ ਸੀ। ਇਹ ਤਸਵੀਰ ਕਿਸੇ ਕੈਮਰੇ ਦੀ ਤਸਵੀਰ ਨਹੀਂ ਸੀ ਸਗੋਂ ਹੱਥ ਦੀ ਬਣੀ ਹੋਈ ਸੀ, ਜੋ ਮੇਰੇ ਹੀ ਇਕ ਵਿਦਿਆਰਥੀ ਨੇ ਬਣਾਈ ਸੀ ਤੇ ਜਿਸ ਨੂੰ ਮੈਂ ਉਸ ਦੀ ਡਰਾਇੰਗ ਦੀ ਕਾਪੀ ਚੋਂ ਕੱਢ ਕੇ ਕਿਸੇ ਰਜਿਸਟਰ ਵਿੱਚ ਰੱਖ ਦਿਤਾ ਸੀ।”

ਹਾਲੇ ਮੈਂ ਇਹ ਸੱਭ ਕੁਝ ਸੋਚ ਹੀ ਰਿਹਾ ਸੀ ਕਿ ਮੇਰੇ ਉਹੀ ਤਿੰਨੋ ਵਿਦਿਆਰਥੀ ਉਥੇ ਆਣ ਪਹੁੰਚੇ, ਉਹ ਭਰ ਜਵਾਨ ਹੋ ਗਏ ਸਨ। ਉਨ੍ਹਾਂ ਮੈਨੂੰ ਪਛਾਣ ਲਿਆ ਤੇ ਮੇਰੇ ਪੈਰੀਂ ਹੱਥ ਲਾ ਕੇ ਮੇਰੇ ਪੈਰਾਂ ਵਿੱਚ ਆ ਕੇ ਬੈਠ ਗਏ।

“ਕਿਵੇਂ ਹੋ ਮਾਸਟਰ ਜੀ, ਦੇਖੋ, ਹੁਣ ਠੀਕ ਹੈ ਨਾ ਤੁਸੀਂ ਇਹੋ ਸਭ ਕੁਝ ਹੀ ਚਾਹੁੰਦੇ ਸੋਂ ਨਾ ਪਿੰਡ ਵਿੱਚ, ਇਹੀ ਤੁਹਾਡਾ ਸੁਪਨਾ ਸੀ ਨਾ?” ਉਨ੍ਹਾਂ ਚੋਂ ਇੱਕ ਆਖ ਰਿਹਾ ਸੀ।

“ਪਰ ਪੁੱਤਰੋ, ਮੈਂ ਤਾਂ ਤੁਹਾਡੇ ਨਾਲ ਕਦੇ ਕੁਝ ਵੀ ਸਾਂਝਾ ਨਹੀਂ ਸੀ ਕੀਤਾ। ਤੁਸੀਂ ਤਾਂ ਉਦੋਂ ਬਹੁਤ ਛੋਟੇ ਸੀ?”
“ਜੀ ਮਾਸਟਰ ਹੀ ਅਸੀਂ ਬਹੁਤ ਛੋਟੇ ਸਾਂ, ਪਰ ਤੁਹਾਡੇ ਅਚਾਨਕ ਚਲੇ ਜਾਣ ਬਾਦ ਅਸੀਂ ਤੁਹਾਡੇ ਕਮਰੇ ਵਿੱਚ ਗਏ, ਸਾਨੂੰ ਹੋਰ ਤਾਂ ਕੁਝ ਨਾ ਲੱਭਿਆ, ਤੁਹਾਡੀ ਨੀਲੀ ਕਾਪੀ ਮਿਲੀ ਸੀ। ਤੁਸੀਂ ਆਪਣੇ ਇਸ ਸੁਪਨੇ ਬਾਰੇ ਉਸ ਵਿੱਚ ਸੱਭ ਕੁਝ ਲਿਖਿਆ ਸੀ। ਬੱਸ ਅਸੀਂ ਪੜ੍ਹਿਆ ਤੇ ਉਸ ਨੂੰ ਸੱਚ ਕਰਨ ਦਾ ਮਨ ਬਣਾ ਲਿਆ। ਬਾਕੀ ਸਾਰੀ ਕਹਾਣੀ ਤਾਂ ਤੁਹਾਨੂੰ ਬੰਤ ਸਿੰਘ ਵੀਰ ਜੀ ਦੱਸ ਹੀ ਦਿਤੀ ਹੋਵੇਗੀ।

