ਇੱਕ
ਦਿਨ ਅੱਬਾ ਜੀ ਸੈਰ ਕਰਨ ਚੱਲੇ ਤੇ ਮੈਨੂੰ ਵੀ ਨਾਲ਼ ਲੈ ਗਏ ਕਿ ਚੱਲ ਤੈਨੂੰ ਤੇਰੇ ਇੱਕ ਚਾਚੇ ਨਾਲ਼ ਮਿਲਾ ਲਿਆਵਾਂ ਤੂੰ ਹੁਣ ਪੰਜਾਬੀ ਵਿਚ ਲਿਖਣ ਲੱਗ ਗਈ ਐਂ ਤੇ ਤੇਰਾ ਇਹ ਚਾਚਾ ਵੀ ਆਪਣੇ ਪੰਜਾਬੀ ਹੋਣ ’ਤੇ ਬੜਾ ਮਾਣ ਤੇ ਫ਼ਖ਼ਰ ਕਰਦਾ ਏ । ਵੈਸੇ ਤੇ ਤੈਨੂੰ ਉਹਨੂੰ ਤਾਇਆ ਕਹਿਣਾ ਚਾਹੀਦਾ ਏ ਕਿਉਂ ਜੇ ਉਹ ਉਮਰ ਵਿਚ ਮੇਰੇ ਤੋਂ ਛੇ ਸੱਤ ਸਾਲ ਵੱਡਾ ਏ ਤੇ ਬੜਾ ਤਜਰਬੇਕਾਰ ਏ। ਮੈਂ ਪੁੱਛਿਆ ‘ ਕਿਸ ਗੱਲ ਦਾ ਤਜਰਬਾ ?’ਅੱਬਾ ਜੀ ਨੇ ਦੱਸਿਆ ਕੇ ਹਰ ਜਮਾਤ ਵਿਚ ਘੱਟੋ-ਘੱਟ ਦੋ ਵਾਰੀ ਫ਼ੇਲ੍ਹ ਹੋਣ ਦਾ ਤਜਰਬਾ । ਤੇਰਾ ਇਹ ਚਾਚਾ ਉਰਦੂ ਵਿਚ ਜ਼ਰੂਰ ਫ਼ੇਲ੍ਹ ਹੁੰਦਾ ਸੀ ਤੇ ਆਪਣੇ ਫ਼ੇਲ੍ਹ ਹੋਣ ਨੂੰ ਆਪਣੀ ਨਾਕਾਮੀ ਦੀ ਥਾਂ ਉਰਦੂ ਦੀ ਨਾਕਾਮੀ ਸਮਝਦਾ ਸੀ। ਮੈਨੂੰ ਲੱਗਿਆ ਕਿ ਮੈਨੂੰ ਆਪਣੇ ਏਸ ਚਾਚੇ ਨਾਲ਼ ਜ਼ਰੂਰ ਮਿਲਣਾ ਚਾਹੀਦਾ ਏ ਤੇ ਮੈਂ ਵੀ ਅੱਬਾ ਜੀ ਦੇ ਨਾਲ਼ ਤੁਰ ਪਈ ਤੇ ਤੁਰਦਿਆਂ-ਤੁਰਦਿਆਂ ਅੱਬਾ ਜੀ ਚਾਚਾ ਜੀ ਦੇ ਬਾਰੇ ਹੋਰ ਵੀ ਗੱਲਾਂ ਦੱਸਦੇ ਰਹੇ ਕਿ ਅਸੀਂ ਸੈਕਰਡ ਹਾਰਟ ਸਕੂਲ ਵਿਚ ਛੇਵੀਂ ਜਮਾਤ ਵਿਚ ਨਾਲ਼ ਪੜ੍ਹਦੇ ਸਾਂ। ਸਾਡਾ ਆ ਦੋਸਤ ਉਮਰ ਵਿੱਚ ਮੈਥੋਂ ਵੱਡਾ ਸੀ ਪਰ ਕਿਉਂ ਜੋ ਦੁਬਲਾ ਪਤਲਾ ਸੀ ਏਸ ਕਰਕੇ ਉਮਰ ਦਾ ਪਤਾ ਨਹੀਂ ਸੀ ਲਗਦਾ ਪਰ ਦੋ ਚੀਜ਼ਾਂ ਉਹਦੇ ਵਜੂਦ ਦੇ ਹਿਸਾਬ ਤੋਂ ਭਾਰੀਆਂ ਸਨ। ਇਕ ਉਹਦੀ ਆਵਾਜ਼ ਤੇ ਦੂਜਾ ਉਹਦਾ ਨਾਂ ਗ਼ੁਲਾਮ ਮੁਹੰਮਦ। ਤੇ ਨਾਲ਼ ਈ ਅੱਬਾ ਜੀ ਨੇ ਮੈਨੂੰ ਕਿਹਾ ਕਿ ਧਿਆਨ ਰੱਖੀਂ ਜਿਸ ਨਾਂ ਨਾਲ਼ ਮੈਂ ਉਹਨੂੰ ਬੁਲਾਵਾਂਗਾ ਤੂੰ ਉਹ ਨਾਂ ਨਹੀਂ ਲੈਣਾ। ਤੇਰੇ ਵਾਸਤੇ ਉਹ ਚਾਚਾ ਗ਼ੁਲਾਮ ਮੁਹੰਮਦ ਏ ਤੇ ਮੇਰੇ ਵਾਸਤੇ ਏ ਕੜੀਨਗਾ।