ਕਿੰਨੀ ਪੀੜ ਦਿਲਾਂ ਵਿਚ ਪਲਦੀ , ਦਿਲ ਨੂੰ ਪੀੜ ਲਗਾ ਕੇ ਵੇਖ
ਕਿੰਨਾ ਲਾਵਾ ਅਖੀਓਂ ਫੁੱਟਦਾ , ਪਰਤਾਂ ਹੇਠ ਦਬਾ ਕੇ ਵੇਖ
ਕਾਲੇ ਚਿੱਟੇ ਧੱਬੇ ਬਣ ਕੇ ਧੁਪ ਛਾਂ ਧਰਤੀ ’ਤੇ ਘੁੰਮਦੇ
ਸੂਰਜ ਤੇ ਕਾਲੇ ਬੱਦਲਾਂ ਦਾ ਮਨ ਵਿਚ੍ ਖੇਲ ਰਚਾ ਕੇ ਵੇਖ
ਬਿਨ ਪੱਤੇ ਹੋਏ ਰੁੱਖ੍ਹਾਂ ਦਾ ਜਿਸਮ ਕਿਵੇਂ ਕਾਲਖ ਬਣਦਾ
ਆਪਣੇ ਮਨ ਦੇ ਫੁੱਲ ਤੇ ਪੱਤੇ ਕੇਰਾਂ ਪਰੇ ਵਗ੍ਹਾ ਕੇ ਵੇਖ
ਦੂਰ ਹੋਇਆਂ ਤੇ ਕਿੰਜ ਟੁੱਟ ਜਾਂਦਾ ਬੰਦਾ ਆਪਣੀ ਛਾਂ ਕੋਲੋਂ
ਆਪਣੇ ਦਿਲ ਵਿਚ ਪਿਆਰ ਦਾ ਦੀਵਾ ਜਗਦਾ ਜ਼ਰਾ ਬੁਝਾ ਕੇ ਵੇਖ
ਕਿੰਨਾ ਵਿਹੜਾ ਖਿੜ ਜਾਏਗਾ ਸਰਘੀ ਵਾਂਗੂੰ ਵੇਖੀਂ ਫੇਰ
ਨਿਘ੍ਘੀ ਪੌਣ ਦਾ ਬੁੱਲਾ ਬਣ ਕੇ ਮੇਰੇ ਦਰ ਤੇ ਆ ਕੇ ਵੇਖ
ਨਫਰਤ ਦੀ ਅੱਗ ਸਾੜ ਨਾ ਦੇਵੇ ਸਾਰੇ ਪਾਸੇ ਧਰਤੀ ਨੂੰ
ਨੀ ਕਲਮੇਂ ਤੂੰ ਕਲਮਾਂ ਕਠੀਆਂ ਕਰ ਕੇ ਪਿਆਰ ਵਰ੍ਹਾ ਕੇ ਵੇਖ
ਆਪਣੀ ਆਂਦਰ ਖਾਤਿਰ ਕਿੰਝ ਕੋਈ ਜਿਸਮ ਸੜਕ ਤੇ ਰੱਖ ਦਿੰਦਾ
ਕੇਰਾਂ ਸੜਕ ਤੇ ਇਹਨ੍ਹਾਂ ਵਾਗੂੰ ਘਰ ਦਰ ਵਾਲਿਆ ਆ ਕੇ ਦੇਖ
ਨ੍ਹੇਰੇ ਦੀ ਗੱਲ ਛੇੜਣ ਉੱਤੇ ਚਾਨਣ ਵਾਲੇ ਹੱਸਣ ਗਏ
ਦੀਪ ਜ਼ਰਾ ਤੂੰ ਓਹਨਾਂ ਤਾਈ ਨ੍ਹੇਰਾ ਪੱਖ ਵਿਖਾ ਕੇ ਵੇਖ