“ਹਾਂ ਬੱਚਿਓ, ਮੈਨੂੰ ਸੱਭ ਕੁਝ ਪਤਾ ਲੱਗ ਗਿਆ। ਤੁਸੀਂ ਠੀਕ ਕੀਤਾ ਹੈ, ਬਹੁਤ ਹੀ ਵਧੀਆ ਕੀਤਾ ਹੈ। ਇੱਕਲੇ ਆਪਣਾ ਵਿਕਾਸ ਨਹੀਂ ਕੀਤਾ ਸੱਭ ਨੂੰ ਉਪਰ ਚੁਕਿਆ ਹੈ। ਜੋ ਤੁਸੀਂ ਕੀਤਾ ਹੈ ਇਹ ਕਿਸੇ ਇੱਕਲੇ ਦਾ ਨਹੀਂ ਸਗੋਂ ਸੱਭ ਦਾ ਸਾਂਝਾ ਹੈ। ਇਹੀ ਤਾਂ ਅਸੀਂ ਚਾਹੁੰਦੇ ਸਾਂ। ਤੁਸੀਂ ਸੁਪਨੇ ਨੂੰ ਵੀ ਸੱਚ ਕਰ ਦਿਖਾਇਆ।”

“ਤੁਹਾਡੇ ਗੁਲਾਬ ਦੀਆਂ ਕਲਮਾਂ ਹਾਂ, ਫੁੱਲ ਤਾਂ ਲਗੱਣੇ ਹੀ ਸਨ ਤੇ ਫੈਲਣਾ ਵੀ ਸੀ, ਹੁਣ ਖੁਸ਼ਬੂ ਹੈ ਤਾਂ ਹਰ ਇਕ ਦੀ ਹੈ ਇੱਕਲੇ ਗੁਲਾਬ ਦੀ ਤਾਂ ਨਹੀਂ।”

ਈ-ਮੇਲ: gur.dip@live.com
ਸ਼ਾਇਦ ਰੰਮੀ ਮੰਨ ਜਾਏ -ਅਜਮੇਰ ਸਿੱਧੂ
ਰੰਗ ਦੀ ਬਾਜ਼ੀ – ਅਜਮੇਰ ਸਿੱਧੂ
ਕੈਲਕੁਲੇਸ਼ਨ -ਜਿੰਦਰ
ਕੜੀਨਗਾ -ਜ਼ਰ ਨਿਗਾਰ ਸਈਦ
ਬਾਬਾ ਗੁਜਿਆਣਿਆ -ਮਕਸੂਦ ਸਾਕਿਬ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਜੇ ਸੋਨੂੰ ਆਪਣਾ ਫੇਸਬੁੱਕ ਪੇਜ਼ ਵੇਖ ਲੈਂਦਾ ? -ਜੋਗਿੰਦਰ ਬਾਠ ਹੌਲੈਂਡ

ckitadmin
ckitadmin
July 25, 2012
ਹਾਕਮਾਂ ਦੀ ਇਨਸਾਫ਼ ਸਮੇਤ ਲੋਕ ਮਸਲਿਆਂ ਦੇ ਨਿਪਟਾਰੇ ਲਈ ਫ਼ੌਜਾਂ ਉੱਪਰ ਟੇਕ – ਪਿ੍ਰਤਪਾਲ ਮੰਡੀ ਕਲਾਂ
ਵਿਸ਼ਵ ਵਿਆਪੀ ਪ੍ਰਦੂਸ਼ਣ ‘ਚ ਵਾਧਾ ਚਿੰਤਾਜਨਕ – ਗੁਰਤੇਜ ਸਿੰਘ
ਆਰਥਿਕ ਮੰਦੀ ਨੇ ਮਜ਼ਦੂਰ ਵਰਗ ਦੀ ਜ਼ਿੰਦਗੀ ਬਣਾਈ ਦੁਸ਼ਵਾਰ
ਜੱਸੀ ਸੰਘਾ ਦੀਆਂ ਪੰਜ ਕਾਵਿ-ਰਚਨਾਵਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?