ਇਹ ਨਾਂ ਸੁਣ ਕੇ ਮੈਂ ਹੱਸ ਪਈ ‘ ਲੈ ਭਲਾ ਕੀ ਨਾਂ ਹੋਇਆ ਕੜੀਨਗਾ?’ । ਲਗਦਾ ਏ ਕਿ ਹੁਣ ਤੈਨੂੰ ਸਾਰੀਆਂ ਗੱਲਾਂ ਦੱਸਣੀਆਂ ਪੈਣਗੀਆਂ। ਸਾਡਾ ਇਕ ਦੋਸਤ ਸੀ ਮੁਲਕ ਇਨਾਇਤ ਉਹਨੂੰ ਲੋਕਾਂ ਦੇ ਨਾਂ ਰੱਖਣ ਵਿਚ ਕਮਾਲ ਹਾਸਲ ਸੀ ਉਹ ਕਿਸੇ ਦਾ ਜਿਹੜਾ ਵੀ ਨਾਂ ਰੱਖ ਦਿੰਦਾ ਲੋਕੀਂ ਮਾਂ-ਪਿਓ ਦਾ ਰੱਖਿਆ ਨਾਂ ਭੁੱਲ ਜਾਂਦੇ ਸਨ ਤੇ ਉਹਦਾ ਰੱਖਿਆ ਨਾਂ ਈ ਮਸ਼ਹੂਰ ਹੋ ਜਾਂਦਾ ਸੀ ਤੇ ਗ਼ੁਲਾਮ ਮੁਹੰਮਦ ਦਾ ਨਾਂ ਵੀ ਲੋਕੀਂ ਭੁੱਲ ਗਏ ਸਨ ਤੇ ਉਹਨੂੰ ਕੜੀਨਗਾ ਈ ਕਹਿੰਦੇ ਸਨ ਪਰ ਉਹਦੇ ਮੂੰਹ ’ਤੇ ਨਹੀਂ ਕਿਉਂ ਜੋ ਫਿਰ ਉਹ ਵੱਢਣ ਨੂੰ ਪੈਂਦਾ ਸੀ। ਇਹ ਨਾਂ ਰੱਖਣ ਦੀ ਵਜ੍ਹਾ ਇਹ ਸੀ ਕਿ ਬਚਪਨ ਵਿਚ ਉਹਦੇ ਪੈਰ ’ਤੇ ਕੋਈ ਭਾਰੀ ਸ਼ੈਅ ਡਿੱਗੀ ਸੀ ਤੇ ਉਹਨੂੰ ਸੱਟ ਲੱਗ ਗਈ ਜਿਹਦੀ ਵਜ੍ਹਾ ਤੋਂ ਉਹ ਥੋੜ੍ਹਾ ਜਿਹਾ ਲੰਗੜਾ ਕੇ ਵਿੰਗਾ ਜਿਹਾ ਤੁਰਦਾ ਸੀ। ਆਪਣੇ ਲੰਗੜ ਨੂੰ ਲੁਕਾਣ ਵਾਸਤੇ ਉਹਨੇ ਥੋੜ੍ਹਾ ਜਿਹਾ ਆਕੜ ਕੇ ਤੁਰਨਾ ਸ਼ੁਰੂ ਕਰ ਦਿੱਤਾ ਸੀ ਤੇ ਮੁਲਕ ਇਨਾਇਤ ਨੇ ਵਿੰਗੇ ਤੇ ਆਕੜ ਨੂੰ ਰਲ਼ਾ ਕੇ ਕੜੀਨਗਾ ਬਣਾ ਦਿੱਤਾ ਪਰ ਉਹਦੇ ਮੂੰਹ ’ਤੇ ਇਹ ਨਾਂ ਲੈਣ ਦੀ ਹਿੰਮਤ ਬੱਸ ਇਹੋ ਬੰਦਾ ਈ ਕਰ ਸਕਦਾ ਸੀ ਜੋ ਗਾਲ੍ਹਾਂ ਕੱਢਣ ਦਾ ਮਾਹਿਰ ਹੋਵੇ ਤੇ ਵੱਡੀ ਤੋਂ ਵੱਡੀ ਗਾਲ੍ਹ ਕਢਦਿਆਂ ਹੋਇਆਂ ਸ਼ਰਮ ਮਹਿਸੂਸ ਨਾ ਕਰੇ ।’ ਅੱਬਾ ਜੀ ਦੀ ਗੱਲ ਸੁਣ ਕੇ ਮੈਂ ਫਿਰ ਹੱਸ ਪਈ ‘ ਕਿਉਂ ਉਹਦੀ ਕੀ ਵਜ੍ਹਾ ?’ ‘ਓ ਤੈਨੂੰ ਨਹੀਂ ਪਤਾ ਕੜੀਨਗੇ ਦਾ ਗਾਲ੍ਹਾਂ ਕੱਢਣ ਵਿਚ ਇਕ ਖ਼ਾਸ ਮੁਕਾਮ ਸੀ । ਉਹਨੇ ਇਹ ਮਹਾਰਤ ਪੁਰਾਣੇ ਮਜ਼ਨਗ ਤੋਂ ਹਾਸਲ ਕੀਤੀ ਸੀ ਤੇ ਜਿਵੇਂ ਇਕ ਮਸ਼ਹੂਰ ਤਬਲਚੀ ਮੀਆਂ ਕਾਦਰ ਬਖ਼ਸ਼ ਬਾਰੇ ਕਿਹਾ ਜਾਂਦਾ ਸੀ ਕਿ ਜੇ ਉਹ ਸਾਰੀ ਰਾਤ ਵੀ ਤਿੰਨ ਤਾਲ ਵਜਾਏ ਤਾਂ ਬੋਲ ਨਹੀਂ ਸੀ ਦੋਹਰਾਂਦਾ ਤੇ ਏਸ ਤਰ੍ਹਾਂ ਕੜੀਨਗੇ ਬਾਰੇ ਵੀ ਇਹ ਗੱਲ ਮਸ਼ਹੂਰ ਸੀ ਕਿ ਭਾਵੇਂ ਉਹ ਸਾਰਾ ਦਿਨ ਵੀਗਾ ਹਲਾਂ ਕੱਢੇ ਤੇ ਇਕ ਗਾਲ੍ਹ ਨੂੰ ਦੂਜੀ ਵਾਰ ਨਹੀਂ ਸੀ ਕੱਢਦਾ (ਆ ਗੱਲ ਸੁਣ ਕੇ ਮੈਂ ਦਿਲ ਵਿਚ ਸੋਚਿਆ ਕਿ ਮੈਨੂੰ ਵੀ ਦੋ ਚਾਰ ਗਾਲ੍ਹਾਂ ਦਾ ਈ ਪਤਾ ਏ ਤੇ ਭਲਾ ਏਸ ਤੋਂ ਅੱਡ ਹੋਰ ਕਿਹੜੀਆਂ ਹੁੰਦਿਆਂ ਨੇ ਫਿਰ ਮੈਨੂੰ ਲੱਗਿਆ ਕਿ ਇਹ ਸਵਾਲ ਅੱਬਾ ਜੀ ਕੋਲੋਂ ਪੁੱਛਣ ਵਾਲ਼ਾ ਨਹੀਂ ਏ ਇਹ ਗੱਲ ਕਿਸੇ ਹੋਰ ਕੋਲੋਂ ਪੁੱਛਾਂਗੀ।)
ਬੱਸ ਕਾਕੀ ਅਸੀਂ ਸਾਰੇ ਪੰਜਾਬੀ ਵੀ ਪੱਗ ਨੂੰ ਦਸਤਾਰ ਕਹਿਣ ਦੇ ਚੱਕਰ ਵਿਚ ਪੈ ਗਏ ਆਂ ਤੇ ਆਪਣੀ ਮਾਂ ਬੋਲੀ ਛੱਡ ਕੇ ਆਪਣੇ ਆਪ ਨੂੰ ਬੜਾ ਪੜ੍ਹਿਆ ਲਿਖਿਆ ਸਮਝਣ ਲੱਗ ਗਏ ਆਂ ਤੇ ਸਾਡੇ ਨਾਲ਼ ਵੀ ਉਹ ਹੋ ਰਿਹਾ ਏ ਜੋ ਨੰਬਰਦਾਰ ਦੇ ਮੁੰਡੇ ਨਾਲ਼ ਬਾਦ ਵਿਚ ਹੋਇਆ ਹੋਵੇਗਾ ।ਮੈਂ ਕਿਹਾ ਚਾਚਾ ਜੀ ਲਗਦਾ ਏ ਕਿ ਤੁਸੀਂ ਉਰਦੂ ਵਿਚ ਆਪਣੀ ਨਾਲਾਇਕੀ ਦੀ ਵਜ੍ਹਾ ਤੋਂ ਨਹੀਂ ਸਗੋਂ ਜ਼ਬਰਦਸਤੀ ਫ਼ੇਲ੍ਹ ਹੁੰਦੇ ਸੋ ਕਿ ਸਾਨੂੰ ਸਾਡੀ ਮਾਂ ਬੋਲੀ ਵਿਚ ਕਿਉਂ ਨਹੀਂ ਪੜ੍ਹਾਇਆ ਜਾ ਰਿਹਾ । ਚਾਚੇ ਨੇ ਇੰਝ ਸਿਰ ਹਿਲਾਇਆ ਜਿਵੇਂ ਵਾਕਈ ਇਹੋ ਗੱਲ ਹੋਵੇ। (ਅੱਬਾ ਜੀ ਦੱਸ ਚੁੱਕੇ ਸਨ ਕਿ ਉਹ ਰੱਜ ਕੇ ਨਿਕੰਮਾ ਸੀ)। ਕਾਕੀ ਤੋਂ ਬੜੀ ਚਾਲਾਕ ਐਂ ਆਪਣੇ ਪਿਓ ਦੀ ਤਰ੍ਹਾਂ । ਫਿਰ ਇਕਦਮ ਆਪਣੇ ਮੱਥੇ ’ਤੇ ਹੱਥ ਮਾਰ ਕੇ ਬੋਲੇ ਕਿ ਮੈਂ ਤੇ ਆਪਣੀ ਧੀ ਨੂੰ ਗੱਲਾਂ ਵਿਚ ਈ ਲਾ ਲਿਆ । ਉਏ ਇੱਧਰ ਆ ਮੈਂ ਤੇਰਾ ਕੰਮ ਕਰ ਦਿੱਤਾ ਏ ਤੂੰ ਆਇਆ ਈ ਬੜੇ ਚਿਰ ਬਾਦ ਐਂ । ਮੇਰਾ ਕਿਹੜਾ ਕੰਮ? ਅੱਬਾ ਜੀ ਨੇ ਜ਼ਰਾ ਹੈਰਾਨ ਹੋ ਕੇ ਪੁੱਛਿਆ। ਉਏ ਮੈਂ ਤੇਰੀ ਕਬਰ ਦਾ ਪੱਥਰ ਬਣਾ ਲਿਆ ਏ ਹੁਣ ਦਸ ਤਾਰੀਖ਼ ਕੀ ਲਿਖਣੀ ਏ ? ਅੱਬਾ ਜੀ ਹੱਸਣ ਲੱਗ ਪਏ ਉਏ ਤੂੰ ਮੇਰੇ ਤੋਂ ਵੱਡਾ ਐਂ । ਤੂੰ ਮੇਰਾ ਕਲਾਸਫ਼ੈਲੋ ਸੀ ਕਿ ਹਰ ਕਲਾਸ ਵਿੱਚ ਤਿੰਨ ਚਾਰ ਸਾਲ ਲਾਏ ਨੀਂ । ਲੈ ਤੂੰ ਵੀ ਸੁਣ ਜ਼ਰਾ ਆਪਣੇ ਚਾਚੇ ਦੇ ਕਾਰਨਾਮੇ ,ਅੱਬਾ ਜੀ ਨੇ ਮੈਨੂੰ ਕਿਹਾ। ਜਦੋਂ ਮੈਂ ਪਹਿਲੀ ਜਮਾਤ ਵਿੱਚ ਦਾਖ਼ਲ ਹੋਇਆ ਤੇ ਤੇਰਾ ਚਾਚਾ ਉਸ ਵੇਲੇ ਚੌਥੀ ਜਮਾਤ ਵਿਚ ਸੀ ਮੈਂ ਦੂਜੀ ਵਿੱਚ ਗਿਆ ਚਾਚਾ ਚੌਥੀ ਵਿੱਚ ਸੀ, ਮੈਂ ਤੀਜੀ ਵਿੱਚ ਗਿਆ ਤੇ ਚਾਚਾ ਪੰਜਵੀਂ ਵਿਚ ਸੀ। ਮੈਂ ਚੌਥੀ ਵਿੱਚ ਗਿਆ ਚਾਚਾ ਪੰਜਵੀਂ ਵਿੱਚ ਸੀ, ਮੈਂ ਪੰਜਵੀਂ ਵਿੱਚ ਤੇ ਚਾਚਾ ਵੀ ਪੰਜਵੀਂ ਵਿੱਚ । ਮੈਂ ਛੇਵੀਂ ਵਿੱਚ ਤੇ ਚਾਚਾ ਵੀ ਛੇਵੀਂ ਵਿੱਚ । ਫਿਰ ਏਸ ਤੋਂ ਬਾਦ ਮੈਂ ਤਾਂ ਮੈਟ੍ਰਿਕ ਕਰ ਕੇ ਨਿਕਲ ਗਿਆ ਪਰ ਚਾਚਾ ਛੇਵੀਂ ਤੋਂ ਨਹੀਂ ਨਿਕਲਿਆ ।ਚਾਚਾ ਜੀ ਉਂਝ ਕਹਿਕਹੇ ਲਾ ਕੇ ਹੱਸੇ ਜਿਸ ਤਰ੍ਹਾਂ ਅੱਬਾ ਜੀ ਨੇ ਉਨ੍ਹਾਂ ਦਾ ਕੋਈ ਵੱਡਾ ਕਾਰਨਾਮਾ ਦੱਸਿਆ ਹੋਵੇ। ਚੱਲ ਹੁਣ ਤੂੰ ਗੱਲ ਨਾ ਬਦਲ ਤੇ ਦਸ ਤਾਰੀਖ਼ ਕੀ ਲਿਖਣੀ ਏ ਪੱਥਰ ’ਤੇ? ਔ ਫਿਰ ਉਹੀ ਗੱਲ, ਮੈਂ ਕਹਿ ਤੇ ਰਿਹਾ ਆਂ ਕਿ ਤੂੰ ਵੱਡਾ ਐਂ ਤੇਰਾ ਜ਼ਿਆਦਾ ਚਾਂਸ ਏ ਤੂੰ ਪਹਿਲੇ ਆਪਣੇ ਵਾਸਤੇ ਬਣਾ, ਅੱਬਾ ਜੀ ਬੋਲੇ। ਓ ਨਾ ਭਾਈ ਮੈਂ ਤੇ ਬੜਾ ਡਰਨਾ ਦੱਬਣ ਤੋਂ(ਕਬਰ ਵਿੱਚ ਜਾਣ ਤੋਂ)। ਮੈਂ ਤੇ ਪਹਿਲੇ ਈ ਸਾਰੀ ਉਮਰ ਕਬਰਸਤਾਨ ਵਿਚ ਕੱਟ ਲਈ ਏ ਮੈਨੂੰ ਕੋਈ ਸ਼ੌਕ ਨਹੀਂ ਕਬਰ ਵਿਚ ਜਾਣ ਦਾ। ਮੈਂ ਤੇ ਹਰ ਜੁਮੇ ਰਾਤ ਦਾਤਾ ਦਰਬਾਰ ਜਾ ਕੇ ਬੱਸ ਇਕੋ ਦੁਆ ਮੰਗਣਾ ਕੇ ਰੱਬਾ ਮੈਨੂੰ ਕਬਰ ਦੇ ਅਜ਼ਾਬ ਤੋਂ ਬਚਾਈਂ ਜਿਹੜਾ ਮੌਲਵੀ ਹੋਰੀਂ ਦੇਖ ਆਏ ਨੇ ਤੇ ਸਾਨੂੰ ਵੀ ਤਰਾਹੀ ਰੱਖਦੇ ਨੇ। ਇੱਕ ਮੌਲਵੀ ਕੋਲੋਂ ਤੇ ਮੈਂ ਪੁੱਛ ਵੀ ਲਿਆ ਇੱਕ ਵਾਰੀ ਕਿ ਇਹ ਕਬਰ ਦਾ ਅਜ਼ਾਬ ਸਿਰਫ਼ ਮੌਲਵੀਆਂ ਨੂੰ ਹੋਣਾ ਏ ਕਿ ਸਾਡੇ ਵਰਗੇ ਆਮ ਬੰਦਿਆਂ ਨੂੰ ਵੀ ਹੋਵੇਗਾ? ਹਿੰਦੂ ਸਿੱਖ ਤੇ ਫਿਰ ਅਕਲਮੰਦ ਹੋਏ ਨਾ ਓ ਤੇ ਬਚ ਗਏ ਕਬਰ ਦੇ ਅਜ਼ਾਬ ਤੋਂ। ਮੇਰੀ ਇਹ ਗੱਲ ਸੁਣ ਕੇ ਉਹ ਮੇਰਾ ਵੈਰੀ ਹੋ ਗਿਆ।(ਚਾਚਾ ਜੀ ਆਪਣੀ ਗੱਲਾਂ ਤੋਂ ਮੈਨੂੰ ਬੜੇ ਆਜ਼ਾਦ ਖ਼ਿਆਲ ਤੇ ਚੰਗੇ ਬੰਦੇ ਲੱਗੇ, ਜਿਨ੍ਹਾਂ ਵਿੱਚ ਇੱਕ ਸਟਰੀਟ ਵਿਜ਼ਡਮ ਸੀ)।ਨਾਲੇ ਮੇਰਾ ਨਾਂ ਗ਼ੁਲਾਮ ਮੁਹੰਮਦ ਏ ਜਿਹਦਾ ਮਤਲਬ ਏ ਮੁਹੰਮਦ ਦਾ ਗ਼ੁਲਾਮ ਮੈਨੂੰ ਨਹੀਂ ਹੋਣਾ ਕਬਰ ਦਾ ਅਜ਼ਾਬ, ਚਾਚਾ ਜੀ ਰੋਣਹਾਕੇ ਹੋ ਗਏ । ਮੈਨੂੰ ਤੇ ਇਹ ਸਮਝ ਨਹੀਂ ਆਂਦੀ ਕਿ ਅਸੀਂ ਮੁਸਲਮਾਨ , ਹਿੰਦੂ, ਸਿੱਖ ਤੇ ਈਸਾਈ ਤੇ ਫੱਟ ਬਣ ਜਾਂਦੇ ਆਂ ਪਰ ਬੰਦਾ ਨਹੀਂ ਬਣਦੇ ,ਚਾਚਾ ਜੀ ਇੱਕ ਵਾਰੀ ਫਿਰ ਸਿਰ ਸੁੱਟ ਕੇ ਬਹਿ ਗਏ । ਓ ਤੂੰ ਮੈਨੂੰ ਕਿਹੜੀਆਂ ਗੱਲਾਂ ਵਿੱਚ ਲਾ ਲਿਆ ਏ। ਚਾਚਾ ਜੀ ਨੇ ਅੱਬਾ ਜੀ ਨੂੰ ਕਿਹਾ । ਕੁਝ ਹੋਰ ਗੱਲਾਂ ਕਰਨ ਬਾਦ ਅੱਬਾ ਜੀ ਨੇ ਇਜਾਜ਼ਤ ਲਈ ਤੇ ਚਾਚਾ ਜੀ ਨੇ ਇੱਕ ਵਾਰੀ ਫਿਰ ਮੈਨੂੰ ਕਿਹਾ ਕਾਕੀ ਤੂੰ ਮੇਰਾ ਸਲਾਮ ਜ਼ਰੂਰ ਕਹਿਣਾ ਮੇਰੇ ਪੰਜਾਬੀ ਤੇ ਸਿੱਖ ਭੈਣ-ਭਰਾਵਾਂ ਨੂੰ ਤੇ ਉੱਠ ਕੇ ਮੇਰੇ ਸਿਰ ’ਤੇ ਹੱਥ ਫੇਰਿਆ ।ਵਾਪਸੀ ਤੇ ਮੈਂ ਅੱਬਾ ਜੀ ਨੂੰ ਕਿਹਾ ਕਿ ਮੈਨੂੰ ਤੇ ਚਾਚਾ ਜੀ ਬੜੇ ਚੰਗੇ ਲੱਗੇ ਨੇ ਤੇ ਮੈਂ ਇਨ੍ਹਾਂ ਬਾਰੇ ਵੀ ਇੱਕ ਲੇਖ ਲਿਖਾਂਗੀ। ਅੱਬਾ ਜੀ ਨੇ ਕਿਹਾ ਅਜੇ ਤੇ ਤੈਨੂੰ ਕੁਝ ਪਤਾ ਈ ਨਹੀਂ ਮੇਰੇ ਯਾਰ ਬਾਰੇ । ਤੂੰ ਪੁੱਛਿਆ ਸੀ ਨਾ ਕਿ ਚਾਚਾ ਜੀ ਵਿੱਚ ਕੋਈ ਚੰਗੀ ਗੱਲ ਵੀ ਏ ਤੇ ਲੈ ਹੁਣ ਮੈਂ ਤੈਨੂੰ ਦੱਸਣਾ। ਸਾਡਾ ਯਾਰ ਇੱਕ ਬਹੁਤ ਈ ਨੇਕ ਤੇ ਲੋਕਾਂ ਦੇ ਕੰਮ ਆਉਣ ਵਾਲ਼ਾ ਇਨਸਾਨ ਏ। ਹਰ ਮਹੀਨੇ ਹਸਪਤਾਲ ਜਾ ਕੇ ਖ਼ੂਨ ਦੀਆਂ ਦੋ ਬੋਤਲਾਂ ਦੇ ਕੇ ਆਉਂਦਾ ਏ ਪਰ ਏਸ ਵਾਰੀ ਡਾਕਟਰ ਨੇ ਮਨ੍ਹਾ ਕਰ ਦਿੱਤਾ ਸੀ ਕਿ ਹੁਣ ਉਮਰ ਜ਼ਿਆਦਾ ਹੋ ਗਈ ਏ ਤੇ ਅੱਗੋਂ ਤੂੰ ਖ਼ੂਨ ਨਹੀਂ ਦੇ ਸਕਦਾ। ਇਹ ਗੱਲ ਸੁਣ ਕੇ ਕੜੀਨਗਾ ਬੜਾ ਦੁਖੀ ਸੀ ਤੇ ਜਦੋਂ ਪਿਛਲੀ ਵਾਰੀ ਮੇਰੀ ਮੁਲਾਕਾਤ ਹੋਈ ਤੇ ਰੌਣ ਈ ਲੱਗ ਪਿਆ ਕਿ ਦੱਸ ਯਾਰ ਹੁਣ ਮੈਂ ਏਸ ਜੋਗਾ ਵੀ ਨਹੀਂ ਰਹਿ ਗਿਆ ਕਿ ਕਿਸੇ ਦੀ ਜ਼ਿੰਦਗੀ ਬਚਾ ਸਕਾਂ। ਹੋਰ ਪਤਾ ਨਹੀਂ ਕਿੰਨੇ ਲੋਕਾਂ ਦੀ ਰੁਪੀਏ ਪੈਸੇ ਨਾਲ਼ ਮਦਦ ਕਰਦਾ ਏ ਤੇ ਏਸ ਗੱਲ ਦਾ ਬਹੁਤ ਈ ਘੱਟ ਲੋਕਾਂ ਨੂੰ ਪਤਾ ਕਿ ਉਹ ਹਰ ਜੁਮੇਰਾਤ ਦਾਤਾ ਦਰਬਾਰ ਜਾ ਕੇ ਲੰਗਰ ਵੰਡਦਾ ਏ ਤੇ ਲੋਕਾਂ ਦੀ ਮਦਦ ਲਈ ਹਰ ਵੇਲੇ ਤਿਆਰ ਰਹਿੰਦਾ ਏ। ਮੈਨੂੰ ਤੁਹਾਡਾ ਦੋਸਤ ਬਹੁਤ ਚੰਗਾ ਲੱਗਾ ਏ ਤੇ ਮੈਂ ਦੁਬਾਰਾ ਵੀ ਉਨ੍ਹਾਂ ਨੂੰ ਮਿਲਣ ਜਾਵਾਂਗੀ ਤੇ ਉਨ੍ਹਾਂ ’ਤੇ ਇੱਕ ਲੇਖ ਲਿਖਾਂਗੀ। ਪਰ ਬਦਕਿਸਮਤੀ ਨਾਲ਼ ਮੈਨੂੰ ਫਿਰ ਆ ਮੌਕਾ ਈ ਨਾ ਮਿਲ ਸਕਿਆ ।
