
ਬਾਅਦ ਦੀ ਕਹਾਣੀ ਆਤਮਘਾਤੀ ਬੰਬ ਰਾਹੀਂ ਮਾਰੇ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਅਤੇ ਇਸ ਵਾਰਦਾਤ ਨਾਲ ਜੁੜੇ ਦੋਸ਼ੀ ਖਾੜਕੂ ਕਰਿੰਦਿਆਂ ਨੂੰ ਫ਼ਰਜ਼ੀ ਨਾਵਾਂ ਰਾਹੀਂ ਰੂਪਮਾਨ ਕਰਦੀ ਹੈ। ਇਸ ਫ਼ਿਲਮ ਵਿੱਚ ਵੀ ਕਰਤਾਰ ਸਿੰਘ ਅਤੇ ਉਸ ਦੇ ਸਾਥੀਆਂ ਦੀ ਸੁਰੰਗ ਪੁੱਟ ਕੇ ਜੇਲ੍ਹ ਵਿੱਚੋਂ ਫਰਾਰ ਹੋਣ ਦੀ ਦਿਖਾਈ ਘਟਨਾ ਜਗਤਾਰ ਹਵਾਰਾ ਅਤੇ ਉਸਦੇ ਸਾਥੀਆਂ ਨਾਲ ਮਿਲਦੀ-ਜੁਲਦੀ ਹੈ।
ਫ਼ਿਲਮ ਵਿੱਚ ਗ੍ਰਹਿ ਮੰਤਰੀ ਨੂੰ ਆਤਮਘਾਤੀ ਬੰਬ ਨਾਲ ਉਡਾਉਣ ਦੀ ਘਟਨਾ ਜੇਲ੍ਹ ਵਿੱਚ ਫ਼ਰਾਰੀ ਤੋਂ ਬਾਅਦ ਦਿਖਾਈ ਗਈ ਹੈ ਜਦੋਂਕਿ ਅਸਲੀਅਤ ਵਿੱਚ ਬੇਅੰਤ ਸਿੰਘ ਦਾ ਕਤਲ ਪਹਿਲਾਂ ਕੀਤਾ ਗਿਆ ਸੀ ਅਤੇ ਜੇਲ੍ਹ ਵਿੱਚੋਂ ਜਗਤਾਰ ਹਵਾਰਾ ਦੀ ਫ਼ਰਾਰੀ ਬਾਅਦ ਵਿੱਚ ਹੋਈ ਸੀ। ਲਗਪਗ ਉਸੇ ਤਰ੍ਹਾਂ ਹੀ ਪੰਜਾਬ ਪੁਲੀਸ ਦੇ ਕਰਿੰਦੇ ਹੀ ਆਤਮਘਾਤੀ ਬੰਬ ਬਣੇ ਦਿਖਾਏ ਗਏ ਹਨ। ਪੁਲੀਸ ਦੇ ਅਫ਼ਸਰਾਂ ਦੇ ਫ਼ਿਲਮ ਵਿਚਲੇ ਕਿਰਦਾਰ ਵੀ ਕਈ ਪੁਲੀਸ ਅਧਿਕਾਰੀਆਂ ਨਾਲ ਮਿਲਦੇ-ਜੁਲਦੇ ਦਿਖਾਏ ਗਏ ਹਨ। ਅਣਪਛਾਤੀਆਂ ਲਾਸ਼ਾਂ ਅਤੇ ਲਾਪਤਾ ਹੋਏ ਸਿੱਖ ਨੌਜਵਾਨਾਂ ਬਾਰੇ ਖੋਜ ਰਿਪੋਰਟ ਇਕੱਠੀ ਕਰਦਾ ਪੁਲੀਸ ਹੱਥੋਂ ਮਾਰਿਆ ਕਿਰਦਾਰ ਵੀ ਜਸਵੰਤ ਸਿੰਘ ਖਾਲੜਾ ਵੱਲ ਹੀ ਇਸ਼ਾਰਾ ਕਰਦਾ ਹੈ।
ਪੰਜਾਬ ਵਿੱਚ ਤਾਂ ਆਮ ਲੋਕ ਖਾੜਕੂਵਾਦ ਦੀ ਬੇਦਰਦ ਹਿੰਸਾ ਦਾ ਸ਼ਿਕਾਰ ਵੀ ਹੋਏ ਸਨ ਅਤੇ ਪੁਲੀਸਤੰਤਰ ਦੀ ਗੈਰ-ਮਨੁੱਖੀ ਹਿੰਸਾ ਦੇ ਵੀ। 1990-91 ਵਿੱਚ ਇੱਕ ਅਜਿਹਾ ਦੌਰ ਵੀ ਆਇਆ ਸੀ ਜਦੋਂ ਆਮ ਲੋਕਾਂ ਦੀ ਹਾਲਤ ਚੱਕੀ ਦੇ ਦੋ ਪਿੜਾਂ ਵਿੱਚ ਪਿਸਣ ਵਾਲੀ ਹੋ ਗਈ ਸੀ। ਇਸ ਦੌਰਾਨ ਅਨੇਕਾਂ ਪਰਿਵਾਰ ਦੋਵਾਂ ਧਿਰਾਂ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਸਨ। ਦਰਅਸਲ, ਪੰਜਾਬ ਦੇ ਖ਼ੂਨੀ, ਭਿਆਨਕ ਅਤੇ ਸੰਤਾਪ ਭਰੇ ਦੌਰ ਵਿੱਚ ਜੋ ਕੁਝ ਵਾਪਰਿਆ, ਉਸ ਦਾ ਕੋਈ ਸਰਬ-ਸਾਂਝਾ ਨਿਪਟਾਰਾ ਵੀ ਨਹੀਂ ਹੋਇਆ ਕਿ ਇਸ ਦੇ ਕੀ ਕਾਰਨ ਸਨ, ਕੌਣ-ਕੌਣ, ਕਿਹੜੀਆਂ-ਕਿਹੜੀਆਂ ਧਿਰਾਂ ਦੋਸ਼ੀ ਸਨ? ਕਿਹੜੀ ਧਿਰ ਦਾ ਕਿੰਨਾ ਕਸੂਰ ਸੀ? ਭਾਰਤੀ ਰਾਜ ਅਤੇ ਖ਼ੁਫ਼ੀਆ ਏਜੰਸੀਆਂ ਦੀ ਭੂਮਿਕਾ ਕਿਹੋ ਜਿਹੀ ਸੀ? ਇਸ ਵਿੱਚ ਬਾਹਰਲੇ ਮੁਲਕਾਂ ਅਤੇ ਉੱਥੋਂ ਦੀਆਂ ਏਜੰਸੀਆਂ ਦਾ ਕੀ ਰੋਲ ਸੀ? ਚੁਰਾਸੀ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤਕ ਸਜ਼ਾਵਾਂ ਕਿਉਂ ਨਹੀਂ ਮਿਲੀਆਂ ਆਦਿ।
ਬੇਸ਼ੱਕ ਇਸ ਫ਼ਿਲਮ ਵਿੱਚ ਸਮੁੱਚੇ ਸਿਸਟਮ ਦੀ ਤਬਦੀਲੀ ਦੇ ਸੰਵਾਦ ਸੁਣਨ ਨੂੰ ਮਿਲਦੇ ਹਨ ਪਰ ਖਾੜਕੂ ਲਹਿਰ ਨਾਲ ਸਬੰਧਤ ਹੁੰਦੀ ਹੋਈ ਵੀ ‘ਸਾਡਾ ਹੱਕ’ ਦੀ ਕਹਾਣੀ ਵਿੱਚ ਕੋਈ ਵਿਚਾਰਧਾਰਕ ਡੂੰਘਾਈ ਨਹੀਂ ਲੱਭਦੀ। ਪੰਜਾਬ ਦੇ ਉਸ ਹਿੰਸਕ ਦੌਰ ਬਾਰੇ ਬਣੀਆਂ ਦੋ ਫ਼ਿਲਮਾਂ ਚਰਚਿਤ ਹੋਈਆਂ ਸਨ। ਇੱਕ ਇਕਬਾਲ ਢਿੱਲੋਂ ਵੱਲੋਂ ਬਣਾਈ ਗਈ ਪੰਜਾਬੀ ਫ਼ਿਲਮ- ‘ਤਬਾਹੀ’ ਅਤੇ ਦੂਜੀ ਗੁਲਜ਼ਾਰ ਵੱਲੋਂ ਬਣਾਈ ਗਈ ਹਿੰਦੀ ਫ਼ਿਲਮ- ‘ਮਾਚਿਸ’। ‘ਸਾਡਾ ਹੱਕ’ ਫ਼ਿਲਮ ਦਾ ਵਿਸ਼ਾ ਪੰਜਾਬ ਦੇ ਉਸ ਦੌਰ ਬਾਰੇ ਗੁਲਜ਼ਾਰ ਵੱਲੋਂ 1996 ਵਿੱਚ ਬਣਾਈ ਗਈ ਫ਼ਿਲਮ ‘ਮਾਚਿਸ’ ਨਾਲ ਮਿਲਦਾ-ਜੁਲਦਾ ਹੈ। ਇਸਦਾ ਪ੍ਰੇਰਨਾ ਸਰੋਤ ਬੇਅੰਤ ਸਿੰਘ ਕਤਲ ਕਾਂਡ ਨਾਲ ਜੁੜੇ ਜਗਤਾਰ ਹਵਾਰਾ ਅਤੇ ਉਨ੍ਹਾਂ ਦੇ ਸਾਥੀ ਲੱਗਦੇ ਹਨ। ਕਲਾਕਾਰੀ, ਗੋਂਦ ਅਤੇ ਡੂੰਘਾਈ ਪੱਖੋਂ ਦੇਖਿਆਂ ‘ਮਾਚਿਸ’ ਦਾ ਮਿਆਰ ਕਿਤੇ ਉੱਚਾ ਸੀ। ਉਸ ਵਿੱਚ ਪਾਤਰਾਂ ਦੇ ਕਿਰਦਾਰ ਵੀ ਓਮ ਪੁਰੀ ਅਤੇ ਤੱਬੂ ਵਰਗੇ ਚੋਟੀ ਦੇ ਕਲਾਕਾਰਾਂ ਨੇ ਨਿਭਾਏ ਸਨ। ਇਹ ਫ਼ਿਲਮ ਕਲਾ ਦਾ ਇੱਕ ਸ਼ਾਨਦਾਰ ਨਮੂਨਾ ਸੀ। ਦੂਜੇ ਪਾਸੇ ‘ਸਾਡਾ ਹੱਕ’ ਫ਼ਿਲਮ ਦੀ ਅਪੀਲ ਧਾਰਮਿਕ ਅਤੇ ਜਜ਼ਬਾਤੀ ਵਧੇਰੇ ਹੈ। ਇਹ ਆਪਣੀ ਕਿਸਮ ਦੀ ਪਹਿਲੀ ਫ਼ਿਲਮ ਹੈ ਜਿਸਨੂੰ ਵੱਖ-ਵੱਖ ਵਰਗ ਅਤੇ ਵਿਅਕਤੀ ਆਪਣੀ-ਆਪਣੀ ਨਜ਼ਰ ਨਾਲ ਦੇਖਣਗੇ, ਉਹ ਅਰਥ ਵੀ ਆਪਣੇ-ਆਪਣੇ ਕੱਢਣਗੇ ਤੇ ਉਨ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਵੱਖ-ਵੱਖ ਹੋਣਗੀਆਂ। ‘ਸਾਡਾ ਹੱਕ’ ਫ਼ਿਲਮ ਵਿੱਚ ਦਿਖਾਈ ਹਿੰਸਾ ਨੂੰ ਭੜਕਾਊ ਅਤੇ ਇਕਤਰਫਾ ਆਖ ਕੇ ਇਸ ਦੀ ਨੁਕਤਾਚੀਨੀ ਵੀ ਹੋ ਸਕਦੀ ਹੈ ਅਤੇ ਹੋ ਵੀ ਰਹੀ ਹੈ।
ਬਣਤਰ ਪੱਖੋਂ ਇਸ ਫ਼ਿਲਮ ਦੀਆਂ ਕੁਝ ਖ਼ੂਬੀਆਂ ਵੀ ਹਨ। ਸਿੱਖ ਕਿਰਦਾਰਾਂ ਅਤੇ ਉਨ੍ਹਾਂ ਦੀ ਵੇਸ਼ਭੂਸ਼ਾ, ਠੇਠ ਪੰਜਾਬੀ ਭਾਸ਼ਾ ਵਿੱਚ ਬੋਲੇ ਗਏ ਸੰਵਾਦ, ਪੰਜਾਬ ਦੇ ਰਹਿਣ-ਸਹਿਣ ਦੀ ਸੁਭਾਵਿਕ ਅਤੇ ਹਕੀਕੀ ਪੇਸ਼ਕਾਰੀ ਪੱਖੋਂ ‘ਸਾਡਾ ਹੱਕ’ ਬਹੁਤ ਸਲਾਹੁਣਯੋਗ ਹੈ। ‘ਸਾਡਾ ਹੱਕ’ ਵਿੱਚ ਬਹੁਤੇ ਮੁੱਖ ਪਾਤਰ ਰਹਿਣੀ- ਬਹਿਣੀ ਅਤੇ ਬੋਲਚਾਲ ਪੱਖੋਂ ਜਿਉਂਦੇ-ਜਾਗਦੇ ਅਸਲੀ ਪਾਤਰ ਦਿਖਾਈ ਦਿੰਦੇ ਹਨ। ਫ਼ਿਲਮ ਵਿੱਚ ਮਲਵਈ ਪੰਜਾਬੀ ਦਾ ਬੋਲਬਾਲਾ ਹੈ। ਗੀਤ-ਸੰਗੀਤ ਵੀ ਫ਼ਿਲਮ ਦੀ ਪੇਸ਼ਕਾਰੀ ਵਾਂਗ ਜਜ਼ਬਾਤੀ ਅਤੇ ਬਾਗ਼ੀ ਸੁਰ ਵਾਲਾ ਹੈ।
ਇਸ ਫ਼ਿਲਮ ਵਿੱਚ ਉਨ੍ਹਾਂ ਬੱਚਿਆਂ ਦੀ ਸੰਭਾਲ ਦੇ ਵਿਸ਼ੇ ਨੂੰ ਛੋਹਿਆ ਗਿਆ ਹੈ ਜਿਨ੍ਹਾਂ ਦੇ ਮਾਪੇ ਪੁਲੀਸ ਹੱਥੋਂ ਮਾਰੇ ਗਏ ਸਨ। ਮਿਸਾਲ ਵਜੋਂ ਅਮਰੀਕਾ ਤੋਂ ਮਨੁੱਖੀ ਅਧਿਕਾਰਾਂ ਬਾਰੇ ਖੋਜ ਕਰਨ ਆਉਂਦੀ ਕੁੜੀ ਨੂੰ ਪੇਸ਼ ਕੀਤਾ ਗਿਆ ਹੈ। ਜ਼ਿਕਰ ਕਰਨਾ ਬਣਦਾ ਹੈ ਅਤਿਵਾਦ ਦੌਰਾਨ ਇੱਕ ਪਾਸੇ ਪੁਲੀਸ ਹੱਥੋਂ ਅਤੇ ਦੂਜੇ ਪਾਸੇ ਅਤਿਵਾਦੀਆਂ ਹੱਥੋਂ ਮਾਰੇ ਗਏ ਹਜ਼ਾਰਾਂ ਲੋਕਾਂ ਦੇ ਲਾਵਾਰਿਸ ਬੱਚਿਆਂ ਦੀ ਸਾਂਭ-ਸੰਭਾਲ ਪੰਜਾਬ ਵਿੱਚ ਅਮਨ ਹੋਣ ਤੋਂ ਬਾਅਦ ਵੀ ਇੱਕ ਅਹਿਮ ਸਿਆਸੀ ਅਤੇ ਸਮਾਜਿਕ ਸਮੱਸਿਆ ਰਹੀ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਸਿੱਖ ਜਗਤ ਦੀਆਂ ਕੁਝ ਮੋਹਤਬਰ ਹਸਤੀਆਂ ਅਤੇ ਸਿੱਖ ਭਾਈਚਾਰੇ ਦੇ ਇੱਕ ਹਿੱਸੇ ਇਹ ਫ਼ਿਲਮ ਇਸ ਦੇ ਰਿਲੀਜ਼ ਤੋਂ ਪਹਿਲਾਂ ਦਿਖਾ ਕੇ ਇਸ ਦੇ ਪ੍ਰਚਾਰ ਲਈ ਭਾਵੁਕ ਅਪੀਲ ਕਰਨ ਦਾ ਯਤਨ ਕੀਤਾ ਹੈ। ਬਿਨਾਂ ਸ਼ੱਕ ਇਹ ਫ਼ਿਲਮ ਕਈ ਦੁਖਦੀਆਂ ਰਗਾਂ ਨੂੰ ਵੀ ਛੇੜ ਸਕਦੀ ਹੈ।

