
ਪਹਿਲੀ ਘਟਨਾ ਅਨੁਸਾਰ ਇਲਾਕੇ ਦੇ ਇਕ ਸਰਕਾਰੀ ਅਧਿਕਾਰੀ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਬੰਧੀ ਜਦੋ ਮੈਂ ਉਸ ਦਾ ਪੱਖ ਜਾਨਣ ਲਈ ਫੋਨ ਕੀਤਾ ਤਾਂ ਉਸ ਆਪਣਾ ਪੱਖ ਦੱਸਣ ਦੀ ਬਜਾਇ ਬਿਨਾਂ ਕਿਸੇ ਭੂਮਿਕਾ ਤੋਂ ਮੈਂਨੂੰ ਸਿੱਧਾ ਹੀ ਪੁੱਛ ਲਿਆ ਕੇ ਮੈਂ ਪੱਖ ਤੋਂ ਕੀ ਲੈਣਾ ਹੈ, ਆਪਣਾ ਚਾਹ- ਪਾਣੀ ਵਸੂਲ ਕੇ ਘਰ ਬੈਠਾਂ। ਉਸ ਦੇ ਬੋਲਣ ਦਾ ਲਹਿਜ਼ਾ ਇਸ ਤਰ੍ਹਾਂ ਦਾ ਸੀ ਜਿਵੇਂ ਮੈਂ ਚਾਹ ਪਾਣੀ ਵਸੂਲਣ ਲਈ ਹੀ ਫੋਨ ਕੀਤਾ ਹੈ। ਇਹ ਘਟਣਾ ਕੋਈ ਵੱਡੀ ਨਹੀਂ ਹੈ ਪਰ ਮੇਰੇ ਨਾਲ ਪਹਿਲੀ ਵਾਰ ਵਾਪਰੀ ਸੀ ।ਉਸ ਸਮੇਂ ਮੈਨੂੰ ਬਹੁਤ ਗੁੱਸਾ ਆਇਆ ਜਿਸ ਨੂੰ ਕਾਬੂ ਵਿੱਚ ਕਰ ਕੇ ਮੈਂ ਕੇਵਲ ਏਨਾਂ ਹੀ ਕਿਹਾ ਕਿ ਮੇਰੇ ਕੋਲ ਏਨੀ ਕੁ ਆਮਦਨ ਦੇ ਸਾਧਨ ਅਜੇ ਮੌਜੂਦ ਹਨ ਕਿ ਮੇਰਾ ਪਰਿਵਾਰ ਦੋ ਵਕਤ ਇਜ਼ੱਤ ਦੀ ਰੋਟੀ ਖਾ ਸਕੇ।ਇੱਕ ਭ੍ਰਿਸ਼ਟ ਅਧਿਕਾਰੀ ਵੱਲੋਂ ਕੀਤੀ ਇਸ ਤਰ੍ਹਾਂ ਦੀ ਪੇਸ਼ਕਸ਼ ਨਾਲ ਮੈਂ ਕਈ ਦਿਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਿਹਾ ਕਿ ਉਸ ਮੈਨੂੰ ਇਹ ਪੇਸ਼ਕਸ਼ ਕਿਸ ਅਧਾਰ ‘ਤੇ ਕੀਤੀ ਹੈ ।ਮੇਰੇ ਦਿਮਾਗ ਵਿੱਚ ਵਾਰ ਵਾਰ ਇਹ ਸੁਆਲ ਉਠ ਰਿਹਾ ਸੀ ਕੇ ਕੀ ਸਰਕਾਰੀ ਅਧਿਕਾਰੀ ਪੱਤਰਕਾਰ ਨੂੰ ਏਨਾ ਹੀ ਸਸਤਾ ਤੇ ਵਿਕਾਊ ਸਮਝਦੇ ਹਨ ਕਿ ਬਿਨਾਂ ਕਿਸੇ ਝਿਜਕ ਉਹਨਾਂ ਨੂੰ ਚਾਹ ਪਾਣੀ ਦੀ ਪੇਸ਼ਕਸ਼ ਕਰ ਦਿੱਤੀ ਜਾਵੇ?
ਦੂਜੀ ਘਟਣਾ ਨੇੜਲੇ ਜ਼ਿਲ੍ਹੇ ਦੇ ਇੱਕ ਕਸਬੇ ਦੀ ਹੈ। ਮੇਰੇ ਇਕ ਪੱਤਰਕਾਰ- ਲੇਖਕ ਦੋਸਤ ਨੇ ਆਪਣੀ ਧੀ ਦਾ ਰਿਸ਼ਤਾ ਲੁਧਿਆਣਾ ਜ਼ਿਲ੍ਹੇ ਵਿੱਚ ਕਰ ਦਿੱਤਾ ।ਵਿਆਹ ਵਿੱਚ ਕੁਝ ਹੀ ਦਿਨ ਬਾਕੀ ਸਨ ਕਿ ਮੁੰਡੇ ਵਾਲਿਆਂ ਨੇ ਵਿਚੋਲੇ ਨੂੰ ਫੋਨ ਕਰ ਦਿੱਤਾ ਕੇ ਉਹਨਾਂ ਨੂੰ ਪਤਾ ਲੱਗਾ ਹੈ ਕਿ ਕੂੜੀ ਦਾ ਪਿਤਾ ਪੱਤਰਕਾਰ ਹੈ। ਉਹਨਾਂ ਦੀ ਨਜ਼ਰ ਵਿੱਚ ਪੱਤਰਕਾਰ ਚਾਲੂ ਜਿਹੀ ਕਿਸਮ ਦੇ ਬੰਦੇ ਹੁੰਦੇ ਹਨ । ਵਿਚੋਲੇ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨੂੰ ਵੀ ਪੈ ਨਿਕਲੇ ਕਿ ਉਹਨਾਂ ਨੂੰ ਧੋਖੇ ਵਿਚ ਰੱਖਿਆ ਗਿਆ ਹੈ। ਉਹ ਇੱਕੋ ਹੀ ਰੱਟ ਲਾਈ ਜਾਣ ਕੇ ਪੱਤਰਕਾਰ ਤਾਂ ਬਲ਼ੈਕ ਮੇਲਰ ਕਿਸਮ ਦੇ ਬੰਦੇ ਹੂੰਦੇ ਹਨ ਇਸ ਲਈ ਵਿਆਹ ਹੋ ਜਾਣ ਤੇ ਕੁੜੀ ਦਾ ਪਿਓ ਸਾਨੂੰ ਵੀ ਗੱਲ ਗੱਲ ਤੇ ਬਲ਼ੇਕ ਮੇਲ ਕਰੇਗਾ। ਫਿਰ ਕਈ ਹੋਰ ਬੰਦੇ ਵਿਚ ਪਾ ਕੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਕੁੜੀ ਦਾ ਪਿਓ ਪੱਤਰਕਾਰ ਹੋਣ ਦੇ ਬਾਵਜੂਦ ਵੀ ਇਮਾਨਦਾਰ ਤੇ ਭਲੇ ਮਾਨਸ ਹੈ ਤਾਂ ਜਾ ਕੇ ਇਹ ਰਿਸ਼ਤਾ ਸਿਰੇ ਚੜਿਆ। ਇਸ ਘਟਨਾ ਨੇ ਮੈਨੂੰ ਇਸ ਗੱਲ ਦਾ ਤੀਬਰ ਅਹਿਸਾਸ ਕਰਵਾਇਆ ਕਿ ਆਮ ਲੋਕਾਂ ਦਾ ਪੱਤਰਕਾਰਾਂ ਬਾਰੇ ਕੀ ਨਜ਼ਰੀਆ ਹੈ।ਦੋਸਤ ਪੱਤਰਕਾਰ ਨੂੰ ਮੈਂ ਨਿੱਜੀ ਤੌਰ ’ਤੇ ਜਾਣਦਾ ਸਾਂ ਕਿ ਉਹ ਤਾਂ ਸ਼ੌਕੀਆ ਤੌਰ ’ਤੇ ਹੀ ਪੱਤਰਕਾਰੀ ਕਰਦਾ ਹੈ ਤੇ ਇਮਾਨਦਾਰ ਬੰਦਾ ਹੈ ਪਰ ਮੇਰੀ ਜਾਣਕਾਰੀ ਪੱਤਰਕਾਰਾਂ ਬਾਰੇ ਬਣੀ ਆਮ ਲੋਕਾਂ ਦੀ ਧਾਰਨਾ ਨੂੰ ਤਾਂ ਨਹੀਂ ਬਦਲ ਸਕਦੀ।
ਲੇਖ ਲਿਖਦਿਆਂ ਮੈਂਨੂੰ ਆਪਣੇ ਇੱਕ ਦੋਸਤ ਵੱਲੋਂ ਹਾਸੇ ਹਾਸੇ ਵਿਚ ਕੀਤੀ ਪੱਤਰਕਾਰਾਂ ਬਾਰੇ ਇੱਕ ਗੰਭੀਰ ਟਿੱਪਣੀ ਵੀ ਯਾਦ ਆ ਰਹੀ ਹੈ। ਸੱਤਾ ਧਾਰੀ ਪਾਰਟੀ ਦੇ ਕੁਝ ਆਗੂ ਮੈਨੂੰ ਮਿਲਣ ਆਏ ਤਾਂ ਮੇਰਾ ਦੋਸਤ ਵੀ ਕੋਲ ਬੈਠਾ ਸੀ। ਉਹਨਾਂ ਦੇ ਚਲੇ ਜਾਣ ਤੋਂ ਬਾਅਦ ਦੋਸਤ ਨੇ ਕਿਹਾ “ ਬਈ ਬੜੀਆਂ ਸਲਾਮਾਂ ਹੁੰਦੀਆ ਨੇ ਤੁਹਾਨੂੰ ਤਾਂ- ਤੁਸੀਂ ਤਾਂ ਪੂਰੇ ਗੁੱਗੇ ਪੀਰ ਹੋ”। ਫਿਰ ਉਸ ਹੱਸਦਿਆ ਆਪਣੀ ਗੱਲ ਦੀ ਵਿਆਖਿਆ ਕਰ ਦਿੱਤੀ ਕਿ ਗੁੱਗੇ(ਸੱਪ) ਦੀ ਪੂਜਾ ਕੋਈ ਇਸ ਲਈ ਨਹੀ ਕਰਦਾ ਕੇ ਉਸ ਨੂੰ ਸੱਪਾਂ ਨਾਲ ਪਿਆਰ ਹੁੰਦਾ ਹੈ ਇਹ ਪੂਜਾ ਇਸ ਲਈ ਕੀਤੀ ਜਾਂਦੀ ਹੈ ਕਿ ਸਾਰੇ ਉਸ ਦੇ ਡੰਗ ਤੋਂ ਡਰਦੇ ਹਨ। ਦੋਸਤਾਂ ਨੇ ਹਾਸੇ ਹਾਸੇ ਵਿੱਚ ਹੀ ਮੇਰੇ ਸਮੇਤ ਸਾਰੀ ਪੱਤਰਕਾਰਾਂ ਨੂੰ ਹੁੰਦੀਆ ਸਲਾਮਾਂ ਪਿੱਛੇ ਛੁਪਿਆ ਕੌੜਾ ਸੱਚ ਉਜਾਗਰ ਕਰ ਦਿੱਤਾ ।