ਚਾਚਾ ਜੀ ਨਾਲ਼ ਮੁਲਾਕਾਤ ਨੂੰ ਮਸਾਂ ਨੋਹਾਂ ਹਫ਼ਤਾ ਲੰਘਿਆ ਸੀ ਕਿ ਇੱਕ ਸ਼ਾਮ ਅਸੀਂ ਟੀ. ਵੀ. ਲਾਇਆ ਤੇ ਬਰੇਕਿੰਗ ਨਿਊਜ਼ ਚੱਲ ਰਹੀ ਸੀ ਕਿ ਦਾਤਾ ਦਰਬਾਰ ਵਿਚ ਆਪ ਮਾਰੂ ਧਮਾਕਾ ਹੋ ਗਿਆ ਏ ਤੇ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਏ ਇਕਦਮ ਮੈਨੂੰ ਖ਼ਿਆਲ ਆਇਆ ਕਿ ਅੱਜ ਤੇ ਜੁਮੇਰਾਤ ਏ ਤੇ ਅੱਬਾ ਜੀ ਦੱਸਿਆ ਸੀ ਕੇ ਚਾਚਾ ਜੀ ਹਰ ਜੁਮੇਰਾਤ ਨੂੰ ਦਾਤਾ ਦਰਬਾਰ ਜਾਂਦੇ ਨੇ। ਮੈਂ ਅੱਬਾ ਜੀ ਨੂੰ ਕਿਹਾ ਕਿ ਤੁਸੀਂ ਫ਼ੋਨ ਕਰ ਕੇ ਪਤਾ ਕਰੋ ਚਾਚੇ ਦਾ। ਅੱਬਾ ਜੀ ਨੇ ਫ਼ੋਨ ਕੀਤਾ ਪਰ ਰਾਬਤਾ ਨਾ ਹੋਇਆ ਫਿਰ ਚਾਚੇ ਦੇ ਪੁੱਤਰ ਨਾਲ਼ ਵੀ ਗੱਲ ਹੋਈ ਪਰ ਉਹਨੂੰ ਵੀ ਕੋਈ ਖ਼ਬਰ ਨਹੀਂ ਸੀ ਉਸ ਵੇਲੇ ਤੱਕ। ਮੈਂ ਹੈਰਾਨ ਹੋ ਰਹੀ ਸਾਂ ਕੇ ਚਾਚਾ ਜੀ ਦਾ ਪੁੱਤਰ ਤੇ ਅੱਬਾ ਜੀ ਬੜੇ ਸਕੂਨ ਨਾਲ਼ ਗੱਲ ਕਰ ਰਹੇ ਸਨ ਤੇ ਦੋਨਾਂ ਨੂੰ ਯਕੀਂ ਸੀ ਕੇ ਚਾਚਾ ਜੀ ਖ਼ੈਰੀਅਤ ਨਾਲ਼ ਨੇ ਤੇ ਜ਼ਰੂਰ ਉੱਥੇ ਜ਼ਖ਼ਮੀ ਹੋਣ ਵਾਲਿਆਂ ਦੀ ਮਦਦ ਕਰ ਰਹੇ ਹੋਣਗੇ, ਖ਼ੂਨ ਦੇਣ ਟੁਰ ਪਏ ਹੋਣਗੇ ।ਉਹ ਇੱਕ ਖ਼ੁਦਾਈ ਫ਼ੌਜਦਾਰ ਸਨ ਤੇ ਕੋਈ ਭੈੜਾ ਵੇਲ਼ਾ ਆ ਜਾਵੇ ਤੇ ਕੋਈ ਨਾ ਕੋਈ ਕੰਮ ਆਪ ਈ ਆਪਣੇ ਸਿਰ ਲੈ ਲੈਂਦੇ ਸਨ ਪਰ ਜਦੋਂ ਅਗਲਾ ਦਿਨ ਵੀ ਲੰਘ ਗਿਆ ਤੇ ਚਾਚਾ ਜੀ ਦੇ ਨਾਲ਼ ਕੋਈ ਰਾਬਤਾ ਨਾ ਹੋਇਆ ਤੇ ਪ੍ਰੇਸ਼ਾਨੀ ਹੋਰ ਵੱਧ ਗਈ ਤੇ ਦੂਸਰੇ ਦਿਨ ਅੱਬਾ ਜੀ ਨੂੰ ਚਾਚਾ ਗ਼ੁਲਾਮ ਮੁਹੰਮਦ ਦੇ ਪੁੱਤਰ ਦਾ ਫ਼ੋਨ ਆਇਆ ਤੇ ਅੱਬਾ ਜੀ ਗੱਲਾਂ ਕਰਦੇ ਕਰਦੇ ਬਾਹਰ ਵੱਲ ਟੁਰ ਪਏ ਮੈਨੂੰ ਇੰਜ ਲੱਗਾ ਜਿਵੇਂ ਚਾਚਾ ਜੀ ਦਾ ਪਤਾ ਲੱਗ ਗਿਆ ਏ ਕੋਈ ਇੱਕ ਘੰਟੇ ਮਗਰੋਂ ਵਾਪਸ ਆਏ ਮੈਂ ਪੁੱਛਿਆ ‘ ਕੋਈ ਪਤਾ ਲੱਗਾ ਚਾਚਾ ਜੀ ਦਾ ? ਕੀ ਲੱਭ ਗਏ ਨੇ ? ਅੱਬਾ ਜੀ ਬੋਲੇ, ਹਾਂ ਪੁੱਤਰ ਚਾਚਾ ਤੇਰਾ ਲੱਭ ਤੇ ਗਿਆ ਏ ਪਰ ਪੂਰਾ ਨਹੀਂ ਲੱਭਾ ।
ਕੀ ਮਤਲਬ? ਮੇਰਾ ਉੱਤੇ ਦਾ ਸਾਹ ਉੱਤੇ ਤੇ ਥੱਲੇ ਦਾ ਥੱਲੇ ਰਹਿ ਗਿਆ।
ਤੇਰੇ ਚਾਚੇ ਦੀ ਦੁਆ ਕਬੂਲ ਹੋ ਗਈ ਏ ਉਹ ਕਬਰ ਦੇ ਅਜ਼ਾਬ ਤੋਂ ਬਚ ਗਿਆ ਏ। ਅੱਜ ਹਸਪਤਾਲ ਤੋਂ ਉਹਦੀ ਇੱਕ ਲੱਤ ਲੱਭ ਗਈ ਏ ਤੇ ਉਹਦੇ ਪੈਰ ਦੀ ਸੱਟ ਤੋਂ ਅਸੀਂ ਉਹਨੂੰ ਪਹਿਚਾਣ ਲਿਆ ਏ ।ਹੁਣ ਭਲਾ ਖ਼ਾਲੀ ਲੱਤ ਨੂੰ ਕੀ ਅਜ਼ਾਬ ਹੋਣਾ ਏ।ਏਸ ਗੱਲ ਤੋਂ ਮਗਰੋਂ ਅਸੀਂ ਕੋਈ ਹੋਰ ਗੱਲ ਕਰਨ ਜੋਗੇ ਰਹੇ ਈ ਨਹੀਂ ।
ਪਰ ਮੈਨੂੰ ਅੱਜ ਵੀ ਖ਼ਿਆਲ ਆਉਂਦਾ ਏ ਕਿ ਚਾਚਾ ਜੀ ਦੀ ਉਹ ਲੱਤ ਈ ਕਿਉਂ ਲੱਭੀ ਜਿਹਦੇ ’ਤੇ ਸੱਟ ਲੱਗੀ ਸੀ ? ਜਿਹਦੀ ਵਜ੍ਹਾ ਤੋਂ ਉਨ੍ਹਾਂ ਦਾ ਨਾਂ ਕੜੀਨਗਾ ਪੈ ਗਿਆ ਸੀ । ਕੀ ਉਹ ਲੱਤ ਅੱਲ੍ਹਾ ਵੱਲੋਂ ਰਸੀਦ ਸੀ ਕਿ ਕੜੀਨਗੇ ਦੀ ਦੁਆ ਕਬੂਲ ਹੋ ਗਈ ਏ ਤੇ ਬਾਕੀ ਕੜੀਨਗਾ ਹੁਣ ਮੇਰੇ ਕੋਲ਼ ਏ।
ਚਾਚਾ ਜੀ ਤਾਂ ਆਪਣੀ ਸਾਰੀ ਹਸਰਤ ਦੇ ਹੁੰਦਿਆਂ ਸੁਣਦਿਆਂ ਆਪਣੇ ਮੂੰਹੋਂ ਸਿੱਖਾਂ ਨੂੰ ਸਲਾਮ ਨਹੀਂ ਦੇ ਸਕੇ ਪਰ ਉਨ੍ਹਾਂ ਦਾ ਇਹ ਸਲਾਮ ਮੇਰੇ ਕੋਲ਼ ਅਮਾਨਤ ਏ ਤੇ ਮੈਂ ਉਨ੍ਹਾਂ ਦਾ ਇਹ ਸਲਾਮ ਸਾਰੇ ਪੰਜਾਬੀਆਂ ਤੇ ਸਿੱਖਾਂ ਨੂੰ ਪਹੁੰਚਾ ਰਹੀ ਆਂ।