ਇਹਨਾਂ ਪੱਚੀ ਸਾਲਾਂ ਵਿੱਚ ਮੈਂ ਪੱਤਰਕਾਰਾਂ ਦਾ ਅਕਸ ਤੇਜ਼ੀ ਨਾਲ ਨਾਇਕਤਵ ਤੋਂ ਖਲਨਾਇਤਵ ਵਿੱਚ ਰੂਪਾਂਤਰਣ ਹੁੰਦਿਆ ਵੇਖਿਆ ਹੈ।ਅਜਿਹਾ ਕਿਉਂ ਹੋਇਆ ਹੈ ਇਹ ਜਾਨਣ ਲਈ ਵਧੇਰੇ ਗਹਿਰਾਈ ਵਿੱਚ ਜਾਣ ਦੀ ਲੋੜ ਨਹੀਂ ਹੈ। ਪੂੰਜੀਵਾਦੀ ਯੁਗ ਦੇ ਵਿਅਕਤੀਵਾਦੀ ਸਰੋਕਾਰਾਂ ਨੇ ਪੈਸੇ ਨੂੰ ਹੀ ਰੱਬ ਬਣਾ ਲਿਆ ਤਾਂ ਸਮਾਜ ਦੇ ਹੋਰ ਵਰਗਾਂ ਵਾਂਗ ਪੱਤਰਕਾਰ ਵੀ ਇਸ ਵਹਿਣ ਵਿੱਚ ਵਹਿ ਗਏ। ਪੈਸੇ ਰੂਪੀ ਰੱਬ ਲਈ ਸੱਤਾ ਦਾ ਦੁਰਉਪਯੋਗ ਸ਼ੁਰੂ ਹੋਇਆ ਤਾਂ ਪੱਤਰਕਾਰਾਂ ਨੇ ਵੀ ਕਲਮ ਦੀ ਸਤਾ ਦੇ ਬਲਬੂਤੇ ’ਤੇ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ।ਭਾਵੇਂ ਬਹੁਤ ਸਾਰੇ ਪੱਤਰਕਾਰ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਅਸੂਲ ਪ੍ਰਸਤ ਪੱਤਰਕਾਰੀ ਦੇ ਫ਼ਰਜ਼ਾ ਨੂੰ ਨਿਭਾਇਆ ਵੀ ਤੇ ਹੁਣ ਵੀ ਨਿਭਾ ਰਹੇ ਹਨ ਪਰ ਵਧੇਰੇ ਪੱਤਰਕਾਰ ਆਪਣੇ ਚਾਹ ਪਾਣੀ ਦਾ ਜੁਗਾੜ ਕਰਨ ਦੇ ਚੱਕਰ ਵਿੱਚ ਹੀ ਪਏ ਰਹੇ।ਜਦੋਂ ਪੱਤਰਕਾਰਾਂ ਨੇ ਸਮਾਜ ਦੇ ਹਿੱਤਾ ਨਾਲੋਂ ਆਪਣੇ ਹਿੱਤਾਂ ਨੂੰ ਅੱਗੇ ਰੱਖਣਾ ਸ਼ੁਰੂ ਕਰ ਦਿੱਤਾ ਤਾਂ ਸਮਾਜ ਅਜਿਹੇ ਪੱਤਰਕਾਰਾਂ ਦਾ ਸਤਿਕਾਰ ਕਰੇ ਵੀ ਕਿਉਂ?
ਮੈਂ ਸਮਝਦਾ ਹਾਂ ਕਿ ਪੱਤਰਕਾਰਤਾ ਦਾ ਖੇਤਰ ਸਾਨੂੰ ਸਤਿਕਾਰ ਤੇ ਪੈਸਾ ਦੋਹੇ ਚੀਜ਼ਾਂ ਦੇਂਦਾ ਹੈ । ਇਮਾਨਦਾਰ ਪੱਤਰਕਾਰ ਵੀ ਇਸ ਖੇਤਰ ਵਿਚ ਆਪਣੀ ਮਿਹਨਤ ਨਾਲ ਕੁਝ ਨਾ ਕੁਝ ਪੈਸਾ ਹਾਸਿਲ ਕਰਦੇ ਹਨ । ਹਰ ਮਿਆਰੀ ਅਖਬਾਰ ਜਾਂ ਟੀ.ਵੀ. ਚੈਨਲ ਪੱਤਰਕਾਰ ਦੀ ਮਿਹਨਤ ਬਦਲੇ ਉਸ ਨੂੰ ਪੈਸੇ ਜ਼ਰੂਰ ਦੇਂਦਾ ਹੈ। ਜੇ ਅੱਜ ਦੀ ਪੱਤਰਕਾਰੀ ਪੀਲੀਆ ਰੋਗ ਤੋਂ ਪੀੜਤ ਹੈ ਤਾਂ ਅਸੀਂ ਸਾਰਾ ਦੋਸ਼ ਸਿਸਟਮ ਦੇ ਸਿਰ ਮੜ੍ਹ ਕੇ ਆਪ ਦੋਸ਼ਮੁਕਤ ਨਹੀਂ ਹੋ ਸਕਦੇ। ਇਹ ਤਾਂ ਸਾਡੀ ਜ਼ਮੀਰ ’ਤੇ ਨਿਰਭਰ ਹੈ ਕਿ ਅਸੀਂ ਬਲ਼ੈਕਮੇਲਿੰਗ ਜਾਂ ਸਾਫ ਸੁਥਰੀ ਪੱਤਰਕਾਰੀ ਵਿੱਚੋਂ ਕਿਹੜੀ ਪਸੰਦ ਚੁਣਦੇ ਹਾਂ। ਜੇ ਅਸੀ ਆਪਣੀ ਜ਼ਮੀਰ ਨੂੰ ਮਾਰ ਕੇ ਕੇਵਲ ਪੈਸੇ ਨੂੰ ਹੀ ਪ੍ਰਮੁੱਖਤਾ ਦੇਵਾਂਗੇ ਤਾਂ ਸਾਡਾ ਸਨਮਾਨ ਘੱਟਣਾ ਹੀ ਘੱਟਣਾ ਹੈ।ਜਦੋਂ ਪੱਤਰਕਾਰਤਾ ਦੇ ਹਮਾਮ ਵਿੱਚ ਨੰਗਿਆਂ ਦੀ ਗਿਣਤੀ ਵੱਧ ਰਹੀ ਹੈ ਤਾਂ ਪਹਿਲੀ ਨਜ਼ਰੀਂ ਲੋਕ ਉਹਨਾਂ ਪੱਤਰਕਾਰਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਪੈਂਦੇ ਹਨ ਜਿਹਨਾਂ ਨੇ ਕੱਪੜੇ ਪਾਏ ਹੋਏ ਹਨ ਪਰ ਸਮਾਂ ਆਉਣ ’ਤੇ ਸਾਫ ਸੁਥਰੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਆਪਣੀ ਵੱਖਰੀ ਪਹਿਚਾਣ ਬਣਾ ਹੀ ਲੈਂਦੇ ਹਨ। ਇਮਾਨਦਾਰੀ ਕਦੇ ਪੂਰਨ ਰੂਪ ਵਿੱਚ ਨਹੀਂ ਮਰਦੀ। ਭੱਠ ਪਿਆ ਸੋਨਾ, ਜਿਹੜਾ ਕੰਨਾ ਨੂੰ ਖਾਵੇ। ਜੇ ਮੂੰਹ ’ਤੇ ਸਾਨੂੰ ਸਲਾਮਾਂ ਕਰਨ ਵਾਲੇ ਲੋਕ ਪਿੱਠ ਪਿੱਛੇ ਸਾਨੂੰ ਮਣਾਂ ਮੂੰਹੀ ਗਾਲ੍ਹਾਂ ਕੱਢਦੇ ਹਨ ਤਾਂ ਅਜਿਹੀਆਂ ਸਲਾਮਾਂ ਦਾ ਕੀ ਫਾਇਦਾ? ਆਓ ਆਪਾਂ ਸਾਰੇ ਲੋਕਤੰਤਰ ਦੇ ਇਸ ਚੌਥੇ ਥੰਮ ਨੂੰ ਮਜ਼ਬੂਤ ਕਰਨ ਲਈ ਅੱਗੇ ਆਈਏ।
ਸੰਪਰਕ: 89682 82700

